ਨਵੀਂ ਦਿੱਲੀ: ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿਚ ਕਾਂਗਰਸ ਹੱਥੋਂ ਮਿਲੀ ਹਾਰ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਖੇਤੀ ਸੈਕਟਰ ਨੂੰ ਦਰਪੇਸ਼ ਸੰਕਟ ਦੇ ਹੱਲ ਲਈ ਸਰਗਰਮ ਹੋ ਗਈ ਹੈ। ਕਿਸਾਨਾਂ ਨੂੰ ਫੌਰੀ ਕੋਈ ਰਾਹਤ ਦੇਣ ਲਈ ਜਿਨ੍ਹਾਂ ਤਜਵੀਜ਼ਾਂ ਦਾ ਅਧਿਐਨ ਕੀਤਾ ਗਿਆ ਹੈ ਉਨ੍ਹਾਂ ਵਿਚ ਮਿਥੀ ਤਰੀਕ ਦੇ ਅੰਦਰ ਫਸਲੀ ਕਰਜ਼ਿਆਂ ਦੀ ਅਦਾਇਗੀ ਕਰਨ ਵਾਲੇ ਕਿਸਾਨਾਂ ਵੱਲੋਂ ਦਿੱਤੇ ਜਾਂਦੇ ਚਾਰ ਫੀਸਦ ਵਿਆਜ ‘ਤੇ ਲੀਕ ਮਾਰਨਾ ਵੀ ਸ਼ਾਮਲ ਹੈ।
ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨੀ ਨੂੰ ਦਰਪੇਸ਼ ਮੁਸ਼ਕਲਾਂ ਨੂੰ ਮੁਖਾਤਿਬ ਹੁੰਦਿਆਂ ਕੇਂਦਰ ਸਰਕਾਰ ਨੇ ਨਵੇਂ ਸਾਲ ਦੇ ਤੋਹਫੇ ਵਜੋਂ ਸਮੇਂ ਸਿਰ ਫਸਲੀ ਕਰਜ਼ੇ ਦੀ ਅਦਾਇਗੀ ਕਰਨ ਵਾਲੇ ਕਿਸਾਨਾਂ ਦੇ ਬਣਦੇ ਵਿਆਜ ‘ਤੇ ਲੀਕ ਮਾਰਨ ਦੀ ਤਿਆਰੀ ਖਿੱਚ ਲਈ ਹੈ। ਸਰਕਾਰ ਦੇ ਇਸ ਫੈਸਲੇ ਨਾਲ ਸਰਕਾਰੀ ਖਜ਼ਾਨੇ ‘ਤੇ 15 ਹਜ਼ਾਰ ਕਰੋੜ ਰੁਪਏ ਦਾ ਵਾਧੂ ਬੋਝ ਪਏਗਾ। ਮੌਜੂਦਾ ਸਮੇਂ ਨਿਰਧਾਰਿਤ ਤਰੀਕ ਦੇ ਅੰਦਰ ਕਰਜ਼ੇ ਦੀ ਅਦਾਇਗੀ ਕਰਨ ਵਾਲੇ ਕਿਸਾਨਾਂ ਨੂੰ 4 ਫੀਸਦ ਵਿਆਜ ਦੇਣਾ ਪੈਂਦਾ ਹੈ। ਇਹੀ ਨਹੀਂ ਖੁਰਾਕੀ ਫਸਲਾਂ ਦਾ ਬੀਮਾ ਕਰਾਉਣ ਬਦਲੇ ਬੀਮੇ ਦੀ ਕਿਸ਼ਤ ਪੂਰੀ ਤਰ੍ਹਾਂ ਖਤਮ ਕੀਤੇ ਜਾਣ ਦੀ ਤਜਵੀਜ਼ ਵੀ ਸਰਕਾਰ ਦੇ ਵਿਚਾਰ ਅਧੀਨ ਹੈ। ਬਾਗਬਾਨੀ ਫਸਲਾਂ ਦੇ ਬੀਮੇ ਦੀ ਕਿਸ਼ਤ ਨੂੰ ਵੀ ਘਟਾਇਆ ਜਾ ਸਕਦਾ ਹੈ।
ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਮੌਜੂਦਾ ਸਮੇਂ ਕਿਸਾਨਾਂ ਨੂੰ ਘੱਟ ਸਮੇਂ ਦੇ ਕਰਜ਼ੇ ਵਜੋਂ ਸੱਤ ਫੀ ਸਦੀ ਵਿਆਜ ਦਰ ‘ਤੇ ਤਿੰਨ ਲੱਖ ਤਕ ਦਾ ਕਰਜ਼ਾ ਮਿਲਦਾ ਹੈ। ਪਰ ਜੇਕਰ ਸਬੰਧਤ ਕਿਸਾਨ ਮਿਥੀ ਤਰੀਕ ਦੇ ਅੰਦਰ ਕਰਜ਼ੇ ਦੀ ਅਦਾਇਗੀ ਕਰਦਾ ਹੈ ਤਾਂ ਉਸ ਤੋਂ ਚਾਰ ਫੀਸਦ ਵਿਆਜ ਹੀ ਲਿਆ ਜਾਂਦਾ ਹੈ। ਆਮ ਤੌਰ ‘ਤੇ ਕਰਜ਼ਾ 9 ਫੀਸਦ ਦੀ ਵਿਆਜ ਦਰ ਨਾਲ ਦਿੱਤਾ ਜਾਂਦਾ ਹੈ। ਸਾਧਾਰਨ ਕੇਸਾਂ ਵਿਚ ਵਿਆਜ ‘ਤੇ ਜੇਕਰ 2 ਫੀਸਦ ਦੀ ਸਬਸਿਡੀ ਤੇ ਫੌਰੀ ਕਿਸਾਨੀ ਕਰਜ਼ਿਆਂ ਦੀ ਅਦਾਇਗੀ ਨਾਲ ਸਬੰਧਤ ਕੇਸਾਂ ਵਿਚ 5 ਫੀਸਦ ਦੀ ਸਬਸਿਡੀ ਦਿੱਤੇ ਜਾਣ ਨਾਲ ਸਰਕਾਰੀ ਖਜ਼ਾਨੇ ‘ਤੇ ਕਰੀਬ 15 ਹਜ਼ਾਰ ਕਰੋੜ ਰੁਪਏ ਦਾ ਸਾਲਾਨਾ ਬੋਝ ਪੈਂਦਾ ਹੈ।
