‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਉਤੇ ਭਖੀ ਸਿਆਸਤ

ਨਵੀਂ ਦਿੱਲੀ: ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਬਣੀ ਫਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨੂੰ ਕਾਂਗਰਸ ਖਿਲਾਫ ਭਾਜਪਾ ਦਾ ਭੰਡੀ ਪ੍ਰਚਾਰ ਕਰਾਰ ਦਿੱਤਾ ਹੈ। ਫਿਲਮ ਵਿਚ ਅਦਾਕਾਰ ਅਨੁਪਮ ਖੇਰ ਨੇ ਮਨਮੋਹਨ ਸਿੰਘ ਦੀ ਭੂਮਿਕਾ ਨਿਭਾਈ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਫਿਲਮ ਰਾਹੀਂ ਪਾਰਟੀ ਖਿਲਾਫ ਕੀਤਾ ਜਾ ਰਿਹਾ ਕੂੜ ਪ੍ਰਚਾਰ ਕਿਸੇ ਕੰਮ ਨਹੀਂ ਆਉਣਾ ਤੇ ਸੱਚ ਜ਼ਰੂਰ ਸਾਹਮਣੇ ਆਏਗਾ। ਉਧਰ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਭਾਜਪਾ ਵੱਲੋਂ ‘ਫਿਲਮ ਦੀ ਸਫਲਤਾ ਬਾਬਤ ਦਿੱਤੀਆਂ ਸ਼ੁਭਕਾਮਨਾਵਾਂ’ ਲਈ ਆਪਣੀ ਪਾਰਟੀ ਦਾ ਬਚਾਅ ਕਰਦਿਆਂ ਕਾਂਗਰਸ ਨੂੰ ਸਵਾਲ ਕੀਤਾ ਹੈ ਕਿ ਜਿਹੜੀ ਪਾਰਟੀ ‘ਆਜ਼ਾਦੀ ਦਾ ਝੰਡਾਬਰਦਾਰ’ ਹੋਣ ਦਾ ਦਮ ਭਰਦੀ ਸੀ, ਅੱਜ ਉਹੀ ਆਪਣੀ ਗੱਲ ਕਹਿਣ ਦੀ ਆਜ਼ਾਦੀ ‘ਤੇ ਸਵਾਲ ਉਠਾ ਰਹੀ ਹੈ।

‘ਦਿ ਐਕਸੀਡੈਂਟਲ’ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸੰਜੈ ਬਾਰੂ ਵੱਲੋਂ ਇਸੇ ਨਾਂ ਹੇਠ ਲਿਖੀ ਪੁਸਤਕ ‘ਤੇ ਆਧਾਰਿਤ ਹੈ। ਫਿਲਮ ਦਾ ਟੀਜ਼ਰ ਮੁੰਬਈ ਵਿਚ ਰਿਲੀਜ਼ ਕੀਤਾ ਗਿਆ ਸੀ। ਫਿਲਮ ਵਿਚ ਦਰਸਾਇਆ ਗਿਆ ਹੈ ਕਿ ਕਿਵੇਂ ਸਾਬਕਾ ਪ੍ਰਧਾਨ ਮੰਤਰੀ ਨੂੰ ਸਾਲ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਅੰਦਰੂਨੀ ਸਿਆਸਤ ਦਾ ਸ਼ਿਕਾਰ ਬਣਾਇਆ ਗਿਆ। ਕਾਂਗਰਸ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਟਵੀਟ ਕੀਤਾ ਕਿ ਭਾਜਪਾ ਵੱਲੋਂ ਕੀਤਾ ਜਾ ਰਿਹਾ ਝੂਠਾ ਪ੍ਰਚਾਰ ਪਾਰਟੀ ਨੂੰ ਗ੍ਰਾਮੀਣ ਸਮੱਸਿਆਵਾਂ, ਬੇਰੁਜ਼ਗਾਰੀ, ਨੋਟਬੰਦੀ ਦੀ ਆਫਤ, ਬੇਲਗਾਮ ਜੀਐਸਟੀ, ਨਾਕਾਮ ਮੋਦੀਚਾਰਾ ਤੇ ਭ੍ਰਿਸ਼ਟਾਚਾਰ’ ਜਿਹੇ ਮੁੱਦਿਆਂ ‘ਤੇ ਸਵਾਲ ਪੁੱਛਣ ਤੋਂ ਨਹੀਂ ਰੋਕ ਸਕਦਾ।
ਕਾਂਗਰਸੀ ਆਗੂ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕਾਂਗਰਸ ਤੇ ਉਹਦੇ ਆਗੂਆਂ ਖਿਲਾਫ ਕੀਤਾ ਜਾ ਰਿਹੈ ਪ੍ਰਚਾਰ ਕਿਸੇ ਕੰਮ ਨਹੀਂ ਆਉਣਾ ਤੇ ਸੱਚ ਜ਼ਰੂਰ ਬਾਹਰ ਆਏਗਾ। ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲ੍ਹਾ ਨੇ ਟਵੀਟ ਕੀਤਾ ਕਿ ਮੈਨੂੰ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਰਹੇਗੀ ਜਦੋਂ ਉਹ ‘ਦਿ ਇਨਸੈਂਸੀਬਲ ਪ੍ਰਾਈਮ ਮਨਿਸਟਰ’ (ਅਸੰਵੇਦਨਹੀਣ ਪ੍ਰਧਾਨ ਮੰਤਰੀ) ਫਿਲਮ ਬਣਾਉਣਗੇ। ਵਿਜੈ ਰਤਨਾਕਰ ਗੁੱਟੇ ਵਲੋਂ ਨਿਰਦੇਸ਼ਿਤ ਇਸ ਫਿਲਮ ਵਿਚ ਅਨੁਪਮ ਖੇਰ ਜਿਥੇ ਮੁੱਖ ਭੂਮਿਕਾ ਵਿਚ ਹੈ, ਉਥੇ ਅਕਸ਼ੈ ਖੰਨਾ ‘ਸੰਜੈ ਬਾਰੂ’ ਦੇ ਕਿਰਦਾਰ ਵਿਚ ਨਜ਼ਰ ਆਏਗਾ।
________________________________
ਫਿਲਮ ਬਾਰੇ ਪੱਖ ਸਪਸ਼ਟ ਕਰੇ ਅਕਾਲੀ ਦਲ: ਜਾਖੜ
ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਆਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਕਸ ਨੂੰ ਢਾਹ ਲਾਉਣ ਲਈ ਬਣਾਈ ਫਿਲਮ ਬਾਰੇ ਸ਼੍ਰੋਮਣੀ ਅਕਾਲੀ ਦਲ ਆਪਣਾ ਪੱਖ ਸਪੱਸ਼ਟ ਕਰੇ। ਜਾਖੜ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਉਸ ਦੇ ਸਹਿਯੋਗੀ ਆਰ.ਐਸ਼ਐਸ਼ ਵੱਲੋਂ ਫਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਰਾਹੀਂ ਡਾ. ਮਨਮੋਹਨ ਸਿੰਘ ਸਮੇਤ ਕਾਂਗਰਸ ਦੀ ਸਾਖ ਨੂੰ ਢਾਹ ਲਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਫਿਲਮ ਰਿਲੀਜ਼ ਹੋਵੇ ਜਾਂ ਨਾ ਹੋਵੇ, ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ, ਪਰ ਡਾ. ਮਨਮੋਹਨ ਸਿੰਘ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਤੋਂ ਪੰਜਾਬ ਕਾਂਗਰਸ ਸਖ਼ਤ ਨਰਾਜ਼ ਹੈ।