ਸ਼ਹੀਦੀ ਜੋੜ ਮੇਲ: ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਭਰੀ ਹਾਜ਼ਰੀ

ਫਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਸਭਾ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਗਏ ਨਗਰ ਕੀਰਤਨ ‘ਚ ਦੇਸ਼-ਵਿਦੇਸ਼ ਤੋਂ ਲੱਖਾਂ ਸੰਗਤਾਂ ਸਮੇਤ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸ਼ਖਸੀਅਤਾਂ ਦੇ ਨਾਲ-ਨਾਲ ਧਾਰਮਿਕ ਸਭਾ-ਸੁਸਾਇਟੀਆਂ, ਨਿਹੰਗ ਸਿੰਘ ਦਲਾਂ, ਗੁਰਮਤਿ ਟਕਸਾਲਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

ਨਗਰ ਕੀਰਤਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਸਜਾਇਆ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਜੀਵਨ ਇਤਿਹਾਸ ‘ਤੇ ਚਾਨਣਾ ਪਾਇਆ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸੰਗਤੀ ਰੂਪ ‘ਚ ਜਪੁਜੀ ਸਾਹਿਬ ਦੇ ਪਾਠ ਮਗਰੋਂ ਅਰਦਾਸ ਕੀਤੀ ਗਈ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਰਵਣ ਕਰਵਾਇਆ। ੀ
eਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਉ ਭੇਟ ਕੀਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜੈਕਾਰਿਆਂ ਦੀ ਗੂੰਜ ‘ਚ ਸੁਨਹਿਰੀ ਪਾਲਕੀ ਸਾਹਿਬ ‘ਚ ਸੁਸ਼ੋਭਿਤ ਕੀਤਾ। ਨਗਰ ਕੀਰਤਨ ‘ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ, ਗਤਕਾ ਅਖਾੜਿਆਂ ਨੇ ਜੰਗਜੂ ਜੌਹਰ ਦਿਖਾਉਂਦਿਆਂ ਸਾਹਿਬਜ਼ਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਸਮੇਂ ਸਜਾਏ ਗੁਰਮਤਿ ਸਮਾਗਮ ‘ਚ ਰਾਗੀ ਜਥਿਆਂ ਨੇ ਕੀਰਤਨ ਕੀਤਾ।
____________________________
ਲੌਂਗੋਵਾਲ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ
ਫਤਹਿਗੜ੍ਹ ਸਾਹਿਬ: ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਫਤਹਿਗੜ੍ਹ ਸਾਹਿਬ ਵਿਚ ਅਖੰਡ ਕੀਰਤਨੀ ਜਥੇ ਦੇ ਸਾਲਾਨਾ ਕੇਂਦਰੀ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹਾਜ਼ਰੀ ਭਰੀ। ਇਸ ਤੋਂ ਪਹਿਲਾਂ ਅਖੰਡ ਕੀਰਤਨੀ ਜਥੇ ਵੱਲੋਂ 15 ਦਸੰਬਰ ਤੋਂ ਸ਼ਹੀਦੀ ਸਭਾ ਦੇ ਪੰਜ ਅਖੰਡ ਪਾਠ ਸਾਹਿਬ ਕੀਤੇ ਗਏ ਸਨ। ਇਸ ਦੌਰਾਨ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਸ਼ਮੂਲੀਅਤ ਕੀਤੀ ਸੀ। ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਚ ਸ਼ਹੀਦੀ ਸਭਾ ਦੇ ਰੈਣਿ ਸਬਾਈ ਕੀਰਤਨ ਦੌਰਾਨ ਭਾਈ ਲੌਂਗੋਵਾਲ ਨੇ ਕੀਰਤਨ ਕੀਤਾ।
____________________________
ਸੰਗਤ ਵੱਲੋਂ ਅਕਾਲ ਤਖਤ ਦੇ ਜਥੇਦਾਰ ਦਾ ਵਿਰੋਧ
ਫਤਹਿਗੜ੍ਹ ਸਾਹਿਬ: ਨਗਰ ਕੀਰਤਨ ਦੀ ਸਮਾਪਤੀ ਮੌਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਸਜਾਏ ਗਏ ਗੁਰਮਤਿ ਸਮਾਗਮ ਵਿਚ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੱਖ ਕੌਮ ਦੇ ਨਾਂ ਸੰਦੇਸ਼ ਦੇ ਰਹੇ ਸਨ ਤਾਂ ਸੰਗਤ ਵਿਚੋਂ ਹੀ ਕੁਝ ਨਿਹੰਗ ਸਿੰਘਾਂ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੰਗਤ ਨੇ ਉਨ੍ਹਾਂ ਦਾ ਭਾਸ਼ਣ ਰੋਕਣ ਲਈ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਨਿਹੰਗ ਸਿੰਘ ਜੈਕਾਰੇ ਲਾਉਂਦੇ ਹੋਏ ਸਟੇਜ ਵੱਲ ਵਧ ਰਹੇ ਸਨ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਉਨ੍ਹਾਂ ਦੇ ਸਟੇਜ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਸੰਦੇਸ਼ ਸਮਾਪਤ ਕਰ ਦਿੱਤਾ।
ਵਿਰੋਧ ਕਰਨ ਵਾਲਿਆਂ ਵਿਚ ਸ਼ਾਮਲ ਗੁਰਮੁਖ ਸਿੰਘ ਵਾਸੀ ਆਨੰਦਪੁਰ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਜ਼ਾਵਾਂ ਕਿਉਂ ਨਹੀਂ ਦਿਵਾਉਂਦੇ? ਉਨ੍ਹਾਂ ਕਿਹਾ ਕਿ ਬਾਦਲਾਂ ਦੀ ਜੇਬ ਵਿਚੋਂ ਨਿਕਲਿਆ ਜਥੇਦਾਰ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ। ਜਥੇਦਾਰ ਕਰਨੈਲ ਸਿੰਘ ਪੰਜੋਲੀ ਸਮੇਤ ਕੁਝ ਐਸ਼ਜੀ.ਪੀ.ਸੀ. ਮੈਂਬਰਾਂ ਅਤੇ ਸੰਗਤ ਨੇ ਨਿਹੰਗ ਸਿੰਘਾਂ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ। ਕੌਮ ਦੇ ਨਾਂ ਸੰਦੇਸ਼ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ, ਉਥੇ ਹੀ ਪੰਥ ਵਿਰੋਧੀ ਲੋਕਾਂ ਦੀਆਂ ਚਾਲਾਂ ਤੋਂ ਕੌਮ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਕੁਝ ਮੁੱਠੀ ਭਰ ਲੋਕ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਤੋੜਨ ਦਾ ਯਤਨ ਕਰ ਰਹੇ ਹਨ ਅਤੇ ਇਨ੍ਹਾਂ ਲੋਕਾਂ ਦਾ ਮੰਤਵ ਕੇਵਲ ਪੰਥ ਨੂੰ ਕਮਜ਼ੋਰ ਕਰਨਾ ਹੈ।