ਸ਼ਹਿਨਸ਼ਾਹ-ਏ-ਗ਼ਜ਼ਲ ਤਲਤ ਮਹਿਮੂਦ

ਮਨਦੀਪ ਸਿੰਘ ਸਿੱਧੂ
ਆਪਣੀ ਸੁਹਜ ਭਰੀ ਆਵਾਜ਼ ਨਾਲ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ‘ਸ਼ਹਿਨਸ਼ਾਹ-ਏ-ਗ਼ਜ਼ਲ’ ਤਲਤ ਮਹਿਮੂਦ ਦਾ ਜਨਮ 24 ਫਰਵਰੀ 1924 ਨੂੰ ਸ਼ੇਰ ਮਨਜ਼ੂਰ ਅਹਿਮਦ ਅਤੇ ਰਫੀ-ਉਨ-ਨੀਸਾ ਬੇਗ਼ਮ ਦੇ ਘਰ ਲਖਨਊ ਵਿਖੇ ਹੋਇਆ ਸੀ। ਉਹ ਉਨ੍ਹਾਂ ਦੀ ਛੇਵੀਂ ਔਲਾਦ ਸਨ। ਉਨ੍ਹਾਂ ਦੇ ਵਾਲਿਦ (ਬਾਪ) ਆਪਣੀ ਆਵਾਜ਼ ਨੂੰ ਅੱਲ੍ਹਾ ਦਾ ਦਿੱਤਾ ਗਲਾ ਕਹਿ ਕੇ ਅੱਲ੍ਹਾ ਨੂੰ ਹੀ ਸਮਰਪਿਤ ਕਰਨ ਦੀ ਚਾਹਤ ਰੱਖਦੇ ਸਨ ਅਤੇ ਸਿਰਫ ਨਾਅਤ ਹੀ ਗਾਉਂਦੇ ਸਨ। ਬਚਪਨ ਤੋਂ ਤਲਤ ਨੇ ਆਪਣੇ ਵਾਲਿਦ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਪਰ ਘਰ ਵਾਲਿਆਂ ਵਲੋਂ ਜ਼ਿਆਦਾ ਉਤਸ਼ਾਹ ਨਾ ਮਿਲਿਆ। ਉਸ ਦੀ ਭੂਆ ਉਸ ਨੂੰ ਸੁਣਦੀ ਸੀ ਅਤੇ ਉਤਸ਼ਾਹਿਤ ਵੀ ਕਰਦੀ ਸੀ।

ਉਸ ਨੇ ਆਪਣੀ ਜ਼ਿੱਦ ‘ਤੇ ਬਾਲਕ ਤਲਤ ਨੂੰ ਮੌਸੀਕੀ (ਸੰਗੀਤ) ਦੀ ਤਾਲੀਮ ਲੈਣ ਲਈ ਲਖਨਊ ਦੇ ਮੌਰਿਸ ਕਾਲਜ ‘ਚ ਦਾਖਲਾ ਦਿਵਾ ਦਿੱਤਾ। ਸੰਗੀਤ ਵਿਸ਼ਾ ਲੈ ਕੇ ਬੀ.ਏ. ਕੀਤੀ। ਕਾਲਜ ਦੌਰਾਨ ਹੀ ਉਹ ‘ਦਾਗ਼’, ‘ਗ਼ਾਲਿਬ’ ਅਤੇ ‘ਮੀਰ ਤਕੀ ਮੀਰ’ ਦੀਆਂ ਗ਼ਜ਼ਲਾਂ ਗਾਉਣ ਲੱਗ ਪਿਆ ਸੀ। ਹੌਲੀ-ਹੌਲੀ ਉਸ ਨੇ ਲਖਨਊ ਦੇ ਰੇਡੀਓ ਕੇਂਦਰਾਂ ਤੋਂ ਗਾਉਣਾ ਸ਼ੁਰੂ ਕਰ ਦਿੱਤਾ।
ਸਾਲ 1939 ਵਿਚ 15 ਸਾਲ ਦੀ ਉਮਰ ‘ਚ ਤਲਤ ਨੂੰ ਸੰਗੀਤਕਾਰ ਕਮਲ ਦਾਸ ਗੁਪਤਾ ਦਾ ਗੀਤ ‘ਸਬ ਦਿਨ ਏਕ ਸਮਾਨ ਨਹੀਂ’ ਗਾਉਣ ਦਾ ਮੌਕਾ ਮਿਲਿਆ ਜੋ ਲਖਨਊ ‘ਚ ਬੇਹੱਦ ਮਕਬੂਲ ਹੋਇਆ। ਤਕਰੀਬਨ ਇਕ ਸਾਲ ਦੇ ਅੰਦਰ ਪ੍ਰਸਿਧ ਸੰਗੀਤ ਰਿਕਾਰਡਿੰਗ ਕੰਪਨੀ ‘ਹਿਜ਼ ਮਾਸਟਰਜ਼ ਵੌਇਸ’ (ਐਚ.ਐਮ.ਵੀ.) ਦੀ ਟੀਮ ਕਲਕੱਤੇ ਆਈ ਅਤੇ ਉਸ ਦੇ 2 ਗੀਤ ਰਿਕਾਰਡ ਕੀਤੇ। ਇਨ੍ਹਾਂ ਗੀਤਾਂ ਦੇ ਚੱਲਣ ਤੋਂ ਬਾਅਦ ਉਸ ਦੇ ਚਾਰ ਹੋਰ ਗੀਤ ਰਿਕਾਰਡ ਹੋਏ ਜਿਨ੍ਹਾਂ ‘ਚ ਗ਼ਜ਼ਲ ‘ਤਸਵੀਰ ਤੇਰੀ ਦਿਲ ਮੇਰਾ ਬਹਿਲਾ ਨਾ ਸਕੇਗੀ’ ਸ਼ਾਮਲ ਕੀਤੀ। ਇਹ ਗ਼ਜ਼ਲ ਬਹੁਤ ਪਸੰਦ ਕੀਤੀ ਗਈ ਅਤੇ ਬਾਅਦ ‘ਚ ਇਕ ਫਿਲਮ ‘ਚ ਵੀ ਸ਼ਾਮਲ ਕੀਤੀ।
ਕੁੰਦਨ ਲਾਲ ਸਹਿਗਲ (ਕੇ.ਐਲ਼ਸਹਿਗਲ) ਦੀ ਮਕਬੂਲੀਅਤ ਤੋਂ ਮੁਤਾਸਿਰ ਹੋ ਕੇ ਤਲਤ ਵੀ ਗੁਲੂਕਾਰ (ਗਾਇਕ) ਅਤੇ ਅਦਾਕਾਰ ਬਣਨ ਲਈ 1944 ‘ਚ ਕਲਕੱਤੇ ਪਹੁੰਚ ਗਿਆ ਜੋ ਉਨ੍ਹੀਂ ਦਿਨੀਂ ਮਨੋਰੰਜਕ ਸਰਗਰਮੀਆਂ ਦਾ ਮਰਕਜ਼ (ਕੇਂਦਰ) ਹੁੰਦਾ ਸੀ। ਕਲਕੱਤੇ ‘ਚ ਸ਼ੰਘਰਸ਼ ਦੌਰਾਨ ਉਸ ਦੀ ਸ਼ੁਰੂਆਤ ਬੰਗਲਾ ਗੀਤਾਂ ਤੋਂ ਹੋਈ। ਰਿਕਾਰਡਿੰਗ ਕੰਪਨੀ ਨੇ ਗਾਇਕ ਦੇ ਰੂਪ ‘ਚ ਉਸ ਨੂੰ ਤਪਨ ਕੁਮਾਰ ਦੇ ਨਾਂ ਨਾਲ ਗਵਾਇਆ। ਤਪਨ ਕੁਮਾਰ ਦੇ ਗਾਏ 100 ਤੋਂ ਉਪਰ ਗੀਤ ਰਿਕਾਰਡ ਹੋਏ। ਤਲਤ ਮਹਿਮੂਦ ਨੇ ਬਤੌਰ ਅਦਾਕਾਰ ਕੁਲ 13 ਫਿਲਮਾਂ ਵਿਚ ਅਦਾਕਾਰੀ ਕਰਨ ਦੇ ਨਾਲ-ਨਾਲ ਗੀਤ ਗਾਏ। ਉਸ ਦੀ ਪਹਿਲੀ ਫਿਲਮ ‘ਰਾਜ ਲਕਸ਼ਮੀ’ (1945) ਸੀ। ਇਸ ਫਿਲਮ ‘ਚ ਉਸ ਨੇ ਸੰਗੀਤਕਾਰ ਰੌਬਿਨ ਚੈਟਰਜੀ ਦੇ ਸੰਗੀਤ ‘ਚ ਦੋ ਏਕਲ ਗੀਤ ‘ਜਾਗੋ ਮੁਸਾਫਿਰ ਜਾਗੋ’ ਅਤੇ ‘ਤੂ ਸੁਨ ਲੇ ਮਤਵਾਲੇ’ ਗਾਏ ਜੋ ਉਸ ‘ਤੇ ਹੀ ਫਿਲਮਾਏ ਗਏ। ਇਸ ਬੈਨਰ ਦੀ ਫਿਲਮ ‘ਤੁਮ ਔਰ ਮੈਂ’ (1947) ‘ਚ ਉਸ ਨੇ ਅਦਾਕਾਰੀ ਕੀਤੀ। ਕਲਕੱਤੇ ਵਿਚ ਦੋ ਫਿਲਮਾਂ ‘ਚ ਕੰਮ ਕਰਕੇ ਵੀ ਉਸ ਦੀ ਰੂਹ ਸੰਤੁਸ਼ਟ ਨਾ ਹੋਈ। 1949 ਵਿਚ ਨਿਊ ਥੀਏਟਰਜ਼ ਬੰਦ ਹੋਣ ਕਾਰਨ ਤਲਤ ਕਲਕੱਤੇ ਤੋਂ ਬੰਬਈ ਆ ਗਿਆ। ਇਥੇ ਉਹ ਸੰਗੀਤਕਾਰ ਅਨਿਲ ਬਿਸਵਾਸ ਨੂੰ ਮਿਲਿਆ। ਉਸ ਵੇਲੇ ਤਲਤ ਦੀ ਮਕਬੂਲੀਅਤ ਬੰਬੇ ਵੀ ਪਹੁੰਚ ਗਈ ਸੀ। ਇਸ ਵਾਰ ਸੰਗੀਤਕਾਰ ਅਨਿਲ ਬਿਸਵਾਸ ਨੇ ਉਸ ਨੂੰ ਫਿਲਮਸਤਾਨ ਸਟੂਡੀਓ ਦੀ ਫਿਲਮ ‘ਆਰਜ਼ੂ’ (1950) ਵਿਚ ਪਿਠਵਰਤੀ ਗੁਲੂਕਾਰ ਵਜੋਂ ਗਾਉਣ ਦਾ ਮੌਕਾ ਦਿੱਤਾ। ਦਲੀਪ ਕੁਮਾਰ ‘ਤੇ ਫਿਲਮਾਇਆ ਗੀਤ ‘ਐ ਦਿਲ ਮੁਝੇ ਐਸੀ ਜਗ੍ਹਾ ਲੇ ਚਲ, ਯਹਾਂ ਕੋਈ ਨਾ ਹੋ’ ਹਿਟ ਹੋ ਗਿਆ ਅਤੇ ਤਲਤ ਸੰਗੀਤਕਾਰਾਂ ਦੀ ਪਹਿਲੀ ਪਸੰਦ ਬਣ ਗਿਆ। ਇਸ ਸਮੇਂ ਸੰਗੀਤਕਾਰ ਨੌਸ਼ਾਦ ਅਲੀ ਆਪਣੇ ਲਈ ਬਿਹਤਰੀਨ ਗਾਇਕ ਦੀ ਤਲਾਸ਼ ‘ਚ ਸਨ। ਉਨ੍ਹਾਂ ਨੇ ਤਲਤ ਕੋਲੋਂ ਦਲੀਪ ਕੁਮਾਰ ਲਈ ਫਿਲਮ ‘ਬਾਬੁਲ’ (1950) ‘ਚ ਚਾਰ ਗੀਤ ਗਵਾਏ। ਇਸ ਫਿਲਮ ਦਾ ਯੁਗਲ ਗੀਤ ‘ਮਿਲਤੇ ਹੀ ਆਂਖੇਂ, ਦਿਲ ਹੂਆ ਦੀਵਾਨਾ ਕਿਸੀਕਾ’ (ਸ਼ਮਸ਼ਾਦ ਨਾਲ) ਬਹੁਤ ਹਿਟ ਹੋਇਆ।
ਸਹਿਗਲ ਵਾਂਗ ਗਾਇਕ-ਅਦਾਕਾਰ ਬਣਨ ਦੀ ਚਾਹਤ ਤਲਤ ਨੂੰ ਹਮੇਸ਼ਾਂ ਰਹੀ। ਪਿੱਠਵਰਤੀ ਗਾਇਕੀ ਵਿਚੋਂ ਜਦੋਂ ਉਸ ਦੇ ਨਾਮ ਨੂੰ ਪੁਖਤਾ ਪਛਾਣ ਮਿਲ ਗਈ, ਤਦ ਉਸ ਨੇ ਅਦਾਕਾਰੀ ਦੇ ਖੇਤਰ ਵਿਚ ਫਿਰ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ। ਫਿਲਮ ‘ਰਾਜ ਲਕਸ਼ਮੀ’ (1945), ‘ਤੁਮ ਔਰ ਮੈਂ’ (1947), ‘ਆਰਾਮ’ (1951) ਵਿਚ ਸਿਰਫ ਆਪਣੇ ਗਾਏ ਗੀਤਾਂ ‘ਤੇ ਅਦਾਕਾਰੀ ਕਰਨ ਤੋਂ ਇਲਾਵਾ ਤਲਤ ਨੇ 10 ਫਿਲਮਾਂ ‘ਚ ਹੀਰੋ ਦੇ ਕਿਰਦਾਰ ਅਦਾ ਕੀਤੇ। ਇਹ ਫਿਲਮਾਂ ਹਨ ‘ਸੰਪਤੀ’ (1949), ‘ਦਿਲ-ਏ-ਨਾਦਾਨ’ (1953), ‘ਡਾਕ ਬਾਬੂ’ (1954), ‘ਵਾਰਿਸ’ (1954), ‘ਰਫਤਾਰ’ (1955), ‘ਦੀਵਾਲੀ ਕੀ ਰਾਤ’ (1956), ‘ਏਕ ਗਾਂਵ ਕੀ ਕਹਾਨੀ’ (1957), ‘ਲਾਲਾ ਰੁਖ’ (1958), ‘ਮਾਲਿਕ’ (ਸੁਰੱਈਆ) ਅਤੇ ‘ਸੋਨੇ ਕੀ ਚਿੜੀਆ’ (1958)। ਫਿਲਮ ‘ਸੋਨੇ ਕੀ ਚਿੜੀਆ’ ਅਦਾਕਾਰਾ ਨੂਤਨ ਨਾਲ ਉਸ ਦੀ ਆਖਰੀ ਫਿਲਮ ਹੋ ਨਿਬੜੀ। ਇਨ੍ਹਾਂ ‘ਚੋਂ ਕਈ ਫਿਲਮਾਂ ਵਪਾਰਕ ਪੱਖੋਂ ਸਫਲ ਤੇ ਕਈ ਅਸਫਲ ਰਹੀਆਂ। ਤਲਤ ਮਹਿਮੂਦ ਖੂਬਸੂਰਤ ਹੋਣ ਦੇ ਬਾਵਜੂਦ ਸਫਲ ਅਦਾਕਾਰ ਸਾਬਤ ਨਾ ਹੋ ਸਕਿਆ। ਉਸ ਨੇ ਕਈ ਗ਼ਜ਼ਲਾਂ ਦੀਆਂ ਤਰਜ਼ਾਂ ਖੁਦ ਤਾਮੀਰ ਕੀਤੀਆਂ ਸਨ ਜਿਨ੍ਹਾਂ ‘ਚ ‘ਗ਼ਮ-ਏ-ਆਸ਼ਿਕੀ ਸੇ ਕਹਿਦੋ’ ਤੇ ‘ਤੁਮਨੇ ਯੇ ਕਯਾ ਸਿਤਮ ਕੀਯਾ’ ਬਿਹਤਰੀਨ ਮਿਸਾਲ ਹਨ।
1950ਵਿਆਂ ਦੇ ਦਹਾਕੇ ਵਿਚ ਜਦੋਂ ਤਲਤ ਨੇ ਬੰਬਈ ਦਾ ਰੁਖ ਕੀਤਾ ਸੀ, ਤਾਂ ਇਥੇ ਬਣਨ ਵਾਲੀਆਂ ਫਿਲਮਾਂ ਦੇ ਬਹੁਤੇ ਫਿਲਮਸਾਜ਼, ਸੰਗੀਤਕਾਰ, ਸ਼ਾਇਰ, ਅਦਾਕਾਰ-ਅਦਾਕਾਰਾਵਾਂ ਪੰਜਾਬੀ ਸਨ ਜਾਂ ਕਹਿ ਲਵੋ ਪੰਜਾਬੀਆਂ ਦਾ ਪੂਰਾ ਬੋਲ-ਬਾਲਾ ਸੀ। ਇਨ੍ਹਾਂ ਸ਼ਖਸੀਅਤਾਂ ਦੀ ਸੁਹਬਤ ਮਾਣਦਿਆਂ ਤਲਤ ਨੂੰ ਪੰਜਾਬੀ ਜ਼ੁਬਾਨ ਨਾਲ ਉਲਫਤ (ਮੁਹੱਬਤ) ਹੋ ਗਈ। ਉਸ ਦੀ ਚਾਹਤ ਸੀ ਕਿ ਉਹ ਵੀ ਇਨ੍ਹਾਂ ਵਾਂਗ ਪੰਜਾਬੀ ਬੋਲਣ। ਉਸ ਨੇ ਇਹ ਗੱਲ ਸਰਦੂਲ ਕਵਾਤੜਾ ਕੋਲ ਰੱਖੀ। ਉਸ ਨੇ ਚਾਰ ਪੰਜਾਬੀ ਫਿਲਮਾਂ ਲਈ ਕੰਮ ਕੀਤਾ। ਬਤੌਰ ਗਾਇਕ ਤਲਤ ਦੀ ਪਹਿਲੀ ਪੰਜਾਬੀ ਫਿਲਮ ਸੀ ‘ਮੁਟਿਆਰ’ (1950)। ਇਸ ਫਿਲਮ ਵਿਚ ਸੰਗੀਤਕਾਰ ਵਿਨੋਦ ਦੇ ਸੰਗੀਤ ‘ਚ ਤਲਤ ਨੇ ਦੋ ਗੀਤ ਗਾਏ। ਇਸ ਫਿਲਮ ਦੇ ਸੰਗੀਤ ਨੇ ਸਰਦੂਲ ਕਵਾਤੜਾ ਨੂੰ ਪ੍ਰਭਾਵਿਤ ਕੀਤਾ। ਫਿਰ ਉਨ੍ਹਾਂ ਨੇ ਆਪਣੀ ਦੂਜੀ ਪੰਜਾਬੀ ਫਿਲਮ ‘ਕੌਡੇ ਸ਼ਾਹ’ (1953) ਬਣਾਈ ਤਾਂ ਇਸ ਫਿਲਮ ਵਾਸਤੇ ਰਾਜਕੁਮਾਰੀ ਅਤੇ ਤਲਤ ਮਹਿਮੂਦ ਦੀਆਂ ਆਵਾਜ਼ਾਂ ਵਿਚ ਵਰਮਾ ਮਲਿਕ ਦਾ ਲਿਖਿਆ ਦੋਗਾਣਾ ‘ਜ਼ੁਲਫਾਂ ਨੇ ਖੁੱਲ੍ਹ ਗਈਆਂ, ਹੱਡੀਆਂ ਨੇ ਰੁਲ ਗਈਆਂ’ ਗਵਾਇਆ। ਪੰਜਾਬੀ ਫਿਲਮ ‘ਲਾਰਾ ਲੱਪਾ’ (1953) ਲਈ ਸੰਗੀਤਕਾਰ ਧਨੀ ਰਾਮ ਨੇ ਵੀ ਤਲਤ ਮਹਿਮੂਦ ਲਈ ਤਰਜ਼ ਤਾਮੀਰ ਕੀਤੀ। ਮਨੋਹਰ ਸਿੰਘ ਸਹਿਰਾਈ ਦੇ ਲਿਖੇ ਇਸ ਰੁਮਾਨੀ ਯੁਗਲ ਗੀਤ ਨੂੰ ਤਲਤ ਨੇ ਆਸ਼ਾ ਨਾਲ ਮਿਲ ਕੇ ਗਾਇਆ- ‘ਮੇਰੇ ਦਿਲ ਦੀ ਸੇਜ ਦੀਏ ਰਾਣੀਏ ਨੀ ਹੋ’। ਤਲਤ ਨੇ ਸਿੰਧੀ ਫਿਲਮ ‘ਸੱਸੀ ਪੁਨੂੰ’ ਵਿਚ ਨਿਰਮਲਾ ਸਪਰੂ ਨਾਲ ਪੰਜਾਬੀ ਯੁਗਲ ਗੀਤ ‘ਪਰਦੇਸੀ ਨਾਲ ਨਹੀਂ ਪ੍ਰੀਤ ਲਾਉਣੀ’ ਗਾਇਆ। ਬਤੌਰ ਗਾਇਕ ਉਸ ਨੇ ਚਾਰ ਪੰਜਾਬੀ ਫਿਲਮਾਂ ਲਈ 5 ਗੀਤ ਗਾਏ ਜਿਨ੍ਹਾਂ ‘ਚ ਇਕ ਉਰਦੂ ਦੀ ਗ਼ਜ਼ਲ ਸ਼ਾਮਲ ਸੀ। 1960ਵਿਆਂ ਦਾ ਦਹਾਕਾ ਸ਼ੁਰੂ ਹੋਣ ਤਕ ਫਿਲਮਾਂ ‘ਚ ਉਸ ਦੇ ਗਾਏ ਗੀਤ ਬਹੁਤ ਘਟ ਹੋਣ ਲੱਗੇ। ਫਿਲਮ ‘ਸੁਜਾਤਾ’ (1959) ਦਾ ਸੁਨੀਲ ਦੱਤ ‘ਤੇ ਫਿਲਮਾਇਆ ‘ਜਲਤੇ ਹੈਂ ਜਿਸਕੇ ਲੀਏ, ਤੇਰੀ ਆਂਖੋਂ ਕੇ ਦੀਏ’ ਯਾਦਗਾਰੀ ਗੀਤ ਹੈ।
