ਜੰਗ ਦਾ ਮੈਦਾਨ ਬਣੀਆਂ ਪੰਜਾਬ ਦੀਆਂ ਪੰਚਾਇਤ ਚੋਣਾਂ, ਵਿਆਪਕ ਹਿੰਸਾ-ਇਕ ਦੀ ਮੌਤ

ਚੰਡੀਗੜ੍ਹ: ਪੰਜਾਬ ਵਿਚ ਪੰਚਾਇਤ ਚੋਣਾਂ ਜੰਗ ਦਾ ਮੈਦਾਨ ਬਣ ਗਈਆਂ। ਵੋਟਾਂ ਵਾਲੇ ਦਿਨ ਖੁੱਲ੍ਹੇ ਕੇ ਡਾਂਗਾਂ ਸੋਟੇ ਚੱਲੇ। ਕਈ ਥਾਈਂ ਫਾਇਰਿੰਗ ਵੀ ਹੋਈ। ਹਿੰਸਾ ਦੀਆਂ ਘਟਨਾਵਾਂ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ਜ਼ਖਮੀ ਹੋ ਗਏ। ਫਿਰੋਜ਼ਪੁਰ ਦੇ ਚੋਣ ਕੇਂਦਰ ਵਿਚ ਕੁਝ ਸ਼ਰਾਰਤੀਆਂ ਵੱਲੋਂ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੌਰਾਨ ਇਕ ਬਜ਼ੁਰਗ ਵੋਟਰ ਦੀ ਮੋਟਰ ਗੱਡੀ ਨਾਲ ਟਕਰਾਉਣ ਕਾਰਨ ਮੌਤ ਹੋ ਗਈ।

ਇਸ ਤੋਂ ਇਲਾਵਾ ਪਟਿਆਲਾ, ਲੁਧਿਆਣਾ, ਜਲੰਧਰ, ਮੋਗਾ, ਗੁਰਦਾਸਪੁਰ, ਅੰਮ੍ਰਿਤਸਰ ਵਿਚ ਕੁਝ ਬੂਥਾਂ ‘ਤੇ ਕਬਜ਼ੇ ਅਤੇ ਹਿੰਸਕ ਝੜਪਾਂ ਹੋਈਆਂ ਜਿਨ੍ਹਾਂ ਵਿਚ ਕੁਝ ਵਿਅਕਤੀ ਜ਼ਖਮੀ ਵੀ ਹੋਏ ਹਨ। ਇਕੱਲੇ ਪਟਿਆਲਾ ਵਿਚ ਦਰਜਨ ਦੇ ਕਰੀਬ ਪਿੰਡਾਂ ਵਿਚ ਇੱਟਾਂ-ਪੱਥਰ ਚੱਲਣ ਦੀਆਂ ਰਿਪੋਰਟਾਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਗੜ੍ਹੀ ਦੇ ਪਿੰਡ ਫਤਹਿਪੁਰ ਗੜ੍ਹੀ ‘ਚ ਪੋਲਿੰਗ ਬੂਥ ਉਤੇ ਕੁਝ ਬਾਹਰਲੇ ਵਿਅਕਤੀਆਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਅਕਾਲੀ ਆਗੂ ਵੱਲੋਂ ਵਿਰੋਧ ਕੀਤੇ ਜਾਣ ‘ਤੇ ਧੱਕਾ-ਮੁੱਕੀ ਵਿਚ ਉਸ ਦੀ ਪੱਗ ਵੀ ਲਹਿ ਗਈ। ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਚੋਣ ਅਮਲੇ ਦੇ ਵਾਹਨ ਭੰਨ ਦਿੱਤੇ। ਇਸ ਪਿੰਡ ਤੋਂ ਅਕਾਲੀ ਆਗੂ ਦੀ ਪਤਨੀ ਸਰਪੰਚੀ ਦੀ ਚੋਣ ਲੜ ਰਹੀ ਹੈ। ਪਟਿਆਲਾ ਸ਼ਹਿਰ ਤੋਂ ਤਕਰੀਬਨ ਨੌਂ ਕਿਲੋਮੀਟਰ ਦੂਰ ਪੈਂਦੇ ਪਿੰਡ ਹੀਰਾਗੜ੍ਹ ਦੇ ਪੋਲਿੰਗ ਬੂਥ ਵਿਚ ਬਾਹਰਲੇ ਬੰਦਿਆਂ ਨੇ ਦਾਖਲ ਹੋਣ ਦਾ ਯਤਨ ਕੀਤਾ ਤਾਂ ਪਿੰਡ ਵਾਸੀਆਂ ਨੇ ਤਿੰਨ ਬੰਦਿਆਂ ਨੂੰ ਫੜ ਕੇ ਕਮਰੇ ਵਿਚ ਬੰਦ ਕਰ ਦਿੱਤਾ। ਜ਼ਿਲ੍ਹੇ ਦੇ ਝੁੱਗੀਆਂ, ਰਾਏਪੁਰ, ਧਰੇੜੀ ਜੱਟਾਂ, ਮਰਦਾਂਹੇੜੀ ਅਤੇ ਬੌਸਰ ਕਲਾਂ ਪਿੰਡ ਵਿਚ ਝਗੜੇ ਹੋਣ ਅਤੇ ਧੱਕੇ ਨਾਲ ਵੋਟਾਂ ਪਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ।
ਮੋਗਾ ਜ਼ਿਲ੍ਹੇ ਦੇ ਦੀਨਾ ਪਿੰਡ ਵਿਚ ਗੋਲੀ ਚੱਲਣ ਅਤੇ ਮੁੱਲਾਂਪੁਰ ਦਾਖਾ ਵਿਚ ਕੁਝ ਬੂਥਾਂ ‘ਤੇ ਕਬਜ਼ੇ ਦੀਆਂ ਰਿਪੋਰਟਾਂ ਹਨ। ਸੁਲਤਾਨਪੁਰ ਲੋਧੀ ‘ਚ ਵੀ ਅਜਿਹੀਆਂ ਰਿਪੋਰਟਾਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਧੱਕੇਸ਼ਾਹੀ ਵਿਰੁੱਧ ਵੱਖ ਵੱਖ ਥਾਵਾਂ ‘ਤੇ ਨਾਅਰੇਬਾਜ਼ੀ ਕੀਤੀ ਅਤੇ ਧਰਨੇ ਲਗਾਏ। ਪਟਿਆਲਾ-ਰਾਜਪੁਰਾ ਜੀਟੀ ਰੋਡ ਵੀ ਰੋਕੀ ਗਈ। ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਹਲਕੇ ਦੇ ਸ਼ਕੜੀ ਪਿੰਡ ਵਿਚ ਇਕ ਅਕਾਲੀ ਆਗੂ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਲੋਕਾਂ ਨੇ ਵੋਟ ਪ੍ਰਕਿਰਿਆ ਸਬੰਧੀ ਕਾਫੀ ਦਿਲਚਸਪੀ ਦਿਖਾਈ ਤੇ 80 ਫੀਸਦੀ ਪੋਲਿੰਗ ਹੋਈ। ਅੰਮ੍ਰਿਤਸਰ ਵਿਖੇ 68 ਫੀਸਦੀ, ਬਠਿੰਡਾ 84.75, ਫਤਹਿਗੜ੍ਹ ਸਾਹਿਬ 83.89, ਫਰੀਦਕੋਟ 83, ਫਾਜ਼ਿਲਕਾ 86, ਮੋਗਾ 78, ਸ੍ਰੀ ਮੁਕਤਸਰ ਸਾਹਿਬ 77.92, ਪਟਿਆਲਾ 82, ਪਠਾਨਕੋਟ 82, ਸਾਹਿਬਜ਼ਾਦਾ ਅਜੀਤ ਸਿੰਘ ਨਗਰ 84, ਸੰਗਰੂਰ 81 ਅਤੇ ਜਲੰਧਰ ਵਿਖੇ 75.21 ਫੀਸਦੀ ਵੋਟਾਂ ਪਈਆਂ। ਗੁਰਦਾਸਪੁਰ ਵਿਚ ਇਕ ਗ੍ਰਾਮ ਪੰਚਾਇਤ ਦੀ ਚੋਣ ‘ਚ 2 ਉਮੀਦਵਾਰਾਂ ਦੇ ਨਾਮ ਨਾ ਛਪਣ ਕਾਰਨ ਉਥੋਂ ਦੀ ਚੋਣ ਮੁਲਤਵੀ ਕਰ ਦਿੱਤੀ ਗਈ। ਫਿਰੋਜ਼ਪੁਰ ਵਿਚ ਲਖਮੀਰ ਕੇ ਵਿਖੇ ਵੋਟਾਂ ਵਾਲੀ ਪੇਟੀ ਨੂੰ ਅੱਗ ਲਗਾਈ ਗਈ।
ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਕਰੀ ‘ਚ ਪੰਚਾਇਤੀ ਚੋਣ ਮੌਕੇ ਮਾਹੌਲ ਉਸ ਸਮੇਂ ਤਣਾਅ ਵਾਲਾ ਬਣ ਗਿਆ, ਜਦੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਅਕਾਲੀ ਵਰਕਰਾਂ ਸਮੇਤ ਕਾਂਗਰਸ ‘ਤੇ ਬੂਥ ਉਤੇ ਕਬਜ਼ਾ ਕਰਨ ਦਾ ਦੋਸ਼ ਲਗਾਉਂਦਿਆਂ ਧਰਨਾ ਲਗਾ ਦਿੱਤਾ। ਲੰਗਾਹ ਨੇ ਕਿਹਾ ਕਿ ਹਲਕਾ ਵਿਧਾਇਕ ਸੁਖੀ ਰੰਧਾਵਾ ਗੁੰਡਾਗਰਦੀ ਦੀਆਂ ਸਾਰੀਆਂ ਹੱਦਾ ਪਾਰ ਕਰ ਚੁੱਕੇ ਹਨ ਤੇ ਸਮਾਂ ਆਉਣ ‘ਤੇ ਇਸ ਦਾ ਜਵਾਬ ਦਿਆਂਗੇ। ਪਿੰਡ ਚੋਰਾਂਵਾਲੀ ਦੇ ਵਾਸੀਆਂ ਵੱਲੋਂ ਚੋਣਾਂ ਦਾ ਬਾਈਕਾਟ ਕਰ ਕੇ ਐਸ਼ਡੀ.ਐਮ. ਬਟਾਲਾ ਤੇ ਬੀ.ਡੀ.ਪੀ.ਓ. ਬਟਾਲਾ ਦੇ ਦਫਤਰਾਂ ਅੱਗੇ ਧਰਨਾ ਦਿੰਦਿਆਂ ਰੋਸ ਪ੍ਰਦਰਸ਼ਨ ਕੀਤਾ। ਜਲਾਲਾਬਾਦ ਦੇ ਪਿੰਡ ਝੁੱਗੇ ਟੇਕ ਸਿੰਘ ਵਿਖੇ ਚੋਣਾਂ ਦੌਰਾਨ ਬੂਥ ਨੰਬਰ 130 ਉਤੇ ਸ਼ਰਾਰਤੀ ਅਨਸਰਾਂ ਵੱਲੋਂ ਬੈਲਟ ਬਾਕਸ ‘ਚ ਜਲਣਸ਼ੀਲ ਪਦਾਰਥ ਰਾਹੀਂ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਸਰਪੰਚੀ ਦੇ ਉਮੀਦਵਾਰ ਅਮਰ ਸਿੰਘ ਨੇ ਦੱਸਿਆ ਕਿ ਵਿਰੋਧੀ ਉਮੀਦਵਾਰ ਜਸਵਿੰਦਰ ਸਿੰਘ ਦੇ ਭਰਾ ਬਲਵਿੰਦਰ ਸਿੰਘ ਨੇ ਇਹ ਕਾਰਾ ਕੀਤਾ ਹੈ। ਬੈਲਟ ਬਾਕਸ ‘ਚ 10 ਦੇ ਕਰੀਬ ਵੋਟਾਂ ਖਰਾਬ ਹੋ ਗਈਆਂ। ਦਾਖਾ ‘ਚ ਪੈਂਦੇ ਪਿੰਡ ਦੇਵਤਵਾਲ ਵਿਚ 2 ਪੋਲਿੰਗ ਬੂਥਾਂ ‘ਤੇ ਕੁਝ ਲੋਕਾਂ ਵੱਲੋਂ ਬੈਲਟ ਪੇਪਰ ਚੋਰੀ ਕਰਨ ਤੇ ਜਾਅਲੀ ਵੋਟਾਂ ਪਾਉਣ ਤੋਂ ਬਾਅਦ ਹਵਾ ‘ਚ ਗੋਲੀਆਂ ਚੱਲਣ ਦੀ ਸੂਚਨਾ ਮਿਲਦਿਆਂ ਹੀ ਅਧਿਕਾਰੀ ਮੌਕੇ ‘ਤੇ ਪਹੁੰਚੇ। ਪਿੰਡ ਦੇਵਤਵਾਲ ਵਿਖੇ ਜਾਅਲੀ ਵੋਟਾਂ ਪਾਉਣ ਤੇ ਬੈਲਟ ਪੇਪਰ ਚੋਰੀ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਧਰਨਾ ਲਗਾ ਦਿੱਤਾ ਗਿਆ। ਇਯਾਲੀ ਨੇ ਕਿਹਾ ਕਿ ਅਕਾਲੀ ਉਮੀਦਵਾਰ ਦੀ ਸੰਭਾਵੀ ਜਿੱਤ ਤੋਂ ਬੁਖਲਾਹਟ ‘ਚ ਆ ਕੇ ਕਾਂਗਰਸ ਦੇ ਕਰਿੰਦਿਆਂ ਨੇ ਹੁੱਲੜਬਾਜ਼ੀ ਕੀਤੀ ਤੇ ਹਵਾਈ ਫਾਇਰ ਕੀਤੇ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ‘ਚ 8-10 ਗੱਡੀਆਂ ‘ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਪਥਰਾਅ ਕਰਕੇ ਗੱਡੀਆਂ ਦੀ ਭੰਨ ਤੋੜ ਕੀਤੀ ਗਈ। ਇਸ ਤੋਂ ਇਲਾਵਾ ਪਿੰਡ ਦਿਓਣ ਵਿਖੇ ਨਤੀਜਿਆਂ ਨੂੰ ਲੈ ਕੇ ਹੋਈ ਬਹਿਸਬਾਜ਼ੀ ਉਪਰੰਤ ਪੱਥਰਬਾਜ਼ੀ ਨਾਲ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਜ਼ਿਲ੍ਹੇ ‘ਚ ਵੋਟਾਂ ਦਾ ਅਮਲ ਅਮਨ-ਅਮਾਨ ਨਾਲ ਸਮਾਪਤ ਹੋ ਗਿਆ।
_____________________________
ਬਾਦਲ ਦੇ ‘ਪੋਤੇ’ ਦੀ ਪਿੱਠ ਲਵਾਉਣ ਵਾਲਾ ਜ਼ਬਰਜੰਗ ਇਕ ਸਾਧਾਰਨ ਕਿਸਾਨ
ਬਠਿੰਡਾ: ਬਾਦਲ ਪਿੰਡ ਦੇ ਸਾਧਾਰਨ ਕਿਸਾਨ ਨੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਵਿਚ ਹੀ ਰਿਸ਼ਤੇ ਵਿਚੋਂ ਉਨ੍ਹਾਂ ਦੇ ਪੋਤਰੇ ਨੂੰ ਸਰਪੰਚੀ ਦੀ ਚੋਣ ਵਿਚ ਹਰਾ ਦਿੱਤਾ। ਜ਼ਬਰਜੰਗ ਸਿੰਘ ਬਰਾੜ ਉਰਫ ਮੁੱਖਾ ਨੇ ਉਦੈਵੀਰ ਸਿੰਘ ਢਿੱਲੋਂ ਨੂੰ 376 ਵੋਟਾਂ ਨਾਲ ਮਾਤ ਦੇ ਕੇ ਸਰਪੰਚੀ ਜਿੱਤੀ। ਬੇਸ਼ੱਕ ਕਾਂਗਰਸ ਨੇ ਸਰਪੰਚੀ ਜਿੱਤ ਲਈ ਹੈ ਪਰ 10 ਮੈਂਬਰੀ ਪੰਚਾਇਤ ਵਿਚ ਪੰਜ ਅਕਾਲੀ ਪੰਚਾਂ ਨੇ ਵੀ ਆਪਣੀ ਥਾਂ ਬਣਾ ਲਈ ਹੈ।
ਪਿੰਡ ਬਾਦਲ ਦੀ ਪੰਚਾਇਤ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਕਾਂਗਰਸ ਹੱਥੋਂ ਨਾਮੋਸ਼ੀਜਨਕ ਹਾਰ ਦੇਣ ਵਾਲਾ ਕੋਈ ਧਨਾਢ ਜਾਂ ਰਸੂਖਵਾਨ ਨਹੀਂ ਬਲਕਿ, ਸਾਢੇ ਤਿੰਨ ਏਕੜ ਜ਼ਮੀਨ ਦੇ ਮਾਲਕ ਤੇ ਨਿਮਨ ਕਿਸਾਨ ਜ਼ਬਰਜੰਗ ਸਿੰਘ ਹੈ। ਉਦੈਵੀਰ, ਮਰਹੂਮ ਨੰਬਰਦਾਰ ਮਹਿੰਦਰ ਸਿੰਘ ਢਿੱਲੋਂ ਦਾ ਪੋਤਰਾ ਹੈ ਤੇ ਵੱਡਾ ਸਰਮਾਏਦਾਰ ਅਤੇ ਦਿੱਲੀ ਤੋਂ ਬੀ.ਕਾਮ. ਪਾਸ ਹੈ, ਜਦਕਿ ਮੁੱਖਾ ਬਾਰ੍ਹਵੀਂ ਪਾਸ ਹੈ ਤੇ ਤਿੰਨ ਧੀਆਂ ਦਾ ਪਿਤਾ ਹੈ। ਜ਼ਬਰਜੰਗ ਸਿੰਘ ਨੂੰ ਕਾਂਗਰਸੀ ਲੀਡਰ ਮਹੇਸ਼ਇੰਦਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਹਰਦੀਪਇੰਦਰ ਸਿੰਘ ਦੀ ਹਮਾਇਤ ਹਾਸਲ ਹੈ। ਉਸ ਦੀ ਜਿੱਤ ਦਾ ਵੱਡਾ ਕਾਰਨ ਲੋਕਾਂ ਨਾਲ ਜ਼ਮੀਨੀ ਪੱਧਰ ‘ਤੇ ਤਾਲਮੇਲ ਦੱਸਿਆ ਜਾ ਰਿਹਾ ਹੈ। ਉਦੈਵੀਰ ਦੀ ਹਾਰ ਦਾ ਵੱਡਾ ਕਾਰਨ ਉਸ ਦਾ ਜ਼ਿਆਦਾਤਰ ਪਿੰਡ ਤੋਂ ਬਾਹਰ ਰਹਿਣਾ ਦੱਸਿਆ ਜਾ ਰਿਹਾ ਹੈ। ਪਿੰਡ ਬਾਦਲ ‘ਚ ਕੁੱਲ 2,919 ਵੋਟਰ ਹਨ।
_____________________________
ਸੂਬਾ ਚੋਣ ਕਮਿਸ਼ਨ ਨੇ ਪੱਖਪਾਤੀ ਭੂਮਿਕਾ ਨਿਭਾਈ: ਸੁਖਬੀਰ
ਸ੍ਰੀ ਮੁਕਤਸਰ ਸਾਹਿਬ: ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਚ ਕਾਂਗਰਸ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ ਅਤੇ ਹੁਣ ਪਿੰਡਾਂ ਦੀਆਂ ਪੰਚਾਇਤ ਚੋਣਾਂ ਵਿਚ ਸਿੱਧੀ ਦਖਲਅੰਦਾਜ਼ੀ ਕਰ ਕੇ ਵੱਡੀ ਪੱਧਰ ‘ਤੇ ਧੱਕੇਸ਼ਾਹੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਚੋਣਾਂ ਦੌਰਾਨ ਕਾਂਗਰਸ ਸਰਕਾਰ ਨੇ ਹਜ਼ਾਰਾਂ ਹੀ ਸਰਪੰਚੀ ਤੇ ਪੰਚੀ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਜਾਂ ਦਾਖਲ ਨਹੀਂ ਹੋਣ ਦਿੱਤੇ ਅਤੇ ਅਦਾਲਤ ਦੇ ਹੁਕਮਾਂ ਦੀ ਵੀ ਪਰਵਾਹ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ‘ਚ ਧਾਂਦਲੀਆਂ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ। ਅਕਾਲੀ-ਭਾਜਪਾ ਸਰਕਾਰ ਆਉਣ ‘ਤੇ ਇਸ ਦੀ ਜਾਂਚ ਕਰਵਾਈ ਜਾਵੇਗੀ।
_____________________________
ਗਾਇਕ ਸਿੱਧੂ ਮੂਸੇ ਵਾਲਾ ਦੀ ਮਾਂ ਬਣੀ ਸਰਪੰਚ
ਮਾਨਸਾ: ਨੌਜਵਾਨਾਂ ਦੇ ਚਹੇਤੇ ਗਾਇਕ ਸਿੱਧੂ ਮੂਸੇ ਵਾਲੇ ਦੀ ਮਾਤਾ ਚਰਨ ਕੌਰ ਪਿੰਡ ਮੂਸਾ ਤੋਂ ਸਰਪੰਚ ਦੀ ਚੋਣ ਜਿੱਤ ਗਏ। ਉਨ੍ਹਾਂ ਆਪਣੀ ਵਿਰੋਧੀ ਮਨਜੀਤ ਕੌਰ ਨੂੰ 599 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਜ਼ਿਕਰਯੋਗ ਹੈ ਕਿ ਗਾਇਕ ਮੂਸੇ ਵਾਲਾ, ਜਿਸ ਨੇ ਆਪਣੀ ਮਾਤਾ ਦੀ ਚੋਣ ਮੁਹਿੰਮ ਖੁਦ ਸੰਭਾਲੀ ਹੋਈ ਸੀ ਅਤੇ ਇਸੇ ਕਾਰਨ ਪਿੰਡ ਦੀ ਸਰਪੰਚ ਦੀ ਚੋਣ ‘ਤੇ ਦੇਸ਼-ਵਿਦੇਸ਼ ਦੇ ਪੰਜਾਬੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ ਅਤੇ ਪਿਛਲੇ ਦਿਨਾਂ ਦੌਰਾਨ ਬਿਜਲਈ ਤੇ ਸੋਸ਼ਲ ਮੀਡੀਆ ਤੋਂ ਇਲਾਵਾ ਇਹ ਪਿੰਡ ਪ੍ਰਿੰਟ ਮੀਡੀਆ ‘ਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਦੋਵੇਂ ਉਮੀਦਵਾਰ ਕਾਂਗਰਸ ਪਾਰਟੀ ਦੇ ਸਮਰਥਕ ਸਨ।
_____________________________
ਮਨਪ੍ਰੀਤ ਸਿੰਘ ਬਾਦਲ ਦੀ ਜਾਅਲੀ ਵੋਟ ਭੁਗਤੀ
ਮੰਡੀ ਕਿੱਲਿਆਂਵਾਲੀ: ਪੰਜਾਬ ਸਰਕਾਰ ਵੱਲੋਂ ਨਿਰਪੱਖ ਪੰਚਾਇਤ ਚੋਣਾਂ ਕਰਵਾਉਣ ਦੇ ਫੋਕੇ ਦਾਅਵਿਆਂ ਦੇ ਸ਼ਿਕਾਰ ਸੂਬੇ ਦੇ ਵਜ਼ੀਰ-ਏ-ਖਜ਼ਾਨਾ ਹੀ ਹੋ ਗਏ। ਪਿੰਡ ਬਾਦਲ ਵਿਖੇ ਚੋਣ ਬੂਥ 103 ‘ਤੇ ਵਾਰਡ ਅੱਠ ਦੀ ਵੋਟ ਨੰਬਰ 14 ਦੀ ਜਾਅਲੀ ਵੋਟ ਭੁਗਤ ਗਈ। ਇਹ ਵੋਟ ਨੰਬਰ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਹੈ, ਜੋ ਕਿ ਪੰਜਾਬ ਤੋਂ ਬਾਹਰ ਕਿਸੇ ਕਾਨਫਰੰਸ ਵਿਚ ਹਿੱਸਾ ਲੈਣ ਗਏ ਹੋਏ ਹਨ। ਅਜਿਹੇ ਵਿਚ ਸੂਬੇ ਦੇ ਕੈਬਨਿਟ ਮੰਤਰੀ ਦੀ ਵੋਟ ਦਾ ਜਾਅਲੀ ਤੌਰ ‘ਤੇ ਭੁਗਤਣਾ ਸਰਕਾਰੀ ਪ੍ਰਬੰਧਾਂ ਅਤੇ ਸਮਾਜਿਕ ਮਾਹੌਲ ਦੇ ਵਿਗੜਦੇ ਪਰਿਦ੍ਰਿਸ਼ ਨੂੰ ਜ਼ਾਹਰ ਕਰਦਾ ਹੈ। ਮਨਪ੍ਰੀਤ ਸਿੰਘ ਬਾਦਲ ਦੀ ਵੋਟ ਜਾਅਲੀ ਭੁਗਤਣ ਦਾ ਖੁਲਾਸਾ ਹੋਣ ‘ਤੇ ਚੋਣ ਬੂਥ ਵਿਚ ਅਮਲੇ ਅਤੇ ਪੋਲਿੰਗ ਏਜੰਟਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਚੋਣ ਅਮਲੇ ਅਤੇ ਪ੍ਰੀਜ਼ਾਈਡਿੰਗ ਅਫਸਰ ਦੇਵ ਵਰਤ ਨੇ ਆਖਿਆ ਕਿ ਮਨਪ੍ਰੀਤ ਸਿੰਘ ਤਾਂ ਵੋਟ ਪਾਉਣ ਲਈ ਨਹੀਂ ਪੁੱਜੇ ਅਤੇ ਨਾ ਉਨ੍ਹਾਂ ਨੂੰ ਇਹ ਪਤਾ ਕਿ ਵੋਟ ਕਿਸ ਨੇ ਪਾਈ ਹੈ। ਇੰਨਾ ਜ਼ਰੂਰ ਹੈ ਕਿ ਸਾਰੇ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਨੇ ਆਪਸੀ ਸਹਿਮਤੀ ਨਾਲ ਖਜ਼ਾਨਾ ਮੰਤਰੀ ਦੀ ਵੋਟ ਭੁਗਤਾਈ ਹੈ।
_____________________________
ਸਰਪੰਚੀ ਦੇ ਮੁਕਾਬਲੇ ‘ਚ ਨੂੰਹ ਨੇ ਸੱਸ ਨੂੰ ਹਰਾਇਆ
ਜਲੰਧਰ: ਪਿੰਡ ਬੇਗਮਪੁਰਾ ਵਿਚ ਇਕੋ ਛੱਤ ਥੱਲੇ ਰਹਿਣ ਵਾਲੀਆਂ ਨੂੰਹ-ਸੱਸ ਵਿਚ ਸਰਪੰਚੀ ਦੀ ਹੋਈ ਟੱਕਰ ਵਿਚ ਪੜ੍ਹੀ-ਲਿਖੀ ਨੂੰਹ ਨੇ ਬਾਜ਼ੀ ਮਾਰ ਲਈ ਹੈ। ਕਮਲਜੀਤ ਕੌਰ ਨੇ 88 ਵੋਟਾਂ ਹਾਸਲ ਕਰਕੇ ਆਪਣੀ ਸੱਸ ਬਿਮਲਾ ਦੇਵੀ ਨੂੰ 47 ਵੋਟਾਂ ਦੇ ਫਰਕ ਨਾਲ ਹਰਾਇਆ। ਬਿਮਲਾ ਦੇਵੀ, ਜੋ ਪਿੰਡ ਦੀ 15 ਸਾਲਾਂ ਤੱਕ ਪੰਚ ਬਣਦੀ ਆ ਰਹੀ ਸੀ, ਸਿਰਫ 41 ਵੋਟਾਂ ਹੀ ਹਾਸਲ ਕਰ ਸਕੀ। ਬੇਗਮਪੁਰਾ ਛੋਟਾ ਜਿਹਾ ਪਿੰਡ ਹੈ, ਜਿਸ ਦੀਆਂ 160 ਵੋਟਾਂ ਹਨ। ਹਾਲਾਂ ਕਿ ਇਸ ਪਿੰਡ ਵਿਚ ਸਰਪੰਚੀ ਦੇ ਤਿੰਨ ਉਮੀਦਵਾਰ ਸਨ ਪਰ ਮੁੱਖ ਮੁਕਾਬਲਾ ਨੂੰਹ-ਸੱਸ ਵਿਚ ਹੀ ਰਿਹਾ। ਤੀਜੀ ਉਮੀਦਵਾਰ ਨੂੰ 31 ਵੋਟਾਂ ਮਿਲੀਆਂ।
ਗਿਣਤੀ ਕੇਂਦਰ ਦੇ ਬਾਹਰ ਖੜ੍ਹੀ ਕਮਲਜੀਤ ਕੌਰ ਪੂਰੇ ਭਰੋਸੇ ਵਿਚ ਸੀ ਕਿ ਉਹ ਹੀ ਚੋਣ ਜਿੱਤੇਗੀ। ਚੋਣਾਂ ਵਿਚ ਆਪਣੀ ਸੱਸ ਨੂੰ ਹਰਾਉਣ ਤੋਂ ਬਾਅਦ ਪਿੰਡ ਦੇ ਗੁਰਦੁਆਰੇ ਵਿਚ ਮੱਥਾ ਟੇਕਣ ਉਪਰੰਤ ਜੇਤੂ ਰਹੀ ਕਮਲਜੀਤ ਕੌਰ ਨੇ ਕਿਹਾ ਕਿ ਇਸ ਲੜਾਈ ਨੂੰ ਮੀਡੀਆ ਨੇ ਭਾਵੇਂ ਨੂੰਹ-ਸੱਸ ਦੀ ਲੜਾਈ ਬਣਾ ਕੇ ਪੇਸ਼ ਕੀਤਾ ਜਦ ਕਿ ਅਸਲ ਵਿਚ ਇਹ ਲੜਾਈ ਪਿੰਡ ਦੀ ਤਰੱਕੀ ਲਈ ਲੜੀ ਜਾ ਰਹੀ ਸੀ। ਲੋਕਾਂ ਨੇ ਪੜ੍ਹੇ ਲਿਖਿਆਂ ਦਾ ਸਾਥ ਦੇ ਕੇ ਪਿੰਡ ਦੀ ਤਰੱਕੀ ਦਾ ਰਾਹ ਚੁਣਿਆ ਹੈ। ਗੁਰਦੁਆਰੇ ਵਿਚ ਉਸ ਨੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਰਲ ਕੇ ਚੱਲਣਾ ਹੈ ।
