ਦਸੰਵਰੀ ਦੀ ਦਾਸਤਾਨ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸੰਵੇਦਨਾ ਦੀ ਗੱਲ ਕਰਦਿਆਂ ਕਿਹਾ ਸੀ, “ਸੰਵੇਦਨਾ, ਸੋਹਣੇ ਕਿਰਦਾਰ ਦਾ ਸਿਖਰ, ਸਦੀਵੀ ਪੈੜਾਂ ਵਿਚ ਪਸਰੀ ਸੁੰਦਰਤਾ ਅਤੇ ਸੁਹੰਢਣੇ ਪਲਾਂ ਵਿਚ ਘਰ ਕਰ ਬੈਠੀ ਅਪਣੱਤ।” ਉਨ੍ਹਾਂ ਨੂੰ ਅਫਸੋਸ ਹੈ, “ਸੰਵੇਦਨਾ ਦੀ ਤੋਟ ਹੀ ਏ ਕਿ ਮਨੁੱਖ ਨੇ ਫੈਲਰਨ ਦੀ ਥਾਂ ਸੁੰਗੜਨਾ ਸ਼ੁਰੂ ਕਰ ਦਿਤਾ। ਘਰਾਂ ਨੂੰ ਪੱਥਰ ਬਣਾ ਲਿਆ ਏ, ਜਿਸ ਵਿਚ ਰਹਿੰਦੇ ਨੇ ਪੱਥਰ-ਲੋਕ।…ਸੰਵੇਦਨਾ ਦੀ ਅਣਹੋਂਦ ਵਿਚੋਂ ਹੀ ਕਮੀਨਗੀ,

ਕੁਹਜ, ਕੁਰਖਤਾ ਅਤੇ ਕਤਲਾਂ ਵਰਗੀਆਂ ਅਲਾਮਤਾਂ ਸੰਸਾਰ ਦੀ ਝੋਲੀ ਵਿਚ ਖੇਡਦੀਆਂ, ਦੁਨੀਆਂ ਨੂੰ ਅੱਗ ਦੇ ਢੇਰ ‘ਤੇ ਬਿਠਾ ਗਈਆਂ।” ਹਥਲੇ ਲੇਖ ਦਾ ਸਿਰਲੇਖ ਪੜ੍ਹਦਿਆਂ ਪਾਠਕ ਹੈਰਾਨ ਹੁੰਦਾ ਹੈ ਕਿ ਭਲਾ ਦਸੰਵਰੀ ਕੀ ਹੋਇਆ! ਫਿਰ ਜਦੋਂ ਡਾ. ਭੰਡਾਲ ਦੱਸਦੇ ਹਨ ਕਿ ਦਸੰਬਰ ਤੋਂ ਜਨਵਰੀ ਵਿਚ ਪੈਰ ਧਰਨ ਵਿਚਾਲੇ ਫਾਸਲਾ ਇਕ ਪਲ ਦਾ ਹੀ ਹੈ, ਪਰ ਸਾਲ 2018 ਤੋਂ ਬਦਲ ਕੇ 2019 ਹੋ ਜਾਵੇਗਾ, ਹੋਈ ਨਾ ਫਿਰ ਦਸੰਵਰੀ! ਉਹ ਕਹਿੰਦੇ ਹਨ, “ਨਵੇਂ ਸੂਰਜ ਦੀ ਪਹਿਲੀ ਕਿਰਨ ਦੀ ਨਵੀਆਂ ਸੰਭਾਵਨਾਵਾਂ ਸੰਗ ਦਰ ‘ਤੇ ਦਿਤੀ ਦਸਤਕ।…ਦਸੰਬਰ, ਡੁੱਬ ਰਹੇ ਸੂਰਜ ਦੀ ਗਹਿਰ ਜਦ ਕਿ ਜਨਵਰੀ ਚੜ੍ਹਦੇ ਸੂਰਜ ਦੀ ਲਾਲੀ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਦਸੰਵਰੀ, ਦਸੰਬਰ ਤੇ ਜਨਵਰੀ ਦਾ ਸੁਮੇਲ। ਦੋਹਾਂ ਦੀ ਅਮਿੱਟ ਨੇੜਤਾ। ਇਕ ਦੂਜੇ ਨੂੰ ਮਿਲਣ ਅਤੇ ਵਿਛੜਨ ਦੀ ਨਿਰੰਤਰਤਾ। ਆਪਸੀ ਸਾਂਝ ਪਾਲਦਿਆਂ ਹੀ ਇਕ ਦਾ ਅਰੰਭ ਅਤੇ ਦੂਜੇ ਦਾ ਸਮਾਪਤੀ ਸਮਾਗਮ।
ਦਸੰਬਰ ਤੇ ਜਨਵਰੀ ਦੇ ਮਿਲਣ ਬਿੰਦੂ ‘ਚੋਂ ਹੁੰਦਾ ਹੈ, ਦਸੰਵਰੀ ਦਾ ਆਗਾਜ਼। ਮਿਲਣ-ਰਾਤ ਵਿਚ ਜਸ਼ਨਾਂ ਰਾਹੀਂ ਇਕ ਨੂੰ ਅਲਵਿਦਾ ਅਤੇ ਦੂਸਰੇ ਦੀ ਆਮਦ। ਇਹ ਜਸ਼ਨ-ਜਲੌਅ ਹਰ ਰੰਗ ਨੂੰ ਫਿੱਕਾ ਕਰਦੇ। ਜਸ਼ਨਾਂ ‘ਚ ਮਧਮ ਪੈ ਜਾਂਦੀ ਪਿਛਲੇ ਸਾਲ ਦੀਆਂ ਦੁਸ਼ਵਾਰੀਆਂ ਅਤੇ ਅਸਫਲਤਾਵਾਂ ਦੀ ਕਸਕ। ਕਠਿਆਈਆਂ ਤੇ ਪੀੜਾ, ਆਪਣਿਆਂ ਦੇ ਮੋਢੇ ਲੱਗ ਰੋਂਦਿਆਂ ਦਿਲ ਦੀ ਵੇਦਨਾ। ਕਿਸੇ ਦੇ ਖੇੜਿਆਂ ਵਿਚੋਂ ਖੁਦ ਦੀ ਖੁਸ਼ੀ ਨੂੰ ਨਵੇਂ ਅਰਥ ਦੇਣ ਦੀ ਕੀਮਤੀ ਕਵਾਇਦ। ਦਸੰਬਰ ਅਤੇ ਜਨਵਰੀ ਜਦ ਦਸੰਵਰੀ ਦਾ ਰੂਪ ਵਟਾਉਂਦੇ ਤਾਂ ਸਮਿਆਂ ਦੀ ਸਰਦਲ ‘ਤੇ ਇਕ ਸਾਲ ਦੇ ਬੀਤਣ ਦਾ ਜਸ਼ਨ ਮਨਾਉਂਦੇ ਅਤੇ ਦੂਸਰੇ ਦੇ ਸ਼ੁਭ-ਅਰੰਭ ਦੀ ਆਰਤੀ ਗਾਉਂਦੇ।
ਇਕ ਪਲ ਦੇ ਅੰਤਰ ਵਿਚ ਦਸੰਬਰ ਦਾ ਜਨਵਰੀ ‘ਚ ਤਬਦੀਲ ਹੋਣਾ, ਬਹੁਤ ਕੁਝ ਤਬਦੀਲ ਕਰ ਦਿੰਦਾ। ਰੁੱਤ ਦੀ ਇਕਸਾਰਤਾ ਹੁੰਦਿਆਂ ਵੀ ਬਹੁਤ ਕੁਝ ਵੱਖਰਾ ਦੋਹਾਂ ਦੇ ਹਿੱਸੇ ਆਉਂਦਾ। ਇਸ ਵਖਰੇਵੇਂ ਕਾਰਨ ਹੀ ਦੋਵੇਂ ਮਹੀਨੇ ਆਪੋ-ਆਪਣੀ ਵਿਲੱਖਣਤਾ ਨੂੰ ਜਿਉਂਦੇ।
ਦਸੰਬਰ ਸਾਲ ਦਾ ਆਖਰੀ ਮਹੀਨਾ, ਪੂਰੇ ਸਾਲ ਦੀਆਂ ਕੀਰਤੀਆਂ, ਕਾਰਨਾਮਿਆਂ ਦੀ ਤਫਸੀਲ ਅਤੇ ਦਸਤਾਵੇਜ਼ੀ ਤਸਵੀਰ। ਕੀਤੀਆਂ ਖੁਨਾਮੀਆਂ, ਕੁਤਾਹੀਆਂ ਦਾ ਕੱਚਾ-ਚਿੱਠਾ। ਜਨਵਰੀ, ਆਉਣ ਵਾਲੇ ਸਮੇਂ ਦੀਆਂ ਤਰਜ਼ੀਹਾਂ ਅਤੇ ਤਮੰਨਾਵਾਂ ਨੂੰ ਭਵਿੱਖੀ ਤਰਤੀਬ ਤੇ ਨਵੀਂ ਤਦਬੀਰ ਨਾਲ ਤਕਦੀਰ ਨੂੰ ਨਵੀਆਂ ਮਸਤਕ ਰੇਖਾਵਾਂ ਨਾਲ ਸਜਾਉਣਾ ਅਤੇ ਭਵਿੱਖ ਦੀ ਝੋਲੀ ਵਿਚ ਕੁਝ ਨਵਾਂ ਨਰੋਇਆ ਪਾਉਣਾ।
ਦਸੰਬਰ ਬੀਤ ਚੁਕਿਆ ਵਕਤ, ਬੀਤੇ ਦੀਆਂ ਯਾਦਾਂ ਦੀ ਰੰਗਲੀ ਫੁਲਕਾਰੀ ਲੈ, ਆਖਰੀ ਅਲਵਿਦਾਈ ਲਈ ਹੱਥ ਹਿਲਾਉਂਦਾ ਜਦ ਕਿ ਜਨਵਰੀ ਨਵੀਆਂ ਆਸਾਂ ਤੇ ਵਿਸ਼ਵਾਸ ਨਾਲ ਨਵੀਆਂ ਬੁਲੰਦਗੀਆਂ ਦਾ ਮਾਣਮੱਤਾ ਹਰਫ ਬਣਨ ਲਈ ਆਉਣ ਵਾਲੇ ਸਮੇਂ ਨੂੰ ਖੁਸ਼-ਆਮਦੀਦ ਕਹਿੰਦਿਆਂ ਹੱਥ ਹਿਲਾਉਂਦਾ।
ਦਸੰਬਰ ਸਾਲ ਦੇ ਬੀਤਣ ਦਾ ਆਖਰੀ ਲਮਹਾ ਜਦ ਕਿ ਜਨਵਰੀ ਨਵੇਂ ਸਾਲ ਦੇ ਚੜ੍ਹਨ ਦੀ ਸ਼ਗਨੀ ਸ਼ੁਰੂਆਤ। ਦਸੰਬਰ ਪੈ ਰਹੀਆਂ ਤ੍ਰਿਕਾਲਾਂ, ਡੁੱਬ ਰਿਹਾ ਸੂਰਜ ਅਤੇ ਉਤਰ ਰਹੀ ਰਾਤ ਦੀ ਖੁਮਾਰੀ ਜਦ ਕਿ ਜਨਵਰੀ ਨਵੇਂ ਸਾਲ ਨੂੰ ਚਾਵਾਂ ਤੇ ਸੱਧਰਾਂ ਨਾਲ ਜੀ ਆਇਆਂ ਕਹਿਣ ਦੀ ਤਿਆਰੀ। ਸਰਘੀ ਦਾ ਆਮਦ ਵੇਲਾ, ਪਹੁ-ਫੁਟਾਲੇ ਦੀ ਆਸ ‘ਚ ਪੂਰਬ ਵੰਨੀਂ ਲੱਗੀਆਂ ਅੱਖੀਆਂ। ਨਵੇਂ ਸੂਰਜ ਦੀ ਪਹਿਲੀ ਕਿਰਨ ਦੀ ਨਵੀਆਂ ਸੰਭਾਵਨਾਵਾਂ ਸੰਗ ਦਰ ‘ਤੇ ਦਿਤੀ ਦਸਤਕ।
ਦਸੰਬਰ ਬੀਤ ਚੁੱਕੇ ਗਿਆਰਾਂ ਮਹੀਨਿਆਂ ਵਿਚ ਲਏ ਅਤੇ ਪੂਰੇ ਹੋਏ ਸੁਪਨਿਆਂ ਦੀ ਪੂਰਤੀ ਦਾ ਜਸ਼ਨ ਜਦ ਕਿ ਜਨਵਰੀ ਨੈਣਾਂ ਵਿਚ ਸਜਾਏ ਸੰਦਲੀ ਸੁਪਨਿਆਂ ਦੀ ਰਾਂਗਲੀ ਤਸ਼ਬੀਹ, ਜਿਸ ਨੇ ਬਣਨਾ ਹੈ, ਆਉਣ ਵਾਲੇ ਵਕਤ ਦੀ ਤਰਜ਼ੀਹ।
