ਕਿਆਮਤ-10

ਹਰਮਹਿੰਦਰ ਚਾਹਲ ਦਾ ਨਾਵਲ ‘ਕਿਆਮਤ’ ਇਰਾਕ ਦੇ ਛੋਟੇ ਜਿਹੇ ਅਕੀਦੇ/ਕਬੀਲੇ ਜਾਜ਼ੀਦੀ ਨਾਲ ਸਬੰਧਤ ਕੁੜੀ ਆਸਮਾ ਦੇ ਜੀਵਨ ਦੁਆਲੇ ਬੁਣਿਆ ਗਿਆ ਹੈ। ਇਸ ਵਿਚ ਇਸਲਾਮਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈ. ਐਸ਼ ਆਈ. ਐਸ਼) ਦੇ ਦਹਿਸ਼ਤਗਰਦਾਂ ਦੀਆਂ ਜ਼ਿਆਦਤੀਆਂ ਦਾ ਚਿੱਠਾ ਫਰੋਲਿਆ ਗਿਆ ਹੈ। ਇਰਾਕ ਵਿਚ ਸੱਦਾਮ ਹੁਸੈਨ ਦੇ ਜ਼ਮਾਨੇ ਵਿਚ ਇਨ੍ਹਾਂ ਲੋਕਾਂ ‘ਤੇ ਬਹੁਤ ਕਹਿਰ ਵਾਪਰਿਆ, ਪਰ ਆਈ. ਐਸ਼ ਆਈ. ਐਸ਼ ਦੇ ਉਭਾਰ ਪਿਛੋਂ ਤਾਂ ਉਨ੍ਹਾਂ ਉਤੇ ਕਹਿਰ ਦੀ ਹੱਦ ਹੋ ਗਈ ਜਿਸ ਨੂੰ ਪੜ੍ਹ-ਸੁਣ ਕੇ ਕਾਲਜਾ ਮੂੰਹ ਨੂੰ ਆਉਂਦਾ ਹੈ।

‘ਪੰਜਾਬ ਟਾਈਮਜ਼’ ਦੇ ਪਾਠਕ ਕੁਝ ਅਰਸਾ ਪਹਿਲਾਂ ਚਾਹਲ ਦੀ ਇਕ ਹੋਰ ਲਿਖਤ ‘ਆਫੀਆ ਸਿੱਦੀਕੀ ਦਾ ਜਹਾਦ’ ਪੜ੍ਹ ਚੁਕੇ ਹਨ, ਜਿਸ ਵਿਚ ਉਸ ਨੇ ਅਲ-ਕਾਇਦਾ ਨਾਲ ਜੁੜੀ ਅਤੇ ਅਮਰੀਕਾ ਵਿਚ ਪੜ੍ਹਦੀ ਕੁੜੀ ਆਫੀਆ ਸਿੱਦੀਕੀ ਦੇ ਜੀਵਨ ਦੇ ਆਧਾਰ ‘ਤੇ ਕਹਾਣੀ ਬੁਣੀ ਸੀ। ਆਫੀਆ ਨੂੰ 2010 ਵਿਚ 86 ਵਰ੍ਹਿਆਂ ਦੀ ਕੈਦ ਹੋਈ ਸੀ, ਉਹ ਅੱਜ ਕੱਲ੍ਹ ਅਮਰੀਕੀ ਜੇਲ੍ਹ ਵਿਚ ਬੰਦ ਹੈ। -ਸੰਪਾਦਕ

ਹਰਮਹਿੰਦਰ ਚਹਿਲ
ਫੋਨ: 703-362-3239
ਚਹਅਹਅਲਸ57@ੇਅਹੋ।ਚੋਮ
(11)
ਕਾਰ ਤੁਰੀ ਤਾਂ ਮੈਂ ਪਿੱਛੇ ਮੁੜ ਕੇ ਵੀ ਨਹੀਂ ਵੇਖਿਆ। ਸੋਚਿਆ, ਇਸ ਬੁਚੜਖਾਨੇ ਤੋਂ ਨਵੀਂ ਥਾਂ ਮਾੜੀ ਨਹੀਂ ਹੋਵੇਗੀ। ਥੋੜ੍ਹੀ ਦੇਰ ਪਿਛੋਂ ਹੀ ਕਾਰ ਸੜਕ ਕੰਢੇ ਰੁਕੀ। ਉਥੇ ਪਹਿਲਾਂ ਹੀ ਇਕ ਹੋਰ ਕਾਰ ਖੜ੍ਹੀ ਸੀ। ਉਸ ਕਾਰ ‘ਚੋਂ ਗਾਰਡ ਬਾਹਰ ਆਇਆ ਤੇ ਮੇਰੇ ਵਾਲੀ ਤਾਕੀ ਕੋਲ ਆ ਹੁਕਮ ਦਿੰਦਿਆਂ ਬੋਲਿਆ, “ਚੱਲ ਬਾਹਰ ਨਿਕਲ ਤੇ ਉਸ ਕਾਰ ‘ਚ ਬੈਠ।”
ਮੈਂ ਬਿਨਾ ਹੀਲ ਹੁੱਜਤ ਬੈਗ ਚੁਕ ਉਸ ਨਾਲ ਕਾਰ ‘ਚ ਜਾ ਬੈਠੀ। ਇਹ ਟੈਕਸੀ ਸੀ ਜੋ ਨਵੀਂ ਉਮਰ ਦਾ ਮੁੰਡਾ ਚਲਾ ਰਿਹਾ ਸੀ। ਗਾਰਡ ਉਸ ਨਾਲ ਅੱਗੇ ਬੈਠ ਗਿਆ। ਮੈਂ ਪਿਛਲੀ ਸੀਟ ‘ਤੇ ਬਹਿੰਦਿਆਂ ਪਿਛਾਂਹ ਢੋਹ ਲਾ ਲਈ। ਛੇਤੀ ਹੀ ਮੈਨੂੰ ਤੇਲ ਚੜ੍ਹਨ ਲੱਗਾ, ਮੈਂ ਕਿਹਾ, ਉਲਟੀ ਆ ਰਹੀ ਹੈ, ਕਾਰ ਰੋਕੋ। ਗਾਰਡ ਨੇ ਗਾਲ੍ਹ ਕੱਢੀ ਪਰ ਡਰਾਈਵਰ ਨੇ ਉਦੋਂ ਹੀ ਕਾਰ ਰੋਕ ਦਿੱਤੀ। ਬਹੁਤ ਜ਼ੋਰ ਦੀ ਉਲਟੀ ਆਉਂਦੀ ਮਹਿਸੂਸ ਹੋ ਰਹੀ ਸੀ ਪਰ ਅੰਦਰੋਂ ਕੁਝ ਨਹੀਂ ਸੀ ਨਿਕਲ ਰਿਹਾ। ਕੋਈ ਚੀਜ਼ ਵੀ ਤਾਂ ਨਹੀਂ ਸੀ ਖਾਧੀ ਪੀਤੀ। ਹੰਭ-ਹਾਰ ਕੇ ਮੈਂ ਡਿਗਦੀ ਢਹਿੰਦੀ ਕਾਰ ‘ਚ ਵਾਪਸ ਆ ਬੈਠੀ। ਸੂਰਜ ਸਿਰ ‘ਤੇ ਆ ਚੁਕਾ ਸੀ, ਪਿਆਸ ਨਾਲ ਬੁਰਾ ਹਾਲ ਹੋਣ ਲੱਗਾ। ਮੈਂ ਪਾਣੀ ਮੰਗਿਆ ਤਾਂ ਗਾਰਡ ਨੇ ਫਿਰ ਝਿੜਕਿਆ, “ਚੁੱਪ ਕਰਕੇ ਬੈਠੀ ਰਹਿ। ਪਾਣੀ ਬਿਨਾ ਮਰਨ ਨ੍ਹੀਂ ਲੱਗੀ।”
ਉਦੋਂ ਹੀ ਡਰਾਈਵਰ ਨੇ ਸ਼ੀਸ਼ੇ ‘ਚੋਂ ਮੇਰੇ ਵਲ ਨਿਗ੍ਹਾ ਮਾਰੀ। ਮੈਂ ਉਸ ਦੇ ਚਿਹਰੇ ‘ਤੇ ਉਭਰਦੇ ਤਰਸ ਭਾਵ ਵੇਖੇ। ਫਿਰ ਉਸ ਨੇ ਆਪਣੇ ਸਾਮਾਨ ‘ਚੋਂ ਪਾਣੀ ਦੀ ਬੋਤਲ ਚੁੱਕ ਕੇ ਮੇਰੇ ਵਲ ਵਧਾਈ। ਮੈਂ ਬੋਤਲ ਫੜ ਘੁੱਟਾ-ਵਟੀ ਪੀਣ ਲੱਗੀ। ਥੋੜ੍ਹੀ ਦੂਰ ਹੀ ਗਏ ਸੀ ਕਿ ਅੰਦਰ ਫਿਰ ਹਲਚਲ ਮਹਿਸੂਸ ਹੋਈ। ਮੈਂ ਕਿਹਾ ਤਾਂ ਗਾਰਡ ਨੇ ਪਿੱਛੇ ਵਲ ਵੇਖਦਿਆਂ ਫਿਰ ਲੰਬੀ ਗਾਲ੍ਹ ਕੱਢੀ, ਡਰਾਈਵਰ ਨੇ ਫਿਰ ਕਾਰ ਰੋਕ ਲਈ। ਗਾਰਡ ਨੇ ਡਰਾਈਵਰ ਵਲ ਔਖ ਨਾਲ ਵੇਖਿਆ ਤਾਂ ਡਰਾਈਵਰ ਬੋਲਿਆ, “ਹਾਜੀ, ਮੈਂ ਨ੍ਹੀਂ ਚਾਹੁੰਦਾ, ਇਹ ਕਾਰ ਅੰਦਰ ਉਲਟੀ ਕਰੇ। ਮੈਨੂੰ ਕਾਰ ਰੋਕਣ ਨਾਲ ਕੋਈ ਫਰਕ ਨ੍ਹੀਂ ਪੈਂਦਾ।”
“ਪਰ ਮੈਨੂੰ ਪੈਂਦੈ ਨਾ।” ਇੰਨਾ ਕਹਿੰਦਿਆਂ ਉਹ ਪਿਛਾਂਹ ਨੂੰ ਝਾਕਦਾ ਕੜਕਿਆ, “ਚੱਲ ਜਾਹ ਬਾਹਰ। ਹੁਣ ਕਿਸ ਨੂੰ ਉਡੀਕਦੀ ਐਂ?”
ਮੈਂ ਸੜਕ ਕੰਢੇ ਜਾ ਬੈਠੀ। ਜਿਹੜਾ ਦੋ ਘੁੱਟਾਂ ਪਾਣੀ ਪੀਤਾ ਸੀ, ਉਹ ਨਿਕਲ ਗਿਆ। ਪੰਜ-ਚਾਰ ਮਿੰਟ ਬਹੁਤ ਔਖੀ ਹੁੰਦੀ ਰਹੀ। ਹੱਡ ਤਾਂ ਪਹਿਲਾਂ ਹੀ ਟੁੱਟੇ ਪਏ ਸਨ, ਹੁਣ ਮਿਹਦਾ ਵੈਰੀ ਬਣ ਗਿਆ ਸੀ। ਕਾਫੀ ਦੇਰ ਉਠ ਨਾ ਸਕੀ ਤਾਂ ਪਿਛੋਂ ਰਾਈਫਲ ਦਾ ਵੱਟ ਮੋਢੇ ‘ਤੇ ਵੱਜਾ। ਮੈਂ ਅੱਗੇ ਨੂੰ ਚੌਫਾਲ ਡਿੱਗੀ। ਸੱਟ ਦੀ ਪੀੜ ਤਾਂ ਬਹੁਤ ਹੋਈ ਪਰ ਮੈਂ ਸੀ ਨਾ ਕੀਤੀ। ਡਿੱਗਦੀ ਢਹਿੰਦੀ ਵਾਪਸ ਕਾਰ ‘ਚ ਆ ਬੈਠੀ। ਬੇਹੱਦ ਪਿਆਸ ਹੋਣ ਦੇ ਬਾਵਜੂਦ ਉਲਟੀ ਦੇ ਡਰੋਂ ਮੈਂ ਪਾਣੀ ਨਾ ਪੀਤਾ। ਇੰਨੇ ਨੂੰ ਅੱਗੇ ਚੈਕ ਪੁਆਇੰਟ ਆ ਗਿਆ। ਕਾਰ ਰੁਕ ਗਈ ਤਾਂ ਡਿਊਟੀ ਦੇ ਰਿਹਾ ਮਿਲੀਟੈਂਟ ਕਾਰ ਕੋਲ ਆਇਆ। ਮੇਰੇ ਵਲ ਵੇਖ ਗਾਰਡ ਨੂੰ ਝਈ ਲੈ ਕੇ ਪਿਆ, “ਉਏ ਤੇਰੀ ਬੀਵੀ ਨੰਗੇ ਮੂੰਹ ਬੈਠੀ ਐ। ਤੈਨੂੰ ਸ਼ਰਮ ਨ੍ਹੀਂ ਆਉਂਦੀ। ਆ ਅੰਦਰ ਚੱਲ।”
ਗਾਰਡ ‘ਮੈਂ ਮੈਂ’ ਕਰਨ ਲੱਗਾ ਪਰ ਮਿਲੀਟੈਂਟ ਬਿਨਾ ਉਸ ਦੀ ਗੱਲ ਸੁਣਿਆਂ ਉਸ ਨੂੰ ਹੁਕਮੀਆਂ ਲਹਿਜ਼ੇ ‘ਚ ਦਫਤਰ ਵਲ ਲੈ ਤੁਰਿਆ। ਮੈਂ ਉਸ ਦੀ ਬੀਵੀ ਨਹੀਂ ਸੀ, ਇਸ ਕਰਕੇ ਮੇਰੇ ‘ਤੇ ਬੁਰਕਾ ਪਹਿਨਣ ਦੀ ਪਾਬੰਦੀ ਨਹੀਂ ਸੀ ਪਰ ਗਾਰਡ ਚੰਗੀ ਤਰ੍ਹਾਂ ਸਮਝਾ ਨਾ ਸਕਿਆ, ਇਸ ਕਰਕੇ ਚੈਕ ਪੁਆਇੰਟ ਵਾਲੇ ਉਸ ਨੂੰ ਅੰਦਰ ਲੈ ਗਏ। ਪਿਛੇ ਡਰਾਈਵਰ ਨੇ ਮੇਰੇ ਵਲ ਤਰਸ ਭਰੀਆਂ ਨਿਗਾਹਾਂ ਨਾਲ ਵੇਖਦਿਆਂ ਪੁੱਛਿਆ, “ਬੀਬੀ ਕੌਣ ਐਂ ਤੂੰ? ਇਸ ਦੀ ਕੀ ਲੱਗਦੀ ਐਂ ਤੇ ਇਹ ਤੇਰੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਿਉਂ ਕਰ ਰਿਹਾ ਐ?”
“ਮੈਂ ਗੁਲਾਮ ਸਾਬੀਆ ਆਂ। ਇਹ ਮੈਨੂੰ ਖਰੀਦ ਕੇ ਲਿਆਇਐ।”
“ਓਹ!” ਉਸ ਨੇ ਹਉਕਾ ਭਰਦਿਆਂ ਕਿਹਾ ਤਾਂ ਮੈਨੂੰ ਲੱਗਾ ਕਿ ਉਸ ਨੂੰ ਮੇਰੇ ਨਾਲ ਹਮਦਰਦੀ ਹੈ। ਉਹ ਵੀਹ ਬਾਈ ਕੁ ਸਾਲ ਦਾ ਭਲਾਮਾਣਸ ਜਿਹਾ ਮੁੰਡਾ ਜਾਪਦਾ ਸੀ। ਉਸ ਦੀ ਉਮਰ ਵੇਖ ਕੇ ਲੱਗਾ, ਜਿਵੇਂ ਉਸ ਦਾ ਅਸਲੀ ਕਿੱਤਾ ਕੋਈ ਹੋਰ ਹੋਵੇ ਤੇ ਟੈਕਸੀ ਉਹ ਚਾਰ ਪੈਸੇ ਵਾਧੂ ਕਮਾਉਣ ਲਈ ਚਲਾ ਰਿਹਾ ਹੋਵੇ। ਮੈਂ ਪੁੱਛਿਆ, “ਆਪਣੇ ਬਾਰੇ ਵੀ ਕੁਛ ਦੱਸ?”
“ਮੇਰਾ ਨਾਂ ਕਾਦਰ ਐ। ਮੈਂ ਕਾਲਜ ‘ਚ ਪੜ੍ਹਦਾ ਸੀ ਪਰ ਜਦੋਂ ਇਸਲਾਮਕ ਸਟੇਟ ਵਾਲੇ ਆਏ ਤਾਂ ਕਾਲਜ ਬੰਦ ਹੋ ਗਿਆ ਤੇ ਮੇਰੀ ਪੜ੍ਹਾਈ ਛੁੱਟ ਗਈ। ਗੁਜ਼ਾਰੇ ਲਈ ਕਿਰਾਏ ਦੀ ਟੈਕਸੀ ਚਲਾ ਰਿਹਾਂ ਪਰ ਤੂੰ ਇਸ ਦੀ ਗੁਲਾਮ ਕਿਉਂ ਐਂ? ਮੇਰਾ ਮਤਲਬ ਤੇਰਾ ਧਰਮ ਵਗੈਰਾ…।”
“ਮੈਂ ਸਿੰਜਾਰ ਵਾਲੇ ਪਾਸੇ ਤੋਂ ਜਾਜ਼ੀਦੀ ਆਂ। ਜਦੋਂ ਇਸਲਾਮਕ ਸਟੇਟ ਵਾਲੇ ਉਥੇ ਪਹੁੰਚੇ ਤਾਂ ਉਨ੍ਹਾਂ ਮੇਰੇ ਪਰਿਵਾਰ ਦੇ ਬਹੁਤੇ ਜੀਅ ਮਾਰ ਮੁਕਾਏ। ਹੋਰ ਕੁੜੀਆਂ ਨਾਲ ਮੈਨੂੰ ਵੀ ਉਹ ਮੋਸਲ ਲੈ ਆਏ। ਬਸ ਫਿਰ ਇਕ ਥਾਂ ਤੋਂ ਦੂਜੀ ਤੇ ਅਗਾਂਹ ਤੀਜੀ, ਇਵੇਂ ਹੀ ਵਿਕ ਰਹੀ ਆਂ।”
“ਉਂਜ ਤਾਂ ਮੈਂ ਵੀ ਸੁੰਨੀ ਆਂ ਪਰ ਮੈਨੂੰ ਇਸਲਾਮਕ ਸਟੇਟ ਵਾਲੇ ਪਸੰਦ ਨ੍ਹੀਂ। ਇਨ੍ਹਾਂ ਨੇ ਮੇਰੇ ਦੋਸਤ ਦਾ ਪਰਿਵਾਰ ਇਸ ਕਰਕੇ ਮਾਰ ਦਿੱਤਾ ਕਿ ਇਨ੍ਹਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਗੁਆਂਢੀ ਸ਼ੀਆ ਪਰਿਵਾਰ ਦੀ ਮਦਦ ਕੀਤੀ ਸੀ।” ਇੰਨਾ ਕਹਿੰਦਿਆਂ ਉਸ ਨੇ ਸਾਹਮਣੇ ਵੇਖਿਆ। ਗਾਰਡ ਦਫਤਰੋਂ ਬਾਹਰ ਨਿਕਲ ਰਿਹਾ ਸੀ। ਉਸ ਨੇ ਕਾਰ ਸਟਾਰਟ ਕਰਦਿਆਂ ਕਿਹਾ, “ਅੱਛਾ! ਅੱਲਾ ਭਲੀ ਕਰੂਗਾ।”
ਗਾਰਡ ਬੁੜ-ਬੁੜ ਕਰਦਾ ਕਾਰ ‘ਚ ਬਹਿੰਦਿਆਂ ਹੀ ਹੋਈ-ਬੀਤੀ ਦੱਸਣ ਲੱਗਾ, “ਮੈਂ ਇਨ੍ਹਾਂ ਬੇਵਕੂਫਾਂ ਨੂੰ ਬਥੇਰਾ ਕਿਹਾ, ਮੈਂ ਇਸਲਾਮਕ ਸਟੇਟ ਦੇ ਕਮਾਂਡਰ ਦਾ ਗਾਰਡ ਆਂ। ਮੇਰੇ ਕਮਾਂਡਰ ਨੇ ਇਹਨੂੰ ਖਰੀਦਿਆ ਐ। ਮੈਂ ਤਾਂ ਇਹਨੂੰ ਕਮਾਂਡਰ ਦੇ ਘਰ ਤੱਕ ਪਹੁੰਚਾਉਣ ਜਾ ਰਿਹਾ ਆਂ ਪਰ ਛੇਤੀ ਕੀਤਿਆਂ ਮੰਨੇ ਈ ਨ੍ਹੀਂ। ਫਿਰ ਪਤਾ ਨ੍ਹੀਂ ਉਨ੍ਹਾਂ ਦੇ ਦਿਲ ‘ਚ ਕੀ ਆਈ ਕਿ ਕਹਿੰਦੇ, ਜਾਹ।”
ਡਰਾਈਵਰ ਨੇ ਕੋਈ ਜੁਆਬ ਨਾ ਦਿੱਤਾ। ਵੀਹ-ਪੰਝੀ ਮਿੰਟ ਕਾਰ ਪੂਰੀ ਰਫਤਾਰ ‘ਚ ਭੱਜੀ ਗਈ। ਅਚਾਨਕ ਬਾਹਰ ਵਲ ਵੇਖਦੇ ਗਾਰਡ ਨੇ ਉਚੀ ਆਵਾਜ਼ ‘ਚ ਕਾਦਰ ਨੂੰ ਕਿਹਾ, “ਰੋਕੀਂ ਰੋਕੀਂ।” ਕਾਦਰ ਨੇ ਇਕਦਮ ਬਰੇਕ ਮਾਰੇ। ਗਾਰਡ ਨੇ ਉਸ ਨੂੰ ਕਿਹਾ, “ਕਾਰ ਪਿਛੇ ਲੈ ਜਾ।” ਨਾ ਮੈਂ ਸਮਝੀ ਅਤੇ ਨਾ ਹੀ ਕਾਦਰ ਕਿ ਗੱਲ ਕੀ ਹੈ। ਆਖਰ ਕਾਰ ਕਾਫੀ ਪਿੱਛੇ ਪਹੁੰਚ ਗਈ ਤਾਂ ਗਾਰਡ ਨੇ ਦੂਰ ਸੜਕ ਦੇ ਇਕ ਪਾਸੇ ਇਸ਼ਾਰਾ ਕਰਦਿਆਂ ਕਿਹਾ, “ਅਹੁ ਵੇਖ, ਕਿਸੇ ਦਾ ਬਰੀਫਕੇਸ ਡਿੱਗਿਆ ਪਿਆ।”
ਮੈਂ ਵੀ ਉਧਰ ਨਜ਼ਰ ਮਾਰੀ। ਸੜਕ ਤੋਂ ਕੁਝ ਕਦਮਾਂ ਪਾਸੇ ਲਾਲ ਰੰਗ ਦਾ ਸੋਹਣਾ ਬਰੀਫਕੇਸ ਪਿਆ ਸੀ। ਗਾਰਡ ਬਾਹਰ ਨਿਕਲ ਕੇ ਉਧਰ ਜਾਣ ਲੱਗਾ ਤਾਂ ਕਾਦਰ ਨੇ ਕਿਹਾ, “ਹਾਜੀ, ਕੋਈ ਸ਼ੱਕੀ ਚੀਜ਼ ਜਾਪਦੀ ਐ।”
“ਲੈ ਸ਼ੱਕ ਵਾਲੀ ਇਸ ‘ਚ ਕਿਹੜੀ ਗੱਲ ਐ”, ਕਹਿੰਦਿਆਂ ਗਾਰਡ ਬਰੀਫਕੇਸ ਵਲ ਤੁਰ ਪਿਆ। ਅਸੀਂ ਦੋਨੋਂ ਉਸ ਵਲ ਗਹੁ ਨਾਲ ਵੇਖ ਰਹੇ ਸੀ। ਗਾਰਡ ਨੇ ਆਪਣੀ ਰਾਈਫਲ ਗਲ ਪਾ ਲਈ ਤੇ ਝੁਕ ਕੇ ਬਰੀਫਕੇਸ ਦੇ ਦੋਨਾਂ ਪਾਸਿਆਂ ਦੇ ਲਾਕ ਦੱਬੇ ਤਾਂ ਉਹ ਖੁੱਲ੍ਹ ਗਏ। ਫਿਰ ਉਸ ਨੇ ਬਰੀਫਕੇਸ ਦਾ ਢੱਕਣ ਉਤਾਂਹ ਨੂੰ ਚੁੱਕਿਆ ਹੀ ਸੀ ਕਿ ਜ਼ੋਰਦਾਰ ਧਮਾਕਾ ਹੋਇਆ। ਮੇਰੀ ਚੀਕ ਨਿਕਲ ਗਈ। ਗਾਰਡ ਦਾ ਸਰੀਰ ਟੁਕੜੇ-ਟੁਕੜੇ ਹੁੰਦਾ ਦੂਰ ਤੱਕ ਜਾ ਖਿੰਡਿਆ। ਆਲੇ-ਦੁਆਲੇ ਧੂੰਆਂ ਫੈਲ ਗਿਆ। ਘਾਬਰਿਆ ਕਾਦਰ ਉਥੋਂ ਕਾਰ ਭਜਾ ਕੇ ਲੈ ਗਿਆ। ਅੱਗੇ ਖੱਬੇ ਹੱਥ ਮੁੜਦੀ ਸੜਕ ‘ਤੇ ਕਾਫੀ ਦੂਰ ਜਾ ਕੇ ਉਸ ਨੇ ਸੜਕ ਕਿਨਾਰੇ ਕਾਰ ਰੋਕ ਕੇ ਮੇਰੇ ਵਲ ਵੇਖਦਿਆਂ ਪੁੱਛਿਆ, “ਹੁਣ ਕੀ ਕਰੀਏ?” ਉਸ ਦੇ ਚਿਹਰੇ ‘ਤੇ ਘਬਰਾਹਟ ਸੀ। ਜਾਪਦਾ ਸੀ, ਜਿਵੇਂ ਮੈਨੂੰ ਉਮਰ ‘ਚ ਵੱਡੀ ਸਮਝਦਾ ਮੈਥੋਂ ਸਲਾਹ ਮੰਗ ਰਿਹਾ ਹੋਵੇ। ਮੈਂ ਗੱਲ ਉਸੇ ‘ਤੇ ਛੱਡਦਿਆਂ ਕਿਹਾ, “ਤੂੰ ਦੱਸ।”
“ਮੈਂ ਤਾਂ ਇਸ ਝਮੇਲੇ ਤੋਂ ਦੂਰ ਈ ਰਹਿਣਾ ਚਾਹੂੰਗਾ। ਕਿਸੇ ਪਾਸੇ ਦੀ ਮੋੜ ਘੋੜ ਕੇ ਵਾਪਸ ਚਲਾ ਜਾਊਂ ਪਰ ਤੂੰ ਵੇਖ ਲੈ, ਕੀ ਕਰਨਾ?”
“ਮੈਂ ਕੀ ਕਰ ਸਕਦੀ ਆਂ?”
“ਵੇਖ ਲੈ, ਜੇ ਭੱਜਣਾ ਚਾਹੇਂ ਤਾਂ ਭੱਜ ਲੈ।”
ਉਸ ਦਾ ਭੋਲਾਪਣ ਵੇਖ ਕੇ ਮੈਨੂੰ ਜਾਪਿਆ, ਮੇਰਾ ਭਰਾ ਖੈਰੀ ਬੋਲ ਰਿਹਾ ਹੋਵੇ। ਮੈਂ ਕਿਹਾ, “ਕਾਦਰ, ਭੱਜ ਕੇ ਮੈਂ ਕਿਥੇ ਜਾ ਸਕਦੀ ਆਂ। ਆਲੇ-ਦੁਆਲੇ ਹਰ ਪਾਸੇ ਇਸਲਾਮਕ ਸਟੇਟ ਵਾਲੇ ਹਰਲ-ਹਰਲ ਕਰਦੇ ਫਿਰਦੇ।”
ਉਹ ਕੁਝ ਦੇਰ ਸੋਚਦਾ ਰਿਹਾ। ਮੈਨੂੰ ਲੱਗਾ, ਉਹ ਮੇਰੀ ਮਦਦ ਤਾਂ ਕਰਨਾ ਚਾਹੁੰਦਾ ਹੈ ਪਰ ਕੋਈ ਰਾਹ ਨਹੀਂ ਲੱਭ ਰਿਹਾ। ਕੁਝ ਪਲ ਸੋਚਣ ਪਿਛੋਂ ਬੋਲਿਆ, “ਇਉਂ ਕਰਦੇ ਆਂ, ਇਥੇ ਨੇੜੇ ਈ ਮੇਰੀ ਖਾਲਾ ਦਾ ਘਰ ਐ। ਮੈਂ ਤੈਨੂੰ ਉਥੇ ਛੱਡ ਦਿੰਨਾਂ। ਰਾਤੀਂ ਟੈਕਸੀ ਸਟੈਂਡ ਵਾਲਿਆਂ ਦੇ ਹਵਾਲੇ ਕਰਕੇ ਮੈਂ ਆ ਜਾਵਾਂਗਾ। ਠੰਢੇ ਦਿਮਾਗ ਨਾਲ ਸੋਚਾਂਗੇ ਕਿ ਤੈਨੂੰ ਕਿਵੇਂ ਬਾਹਰ ਕੱਢ ਸਕਦੇ ਆਂ।”
ਮੇਰਾ ਉਸ ਨਾਲ ਕੋਈ ਲੰਬਾ ਚੌੜਾ ਵਾਹ ਵਾਸਤਾ ਨਹੀਂ ਸੀ ਪਰ ਉਸ ਦੀ ਨੀਅਤ ‘ਤੇ ਮੈਨੂੰ ਕੋਈ ਸ਼ੱਕ ਨਹੀਂ ਸੀ। ਮੈਂ ਕਹਿ ਦਿੱਤਾ ਕਿ ਉਹ ਮੈਨੂੰ ਆਪਣੀ ਖਾਲਾ ਦੇ ਘਰ ਛੱਡ ਆਵੇ। ਉਸ ਨੇ ਕਾਰ ਤੋਰ ਲਈ ਤੇ ਕੁਝ ਦੇਰ ਬਾਅਦ ਸ਼ਹਿਰ ਦੇ ਇਕ ਪਾਸੇ ਦੀ ਬਸਤੀ ‘ਚ ਆਪਣੀ ਖਾਲਾ ਦੇ ਘਰ ਅੱਗੇ ਕਾਰ ਜਾ ਰੋਕੀ। ਪਹਿਲਾਂ ਉਹ ਇਕੱਲਾ ਅੰਦਰ ਗਿਆ। ਪੰਜ-ਸੱਤ ਮਿੰਟਾਂ ਪਿਛੋਂ ਵਾਪਸ ਆ ਮੈਨੂੰ ਨਾਲ ਲੈ ਗਿਆ। ਉਸ ਦੀ ਖਾਲਾ, ਅਧਖੜ ਉਮਰ ਦੀ ਔਰਤ ਸੀ। ਮੈਨੂੰ ਉਸ ਵਲ ਵੇਖ ਕੇ ਭੈਅ ਜਿਹਾ ਆਇਆ। ਉਸ ਨੇ ਕਾਦਰ ਤੋਂ ਮੇਰੇ ਬਾਰੇ ਸੁਣ ਹੀ ਲਿਆ ਸੀ, ਫਿਰ ਵੀ ਉਸ ਦੀਆਂ ਨਜ਼ਰਾਂ ‘ਚ ਮੇਰੇ ਲਈ ਕੋਈ ਹਮਦਰਦੀ ਨਾ ਦਿਸੀ। ਉਸ ਨੇ ਮੈਨੂੰ ਪੀਣ ਲਈ ਪਾਣੀ ਦਿੱਤਾ ਤੇ ਇਕ ਕਮਰੇ ‘ਚ ਆਰਾਮ ਕਰਨ ਨੂੰ ਕਿਹਾ। ਨਾਲ ਹੀ ਉਸ ਨੇ ਹਦਾਇਤ ਕੀਤੀ ਕਿ ਕਮਰੇ ‘ਚੋਂ ਬਾਹਰ ਨਾ ਨਿਕਲਾਂ। ਲੋੜ ਵੇਲੇ ਉਹ ਆਪ ਹੀ ਆਵੇਗੀ। ਕਾਦਰ ਜਾਂਦਾ ਹੋਇਆ ਮੇਰੇ ਕਮਰੇ ‘ਚ ਆਇਆ। ਮੈਨੂੰ ਦਿਲਾਸਾ ਦਿੱਤਾ ਕਿ ਰਾਤ ਬਾਰਾਂ ਵਜੇ ਟੈਕਸੀ ਵਾਪਸ ਕਰਨ ਪਿਛੋਂ ਉਹ ਸਿੱਧਾ ਇਧਰ ਆਵੇਗਾ।
ਮੈਂ ਬੈਡ ‘ਤੇ ਟੇਢੀ ਜਿਹੀ ਲੇਟ ਗਈ। ਕੂਲਰ ਲੱਗਾ ਹੋਇਆ ਸੀ। ਪਿਛਲੇ ਦਿਨ ਦੀ ਭੰਨੀ-ਟੁੱਟੀ ਨੂੰ ਝੱਟ ਨੀਂਦ ਨੇ ਘੇਰ ਲਿਆ। ਜਦੋਂ ਜਾਗ ਖੁੱਲ੍ਹੀ ਤਾਂ ਬਾਹਰ ਹਨੇਰਾ ਸੀ। ਮੈਂ ਇਧਰ ਉਧਰ ਨਿਗ੍ਹਾ ਮਾਰੀ ਪਰ ਕਾਦਰ ਦੀ ਖਾਲਾ ਜਾਂ ਹੋਰ ਕੋਈ ਨਜ਼ਰ ਨਾ ਆਇਆ। ਮੈਨੂੰ ਹੈਰਾਨੀ ਹੋਈ, ਖਾਲਾ ਨੇ ਮੁੜ ਕੇ ਮੇਰੀ ਖਬਰਸਾਰ ਵੀ ਨਾ ਲਈ। ਵਕਤ ਦਾ ਵੀ ਕੋਈ ਪਤਾ ਨਹੀਂ ਲੱਗ ਰਿਹਾ ਸੀ। ਵਾਪਸ ਬੈਡ ‘ਤੇ ਪੈਂਦਿਆਂ ਖਿਆਲਾਂ ਦੇ ਘੋੜੇ ਦੁੜਾਉਣ ਲੱਗੀ। ਇੰਨੇ ਨੂੰ ਬਾਹਰ ਹਿਲਜੁਲ ਹੋਈ। ਫਿਰ ਦਰਵਾਜਾ ਖੜਕਿਆ। ਮੈਂ ਸੋਚਿਆ, ਖਾਲਾ ਹੀ ਹੈ ਤੇ ਅਗਾਂਹ ਹੋ ਕੁੰਡਾ ਖੋਲ੍ਹ ਦਿੱਤਾ। ਬਾਹਰ ਦੇਖਦਿਆਂ ਹੀ ਪੈਰਾਂ ਹੇਠੋਂ ਜਮੀਨ ਨਿਕਲ ਗਈ। ਇਸਲਾਮਕ ਸਟੇਟ ਦੇ ਚਾਰ ਮਿਲੀਟੈਂਟ ਖੜ੍ਹੇ ਸਨ। ਉਨ੍ਹਾਂ ਦੇ ਇਕ ਪਾਸੇ ਕਾਦਰ ਤੇ ਖਾਲਾ ਸੀ। ਦੋ ਜਣਿਆਂ ਨੇ ਅਗਾਂਹ ਹੋ ਕੇ ਮੈਨੂੰ ਬਾਹੋਂ ਫੜ ਲਿਆ। ਫਿਰ ਉਨ੍ਹਾਂ ਦੇ ਇੰਚਾਰਜ ਨੇ ਖਾਲਾ ਤੋਂ ਤਫਸੀਲ ਪੁੱਛੀ, ਉਹ ਬੋਲੀ, “ਥੋੜ੍ਹਾ ਹਨੇਰਾ ਹੁੰਦਿਆਂ ਈ ਇਸ ਨੇ ਮੇਰਾ ਬੂਹਾ ਖੜਕਾਇਆ। ਮੈਂ ਦਰਵਾਜਾ ਖੋਲ੍ਹਿਆ ਤਾਂ ਅੰਦਰ ਆਉਂਦਿਆਂ ਇਹ ਬੋਲੀ ਕਿ ਮੈਂ ਇਸ ਦੀ ਮਦਦ ਕਰਾਂ। ਇਹ ਜਾਜ਼ੀਦੀ ਲੜਕੀ ਐ ਤੇ ਕਿਸੇ ਦੇ ਚੁੰਗਲ ‘ਚੋਂ ਭੱਜ ਕੇ ਆਈ ਐ। ਮੈਂ ਇਸ ਨੂੰ ਅੰਦਰ ਲੰਘਾ ਕੇ ਕਮਰੇ ‘ਚ ਪਾ ਦਿੱਤਾ ਤੇ ਤੁਹਾਨੂੰ ਇਤਲਾਹ ਦਿੱਤੀ, ਕਿਉਂਕਿ ਇਸਲਾਮਕ ਸਟੇਟ ਦਾ ਹੁਕਮ ਮੰਨਣਾ ਮੇਰਾ ਪਹਿਲਾ ਫਰਜ਼ ਐ।”
“ਬਹੁਤ ਚੰਗਾ ਕੀਤਾ ਬੀਬੀ ਜੋ ਕਾਫਰ ਨੂੰ ਕਾਨੂੰਨ ਦੇ ਹਵਾਲੇ ਕੀਤਾ। ਤੂੰ ਅਸਲੀ ਮੁਸਲਮਾਨ ਐਂ। ਅੱਲਾ ਤੈਨੂੰ ਰਹਿਮਤਾਂ ਬਖਸ਼ੇਗਾ।” ਇੰਨਾ ਆਖ ਉਨ੍ਹਾਂ ਮੈਨੂੰ ਤੋਰ ਲਿਆ। ਇਹ ਤਾਂ ਮੈਂ ਸਮਝ ਹੀ ਚੁੱਕੀ ਸੀ ਕਿ ਕਾਦਰ ਦੀ ਖਾਲਾ ਨੇ ਮੈਨੂੰ ਮੁੜ ਕੇ ਇਸਲਾਮਕ ਸਟੇਟ ਦੇ ਹਵਾਲੇ ਕਰ ਦਿੱਤਾ ਹੈ ਪਰ ਨਾਲ ਹੀ ਮੈਨੂੰ ਇਹ ਵੀ ਤਸੱਲੀ ਸੀ ਕਿ ਖਾਲਾ ਨੇ ਬੜੇ ਢੰਗ ਨਾਲ ਕਹਾਣੀ ਘੜ ਕੇ ਕਾਦਰ ਨੂੰ ਬਚਾ ਲਿਆ ਹੈ। ਦਿਲ ਨੂੰ ਧਰਵਾਸ ਜਿਹਾ ਹੋਇਆ, ਭਲਾਮਾਣਸ ਕਾਦਰ ਇਸ ਝਮੇਲੇ ‘ਚੋਂ ਬਚ ਰਿਹਾ। ਖੈਰ! ਉਹ ਮੈਨੂੰ ਜੀਪ ‘ਚ ਬਿਠਾ ਕੇ ਲੈ ਤੁਰੇ। ਕੁਝ ਦੇਰ ਪਿਛੋਂ ਉਨ੍ਹਾਂ ਜੀਪ ਕਿਸੇ ਵੱਡੀ ਇਮਾਰਤ ‘ਚ ਜਾ ਲਾਈ। ਜਿਸ ਕਮਰੇ ‘ਚ ਮੈਨੂੰ ਭੇਜਿਆ, ਉਥੇ ਵੀਹ-ਪੰਝੀ ਮੇਰੇ ਵਰਗੀਆਂ ਹੋਰ ਬੈਠੀਆਂ ਸਨ। ਮੈਂ ਸਮਝ ਗਈ, ਮੈਨੂੰ ਇਸਲਾਮਕ ਸਟੇਟ ਵਾਲਿਆਂ ਨੇ ਕਿਸੇ ਸੈਂਟਰ ‘ਚ ਲਿਆ ਕੇ ਛੱਡ ਦਿੱਤਾ ਹੈ। ਇਕ ਪਾਸੇ ਬਹਿੰਦਿਆਂ ਮੈਂ ਆਲੇ-ਦੁਆਲੇ ਵੇਖਣ ਲੱਗੀ। ਉਨ੍ਹਾਂ ਕੁੜੀਆਂ ‘ਚੋਂ ਬਹੁਤੀਆਂ ਨਵੀਆਂ ਲਿਆਂਦੀਆਂ ਜਾਪਦੀਆਂ ਸਨ। ਮੈਨੂੰ ਉਨ੍ਹਾਂ ਵਲ ਵੇਖ ਕੇ ਅਫਸੋਸ ਹੋਇਆ ਕਿ ਮੈਂ ਜੋ ਕੁਝ ਭੁਗਤ ਚੁਕੀ ਹਾਂ, ਉਹ ਹੁਣ ਇਨ੍ਹਾਂ ਨਾਲ ਸ਼ੁਰੂ ਹੋਵੇਗਾ। ਕੋਈ ਕਿਸੇ ਨਾਲ ਗੱਲ ਘੱਟ ਹੀ ਕਰ ਰਹੀ ਸੀ, ਸਭ ਰੋ ਰਹੀਆਂ ਸਨ। ਇਕ ਪਾਸੇ ਮੈਂ ਇਕ ਬਜੁਰਗ ਔਰਤ ਨੂੰ ਦੋ ਜੁਆਕੜੀਆਂ ਨਾਲ ਬੈਠਿਆਂ ਵੇਖਿਆ ਤਾਂ ਮੈਨੂੰ ਹੈਰਾਨੀ ਹੋਈ। ਕਿਉਂਕਿ ਬੱਚੀਆਂ ਮਸਾਂ ਦਸ ਕੁ ਸਾਲਾਂ ਦੀਆਂ ਹੋਣਗੀਆਂ ਅਤੇ ਔਰਤ ਵਡੇਰੀ ਉਮਰ ਦੀ ਸੀ। ਮੈਂ ਉਸ ਕੋਲ ਜਾ ਬੈਠੀ, ਉਸ ਬਾਰੇ ਪੁੱਛਿਆ। ਉਸ ਨੇ ਦੱਸਿਆ ਕਿ ਉਸ ਨੂੰ ਸਿੰਜਾਰ ਵਲ ਦੇ ਕਿਸੇ ਪਿੰਡੋਂ ਲਿਆਂਦਾ ਗਿਆ ਹੈ। ਪਰਿਵਾਰ ਸਾਰਾ ਮਾਰਿਆ ਗਿਆ ਸੀ, ਬਸ ਉਸ ਦੀਆਂ ਇਹ ਦੋ ਕੁੜੀਆਂ ਹੀ ਬਚੀਆਂ ਸਨ। ਕੁੜੀਆਂ ਅਜੇ ਉਮਰ ਦੀਆਂ ਛੋਟੀਆਂ ਸਨ, ਇਸ ਕਰਕੇ ਇਸਲਾਮਕ ਸਟੇਟ ਦੇ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਮਾਂ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਸੀ। ਸੋ, ਜਦੋਂ ਤੱਕ ਉਹ ਥੋੜ੍ਹਾ ਵੱਡੀਆਂ ਨਹੀਂ ਹੋ ਜਾਂਦੀਆਂ, ਮਾਂ ਉਨ੍ਹਾਂ ਦੇ ਕੋਲ ਹੀ ਰਹੇਗੀ। ਪਿਛੋਂ ਉਨ੍ਹਾਂ ਨੂੰ ਵੇਚ ਦਿੱਤਾ ਜਾਵੇਗਾ। ਉਂਜ ਮੈਨੂੰ ਪਤਾ ਸੀ ਕਿ ਜਦੋਂ ਹੀ ਕੋਈ ਅਮੀਰ ਕਮਾਂਡਰ ਆਇਆ ਤਾਂ ਇਨ੍ਹਾਂ ਬੱਚੀਆਂ ਨੂੰ ਉਮਰ ਦੀ ਪਰਵਾਹ ਕੀਤੇ ਬਗੈਰ ਘੜੀਸ ਕੇ ਲੈ ਜਾਵੇਗਾ। ਉਹ ਔਰਤ ਮੈਨੂੰ ਕਹਿ ਰਹੀ ਸੀ ਕਿ ਮੈਂ ਉਸ ਦੀ ਕੋਈ ਮਦਦ ਕਰਾਂ। ਮੇਰੇ ਚਿਹਰੇ ‘ਤੇ ਬੇਵਸੀ ਆ ਗਈ ਕਿ ਇਕ ਗੁਲਾਮ ਦੂਜੀ ਗੁਲਾਮ ਤੋਂ ਮਦਦ ਮੰਗ ਰਹੀ ਹੈ। ਖੈਰ! ਮੈਂ ਇਕ ਪਾਸੇ ਹੋ ਕੇ ਲੇਟ ਗਈ। ਡਰ ਲਹਿ ਚੁਕਾ ਸੀ। ਪਹਿਲਾਂ ਪਹਿਲਾਂ ਬੜੇ ਡਰ ਸਨ। ਵਿਕਣ ਦਾ ਡਰ, ਰੇਪ ਦਾ ਡਰ ਤੇ ਭੱਜਣ ਦਾ ਤੇ ਭੱਜਣ ਪਿਛੋਂ ਫੜੇ ਜਾਣ ਦਾ। ਹੁਣ ਤਾਂ ਇਹ ਸਭ ਮੇਰੇ ਨਾਲ ਵਾਪਰ ਚੁਕਾ ਸੀ।
ਪੈਂਦਿਆਂ ਹੀ ਮੈਨੂੰ ਨੀਂਦ ਨੇ ਘੇਰ ਲਿਆ। ਅਗਲੇ ਦਿਨ ਸਵੇਰ ਤੱਕ ਸੁੱਤੀ ਰਹੀ। ਫਿਰ ਦਸ ਕੁ ਵਜੇ ਇਮਾਰਤ ਦਾ ਗਾਰਡ ਅੰਦਰ ਆਇਆ ਤੇ ਪੁੱਛਿਆ, ਆਸਮਾ ਕੌਣ ਹੈ? ਮੈਂ ਉਠ ਕੇ ਖੜ੍ਹੀ ਹੋ ਗਈ ਤਾਂ ਉਸ ਨੇ ਮਗਰ ਆਉਣ ਨੂੰ ਕਿਹਾ। ਮੈਂ ਉਸ ਦੇ ਮਗਰ ਦਫਤਰ ਪਹੁੰਚ ਗਈ। ਅੰਦਰ ਦਾਖਲ ਹੋਈ ਸੀ ਕਿ ਇਕ ਜਣੇ ਨੇ ਖੜ੍ਹੇ ਹੁੰਦਿਆਂ ਮੇਰੇ ਖਿੱਚ ਕੇ ਚੁਪੇੜ ਮਾਰੀ। ਮੈਂ ਬਿਨਾ ਕੋਈ ਪ੍ਰਤੀਕ੍ਰਿਆ ਕੀਤਿਆਂ ਉਸ ਵਲ ਵੇਖਿਆ। ਉਹ ਬੋਲਿਆ, “ਮੈਂ ਅਬੂ ਜਮਾਇਆ ਆਂ। ਤੇਰਾ ਨਵਾਂ ਮਾਲਕ। ਮੈਂ ਤੈਨੂੰ ਹਾਜੀ ਸਲਮਾਨ ਤੋਂ ਖਰੀਦਿਆ ਸੀ। ਫਿਰ ਗਾਰਡ ਤੈਨੂੰ ਲੈਣ ਭੇਜਿਆ ਸੀ ਪਰ ਤੁਸੀਂ ਦੋਹਾਂ ਨੇ ਤਾਂ ਕਮਾਲ ਈ ਕਰ ਦਿੱਤੀ…।” ਗੱਲ ਕਰਦਾ ਉਹ ਰੁਕਿਆ ਤਾਂ ਮੈਂ ਬੜੀ ਹੈਰਾਨ ਹੋਈ। ਨਾਲ ਹੀ ਮੈਨੂੰ ਇਹ ਜਾਣਨ ਦੀ ਉਤਸਕਤਾ ਹੋਈ ਕਿ ਗਾਰਡ ਬਾਰੇ ਜਾਂ ਕਾਦਰ ਬਾਰੇ ਇਸ ਨੂੰ ਕੀ ਅਤੇ ਕਿਸ ਤਰ੍ਹਾਂ ਦੀ ਜਾਣਕਾਰੀ ਹੈ। ਉਸ ਨੇ ਆਪਣੇ ਨਾਲ ਦੇ ਵਲ ਵੇਖਦਿਆਂ ਦੱਸਣਾ ਸ਼ੁਰੂ ਕੀਤਾ, “ਪਹਿਲਾਂ ਮੇਰਾ ਹੀ ਗਾਰਡ ਮੈਨੂੰ ਧੋਖਾ ਦੇ ਕੇ ਇਸ ਨੂੰ ਲੈ ਕੇ ਭੱਜ ਨਿਕਲਿਆ। ਅੱਗੋਂ ਇਹ ਵੀ ਚਤਰ ਨਿਕਲੀ, ਗਾਰਡ ਨੂੰ ਚਕਮਾ ਦੇ ਫਰਾਰ ਹੋ ਗਈ। ਭਲਾ ਹੋਵੇ, ਉਸ ਔਰਤ ਦਾ ਜਿਸ ਕੋਲ ਇਸ ਨੇ ਜਾ ਕੇ ਪਨਾਹ ਮੰਗੀ ਸੀ। ਉਸ ਨੇ ਝੱਟ ਇਤਲਾਹ ਕਰ ਦਿੱਤੀ। ਉਹ ਇਸ ਨੂੰ ਫੜ ਕੇ ਇਥੇ ਲੈ ਆਏ। ਇਥੋਂ ਪੜਤਾਲ ਕਰਦਿਆਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਮੇਰੀ ਗੁਲਾਮ ਐ।”
“ਜਨਾਬ, ਤੁਹਾਡਾ ਗਾਰਡ ਕਿਥੇ ਐ ਹੁਣ?” ਉਸ ਦੇ ਕੋਲ ਬੈਠੇ ਨੇ ਪੁੱਛਿਆ ਤਾਂ ਅਬੂ ਜਮਾਇਆ ਦੱਸਣ ਲੱਗਾ, “ਉਸ ਦੀ ਭਾਲ ਜਾਰੀ ਐ ਪਰ ਭੱਜ ਕੇ ਜਾਊਗਾ ਕਿਥੇ। ਸਾਡੀ ਇਸਲਾਮਕ ਸਟੇਟ ਦੇ ਹੱਥ ਬੜੇ ਲੰਬੇ ਨੇ। ਅਸੀਂ ਤਾਂ ਉਸ ਨੂੰ ਪਤਾਲ ‘ਚੋਂ ਵੀ ਕੱਢ ਲਿਆਉਣਾ।”
ਸੁਣ ਕੇ ਮੈਨੂੰ ਚੈਨ ਆਇਆ ਕਿ ਨਾ ਤਾਂ ਕਾਦਰ ਦਾ ਕਿਧਰੇ ਨਾਂ ਆਉਂਦਾ ਹੈ ਤੇ ਨਾ ਇਨ੍ਹਾਂ ਨੂੰ ਗਾਰਡ ਨਾਲ ਵਾਪਰੇ ਹਾਦਸੇ ਦਾ ਪਤਾ ਹੈ।
ਫਿਰ ਉਸ ਨੇ ਮੈਨੂੰ ਨਾਲ ਤੋਰ ਲਿਆ। ਅਸੀਂ ਬਾਹਰ ਖੜ੍ਹੀ ਕਾਰ ‘ਚ ਜਾ ਬੈਠੇ। ਅੱਧੇ ਘੰਟੇ ‘ਚ ਉਸ ਦੇ ਘਰ ਪਹੁੰਚ ਗਏ। ਉਸ ਨੇ ਝੱਟ ਕੀਮਤ ਵਸੂਲਣੀ ਸ਼ੁਰੂ ਕਰ ਦਿੱਤੀ। ਰਾਤ ਵੇਲੇ ਖਾਣ ਪੀਣ ਦਾ ਸਾਮਾਨ ਦੇ ਕੇ ਬਾਹਰੋਂ ਜੰਦਰਾ ਮਾਰ ਗਿਆ। ਮੈਂ ਅੰਦਰ ਹਨੇਰੇ ਅਤੇ ਤਪਦੇ ਘਰ ‘ਚ ਪਈ ਰਹੀ। ਦੋ ਕੁ ਘੰਟਿਆਂ ਪਿਛੋਂ ਦਰਵਾਜਾ ਖੁੱਲ੍ਹਿਆ। ਇਹ ਅਬੂ ਜਮਾਇਆ ਨਹੀਂ, ਉਸ ਦਾ ਕੋਈ ਹੋਰ ਸਾਥੀ ਸੀ। ਦੋ ਘੰਟੇ ਮੇਰੇ ਕੋਲ ਗੁਜ਼ਾਰ ਕੇ ਉਹ ਵੀ ਬਾਹਰੋਂ ਜੰਦਰਾ ਮਾਰ ਗਿਆ। ਉਸ ਪਿਛੋਂ ਕੋਈ ਹੋਰ ਆਇਆ। ਇਸ ਤਰ੍ਹਾਂ ਦਿਨ ਰਾਤ, ਕਈ ਦਿਨ ਇਵੇਂ ਹੀ ਚੱਲਦਾ ਰਿਹਾ। ਨਾ ਕਿਧਰੇ ਨਹਾਉਣ ਧੋਣ ਦਾ ਪ੍ਰਬੰਧ, ਨਾ ਢੰਗ ਦਾ ਖਾਣਾ ਪੀਣਾ। ਮਨ ਜਿਵੇਂ ਮਰ ਹੀ ਗਿਆ ਸੀ। ਸਰੀਰ ਵੀ ਬਿਮਾਰ ਸੀ। ਜੀਅ ਕਰਦਾ, ਇਹ ਹੋਰ ਵੀ ਬਿਮਾਰ ਹੋ ਜਾਵੇ ਤਾਂ ਕਿ ਇਸ ਨਰਕ ਤੋਂ ਛੇਤੀ ਖਹਿੜਾ ਛੁੱਟੇ।
ਹਫਤੇ ਕੁ ਪਿਛੋਂ ਅਬੂ ਜਮਾਇਆ ਸਵੇਰ ਵੇਲੇ ਆਇਆ ਤੇ ਤਿਆਰ ਹੋਣ ਨੂੰ ਕਿਹਾ। ਤਿਆਰ ਮੈਂ ਕੀ ਹੋਣਾ ਸੀ, ਬਸ ਆਪਣਾ ਬੈਗ ਚੁੱਕ ਲਿਆ। ਉਸ ਨੇ ਸੈਂਟਰ ਵਿਚ ਛੱਡ ਦਿੱਤਾ। ਪਤਾ ਲੱਗਾ ਕਿ ਅਬੂ ਜਮਾਇਆ ਮੈਨੂੰ ਵਾਪਸ ਸੈਂਟਰ ਕੋਲ ਹੀ ਵੇਚ ਗਿਆ ਹੈ। ਹੁਣ ਜਦੋਂ ਤੱਕ ਅਗਲੀ ਮੰਡੀ ਨਹੀਂ ਲੱਗਦੀ ਜਾਂ ਸੈਂਟਰ ‘ਚੋਂ ਕੋਈ ਹੋਰ ਮੈਨੂੰ ਖਰੀਦ ਕੇ ਨਹੀਂ ਲੈ ਜਾਂਦਾ, ਮੈਂ ਉਥੇ ਹੀ ਰਹਿਣਾ ਸੀ। ਤੀਜੇ ਦਿਨ ਮੰਡੀ ਲੱਗੀ ਪਰ ਹੈਰਾਨੀ ਦੀ ਗੱਲ ਸੀ ਕਿ ਦੋ ਘੰਟੇ ਤੱਕ ਕੋਈ ਮੇਰੇ ਵਲ ਨਾ ਆਇਆ। ਆਖਰ ‘ਤੇ ਸੱਤਰਿਆ ਬਹੱਤਰਿਆ ਡਾਕਟਰ ਇਕਬਾਲ ਨੇੜੇ ਆਇਆ ਤੇ ਇੰਟਰਵਿਊ ਲੈਣ ਲੱਗਾ। ਨਾਂ, ਉਮਰ, ਪਿਛੋਂ ਕਿਥੋਂ ਤੇ ਇਥੇ ਕਿੰਨੀ ਦੇਰ ਤੋਂ, ਵਗੈਰਾ ਵਗੈਰਾ। ਆਖਰ ਉਸ ਮੈਨੂੰ ਪਸੰਦ ਕਰ ਲਿਆ। ਫਿਰ ਉਹੀ ਸਿਲਸਿਲਾ…। ਪਹਿਲਾਂ ਉਸ ਨੇ ਉਥੇ ਪੈਸੇ ਜਮਾਂ ਕਰਵਾਏ। ਅਗਲੇ ਦਿਨ ਜੱਜ ਦੇ ਜਾ ਕੇ ਹਲਫਨਾਮਾ ਦਿੰਦਿਆਂ ਮੈਨੂੰ ਖਰੀਦ ਲਿਆ। ਉਸ ਦੇ ਘਰ ਪਹਿਲਾਂ ਹੀ ਦੋ ਗੁਲਾਮ ਕੁੜੀਆਂ ਸਨ, ਜੋ ਸਿੰਜਾਰ ਤੋਂ ਹੀ ਸਨ। ਇਸ ਡਾਕਟਰ ਦਾ ਇਸਲਾਮਕ ਸਟੇਟ ਦੇ ਉਚ ਅਧਿਕਾਰੀਆਂ ਨਾਲ ਸਿੱਧਾ ਰਾਬਤਾ ਸੀ। ਇਸ ਦੇ ਘਰ ਨਾਮੀ ਕਮਾਂਡਰ ਆਉਂਦੇ ਸਨ। ਸਾਡਾ ਕਾਗਜ਼ੀ ਮਾਲਕ ਭਾਵੇਂ ਡਾਕਟਰ ਸੀ ਪਰ ਅਸਲ ‘ਚ ਸਾਨੂੰ ਇਨ੍ਹਾਂ ਕਮਾਂਡਰਾਂ ਵਾਸਤੇ ਖਰੀਦਿਆ ਗਿਆ ਸੀ। ਉਹ ਦਿਨ ਰਾਤ ਆਉਂਦੇ, ਸਾਨੂੰ ਨੋਚਦੇ। ਫਰਾਰ ਹੋਣ ਦੀ ਸਕੀਮ ਫਿਰ ਤੋਂ ਮਨ ‘ਚ ਉਸਲਵੱਟੇ ਲੈਣ ਲੱਗੀ। ਇਸ ਦੇ ਪੂਰਾ ਹੋਣ ਦਾ ਉਦੋਂ ਹੋਰ ਵੀ ਪੱਕ ਹੋ ਗਿਆ ਜਦੋਂ ਸਾਨੂੰ ਇਕੱਲੀਆਂ ਨੂੰ ਗੱਲਾਂ ਕਰਨ ਦਾ ਵਕਤ ਮਿਲ ਗਿਆ। ਉਨ੍ਹਾਂ ‘ਚੋਂ ਵੱਡੀ ਉਮਰ ਦੀ ਕੁੜੀ ਜੋ ਚੰਗੀ ਪੜ੍ਹੀ-ਲਿਖੀ ਸੀ, ਦਾ ਨਾਂ ਵਾਅਲਾ ਸੀ। ਉਹਨੇ ਸਾਰੀ ਗੱਲ ਸੁਣਾਈ…।
ਹੁਣ ਤੱਕ ਘੱਟ ਗਿਣਤੀਆਂ, ਖਾਸਕਰ ਜਾਜ਼ੀਦੀਆਂ ‘ਤੇ ਹੋ ਰਹੇ ਜ਼ੁਲਮਾਂ ਦੀ ਕਹਾਣੀ ਦੀ ਦੁਨੀਆਂ ਭਰ ‘ਚ ਚਰਚਾ ਸੀ। ਯੂ.ਐਨ.ਓ. ਤੱਕ ਇਸ ਬਾਰੇ ਫਿਕਰਮੰਦ ਸਨ। ਦੁਨੀਆਂ ਦੀਆਂ ਕਈ ਸਮਾਜਸੇਵੀ ਜਥੇਬੰਦੀਆਂ ਇਸ ਪਾਸੇ ਸਰਗਰਮ ਹਨ। ਉਹ ਜਾਜ਼ੀਦੀ ਕੁੜੀਆਂ ਨੂੰ ਇਸਲਾਮਕ ਸਟੇਟ ਦੇ ਕਬਜ਼ੇ ‘ਚੋਂ ਆਜ਼ਾਦ ਕਰਵਾਉਣ ਲਈ ਬਹੁਤ ਕੁਝ ਕਰ ਰਹੀਆਂ ਹਨ ਪਰ ਇਸਲਾਮਕ ਸਟੇਟ ਦੇ ਅੰਦਰ ਤੱਕ ਪਹੁੰਚਣਾ ਮੁਸ਼ਕਿਲ ਹੈ। ਫਿਰ ਵੀ ਹਰ ਸ਼ਹਿਰ ‘ਚ ਇਸਲਾਮਕ ਸਟੇਟ ਦੇ ਵਿਰੋਧੀ, ਇਨ੍ਹਾਂ ਸਮਾਜਸੇਵੀ ਜਥੇਬੰਦੀਆਂ ਦੀ ਮਦਦ ਕਰ ਰਹੇ ਹਨ। ਆਂਢ-ਗੁਆਂਢ ‘ਚ ਰਹਿੰਦੀਆਂ ਕੁੜੀਆਂ ਦੀ ਜਾਣਕਾਰੀ ਕਿਸੇ ਨਾ ਕਿਸੇ ਜ਼ਰੀਏ ਖਾਸ ਤੌਰ ‘ਤੇ ਇਸੇ ਕੰਮ ਲਈ ਬਣਾਈ ਸਾਈਟ ‘ਤੇ ਪਾਉਂਦੇ ਰਹਿੰਦੇ। ਇਸ ਨਾਲ ਹੁਣ ਤੱਕ ਕਾਫੀ ਕੁੜੀਆਂ ਆਜ਼ਾਦ ਕਰਵਾ ਲਈਆਂ ਹਨ ਪਰ ਵੱਡਾ ਅੜਿੱਕਾ ਇਸਲਾਮਕ ਸਟੇਟ ਦਾ ਤਸ਼ੱਦਦ ਹੈ। ਜਿਸ ਬਾਰੇ ਰਤਾ ਕੁ ਵੀ ਸ਼ੱਕ ਹੁੰਦਾ ਤਾਂ ਸਣੇ ਪਰਿਵਾਰ ਉਸ ਨੂੰ ਮਾਰ ਮੁਕਾਉਂਦੇ। ਹੁਣ ਤੱਕ ਤਕੜਾ ਨੈਟਵਰਕ ਬਣ ਚੁਕਾ ਹੈ ਜੋ ਫਰਾਰ ਹੋਈਆਂ ਕੁੜੀਆਂ ਦਾ ਰਾਹ ਦਸੇਰਾ ਬਣਦਾ ਹੈ। ਸਭ ਤੋਂ ਵੱਡੀ ਮੁਸ਼ਕਿਲ ਕੁੜੀਆਂ ਨੂੰ ਇਸਲਾਮਕ ਸਟੇਟ ਵਾਲਿਆਂ ਦੇ ਘਰਾਂ ‘ਚੋਂ ਕੱਢਣਾ ਹੈ। ਵਾਅਲਾ ਹੋਰਾਂ ਦਾ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਰਾਹੀਂ ਨੈਟਵਰਕ ‘ਚ ਨਾਂ ਆ ਗਿਆ ਸੀ। ਵਾਅਲਾ ਨੂੰ ਗੁਪਤ ਫੋਨ ਵੀ ਪਹੁੰਚ ਗਿਆ ਸੀ। ਇਹ ਕੂੜਾ ਢੋਣ ਵਾਲੇ ਟਰੈਕਟਰ ਦੇ ਡਰਾਈਵਰ ਕਾਰਨ ਸੰਭਵ ਹੋਇਆ ਸੀ। ਵਾਅਲਾ ਨੇ ਉਸੇ ਨੂੰ ਆਪਣੇ ਰਿਸ਼ਤੇਦਾਰ ਦਾ ਫੋਨ ਨੰਬਰ ਦਿੱਤਾ ਸੀ। ਰਿਸ਼ਤੇਦਾਰ ਨਾਲ ਗੱਲਬਾਤ ਹੋਈ ਤਾਂ ਸਕੀਮ ਅਗਾਂਹ ਵਧੀ। ਫਿਰ ਮੁਸ਼ਕਿਲ ਇਹ ਆਈ ਕਿ ਵਾਅਲਾ ਹੋਰਾਂ ਨੂੰ ਉਸ ਘਰ ‘ਚੋਂ ਬਾਹਰ ਕਿਵੇਂ ਕੱਢਿਆ ਜਾਵੇ, ਕਿਉਂਕਿ ਘਰ ਦੀ ਨਿਸ਼ਾਨਦੇਹੀ ਨਹੀਂ ਸੀ। ਨੇੜੇ ਕਾਫੀ ਵੱਡਾ ਹਸਪਤਾਲ ਸੀ ਜਿਥੇ ਜ਼ਿਆਦਾ ਮਰੀਜ਼ ਇਸਲਾਮਕ ਸਟੇਟ ਦੇ ਲੜਾਕੇ ਹੀ ਹੁੰਦੇ ਸਨ। ਸਾਰਾ ਇਲਾਕਾ ਇਸਲਾਮਕ ਸਟੇਟ ਦਾ ਗੜ੍ਹ ਸੀ। ਫਿਰ ਨੈਟਵਰਕ ਦੇ ਕਿਸੇ ਬੰਦੇ ਨੇ ਵਾਅਲਾ ਨੂੰ ਗੁਪਤ ਸੁਨੇਹਾ ਭੇਜਿਆ ਕਿ ਉਹ ਕਿਸੇ ਬਹਾਨੇ ਹਸਪਤਾਲ ਆਵੇ। ਉਥੇ ਉਹ ਬੰਦਾ ਉਸ ਨੂੰ ਵੇਖੇਗਾ। ਫਿਰ ਉਹ ਉਸ ਦੇ ਮਗਰ ਮਗਰ ਡਾ. ਇਕਬਾਲ ਦੇ ਘਰ ਦੀ ਨਿਸ਼ਾਨਦੇਹੀ ਕਰੇਗਾ। ਜਦੋਂ ਇਕ ਵਾਰ ਉਸ ਘਰ ਦਾ ਪਤਾ ਲੱਗ ਗਿਆ ਤਾਂ ਉਹ ਅੱਗੇ ਦੀ ਕਾਰਵਾਈ ਕਰਨਗੇ।
ਜਦੋਂ ਸਾਰੀ ਗੱਲ ਸੁਣੀ ਤਾਂ ਮੈਂ ਬੜੀ ਹੈਰਾਨ ਹੋਈ ਤੇ ਪ੍ਰਸ਼ੰਸਾ ਕਰਦਿਆਂ ਵਾਅਲਾ ਨੂੰ ਕਿਹਾ, “ਵਾਅਲਾ, ਤੂੰ ਕਮਾਲ ਕਰ ਦਿੱਤੀ। ਇਹ ਤਾਂ ਕਿਸੇ ਨਾਲ ਇਕ ਬੋਲ ਮਿੱਠਾ ਨ੍ਹੀਂ ਬੋਲਦੇ ਪਰ ਤੂੰ ਬੁੱਢੇ ਡਾਕਟਰ ਦੀ ਅਤੀ ਨੇੜਲੀ ਬਣ ਚੁਕੀ ਐਂ।”
“ਆਸਮਾ, ਵਕਤ ਬੜਾ ਕੁਛ ਸਿਖਾ ਦਿੰਦੈ। ਮੈਂ ਤੁਹਾਡੇ ਤੋਂ ਬਹੁਤ ਪਹਿਲਾਂ ਦੀ ਇਸ ਨਰਕ ‘ਚ ਆਈ ਹੋਈ ਆਂ। ਕਈ ਥਾਂਈਂ ਜਾਣ ਪਿਛੋਂ ਜਦੋਂ ਇਹ ਬੁੱਢਾ ਮਿਲਿਆ ਤਾਂ ਸੋਚਿਆ, ਇਸ ਦਾ ਦਿਲ ਜਿੱਤਾਂ। ਹੌਲੀ-ਹੌਲੀ ਮੈਂ ਉਸ ਦਾ ਵਿਸ਼ਵਾਸ ਪਾਉਣ ‘ਚ ਕਾਮਯਾਬ ਰਹੀ ਆਂ; ਤਾਂ ਹੀ ਇਹ ਸਕੀਮ ਇਥੇ ਤੱਕ ਪਹੁੰਚੀ ਐ। ਹੁਣ ਜੇ ਸਿਰੇ ਚੜ੍ਹ ਜਾਵੇ ਤਾਂ ਆਪਾਂ ਤਿੰਨੋਂ ਆਜ਼ਾਦ ਹੋ ਜਾਵਾਂਗੀਆਂ।”
“ਪਰ ਕੀ ਪਤਾ ਕਿ ਇਹ ਤੈਨੂੰ ਹਸਪਤਾਲ ਲੈ ਕੇ ਜਾਵੇਗਾ ਕਿ ਨ੍ਹੀਂ?”
“ਆਪ ਭਾਵੇਂ ਨਾਲ ਨਾ ਜਾਵੇ ਪਰ ਮੈਨੂੰ ਭੇਜ ਜ਼ਰੂਰ ਦੇਵੇਗਾ। ਇਹੀ ਆਪਣਾ ਨਿਸ਼ਾਨਾ ਐਂ।”
“ਖੁਦਾ ਖੈਰ ਕਰੇ।”
ਅਸੀਂ ਗੱਲਬਾਤ ਰੋਕ ਦਿੱਤੀ, ਕਿਸੇ ਦੇ ਆਉਣ ਦਾ ਖੜਾਕ ਹੋਇਆ ਸੀ। ਫਿਰ ਉਸੇ ਰਾਤ ਵਾਅਲਾ ਨੂੰ ਸੁਨੇਹਾ ਮਿਲਿਆ ਕਿ ਕੱਲ੍ਹ ਨੂੰ ਦਿਨੇ ਦਸ-ਬਾਰਾਂ ਵਜੇ ਦੌਰਾਨ ਹਸਪਤਾਲ ਜਾਵੇ। ਵਾਅਲਾ ਨੇ ਰਾਤ ਵੇਲੇ ਹੀ ਪੀੜ ਦਾ ਡਰਾਮਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਡਾ. ਇਕਬਾਲ ਨੇ ਉਸ ਨੂੰ ਹਸਪਤਾਲ ਭੇਜਣ ਦਾ ਇੰਤਜ਼ਾਮ ਕਰ ਦਿੱਤਾ। ਮੌਕਾ ਮੇਲ ਇਹ ਬਣਿਆ ਕਿ ਆਖਰ ਵੇਲੇ ਕੋਈ ਨਾ ਬਹੁੜਿਆ ਤਾਂ ਡਾਕਟਰ ਆਪ ਹੀ ਵਾਅਲਾ ਨੂੰ ਲੈ ਤੁਰਿਆ। ਉਤੋਂ ਉਸ ਨੇ ਦੂਸਰੀ ਕੁੜੀ ਨੂੰ ਵੀ ਨਾਲ ਲੈ ਲਿਆ। ਉਹ ਸਹੀ ਸਮੇਂ ਹਸਪਤਾਲ ਚਲੇ ਗਏ। ਵਾਅਲਾ ਨੂੰ ਜਿਥੇ ਜਾਣ ਦਾ ਕਿਹਾ ਗਿਆ ਸੀ, ਉਥੇ ਪਹੁੰਚ ਵੀ ਗਈ। ਫਿਰ ਕੀ ਹੋਇਆ, ਕਿਸੇ ਨੂੰ ਪਤਾ ਨਹੀਂ। ਮੈਨੂੰ ਤਾਂ ਸ਼ਾਮ ਵੇਲੇ ਆਏ ਇਕ ਕਮਾਂਡਰ ਤੋਂ ਪਤਾ ਲੱਗਾ ਕਿ ਦਿਨ ਵੇਲੇ ਹਸਪਤਾਲ ‘ਤੇ ਅਮਰੀਕਨਾਂ ਨੇ ਹਵਾਈ ਹਮਲਾ ਕੀਤਾ ਹੈ। ਉਸ ਵੇਲੇ ਉਥੇ ਬਹੁਤ ਸਾਰੇ ਚੋਟੀ ਦੇ ਕਮਾਂਡਰ ਸਨ। ਕਈ ਮਾਰੇ ਗਏ। ਬੜੇ ਜ਼ਖਮੀ ਹੋਏ ਪਰ ਮੇਰੇ ਲਈ ਮਾੜੀ ਖਬਰ ਇਹ ਸੀ ਕਿ ਉਸ ਹਮਲੇ ‘ਚ ਵਾਅਲਾ, ਦੂਸਰੀ ਕੁੜੀ ਅਤੇ ਡਾਕਟਰ ਸਭ ਮਾਰੇ ਗਏ। ਪਲੈਨ ਇਥੇ ਹੀ ਖਤਮ ਹੋ ਗਈ। ਉਸੇ ਸ਼ਾਮ ਡਾਕਟਰ ਦੇ ਘਰ ਹੋਰ ਕਮਾਂਡਰਾਂ ਦੀ ਮੀਟਿੰਗ ਹੋਈ। ਸਾਰੇ ਹਤਾਸ਼ ਸਨ, ਕਿਉਂਕਿ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਗਿਆ ਸੀ। ਉਨ੍ਹਾਂ ਦੀਆਂ ਗੱਲਾਂ ਨਾਲ ਮੈਨੂੰ ਕੋਈ ਮਤਲਬ ਨਹੀਂ ਸੀ ਪਰ ਜਦੋਂ ਵਿਚ ਮੇਰਾ ਜ਼ਿਕਰ ਆ ਗਿਆ ਤਾਂ ਮੈਂ ਚੁਕੰਨੀ ਹੋ ਕੇ ਸੁਣਨ ਲੱਗੀ। ਕੋਈ ਕਹਿ ਰਿਹਾ ਸੀ, “ਆਪਣਾ ਬੜਾ ਨੁਕਸਾਨ ਹੋ ਗਿਐ। ਬੜੇ ਵੱਡੇ ਕਮਾਂਡਰ ਸ਼ਹੀਦ ਹੋ ਗਏ ਪਰ ਬਹੁਤਾ ਦੁੱਖ ਇਹ ਐ ਕਿ ਆਪਣਾ ਉਚ ਕੋਟੀ ਦਾ ਅਧਿਕਾਰੀ ਡਾ. ਇਕਬਾਲ ਸ਼ਹੀਦ ਹੋ ਗਿਆ।”
“ਇਹ ਘਾਟਾ ਕਦੇ ਵੀ ਪੂਰਾ ਨ੍ਹੀਂ ਹੋਣਾ।”
“ਹਾਜੀ ਅਮਰ, ਤੇਰਾ ਇਸ ਘਰ ਬਾਰੇ ਕੀ ਖਿਆਲ ਐ?” ਕਿਸੇ ਹੋਰ ਕਮਾਂਡਰ ਨੇ ਪੁੱਛਿਆ।
“ਸਾਨੂੰ ਇਹ ਟਿਕਾਣਾ ਛੱਡ ਦੇਣਾ ਚਾਹੀਦਾ। ਨਾਲੇ ਮੇਰਾ ਕੰਮ ਤਾਂ ਸੀਰੀਆ ਵਾਲਾ। ਉਥੇ ਦੇ ਜਹਾਦੀ ਭਰਾਵਾਂ ਨੂੰ ਗੁਲਾਮ ਕੁੜੀਆਂ ਦੀ ਲੋੜ ਐ। ਮੈਂ ਉਡੀਕ ਰਿਹਾਂ ਕਿ ਪੂਰੇ ਟਰੱਕ ਦਾ ਲੋਡ ਬਣ ਜਾਵੇ, ਫਿਰ ਹੀ ਉਧਰ ਜਾਵਾਂ।” ਹਾਜੀ ਅਮਰ ਦਾ ਉਤਰ ਸੀ।
“ਤੇਰਾ ਟੀਚਾ ਕੀ ਐ ਤੇ ਕਮੀ ਕੀ ਐ?”
“ਬਸ ਕੁਛ ਕੁ ਕੁੜੀਆਂ ਹੋਰ ਮਿਲ ਜਾਣ।”
“ਇਕ ਤਾਂ ਇਥੇ ਈ ਐ, ਤੂੰ ਲੈ ਜਾਹ।”
“ਪਰ ਇਹ ਤਾਂ ਡਾ. ਇਕਬਾਲ ਦੀ ਗੁਲਾਮ ਸਾਬੀਆ ਐ। ਮੈਂ ਕੁਛ ਨ੍ਹੀਂ ਕਹਿ ਸਕਦਾ।”
“ਡਾਕਟਰ ਤਾਂ ਹੁਣ ਰਿਹਾ ਨ੍ਹੀਂ। ਹੁਣ ਇਹ ਇਸਲਾਮਕ ਸਟੇਟ ਦੀ ਮਲਕੀਅਤ ਐ। ਤੂੰ ਲੈ ਜਾ, ਕਾਗਜ਼ੀ ਕਾਰਵਾਈ ਆਪੇ ਪੂਰੀ ਕਰ ਲਾਂਗੇ।”
“ਠੀਕ ਐ ਫਿਰ। ਦੋ ਗੁਲਾਮ ਮੇਰੇ ਘਰ ਹਨ, ਇਕ ਇਹ ਹੋ ਜਾਊ ਤੇ 55 ਸ਼ਹਿਰ ਵਿਚਲੇ ਸੈਂਟਰ ‘ਚ ਡੱਕੀਆਂ ਹੋਈਆਂ ਨੇ। ਸੱਠ ਹੁੰਦਿਆਂ ਈ ਮੈਂ ਤੁਰ ਜਾਵਾਂਗਾ। ਨ੍ਹੀਂ ਤਾਂ ਇੰਨੀਆਂ ਈ ਲੈ ਜਾਵਾਂਗਾ। ਹੁਣ ਹੋਰ ਉਡੀਕ ਨ੍ਹੀਂ ਕਰ ਸਕਦੇ।”
“ਕਦੋਂ ਤੱਕ ਜਾਣਾ ਐਂ ਸੀਰੀਆ ਵਲ?”
“ਇਸੇ ਹਫਤੇ ਦੇ ਅਖੀਰ ‘ਤੇ। ਚਲੋ ਸੱਦੋ ਇਸ ਲੌਂਡੀਆ ਨੂੰ।”
ਸੀਰੀਆ ਜਾਣ ਦਾ ਸੁਣ ਕੇ ਰੌਂਗਟੇ ਖੜ੍ਹੇ ਹੋ ਗਏ। ਮੈਨੂੰ ਪਤਾ ਸੀ, ਇਕ ਵਾਰ ਸੀਰੀਆ ਗਈ ਤਾਂ ਮੁੜ ਕੇ ਆਉਣ ਦਾ ਸੁਆਲ ਹੀ ਨਹੀਂ। ਇਥੋਂ ਫਰਾਰ ਹੋਣ ਦੀ ਉਮੀਦ ਤਾਂ ਕੀਤੀ ਜਾ ਸਕਦੀ ਸੀ ਪਰ ਸੀਰੀਆ ਤੋਂ ਬਿਲਕੁਲ ਨਹੀਂ। ਉਦੋਂ ਹੀ ਇਕ ਮਿਲੀਟੈਂਟ ਮੇਰੇ ਦਰਵਾਜੇ ‘ਤੇ ਆ ਖੜ੍ਹਾ ਹੋਇਆ ਤੇ ਨਾਲ ਚੱਲਣ ਨੂੰ ਕਿਹਾ। ਮੈਂ ਉਠ ਕੇ ਤੁਰ ਪਈ। ਅੱਗੇ ਪੰਜ ਸੱਤ ਕਮਾਂਡਰ ਬੈਠੇ ਸਨ। ਇਕ ਨੇ ਖੜ੍ਹੇ ਹੁੰਦਿਆਂ ਕਿਹਾ, “ਮੈਂ ਹਾਜੀ ਅਮਰ ਆਂ। ਅੱਜ ਤੋਂ ਬਾਅਦ ਤੂੰ ਮੇਰੀ ਗੁਲਾਮ ਸਾਬੀਆ ਐਂ। ਆਪਣਾ ਸਮਾਨ ਚੁੱਕ ਲੈ।”
ਮੇਰਾ ਸਾਮਾਨ, ਬੈਗ ਮੇਰੇ ਮੋਢੇ ਲਟਕ ਰਿਹਾ ਸੀ। ਹਾਜੀ ਅਮਰ ਮੈਨੂੰ ਬਾਹਰ ਲੈ ਤੁਰਿਆ ਤੇ ਮੈਂ ਉਸ ਦੀ ਕਾਰ ‘ਚ ਬਹਿ ਗਈ।
(ਚਲਦਾ)