ਮੌਜੂਦਾ ਵਿੱਤੀ ਵਰ੍ਹੇ ਵਿਚ ਸਰਕਾਰ ਨੇ ਕਿਸਾਨਾਂ ਨੂੰ 11 ਲੱਖ ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਟੀਚਾ ਰੱਖਿਆ ਹੋਇਆ ਹੈ। ਪਿਛਲੇ ਵਿੱਤੀ ਵਰ੍ਹੇ ਵਿਚ 10 ਲੱਖ ਕਰੋੜ ਰੁਪਏ ਦੇ ਟੀਚੇ ਨੂੰ ਸਰ ਕਰਦਿਆਂ 11.69 ਲੱਖ ਕਰੋੜ ਰੁਪਏ ਦੇ ਕਰਜ਼ੇ ਵੰਡੇ ਸਨ। ਸੂਤਰਾਂ ਮੁਤਾਬਕ ਜੇਕਰ ਕਿਸਾਨੀ ਕਰਜ਼ਿਆਂ ਦੀ ਅਦਾਇਗੀ ‘ਤੇ ਬਣਦੇ ਵਿਆਜ ‘ਤੇ ਲੀਕ ਮਾਰ ਦਿੱਤੀ ਜਾਂਦੀ ਹੈ ਤਾਂ ਇਕੱਲਾ ਵਿਆਜ ਦਾ ਭਾਰ ਲਗਭਗ ਦੁੱਗਣਾ ਹੋ ਕੇ 30 ਹਜ਼ਾਰ ਕਰੋੜ ਰੁਪਏ ਨੂੰ ਪੁੱਜ ਜਾਵੇਗਾ।
_____________________________
ਕਾਂਗਰਸ ਨੇ ਕਰਜ਼ਾ ਮੁਆਫੀ ਦੇ ਮੁੱਦੇ ‘ਤੇ ਕਿਸਾਨਾਂ ਨੂੰ ਗੁੰਮਰਾਹ ਕੀਤਾ: ਮੋਦੀ
ਧਰਮਸ਼ਾਲਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਪਹਿਲਾਂ ਉਸ ਨੇ ‘ਵਨ ਰੈਂਕ ਵਨ ਪੈਨਸ਼ਨ’ ਦੇ ਮਾਮਲੇ ਉਤੇ ਦੇਸ਼ ਦੇ ਜਵਾਨਾਂ ਦੀਆਂ ਅੱਖਾਂ ‘ਚ ਘੱਟਾ ਪਾਇਆ ਅਤੇ ਹੁਣ ਕਰਜ਼ਾ ਮੁਆਫੀ ਦੇ ਨਾਂ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਹਿਮਾਚਲ ਪ੍ਰਦੇਸ਼ ਵਿਚ ‘ਜਨ ਆਭਾਰ’ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕੇਂਦਰ ਵੱਲੋਂ ਲਾਗੂ ਕੀਤੀ ਗਈ ਵਨ ਰੈਂਕ, ਵਨ ਪੈਨਸ਼ਨ ਯੋਜਨਾ ਉਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ 2008 ਵਿਚ ਚੋਣਾਂ ਤੋਂ ਪਹਿਲਾਂ ਇਸੇ ਤਰ੍ਹਾਂ ਝੂਠ ਬੋਲ ਕੇ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ। ਉਸ ਸਮੇਂ ਕਿਸਾਨਾਂ ਦਾ ਕਰਜ਼ਾ ਸੀ – ਛੇ ਲੱਖ ਕਰੋੜ ਰੁਪਏ, ਉਨ੍ਹਾਂ ਦਿੱਤਾ 60 ਹਜ਼ਾਰ ਕਰੋੜ ਰੁਪਏ, ਮੁਆਫ ਕੀਤਾ 52 ਹਜ਼ਾਰ ਕਰੋੜ ਰੁਪਏ ਤੇ 52 ਹਜ਼ਾਰ ਕਰੋੜ ਵਿਚੋਂ 35 ਲੱਖ ਅਜਿਹੇ ਲੋਕ ਪੈਸੇ ਲੈ ਗਏ ਜਿਨ੍ਹਾਂ ਕੋਲ ਕੋਈ ਖੇਤ ਹੀ ਨਹੀਂ ਸੀ।