ਦਸੰਬਰ ਦਾ ਜਨਵਰੀ ਵਿਚ ਤਬਦੀਲ ਹੋਣ ਲਈ ਸਿਰਫ ਇਕ ਪਲ ਦਾ ਵਕਫਾ। ਅੱਜ ਦਾ ਹੋ ਜਾਣਾ ਕੱਲ ਜਦ ਕਿ ਜਨਵਰੀ ਨੂੰ ਦਸੰਬਰ ਤੀਕ ਪਹੁੰਚਣ ਲਈ ਲੱਗ ਜਾਂਦੇ ਨੇ ਗਿਆਰਾਂ ਮਹੀਨੇ।
ਦਸੰਬਰ ਤੋਂ ਜਨਵਰੀ ਤੀਕ ਦਾ ਸਫਰ ਮਿਲਣ-ਮੇਲਾ, ਇਕ ਦੂਜੇ ਨੂੰ ਗਲੇ ਲਾਉਣ ਦੀ ਅਦਾ, ਆਪਸੀ ਗਲਵਕੜੀ ਵਿਚੋਂ ਆਉਂਦੀ ਮਹਿਕ ਨੂੰ ਸਾਹਾਂ ‘ਚ ਵਸਾਉਣਾ ਅਤੇ ਇਕ ਦੂਜੇ ਤੋਂ ਜਿੰਦ ਨੂੰ ਘੋਲ ਘੁਮਾਉਣਾ ਜਦ ਕਿ ਜਨਵਰੀ ਤੋਂ ਦਸੰਬਰ ਦਾ ਫਾਸਲਾ, ਵਿਛੜਨ ਦੀ ਰੁੱਤ ਦੀ ਆਮਦ। ਵਿਛੋੜੇ ਦੀ ਇਸ ਲੰਮੀ ਉਡੀਕ ਵਿਚ ਬਹੁਤ ਕੁਝ ਬਦਲ ਜਾਂਦਾ। ਰੁੱਤਾਂ, ਮੌਸਮ, ਮਹੀਨੇ, ਦਿਨ ਤੇ ਤਕਦੀਰਾਂ ਅਤੇ ਇਨ੍ਹਾਂ ਦੇ ਬਦਲਣ ਨਾਲ ਮਨੁੱਖੀ ਸੋਚ ਵਿਚ ਆਇਆ ਬਦਲਾਓ, ਮਨੁੱਖ ਨੂੰ ਵੀ ਬਦਲ ਦਿੰਦਾ। ਬਦਲਾਓ ਜਦ ਉਸਾਰੂ ਹੁੰਦਾ ਤਾਂ ਵਿਛੋੜੇ ਵਿਚੋਂ ਵੀ ਵਿਸਮਾਦ ਪੈਦਾ ਹੁੰਦਾ ਪਰ ਜਦ ਇਹ ਬਦਲਾਓ ਸਵੈ-ਮਾਰੂ ਹੁੰਦਾ ਤਾਂ ਵਿਛੋੜੇ ਵਿਚੋਂ ਵੀ ਵਖਤ ਦੀ ਵਹਿੰਗੀ ਢੋਣ ਲਈ ਮਜ਼ਬੂਰ ਹੋਣਾ ਪੈਂਦਾ।
ਦਸੰਬਰ ਵਿਚ ਅੰਤਰੀਵ ‘ਚ ਝਾਤੀ ਮਾਰ ਕੇ ਖੁਦ ਵਿਚੋਂ ਖੁਦ ਨੂੰ ਪਛਾਣੀਏ। ਖੁਦ ਦੀ ਫੋਲਾ-ਫਰਾਲੀ ਵਿਚੋਂ ਚੰਗਿਆਈਆਂ ਨੂੰ ਤਰਾਸ਼ ਅਤੇ ਬੁਰਿਆਈ ਨੂੰ ਨਕਾਰ, ਜਨਵਰੀ ਦੀ ਸਰਦਲ ‘ਤੇ ਪੈਰ ਧਰਾਂਗੇ ਤਾਂ ਨਵਾਂ ਸਾਲ, ਜਨਵਰੀ ਦੇ ਦਰਾਂ ਵਿਚ ਪਾਣੀ ਡੋਲੇਗਾ ਅਤੇ ਤੇਲ ਚੋਅ ਕੇ ਸ਼ਗਨ ਵੀ ਮਨਾਵੇਗਾ ਕਿਉਂਕਿ ਚੰਗਿਆਈ ਨੇ ਜਨਵਰੀ ਅਤੇ ਆਉਣ ਵਾਲੇ ਵਕਤਾਂ ਨੂੰ ਨਵੇਂ ਨਕਸ਼ ਬਖਸ਼ਣੇ ਹੁੰਦੇ।
ਦਸੰਬਰ ਘੱਟ ਰਹੇ ਦਿਨਾਂ ਦਾ ਬਿੰਬ, ਰਾਤ ਦੇ ਲੰਮੇਰੇ ਹੋਣ ਦੀ ਨਿਸ਼ਾਨੀ, ਚਾਨਣ ਤੋਂ ਦੂਰ ਜਾਂਦੀਆਂ ਪੈੜਾਂ ਅਤੇ ਹਨੇਰਿਆਂ ਵੰਨੀਂ ਤੁਰਨ ਦੀ ਕਾਹਲ ਜਦ ਕਿ ਜਨਵਰੀ, ਦਿਨਾਂ ਦਾ ਵਧਣਾ, ਰੌਸ਼ਨ ਰਾਹਾਂ ਨੂੰ ਤੁਹਾਡੇ ਨਵੇਂ ਕਰਦਾ, ਰਾਤ ਦਾ ਅੰਧੇਰਾ ਆਪਣੀ ਸਫ ਸਮੇਟਣ ਦੇ ਆਹਰ ‘ਚ, ਦਿਨ ਦਾ ਵਾਧਾ ਸਮੇਂ ਦਾ ਧੰਨਭਾਗ।
ਦਸੰਬਰ ਵਿਚ ਠੰਢ ਦਾ ਕਹਿਰ। ਧੁੰਦਾਂ-ਗੁਬਾਰਾਂ ਦੀ ਤ੍ਰਾਸਦੀ ਰਾਹਾਂ ਤੇ ਰਸਤਿਆਂ ‘ਤੇ ਫੈਲਦੀ। ਕੁੰਗੜੇ ਜਿਸਮਾਂ ‘ਚ ਸੁੰਗੜ ਜਾਂਦੇ ਚਾਅ। ਜਨਵਰੀ ਨਾਲ ਆਉਂਦੀ ਲੋਹੜੀ ਦੀ ਰੁੱਤ, ਨਿੱਘ ਤੇ ਰੌਸ਼ਨੀ ਲੈ ਕੇ ਭਾਵਨਾਵਾਂ ਨੂੰ ਗਰਮਾਉਂਦੀ ਅਤੇ ਚਾਵਾਂ ਦੀ ਝੋਲੀ ਵਿਚ ਨਿੱਘੇ ਪਲਾਂ ਦੀਆਂ ਰਿਓੜੀਆਂ ਪਾਉਂਦੀ। ਸੂਹੇ ਚਿਹਰਿਆਂ ਦਾ ਜਲਾਲ ਹੈ, ਜਨਵਰੀ ਦਾ ਕਮਾਲ। ਇਸ ਕਮਾਲ ਕਾਰਨ ਹੀ ਲੋਹੜੀ ਦੇ ਦੁਆਲੇ ਪੈਂਦੀ ਧਮਾਲ। ਖੁਸ਼ੀਆਂ ਤੇ ਖੇੜਿਆਂ ਦੀ ਸੱਤਵਰਗੀ ਆਭਾ ਵਿਚ ਨਿੱਖਰਦਾ ਏ ਵਿਹੜਾ। ਨਵੇਂ ਵਿਆਹ ਜਾਂ ਨਵ-ਜਨਮੇ ਬੱਚੇ ਦੀਆਂ ਖੁਸ਼ੀਆਂ ਨੂੰ ਸੰਗਤੀ ਰੂਪ ਵਿਚ ਮਨਾਉਣ ਲਈ ਹਰੇਕ ਨੂੰ ਹੁੰਦੀ ਜਨਵਰੀ ਦੀ ਉਡੀਕ ਅਤੇ ਦਸੰਬਰ ਦੇ ਜਲਦੀ ਤੋਂ ਜਲਦੀ ਬੀਤ ਜਾਣ ਦੀ ਦੁਆ।
ਦਸੰਬਰ ਅਤੇ ਜਨਵਰੀ ਮਹੀਨਿਆਂ ਵਿਚ ਇਕੋ ਜਿਹੇ ਦਿਨ ਪਰ ਇਕ ਪੁਰਾਣੇ ਸਾਲ ਦਾ ਆਖਰੀ ਮਹੀਨਾ ਜਦ ਕਿ ਦੂਸਰਾ ਨਵੇਂ ਸਾਲ ਦਾ ਪਹਿਲਾ ਮਹੀਨਾ। ਦੋਹਾਂ ਵਿਚ ਕੜਾਕੇ ਦੀ ਸਰਦੀ। ਦਸੰਬਰ ਵਿਚ ਸਰਦੀ ਤੋਂ ਰਾਹਤ ਦੀ ਨਾ-ਉਮੀਦੀ ਜਦ ਕਿ ਜਨਵਰੀ ਵਿਚ ਠੰਢ ਤੋਂ ਮਿਲਣ ਵਾਲੀ ਰਾਹਤ ਦੀ ਆਸ, ਜੋ ਮਨ ਨੂੰ ਭਰ ਦਿੰਦੀ ਕੋਸੇ ਅਹਿਸਾਸਾਂ ਨਾਲ।
ਦਸੰਬਰ, ਸਿੱਖਾਂ ਲਈ ਸੋਗ ਦਾ ਮਹੀਨਾ। ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਸ਼ੁਰੂ ਹੋ ਕੇ ਸਰਸਾ ਨਦੀ ‘ਤੇ ਪਰਿਵਾਰ ਦਾ ਵਿਛੜਨਾ। ਸਰਹਿੰਦ ਵਿਚ ਛੋਟੇ ਸਾਹਿਬਾਜ਼ਾਦਿਆਂ ਨੂੰ ਨੀਂਹਾਂ ਵਿਚ ਚਿੱਣ ਕੇ ਸ਼ਹੀਦ ਕਰਨਾ ਅਤੇ ਮਾਤਾ ਗੁਜਰੀ ਜੀ ਦੀ ਦਾ ਅਕਾਲ ਚਲਾਣਾ। ਵੱਡੇ ਸਾਹਿਬਜ਼ਾਦਿਆਂ ਦਾ ਚਮਕੌਰ ਦੀ ਜੰਗ ਵਿਚ ਸੈਂਕੜੇ ਸਿੱਖਾਂ ਸਮੇਤ ਸ਼ਹੀਦ ਹੋਣਾ। ਗੁਰੂ ਗੋਬਿੰਦ ਸਿੰਘ ਜੀ ਵਲੋਂ ਸ਼ਹਾਦਤਾਂ ਦੇ ਨਵੇਂ ਕੀਰਤੀਮਾਨ ਸਥਾਪਤ ਕਰਨ ਤੋਂ ਬਾਅਦ ਵੀ ਪ੍ਰਭੂ ਦੇ ਭਾਣੇ ਵਿਚ ਰਹਿੰਦਿਆਂ ਕਹਿਣਾ,
ਮਿਤ੍ਰ ਪਿਆਰੇ ਨੂੰ
ਹਾਲ ਮੁਰੀਦਾਂ ਦਾ ਕਹਿਣਾ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ
ਨਾਗ ਨਿਵਾਸਾਂ ਦੇ ਰਹਿਣਾ॥
ਸੂਲ ਸੁਰਾਹੀ ਖੰਜਰੁ ਪਿਆਲਾ
ਬਿੰਗ ਕਸਾਈਆਂ ਦਾ ਸਹਿਣਾ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ
ਭੱਠ ਖੇੜਿਆਂ ਦਾ ਰਹਿਣਾ॥
ਇਹ ਸੰਤ ਸਿਪਾਹੀ ਦੀ ਉਚਤਮ ਮਾਨਸਿਕ ਅਵਸਥਾ ਦਾ ਚਿੱਤਰਨ ਏ, ਜਿਸ ਨੂੰ ਸਮਝਣ ਤੋਂ ਆਕੀ ਹੋਏ, ਅਸੀਂ ਗੁਮਨਾਮੀ ਹੰਢਾ ਰਹੇ ਹਾਂ। ਸਿੱਖ ਇਤਿਹਾਸ ਵਿਚ ਦਸੰਬਰ ਅਤੇ ਸ਼ਹਾਦਤ ਦਾ ਗੂੜ੍ਹਾ ਸਬੰਧ। ਇਹ ਵੇਦਨਾ ਹਰ ਸਿੱਖ ਹਿਰਦੇ ਵਿਚ ਅੱਥਰੂਆਂ ਦੀ ਬਰਸਾਤ ਕਰਦੀ, ਪਰ ਦੁਖ ਹੁੰਦਾ ਜਦ ਸੋਗ-ਸਮਾਗਮਾਂ ਵੀ ਰਾਜਸੀ ਜਸ਼ਨ ਬਣ ਜਾਂਦੇ। ਜਨਵਰੀ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ-ਜਸ਼ਨਾਂ ਨੂੰ ਮੁਖਾਤਬ। ਬੜਾ ਲੰਮਾ ਪੈਂਡਾ ਕਰਨਾ ਪਿਆ ਸੀ ਗੁਰੂ ਜੀ ਨੂੰ ਜਨਮ ਤੋਂ ਲੈ ਕੇ ਸ਼ਹਾਦਤਾਂ ਦੀ ਵਿਰਾਸਤ ਤੀਕ ਦਾ। ਜਨਮ ਤੋਂ ਸ਼ਹਾਦਤ ਤੀਕ ਦਾ ਸਫਰ ਹੈ, ਜਨਵਰੀ ਤੋਂ ਦਸੰਬਰ ਤੀਕ ਦਾ, ਜਿਸ ਵਿਚ ਸਿੱਖਾਂ ਨੂੰ ਰੱਤ ਲਿਬੜੇ ਵਰਕਿਆਂ ਰਾਹੀਂ ਇਤਿਹਾਸ ਸਿਰਜਣ ਲਈ ਖੂਨ ਦੀਆਂ ਨਦੀਆਂ ਵਹਾਉਣੀਆਂ ਪਈਆਂ ਅਤੇ ਜੁਲਮ ਦੀਆਂ ਸ਼ੂਕਦੀਆਂ ਨਦੀਆਂ ਨੂੰ ਵੀ ਚੀਰਿਆ।
ਦਸੰਬਰ ਵਿਚ ਈਸਾਈ ਧਰਮ ਦੇ ਪੈਰੋਕਾਰ ਜੀਸਸ ਕਰਾਈਸਟ ਦੇ ਜਨਮ ਦਿਨ ਨੂੰ ਕ੍ਰਿਸਮਸ ਡੇ ਵਜੋਂ ਦੁਨੀਆਂ ਭਰ ਵਿਚ ਮਨਾਉਂਦੇ। ਦੁਨੀਆਂ ਦਾ ਸਭ ਤੋਂ ਵੱਡਾ ਧਰਮ ਹੈ, ਈਸਾਈ ਮੱਤ ਜੋ ਅੱਜ ਕੱਲ ਬਾਕੀ ਧਰਮਾਂ ਵਾਂਗ ਹੀ ਵੱਖ-ਵੱਖ ਫਿਰਕਿਆਂ ਵਿਚ ਵੰਡਿਆ ਹੋਇਆ ਹੈ। ਈਸਾਈਆਂ ਲਈ ਇਸ ਦਿਨ ਦੀ ਉਡੀਕ ਵਿਚ ਸਾਲ ਬੜਾ ਲੰਬਾ ਹੋ ਜਾਂਦਾ। ਦਸੰਬਰ ਚੜ੍ਹਦੇ ਸਾਰ ਹੀ ਉਨ੍ਹਾਂ ਦੇ ਘਰਾਂ ਤੇ ਅਦਾਰਿਆਂ ਵਿਚ ਮੇਲੇ ਵਰਗੀਆਂ ਰੌਣਕਾਂ ਅਤੇ ਮਹਿਫਿਲਾਂ ਦਾ ਰੰਗ ਤਾਰੀ ਹੁੰਦਾ।
ਦਸੰਬਰ ਸਾਲ ਭਰ ਮਿਲੀਆਂ ਅਮਾਨਤਾਂ ਲਈ ਸ਼ੁਕਰਗੁਜਾਰੀ ਦਾ ਸਮਾਂ ਜਦ ਕਿ ਜਨਵਰੀ ਨਵੀਆਂ ਉਪਲਬਧੀਆਂ ਅਤੇ ਸਿਰਲੇਖਾਂ ਦੀ ਆਸ-ਅਰਦਾਸ।
ਦਸੰਬਰ ਬੀਤੇ ਦੀਆਂ ਗਲਤੀਆਂ ਵਿਚੋਂ ਸਿੱਖਣਾ, ਇਨ੍ਹਾਂ ਨੂੰ ਨਕਾਰਨਾ, ਸੁਧਾਰਨਾ ਅਤੇ ਪਿੰਡੇ ਹੰਢਾਈ ਜਿੱਲਤ-ਜ਼ਹਾਲਤ ਵਿਚੋਂ ਖੁਦ ਨੂੰ ਪਾਕ ਕਰਨਾ, ਜਦ ਕਿ ਜਨਵਰੀ ਗਲਤੀਆਂ ਨੂੰ ਗੁਣ ਵਿਚ ਤਬਦੀਲ ਕਰ, ਗੁਣਾਤਮਕ ਕੀਰਤੀਮਾਨਾਂ ਦਾ ਹਾਣੀ ਬਣਨਾ।
ਦਸੰਬਰ, ਦਕੀਆਨੂਸੀ ਸੋਚਾਂ, ਵਹਿਮਾਂ-ਭਰਮਾਂ ਅਤੇ ਸੋਗੀ ਸੁਪਨਿਆਂ ਨੂੰ ਦਫਨਾਉਣ-ਵੇਲਾ ਜਦ ਕਿ ਜਨਵਰੀ ਨਵੇਂ ਸੁਪਨਿਆਂ ਦੀ ਤਾਮੀਰਦਾਰੀ ਲਈ ਨਵੀਂ ਸੋਚ ਦਾ ਆਗਮਨ। ਸੁਪਨ-ਰੰਗਤਾ ਅਤੇ ਸੁਪਨ-ਪਰਵਾਜ਼ ਦਾ ਪੈਗਾਮ ਲੈ ਕੇ ਜਨਵਰੀ ਦੇ ਪਹਿਲੇ ਪਲ ਦੀ ਤੁਹਾਡੇ ਮਸਤਕ ‘ਤੇ ਦਸਤਕ।
ਦਸੰਵਰੀ ਸਮੇਂ ਦੀ ਨਿਰੰਤਰਤਾ ਦਾ ਪ੍ਰਮਾਣ ਅਤੇ ਵਕਤ ਦੀ ਪਛਾਣ। ਇਸ ਦੀ ਨਿਰੰਤਰਤਾ ਦੀ ਬਰਕਰਾਰੀ ਹੀ ਮਨੁੱਖ ਦਾ ਵਕਤ ਸਿਰ ਕੀਤਾ ਹੋਇਆ ਅਹਿਸਾਨ, ਜਿਸ ਦੀ ਵੱਖਰੀ ਏ ਸ਼ਾਨ।
ਦਸੰਬਰ, ਡੁੱਬ ਰਹੇ ਸੂਰਜ ਦੀ ਗਹਿਰ ਜਦ ਕਿ ਜਨਵਰੀ ਚੜ੍ਹਦੇ ਸੂਰਜ ਦੀ ਲਾਲੀ। ਦਸੰਬਰ, ਉਤਰ ਰਹੀ ਰਾਤ ਦੀ ਕਾਹਲ ਜਦ ਕਿ ਜਨਵਰੀ, ਬਨੇਰਿਆਂ ਤੋਂ ਉਤਰ ਰਹੀ ਸਵੇਰ ਦੀ ਮਟਕਵੀਂ ਤੋਰ। ਦਸੰਬਰ, ਅਲਸਾਏ ਪਲਾਂ ਦਾ ਸ਼ੋਰ ਜਦ ਕਿ ਜਨਵਰੀ, ਜਾਗਦੇ ਤੇ ਧੜਕਦੇ ਪਲਾਂ ਦੀ ਲੋਰ। ਦਸੰਬਰ, ਥੱਕੇ ਹੋਏ ਕਦਮਾਂ ਲਈ ਅਰਾਮ ਜਦ ਕਿ ਜਨਵਰੀ, ਨਵੇਲੇ ਕਦਮਾਂ ਦਾ ਨਵੀਆਂ ਪੈੜਾਂ ਉਕਰਨ ਦਾ ਐਲਾਨ। ਦਸੰਬਰ, ਨਿੰਦਰਾਏ ਦੀਦਿਆਂ ਦੇ ਕੋਏ ਜਦ ਕਿ ਜਨਵਰੀ, ਅੱਖਾਂ ਵਿਚ ਜੱਗ ਰਹੇ ਸੂਰਜੀ-ਦੀਵੇ। ਦਸੰਬਰ, ਡਾਇਰੀ ਦੇ ਆਖਰੀ ਪੰਨੇ ‘ਤੇ ਅਲਵਿਦਾ ਦੀ ਸੋਗੀ ਇਬਾਰਤ ਜਦ ਕਿ ਜਨਵਰੀ, ਨਵੀਂ ਡਾਇਰੀ ‘ਤੇ ਪਹਿਲੇ ਪੰਨੇ ‘ਤੇ ਕਵਿਤਾ ਦੀ ਇਬਾਦਤ। ਦਸੰਬਰ, ਸਾਲ ਦੇ ਪਿੰਡੇ ਤੋਂ ਪੁਰਾਣੇ ਲਿਬਾਸ ਨੂੰ ਉਤਾਰਨ ਦਾ ਅਹਿਸਾਸ ਜਦ ਕਿ ਜਨਵਰੀ, ਨਵੀਂ ਸੋਚ ਦੀ ਪਾਕੀਜ਼ਗੀ ਅਤੇ ਪ੍ਰਤੀਬੱਧਤਾ ਵਿਚ ਗੁੰਨੀ ਨਰੋਈ ਆਸ, ਜੋ ਏ ਜੀਵਨ ਦਾ ਯੁੱਗ-ਜਿਉਂਦਾ ਧਰਵਾਸ।
ਦਸੰਬਰ, ਮਾਣੀਆਂ ਸਾਂਝਾਂ ਤੇ ਦੋਸਤੀਆਂ ਦਾ ਧੰਨਵਾਦ। ਸ਼ੁਕਰਾਨੇ ਲਈ ਮਿੱਤਰਾਂ ਦੀ ਮਿਲਣ ਧਾਰਾ, ਜਦ ਕਿ ਜਨਵਰੀ ਪੁਰਾਣੀਆਂ ਸਾਂਝਾਂ ਦੇ ਨਾਲ-ਨਾਲ ਨਵੇਂ ਸਬੰਧਾਂ ਤੇ ਰਿਸ਼ਤਿਆਂ ਨੂੰ ਨਵੀਂ ਤਰਕੀਬ ਅਤੇ ਨਿਵੇਕਲੀ ਅਨੁਪਾਤ ਦੇ ਕੇ ਇਸ ਵਿਚੋਂ ਸੁਗੰਧਤ ਸਮਿਆਂ ਦੀ ਭਵਿੱਖਵਾਣੀ ਦਾ ਕਿਆਸਿਆ ਸੱਚ।
ਦਸੰਬਰ ਅੰਤ ਹੈ ਸਾਲ ਦਾ, ਜਦ ਕਿ ਜਨਵਰੀ ਆਦਿ ਹੈ ਸਾਲ ਦਾ। ਦਸੰਬਰ ਤੇ ਜਨਵਰੀ ਵੱਖ-ਵੱਖ ਹੋ ਕੇ ਵੀ ਇਕ ਦੂਜੇ ਤੋਂ ਦੂਰ ਨਹੀਂ ਰਹਿ ਸਕਦੇ। ਇਨ੍ਹਾਂ ਦੀ ਮਿਲਣ-ਰੁੱਤ ਬਾ-ਦਸਤੂਰ ਜਾਰੀ, ਪਰ ਅਸੀਂ ਇਕ ਵਾਰ ਟੁੱਟਣ ਤੋਂ ਬਾਅਦ ਮਿਲਣ ਲਈ ਉਚੇਚ ਕਰਨਾ ਹੀ ਭੁੱਲ ਜਾਂਦੇ। ਚਿਰਾਂ ਦੇ ਵਿਛੜੇ ਮਿੱਤਰਾਂ ਨੂੰ ਮਿਲਣ ਦੀ ਤਮੰਨਾ ਮਨ ਵਿਚ ਪਾਲਣਾ, ਤੁਹਾਡਾ ਸੱਜਣਾਂ ਅਤੇ ਜ਼ਿੰਦਗੀ ਪ੍ਰਤੀ ਨਜ਼ਰੀਆ ਹੀ ਬਦਲ ਜਾਵੇਗਾ।
