ਕਰਤਾਰਪੁਰ ਲਾਂਘਾ: ਸਿੱਖ ਸ਼ਰਧਾਲੂਆਂ ਨੂੰ ਇਨ੍ਹਾਂ ਨਿਯਮਾਂ ਦਾ ਕਰਨਾ ਪਵੇਗਾ ਪਾਲਣ

ਪਾਕਿਸਤਾਨ ਨੇ ਵੀਜ਼ਾ ਮੁਕਤ ਯਾਤਰਾ ਲਈ ਭੇਜਿਆਂ ਸਿਫਾਰਸ਼ਾਂ
ਇਸਲਾਮਾਬਾਦ: ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਰਾਹੀਂ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ-ਮੁਕਤ ਯਾਤਰਾ ਦੀ ਸਹੂਲਤ ਦੇਣ ਲਈ ਭਾਰਤ ਨੂੰ ਕੁਝ ਸਿਫਾਰਸ਼ਾਂ ਭੇਜੀਆਂ ਹਨ। ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਇਸਲਾਮਾਬਾਦ ਨੇ ਨਵੀਂ ਦਿੱਲੀ ਨੂੰ 59 ਸਫ਼ਿਆਂ ਦਾ ਦਸਤਾਵੇਜ਼ ਭੇਜਿਆ ਹੈ, ਜਿਸ ਵਿਚ ਕਰਤਾਰਪੁਰ ਲਾਂਘੇ ਤੋਂ ਦਾਖਲੇ ਸਬੰਧੀ 14 ਅਹਿਮ ਸਿਫਾਰਸ਼ਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਭਾਰਤੀ ਸ਼ਰਧਾਲੂਆਂ ਨੂੰ ਮੁਫ਼ਤ ਦਾਖਲਾ ਅਤੇ ਸਰਹੱਦ ਦੇ ਦੋਵੇਂ ਪਾਸੇ ਫੈਸਿਲੀਟੇਸ਼ਨ (ਸਹੂਲਤ) ਕੇਂਦਰਾਂ ਤੇ ਸੁਰੱਖਿਆ ਚੌਕੀਆਂ ਦੀ ਸਥਾਪਤੀ ਵੀ ਸ਼ਾਮਲ ਹੈ।

ਪ੍ਰਸਤਾਵ ‘ਚ ਦਰਜ ਸ਼ਰਤਾਂ ਮੁਤਾਬਕ ਕਰਤਾਰਪੁਰ ਲਾਂਘੇ ਦੀ ਮਾਰਫਤ ਭਾਰਤੀ ਸ਼ਰਧਾਲੂ ਬਿਨਾਂ ਵੀਜ਼ਾ ਪਰਮਿਟ ਰਾਹੀਂ ਇਹ ਯਾਤਰਾ ਕਰ ਸਕਣਗੇ। ਦੋਵਾਂ ਦੇਸ਼ਾਂ ਨੂੰ ਆਪਣੇ-ਆਪਣੇ ਪਾਸੇ ਜਾਂਚ ਤੇ ਸੁਰੱਖਿਆ ਚੌਕੀਆਂ, ਸੜਕਾਂ, ਇਮੀਗ੍ਰੇਸ਼ਨ ਦਫਤਰ ਤੇ ਹੋਰ ਬੁਨਿਆਦੀ ਢਾਂਚੇ ਕਾਇਮ ਕਰਨੇ ਹੋਣਗੇ। ਸ਼ਰਧਾਲੂਆਂ ਦੀ ਗਿਣਤੀ ਤੇ ਉਨ੍ਹਾਂ ਸਬੰਧੀ ਹੋਰ ਜਾਣਕਾਰੀ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇਗਾ। ਇਸ ਦੇ ਨਾਲ-ਨਾਲ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਆਉਣ ਵਾਲੇ ਭਾਰਤੀ ਸ਼ਰਧਾਲੂ ਨੂੰ ਚਾਰ ਪ੍ਰਮੁੱਖ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ, ਜਿਸ ਅਧੀਨ ਸ਼ਰਧਾਲੂ ਘੱਟੋ-ਘੱਟ 15 ਮੈਂਬਰਾਂ ਦੇ ਸਮੂਹ ‘ਚ ਆਉਣਗੇ, ਹਰ ਇਕ ਦੇ ਕੋਲ ਭਾਰਤੀ ਪਾਸਪੋਰਟ ਤੇ ਸਕਿਉਰਿਟੀ ਕਲੀਅਰੈਂਸ ਸਰਟੀਫਿਕੇਟ ਹੋਣਾ ਲਾਜ਼ਮੀ ਰਹੇਗਾ, ਯਾਤਰਾ ਉਤੇ ਆਉਣ ਤੋਂ ਘੱਟੋ-ਘੱਟ ਤਿੰਨ ਦਿਨ ਪਹਿਲਾਂ ਸੂਚਨਾ ਦੇਣੀ ਹੋਵੇਗੀ ਅਤੇ ਸ਼ਰਧਾਲੂ ਗੁਰਦੁਆਰਾ ਸਾਹਿਬ ‘ਚ ਆਉਣ ‘ਤੇ ਉਥੋਂ ਬਾਹਰ ਨਹੀਂ ਜਾ ਸਕਣਗੇ।