ਗੁਰਦੁਆਰੇ ਵਿਚ ਮੱਥਾ ਟੇਕਣ ਤੋਂ ਬਾਅਦ ਕਮਲਜੀਤ ਕੌਰ ਸਮਰਥਕਾਂ ਨਾਲ ਆਪਣੇ ਘਰ ਗਈ, ਜਿਥੇ ਉਸ ਦੀ ਹਾਰੀ ਹੋਈ ਸੱਸ ਨੇ ਤੇਲ ਚੁਆ ਕੇ ਸਵਾਗਤ ਕੀਤਾ ਤੇ ਉਸ ਦਾ ਮੂੰਹ ਮਿੱਠਾ ਕਰਵਾਇਆ। ਜਾਣਕਾਰੀ ਅਨੁਸਾਰ ਸੱਸ ਬਿਮਲਾ ਦੇਵੀ ਨੂੰਹ ਹੱਥੋਂ ਹੋਈ ਹਾਰ ਕਾਰਨ ਭਰੀ-ਪੀਤੀ ਤਾਂ ਬੈਠੀ ਸੀ ਪਰ ਸਾਬਕਾ ਸਰਪੰਚ ਰਾਮਪਾਲ ਦੇ ਕਹਿਣ ‘ਤੇ ਉਸ ਨੇ ਆਪਣੀ ਨੂੰਹ ਦਾ ਸਵਾਗਤ ਕੀਤਾ। ਸੱਸ ਦੇ ਹਾਰ ਜਾਣ ਕਾਰਨ ਨੂੰਹ ਨੇ ਆਪਣੇ ਸਮਰਥਕਾਂ ਨੂੰ ਢੋਲ ਵਜਾਉਣ ਤੋਂ ਮਨ੍ਹਾਂ ਕੀਤਾ ਹੋਇਆ ਸੀ। ਚੋਣ ਪ੍ਰਚਾਰ ਦੌਰਾਨ ਘਰ ਵਿਚ ਤਣਾਅ ਬਣਿਆ ਰਿਹਾ ਸੀ ਪਰ ਆਪਣੀ ਹਾਰ ਤੋਂ ਬਾਅਦ ਵੀ ਨੂੰਹ ਨੂੰ ਦਿੱਤੇ ਆਸ਼ੀਰਵਾਦ ਨਾਲ ਕੁਝ ਹੱਦ ਤੱਕ ਇਹ ਕੁੜੱਤਣ ਘੱਟ ਜ਼ਰੂਰ ਗਈ ਹੈ।
_____________________________
ਜੇਲ੍ਹ ‘ਚ ਬੈਠਾ ਜਿੱਤਿਆ ਸਰਪੰਚੀ ਦੀ ਚੋਣ
ਮਾਛੀਵਾੜਾ ਸਾਹਿਬ: ਮਾਛੀਵਾੜਾ ਬਲਾਕ ਦੇ ਪਿੰਡ ਤੱਖਰਾਂ-ਖੋਖਰਾਂ ਦੇ ਚੋਣ ਨਤੀਜਿਆਂ ‘ਤੇ ਇਲਾਕੇ ਭਰ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਸਨ ਕਿਉਂਕਿ ਇਸ ਪਿੰਡ ਤੋਂ 2014 ‘ਚ ਦੋ ਸਕੇ ਭਰਾਵਾਂ ਦੀ ਜਮਾਲਪੁਰ ਵਿਚ ਹੋਈ ਹੱਤਿਆ ਦੇ ਮਾਮਲੇ ‘ਚ ਜੇਲ੍ਹ ਵਿਚ ਬੰਦ ਗੁਰਜੀਤ ਸਿੰਘ ਸੈਮ ਸਰਪੰਚੀ ਦੀ ਚੋਣ ਲੜ ਰਿਹਾ ਸੀ ਤੇ ਪਹਿਲਾਂ ਇਹ ਬਲਾਕ ਸੰਮਤੀ ਮੈਂਬਰ ਵੀ ਰਹਿ ਚੁੱਕਾ ਹੈ। ਪਿੰਡ ਦੇ ਵੋਟਰਾਂ ਨੇ ਗੁਰਜੀਤ ਸੈਮ ਨੂੰ 97 ਵੋਟਾਂ ਨਾਲ ਜਿਤਾਇਆ ਜਦਕਿ ਉਸ ਦੇ ਮੁਕਾਬਲੇ ਖੜ੍ਹੇ ਕਾਂਗਰਸੀ ਆਗੂ ਪਰਮਿੰਦਰ ਤਿਵਾੜੀ ਇਹ ਚੋਣ ਹਾਰ ਗਏ। ਗੁਰਜੀਤ ਸੈਮ ਦੀ ਚੋਣ ਮੁਹਿੰਮ ਉਨ੍ਹਾਂ ਦੇ ਭਰਾ ਗੁਰਮੀਤ ਸਿੰਘ ਪੀਟਰ ਤੇ ਉਨ੍ਹਾਂ ਦੀ ਪਤਨੀ ਰਾਜਵਿੰਦਰ ਕੌਰ ਨੇ ਸੰਭਾਲੀ ਰੱਖੀ।