ਦਸੰਬਰ ਤੇ ਜਨਵਰੀ ਨੂੰ ਵੱਖਰਾ ਨਾ ਸਮਝੋ ਸਗੋਂ ਇਸ ਨੂੰ ਦਸੰਵਰੀ ਦੇ ਰੂਪ ਵਿਚ ਸੋਚ-ਸਮਾਧੀ ਵਿਚ ਧਰੋਗੇ ਤਾਂ ਤੁਹਾਨੂੰ ਇਸ ਦੇ ਵਖਰੇਵੇਂ ਦੀ ਪੀੜਾ ਨਹੀਂ ਹੋਵੇਗੀ ਸਗੋਂ ਇਨ੍ਹਾਂ ਦੇ ਮਿਲਣ ਦਾ ਅਨੂਠਾ ਅਹਿਸਾਸ ਹੋਵੇਗਾ। ਵਿਛੜਨ ਰੁੱਤ ਨਾਲੋਂ ਮਿਲਣ ਰੁੱਤ ਨੂੰ ਕਿਆਸੋ, ਜੀਵਨ-ਨਾਦ ਤੁਹਾਡੀ ਜੀਵਨ-ਬੀਹੀ ਵਿਚ ਅਨਾਦੀ ਸੁਰ ਛੇੜਦਾ ਰਹੇਗਾ।
ਦਸੰਵਰੀ ਸਾਡੇ ਚੇਤਿਆਂ ਵਿਚ ਇਹ ਵੀ ਧਰਦੀ ਕਿ ਸਮੇਂ ਦੀ ਚਾਲ ਨਿਰੰਤਰ ਏ ਅਤੇ ਕਿਸੇ ਵੀ ਥਿਰ ਨਹੀਂ ਰਹਿਣਾ। ਦਸੰਬਰ ਤੋਂ ਬਾਅਦ ਜਨਵਰੀ ਅਤੇ ਫਿਰ ਦਸੰਬਰ ਨੇ ਪਰਤਣਾ ਏ। ਇਸ ਲਈ ਮਿਲਣਾ ਤੇ ਵਿਛੜਨਾ, ਸੂਰਜ ਦਾ ਡੁੱਬਣਾ ਤੇ ਚੜ੍ਹਨਾ, ਰੁੱਤ ਦਾ ਆਉਣਾ ਤੇ ਜਾਣਾ, ਬਹਾਰਾਂ ਤੇ ਪਤਝੱੜਾਂ ਦੀ ਫੇਰੀ, ਸੌਣ-ਭਾਦੋਂ ਤੇ ਜੇਠ-ਹਾੜ ਦੇ ਮੌਸਮੀ ਵਰਤਾਰੇ, ਸਰਦੀ ਤੇ ਗਰਮੀ, ਖੁਸੀਆਂ ਤੇ ਖੇੜੇ, ਦੁੱਖ ਤੇ ਸੁੱਖ, ਆਸ਼ਾ ਤੇ ਨਿਰਾਸ਼ਾ, ਹਾਸੀ ਤੇ ਉਦਾਸੀ, ਸਾਕਾਰਾਤਮਕਤਾ ਅਤੇ ਨਾਕਾਰਾਤਮਕਤਾ, ਹਾਸਲਾਂ ਦੀ ਆਮਦ ਜਾਂ ਅਸਫਲਤਾਵਾਂ ਦਾ ਆਵਾਗੌਣ, ਪ੍ਰਾਪਤੀਆਂ ਦਾ ਅਹਿਸਾਸ ਜਾਂ ਕੁਝ ਖੁੱਸਣ ਦਾ ਦਰਦ ਆਦਿ ਵਰਤਾਰਿਆਂ ਨੇ ਸਦੀਵ ਰਹਿਣਾ। ਸਿਰਫ ਲੋੜ ਹੈ ਕਿ ਅਸੀਂ ਜੀਵਨੀ ਰੰਗ-ਬਰੰਗਤਾ ਵਿਚੋਂ ਜੀਵਨ ਤੋਰ ਨੂੰ ਚਿਤਾਰੀਏ ਅਤੇ ਇਸ ਦੀ ਬਰਕਰਾਰੀ ਲਈ ਸੰਤੁਲਿਤ ਸੋਚ ਨੂੰ ਜੀਵਨ-ਸ਼ੈਲੀ ਬਣਾਈਏ।
ਦਸੰਵਰੀ, ਦਿਲਾਂ ਨੂੰ ਜੋੜਨ ਲਈ ਦੁਆ। ਭਰਾਤਰੀ ਭਾਵ ਅਤੇ ਸਮਾਜਕ ਸਬੰਧਾਂ ਵਿਚ ਪਕਿਆਈ ਲਈ ਪ੍ਰਾਰਥਨਾ। ਸਭਨਾਂ ਲਈ ਆਸ ਤੇ ਵਿਸ਼ਵਾਸ ਲਈ ਅਰਦਾਸ। ਹਰ ਵਿਹੜੇ ਵਿਚ ਚਾਵਾਂ ਤੇ ਸੱਧਰਾਂ ਦੀ ਭਰਪੂਰਤਾ ਲਈ ਅਰਜ਼ੋਈ। ਬਿਨ-ਛੱਤਿਆਂ ਲਈ ਅੰਬਰੀ ਲੋਈ। ਡਿਗਦੇ ਲਈ ਡੰਗੋਰੀ ਜਿਹੀ ਸੋਚ। ਬੇਹੋਸ਼ਿਆਂ ਦੇ ਪੱਲੇ ਵਿਚ ਪਾਈ ਜਾਣ ਵਾਲੀ ਹੋਸ਼ ਦੀ ਕਾਮਨਾ।
ਦਸੰਵਰੀ ਨੂੰ ਮੁਖਾਤਬ ਹੋਣ ਲੱਗਿਆ ਤਾਂ ਬੀਤਿਆ ਸਾਲ ਮੇਰੇ ਸਾਹਵੇਂ ਬਹੁਤ ਸਾਰੇ ਪ੍ਰਸ਼ਨ ਲੈ, ਮੈਨੂੰ ਪ੍ਰਸ਼ਨ ਹੀ ਬਣਾ ਗਿਆ:
ਉਦਾਸ ਜਿਹਾ ਹੋਇਆ ਬੀਤਿਆ ਵਰਾ੍ਹ
ਮੈਨੂੰ ਮੁਖਾਤਬ ਹੋ ਪੁੱਛਣ ਲੱਗਾ
ਜਰਾ ਕੁ ਦੱਸੀਂ,
ਮਨੁੱਖ ਨੇ ਅਜੇ ਹੋਰ ਕਿੰਨੇ ਕੁ
ਸਾਹਾਂ ਨੂੰ ਦਫਨਾਉਣਾ ਏ
ਕਿੰਨੀ ਕੁ ਜ਼ਹਿਰ ਨੂੰ
ਧਰਤੀ ‘ਚ ਮਿਲਾਉਣਾ ਏ
ਪਲੀਤ ਪਾਣੀਆਂ ਦਾ ਕਿੰਨਾ ਕੁ
ਹੋਰ ਹੱਠ ਪਰਖਣਾ ਏ
ਅਤੇ ਹੌਕਾ ਹੌਕਾ ਹੋਈ ਪੌਣ ‘ਚ
ਕਿੰਨੀਆਂ ਹੋਰ ਹਿੱਚਕੀਆਂ ਬੀਜਣੀਆਂ ਨੇ?

ਜਰਾ ਕੁ ਇਹ ਵੀ ਦੱਸੀਂ ਕਿ
ਆਦਮ-ਜਾਤ ਨੇ ਕਿੰਨੀਆਂ ਕੁ ਦੇ
ਸੁਪਨਿਆਂ ਦਾ ਚੀਰ ਹਰਨ ਕਰਨਾ ਏ,
ਕਿੰਨਿਆਂ ਦੇ ਜੀਵਨ-ਮਾਰਗ ਦੇ ਨਾਂ
ਕੰਡਿਆਂ ਦਾ ਕਫਨ ਕਰਨਾ ਏ
ਕਿੰਨਿਆਂ ਨੂੰ ਸੁਰਖ-ਰੁੱਤੇ
ਕਬਰਾਂ ਦੇ ਹਵਾਲੇ ਕਰਨਾ ਏ
ਤੇ ਕਿੰਨੀਆਂ ਡੰਗੋਰੀਆਂ ਦੀ
ਅੱਖ ਵਿਚ ਅੱਥਰੂ ਧਰਨਾ ਏ?

ਬੜੀ ਮਿਹਰਬਾਨੀ ਹੋਵੇਗੀ
ਜੇ ਇਹ ਵੀ ਦੱਸ ਦੇਵੇਂ ਕਿ
ਕਿੰਨੇ ਅੰਬਰਾਂ ਨੂੰ ਗੰਧਲਾ ਕਰਨਾ ਏ
ਕਿੰਨੇ ਸੂਰਜਾਂ ਦੀ ਕੁੱਖ ਵਿਚ ਗਮ ਧਰਨਾ ਏ
ਕਿੰਨੇ ਤਾਰਿਆਂ ਦੀ ਅਉਧ ਨਾਲ
ਖਿਲਵਾੜ ਕਰਨਾ ਏ
ਅਤੇ ਕਿੰਨਿਆਂ ਨੂੰ
ਟੁੱਟਦੇ ਤਾਰਿਆਂ ਜਿਹੀ ਮੌਤੇ ਮਾਰਨਾ ਏ?

ਦੱਸੀਂ ਤਾਂ ਸਹੀ ਕਿ
ਕਿੰਨੀਆਂ ਨੇ ਘਰੇ ਕੰਜਕਾਂ ਖੁਆਈਆਂ
ਕਿੰਨੀਆਂ ਨੇ ਕੁੱਖ ਵਿਚਲੀਆਂ
ਕੰਜਕਾਂ ਮਾਰ ਮੁਕਾਈਆਂ
ਕਿੰਨੀਆਂ ਨੂੰਹਾਂ ਅਗਨ ਭੇਟ ਹੋਈਆਂ
ਤੇ ਕਿੰਨੀਆਂ ਪਤੀਆਂ ਹੱਥੋਂ ਜਿਬਾਹ ਹੋਈਆਂ?

ਇਹ ਜਰੂਰ ਦੱਸੀਂ ਕਿ
ਕਿਹੜੇ ਰਿਸ਼ਤਿਆਂ ਵਿਚ ਤਰੇੜਾਂ ਉਗੀਆਂ
ਕਿਹੜੇ ਸਬੰਧਾਂ ਦਾ ਅਨਰਥ ਹੋਇਆ
ਕਿਹੜੇ ਸੰਗੀਆਂ ਨੇ ਆਂਦਰਾਂ ਨੂੰ ਕੋਹਿਆ
ਅਤੇ ਕਿਹੜਾ ਰਿਸ਼ਤਾ
ਹੋਂਦ ਤੋਂ ਹੀ ਮੁਨਕਰ ਹੋਇਆ?

ਹਰ ਵਾਰ
ਨਵਾਂ ਸਾਲ ਮੁਬਾਰਕ ਆਖਣ ਵਾਲਿਆ
ਮੇਰੀ ਹਿੱਕ ‘ਤੇ ਲੱਗੇ
ਜਖਮਾਂ ਦੀ ਤਵਾਰੀਖ ਪੜ੍ਹ।

ਵਾਸਤਾ ਈ!
ਇਸ ਵਾਰ ਕਿਸੇ ਨੂੰ ਪਹਿਲੇ ਸਾਲਾਂ ਵਰਗਾ
‘ਨਵਾਂ ਸਾਲ ਮੁਬਾਰਕ’ ਨਾ ਕਹੀਂ
ਨਾ ਕਹੀਂ
ਕਿਸੇ ਨੂੰ ਨਵਾਂ ਸਾਲ ਮੁਬਾਰਕ।

ਦਸੰਵਰੀ ਦੀ ਦਰਿਆ-ਦਿਲੀ ਨੂੰ ਦਿਲ ਦੇ ਨਾਮ ਕਰਨਾ, ਆਦਮੀਅਤ ਤੇ ਬੰਦਿਆਈ ਨੂੰ ਅਪਨਾਉਣ ਵਿਚ ਤੁਸੀਂ ਪਹਿਲ ਜਰੂਰ ਕਰੋਗੇ।
ਅਜਿਹੀ ਆਸ ਕਰਨਾ, ਕਲਮ ਦਾ ਹੱਕ ਤਾਂ ਹੈ।