ਯਾਤਰੂ ਉਥੇ ਰਾਤ ਨਹੀਂ ਰੁਕ ਸਕਣਗੇ ਅਤੇ ਨਿਰਧਾਰਤ ਕੀਤੇ ਸਮੇਂ ਦੇ ਅੰਦਰ ਉਨ੍ਹਾਂ ਨੂੰ ਵਾਪਸ ਪਰਤਣਾ ਹੋਵੇਗਾ। ਉਕਤ ਦੇ ਇਲਾਵਾ ਲਾਂਘੇ ਦੀ ਮਾਰਫਤ ਰੋਜ਼ਾਨਾ 500 ਸ਼ਰਧਾਲੂ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ‘ਚ ਪਹੁੰਚ ਸਕਣਗੇ ਤੇ ਉਨ੍ਹਾਂ ਨੂੰ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ 9 ਘੰਟੇ ਲਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਹੋਵੇਗੀ। ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਸ਼ਰਧਾਲੂਆਂ ਨੂੰ ਆਉਣ ਤੋਂ ਇਨਕਾਰ ਕਰਨ ਜਾਂ ਯਾਤਰਾ ਲਈ ਦਿੱਤਾ ਸਮਾਂ ਘੱਟ ਕਰਨ ਦਾ ਪਾਕਿਸਤਾਨ ਸਰਕਾਰ ਨੂੰ ਪੂਰਾ ਹੱਕ ਹੋਵੇਗਾ। ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਇਹ ਸਮਝਾਉਣਾ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਸ਼ਰਧਾਲੂ ਪਾਕਿਸਤਾਨ ਆਉਣ ‘ਤੇ ਕਿਸੇ ਪ੍ਰਕਾਰ ਦਾ ਕੋਈ ਨਿਯਮ ਭੰਗ ਨਾ ਕਰਨ। ਇਸ ਲਾਂਘੇ ਨੂੰ ਲੈ ਕੇ ਜੇਕਰ ਭਵਿੱਖ ‘ਚ ਕੋਈ ਵਿਵਾਦ ਉਠਦਾ ਹੈ ਤਾਂ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਾਂਝੇ ਤੌਰ ਉਤੇ ਉਸ ਨੂੰ ਹੱਲ ਕਰਨ ਦੇ ਉਪਰਾਲੇ ਕਰਨਗੇ। ਪਾਕਿਸਤਾਨ ਸਰਕਾਰ ਨੇ ਇਹ ਵੀ ਸ਼ਰਤ ਰੱਖੀ ਹੈ ਕਿ ਉਕਤ ਸਮਝੌਤੇ ਦਾ ਕੋਈ ਵੀ ਅਸਰ ਭਾਰਤ-ਪਾਕਿਸਤਾਨ ਵਿਚਾਲੇ ਹੋਏ ਪੁਰਾਣੇ ਦੁਵੱਲੇ ਸਮਝੌਤਿਆਂ ‘ਤੇ ਨਹੀਂ ਪਵੇਗਾ ਅਤੇ ਭਵਿੱਖ ‘ਚ ਜਦੋਂ ਵੀ ਦੋਵੇਂ ਦੇਸ਼ਾਂ ਵਿਚੋਂ ਕਿਸੇ ਨੇ ਵੀ ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਲਾਂਘੇ ਨੂੰ ਲੈ ਕੇ ਕੀਤਾ ਸਮਝੌਤਾ ਤੋੜਨਾ ਹੋਵੇ ਤਾਂ ਉਹ ਦੂਜੇ ਦੇਸ਼ ਨੂੰ ਘੱਟੋ-ਘੱਟ ਇਕ ਮਹੀਨਾ ਪਹਿਲਾਂ ਲਿਖਤੀ ਨੋਟਿਸ ਦੇਵੇਗਾ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਰਤ ਸਰਕਾਰ ਵੱਲੋਂ ਇਸ ਲਾਂਘੇ ਲਈ ਜੋ ਸ਼ਰਤਾਂ ਰੱਖੀਆਂ ਗਈਆਂ, ਉਨ੍ਹਾਂ ਅਨੁਸਾਰ ਕੋਈ ਵੀ ਭਾਰਤੀ ਸ਼ਰਧਾਲੂ ਸਾਲ ‘ਚ ਸਿਰਫ ਇਕ ਵਾਰ ਹੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਲਈ ਜਾ ਸਕੇਗਾ। ਯਾਤਰਾ ਦਾ ਕੋਈ ਖਰਚ ਨਹੀਂ ਲਿਆ ਜਾਵੇਗਾ। ਯਾਤਰਾ ‘ਤੇ ਜਾਣ ਦੇ ਇੱਛੁਕ ਆਨ-ਲਾਈਨ ਰਜਿਸਟਰੇਸ਼ਨ ਕਰਨਗੇ ਅਤੇ ਉਪਰੰਤ ਉਨ੍ਹਾਂ ਲਈ ਪੁਲਿਸ ਜਾਂਚ ਜ਼ਰੂਰੀ ਹੋਵੇਗੀ। ਇਸ ਯਾਤਰਾ ਦਾ ਲਾਭ ਪਰਵਾਸੀ (ਐਨ.ਆਰ.ਆਈ.) ਭਾਰਤੀ ਨਹੀਂ ਲੈ ਸਕਣਗੇ ਅਤੇ ਇਮੀਗ੍ਰੇਸ਼ਨ ਸਬੰਧੀ ਕਾਰਵਾਈ ਤੇ ਬਾਇਓਮੀਟ੍ਰਿਕ ਮਸ਼ੀਨਾਂ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਹੀ ਸ਼ਰਧਾਲੂ ਪਾਕਿਸਤਾਨ ਜਾ ਸਕਣਗੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੌਮਾਂਤਰੀ ਸਰਹੱਦ ਉਤੇ ਭਾਰਤ ਸਰਕਾਰ ਵੱਲੋਂ ਉਸਾਰੇ ਜਾਣ ਵਾਲੇ ਟਰਮੀਨਲ ਤੋਂ ਪਾਕਿਸਤਾਨ ਟਰਾਂਸਪੋਰਟ ਦੀਆਂ ਵਿਸ਼ੇਸ਼ ਬੱਸਾਂ ਰਾਹੀਂ ਸ਼ਰਧਾਲੂਆਂ ਨੂੰ ਪਾਕਿਸਤਾਨ ਇਮੀਗ੍ਰੇਸ਼ਨ ਦਫਤਰ ਤੱਕ ਪਹੁੰਚਾਇਆ ਜਾਵੇਗਾ। ਇਮੀਗ੍ਰੇਸ਼ਨ ਹਾਲ ‘ਚ ਸ਼ਰਧਾਲੂਆਂ ਦੇ ਪਾਸਪੋਰਟ ਅਤੇ ਹੋਰ ਸਬੰਧਤ ਦਸਤਾਵੇਜ਼ਾਂ ਦੀ ਸ਼ਨਾਖਤ ਲਈ 12 ਕਾਉਂਟਰ ਸਥਾਪਤ ਕੀਤੇ ਜਾ ਰਹੇ ਹਨ। ਇਮੀਗ੍ਰੇਸ਼ਨ ਸਬੰਧੀ ਕਾਰਵਾਈ ਪੂਰੀ ਹੋਣ ਉਤੇ ਸ਼ਰਧਾਲੂ ਗੁਰਦੁਆਰਾ ਸਾਹਿਬ ‘ਚ ਪ੍ਰਵੇਸ਼ ਕਰਨਗੇ ਅਤੇ ਦਿੱਤੇ ਸਮੇਂ ਦੌਰਾਨ ਉਹ ਗੁਰਦੁਆਰਾ ਸਾਹਿਬ ਵਿਚ ਬਿਨਾਂ ਕਿਸੇ ਰੁਕਾਵਟ ਦੇ ਦਰਸ਼ਨ ਕਰ ਸਕਣਗੇ।
___________________________
ਕਰਤਾਰਪੁਰ ਲਾਂਘਾ ਪਾਕਿ ਦੀ ਕੂਟਨੀਤਕ ਰਣਨੀਤੀ ਦਾ ਅਹਿਮ ਹਿੱਸਾ
ਇਸਲਾਮਾਬਾਦ: ਪਾਕਿਸਤਾਨ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘਾ ਇਮਰਾਨ ਖਾਨ ਸਰਕਾਰ ਦੀ ‘ਕੂਟਨੀਤਕ ਰਣਨੀਤੀ ਦੇ ਅਹਿਮ ਨੁਕਤਿਆਂ’ ਵਿਚ ਸ਼ਾਮਲ ਹੈ। ਪਾਕਿ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੁਹੰਮਦ ਫ਼ੈਜ਼ਲ ਨੇ ਇਹ ਵੀ ਮੰਨਿਆ ਕਿ ਭਾਰਤ ਨਾਲ ਟਕਰਾਅ ਵਾਲੇ ਬਹੁਤੇ ਮੁੱਦਿਆਂ ‘ਤੇ ਫਿਲਹਾਲ ਕੋਈ ‘ਉਸਾਰੂ ਸਹਿਮਤੀ’ ਨਹੀਂ ਬਣ ਸਕੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦਾ ‘ਪਾਕਿ ਦੀ ਕੂਟਨੀਤਕ ਨੀਤੀ’ ਵਿਚ ਪਹਿਲਾਂ ਵਾਂਗ ਸਿਖਰ ‘ਤੇ ਹੀ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਸ਼ਾਂਤੀ ਬਹਾਲੀ ਲਈ ਸਰਕਾਰ ਯਤਨਸ਼ੀਲ ਹੈ। ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਲਏ ਗਏ ਫੈਸਲੇ ਦਾ ਪੂਰੇ ਸੰਸਾਰ ਵਿਚ ਸਵਾਗਤ ਹੋਇਆ ਹੈ ਤੇ ਕਰਤਾਰਪੁਰ ਵਿਚ ਲਾਂਘੇ ਲਈ ਲੋੜੀਂਦੇ ਢਾਂਚੇ ਦੀ ਉਸਾਰੀ ਲਗਾਤਾਰ ਚੱਲ ਰਹੀ ਹੈ।
___________________________
ਭਾਰਤ ਸਰਕਾਰ ਨੇ ਵਿਖਾਈ ਸੁਸਤੀ
ਬਟਾਲਾ: ਕਰਤਾਰਪੁਰ-ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਕ ਮਹੀਨਾ ਪਹਿਲਾ ਭਾਰਤ ਸਰਕਾਰ ਦੁਆਰਾ ਡੇਰਾ ਬਾਬਾ ਨਾਨਕ ‘ਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖਣ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਾਢੇ ਚਾਰ ਮਹੀਨਿਆਂ ‘ਚ ਕੰਮ ਪੂਰਾ ਕਰਨ ਦਾ ਵਾਅਦਾ ਕੀਤਾ ਸੀ, ਪਰ ਮਹੀਨਾ ਲੰਘ ਜਾਣ ਉਤੇ ਇਕ ਇੰਚ ਵੀ ਕੰਮ ਨਹੀਂ ਹੋਇਆ। ਕੇਂਦਰੀ ਮੰਤਰੀ ਗਡਕਰੀ ਨੇ ਸਾਢੇ ਚਾਰ ਮਹੀਨੇ ‘ਚ ਕੰਮ ਸੰਪੂਰਨ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਐਲਾਨ ਪਿੱਛੇ ਜ਼ਮੀਨੀ ਹਕੀਕਤ ਕੁਝ ਹੋਰ ਵੀ ਦਿਖਾਈ ਦੇ ਰਹੀ ਹੈ ਕਿਉਂਕਿ ਭਾਰਤ ਵਾਲੇ ਪਾਸਿਉਂ ਅਜੇ ਤੱਕ ਰੱਤੀ ਭਰ ਵੀ ਕੰਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੰਮ ਸ਼ੁਰੂ ਹੋਣ ‘ਚ ਹੋ ਰਹੀ ਦੇਰੀ ਨੂੰ ਲੈ ਕੇ ਸ਼ਰਧਾਲੂਆਂ ਵਿਚ ਕਈ ਤਰ੍ਹਾਂ ਦੀ ਸ਼ੰਕਾ ਪੈਦਾ ਹੋ ਰਹੀ ਹੈ ਕਿ ਕਿਧਰੇ ਇਹ ਸਭ ਐਲਾਨ ਤੱਕ ਹੀ ਸੀਮਤ ਤਾਂ ਨਹੀਂ।