ਫਿਲਮਾਂ ਲਈ ਆਖਰੀ ਵਾਰ ਉਸ ਨੇ 1964 ‘ਚ ਫਿਲਮ ‘ਜਹਾਂਆਰਾ’ ਲਈ ਗਾਇਆ ਜਿਸ ਦੇ ਸੰਗੀਤਕਾਰ ਮਦਨ ਮੋਹਨ ਸਨ। ਇਸ ਤੋਂ ਬਾਅਦ ਫਿਲਮ ਸੰਗੀਤ ਦੇ ਬਦਲਦੇ ਸਰੂਪ ‘ਚ ਤਲਤ ਵਰਗੀ ਆਵਾਜ਼ ਲਈ ਕੋਈ ਗੁੰਜਾਇਸ਼ ਨਹੀਂ ਬਚੀ, ਪਰ ਉਸ ਦੇ ਗ਼ੈਰ-ਫਿਲਮੀ ਗਾਇਨ ਦਾ ਸਿਲਸਿਲਾ ਬਰਾਬਰ ਚੱਲਦਾ ਰਿਹਾ ਅਤੇ ਉਸ ਦੀਆਂ ਐਲਬਮਾਂ ਆਉਂਦੀਆਂ ਰਹੀਆਂ।
ਤਲਤ ਮਹਿਮੂਦ ਨੂੰ 1956 ਵਿਚ ਸਟੇਜ ‘ਤੇ ਪ੍ਰੋਗਰਾਮ ਕਰਨ ਲਈ ਦੱਖਣੀ ਅਫਰੀਕਾ ਸੱਦਿਆ ਗਿਆ। ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਭਾਰਤ ਤੋਂ ਕਿਸੇ ਫਿਲਮੀ ਫਨਕਾਰ ਦੇ ਜਾਣ ਦਾ ਇਹ ਪਹਿਲਾ ਮੌਕਾ ਸੀ। ਉਸ ਦਾ ਪ੍ਰੋਗਰਾਮ ਐਨਾ ਸਫਲ ਰਿਹਾ ਕਿ ਦੱਖਣੀ ਅਫਰੀਕਾ ਦੇ ਅਨੇਕਾਂ ਨਗਰਾਂ ‘ਚ ਉਸ ਦੇ ਕੁੱਲ 22 ਪ੍ਰੋਗਰਾਮ ਹੋਏ, ਫਿਰ ਵਿਦੇਸ਼ਾਂ ‘ਚ ਭਾਰਤੀ ਫਿਲਮੀ ਕਲਾਕਾਰਾਂ ਦੇ ਮੰਚ ਪ੍ਰੋਗਰਾਮਾਂ ਦਾ ਸਿਲਸਿਲਾ ਚੱਲ ਪਿਆ। ਉਹ ਇਨ੍ਹਾਂ ਪ੍ਰੋਗਰਾਮਾਂ ‘ਚ ਲਗਾਤਾਰ ਮਸਰੂਫ ਰਹੇ। ਫਿਲਮੀ ਦੁਨੀਆਂ ਤੋਂ ਰੁਖਸਤੀ ਮਿਲਣ ਦੇ ਬਾਅਦ ਤਾਂ ਦੇਸ਼-ਵਿਦੇਸ਼ ‘ਚ ਆਏੇ ਦਿਨ ਉਸ ਦੇ ਪ੍ਰੋਗਰਾਮ ਹੋਣ ਲੱਗੇ। ਫਿਲਮਾਂ ‘ਚ ਗਾਉਣ ਤੋਂ ਦੂਰ ਹੋਣ ਦਾ ਮਲਾਲ ਉਸ ਨੂੰ ਹਮੇਸ਼ਾਂ ਰਿਹਾ। ਫਿਰ ਵੀ ਉਸ ਦੇ ਫਿਲਮੀ ਅਤੇ ਗ਼ੈਰ-ਫਿਲਮੀ ਗੀਤਾਂ ਨੂੰ ਸੁਣਨ ਵਾਲਿਆਂ ਦੀ ਤਾਦਾਦ ਜਾਂ ਉਤਸ਼ਾਹ ਵਿਚ ਕਦੇ ਕਮੀ ਨਹੀਂ ਆਈ।
1970ਵਿਆਂ ਦੇ ਦਹਾਕੇ ‘ਚ ਉਸ ਦੀਆਂ ਚਾਰ ਫਿਲਮਾਂ ਨੁਮਾਇਸ਼ ਹੋਈਆਂ: ‘ਵੋ ਦਿਨ ਯਾਦ ਕਰੋ’ (1971), ‘ਸ਼ਾਇਰ-ਏ-ਕਸ਼ਮੀਰ ਮਹਿਜ਼ੂਰ’ (1972), ‘ਸੁਬਹਾ ਜ਼ਰੂਰ ਆਏਗੀ’ (1977) ਅਤੇ ‘ਤੂਫਾਨੀ ਟੱਕਰ’ (1978)। ਉਸ ਨੇ 200 ਫਿਲਮਾਂ ‘ਚ ਤਕਰੀਬਨ 500 ਫਿਲਮੀ ਅਤੇ 250 ਗ਼ੈਰ-ਫਿਲਮੀ ਗੀਤ ਗਾਏ ਹਨ। ਉਸ ਨੇ ਪਾਕਿਸਤਾਨੀ ਫਿਲਮ ‘ਚਿਰਾਗ਼ ਜਲਤਾ ਰਹਾ’ ਲਈ ਸੰਗੀਤਕਾਰ ਨਾਹਲ ਅਬਦੁੱਲਾ ਦੀ ਮੌਸੀਕੀ ‘ਚ 2 ਗੀਤ ਗਾਏ ਜਿਨ੍ਹਾਂ ਦੇ ਬੋਲ ਸਨ: ‘ਕੁਛ ਹੂਆ ਨਾ ਹਾਸਿਲ ਅਬ ਤਕ ਕੋਸ਼ਿਸ਼-ਏ-ਬੇਕਾਰ ਸੇ’ ਅਤੇ ਦੂਸਰਾ ‘ਮੁਸ਼ਕਿਲ ਨਿਕਲਨਾ ਦਿਲ ਕਾ ਸੰਭਲਨਾ।’
1992 ਵਿਚ ਤਲਤ ਮਹਿਮੂਦ ਨੂੰ ‘ਪਦਮ ਭੂਸ਼ਣ’ ਨਾਲ ਸਨਮਾਨਤ ਕੀਤਾ ਗਿਆ। ਮਰਹੂਮ ਗਾਇਕਾ ਬੇਗ਼ਮ ਅਖਤਰ ਦੀ ਪਹਿਲੀ ਬਰਸੀ ‘ਤੇ ਉਸ ਨੂੰ ਮੁਲਕ ਦੇ ਉਮਦਾ ਗਾਇਕ ਦੇ ਰੂਪ ਵਿਚ ‘ਬਜ਼ਮ-ਏ-ਰੂਹ-ਏ ਗ਼ਜ਼ਲ’ ਵਰਗੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਮਖਮਲ਼ੀ ਆਵਾਜ਼ ਦੇ ਧਨੀ ਤਲਤ ਮਹਿਮੂਦ ਹਯਾਤੀ ਦੇ ਆਖਰੀ ਵਕਤ ਦੌਰਾਨ ਚੱਲਣ-ਫਿਰਨ ਅਤੇ ਬੋਲਣ ‘ਚ ਦਿੱਕਤ ਮਹਿਸੂਸ ਕਰਨ ਲੱਗੇ ਸਨ। 9 ਮਈ 1998 ਨੂੰ 74 ਸਾਲਾਂ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ।