ਅੰਮ੍ਰਿਤਸਰ: 2018 ਦੌਰਾਨ ਸਿੱਖ ਜਗਤ ਅਤੇ ਸ਼੍ਰੋਮਣੀ ਕਮੇਟੀ ਨੇ ਕਈ ਉਤਰਾਅ ਚੜ੍ਹਾਅ ਵੇਖੇ ਹਨ ਪਰ ਇਹ ਵਰ੍ਹਾ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਫੈਸਲੇ ਕਾਰਨ ਇਤਿਹਾਸ ਦਾ ਹਿੱਸਾ ਬਣੇਗਾ। ਇਸ ਵਰ੍ਹੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੁੜ ਦੂਜੀ ਵਾਰ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਅਤੇ ਦੂਜੇ ਪਾਸੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਵਜੋਂ ਗਿਆਨੀ ਗੁਰਬਚਨ ਸਿੰਘ ਨੂੰ ਅਸਤੀਫਾ ਦੇਣਾ ਪਿਆ। ਇਹ ਵਰ੍ਹਾ 2018 ਸਿੱਖ ਜਗਤ ਦੀ ਚਿਰੋਕਣੀ ਅਰਦਾਸ ਨੂੰ ਪੂਰਾ ਕਰਨ ਵਾਲਾ ਸਾਬਤ ਹੋਇਆ ਹੈ।
ਇਸੇ ਤਹਿਤ ਹੀ ਇਸ ਵਾਰ 26 ਨਵੰਬਰ ਨੂੰ ਗੁਰਦੁਆਰਾ ਕਰਤਾਰਪੁਰ ਵਾਸਤੇ ਲਾਂਘਾ ਖੋਲ੍ਹਣ ਲਈ ਡੇਰਾ ਬਾਬਾ ਨਾਨਕ ਵਿਖੇ ਕੇਂਦਰ ਸਰਕਾਰ ਵਲੋਂ ਨੀਂਹ ਪੱਥਰ ਰੱਖਿਆ ਗਿਆ ਹੈ। ਦੂਜੇ ਪਾਸੇ ਲਹਿੰਦੇ ਪੰਜਾਬ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ 28 ਨਵੰਬਰ ਨੂੰ ਲਾਂਘੇ ਵਾਸਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਲਾਂਘਾ ਅਗਲੇ ਵਰ੍ਹੇ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਸ ਵਰ੍ਹੇ ਇਹ ਵੱਡਾ ਤੋਹਫਾ ਮਿਲਿਆ ਹੈ ਕਿ ਉਨ੍ਹਾਂ ਨੂੰ ਮੁੜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸੌਂਪੀ ਗਈ। 13 ਨਵੰਬਰ ਨੂੰ ਹੋਈ ਚੋਣ ਵਿਚ ਕਈ ਕਿਆਸਅਰਾਈਆਂ ਦੇ ਬਾਵਜੂਦ ਸ੍ਰੀ ਲੌਂਗੋਵਾਲ ਨੂੰ ਮੁੜ ਪ੍ਰਧਾਨਗੀ ਦਾ ਮੌਕਾ ਸੌਂਪ ਦਿੱਤਾ ਗਿਆ।
ਉਨ੍ਹਾਂ ਦੀ ਅਗਵਾਈ ਹੇਠ ਹੀ 23 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਗੁਰਦੁਆਰਾ ਸੁਲਤਾਨਪੁਰ ਲੋਧੀ ਤੋਂ ਸ਼ੁਰੂਆਤ ਕੀਤੀ ਗਈ ਹੈ। ਦੂਜੇ ਪਾਸੇ ਸਤੰਬਰ 2015 ਵਿਚ ਡੇਰਾ ਸਿਰਸਾ ਦੇ ਮੁਖੀ ਨੂੰ ਬਿਨਾਂ ਮੰਗਿਆਂ ਮੁਆਫੀ ਦੇਣ ਦਾ ਮਾਮਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਕਾਰਨ ਗਿਆਨੀ ਗੁਰਬਚਨ ਸਿੰਘ ਨੂੰ ਸੰਗਤ ਦੇ ਰੋਹ ਦਾ ਵੀ ਸਾਹਮਣਾ ਕਰਨਾ ਪਿਆ ਸੀ। ਇਸ ਵਰ੍ਹੇ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਦੀ ਥਾਂ ‘ਤੇ ਕਾਰਜਕਾਰੀ ਜਥੇਦਾਰ ਵਜੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ। ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਵੀ ਪਹਿਲਾਂ ਵਾਂਗ ਜਾਰੀ ਰਿਹਾ ਹੈ। ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਇਸ ਵਿਵਾਦ ਨੂੰ ਖਤਮ ਕਰਨ ਵਿਚ ਮੁੜ ਅਸਫਲ ਰਹੇ ਹਨ। ਜਨਵਰੀ 2010 ਵਿਚ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਕਰ ਦਿੱਤੀ ਗਈ ਸੀ ਅਤੇ ਹੌਲੀ ਹੌਲੀ ਇਸ ਸਿੱਖ ਕੈਲੰਡਰ ਨੂੰ ਖਤਮ ਕਰ ਦਿੱਤਾ ਗਿਆ। ਉਸ ਸਮੇਂ ਤੋਂ ਹੀ ਕਈ ਗੁਰਪੁਰਬਾਂ ਦੀਆਂ ਤਰੀਕਾਂ ਨੂੰ ਲੈ ਕੇ ਸਿੱਖ ਜਗਤ ਵਿਚ ਦੁਬਿਧਾ ਬਣੀ ਹੋਈ ਹੈ। ਇਸੇ ਦਾ ਸਿੱਟਾ ਹੈ ਕਿ ਇਸ ਵਰ੍ਹੇ ਦਸਵੇਂ ਗੁਰੂ ਦਾ ਪ੍ਰਕਾਸ਼ ਪੁਰਬ ਨਹੀਂ ਮਨਾਇਆ ਗਿਆ।
ਇਸ ਵਰ੍ਹੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਈ ਅਹਿਮ ਵਿਦੇਸ਼ੀ ਆਗੂ, ਫਿਲਮੀ ਕਲਾਕਾਰ, ਉਘੇ ਖਿਡਾਰੀ ਅਤੇ ਸਿਆਸਤਦਾਨ ਮੱਥਾ ਟੇਕਣ ਪੁੱਜੇ ਸਨ, ਜਿਨ੍ਹਾਂ ਵਿਚ ਪ੍ਰਮੁੱਖ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦਾ ਪਰਿਵਾਰ ਸ਼ਾਮਲ ਹੈ। 30 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸਨ। ਇਸ ਸਾਲ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਾਬ ਹਾਮਿਦ ਕਰਜ਼ਈ ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ ਐਂਡਰਿਊ ਸ਼ੀਰ ਅਤੇ ਸਾਬਕਾ ਮੰਤਰੀ ਜਸਟਿਨ ਕੈਨੀ ਤੋਂ ਇਲਾਵਾ ਕੈਲੇਫੋਰਨੀਆ ਦੇ ਵਿਧਾਇਕਾਂ ਦਾ ਵਫਦ ਅਤੇ ਨਾਇਜੀਰੀਆ ਦੇ ਡਿਪਟੀ ਗਵਰਨਰ ਇਬਰਾਹੀਮ ਹਸਨ ਨੇ ਵੀ ਮੱਥਾ ਟੇਕਿਆ।
2018 ਸ਼੍ਰੋਮਣੀ ਅਕਾਲੀ ਦਲ ਲਈ ਫੁੱਟ ਪਾਉਣ ਵਾਲਾ ਸਾਬਤ ਹੋਇਆ ਹੈ। ਆਪਸੀ ਮਤਭੇਦਾਂ ਦੇ ਕਾਰਨ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਤੇ ਹੋਰਨਾਂ ਨੇ ਮਾਂ ਪਾਰਟੀ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਕਰ ਲਿਆ, ਜਿਸ ਨਾਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ‘ਤੇ ਵੀ ਪ੍ਰਸ਼ਨ ਚਿੰਨ ਲੱਗਾ ਹੈ। ਬੇਅਦਬੀ ਅਤੇ ਬਰਗਾੜੀ ਘਟਨਾਵਾਂ ਕਾਰਨ ਮੁਤਵਾਜ਼ੀ ਜਥੇਦਾਰਾਂ ਵੱਲੋਂ ਬਰਗਾੜੀ ਵਿਖੇ 192 ਦਿਨ ਦਾ ਧਰਨਾ ਦਿੱਤਾ ਗਿਆ ਹੈ। ਧਰਨੇ ਦੀ ਸਮਾਪਤੀ ਨੂੰ ਲੈ ਕੇ ਮੁਤਵਾਜ਼ੀ ਜਥੇਦਾਰਾਂ, ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਵਿਚਾਲੇ ਮਤਭੇਦ ਵੀ ਉਭਰੇ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿਚ ਰੱਖੇ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਸਿੱਟੇ ਵਜੋਂ ਸ਼੍ਰੋਮਣੀ ਅਕਾਲੀ ਦਲ ਨੇ ਹਾਲ ਹੀ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੁੱਲਾਂ-ਚੁੱਕਾਂ ਦੀ ਖਿਮਾ ਯਾਚਨਾ ਵਾਸਤੇ ਸ੍ਰੀ ਅਖੰਡ ਪਾਠ ਕਰਾਇਆ ਹੈ। ਪਰ ਸੰਗਤ ਵਲੋਂ ਇਨ੍ਹਾਂ ਦੀ ਇਸ ਮੁਆਫੀ ਨੂੰ ਨਕਾਰ ਦਿੱਤਾ ਗਿਆ।