ਮਹਾਨ ਗਦਰੀ ਬੀਬੀ ਗੁਲਾਬ ਕੌਰ

ਬੀਬੀ ਗੁਲਾਬ ਕੌਰ ਨੇ ਗਦਰ ਲਹਿਰ ਵਿਚ ਉਘਾ ਯੋਗਦਾਨ ਪਾਇਆ। ਇਸ ਯੋਗਦਾਨ ਬਦਲੇ ਉਸ ਨੂੰ ਮਾਈ ਭਾਗੋ ਦੀ ਵਾਰਸ ਕਰਕੇ ਵੀ ਯਾਦ ਕੀਤਾ ਜਾਂਦਾ ਹੈ। ਗਦਰੀਆਂ ਬਾਰੇ ਅਣਗਿਣਤ ਕਿਤਾਬਾਂ ਲਿਖਣ ਵਾਲੇ ਉਘੇ ਨਾਵਲਕਾਰ ਕੇਸਰ ਸਿੰਘ ਨੇ ਗੁਲਾਬ ਕੌਰ ਦੀ ਜ਼ਿੰਦਗੀ ਅਤੇ ਸੰਗਰਾਮ ਨੂੰ ਆਧਾਰ ਬਣਾ ਕੇ ਕਿਤਾਬ ‘ਗਦਰ ਦੀ ਧੀ ਗੁਲਾਬ ਕੌਰ’ ਲਿਖੀ ਹੈ। ਕਿਰਪਾਲ ਸਿੰਘ ਸੰਧੂ ਨੇ ਆਪਣੇ ਇਸ ਲੇਖ ਵਿਚ ਬੀਬੀ ਗੁਲਾਬ ਕੌਰ ਦੇ ਜੀਵਨ ਅਤੇ ਸੰਗਰਾਮ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਹੈ।

-ਸੰਪਾਦਕ

ਕਿਰਪਾਲ ਸਿੰਘ ਸੰਧੂ
ਫੋਨ: 559-259-4844

ਗਦਰ ਪਾਰਟੀ ਵਿਚ ਬੀਬੀ ਗੁਲਾਬ ਕੌਰ ਮਾਈ ਭਾਗੋ ਦੀ ਵਾਰਸ ਵਜੋਂ ਜਾਣੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਦੇ 40 ਸਿੰਘਾਂ ਨੇ ਬੇਦਾਵਾ ਦੇ ਕੇ ਜੰਗ ਤੋਂ ਪਾਸਾ ਵੱਟ ਲਿਆ ਤੇ ਘਰਾਂ ਨੂੰ ਹੋ ਤੁਰੇ। ਉਨ੍ਹਾਂ ਦੇ ਰਸਤੇ ਵਿਚ ਮਾਈ ਭਾਗੋ ਵੰਗਾਰ ਬਣ ਆਣ ਖੜ੍ਹੀ ਹੋਈ। ਉਨ੍ਹਾਂ ਹੀ ਸਿੰਘਾਂ ਨੇ ਮਾਈ ਭਾਗੋ ਨਾਲ ਖਿਦਰਾਣੇ ਦੀ ਢਾਬ ‘ਤੇ ਹੋਈ ਹੱਥੋ-ਹੱਥੀ ਲੜਾਈ ਵਿਚ ਸ਼ਹਾਦਤ ਦੇ ਜਾਮ ਪੀਤੇ।
ਅਜਿਹਾ ਹੀ ਮਨੀਲਾ ਵਿਚ ਵਾਪਰਿਆ ਸੀ। ਗਦਰ ਪਾਰਟੀ ਦੇ ਸੱਦੇ ‘ਤੇ ਭਾਰਤ ਨੂੰ ਅੰਗਰੇਜ਼ੀ ਰਾਜ ਤੋਂ ਆਜ਼ਾਦ ਕਰਵਾਉਣ ਲਈ ਦੇਸ਼ ਨੂੰ ਚਾਲੇ ਪਾਉਣ ਸਮੇਂ ਕੁਝ ਲੋਕ, ਸਮੇਤ ਬੀਬੀ ਗੁਲਾਬ ਕੌਰ ਦੇ ਘਰ ਵਾਲੇ ਦੇ, ਪਿਛੇ ਹਟ ਗਏ ਤਾਂ ਬੀਬੀ ਗੁਲਾਬ ਕੌਰ ਮਾਈ ਭਾਗੋ ਦੀ ਵਾਰਸ ਬਣ ਕੇ ਭਾਰਤ ਦੀ ਆਜ਼ਾਦੀ ਦੀ ਜੰਗ ਵਿਚ ਕੁੱਦ ਪਈ ਅਤੇ ਫਿਰ ਸਾਰੀ ਉਮਰ ਆਜ਼ਾਦੀ ਸੰਗਰਾਮ ਦੇ ਲੇਖੇ ਲਾ ਦਿੱਤੀ। ਕਦੇ ਵੀ ਪਿਛਾਂਹ ਮੁੜ ਕੇ ਨਹੀਂ ਦੇਖਿਆ। ਪਿੰਡ ਬਖਸ਼ੀਵਾਲਾ ਦੀ ਜੰਮੀ ਇਸ ਸੰਗਰਾਮਣ ਨੇ ਆਜ਼ਾਦੀ ਦੇ ਪਿੜ ਵਿਚ ਉਹ ਕਾਰਨਾਮੇ ਕਰ ਦਿਖਾਏ, ਜੋ ਹੈਰਾਨਕੁਨ ਹਨ।
ਗਦਰੀ ਸੂਰਬੀਰਾਂ, ਬੱਬਰ ਅਕਾਲੀਆਂ ਨੇ ਅੰਗਰੇਜ਼ ਸਰਕਾਰ ਦੇ ਪੇਂਡੂ ਥੰਮ੍ਹ ਕਹੇ ਜਾਣ ਵਾਲੇ ਝੋਲੀ ਚੁੱਕ ਲਾਣੇ ਸਫੈਦਪੋਸ਼, ਨੰਬਰਦਾਰ, ਜ਼ੈਲਦਾਰ, ਚੌਧਰੀ ਸਾਹਿਬ, ਸਰਦਾਰ ਬਹਾਦਰ ਵਗੈਰਾ ਨੂੰ, ਸਰਕਾਰੇ-ਦਰਬਾਰੇ ਝੂਠੀਆਂ ਸ਼ਹਾਦਤਾਂ (ਗਵਾਹੀਆਂ) ਦੇ ਕੇ ਸਰਕਾਰ ਦੀ ਪੁਸ਼ਤ-ਪਨਾਹੀ ਕਰਦਿਆਂ ਨੂੰ ਇਨ੍ਹਾਂ ਕੰਮਾਂ ਤੋਂ ਬਾਜ਼ ਆਉਣ ਲਈ ਕਿਹਾ ਅਤੇ ਫਿਰ ਇਨ੍ਹਾਂ ਨੂੰ ਸਬਕ ਸਿਖਾ ਕੇ ਸਰਕਾਰੀ ਢਾਂਚੇ ‘ਤੇ ਵਦਾਣੀ ਸੱਟ ਮਾਰ, ਇਸ ਨੂੰ ਤਹਿਸ-ਨਹਿਸ ਕਰਨ ਦਾ ਪੱਕਾ ਮਨ ਬਣਾ ਲਿਆ। ਇਹ ਦੇਸ਼ ਭਗਤ ਆਪਣੇ ਮਿਸ਼ਨ ਵਿਚ ਕਾਮਯਾਬ ਵੀ ਹੋ ਰਹੇ ਸਨ।
ਬੀਬੀ ਗੁਲਾਬ ਕੌਰ ਸਰਕਾਰੀ ਟੋਡੀਆਂ, ਪੁਲਿਸ ਅਤੇ ਹਾਕਮਾਂ ਦੀਆਂ ਨਜ਼ਰਾਂ ਤੋਂ ਬਚ ਕੇ ਵੱਖ-ਵੱਖ ਸਮਿਆਂ ਅਨੁਸਾਰ ਭੇਸ ਵਟਾ ਕੇ ਗਦਰ ਪਾਰਟੀ ਵਲੋਂ ਜ਼ਿੰਮੇ ਲੱਗੇ ਹਰ ਔਖੇ ਤੋਂ ਔਖੇ ਕੰਮ ਨੂੰ ਆਪਣੀ ਸੂਝ-ਬੂਝ ਅਤੇ ਦਲੇਰੀ ਨਾਲ ਵਕਤ ਸਿਰ ਅੰਜਾਮ ਦਿੰਦੀ ਰਹੀ। ਇਸੇ ਕਰਕੇ ਦੇਸ਼ ਭਗਤ ਹਲਕਿਆਂ ਵਿਚ ਉਸ ਨੂੰ ਬਹੁਤ ਸਤਿਕਾਰ ਦਿਤਾ ਜਾਂਦਾ ਸੀ।
ਉਸ ਨੇ ਆਜ਼ਾਦੀ ਦੀ ਜੰਗ ਵਿਚ ਬਹੁਤ ਹੀ ਜੋਖਮ ਭਰੇ ਕੰਮਾਂ ਨੂੰ ਨੇਪਰੇ ਚਾੜ੍ਹਿਆ। ਰੋਟੀਆਂ ਵਾਲੇ ਟੋਕਰੇ ਵਿਚ ਅਸਲਾ ਅਤੇ ਹੋਰ ਹਥਿਆਰ ਰੱਖ ਕੇ ਪੁਲਿਸ ਦੇ ਘੇਰੇ ਵਿਚੋਂ ਨਿਕਲ ਜਾਣਾ ਕੋਈ ਮਾਮੂਲੀ ਕੰਮ ਨਹੀਂ ਸੀ। ਫੜੇ ਜਾਣ ‘ਤੇ ਉਸ ਨੂੰ ਅੰਜਾਮ ਵੀ ਭੁਗਤਣੇ ਪਏ। ਉਸ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਸ਼ਾਹੀ ਕਿਲ੍ਹੇ, ਜਿਸ ਨੂੰ ਆਮ ਭਾਸ਼ਾ ਵਿਚ ਬੁਚੜਖਾਨਾ ਵੀ ਕਿਹਾ ਜਾਂਦਾ ਸੀ, ਵਿਚ ਕੈਦ ਕਰ ਦਿੱਤਾ ਗਿਆ। ਗਦਰ ਪਾਰਟੀ ਦੇ ਭੇਤ ਅਤੇ ਗਦਰੀ ਸਾਥੀਆਂ ਦੇ ਨਾਂ, ਉਨ੍ਹਾਂ ਦੇ ਟਿਕਾਣੇ ਅਤੇ ਰਣਨੀਤੀ ਜਾਣਨ ਲਈ ਉਸ ‘ਤੇ ਤਸ਼ੱਦਦ ਕੀਤਾ ਗਿਆ ਪਰ ਸਦਕੇ ਜਾਈਏ ਪੰਜਾਬ ਦੀ ਜੰਮੀ ਜਾਈ ਦੇ! ਉਹਨੂੰ ਇਹ ਤਸ਼ੱਦਦ ਨਾ ਤਾਂ ਝੁਕਾ ਸਕਿਆ ਅਤੇ ਨਾ ਹੀ ਤੋੜ ਸਕਿਆ। ਬਰਤਾਨਵੀ ਸਰਕਾਰ ਉਸ ਦੇ ਮੂੰਹ ਵਿਚੋਂ ਕੋਈ ਵੀ ਭੇਤ ਨਾ ਕਢਵਾ ਸਕੀ। ਅੰਤ ਸਰਕਾਰ ਨੇ ਥੱਕ-ਹਾਰ ਕੇ ਅੱਧੋਰਾਣੇ ਮੈਲੇ-ਕੁਚੈਲੇ, ਖਟਮਲਾਂ ਅਤੇ ਜੂੰਆਂ ਨਾਲ ਭਰੇ ਕੰਬਲਾਂ ‘ਤੇ ਪਈ ਹੱਡੀਆਂ ਦੀ ਮੁੱਠ ਬਣੀ, ਅਧਮੋਈ ਗੁਲਾਬ ਕੌਰ ਨੂੰ ਰਿਹਾ ਕਰ ਦਿਤਾ। ਉਸ ਦੇ ਗਦਰੀ ਸਾਥੀ, ਬੀਬੀ ਨੂੰ ਪਿੰਡ ਕੋਟੜਾ ਨੌਧਸਿੰਘਵਾਲਾ ਲੈ ਗਏ, ਜੋ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਹੈ। ਉਹ ਉਥੇ ਭਾਈ ਅਮਰ ਸਿੰਘ ਕੋਲ ਰਹਿਣ ਲੱਗ ਪਈ। ਇਸੇ ਥਾਂ ਬੀਬੀ ਨੇ 1941 ਵਿਚ ਆਖਰੀ ਸਾਹ ਲਿਆ।
ਇਹ ਕਹਿਣਾ ਹੱਕ ਬਜਾਨਬ ਹੋਵੇਗਾ ਕਿ ਭਾਰਤ ਦੇਸ਼ ਦੀ ਮਹਾਨ ਪੁੱਤਰੀ, ਜਿਸ ਨੇ ਕੱਲਰੀ ਧਰਤੀ ਵਿਚ ਗੁਲਾਬ ਦਾ ਫੁੱਲ ਬਣ ਕੇ ਜਨਮ ਲਿਆ ਅਤੇ ਭਾਰਤ ਦੇ ਆਜ਼ਾਦੀ ਸੰਗਰਾਮਾਂ ਵਿਚ ਲਾਮਿਸਾਲ ਕੰਮ ਕੀਤਾ। ਬੀਬੀ ਦੇ ਸੰਘਰਸ਼ਾਂ ਭਰੇ ਜੁਝਾਰੂ ਜੀਵਨ ‘ਤੇ ਝਾਤ ਮਾਰੀਏ।
ਪਿੰਡ ਬਖਸ਼ੀਵਾਲਾ 19ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿਚ ਪਟਿਆਲਾ ਰਿਆਸਤ ਦੇ ਕਸਬਾ ਸੁਨਾਮ ਤੋਂ ਤਿੰਨ ਮੀਲ ਦੀ ਦੂਰੀ ‘ਤੇ ਆਬਾਦ ਹੋਇਆ ਸੀ। ਦੂਸਰੇ ਪਿੰਡਾਂ ਤੋਂ ਖਾਸ ਕਰ ਚੱਠੇ, ਸੇਖਵਾਂ ਤੇ ਡੋਗਰ ਗੋਤ ਦੇ ਕਾਸ਼ਤਕਾਰ ਇਸ ਪਿੰਡ ਵਿਚ ਆ ਕੇ ਵਸਣ ਲੱਗੇ ਅਤੇ ਸਹਾਇਕ ਧੰਦਿਆਂ ਨਾਲ ਜੁੜੇ ਲੋਕ ਜਿਵੇਂ ਤੇਲੀ, ਲੁਹਾਰ, ਤਰਖਾਣ, ਨਾਈ, ਝਿਉਰ, ਛੀਂਬੇ ਅਤੇ ਖੱਦਰ ਬੁਣਨ ਵਾਲੇ, ਰਮਦਾਸੀਏ ਸਿੱਖ ਵੀ ਪਰਿਵਾਰਾਂ ਸਣੇ ਪੁਸ਼ਤ-ਦਰ-ਪੁਸ਼ਤ ਜ਼ਿੰਦਗੀ ਬਸਰ ਕਰਨ ਲੱਗੇ।
ਨਗਰ ਵਿਚ ਬੈਰਾਗੀ, ਸਨਿਆਸੀ, ਉਦਾਸੀ ਸੰਪਰਦਾਇ ਅਤੇ ਗ੍ਰੰਥੀ ਸਿੰਘ ਵੀ ਆਪੋ-ਆਪਣੇ ਡੇਰੇ ਜਾਂ ਕੁਟੀਆ ਬਣਾ ਕੇ ਰਹਿਣ ਲੱਗੇ। ਗੁਰਦੁਆਰੇ ਦਾ ਨਿਸ਼ਾਨ ਸਾਹਿਬ ਵੀ ਨਗਰ ਦੀ ਸ਼ਾਨ ਬਣ ਰਿਹਾ ਸੀ। ਗੱਲ ਕੀ, ਇਹ ਪਿੰਡ ਹਰ ਤਰ੍ਹਾਂ ਦੇ ਕਿੱਤਿਆਂ, ਧਰਮਾਂ, ਮਜਹਬਾਂ ਦੀ ਆਪਸੀ ਭਾਈਚਾਰਕ ਸਾਂਝ ਦਾ ਗੁਲਦਸਤਾ ਸੀ। ਜਿਥੇ ਲੋਕ ਆਪਸ ਵਿਚ ਪਿਆਰ, ਮੁਹੱਬਤ ਅਤੇ ਦੁੱਖ-ਸੁੱਖ ਦੇ ਸਾਂਝੀ ਸਨ, ਉਥੇ ਹੱਡ-ਭੰਨਵੀਆਂ ਕਾਰਾਂ ਕਰ ਵਾਹੀਆਂ, ਬੀਜੀਆਂ ਤੇ ਪੁੱਤਾਂ ਵਾਗ ਪਾਲੀਆਂ ਫਸਲਾਂ ਤਿਆਰ ਹੋ ਜਾਂਦੀਆਂ ਤਾਂ ਫਿਰ ਬਿਸਵੇਦਾਰ ਤੇ ਉਨ੍ਹਾਂ ਦੇ ਲੱਠਮਾਰ, ਕਿਸਾਨਾਂ ਕੋਲੋਂ ਆਪਣੀ ਮਰਜ਼ੀ ਦਾ ਹਿੱਸਾ ਲੈਂਦੇ। ਕੰਮੀਆਂ ਅਤੇ ਕਾਸ਼ਤਕਾਰਾਂ ਕੋਲੋਂ ਵਾਧੂ ਵਗਾਰਾਂ ਵੀ ਲੈਂਦੇ। ਜਿਥੇ ਜਗੀਰਦਾਰਾਂ ਤੇ ਉਨ੍ਹਾਂ ਦੇ ਮੁਨਸ਼ੀਆਂ ਦੀ ਲੁੱਟ-ਖਸੁੱਟ ਜਾਰੀ ਰਹਿੰਦੀ, ਉਥੇ ਉਨ੍ਹਾਂ ਦੇ ਪਾਲਤੂ ਲੱਠਮਾਰ ਗੁੰਡਿਆਂ ਪਾਸੋਂ ਕਿਰਤੀਆਂ ਦੀਆਂ ਧੀਆਂ-ਭੈਣਾਂ ਦੀ ਇੱਜਤ ਵੀ ਮਹਿਫੂਜ਼ ਨਹੀਂ ਸੀ। ਇਸੇ ਕਰਕੇ ਕਾਸ਼ਤਕਾਰਾਂ ਅਤੇ ਉਨ੍ਹਾਂ ਦੇ ਸਹਾਇਕ ਵੀ ਨਵੀਂ ਪੀੜ੍ਹੀ ਦੇ ਗਰਮ ਖੂਨ ਅੰਦਰ ਇਸ ਜ਼ੁਲਮ ਵਿਰੁਧ ਰੋਹ ਦੇ ਬੀਜ ਪੁੰਗਰਨੇ ਅਤੇ ਆਜ਼ਾਦੀ ਦੇ ਖਵਾਬ ਲੈਣੇ ਸੁਭਾਵਕ ਸਨ।
ਨਿਤ ਦਿਹਾੜੇ ਦੇ ਸਿਤਮ ਤੋਂ ਤੰਗ ਆ ਕੇ ਪਰਜਾ ਮੰਡਲ ਅਤੇ ਮੁਜਾਰਾ ਲਹਿਰ ਦੇ ਘੋਲ ਦਾ ਬਿਗੁਲ ਵੱਜਿਆ ਅਤੇ ਪਿੰਡ ਬਖਸ਼ੀਵਾਲਾ ਇਸ ਸੰਘਰਸ਼ ਦਾ ਮੋਹਰੀ ਕੇਂਦਰ ਬਣ ਗਿਆ।
ਅੰਗਰੇਜ਼ ਸਾਮਰਾਜੀ ਭਾਰਤ ਤੋਂ ਕੱਚੇ ਮਾਲ ਤੇ ਅਨਾਜ ਦੀ ਲੁੱਟ ਕਰਕੇ ਵਲੈਤ ਲੈ ਜਾਂਦੇ ਅਤੇ ਉਥੋਂ ਪੱਕਾ ਮਾਲ ਤਿਆਰ ਕਰਕੇ ਭਾਰਤ ਵਿਚ ਮਹਿੰਗੇ ਭਾਅ ਵੇਚਦੇ। ਇਸ ਨਾਲ ਦੇਸ਼ ਦੀ ਆਰਥਕ ਹਾਲਤ ਨਿਘਰਦੀ ਗਈ ਅਤੇ ਛੋਟੀ ਦਸਤਕਾਰੀ ਤਬਾਹ ਹੋ ਗਈ। ਦੇਸ਼ ਵਿਚ ਬੇਰੁਜ਼ਗਾਰੀ, ਭੁੱਖ, ਨੰਗ ਅਤੇ ਕੰਗਾਲੀ ਫੈਲ ਗਈ। ਕਿਸਾਨ, ਮਜ਼ਦੂਰ, ਪੇਂਡੂ ਕਾਰੀਗਰ ਆਪੋ-ਆਪਣੇ ਘਰਾਂ ਦੇ ਚੁੱਲ੍ਹੇ ਗਰਮ ਰੱਖਣ ਲਈ ਬਾਹਰਲੇ ਮੁਲਕਾਂ ਵਿਚ ਮਿਹਨਤ-ਮਜ਼ਦੂਰੀ ਕਰਨ ਲਈ ਜਾਣ ਲੱਗ ਪਏ। ਉਨ੍ਹਾਂ ਪਹਿਲਾਂ ਪਹਿਲ ਮਲਾਇਆ, ਸਿੰਘਾਪੁਰ, ਬਰਮਾ ਅਤੇ ਉਥੋਂ ਫਿਰ ਕੈਨੇਡਾ, ਅਮਰੀਕਾ ਆਦਿ ਦੇਸ਼ਾਂ ਵਲ ਰੁਖ ਕੀਤਾ। ਭਾਰਤ ਦੀ ਬਰਤਾਨਵੀ ਸਰਕਾਰ ਇਹ ਵੀ ਨਾ ਜਰ ਸਕੀ। ਉਸ ਨੇ ਭਾਰਤੀਆਂ ਦੇ ਕੈਨੇਡਾ ਵਿਚ ਦਾਖਲੇ ‘ਤੇ ਵੀ ਕਈ ਢੁੱਚਰਾਂ ਡਾਹੁਣੀਆਂ ਸ਼ੁਰੂ ਕਰ ਦਿੱਤੀਆਂ। ਭਾਰਤੀਆਂ ਨੂੰ ਹਾਂਗਕਾਂਗ, ਮਨੀਲਾ, ਸ਼ੰਘਾਈ ਤੇ ਪਨਾਂਗ ਦੀਆਂ ਬੰਦਰਗਾਹਾਂ ‘ਤੇ ਰਾਹਦਾਰੀ ਲੈਣ ਲਈ ਕਈ-ਕਈ ਮਹੀਨੇ ਬੈਠਣਾ ਪੈਂਦਾ। ਉਨ੍ਹਾਂ ਦੇ ਮਨਾਂ ਵਿਚ ਇਸ ਦੁਰਦਸ਼ਾ ਲਈ ਅੰਗਰੇਜ਼ੀ ਸਰਕਾਰ ਪ੍ਰਤੀ ਨਫਰਤ ਪੈਦਾ ਹੋਣੀ ਕੁਦਰਤੀ ਸੀ। ਇਸ ਕਰਕੇ ਉਨ੍ਹਾਂ ਨੂੰ ਗੁਲਾਮੀ ਅਤੇ ਆਜ਼ਾਦੀ ਦਾ ਅਹਿਸਾਸ ਵੀ ਹੋਣ ਲੱਗਾ।
ਭਾਰਤੀਆਂ ਨੇ ਕੈਨੇਡਾ ਅਤੇ ਅਮਰੀਕਾ ਦੀ ਧਰਤੀ ‘ਤੇ ਪਹੁੰਚ ਕੇ ਇਨ੍ਹਾਂ ਆਜ਼ਾਦ ਮੁਲਕਾਂ ਦੀ ਆਜ਼ਾਦ ਫਿਜ਼ਾ ਵਿਚ ਸਾਹ ਲਿਆ। ਇਥੇ ਆਜ਼ਾਦੀ ਅਤੇ ਗੁਲਾਮੀ ਦੇ ਫਰਕ ਦਾ ਪਤਾ ਲੱਗਾ। ਇਸ ਧਰਤੀ ‘ਤੇ ਵੀ ਭਾਰਤੀਆਂ ਨੂੰ ਗੁਲਾਮ ਦੇਸ਼ ਦੇ ਵਾਸੀ ਹੋਣ ਕਰਕੇ ਤ੍ਰਿਸਕਾਰ ਦੀ ਨਿਗ੍ਹਾ ਨਾਲ ਹੀ ਦੇਖਿਆ ਜਾਂਦਾ ਸੀ ਅਤੇ ‘ਹਿੰਦੂ ਸਲੇਵ, ਹਿੰਦੂ ਸਲੇਵ’ ਦੇ ਤਾਹਨੇ-ਮਿਹਣੇ ਉਨ੍ਹਾਂ ਨੂੰ ਸੁਣਨੇ ਪੈਂਦੇ।
ਗੁਲਾਮ ਦੇਸ਼ ਦੇ ਵਾਸੀ ਹੋਣ ਕਰਕੇ ਰੋਜ਼ਮੱਰ੍ਹਾ ਦੀਆਂ ਔਕੜਾਂ ਬਾਰੇ ਛੁੱਟੀ ਵਾਲੇ ਦਿਨ ਇਹ ਪਰਵਾਸੀ, ਖਾਸ ਕਰਕੇ ਪੰਜਾਬੀ, ਇਕੱਠੇ ਬੈਠ ਕੇ ਸੋਚ-ਵਿਚਾਰਾਂ ਕਰਦੇ। ਆਖਰ ਇਸ ਸਿੱਟੇ ‘ਤੇ ਪੁੱਜੇ ਕਿ ਇਸ ਕੋਹੜ ਦਾ ਹੱਲ ਸਿਰਫ ਤੇ ਸਿਰਫ ਦੇਸ਼ ਦੀ ਆਜ਼ਾਦੀ ਹੀ ਹੈ। ਇਸ ਲਈ ਚਲੋ, ਚਲ ਕੇ ਪਹਿਲਾਂ ਦੇਸ਼ ਨੂੰ ਆਜ਼ਾਦ ਕਰਵਾਈਏ। ਇਨ੍ਹਾਂ ਵਿਚ ਘੱਟ ਪੜ੍ਹੇ-ਲਿਖੇ ਰਾਜਨੀਤੀ ਤੋਂ ਕੋਰੇ ਨੌਜਵਾਨ, ਕੁਝ ਫੌਜੀ ਰਿਟਾਇਰ ਅਤੇ ਵਿਰਲੇ-ਵਿਰਲੇ ਪੜ੍ਹਨ ਆਏ ਪਾੜ੍ਹੇ ਸਨ। ਉਨ੍ਹਾਂ ਦੇ ਮਨਾਂ ਵਿਚ ਬਰਤਾਨਵੀ ਸਾਮਰਾਜ ਖਿਲਾਫ ਇਨਕਲਾਬੀ ਭਾਵਨਾ ਪੈਦਾ ਹੋ ਗਈ।
1913 ਵਿਚ ਗਦਰ ਪਾਰਟੀ ਦਾ ਮੁੱਢ ਬੱਝਾ। ਥੋੜ੍ਹੇ ਸਮੇਂ ਵਿਚ ਹੀ ਇਹ ਪਾਰਟੀ ਦੁਨੀਆਂ ਭਰ ਵਿਚ ਮਸ਼ਹੂਰ ਹੋ ਗਈ। ਗਦਰ ਅਖਬਾਰ ਨੇ ਜਿਥੇ-ਜਿਥੇ ਵੀ ਹਿੰਦੁਸਤਾਨੀ, ਖਾਸ ਕਰ ਪੰਜਾਬੀ ਰਹਿੰਦੇ ਸਨ, ਉਨ੍ਹਾਂ ਦੇ ਮਨਾਂ ਵਿਚ ਬਰਤਾਨਵੀ ਸਾਮਰਾਜ ਦੇ ਵਿਰੁਧ ਅੱਗ ਬਾਲ ਦਿੱਤੀ। ਲੋਕ ਆਜ਼ਾਦੀ ਖਾਤਰ ਮਰਨ ਮਾਰਨ ਨੂੰ ਤਿਆਰ ਹੋ ਗਏ। ਗਦਰੀ ਆਗੂਆਂ ਦਾ 1857 ਵਿਚ ਆਜ਼ਾਦੀ ਲਈ ਮਾਰਿਆ ਹੰਭਲਾ, ਫਿਰ ਕੂਕਾ ਅੰਦੋਲਨ ਅਤੇ ਹੁਣ ਪਹਿਲੀ ਆਲਮੀ ਜੰਗ ਦੇ ਮੰਡਰਾਉਂਦੇ ਬੱਦਲਾਂ ਬਾਰੇ ਚਰਚਾ ਕਰਦੇ ਕਿ ਅੰਗਰੇਜ਼ ਜੰਗ ਵਿਚ ਉਲਝ ਜਾਣਗੇ ਤੇ ਉਨ੍ਹਾਂ ਨੂੰ ਦੇਸ਼ ਵਿਚੋਂ ਕੱਢਣਾ ਸੌਖਾ ਹੋਵੇਗਾ, ਗੱਲ ਅਗਾਂਹ ਤੁਰੀ। ਗਦਰ ਪਾਰਟੀ ਨੇ ਇਹ ਸਭ ਸੋਚ ਵਿਚਾਰ ਕੇ ਪਹਿਲੀ ਅਗਸਤ 1914 ਨੂੰ ਗਦਰ ਅਖਬਾਰ ਵਿਚ ‘ਐਲਾਨੇ ਜੰਗ’ ਛਾਪ ਦਿੱਤਾ ਅਤੇ ਅੰਗਰੇਜ਼ਾਂ ਨੂੰ ਹਿੰਦੋਸਤਾਨ ਵਿਚੋਂ ਬਾਹਰ ਕੱਢ ਮਾਰਨ ਲਈ ਦੇਸ਼ ਨੂੰ ਚਾਲੇ ਪਾਉਣ ਲਈ ਲੋਕਾਂ ਨੂੰ ਸੱਦਾ ਦਿੱਤਾ।
ਗਦਰ ਪਾਰਟੀ ਨੇ ਆਜ਼ਾਦੀ ਪਿਛੋਂ ਨਿਸ਼ਾਨਾ ਮਿਥਿਆ ਕਿ ਹਰ ਬੱਚੇ ਲਈ ਮੁਫਤ ਤੇ ਲਾਜ਼ਮੀ ਤਾਲੀਮ, ਕੰਮਕਾਰ ਦੀ ਸਰਕਾਰੀ ਗਾਰੰਟੀ, ਅੰਨ੍ਹੀ ਲੁੱਟ ਤੋਂ ਰਹਿਤ ਸਮਾਜ ਦੀ ਉਸਾਰੀ ਅਤੇ ਜਾਤਾਂ-ਪਾਤਾਂ, ਧਰਮਾਂ ਤੋਂ ਨਿਰਪੱਖ ਸਰਕਾਰ ਹੋਵੇਗੀ। ਉਨ੍ਹਾਂ ਹਥਿਆਰਬੰਦ ਘੋਲ ਲਈ ਫੌਜੀਆਂ ਦੀ ਮਦਦ ਲੈਣੀ ਜ਼ਰੂਰੀ ਸਮਝੀ। ਉਨ੍ਹਾਂ ਦਾ ਵਿਚਾਰ ਸੀ ਕਿ ਇਨਕਲਾਬ ਫੌਜਾਂ ਤੋਂ ਬਿਨਾ ਸੰਭਵ ਨਹੀਂ ਹੈ।
1914 ਵਿਚ ਕੈਲੀਫੋਰਨੀਆ ਦੇ ਸ਼ਹਿਰਾਂ-ਫਰਿਜ਼ਨੋ ਅਤੇ ਸੈਕਰਾਮੈਂਟੋ ਵਿਚ ਗਦਰ ਪਾਰਟੀ ਨੇ ਸਾਂਝੇ ਤੌਰ ‘ਤੇ ਕੀਤੇ ਫੈਸਲੇ ਅਨੁਸਾਰ ਵਤਨ ਪਹੁੰਚਣ ਲਈ ਸੱਦਾ ਦੇ ਦਿੱਤਾ। ਲੋਕ ਸਿਰਾਂ ‘ਤੇ ਕਫਨ ਬੰਨ੍ਹ ਕੇ ਦੇਸ਼ ਨੂੰ ਜਾਣੇ ਸ਼ੁਰੂ ਹੋ ਗਏ।
ਬੀਬੀ ਗੁਲਾਬ ਕੌਰ
ਜਵਾਨੀ ਦੀ ਦਹਿਲੀਜ਼ ‘ਤੇ ਪੈਰ ਰੱਖਦਿਆਂ ਹੀ ