ਕੱਟੜਤਾ ਦੇ ਕਿੱਸੇ ਬਨਾਮ ਤਾਨਾਸ਼ਾਹੀ ਦੀ ਪੈੜਚਾਲ

ਭਾਰਤ ‘ਚ ਬਹੁਗਿਣਤੀ ਦੇ ਨਾਂ ‘ਤੇ ਪਿਛਲੇ ਕੁਝ ਸਾਲਾਂ ਤੋਂ ਜੋ ਕੁਝ ਹੋ ਰਿਹਾ ਹੈ, ਉਹ ਪ੍ਰੇਸ਼ਾਨ ਕਰਨ ਵਾਲਾ ਤਾਂ ਹੈ ਹੀ, ਦੁੱਖ ਇਹ ਵੀ ਹੈ ਕਿ ਇਸ ਦੇ ਟਾਕਰੇ ਲਈ ਕੋਈ ਧਿਰ ਬੱਝਵੇਂ ਰੂਪ ਵਿਚ ਅੱਗੇ ਆਉਂਦੀ ਦਿਖਾਈ ਨਹੀਂ ਦੇ ਰਹੀ। ਕਿਤੇ-ਕਿਤੇ ਨਿੱਕੀਆਂ ਨਿੱਕੀਆਂ ਲੜਾਈਆਂ ਤਾਂ ਚੱਲ ਰਹੀਆਂ ਹਨ, ਤੇ ਲਗਾਤਾਰ ਚੱਲ ਰਹੀਆਂ ਹਨ ਪਰ ਇਹ ਨਿੱਕੀਆਂ ਨਿੱਕੀਆਂ ਰਲ ਕੇ ਕਿਸੇ ਵੱਡੀ ਲੜਾਈ ਵਿਚ ਵਟ ਜਾਣ, ਅਜਿਹੀ ਕੋਈ ਕਨਸੋਅ ਫਿਲਹਾਲ ਕਿਸੇ ਪਾਸਿਓਂ ਮਿਲ ਨਹੀਂ ਰਹੀ।

ਉਘੇ ਲੇਖਕ ਸਵਰਾਜਬੀਰ ਨੇ ਆਪਣੇ ਇਸ ਲੇਖ ਵਿਚ ਭਾਰਤ ਅੰਦਰ ਤੇਜ਼ੀ ਨਾਲ ਪੈਰ ਪਸਾਰ ਰਹੀ ਕੱਟੜਤਾ ਅਤੇ ਇਸ ਦੇ ਪਿਛੋਕੜ ਉਤੇ ਝਾਤ ਮਾਰੀ ਹੈ। -ਸੰਪਾਦਕ

ਸਵਰਾਜਬੀਰ
ਸ਼ਿਵ ਸੈਨਾ ਨੇ ਆਪਣੇ ਬਾਨੀ ਬਾਲ ਠਾਕਰੇ ਉਤੇ ਫਿਲਮ ‘ਠਾਕਰੇ’ ਬਣਾਈ ਹੈ। ਬਾਕੀ ਫਿਲਮਾਂ ਵਾਂਗ ਇਹ ਫਿਲਮ ਵੀ ਸੈਂਟਰਲ ਬੋਰਡ ਆਫ ਸਰਟੀਫਿਕੇਸ਼ਨ, ਜਿਸ ਨੂੰ ਆਮ ਭਾਸ਼ਾ ਵਿਚ ਸੈਂਸਰ ਬੋਰਡ ਕਿਹਾ ਜਾਂਦਾ ਹੈ, ਸਾਹਮਣੇ ਪੇਸ਼ ਕੀਤੀ ਗਈ ਹੈ। ਸੈਂਸਰ ਬੋਰਡ ਦਾ ਕੰਮ ਇਹ ਵੇਖਣਾ ਹੁੰਦਾ ਹੈ ਕਿ ਫਿਲਮ ਵਿਚ ਇਤਰਾਜ਼ਯੋਗ ਦ੍ਰਿਸ਼ ਨਾ ਹੋਣ; ਵਿਸ਼ਾ, ਸਮੱਗਰੀ, ਭਾਸ਼ਾ ਜਾਂ ਦ੍ਰਿਸ਼ ਕਿਸੇ ਧਾਰਮਿਕ ਫਿਰਕੇ ਜਾਂ ਵਰਗ/ਜਾਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਨਾ ਹੋਣ; ਬੇਲੋੜੀ ਹਿੰਸਾ ਤੇ ਗੈਰ-ਸਮਾਜਿਕ ਗਤੀਵਿਧੀਆਂ ਨੂੰ ਵਡਿਆਇਆ ਨਾ ਗਿਆ ਹੋਵੇ। ਬੋਰਡ ਨੇ ਇਸ ਫਿਲਮ ਉਤੇ ਕੁਝ ਇਤਰਾਜ਼ ਜਤਾਏ ਹਨ: ਦੱਖਣੀ ਹਿੰਦੋਸਤਾਨ ਦੇ ਵੱਖ ਵੱਖ ਸੂਬਿਆਂ ਵਿਚ ਰਹਿਣ ਵਾਲੇ ਲੋਕਾਂ ਪ੍ਰਤੀ ਘ੍ਰਿਣਾ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ; ਬਾਬਰੀ ਮਸਜਿਦ ਨਾਲ ਸਬੰਧਿਤ ਕੁਝ ਦ੍ਰਿਸ਼ ਫਿਰਕੂ ਜਜ਼ਬਾਤ ਭੜਕਾ ਸਕਦੇ ਹਨ। ਸ਼ਿਵ ਸੈਨਾ ਨੇ ਧਮਕੀ ਦਿੱਤੀ ਹੈ ਕਿ ਉਹ ਸੈਂਸਰ ਬੋਰਡ ਵਲੋਂ ਲਾਏ ਕੱਟ ਪ੍ਰਵਾਨ ਨਹੀਂ ਕਰੇਗੀ ਅਤੇ ਫਿਲਮ ਨੂੰ ਉਸੇ ਤਰ੍ਹਾਂ ਹੀ ਵਿਖਾਉਣਾ ਚਾਹੀਦਾ ਹੈ, ਜਿਵੇਂ ਬਣਾਈ ਗਈ ਹੈ। ਇਸ ਸਬੰਧੀ ਆਪਣੀ ਦਲੀਲ ਨੂੰ ਸਹੀ ਠਹਿਰਾਉਂਦਿਆਂ ਫਿਲਮ ਦੇ ਪ੍ਰੋਡਿਊਸਰ/ਲੇਖਕ ਸੰਜੇ ਰਾਉਤ, ਜੋ ਸ਼ਿਵ ਸੈਨਾ ਦਾ ਐਮ.ਪੀ. ਵੀ ਹੈ, ਨੇ ਕਿਹਾ ਹੈ ਕਿ ਬਾਲਾ ਸਾਹਿਬ ਠਾਕਰੇ ਨੂੰ ਫਿਲਮ ‘ਚ ਓਦਾਂ ਹੀ ਵਿਖਾਇਆ ਗਿਆ ਹੈ, ਜਿਵੇਂ ਉਹ ਜ਼ਿੰਦਗੀ ਵਿਚ ਸੀ; ਸੰਜੇ ਰਾਉਤ ਦੇ ਸ਼ਬਦਾਂ ਵਿਚ ‘ਜ਼ਿੰਦਗੀ ਤੋਂ ਵੱਡਾ’ ਅਤੇ ‘ਸ਼ੇਰ ਮਰਦ’ ਜਿਸ ਨੇ ਜ਼ਿੰਦਗੀ ਵਿਚ ਜੋ ਵੀ ਕੀਤਾ, ਠੀਕ ਕੀਤਾ। ਉਸ ਨੇ ਸੈਂਸਰ ਬੋਰਡ ਨੂੰ ਵੰਗਾਰਿਆ ਹੈ ਕਿ ਉਹ ਕਿਵੇਂ ਬਾਲਾ ਸਾਹਿਬ ਠਾਕਰੇ ਬਾਰੇ ਇਹ ਫੈਸਲਾ ਕਰ ਸਕਦਾ ਹੈ ਕਿ ਕੀ ਠੀਕ ਹੈ ਤੇ ਕੀ ਗਲਤ? ਰਾਉਤ ਨੇ ਚੇਤਾਵਨੀ ਦਿੱਤੀ ਹੈ ਕਿ ਫਿਲਮ ‘ਤੇ ਕੋਈ ਪਾਬੰਦੀ ਨਹੀਂ ਲਾਈ ਜਾ ਸਕਦੀ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਸ਼ਿਵ ਸੈਨਾ ਸੈਂਸਰ ਬੋਰਡ ਤੋਂ ਕਈ ਫਿਲਮਾਂ ‘ਤੇ ਪਾਬੰਦੀ ਲਾਉਣ ਜਾਂ ਉਨ੍ਹਾਂ ਵਿਚੋਂ ਕੁਝ ਦ੍ਰਿਸ਼ ਕੱਟਣ ਦੀ ਮੰਗ ਕਰਦੀ ਰਹੀ ਹੈ, ਕਿਉਂਕਿ ਉਨ੍ਹਾਂ ਵਿਚ ਕੁਝ ਇਹੋ ਜਿਹੀ ਵਿਸ਼ਾ-ਸਮੱਗਰੀ ਸੀ ਜੋ ਸ਼ਿਵ ਸੈਨਾ ਨੂੰ ਨਾਪਸੰਦ ਸੀ ਜਾਂ ਉਹਦੇ ਅਨੁਸਾਰ ਬਹੁ-ਗਿਣਤੀ ਵਾਲੇ ਧਾਰਮਿਕ ਫਿਰਕੇ ਜਾਂ ਉਸ ਦੇ ਕਿਸੇ ਖਾਸ ਵਰਗ/ਜਾਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸੀ। ਇਨ੍ਹਾਂ ਫਿਲਮਾਂ ਵਿਚ ਪਦਮਾਵਤ, ਬਾਜੀਰਾਓ ਮਸਤਾਨੀ, ਲਵ ਰਾਤਰੀ, ਮਾਈ ਨੇਮ ਇਜ਼ ਖਾਨ, ਰਈਸ ਆਦਿ ਮੁੱਖ ਹਨ। ਸ਼ਿਵ ਸੈਨਾ ਨੇ ਨਾ ਸਿਰਫ ਫਿਲਮਾਂ ਨੂੰ ਸੈਂਸਰ ਕਰਨ ਜਾਂ ਉਨ੍ਹਾਂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸਗੋਂ ਕਈ ਫਿਲਮਾਂ ਦੀ ਸ਼ੂਟਿੰਗ ਦੌਰਾਨ ਹੁੱਲੜਬਾਜ਼ੀ ਤੇ ਹਿੰਸਕ ਕਾਰਵਾਈਆਂ ਵੀ ਕੀਤੀਆਂ। ਇਸੇ ਤਰ੍ਹਾਂ ਸ਼ਿਵ ਸੈਨਾ ਨੇ ਸਲਮਾਨ ਰਸ਼ਦੀ ਦੇ ਨਾਵਲ ‘ਮੂਰ’ਜ਼ ਲਾਸਟ ਸਾਈ’ ਅਤੇ ਰੋਹਿੰਗਤਨ ਮਿਸਤਰੀ ਦੇ ਨਾਵਲ ‘ਸਚ ਏ ਲੌਂਗ ਜਰਨੀ’ ਉਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ। ਇਸ ਤਰ੍ਹਾਂ ਸ਼ਿਵ ਸੈਨਾ ਬਾਰੇ ਇਹ ਪ੍ਰਭਾਵ ਹੀ ਨਹੀਂ ਜਾਂਦਾ ਕਿ ਉਹ ਕੱਟੜਪੰਥੀ ਪਾਰਟੀ ਹੈ ਅਤੇ ਆਪਣੇ ਕੱਟੜਪੰਥੀ ਹੋਣ ਉਤੇ ਮਾਣ ਕਰਦੀ ਹੈ ਸਗੋਂ ਇਹ ਪ੍ਰਭਾਵ ਵੀ ਜਾਂਦਾ ਹੈ ਕਿ ਉਹ ਇਸ ਗੱਲ ਦੀ ਛਾਪ ਲੋਕਾਂ ਦੇ ਮਨਾਂ ‘ਤੇ ਗੂੜ੍ਹੀ ਕਰਨਾ ਚਾਹੁੰਦੀ ਹੈ। ਗੁਆਂਢੀ ਦੇਸ਼ ਪਾਕਿਸਤਾਨ ਬਾਰੇ ਉਸ ਦੇ ਕੱਟੜਪੰਥੀ ਰਵੱਈਏ ਕਾਰਨ ਦੋਹਾਂ ਦੇਸ਼ਾਂ ਵਿਚ ਹੁੰਦੇ ਰਹੇ ਕ੍ਰਿਕਟ ਮੈਚ ਵੀ ਨਹੀਂ ਹੋ ਸਕੇ।
ਇਤਿਹਾਸਕਾਰ ਗਿਆਨ ਪ੍ਰਕਾਸ਼ ਨੇ ਆਪਣੀ ਕਿਤਾਬ ‘ਮੁੰਬਈ ਫੇਬਲਜ਼’ ਵਿਚ ਮੁੰਬਈ ਸ਼ਹਿਰ ਦਾ ਇਤਿਹਾਸ ਉਲੀਕਿਆ ਹੈ। 1940ਵਿਆਂ ਵਿਚ ਬੰਬਈ ਭਾਰਤ ਦਾ ਵੱਡਾ ਸਨਅਤੀ ਕੇਂਦਰ ਬਣ ਕੇ ਉਭਰਿਆ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮਜ਼ਦੂਰ ਰੁਜ਼ਗਾਰ ਦੀ ਭਾਲ ਵਿਚ ਇਥੇ ਆਏ। ਉਨ੍ਹੀਂ ਦਿਨੀਂ ਇਹ ਸੁਪਨਸਾਜ਼ਾਂ ਦਾ ਸ਼ਹਿਰ ਵੀ ਸੀ। ਪਰਮਾਣੂ ਵਿਗਿਆਨੀ ਹੋਮੀ ਭਾਬਾ, ਸੰਗੀਤਕਾਰ ਰਵੀ ਸ਼ੰਕਰ, ਉਰਦੂ ਸਾਹਿਤਕਾਰ ਖਵਾਜਾ ਅਹਿਮਦ ਅੱਬਾਸ, ਅੰਗਰੇਜ਼ੀ ਸਾਹਿਤਕਾਰ ਮੁਲਕ ਰਾਜ ਆਨੰਦ ਅਤੇ ਸ੍ਰੀਲੰਕਾ ਦੇ ਇਕ ਸਿਆਸਤਦਾਨ ਦੀ ਧੀ ਅਨਿਲ ਡੀਸਿਲਵਾ ਨੇ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਨੀਂਹ ਰੱਖੀ। ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚੋਂ ਆਏ ਕਲਾਕਾਰ, ਲੇਖਕ ਤੇ ਕਵੀ ਜਿਨ੍ਹਾਂ ‘ਚੋਂ ਬਲਰਾਜ ਸਾਹਨੀ, ਇਸਮਤ ਚੁਗਤਾਈ, ਅਲੀ ਸਰਦਾਰ ਜਾਫਰੀ, ਸੱਜਾਦ ਜ਼ਹੀਰ, ਕੈਫੀ ਆਜ਼ਮੀ, ਕ੍ਰਿਸ਼ਨ ਚੰਦਰ, ਜੋਸ਼ ਇਲਾਹਾਬਾਦੀ, ਚੇਤਨ ਆਨੰਦ ਆਦਿ ਮੁੱਖ ਸਨ, ਇਪਟਾ ਵਿਚ ਆਏ ਅਤੇ ਮੁੰਬਈ ਵਿਚ ਸਭਿਆਚਾਰਕ ਸੁਪਨਿਆਂ ਦਾ ਨਵਾਂ ਸੰਸਾਰ ਬਣਨਾ ਸ਼ੁਰੂ ਹੋਇਆ।
ਇਕ ਪਾਸੇ ਸੁਪਨਿਆਂ ਦਾ ਸੰਸਾਰ ਬਣ ਰਿਹਾ ਸੀ ਤੇ ਦੂਜੇ ਪਾਸੇ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਸਨ। ਦੇਸ਼ ਦੀ ਵੰਡ ਹੋ ਗਈ ਤੇ ਸੁਪਨੇ ਸੰਜੋਣ ਦੇ ਇਸ ਅਮਲ ਨੂੰ ਵੱਡਾ ਧੱਕਾ ਲੱਗਾ। ਆਜ਼ਾਦੀ ਪਿਛੋਂ ਜਿਉਂ ਹੀ ਸ਼ਹਿਰ ਸੰਭਲਿਆ ਤਾਂ ਸੁਪਨਸਾਜ਼ਾਂ ਨੇ ਸੁਪਨਿਆਂ ਨੂੰ ਫਿਰ ਨਵੇਂ ਸਿਰੇ ਤੋਂ ਸੰਜੋਣਾ ਸ਼ੁਰੂ ਕੀਤਾ। ਇਸ ਦੀ ਮਿਸਾਲ ਰਾਜ ਕਪੂਰ ਦੀਆਂ ਫਿਲਮਾਂ ‘ਆਵਾਰਾ’, ‘ਜਾਗਤੇ ਰਹੋ’, ‘ਸ੍ਰੀ 420’ ਆਦਿ ਵਿਚ ਮਿਲਦੀ ਹੈ। ਇਨ੍ਹਾਂ ਫਿਲਮਾਂ ਦੇ ਨਾਇਕਾਂ ਨੂੰ ਬੰਬਈ ਵਿਚ ਤਲਖ ਹਕੀਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਵਿਚ ਵਪਾਰ, ਧੋਖਾ ਤੇ ਜੱਦੋਜਹਿਦ ਹੈ ਅਤੇ ਇਸ ਸਭ ਕੁਝ ਵਿਚ ਵਿਚਰਦਿਆਂ ਨਾਇਕ ਸਨੇਹ ਤੇ ਪ੍ਰੇਮ ਦੀ ਭਾਲ ਕਰਦੇ ਹਨ। ਪ੍ਰੇਮ ਧੋਖੇ ਤੇ ਫਰੇਬ ਨਾਲ ਉਸਰੀਆਂ ਇਮਾਰਤਾਂ ‘ਚੋਂ ਨਹੀਂ ਮਿਲਦਾ, ਜੇ ਮਿਲਦਾ ਹੈ ਤਾਂ ਫੁੱਟਪਾਥਾਂ ‘ਤੇ। ਇਸ ਦਾ ਜ਼ਿਕਰ ਕਰਦਿਆਂ ਅਸ਼ੀਸ਼ ਨੰਦੀ ਆਪਣੀ ਕਿਤਾਬ ‘ਐਨ ਇੰਮਬਿਗੂਅਸ ਜਰਨੀ ਟੂ ਦਿ ਸਿਟੀ’ ਵਿਚ ਲਿਖਦਾ ਹੈ ਕਿ ਇਹ ਨਾਇਕ ਸ਼ਹਿਰ ਵਿਚ ਆਪਣੇ ਪਿੰਡ ਤਲਾਸ਼ ਕਰ ਰਹੇ ਸਨ ਅਤੇ ਉਹ ਪਿੰਡ ਉਨ੍ਹਾਂ ਨੂੰ ਫੁੱਟਪਾਥਾਂ ‘ਤੇ ਮਿਲਦੇ ਹਨ। ਮੁੰਬਈ ਫੁੱਟਪਾਥਾਂ ਤੇ ਸਲੱਮਜ਼ (ਅਣ-ਅਧਿਕਾਰਤ ਭੀੜੀਆਂ ਬਸਤੀਆਂ) ਤੇ ਨਾਲ ਨਾਲ ਗਗਨ-ਚੁੰਬੀ ਇਮਾਰਤਾਂ ਤੇ ਵੱਡੇ ਆਰਥਚਾਰੇ ਦਾ ਸ਼ਹਿਰ ਵੀ ਹੈ। ਹਕੀਕੀ ਸੰਸਾਰ ਵਿਚ ਵੱਡੀਆਂ ਤਬਦੀਲੀਆਂ ਆਉਂਦੀਆਂ ਹਨ। ਇਕ ਪਾਸੇ ਮੁੰਬਈ ਦੀ ਮਜ਼ਦੂਰ ਜਮਾਤ ਜਥੇਬੰਦ ਹੋ ਚੁੱਕੀ ਹੈ, ਦੂਜੇ ਪਾਸੇ ਮਹਾਰਾਸ਼ਟਰ ਨੂੰ ਵੱਖਰਾ ਸੂਬਾ ਬਣਾਉਣ ਦੀ ਮੰਗ ਉਠਦੀ ਹੈ। ਸੰਯੁਕਤ ਮਹਾਰਾਸ਼ਟਰ ਕਰਿਤੀ ਸਮਿਤੀ ਬਣਾਈ ਜਾਂਦੀ ਹੈ ਜਿਸ ਦੇ ਨੇਤਾ ਹਨ ਐਸ਼ ਏ. ਡਾਂਗੇ, ਐਸ਼ ਐਮ. ਜੋਸ਼ੀ, ਮਧੂ ਦੰਡਵਤੇ, ਆਚਾਰੀਆ ਅਤਰੇ, ਸੇਨਾਪਤੀ ਬਾਬਤ ਤੇ ਬਾਲਾ ਸਾਹਿਬ ਠਾਕਰੇ ਦਾ ਪਿਤਾ ਕੇਸ਼ਵ ਸੀਤਾਰਾਮ ਠਾਕਰੇ।
1960 ਵਿਚ ਮਹਾਰਾਸ਼ਟਰ ਬਣ ਜਾਂਦਾ ਹੈ। ਮਜ਼ਦੂਰਾਂ ਦੀ ਤਾਕਤ ਭਾਵੇਂ ਅਜੇ ਵੀ ਤਕੜੀ ਹੈ ਪਰ ਨਾਲ ਹੀ ਸ਼ਿਵ ਸੈਨਾ ਦਾ ਉਦੈ ਹੁੰਦਾ ਹੈ ਜੋ ਮਰਾਠੀ ਸਭਿਆਚਾਰਕ ਸ਼ੁੱਧਤਾ ‘ਤੇ ਜ਼ੋਰ ਦਿੰਦੀ ਹੈ ਤੇ ਆਪਣੇ ਆਪ ਨੂੰ ਮਰਾਠੀ ਮਾਨੁਸ (ਮਨੁੱਖ) ਦੀ ਰਾਖੀ ਵਜੋਂ ਪੇਸ਼ ਕਰਦੀ ਹੈ। ਕਮਿਊਨਿਸਟਾਂ, ਗੁਜਰਾਤੀਆਂ ਤੇ ਦੱਖਣੀ ਭਾਰਤ ਦੇ ਮਜ਼ਦੂਰਾਂ ‘ਤੇ ਪਹਿਲਾ ਨਿਸ਼ਾਨਾ ਸੇਧਿਆ ਜਾਂਦਾ ਹੈ ਅਤੇ ਫਿਰ 1970 ਵਿਚ ਵੱਡੇ ਅਰਥਾਂ ਵਾਲੀ ਘਟਨਾ ਵਾਪਰਦੀ ਹੈ: ਟਰੇਡ ਯੂਨੀਅਨ ਨੇਤਾ ਕ੍ਰਿਸ਼ਨ ਦੇਸਾਈ ਦਾ ਕਤਲ। ਬਾਅਦ ‘ਚ ਦੱਤਾ ਸਾਮੰਤ ਮਜ਼ਬੂਤ ਮਜ਼ਦੂਰ ਆਗੂ ਵਜੋਂ ਉਭਰਦਾ ਹੈ ਪਰ ਉਸ ਦਾ ਵੀ ਕਤਲ ਕਰ ਦਿੱਤਾ ਜਾਂਦਾ ਹੈ। ਮਜ਼ਦੂਰ ਤਾਕਤ ਘਟਦੀ ਹੈ ਤੇ ਹਾਜੀ ਮਸਤਾਨ, ਯੂਸਫ ਪਟੇਲ, ਕਰੀਮ ਲਾਲਾ, ਦਾਊਦ ਇਬਰਾਹੀਮ ਜਿਹੇ ਗੈਂਗਸਟਰਾਂ ਦੀ ਤਾਕਤ ਵਧਦੀ ਹੈ। ਸ਼ਿਵ ਸੈਨਾ ਮਜ਼ਬੂਤ ਹੁੰਦੀ ਹੋਈ ਸਭਿਆਚਾਰਕ ਸੰਗਠਨ ਤੋਂ ਸਿਆਸੀ ਪਾਰਟੀ ਬਣ ਜਾਂਦੀ ਹੈ ਅਤੇ ਸਿਆਸੀ ਤੰਗਦਿਲੀ ਦਾ ਦੌਰ ਸ਼ੁਰੂ ਹੁੰਦਾ ਹੈ।
