ਭਗਤ ਸਿੰਘ ਦੇ ਦਸਤਾਵੇਜ਼ਾਂ ਦੀ ਦਾਸਤਾਨ

ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਖਸੀਅਤ ਦਾ ਉਭਰਵਾਂ ਪੱਖ ਬੰਬ ਅਤੇ ਪਿਸਤੌਲ ਨੂੰ ਹੀ ਸਮਝਿਆ ਜਾਂਦਾ ਰਿਹਾ ਹੈ। ਇਨ੍ਹਾਂ ਇਨਕਲਾਬਪਸੰਦਾਂ ਨਾਲ ਸਬੰਧਤ ਅਜਿਹੇ ਬਹੁਤ ਸਾਰੇ ਦਸਤਾਵੇਜ਼ ਹਨ ਜਿਹੜੇ ਉਨ੍ਹਾਂ ਦੇ ਬੌਧਿਕ ਪੱਖਾਂ ਨੂੰ ਉਜਾਗਰ ਕਰਦੇ ਹਨ। ਇਹ ਦਸਤਾਵੇਜ਼ ਭਗਤ ਸਿੰਘ ਦੀ ਸ਼ਹਾਦਤ ਤੋਂ ਦਹਾਕਿਆਂ ਬਾਅਦ ਲੋਕਾਂ ਦੇ ਸਾਹਮਣੇ ਆਏ ਹਨ ਅਤੇ ਹੁਣ ਵੀ ਆ ਰਹੇ ਹਨ। ਇਨ੍ਹਾਂ ਦਾ ਮੁਤਾਲਾ ਸੂਹ ਦਿੰਦਾ ਹੈ ਕਿ ਉਹ ਆਪਣੇ ਸਮੇਂ ਦੀ ਮੂੰਹਜ਼ੋਰ ਸਿਆਸਤ ਨਾਲ ਕਿਸ ਤਰ੍ਹਾਂ ਅਤੇ ਕਿੰਨੇ ਵੇਗ ਨਾਲ ਦੋ-ਚਾਰ ਹੋ ਰਹੇ ਸਨ। ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਇਨ੍ਹਾਂ ਦਸਤਾਵੇਜ਼ਾਂ ਬਾਰੇ ਇਕ ਉਚੇਚੀ ਰਿਪੋਰਟ ਤਿਆਰ ਕੀਤੀ ਹੈ ਜਿਸ ਵਿਚ ਇਨ੍ਹਾਂ ਦਸਤਾਵੇਜ਼ਾਂ ਅਤੇ ਇਨ੍ਹਾਂ ਦਸਤਾਵੇਜ਼ਾਂ ਵਿਚ ਭਰੀ ਊਰਜਾ ਬਾਰੇ ਨੁਕਤੇ ਉਭਾਰੇ ਗਏ ਹਨ। -ਸੰਪਾਦਕ

ਬੂਟਾ ਸਿੰਘ
ਫੋਨ: +91-94634-74342
ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ
“ਬੰਬ ਤੇ ਪਿਸਤੌਲ ਇਨਕਲਾਬ ਨਹੀਂ ਲਿਆਉਂਦੇ। ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ‘ਤੇ ਤਿੱਖੀ ਹੁੰਦੀ ਹੈ।” ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਇਹ ਕਥਨ ਮੁਲਕ ਦੀ ਜਵਾਨੀ ਨੂੰ ਦਹਿਸ਼ਤਪਸੰਦੀ ਦੇ ਰੁਝਾਨ ਤੋਂ ਮੁਕਤ ਕਰਨ ਦਾ ਸੁਚੇਤ ਯਤਨ ਸੀ ਜੋ ਆਪਣੇ ਵਤਨ ਦੇ ਗਲੋਂ ਅੰਗਰੇਜ਼ ਸਾਮਰਾਜਵਾਦੀਆਂ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਲਾਹੁਣ ਲਈ ਕੁਝ ਵੀ ਕਰ ਗੁਜ਼ਰਨ ਲਈ ਉਤਾਰੂ ਸਨ। ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਖ਼ੁਦ ਬੇਕਿਰਕ ਵਿਚਾਰਧਾਰਕ ਸੰਘਰਸ਼ ਦੇ ਅਮਲ ਜ਼ਰੀਏ ‘ਰੋਮਾਂਟਿਕ ਵਿਚਾਰਵਾਦੀ ਇਨਕਲਾਬੀ’ ਤੋਂ ‘ਵਿਗਿਆਨਕ ਇਨਕਲਾਬੀ’ ਦੇ ਉਚਤਮ ਵਿਕਾਸ ਪੜਾਅ ‘ਤੇ ਪਹੁੰਚੇ ਸਨ। ਉਨ੍ਹਾਂ ਨੇ ਆਜ਼ਾਦੀ ਦੀ ਜੱਦੋਜਹਿਦ ਵਿਚਲੀ ਦਹਿਸ਼ਤਪਸੰਦੀ ਦੀ ਵਿਰਾਸਤ ਨਾਲੋਂ ਸੁਚੇਤ ਰੂਪ ‘ਚ ਤੋੜ-ਵਿਛੋੜਾ ਕੀਤਾ ਅਤੇ ਵਿਸ਼ਾਲ ਮਿਹਨਤਕਸ਼ ਅਵਾਮ ਨੂੰ ਇਸ ਜੱਦੋਜਹਿਦ ਅੰਦਰ ਹਰਕਤ ‘ਚ ਲਿਆਉਣ ਦੀ ਰਾਜਸੀ ਜ਼ਰੂਰਤ ਡੂੰਘੀ ਸ਼ਿੱਦਤ ਨਾਲ ਮਹਿਸੂਸ ਕੀਤੀ। ਉਨ੍ਹਾਂ ਵਲੋਂ ਬੁਲੰਦ ਕੀਤੇ ‘ਇਨਕਲਾਬ ਜ਼ਿੰਦਾਬਾਦ!’ ਤੇ ‘ਸਾਮਰਾਜਵਾਦ ਮੁਰਦਾਬਾਦ!’ ਦੇ ਨਾਅਰੇ ਮੁਕੰਮਲ ਯੁੱਗ ਪਲਟਾਊ ਪ੍ਰੋਗਰਾਮ ਦੇ ਪ੍ਰਤੀਕ ਸਨ।
________________________
ਸ਼ਹੀਦਾਂ ਦੀਆਂ ਚਾਰ ਅਹਿਮ ਲਿਖਤਾਂ
ਅੱਜ ਵੀ ਇਨ੍ਹਾਂ ਸ਼ਹੀਦਾਂ ਦਾ ਮੌਤ ਨੂੰ ਮਖੌਲਾਂ ਕਰਨ ਵਾਲੇ ਸੂਰਮਿਆਂ ਵਾਲਾ ਇਕਤਰਫ਼ਾ ਬਿੰਬ ਹੀ ਛਾਇਆ ਹੋਇਆ ਹੈ, ਖ਼ਾਸ ਕਰ ਕੇ ਭਗਤ ਸਿੰਘ ਦਾ ਹੈਟ ਵਾਲਾ ਬਿੰਬ; ਪਰ ਬਦਕਿਸਮਤੀ ਨਾਲ ਇਨ੍ਹਾਂ ਇਨਕਲਾਬੀਆਂ ਦੇ ਬੌਧਿਕ ਪੱਖ ਨੂੰ ਸਮਝਣ ਦੇ ਯਤਨ ਬਹੁਤ ਘੱਟ ਹੋਏ ਹਨ। ਦੋ ਸਾਲ ਦੀ ਜੇਲ੍ਹ ਜ਼ਿੰਦਗੀ (8 ਅਪ੍ਰੈਲ 1929 ਤੋਂ 23 ਮਾਰਚ 1931) ਦੌਰਾਨ ਉਨ੍ਹਾਂ ਨੇ ਹਾਸਲ ਵਸੀਲਿਆਂ ਸਹਾਰੇ ਡੂੰਘਾ ਅਧਿਐਨ ਹੀ ਨਹੀਂ ਕੀਤਾ, ਸਗੋਂ ਆਪਣੇ ਵਿਚਾਰਾਂ ਨੂੰ ਬਾਕਾਇਦਾ ਦਸਤਾਵੇਜ਼ੀ ਰੂਪ ਵੀ ਦਿੱਤਾ ਸੀ। ਇਹ ਸਾਰੇ ਇਤਿਹਾਸਕ ਦਸਤਾਵੇਜ਼ ਅਜੇ ਵੀ ਪੂਰੇ ਹਾਸਲ ਨਹੀਂ ਹੋਏ। ਇਨ੍ਹਾਂ ਵਿਚੋਂ ਭਗਤ ਸਿੰਘ ਦੀਆਂ ਲਿਖੀਆਂ ਚਾਰ ਅਹਿਮ ਲਿਖਤਾਂ ਇਹ ਦੱਸੀਆਂ ਜਾਂਦੀਆਂ ਹਨ: ਸਮਾਜਵਾਦ ਦਾ ਵਿਚਾਰ, ਸਵੈ-ਜੀਵਨੀ, ਭਾਰਤ ਵਿਚ ਇਨਕਲਾਬੀ ਲਹਿਰ ਦਾ ਇਤਿਹਾਸ ਅਤੇ ਮੌਤ ਦੇ ਬੂਹੇ ‘ਤੇ। ਇਹ ਸ਼ਹੀਦ ਭਗਤ ਸਿੰਘ ਡਿਫ਼ੈਂਸ ਕਮੇਟੀ ਦੀ ਸਕੱਤਰ ਅਤੇ ਜਲੰਧਰ ਤੋਂ ਕਾਂਗਰਸ ਦੀ ਕਾਰਕੁਨ ਕੁਮਾਰੀ ਲੱਜਾਵਤੀ ਜੋ ਅਕਸਰ ਹੀ ਇਨ੍ਹਾਂ ਇਨਕਲਾਬੀਆਂ ਦੇ ਮੁਕੱਦਮੇ ਦੀ ਪੈਰਵਾਈ ਦੇ ਸਿਲਸਿਲੇ ਵਿਚ ਜੇਲ੍ਹ ‘ਚ ਆਉਂਦੀ-ਜਾਂਦੀ ਰਹਿੰਦੀ ਸੀ, ਰਾਹੀਂ ਜੇਲ੍ਹ ਵਿਚੋਂ ਸਮਗਲ ਹੋ ਕੇ ਬਾਹਰ ਤਾਂ ਆ ਗਈਆਂ ਸਨ, ਪਰ ਕਿਹਾ ਜਾਂਦਾ ਹੈ ਕਿ ਇਕ ਇਨਕਲਾਬੀ ਤੋਂ ਦੂਜੇ ਅਤੇ ਫਿਰ ਇਸ ਤੋਂ ਅੱਗੇ ਤੁਰਦਿਆਂ ਆਖ਼ਿਰ ਇਹ ਪੁਲਿਸ ਦੇ ਹੱਥ ਲੱਗਣ ਦੇ ਡਰੋਂ ਨਸ਼ਟ ਕਰ ਦਿੱਤੀਆਂ ਗਈਆਂ। ਉਂਜ, ਬਾਕੀ ਲਿਖਤਾਂ ਲੱਭ ਕੇ ਕਿਤਾਬੀ ਰੂਪ ‘ਚ ਮੁਹੱਈਆ ਕਰਾਉਣ ਦੇ ਯਤਨ ਵੀ ਤਸੱਲੀਬਖ਼ਸ਼ ਨਹੀਂ ਹੋਏ। ਇਨ੍ਹਾਂ ਦਾ ਸੰਪਾਦਨ ਕਰਨ ਵਾਲੀਆਂ ਵੱਖ-ਵੱਖ ਸ਼ਖਸੀਅਤਾਂ ਦੀ ਜਾਣਕਾਰੀ ਤੇ ਪਸੰਦ ਦੇ ਹਿਸਾਬ ਨਾਲ ਵੱਖ-ਵੱਖ ਸਮੇਂ ਕੁਝ ਚੋਣਵੀਂਆਂ ਲਿਖਤਾਂ ਹੀ ਛਪਦੀਆਂ ਰਹੀਆਂ।
_______________________________
ਸ਼ਹੀਦ ਭਗਤ ਸਿੰਘ ਖੋਜ ਕਮੇਟੀ ਦਾ ਹੰਭਲਾ
ਪਹਿਲੀ ਵਾਰ 1985 ਵਿਚ ਪ੍ਰੋਫੈਸਰ ਜਗਮੋਹਣ ਸਿੰਘ ਹੋਰਾਂ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਖੋਜ ਕਮੇਟੀ ਵੱਲੋਂ ਬਹੁਤ ਸਾਰੀਆਂ ਲਿਖਤਾਂ ਨੂੰ ਕਿਤਾਬੀ ਰੂਪ ਦਿੱਤਾ ਗਿਆ। ਇਹ ਸੰਗ੍ਰਹਿ ਬੇਸ਼ਕ ਅਧੂਰਾ ਸੀ, ਪਰ ਇਸ ਜ਼ਰੀਏ ਬਹੁਤ ਸਾਰੀਆਂ ਅਹਿਮ ਲਿਖਤਾਂ ਇਕ ਥਾਂ ਇਕੱਠੀਆਂ ਕਰ ਕੇ ਛਾਪੀਆਂ ਗਈਆਂ। ਫਿਰ 1994 ਵਿਚ ਭੁਪਿੰਦਰ ਹੁਜਾ ਦੇ ਯਤਨਾਂ ਨਾਲ ਭਗਤ ਸਿੰਘ ਦੀ ਜੇਲ੍ਹ ਨੋਟਬੁੱਕ ਛਾਪੀ ਗਈ। ਇਹ ਰੋਜ਼ਨਾਮਚਾ ਕਿਸਮ ਦੀ ਕੋਈ ਰਵਾਇਤੀ ਡਾਇਰੀ ਨਹੀਂ ਹੈ। ਇਹ ਸ਼ਹੀਦ ਭਗਤ ਸਿੰਘ ਵਲੋਂ ਜੇਲ੍ਹ ਵਿਚ ਕੀਤੇ ਡੂੰਘੇ ਅਧਿਐਨ ‘ਤੇ ਆਧਾਰਤ ਵੇਰਵਿਆਂ ਅਤੇ ਟਿੱਪਣੀਆਂ ਦਾ ਦਸਤਾਵੇਜ਼ ਹੈ। ਨਿਸ਼ਚੇ ਹੀ ਇਹ ਬਹੁਤ ਦਿਲਚਸਪ ਵੀ ਹੈ ਅਤੇ ਬਹੁਤ ਅਹਿਮ ਵੀ। ਇਹ ਦਸਤਾਵੇਜ਼ ਸ਼ਹੀਦ ਦੇ ਵਿਚਾਰਾਂ ਬਾਰੇ ਖੜ੍ਹੇ ਹੋਏ ਬਹੁਤ ਸਾਰੇ ਵਿਚਾਰਧਾਰਕ ਭੁਲੇਖੇ ਦੂਰ ਕਰਨ ਵਿਚ ਵੀ ਸਹਾਈ ਹੁੰਦਾ ਹੈ।
________________________________
ਨੌਜਵਾਨ ਸਿਆਸੀ ਕਾਰਕੁਨਾਂ ਦੇ ਨਾਂ ਖ਼ਤ
ਇਸੇ ਤਰ੍ਹਾਂ ਦੀ ਕਥਾ ਇਕ ਹੋਰ ਅਹਿਮ ਇਤਿਹਾਸਕ ਦਸਤਾਵੇਜ਼ ਦੀ ਹੈ ਜੋ ‘ਨੌਜਵਾਨ ਸਿਆਸੀ ਕਾਰਕੁਨਾਂ ਦੇ ਨਾਂ ਖ਼ਤ’ ਵਜੋਂ ਮਸ਼ਹੂਰ ਹੈ। ਇਹ ਸ਼ਹੀਦ ਭਗਤ ਸਿੰਘ ਵੱਲੋਂ ਜੇਲ੍ਹ ਦੀ ਕਾਲ ਕੋਠੜੀ ਵਿਚ, ਫਾਂਸੀ ਦਿੱਤੇ ਜਾਣ ਤੋਂ ਪੰਜਾਹ ਦਿਨ ਪਹਿਲਾਂ ਲਿਖਿਆ ਗਿਆ ਸੀ। ਇਸ ਉੱਪਰ 2 ਫਰਵਰੀ 1931 ਦੀ ਤਾਰੀਕ ਦਾ ਇੰਦਰਾਜ ਹੈ। ਇਸ ਦਸਤਾਵੇਜ਼ ਦੇ ਦੋ ਹਿੱਸੇ ਹਨ: ਪਹਿਲਾ ਹਿੱਸਾ ਖ਼ਤ ਦੇ ਰੂਪ ਵਿਚ ਹੈ ਅਤੇ ਦੂਜੇ ਹਿੱਸੇ ਵਿਚ ‘ਸਾਡੇ ਲਈ ਮੌਕਾ’, ‘ਗਾਂਧੀਵਾਦ’, ‘ਦਹਿਸ਼ਤਵਾਦ’, ‘ਇਨਕਲਾਬ’, ‘ਪ੍ਰੋਗਰਾਮ’ ਅਤੇ ‘ਇਨਕਲਾਬੀ ਪਾਰਟੀ’ ਦੇ ਸਿਰਲਖਾਂ ਹੇਠ ਟਿੱਪਣੀਆਂ ਦਰਜ ਹਨ। ਇਸ ਦਾ ਵੀ ਸਿਰਫ਼ ਖ਼ਤ ਵਾਲਾ ਹਿੱਸਾ ਹੀ ਉਸ ਵਕਤ ਦੀ ‘ਕੌਮੀ ਪ੍ਰੈੱਸ’ ਵਿਚ ਛਪਿਆ, ਉਹ ਵੀ ਉਹ ਹਵਾਲੇ ਹਟਾਉਣ ਤੋਂ ਪਿੱਛੋਂ ਜਿਨ੍ਹਾਂ ਵਿਚ ਕਾਂਗਰਸ ਦੀ ਲੀਡਰਸ਼ਿਪ ਦੀ ਤਿੱਖੀ ਆਲੋਚਨਾ ਕੀਤੀ ਗਈ ਸੀ। ਇਹ 29 ਮਾਰਚ 1931 ਨੂੰ ਲਾਹੌਰ ਤੋਂ ਛਪਦੇ ‘ਪੀਪਲ’ ਨਾਂ ਦੇ ਰਸਾਲੇ ਵਿਚ ਇਸ ਦੇ ਸੰਪਾਦਕ ਫ਼ਿਰੋਜ਼ ਚੰਦ ਵਲੋਂ ਛਾਪਿਆ ਗਿਆ ਸੀ ਜਿਸ ਨੂੰ ਸ਼ੁਰੂ ਕਰਨ ਵਾਲਾ ਲਾਲਾ ਲਾਜਪਤ ਰਾਏ ਸੀ। ਮੁਕੰਮਲ ਦਸਤਾਵੇਜ਼ ਫਿਰ ਵੀ ਦੁਰਲੱਭ ਹੀ ਬਣਿਆ ਰਿਹਾ।
ਇਸੇ ਦੌਰਾਨ, ਪੱਛਮੀ ਬੰਗਾਲ ਦੀ ਹਕੂਮਤ ਵਲੋਂ 1995 ਵਿਚ ਆਪਣੇ ਪੁਰਾਤਤਵ ਵਿਭਾਗ ਦੇ ਸਮੁੱਚੇ ਪੁਲਿਸ ਰਿਕਾਰਡ ਨੂੰ ਪੰਜ ਜਿਲਦਾਂ ਵਿਚ ‘ਬੰਗਾਲ ਵਿਚ ਦਹਿਸ਼ਤਵਾਦ’ ਦੇ ਨਾਂ ਹੇਠ ਛਾਪਿਆ ਗਿਆ। ਪਹਿਲੀ ਜਿਲਦ ਵਿਚ 1905 ਤੋਂ ਲੈ ਕੇ 1939 ਤੱਕ ਦੀਆਂ ‘ਦਹਿਸ਼ਤਪਸੰਦ ਕਾਰਵਾਈਆਂ’ ਦੇ ਦਸਤਾਵੇਜ਼ਾਂ ਦਾ ਸੰਗ੍ਰਹਿ ਛਾਪਿਆ ਗਿਆ। ਇਸ ਦਾ ਸੰਪਾਦਨ ਆਮੀਆ ਕੇæ ਸਮੰਤਾ ਨੇ ਕੀਤਾ। ਇਸ ਜਿਲਦ ਵਿਚ ਭਗਤ ਸਿੰਘ ਦਾ 2 ਫਰਵਰੀ 1931 ਵਾਲਾ ਮੁਕੰਮਲ ਦਸਤਾਵੇਜ਼ ਵੀ ਸ਼ਾਮਲ ਕੀਤਾ ਗਿਆ।
ਰਿਕਾਰਡ ਤੋਂ ਪਤਾ ਲਗਦਾ ਹੈ ਕਿ ਇਹ ਦਸਤਾਵੇਜ਼ ਕਲਕੱਤਾ ਪੁਲਿਸ ਵਲੋਂ ਬੰਗਾਲੀ ਇਨਕਲਾਬੀ ਸ੍ਰੀਮਤੀ ਬਿਮਲਾ ਪ੍ਰਤਿਭਾ ਦੇਵੀ ਨੂੰ 3 ਅਕਤੂਬਰ 1931 ਨੂੰ ਗ੍ਰਿਫ਼ਤਾਰ ਕਰਨ ਸਮੇਂ ਉਸ ਦੇ ਘਰੋਂ ਬਰਾਮਦ ਕੀਤਾ ਗਿਆ ਸੀ। ਇਸ ਦਾ ਖ਼ੁਲਾਸਾ ਸੀæਈæਐੱਸ਼ ਫੇਅਰਵੈਦਰ ਵਲੋਂ ਕੀਤਾ ਗਿਆ ਜੋ 1939-43 ਦਰਮਿਆਨ ਕਲਕੱਤਾ ਪੁਲਿਸ ਦੇ ਕਮਿਸ਼ਨਰ ਰਹੇ ਸਨ। ਉਸ ਨੇ ਆਪਣੀ ਖੁਫ਼ੀਆ ਪੁਲਿਸ ਰਿਪੋਰਟ ਵਿਚ ‘ਬੰਗਾਲ ਵਿਚ ਸਾਂਝੇ ਮੁਹਾਜ਼ ਦੀ ਲਹਿਰ ਦੇ ਵਿਕਾਸ ਬਾਰੇ ਟਿੱਪਣੀਆਂ’ ਦੇ ਨਾਂ ਹੇਠ 1936 ਵਿਚ ਇਹ ਖ਼ੁਲਾਸਾ ਕੀਤਾ। ਇਸ ਰਿਪੋਰਟ ਵਿਚ ਉਸ ਨੇ ਆਪਣੀ ਟਿੱਪਣੀ ਵੀ ਸ਼ਾਮਲ ਕੀਤੀ ਜੋ ਪਹਿਲੀ ਨਵੰਬਰ 1933 ਨੂੰ ਲਿਖੀ ਗਈ ਸੀ। ਟਿੱਪਣੀ ਵਿਚ ਉਸ ਨੇ ਕਿਹਾ, “ਮੇਰਾ ਪੱਕਾ ਯਕੀਨ ਹੈ ਕਿ ਇਸ ਵਕਤ ਸਾਰੀਆਂ ਇਨਕਲਾਬੀ ਤਾਕਤਾਂ ਇਸ ਪ੍ਰੋਗਰਾਮ (ਸ਼ਹੀਦ ਭਗਤ ਸਿੰਘ ਦੇ ਲਿਖੇ) ਵਿਚ ਉਲੀਕੀ ਸੇਧ ਅਨੁਸਾਰ ਕੰਮ ਕਰ ਰਹੀਆਂ ਹਨ।”
________________________________
ਪੰਜਾਬੀ ਤੇ ਬੰਗਾਲੀ ਇਨਕਲਾਬਪਸੰਦ
ਭਗਤ ਸਿੰਘ ਹੋਰੀਂ ਅਤੇ ਬੰਗਾਲ ਦੇ ਇਨਕਲਾਬੀ ਮਿਲ-ਜੁਲ ਕੇ ਕੰਮ ਕਰਦੇ ਸਨ, ਪਰ ਹਾਲੇ ਵੀ ਇਹ ਭੇਤ ਖੁੱਲ੍ਹਣਾ ਬਾਕੀ ਸੀ ਕਿ ਇਹ ਦਸਤਾਵੇਜ਼ ਬੰਗਾਲ ਕਿਵੇਂ ਪਹੁੰਚਿਆ? ਇਸ ਦਾ ਖ਼ੁਲਾਸਾ 1986 ਵਿਚ ਕਾਮਰੇਡ ਰਾਮ ਚੰਦਰ ਦੀਆਂ ਨੌਜਵਾਨ ਭਾਰਤ ਸਭਾ ਅਤੇ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ/ਆਰਮੀ ਬਾਰੇ ਯਾਦਾਂ ਛਪਣ ਨਾਲ ਹੋਇਆ।
ਇਨ੍ਹਾਂ ਇਨਕਲਾਬੀਆਂ ਨੇ ਜੋ ਪਹਿਲੀ ਖੁੱਲ੍ਹੀ ਸਿਆਸੀ ਜਥੇਬੰਦੀ ‘ਨੌਜਵਾਨ ਭਾਰਤ ਸਭਾ’ ਬਣਾਈ ਸੀ, ਕਾਮਰੇਡ ਰਾਮ ਚੰਦਰ ਉਸ ਦੇ ਪ੍ਰਧਾਨ ਸਨ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਪਹਿਲੇ ਸਕੱਤਰ। ਰਾਮ ਚੰਦਰ ਨੇ ਇਨ੍ਹਾਂ ਯਾਦਾਂ ਵਿਚ ਸਫ਼ਾ 173 ਉੱਪਰ ਭਗਤ ਸਿੰਘ ਦੇ ਇਸ ਖ਼ਤ ਦਾ ਵੇਰਵਾ ਦਿੱਤਾ: “æææਇਹ ਚੁੱਪ-ਚੁਪੀਤੇ ਕੰਮ ਕਰਦੇ ਰਹਿਣ ਵਾਲੇ ਤੇ ਵਧੀਆ ਇਨਕਲਾਬੀ ਜਸਵੰਤ ਸਿੰਘ ਨੇ ਮੈਨੂੰ ਲਿਆ ਕੇ ਦਿੱਤਾ ਸੀ।æææ æææਮੈਂ ਇਹ ਖ਼ਤ ਸੁਭਾਸ਼ ਦੀ ਨੌਜਵਾਨ ਭਾਰਤ ਸਭਾ ਪ੍ਰਤੀ ਪੂਰੀ ਵਚਨਬਧਤਾ ਹਾਸਲ ਕਰਨ ਲਈ ਉਸ ਦੇ ਹਵਾਲੇ ਕਰ ਦਿੱਤਾ। ਸੁਭਾਸ਼ ਨੇ ਕਰਾਚੀ ਵਿਖੇ ਨੌਜਵਾਨ ਸੈਸ਼ਨ (ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨ 25 ਮਾਰਚ 1931 ਦੌਰਾਨ ਇਥੇ ਨੌਜਵਾਨਾਂ ਦੇ ਸੈਸ਼ਨ) ਤੋਂ ਪਿੱਛੋਂ ਮੈਨੂੰ ਇਹ ਖ਼ਤ ਮੋੜਨ ਦਾ ਵਾਅਦਾ ਕੀਤਾ। ਆਪਣੇ ਵਾਅਦੇ ਮੁਤਾਬਿਕ ਉਸ ਨੇ ਮੇਰੀ ਭਾਲ ਕੀਤੀ, ਪਰ ਮੈਨੂੰ ਕਰਾਚੀ ਵਿਚ ਗ੍ਰਿਫ਼ਤਾਰ ਕਰ ਲੈਣ ਕਾਰਨ ਉਹ ਮੈਨੂੰ ਖ਼ਤ ਵਾਪਸ ਨਹੀਂ ਕਰ ਸਕਿਆ ਅਤੇ ਫਿਰ ਇਸ ਦਾ ਕੋਈ ਥਹੁ ਪਤਾ ਨਹੀਂ ਲੱਗਿਆ।”
ਇਸ ਤਰ੍ਹਾਂ ਇਹ ਖ਼ਤ ਸੁਭਾਸ਼ ਚੰਦਰ ਬੋਸ ਰਾਹੀਂ ਕਲਕੱਤਾ ਪੁੱਜ ਗਿਆ ਅਤੇ ਉੱਥੋਂ ਸ੍ਰੀਮਤੀ ਬਿਮਲਾ ਪ੍ਰਤਿਭਾ ਦੇਵੀ ਦੇ ਘਰੋਂ ਪੁਲਿਸ ਦੇ ਹੱਥ ਲੱਗ ਗਿਆ।
ਉਹ ‘ਸੇਧ’ ਕੀ ਸੀ ਜਿਸ ਦਾ ਜ਼ਿਕਰ ਪੁਲਿਸ ਕਮਿਸ਼ਨਰ ਫੇਅਰਵੈਦਰ ਨੇ ਆਪਣੀ ਖੁਫ਼ੀਆ ਰਿਪੋਰਟ ਵਿਚ ਕੀਤਾ ਸੀ। ਭਗਤ ਸਿੰਘ ਦੇ ਲਿਖੇ ਪ੍ਰੋਗਰਾਮ ਵਿਚ ਉਸ ਵੇਲੇ ਦੀ ‘ਕੌਮੀ ਲਹਿਰ’ ਜਿਸ ਨੂੰ ਗਾਂਧੀਵਾਦ ਕਹਿਣਾ ਬਿਹਤਰ ਹੋਵੇਗਾ, ਦਾ ਸਿਆਸੀ ਵਿਸ਼ਲੇਸ਼ਣ ਕਰਦਿਆਂ ਸਪਸ਼ਟ ਕਿਹਾ ਗਿਆ ਸੀ ਕਿ ਜੇ ਇਸ ਵਿਚ ਇਨਕਲਾਬੀ ਰੂਹ ਫੂਕ ਕੇ ਇਸ ਨੂੰ ਇਸ ਦੇ ਹਸ਼ਰ ਤੋਂ ਨਾ ਬਚਾਇਆ ਗਿਆ ਤਾਂ ਇਹ ਖੜੋਤ ਦਾ ਸ਼ਿਕਾਰ ਹੋ ਜਾਵੇਗੀ। ਇਸ ਨੂੰ ਇਸ ਦੇ ਖ਼ੈਰ-ਖਵਾਹਾਂ ਤੋਂ ਲਾਜ਼ਮੀ ਬਚਾਉਣਾ ਪਵੇਗਾ।
ਫੇਅਰਵੈਦਰ ਵਲੋਂ ਜ਼ਿਕਰ ਕੀਤੀਆਂ ‘ਇਨਕਲਾਬੀ ਤਾਕਤਾਂ’ ਕਿਹੜੀਆਂ ਸਨ? ਇਹ ਉਸ ਵਕਤ ਉੱਭਰ ਰਹੇ ਸਾਂਝੇ ਮੋਰਚੇ ਵਿਚ ਸ਼ਾਮਲ ਤਾਕਤਾਂ ਵੱਲ ਇਸ਼ਾਰਾ ਸੀ। ਆਜ਼ਾਦੀ ਦੀ ਲਹਿਰ ਨੂੰ ਗਾਂਧੀਵਾਦੀ ਜਕੜ ‘ਚੋਂ ਕੱਢ ਕੇ ਬਸਤੀਵਾਦ ਵਿਰੁੱਧ ਫ਼ੈਸਲਾਕੁਨ ਲੜਾਈ ਵਿਚ ਬਦਲਣ ਦੇ ਸਾਂਝੇ ਯਤਨਾਂ ਦਾ ਸਿੱਟਾ ਸੀ। ਸੁਭਾਸ਼ ਚੰਦਰ ਬੋਸ ਵੱਲੋਂ ਜਥੇਬੰਦ ਕੀਤਾ ਗਿਆ ਸਾਂਝਾ ਮੋਰਚਾ ਜਿਸ ਵਿਚ ਬੰਗਾਲ ਦਾ ਫਾਰਵਾਰਡ ਬਲਾਕ, ਬਾਬਾ ਸੋਹਣ ਸਿੰਘ ਭਕਨਾ ਤੇ ਗ਼ਦਰੀ ਬਾਬਿਆਂ ਵਲੋਂ ਬਿਹਾਰ ਦੇ ਇਨਕਲਾਬੀ ਕਿਸਾਨ ਆਗੂ ਸਵਾਮੀ ਸਹਿਜਾਨੰਦ ਸਰਸਵਤੀ ਨਾਲ ਮਿਲ ਕੇ ਬਣਾਈ ਕਿਰਤੀ ਕਿਸਾਨ ਪਾਰਟੀ, ਕਮਿਊਨਿਸਟ ਅਤੇ ਕਾਂਗਰਸ ਸੋਸ਼ਲਿਸਟ ਸ਼ਾਮਲ ਸਨ। ‘ਕਾਂਗਰਸ ਸੋਸ਼ਲਿਸਟ’ ਨੌਜਵਾਨ ਭਾਰਤ ਸਭਾ ਦੇ ਸਾਬਕਾ ਮੈਂਬਰਾਂ ਦਾ ਬਣਾਇਆ ਮੰਚ ਸੀ। ਸੁਭਾਸ਼ ਚੰਦਰ ਬੋਸ ਵਲੋਂ ਕਾਂਗਰਸ ਦੀ ਅੰਗਰੇਜ਼ਾਂ ਨਾਲ ਸਮਝੌਤੇਬਾਜ਼ੀ ਦੀ ਰਵਾਇਤੀ ਸੇਧ ਦੇ ਉਲਟ ਬਸਤੀਵਾਦ ਵਿਰੁੱਧ ਸਮਝੌਤਾ ਰਹਿਤ ਜੱਦੋਜਹਿਦ ਦੀ ਰਾਜਸੀ ਸੇਧ ਅਪਣਾਈ ਗਈ। ਇਹ ਸ਼ਹੀਦ ਭਗਤ ਸਿੰਘ ਹੋਰਾਂ ਦੇ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਸਾਮਰਾਜਵਾਦ ਮੁਰਦਾਬਾਦ’ ਦੇ ਮੁੱਖ ਨਾਅਰਿਆਂ ਦੇ ਪੂਰੀ ਤਰ੍ਹਾਂ ਅਨੁਸਾਰੀ ਸੀ। ਇਨ੍ਹਾਂ ਨਾਅਰਿਆਂ ਪਿੱਛੇ ਕੰਮ ਕਰਦੇ ਵਿਚਾਰਾਂ ਦਾ ਅਸਰ ਸੁਭਾਸ਼ ਚੰਦਰ ਬੋਸ ਦੀ ਸੋਚ ਅੰਦਰ ਵੀ ਉੱਘੜਵੇਂ ਰੂਪ ਵਿਚ ਦਿਖਾਈ ਦੇ ਰਿਹਾ ਸੀ। 19 ਮਾਰਚ 1940 ਨੂੰ ਰਾਮਗੜ੍ਹ ਬਿਹਾਰ ਵਿਖੇ ਸਮਝੌਤੇਬਾਜ਼ੀ ਵਿਰੁੱਧ ਸਰਵ ਭਾਰਤੀ ਕਾਨਫਰੰਸ ਵਿਚ ਪ੍ਰਧਾਨਗੀ ਤਕਰੀਰ ਕਰਦਿਆਂ ਉਨ੍ਹਾਂ ਕਿਹਾ, “ਇਸ ਕਾਨਫਰੰਸ ਦਾ ਮਨਸ਼ਾ ਮੁਲਕ ਦੀਆਂ ਕੁਲ ਸਾਮਰਾਜਵਾਦ ਵਿਰੋਧੀ ਤਾਕਤਾਂ ‘ਤੇ ਕੇਂਦਰਤ ਕਰਨਾ ਹੈ ਜੋ ਸਾਮਰਾਜਵਾਦ ਨਾਲ ਸਮਝੌਤੇ ਦਾ ਵਿਰੋਧ ਕਰਨ ਲਈ ਦ੍ਰਿੜ ਹਨ।”
ਇਉਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਵਿਚਾਰਧਾਰਕ ਸੰਘਰਸ਼ ਆਜ਼ਾਦੀ ਦੀ ਲਹਿਰ ਵਿਚ ਪਾਲਾਬੰਦੀ ਕਰਨ ‘ਚ ਅਹਿਮ ਭੂਮਿਕਾ ਨਿਭਾਅ ਰਿਹਾ ਸੀ। ਜੇ ਇਹ ਅਹਿਮ ਦਸਤਾਵੇਜ਼ ਉਸੇ ਵਕਤ ਮੁਕੰਮਲ ਰੂਪ ‘ਚ ਇਨਕਲਾਬੀ ਦੇਸ਼ ਭਗਤ ਸਫ਼ਾਂ ਤੱਕ ਪਹੁੰਚ ਜਾਂਦਾ, ਇਸ ਨੇ ਕਾਂਗਰਸ ਦੇ ਸਮਝੌਤੇਬਾਜ਼ੀ ਦੇ ਰੁਝਾਨ ਵਿਰੁੱਧ ਵਿਚਾਰਧਾਰਕ ਜੱਦੋਜਹਿਦ ਵਿਚ ਅਹਿਮ ਹਥਿਆਰ ਬਣ ਜਾਣਾ ਸੀ। ਤਰਾਸਦੀ ਦੀ ਇੰਤਹਾ ਇਹ ਹੈ ਕਿ 1947 ਦੀ ਸੱਤਾ ਬਦਲੀ ਤੋਂ ਚਾਰ ਦਹਾਕੇ ਬਾਅਦ ਤੱਕ ਵੀ ਇਹ ਅਹਿਮ ਦਸਤਾਵੇਜ਼ ਗੁੰਮਨਾਮੀ ਹੀ ਹੰਢਾਉਂਦਾ ਰਿਹਾ।
___________________________________
ਆਜ਼ਾਦੀ, ਕੌਮੀ ਮੁੜ-ਉਸਾਰੀ ਅਤੇ ਸੁਭਾਸ਼ ਚੰਦਰ ਬੋਸ
“ਮੌਜੂਦਾ ਦੌਰ ਸਾਡੀ ਲਹਿਰ ਦਾ ਸਾਮਰਾਜ ਵਿਰੋਧੀ ਪੜਾਅ ਹੈ। ਇਸ ਪੜਾਅ ‘ਚ ਸਾਡਾ ਮੁੱਖ ਕਾਰਜ ਸਾਮਰਾਜਵਾਦ ਦਾ ਖ਼ਾਤਮਾ ਕਰਨਾ ਅਤੇ ਭਾਰਤੀ ਲੋਕਾਂ ਲਈ ਕੌਮੀ ਆਜ਼ਾਦੀ ਹਾਸਲ ਕਰਨਾ ਹੈ। ਆਜ਼ਾਦੀ ਆਉਣ ‘ਤੇ ਕੌਮੀ ਮੁੜ-ਉਸਾਰੀ ਦਾ ਪੜਾਅ ਸ਼ੁਰੂ ਹੋਵੇਗਾ ਅਤੇ ਇਹ ਸਾਡੀ ਲਹਿਰ ਦਾ ਸਮਾਜਵਾਦੀ ਪੜਾਅ ਹੋਵੇਗਾ। ਸਾਡੀ ਲਹਿਰ ਦੇ ਮੌਜੂਦਾ ਪੜਾਅ ਵਿਚ, ਖੱਬੇਪੱਖੀ ਉਹ ਹੋਣਗੇ ਜੋ ਸਾਮਰਾਜਵਾਦ ਨਾਲ ਸਮਝੌਤਾ ਰਹਿਤ ਲੜਾਈ ਲੜਨਗੇ। ਜੋ ਸਾਮਰਾਜਵਾਦ ਵਿਰੁੱਧ ਸੰਘਰਸ਼ ‘ਚ ਡਾਵਾਂਡੋਲ ਅਤੇ ਥਿੜ੍ਹਕਣ ਦਿਖਾਉਂਦੇ ਹਨ-ਜਿਨ੍ਹਾਂ ਦੀ ਰੁਚੀ ਇਸ ਨਾਲ ਸਮਝੌਤੇਬਾਜ਼ੀ ਦੀ ਹੈ-ਉਹ ਕਿਸੇ ਵੀ ਤਰ੍ਹਾਂ ਖੱਬੇਪੱਖੀ ਨਹੀਂ ਹੋ ਸਕਦੇ। ਸਾਡੀ ਲਹਿਰ ਦੇ ਅਗਲੇ ਪੜਾਅ ਵਿਚ ਖੱਬਾਵਾਦ ਅਤੇ ਸਮਾਜਵਾਦ ਸਮਾਨਅਰਥੀ ਹੋਣਗੇ-ਪਰ ਇਸ ਪੜਾਅ ਉਤੇ ‘ਖੱਬਪੱਖੀ’ ਅਤੇ ‘ਸਾਮਰਾਜਵਾਦ ਵਿਰੋਧੀ’ ਲਫ਼ਜ਼ ਇਕੋ ਅਰਥ ਵਿਚ ਬਦਲ ਬਦਲ ਕੇ ਇਸਤੇਮਾਲ ਹੁੰਦੇ ਰਹਿਣਗੇ।”
-ਸੁਭਾਸ਼ ਚੰਦਰ ਬੋਸ, 19 ਮਾਰਚ 1940 ਰਾਮਗੜ੍ਹ ਕਾਨਫਰੰਸ ‘ਚ ਪ੍ਰਧਾਨਗੀ ਤਕਰੀਰ।

Be the first to comment

Leave a Reply

Your email address will not be published.