ਬਲਜੀਤ ਬਾਸੀ
ਦੱਸੋ ਭਲਾ! ਭਰ ਸਰਦੀਆਂ ਵਿਚ ਲੋਕਾਂ ਦੀ ਠੰਡ ਨਾਲ ਕੁਲਫੀ ਜੰਮੀ ਜਾਂਦੀ ਹੈ ਤੇ ਏਧਰ ਮੈਂ ਇਸ ਦਾ ਜ਼ਿਕਰ ਕਰਕੇ ਪਾਠਕਾਂ ਵਿਚ ਹੋਰ ਕਾਂਬਾ ਛੇੜ ਰਿਹਾ ਹਾਂ। ਕੋਈ ਗੱਲ ਨਹੀਂ, ਇਨ੍ਹਾਂ ਦੇਸ਼ਾਂ ਵਿਚ ਉਲਟੀ ਗੰਗਾ ਵਹਿੰਦੀ ਹੈ। ਇਥੇ ਸਰਦੀਆਂ ਵਿਚ ਵੀ ਆਈਸ ਕਰੀਮ ਖਾਧੀ ਜਾਂਦੀ ਹੈ। ਨਾਲੇ ਜੇ ਗਰਮੀਆਂ ਵਿਚ ਚਾਹ ਗਰਮੀ ਨੂੰ ਮਾਰਦੀ ਹੈ ਤਾਂ ਕੁਲਫੀ ਕਿਉਂ ਨਹੀਂ ਠੰਡਕ ਨੂੰ ਮਾਰ ਸਕਦੀ? ਉਂਜ ਸੱਚ ਦੱਸਾਂ, ਵਿਚਲੀ ਗੱਲ ਕੁਝ ਹੋਰ ਹੈ। ਪਿਛਲੇ ਦਿਨੀਂ ਮੇਰਾ ਸੁਜਾਨ ਸਿੰਘ ਦੀ ਸ਼ਾਹਕਾਰ ਕਹਾਣੀ ‘ਕੁਲਫੀ’ ਦੁਬਾਰਾ ਪੜ੍ਹਨ ਨੂੰ ਦਿਲ ਕੀਤਾ। ਕਹਾਣੀ ਵਿਚ ਗੁਰਬਤ ਦਾ ਮਾਰਿਆ ਮੈਂ-ਪਾਤਰ ਦਾ ਬੇਟਾ ਕੁਲਫੀ ਨੂੰ ਤਰਸਦਾ ਇਸ ਲਈ ਲਿਲਕੜ੍ਹੀਆਂ ਕੱਢ ਰਿਹਾ ਹੈ,
ਪਰ ਘਰ ਵਿਚ ਭੰਗ ਭੁਜਦੀ ਹੋਣ ਕਾਰਨ ਪਿਉ ਕੁਲਫੀ ਜੋਗੇ ਪੈਸੇ ਨਹੀਂ ਜੁਟਾ ਸਕਦਾ, ਇਸ ਲਈ ਟਾਲਮਟੋਲ ਕਰ ਰਿਹਾ ਹੈ। ਬੱਚੇ ਤੋਂ ਕਿਸੇ ਤਰ੍ਹਾਂ ਖਹਿੜਾ ਛੁਡਾ ਕੇ ਖੁਦ ਸੌਣ ਲਗਦਾ ਹੈ ਤਾਂ ਜੋ ਉਸ ‘ਤੇ ਵਾਪਰਦਾ ਹੈ, ਉਸ ਦਾ ਬਿਆਨ ਲੇਖਕ ਦੇ ਸ਼ਬਦਾਂ ਵਿਚ ਹੀ ਪੜ੍ਹੋ,
“ਮਲਾਈ ਵਾਲੀ ਕੁਲਫੀ। ਠੰਢੀ-ਠਾਰ ਆਵਾਜ਼ ਵਿਚ ਕੁਲਫੀ ਵਾਲੇ ਨੇ ਹੋਕਾ ਦਿੱਤਾ। ਉਸ ਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿਚ ਗੂੰਜਦੀ ਰਹੀ। ਚਿੱਟੀ ਦੁੱਧ ਕੁਲਫੀ ਸਾਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ। ਮੇਰੇ ਮੂੰਹ ਵਿਚ ਪਾਣੀ ਆ ਗਿਆ। ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਭੈੜੀ ਹੁੰਦੀ ਹੈ। ਮੈਂ ਆਪਣੇ ਦਿਲ ਦੀ ਚਾਹ ਤੋਂ ਬਚਣ ਲਈ ‘ਕੁਲਫੀ’ ਸ਼ਬਦ ਦੀ ਬਣਤਰ Ḕਤੇ ਵਿਚਾਰ ਕਰਨ ਦੀ ਆੜ ਲੈ ਲਈ। ਕੁਫਲ ਦਾ ਅਰਥ ਜੰਦਰਾ, ਸੁਨਿਆਰਿਆਂ ਗਹਿਣਿਆਂ ਵਿਚ ਇਸ ਨੂੰ ਲਾ ਕੇ ਕੁਫਲ ਦਾ ਕੁਲਫੀ ਬਣਾ ਦਿੱਤਾ। ਕੁਲਫੀ ਨੂੰ ਵੀ ਟੀਨ ਦੇ ਸੱਚਿਆਂ ਵਿਚ ਬੰਦ ਕਰਕੇ ਜਮਾਇਆ ਜਾਂਦਾ ਹੈ-ਇਸ ਲਈ ਕੁਲਫੀ। ਤੇ ਇੱਦਾਂ ਹੌਲੀ ਹੌਲੀ, ਪਤਾ ਨਹੀਂ ਕਦੋਂ ਨੀਂਦ ਨੇ ਮੇਰਾ ਕੁਲਫੀ ਤੋਂ ਛੁਟਕਾਰਾ ਕਰ ਦਿੱਤਾ…।”
ਮੇਰਾ ਕੰਮ ਸਮਝੋ ਮੁਫਤ ਵਿਚ ਹੀ ਬਣ ਗਿਆ, ਇਸ ਵਾਰੀ ਕੁਲਫੀ ਸ਼ਬਦ ਦਾ ਹੀ ਜੰਦਰਾ ਖੋਲ੍ਹਿਆ ਜਾਵੇ, ਜਿਸ ਬਾਰੇ ਸੁਜਾਨ ਸਿੰਘ ਨੇ ਸੰਕੇਤ ਦੇ ਹੀ ਦਿੱਤਾ ਹੈ। ਆਪਾਂ ਆਪਣੇ ਬਾਲਪਨ ਵਿਚ ਜੋ ਕੁਲਫੀ ਖਾਂਦੇ ਰਹੇ ਹਾਂ, ਉਹ ਸਮਝੋ ਕੁਲਫੀ ਦਾ ਮਾਤਰ ਪ੍ਰਛਾਵਾਂ ਹੀ ਸੀ। ਇਹ ਡੱਕੇ ਦੁਆਲੇ ਜਮਾਇਆ ਹੋਇਆ ਨਿਰਾ ਰੰਗਦਾਰ ਮਿੱਠਾ ਪਾਣੀ ਹੀ ਹੁੰਦਾ ਸੀ, ਜਿਸ ਨੂੰ ਚੂਸ ਚੂਸ ਕੇ ਆਪਾਂ ਬਚਪਨ ਦੇ ਜ਼ਾਇਕੇ ਲਏ। ਅਫਸੋਸ ਹੁੰਦਾ ਸੀ ਕਿ ਕਾਸ਼ ਡੱਕਾ ਵੀ ਖਾਣਯੋਗ ਹੀ ਹੁੰਦਾ। ਅਮੀਰਜ਼ਾਦਿਆਂ ਵਾਲੀ ਮੇਵੇਦਾਰ ਕੁਲਫੀ ਦੁੱਧ ਤੋਂ ਬਣਦੀ ਹੁੰਦੀ ਹੈ। ਰਾਬੜੀ ਜਿਹੇ ਗਾੜ੍ਹੇ ਦੁੱਧ ਨੂੰ ਟੀਨ ਦੇ ਸੱਚਿਆਂ ਵਿਚ ਪਾ ਕੇ ਬਰਫ ਤੇ ਲੂਣ ਦੇ ਮਿਸ਼ਰਣ ਵਿਚਕਾਰ ਗੱਡ ਦਿੱਤਾ ਜਾਂਦਾ ਹੈ। ਮਟਕਾ ਕੁਲਫੀ ਨੂੰ ਮਟਕਿਆਂ ਵਿਚ ਰੱਖ ਕੇ ਜਮਾਇਆ ਜਾਂਦਾ ਹੈ।
ਭਾਰਤ ਵਿਚ ਖਾਣ ਪੀਣ ਵਾਲੀਆਂ ਬਹੁਤੀਆਂ ਵਧੀਆ ਚੀਜ਼ਾਂ ਜਿਵੇਂ ਸਮੋਸਾ, ਜਲੇਬੀ, ਬਰਫੀ, ਹਲਵਾ, ਸ਼ਰਬਤ, ਸ਼ਕਰਪਾਰੇ ਆਦਿ ਮੱਧ ਏਸ਼ੀਆ ਦੀ ਦੇਣ ਹਨ। ਇਹ ਖਿੱਤਾ ਪੰਜਾਬ ਦੇ ਨਾਲ ਹੀ ਲਗਦਾ ਹੋਣ ਕਰਕੇ ਕਈ ਚੰਗੇ ਚੋਸੇ ਚਿਰਾਂ ਤੋਂ ਹੀ ਭਾਰਤ ਵਿਚ ਆਉਣ ਲੱਗੇ ਸਨ, ਪਰ ਬਹੁਤਿਆਂ ਦਾ ਦਾਖਲਾ 16ਵੀਂ ਸਦੀ ਵਿਚ ਮੁਗਲ ਹਕੂਮਤ ਦੌਰਾਨ ਹੋਇਆ। ਮੁਗਲ ਬਾਦਸ਼ਾਹਾਂ ਦੇ ਖਾਨਸਾਮਿਆਂ ਨੇ ਭਾਰਤੀ ਅਤੇ ਮੱਧ ਏਸ਼ੀਆਈ ਪਕਵਾਨਾਂ ਦਾ ਮੇਲ ਕਰਾ ਕੇ ਨਵੇਂ ਵਿਅੰਜਨਾਂ ਦਾ ਵੀ ਤਜਰਬਾ ਕੀਤਾ। ਕੁਲਫੀ ਉਨ੍ਹਾਂ ਵਿਚੋਂ ਇੱਕ ਹੈ।
ਭਾਰਤ ਵਿਚ ਗਾੜ੍ਹੇ ਦੁੱਧ ਤੋਂ ਮਠਿਆਈਆਂ ਬਣਾਈਆਂ ਜਾਂਦੀਆਂ ਸਨ। ਮੁਗਲ ਖਾਨਸਾਮਿਆਂ ਨੇ ਗਾੜ੍ਹੇ ਦੁੱਧ ਵਿਚ ਮਿੱਠਾ ਪਾ ਕੇ ਜਮਾ ਦਿੱਤਾ। ਉਸ ਕਾਲ ਵਿਚ ਹਿਮਾਲਾ ਦੀਆਂ ਚੋਟੀਆਂ ਤੋਂ ਹਜ਼ਾਰ ਪੰਜ ਸੌ ਮੀਲ ਚੱਲ ਕੇ ਗੱਡਿਆਂ, ਕਿਸ਼ਤੀਆਂ ਰਾਹੀਂ ਅਤੇ ਕਈ ਵਾਰੀ ਪੈਦਲ ਹੀ ਰਾਜਧਾਨੀ ਤੇ ਹੋਰ ਮੈਦਾਨੀ ਇਲਾਕਿਆਂ ਤੱਕ ਬਰਫ ਪਹੁੰਚਾਈ ਜਾਂਦੀ ਸੀ। ਬਾਦਸ਼ਾਹਾਂ ਨੂੰ ਕਿਸ ਚੀਜ਼ ਦੀ ਕਮੀ ਹੁੰਦੀ ਹੈ, ਸਾਰੀ ਪਰਜਾ ਹੀ ਉਨ੍ਹਾਂ ਦਾ ਗੁਲੱਮ ਕਰਦੀ ਹੁੰਦੀ ਹੈ।
ਇਸਲਾਮੀ ਦੌਰ ਵਿਚ ਫਾਰਸੀ ਸਰਕਾਰੀ ਭਾਸ਼ਾ ਸੀ। ਕੁਲਫੀ ਸ਼ਬਦ ਵੀ ਫਾਰਸੀ ਵਲੋਂ ਹੀ ਆਇਆ ਹੈ। ਫਾਰਸੀ ਵਿਚ ਇਸ ਦਾ ਰੂਪ ‘ਕੁਫਲੀ’ ਜਿਹਾ ਹੈ। ਇਸ ਭਾਸ਼ਾ ਵਿਚ ਇਸ ਦਾ ਇੱਕ ਅਰਥ ਹੈ, ਬਰਫ, ਜੈਲੀ ਆਦਿ ਜਮਾਉਣ ਵਾਲਾ ਸੱਚਾ। ਇਹ ਸੱਚਾ ਕਰੂਏ ਜਿਹਾ ਮਿੱਟੀ ਦਾ ਹੁੰਦਾ ਸੀ। ਮੁਸਲਮਾਨ ਵਿਆਹ ਸ਼ਾਦੀਆਂ ਦੌਰਾਨ ਇਨ੍ਹਾਂ ‘ਕੁਫਲੀਆਨ’ ਵਿਚ ਖੀਰ ਪਾ ਕੇ ਆਪਸ ਵਿਚ ਵਟਾਉਂਦੇ ਹਨ। ਭਾਰਤੀ ਭਾਸ਼ਾਵਾਂ ਵਿਚ ਕੁਫਲੀ ਸ਼ਬਦ ਦਾ ਵਰਣ-ਵਿਪਰੈ ਹੋ ਕੇ ਕੁਲਫੀ ਸ਼ਬਦ ਬਣਿਆ। ਕੁਲਫੀ ਦਾ ਪੁਲਿੰਗ ਕੁਲਫਾ ਵੀ ਹੁੰਦਾ ਹੈ, ਜੋ ਬਹੁਤ ਫੁੱਲਵੀਂ ਜਿਹੀ ਮਿੱਠੀ ਬਰਫ ਹੁੰਦੀ ਹੈ। ਇਹ ਕੋਈ ਬਹੁਤੀ ਜ਼ਾਇਕੇਦਾਰ ਨਹੀਂ ਹੁੰਦੀ, ਪਰ ਛੋਟੀ ਉਮਰੇ ਕੁਝ ਵੀ ਮਿੱਠਾ ਸਵਾਦ ਹੀ ਲਗਦਾ ਹੈ।
ਗੌਰਤਲਬ ਹੈ ਕਿ ਇੱਕ ਕਿਸਮ ਦੇ ਖੂਦਰੌ ਪੱਤਿਆਂ ਵਾਲੇ ਬੂਟੇ ਨੂੰ ਵੀ ਕੁਫਲਾ ਕਿਹਾ ਜਾਂਦਾ ਹੈ। ਇਸ ਦੇ ਪੱਤਿਆਂ ਨੂੰ ਚੁਲਾਈ, ਬਾਥੂ, ਤਾਂਦਲਾ ਆਦਿ ਵਿਚ ਪਾ ਕੇ ਇੱਕ ਤਰ੍ਹਾਂ ਦਾ ਬੇਰੁੱਤਾ ਮਿੱਸਾ ਸਾਗ ਬਣਾਇਆ ਜਾਂਦਾ ਹੈ। ਇਸ ਦੇ ਪੱਤਿਆਂ ਅਤੇ ਬੀਜਾਂ ਤੋਂ ਕੁਝ ਦੇਸੀ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ। ਕਹਿੰਦੇ ਹਨ, ਇਹ ਗਦੂਦਾਂ ਦਾ ਪੱਕਾ ਇਲਾਜ ਹੈ। ਹੈਦਰਾਬਾਦ ਵਿਚ ਇਸ ਕੁਲਫੇ ਵਿਚ ਮੀਟ ਪਾ ਕੇ ਇੱਕ ਪਕਵਾਨ ਬਣਾਇਆ ਜਾਂਦਾ ਹੈ, ਜਿਸ ਨੂੰ ਕੁਲਫਾ-ਗੋਸ਼ਤ ਆਖਦੇ ਹਨ। ਇਹ ਸ਼ਬਦ ਫਾਰਸੀ ਦੇ ਇਕ ਹੋਰ ਸ਼ਬਦ ‘ਖੁਦਰਾ’ ਦਾ ਵਿਗੜਿਆ ਰੂਪ ਹੈ, ਜੋ ਅੱਗੇ ਅਰਬੀ ਤੋਂ ਆਇਆ ਹੈ। ਇਸ ਤਰ੍ਹਾਂ ਇਸ ਦਾ ਕੁਲਫੀ ਸ਼ਬਦ ਨਾਲ ਕੋਈ ਲੈਣਾ-ਦੇਣਾ ਨਹੀਂ। ਇਹ ਅਰਬੀ ਖਰਫ ਤੋਂ ਬਣਿਆ, ਜਿਸ ਦਾ ਅਰਥ ‘ਦਰਖਤ ਤੋਂ ਤੋੜਨਾ’ ਹੁੰਦਾ ਹੈ। ਸਾਡੀਆਂ ਭਾਸ਼ਾਵਾਂ ਵਿਚ ਇਸ ਲਈ ਸਲੂਣਕ, ਲੋਣਿਆ ਜਿਹੇ ਸ਼ਬਦ ਵੀ ਹਨ।
ਕੁਲਫੀ ਸ਼ਬਦ ਅੱਗੇ ਕੁਫਲ ਨਾਲ ਜਾ ਜੁੜਦਾ ਹੈ, ਜੋ ਮੁਢਲੇ ਤੌਰ ‘ਤੇ ਅਰਬੀ ਦਾ ਹੈ, ਪਰ ਫਾਰਸੀ ਰਾਹੀਂ ਭਾਰਤੀ ਭਾਸ਼ਾਵਾਂ ਵਿਚ ਦਾਖਲ ਹੋਇਆ। ਬਹੁਤ ਸਾਰੇ ਪਾਠਕ ਜਾਣਦੇ ਹੋਣਗੇ ਕਿ ਕੁਫਲ ਸ਼ਬਦ ਦਾ ਅਰਥ ਜਿੰਦਰਾ ਹੁੰਦਾ ਹੈ। ਇਸ ਦਾ ਵਰਣ-ਵਿਪਰੈ ਕੁਲਫ ਵੀ ਚਲਦਾ ਰਿਹਾ ਹੈ। ਉਰਦੂ ਦੇ ਜ਼ਮਾਨੇ ਵਿਚ ਕੁਫਲ ਸ਼ਬਦ ਆਮ ਜਾਣਿਆ ਜਾਂਦਾ ਸੀ। ਭਾਈ ਨੰਦ ਲਾਲ ਦੇ ਫਾਰਸੀ ਜ਼ਿੰਦਗੀਨਾਮਾ ਵਿਚ ਇਹ ਸ਼ਬਦ ਇਸਤੇਮਾਲ ਹੋਇਆ ਹੈ, ‘ਕੁਫਲ ਬਿਕੁਸ਼ਾ ਅਜ਼ ਕੁਲੀਦਿ ਨਾਮਿ ਹੱਕ’ ਅਰਥਾਤ ਪਰਮਾਤਮਾ ਦੀ ਗੁੱਝੀ ਦੌਲਤ ਵਾਲੇ ਜੰਦਰੇ ਨੂੰ ਖੋਲ੍ਹਣ ਲਈ ਨਾਮ ਦੀ ਕੁੰਜੀ ਲਾਓ। ਕਾਦਰ ਯਾਰ ਦੇ ਪੂਰਨ ਭਗਤ ਵਾਲੇ ਕਿੱਸੇ ਵਿਚ ਇਹ ਸ਼ਬਦ ਮਿਲਦਾ ਹੈ,
ਕਾਫ ਕੁਫਲ ਸੰਦੂਕ ਦਾ ਖੋਲ੍ਹ ਰਾਣੀ
ਭਰੀ ਬੋਰ ਉਲੱਦ ਕੇ ਢੇਰ ਕਰਦੀ।
ਹੀਰੇ, ਲਾਲ, ਜਵਾਹਰ ਤੇ ਹੋਰ ਮੋਤੀ
ਭਰੇ ਥਾਲ ਲਿਆਂਵਦੀ ਪੂਰ ਜ਼ਰਦੀ।
ਫਾਰਸੀ ਅਰਬੀ ਦਾ ਸ਼ੈਦਾਈ ਵਾਰਸ ਸ਼ਾਹ ਭਲਾ ਕਿਵੇਂ ਨਾ ਇਹ ਸ਼ਬਦ ਵਰਤਦਾ,
ਪਕੜ ਰਾਹ ਟੁਰਿਆ, ਹੰਝੂ ਨੈਣ ਰੋਵਣ
ਜਿਵੇਂ ਨਦੀ ਦਾ ਨੀਰ ਉਛੱਲਿਆ ਈ।
ਤੇਰੀ ਚੋਲੀ ਦੀਆਂ ਢਿੱਲੀਆਂ ਹੈਣ ਤਣੀਆਂ
ਤੈਨੂੰ ਕਿਸੇ ਮਹਿਬੂਬ ਪਥੱਲਿਆ ਈ।
ਕੁਫਲ ਜੰਦਰੇ ਤੋੜ ਕੇ ਚੋਰ ਵੜਿਆ
ਅੱਜ ਬੀੜਾ ਕਸਤੂਰੀ ਦਾ ਹੱਲਿਆ ਈ।
ਸੂਹਾ ਘੱਗਰਾ ਲਹਿਰਾਂ ਦੇ ਨਾਲ ਉਡੇ
ਬੋਕਬੰਦ ਦੋ-ਚੰਦ ਹੋ ਚੱਲਿਆ ਈ।
ਕੁਫਲ ਸ਼ਬਦ ਦਾ ਅਰਬੀ ਧਾਤੂ ਕਫਲ (ਕਾਫ-ਲਾਮ-ਮੀਮ) ਹੈ, ਜਿਸ ਵਿਚ ਬੰਨਣ, ਜੋੜਨ, ਥਰ ਬੱਝਣ, ਜਮਾਉਣ, ਮੁੜਨ ਦੇ ਭਾਵ ਹਨ। ਇਸ ਤੋਂ ਜੰਦਰੇ ਵਾਲੇ ਅਰਥ ਸਮਝ ਪੈਂਦੇ ਹਨ ਕਿਉਂਕਿ ਜੰਦਰਾ ਆਖਰ ਬੰਨਣ ਵਾਲਾ ਉਪਕਰਣ ਹੀ ਹੈ। ਅਜਿਤ ਵਡਨੇਰਕਰ ਅਨੁਸਾਰ ਕੁਲਫੀ ਸ਼ਬਦ ਵਿਚ ਵੀ ਇਹੋ ਬੰਨਣ ਦਾ ਭਾਵ ਹੈ। ਤਰਲ ਦੁੱਧ ਨੂੰ ਇਕ ਤਰ੍ਹਾਂ ਇਕੱਠਾ ਕਰਕੇ ਜਮਾ ਦਿੱਤਾ ਜਾਂਦਾ ਹੈ, ਸਮਝੋ ਬੰਨ ਦਿੱਤਾ ਜਾਂਦਾ ਹੈ। ਪਰ ਇਹ ਅਰਥ ਹੋਰ ਤਰ੍ਹਾਂ ਵੀ ਲਾਗੂ ਹੁੰਦਾ ਹੈ।
ਕੁਲਫੀ ਜਮਾਉਣ ਵਾਲੇ ਭਾਂਡੇ ਨੂੰ ਕੁਲਫੀ ਜਮਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਬੰਦ ਕੀਤਾ ਜਾਂਦਾ ਹੈ। ਅਸੀਂ ਪਹਿਲਾਂ ਦੱਸ ਚੁਕੇ ਹਾਂ ਕਿ ਅਰਬੀ ਫਾਰਸੀ ਵਿਚ ਕੁਫਲੀ ਦਾ ਇੱਕ ਅਰਥ ‘ਬਰਫ, ਜੈਲੀ ਆਦਿ ਜਮਾਉਣ ਵਾਲਾ ਸੱਚਾ’ ਵੀ ਹੈ ਤੇ ਕਰੂਆ ਵੀ। ਭਾਂਡੇ ਦੇ ਨਾਂ ਤੋਂ ਹੀ ਭਾਂਡੇ ਵਿਚ ਪਾਈ ਜਾਣ ਵਾਲੀ ਚੀਜ਼ ਦੇ ਨਾਂ ਦਾ ਵਿਕਸਿਤ ਹੋ ਜਾਣਾ ਅਲੋਕਾਰ ਗੱਲ ਨਹੀਂ। ਦੇਗ ਇੱਕ ਤਰ੍ਹਾਂ ਦਾ ਲੋਹੇ ਦਾ ਵੱਡਾ ਭਾਂਡਾ ਹੈ ਪਰ ਕਿਉਂਕਿ ਇਸ ਵਿਚ ਕੜਾਹ ਬਣਾਇਆ ਜਾਂਦਾ ਹੈ, ਇਸ ਲਈ ਦੇਗ ਦਾ ਵਿਕਸਿਤ ਅਰਥ ਕੜਾਹ ਵੀ ਹੈ। ਕੁਲਫਾ ਸ਼ਬਦ ਦਾ ਇੱਕ ਅਰਥ ਇਕ ਤਰ੍ਹਾਂ ਦਾ ਡੱਬਿਆਂ ਵਾਲਾ ਟਿਫਿਨ ਵੀ ਹੈ, ਕਿਉਂਕਿ ਇਸ ਦੇ ਡੱਬੇ ਇੱਕ ਕੁੰਡੀ ਜਿਹੀ ਨਾਲ ਬੰਨੇ ਹੋਏ ਹੁੰਦੇ ਹਨ।
ਦਰਅਸਲ ਕਾਫਲਾ ਸ਼ਬਦ ਵੀ ਉਪਰੋਕਤ ਧਾਤੂ ਨਾਲ ਜਾ ਜੁੜਦਾ ਹੈ। ਅਰਬੀ ਕ੍ਰਿਆ ਕਫਾਲਾ ਵਿਚ ਜਮ੍ਹਾਂ ਹੋਣ, ਜੁੜਨ, ਸਮੂਹ ਬਣਨ ਦਾ ਭਾਵ ਹੀ ਸਪੱਸ਼ਟ ਹੁੰਦਾ ਹੈ। ਕਾਫਲਾ ਇੱਕ ਤਰ੍ਹਾਂ ਲੋਕਾਂ ਦਾ ਜੁੜਿਆ, ਇਕੱਤਰ ਹੋਇਆ ਜਾਂ ਬੱਝਾ ਸਮੂਹ ਹੀ ਹੈ। ਹੀਰ ਵਾਰਸ ਵਿਚ ਸਹਿਤੀ ਦੇ ਬੋਲ ਹਨ,
ਮਗਰ ਤਿੱਤਰਾਂ ਦੇ ਅੰਨ੍ਹਾ ਬਾਜ਼ ਛੁੱਟੇ, ਜਾਇ ਚਿੰਮੜੇ ਦਾਂਦ ਪਤਾਲੂਆਂ ਨੂੰ ।
ਅੰਨਾਂ ਭੇਜਿਆ ਅੰਬ ਅਨਾਰ ਵੇਖਣ
ਜਾਇ ਚਿੰਮੜੇ ਤੂਤ ਸੰਭਾਲੂਆਂ ਨੂੰ।
ਘਲਿਆ ਫੁੱਲ ਗੁਲਾਬ ਦਾ ਤੋੜ ਲਿਆਵੀਂ
ਜਾਇ ਲੱਗਾ ਹੈ ਲੈਣ ਕਚਾਲੂਆਂ ਨੂੰ।
ਅੰਨਾਂ ਮੋਹਰੀ ਲਾਈਏ ਕਾਫਲੇ ਦਾ
ਲੁਟਵਾਇਸੀ ਸਾਥ ਦਿਆਂ ਚਾਲੂਆਂ ਨੂੰ।