ਸ਼ਿਵ ਸੈਨਾ ਨੇ ਬਾਬਰੀ ਮਸਜਿਦ ਨੂੰ ਢਾਹੁਣ ਲਈ ਚੱਲੀ ਲਹਿਰ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਮੁੰਬਈ ਵਿਚ 1992-1993 ਵਿਚ ਹੋਏ ਦੰਗਿਆਂ ਵਿਚ ਵੀ ਇਸ ਦਾ ਨਾਂ ਉਭਰ ਕੇ ਸਾਹਮਣੇ ਆਇਆ। 1995 ਵਿਚ ਇਹ ਪਾਰਟੀ ਸੱਤਾ ਵਿਚ ਆਈ ਅਤੇ ਇਸ ਨੇ ਬੰਬੇ ਦਾ ਨਾਂ ਬਦਲ ਕੇ ਮੁੰਬਈ ਰੱਖ ਦਿੱਤਾ। ਗਿਆਨ ਪ੍ਰਕਾਸ਼ ਅਨੁਸਾਰ ਇਸ ਤਰ੍ਹਾਂ ਦੇਸ਼ ਨੂੰ ਸੁਪਨੇ ਤੇ ਨਵੇਂ ਦਿਸਹੱਦੇ ਪੇਸ਼ ਕਰਨ ਵਾਲਾ ਸ਼ਹਿਰ ਕੱਟੜਪੰਥੀਆਂ ਦੀ ਝੋਲੀ ਪੈ ਗਿਆ; ਇਸ ਦਾ ਵੰਨ-ਸੁਵੰਨਤਾ ਵਾਲਾ ਸਭਿਆਚਾਰ ਖੁਰਦਾ ਗਿਆ; ਹੁਣ ਇਹ ਇਕਪਾਸੜ ਸੋਚ ਵਾਲਾ ਸ਼ਹਿਰ ਬਣ ਕੇ ਰਹਿ ਗਿਆ ਹੈ ਅਤੇ ਇਸ ਵਿਚ ਘੱਟਗਿਣਤੀਆਂ ਅਤੇ ਗੈਰ-ਮਹਾਰਾਸ਼ਟਰੀਆਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ। ਆਪਣੀ ਮਸ਼ਹੂਰ ਕਿਤਾਬ ‘ਫੈਮਿਲੀ ਮੈਟਰਜ਼’ ਵਿਚ ਰੋਹਿੰਗਤਨ ਮਿਸਤਰੀ ਨੇ ਲਿਖਿਆ ਹੈ: “ਹੁਣ ਕਬਰਾਂ, ਕੀੜਿਆਂ ਤੇ ਖੁਤਬਿਆਂ ਤੋਂ ਬਿਨਾ ਦੱਸਣ ਵਾਲਾ ਹੋਰ ਕੁਝ ਨਹੀਂ ਰਹਿ ਗਿਆ…। ਆਓ, ਕੁਰਸੀਆਂ ‘ਤੇ ਬੈਠੀਏ ਤੇ ਸ਼ਹਿਰਾਂ ਦੀ ਮੌਤ ਦੀਆਂ ਕਹਾਣੀਆਂ ਦੱਸੀਏ।”
ਸ਼ਹਿਰਾਂ, ਦੇਸ਼ਾਂ ਤੇ ਸਭਿਆਚਾਰਾਂ ਨੂੰ ਕੱਟੜਪੰਥੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਰਤ ‘ਚ ਬਹੁਗਿਣਤੀ ਧਰਮ ਵਿਚਲੇ ਕੱਟੜਪੰਥੀ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਾਰਟੀਆਂ ਅਤੇ ਸੰਗਠਨ ਦੇਸ਼ ਦੇ ਕਾਨੂੰਨ ਨੂੰ ਕਿਉਂ ਨਹੀਂ ਮੰਨਣਾ ਚਾਹੁੰਦੇ? ਉਨ੍ਹਾਂ ਨੇ ਬਾਬਰੀ ਮਸਜਿਦ ਦੇ ਵਿਸ਼ੇ ‘ਤੇ ਸੁਪਰੀਮ ਕੋਰਟ ਦੇ ਇਰਾਦੇ ‘ਤੇ ਵੀ ਕਿੰਤੂ ਕੀਤਾ ਹੈ ਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਇਹ ਪਾਰਟੀਆਂ ਤੇ ਸੰਗਠਨ ਕਹਿ ਰਹੇ ਹਨ, ਸਿਰਫ ਉਹੀ ਸੌ ਫੀਸਦ ਸੱਚ ਤੇ ਠੀਕ ਹੈ।
ਕਿਸੇ ਵੀ ਖਿੱਤੇ, ਵਰਗ ਜਾਂ ਧਰਮ ਦੇ ਲੋਕਾਂ ਦੀ ਸਭਿਆਚਾਰਕ, ਧਾਰਮਿਕ, ਨਸਲੀ ਜਾਂ ਜਾਤੀ ਉਚਤਾ ਤੇ ਸ਼ੁੱਧਤਾ ‘ਤੇ ਜ਼ੋਰ ਦੇਣਾ ਦੂਸਰੇ ਵਰਗਾਂ, ਧਰਮਾਂ ਤੇ ਜਾਤਾਂ ਦੇ ਲੋਕਾਂ ਨੂੰ ਛੁਟਿਆਉਣ ਵਾਂਗ ਹੁੰਦਾ ਹੈ, ਜਿਸ ਦੇ ਗੰਭੀਰ ਸਿੱਟੇ ਨਿਕਲਦੇ ਹਨ। ਚਾਹੀਦਾ ਤਾਂ ਇਹ ਸੀ ਕਿ ਦੇਸ਼ ਦੀ ਬਹੁਗਿਣਤੀ ਦੇ ਜਜ਼ਬਾਤ ‘ਤੇ ਪਹਿਰਾ ਦੇਣ ਦਾ ਦਾਅਵਾ ਕਰਨ ਵਾਲੀਆਂ ਪਾਰਟੀਆਂ ਘੱਟਗਿਣਤੀ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੀਆਂ ਅਤੇ ਕਾਨੂੰਨ ਤੇ ਸੰਵਿਧਾਨ ਨੂੰ ਮੰਨਣ ਦੇ ਚੰਗੇ ਪੂਰਨੇ ਪਾਉਂਦੀਆਂ ਪਰ ਸਿਆਸਤ ਦਾ ਗੇੜ ਇਸ ਤੋਂ ਉਲਟ ਚੱਲਣ ਦੀਆਂ ਸੰਭਾਵਨਾਵਾਂ ਵੱਧ ਹਨ। ਸ਼ਿਵ ਸੈਨਾ ਵਲੋਂ ਲਿਆ ਜਾ ਰਿਹਾ ਪੈਂਤੜਾ ਇਸ ਦਾ ਪ੍ਰਤੀਕ ਮਾਤਰ ਹੈ। ਇਹੋ ਜਿਹੀਆਂ ਤਾਕਤਾਂ ਦੇ ਵਿਰੁਧ ਵਿਸ਼ਾਲ, ਜਮਹੂਰੀ ਮੋਰਚੇ ਬਣਾਉਣ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ।