ਗੁਲਜ਼ਾਰ ਸਿੰਘ ਸੰਧੂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸ਼ਾਸਨ ਕਾਲ ਵਿਚ ਲੰਮੇ ਸਮੇਂ ਤੋਂ ਬੀਮਾਰ ਪਏ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦਾ ਅਗਸਤ 2018 ਵਿਚ ਉਸ ਦੇ ਅਕਾਲ ਚਲਾਣੇ ਤੱਕ ਕੋਈ ਗੁਣ-ਗਾਇਨ ਨਹੀਂ ਕੀਤਾ। ਹੁਣ ਜਦੋਂ ਉਨ੍ਹਾਂ ਦਾ ਇੰਤਕਾਲ ਹੋਇਆਂ 4 ਮਹੀਨੇ ਹੋ ਗਏ ਹਨ ਤਾਂ ਉਨ੍ਹਾਂ ਦੇ ਨਾਂ ਉਤੇ 100 ਰੁਪਏ ਦਾ ਸਿੱਕਾ ਜਾਰੀ ਕਰਕੇ ਆਪਣੀ ਸਵੈਸਿਰਜੀ ਭੁੱਲ ਬਖਸ਼ਾਉਣ ਦਾ ਯਤਨ ਕੀਤਾ ਹੈ। ਇਹ ਸਿੱਕਾ ਵਾਜਪਾਈ ਦੇ 94ਵੇਂ ਜਨਮ ਦਿਨ ਦੇ ਪ੍ਰਸੰਗ ਵਿਚ ਜਾਰੀ ਕਰਦਿਆਂ ਵਾਜਪਾਈ ਲਈ ‘ਲੋਕਤੰਤਰ ਦਾ ਰਾਖਾ’ ਆਦਿ ਉਚ ਦੁਮਾਲੜੇ ਸ਼ਬਦ ਵੀ ਵਰਤੇ ਹਨ।
ਮੀਡੀਆ ਵਿਚ ਇਸ ਖਬਰ ਦੇ ਪ੍ਰਕਾਸ਼ਿਤ ਹੋਣ ਸਮੇਂ ਮੈਂ ਲੰਮਾ ਸਮਾਂ ਪ੍ਰਧਾਨ ਮੰਤਰੀ ਵਾਜਪਾਈ ਦੇ ਸ਼ਾਸਨ ਕਾਲ ਵਿਚ ਭਾਰਤ ਦੀ ਖੁਫੀਆ ਏਜੰਸੀ ਰਿਸਚਰਚ ਐਂਡ ਅਨੈਲਸਿਜ਼ ਵਿੰਗ (ਰਾਅ) ਦੇ ਮੁਖੀ ਰਹੇ ਅਮਰਜੀਤ ਸਿੰਘ ਦੁੱਲਤ ਦੀ ਪੁਸਤਕ ‘ਕਸ਼ਮੀਰ ਦੀ ਦਾਸਤਾਨ’ (ਯੂਨੀਸਟਾਰ ਬੁਕਸ, ਮੋਹਾਲੀ, ਪੰਨੇ 430, ਮੁਲ 395 ਰੁਪਏ) ਪੜ੍ਹ ਰਿਹਾ ਸਾਂ, ਜਿਸ ਵਿਚ ਵਾਜਪਾਈ ਦੀ ਕਸ਼ਮੀਰ ਮਸਲੇ ਪ੍ਰਤੀ ਪਹੁੰਚ ਦਾ ਵਿਸਥਾਰ ਵਿਚ ਜ਼ਿਕਰ ਹੈ। ਦੁੱਲਤ ਨੇ ਨੇੜਿਓਂ ਤੱਕੇ ਵਾਜਪਾਈ ਦੀ ਸਵੈਵਿਸ਼ਵਾਸ ਪਹੁੰਚ, ਦ੍ਰਿਸ਼ਟੀ ਅਤੇ ਕੌਮਪ੍ਰਸਤੀ ਉਤੇ ਨਿਰਪੱਖ ਮੋਹਰ ਲਾਉਂਦਿਆਂ ਲਿਖਿਆ ਹੈ ਕਿ ਉਹ ਕਸ਼ਮੀਰ ਦੇ ਮਸਲੇ ਨੂੰ ਸੱਚੇ-ਸੁੱਚੇ ਦਿਲੋਂ ਸੁਲਝਾਉਣ ਦੇ ਹੱਕ ਵਿਚ ਸਨ। ਵਾਜਪਾਈ ਦੀ ਦਿੱਲੀ-ਲਾਹੌਰ ਬੱਸ ਯਾਤਰਾ ਤੇ ਇਸ ਯਾਤਰਾ ਦਾ ਉਸ ਵੇਲੇ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਲੋਂ ਨਿੱਘਾ ਸਵਾਗਤ ਵੀ ਇਸ ਧਾਰਨਾ ਉਤੇ ਮੋਹਰ ਲਾਉਂਦਾ ਹੈ।
ਇਹ ਗੱਲ ਵੱਖਰੀ ਹੈ ਕਿ ਉਸ ਵੇਲੇ ਦੇ ਪਾਕਿਸਤਾਨ ਦੇ ਸੈਨਾ ਮੁਖੀ ਪਰਵੇਜ਼ ਮੁਸ਼ੱਰਫ ਦੇ ਮਨ ਵਿਚ 1971 ਦੀ ਭਾਰਤ-ਪਾਕਿਸਤਾਨ ਜੰਗ ਸਮੇਂ ਭਾਰਤ ਸਰਕਾਰ ਵਲੋਂ ਬੰਗਲਾ ਦੇਸ਼ ਦੀ ਮੁਕਤੀ ਵਾਹਿਨੀ ਦਾ ਸਮਰਥਨ ਕਰਕੇ ਪਾਕਿਸਤਾਨ ਦੇ ਇੱਕ ਵੱਡੇ ਟੁਕੜੇ ਬੰਗਲਾ ਦੇਸ਼ ਨੂੰ ਸੁਤੰਤਰ ਹੋਣ ਵਿਚ ਨਿਭਾਈ ਭੂਮਿਕਾ ਦਾ ਬਹੁਤ ਗੁੱਸਾ ਸੀ। ਇਸ ਗੁੱਸੇ ਕਾਰਨ ਮੁਸ਼ਰਫ ਨੇ ਨਵਾਜ਼ ਸ਼ਰੀਫ ਨੂੰ ਬਰਤਰਫ ਕਰਕੇ ਸਾਊਦੀ ਅਰਬ ‘ਚ ਪਨਾਹ ਲੈਣ ਲਈ ਹੀ ਮਜਬੂਰ ਨਹੀਂ ਸੀ ਕੀਤਾ, ਭਾਰਤ ਨਾਲ ਕਾਰਗਿਲ ਦੀ ਜੰਗ ਰਚਾ ਕੇ ਮੂੰਹ ਦੀ ਖਾਣ ਵੱਲ ਵੀ ਧੱਕਿਆ। ਇਸ ਜੰਗ ਨੇ ਮੁਸ਼ੱਰਫ ਨੂੰ ਭਲੀ ਭਾਂਤ ਜਤਾ ਦਿੱਤਾ ਕਿ ਪਾਕਿਸਤਾਨੀ ਸੈਨਾ ਕਿਸੇ ਪੱਖੋਂ ਵੀ ਭਾਰਤ ਨਾਲ ਆਢਾ ਲੈਣ ਦੇ ਯੋਗ ਨਹੀਂ।
ਦੂਜੇ ਪਾਸੇ ਮੁਸ਼ੱਰਫ ਤੇ ਡਾ. ਮਨਮੋਹਨ ਸਿੰਘ ਦੀ ਸਰਕਾਰ ਭਾਰਤ-ਪਾਕਿਸਤਾਨ ਦੋਸਤੀ ਚਾਹੁੰਦੀ ਹੋਈ ਵੀ ਇਸ ਪਾਸੇ ਪੁਖਤਾ ਕਦਮ ਨਹੀਂ ਸੀ ਚੁੱਕ ਸਕੀ। ਦੁੱਲਤ ਇਸ ਵਰਤਾਰੇ ਨੂੰ ਮੰਦਭਾਗਾ ਤੇ ਦੁਖਦਾਈ ਕਹਿੰਦਾ ਹੈ। ਇਸ ਲਈ ਵੀ ਕਿ ਅਜਿਹੀ ਜੰਗ ਦੋਹਾਂ ਦੇਸ਼ਾਂ ਲਈ ਭਿਅੰਕਰ ਤਬਾਹੀ ਦਾ ਕੇਂਦਰ ਬਿੰਦੂ ਬਣ ਸਕਦੀ ਹੈ।
ਇਸ ਪੁਸਤਕ ਵਿਚ ਮੋਦੀ ਵਲੋਂ ਨਹਿਰੂ ਪਰਿਵਾਰ ਦੀ ਲਗਾਤਾਰ ਨਿੰਦਾ ਦੇ ਟਾਕਰੇ ਉਤੇ ਵਾਜਪਾਈ ਦੀ ਪਹੁੰਚ ਇਸ ਦੇ ਉਲਟ ਦਰਸਾਈ ਗਈ ਹੈ। ਦੁੱਲਤ ਅਨੁਸਾਰ ਪੰਡਿਤ ਨਹਿਰੂ ਤੋਂ ਪਿਛੋਂ ਕੇਵਲ ਇੱਕੋ ਇੱਕ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਸੀ, ਜਿਸ ਨੇ ਆਪਣੇ ਆਪ ਨੂੰ ਨਹਿਰੂ ਮਾਡਲ ਉਤੇ ਢਾਲਣ ਦਾ ਯਤਨ ਕੀਤਾ। ਉਸ ਨੇ ਭਾਰਤ-ਪਾਕਿਸਤਾਨ ਸੰਵਾਦ ਰਚਾਇਆ ਤੇ ਇਸ ਨੂੰ ਜਾਰੀ ਰੱਖਣ ਵਿਚ ਕੋਈ ਕਸਰ ਨਹੀਂ ਛੱਡੀ। ਮੋਦੀ ਸਰਕਾਰ ਵਲੋਂ ਜਾਰੀ ਕੀਤੇ ਵਾਜਪਾਈ ਦੇ ਸਿੱਕੇ ਵਿਚ ਕੋਈ ਖੋਟ ਹੈ ਜਾਂ ਨਹੀਂ, ਵਾਜਪਾਈ ਦੇ ਸ਼ਾਸਨ ਕਾਲ ਵਿਚ ਰਾਅ ਦਾ ਮੁਖੀ ਰਹੇ ਤੇ ਉਸ ਤੋਂ ਪਿਛੋਂ ਕਸ਼ਮੀਰ ਮਸਲਿਆਂ ਦੇ ਸਲਾਹਕਾਰ ਰਹੇ ਦੁੱਲਤ ਦੀ ਧਾਰਨਾ ਵਿਚ ਉਕਾ ਹੀ ਕੋਈ ਖੋਟ ਨਹੀਂ।
ਦੁੱਲਤ ਦੀ ਇਸ ਰਚਨਾ ਤੋਂ ਸੇਧ ਲੈ ਕੇ ਕਸ਼ਮੀਰ ਦਾ ਮਸਲਾ ਹਾਲੀ ਵੀ ਸੁਲਝਾਇਆ ਜਾ ਸਕਦਾ ਹੈ, ਪਰ ਮੋਦੀ ਨੂੰ ਕੌਣ ਸਮਝਾਵੇ, ਜੋ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਵੀ ਅਪਨਾਉਣ ਤੋਂ ਝਿਜਕ ਰਿਹਾ ਹੈ। ਪੁਸਤਕ ਅੰਗਰੇਜ਼ੀ ਵਿਚ ਹੈ ਪਰ ਇਸ ਦਾ ਅਨੁਵਾਦ ਅਰਵਿੰਦਰ ਜੌਹਲ ਨੇ ਕੀਤਾ ਹੈ, ਜਿਸ ਦੀ ਰਵਾਨੀ ਮੂਲ ਰਚਨਾ ਦੇ ਹਾਣ ਦੀ ਹੈ। ਪੜ੍ਹੋ ਤੇ ਮਾਣੋ।
ਮੇਰੀ ਸੱਜਰੀ ਪ੍ਰੀਤ ਨਗਰ ਫੇਰੀ: ਪਿਛਲੇ ਦਿਨਾਂ ਵਿਚ ਮੈਨੂੰ ਆਪਣੀ ਜਵਾਨੀ ਦੇ ਮੱਕੇ ਪ੍ਰੀਤ ਨਗਰ ਜਾਣ ਦਾ ਮੌਕਾ ਮਿਲਿਆ। ਮੇਰੀ ਇਹ ਫੇਰੀ ਗੁਰਬਖਸ਼ ਸਿੰਘ-ਨਾਨਕ ਸਿੰਘ ਫਾਊਂਡੇਸ਼ਨ ਦੀ ਸਥਾਪਨਾ ਤੋਂ ਪਿਛੋਂ ਪਹਿਲੀ ਸੀ। ਇਹ ਵੇਖ ਕੇ ਬੜੀ ਤਸੱਲੀ ਹੋਈ ਕਿ ਫਾਊਂਡੇਸ਼ਨ ਵਾਲੇ ਓਪਨ ਏਅਰ ਥੀਏਟਰ (ਖੁੱਲ੍ਹੇ ਮੰਚ) ਦੇ ਪ੍ਰਵੇਸ਼ ਦੁਆਰ ਉਤੇ ਲੱਗੀਆਂ ਤਸਵੀਰਾਂ ਵਿਚ ਕੇਵਲ ਟੈਗੋਰ ਦੇ ਸ਼ਾਂਤੀ ਨਿਕੇਤਨ ਦਾ ਪ੍ਰਤੀਨਿਧ ਤੇ ਨੋਰਾ ਰਿਚਰਡ ਹੀ, ਕ੍ਰਮਵਾਰ 1941 ਦੇ ਮਈ ਤੇ ਦਸੰਬਰ ਮਹੀਨੇ ਪ੍ਰੀਤਨਗਰ ਨਹੀਂ ਗਏ, ਸਗੋਂ 1942 ਦੇ ਮਈ ਮਹੀਨੇ ਪੰਡਿਤ ਜਵਾਹਰ ਲਾਲ ਨਹਿਰੂ ਵੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਏਸ ਸੁਪਨ ਨਗਰੀ ਵਿਚ ਪਧਾਰੇ ਸਨ।
ਇਹ ਵੀ ਪਤਾ ਲੱਗਾ ਕਿ ਸਾਹਿਰ ਲੁਧਿਆਣਵੀ ਦੀ ਪ੍ਰਸਿੱਧ ਰਚਨਾ ‘ਤਲਖੀਆਂ’ ਦੀ ਘੁੰਡ ਚੁਕਾਈ ਵੀ ਇਸ ਥਾਂ ਹੀ ਹੋਈ ਸੀ। ਇਹ ਵੀ ਖੁਸ਼ੀ ਦੀ ਗੱਲ ਹੈ ਕਿ ਗੁਰਬਖਸ਼ ਸਿੰਘ ਦੀ ਧੀ ਉਮਾ (ਬਲੋਚ) 92 ਵਰ੍ਹੇ ਦੀ ਹੋਣ ‘ਤੇ ਵੀ ਨੌਂ ਬਰ ਨੌਂ ਹੈ। ਉਸ ਦਾ ਜਨਮ (27 ਜੁਲਾਈ 1927) ਖੇਨਈ ਬੋਲਚਿਸਤਾਨ ਦਾ ਹੈ, ਜਿਥੇ ਉਨ੍ਹਾਂ ਦੇ ਦਾਰ ਜੀ (ਪਿਤਾ) ਬਤੌਰ ਰੇਲਵੇ ਇੰਜੀਨੀਅਰ ਤਾਇਨਾਤ ਸਨ।
ਅੰਤਿਕਾ: ਸਾਹਿਰ ਲੁਧਿਆਣਵੀ ਦਾ ‘ਤਾਜ ਮਹਲ’
ਮੇਰੀ ਮਹਿਬੂਬ!
ਕਹੀਂ ਔਰ ਮਿਲਾ ਕਰ ਮੁੱਝ ਸੇ
ਯੇ ਮੁਨਕਸ਼ ਦਰ-ਓ-ਦੀਵਾਰ
ਯੇ ਮਹਿਰਾਬ, ਯੇ ਤਾਕ
ਯੇ ਚਮਨਜ਼ਾਰ,
ਯੇ ਜਮਨਾ ਕਾ ਕਿਨਾਰਾ, ਯੇ ਮਹਲ
ਇੱਕ ਸ਼ਹਿਨਸ਼ਾਹ ਨੇ
ਦੌਲਤ ਕਾ ਸਹਾਰਾ ਲੇ ਕਰ
ਹਮ ਗਰੀਬੋਂ ਕੀ ਮੁਹੱਬਤ ਕਾ
ਉੜਾਇਆ ਹੈ ਮਜ਼ਾਕ
ਮੇਰੀ ਮਹਿਬੂਬ!
ਕਹੀਂ ਔਰ ਮਿਲਾ ਕਰ ਮੁੱਝ ਸੇ।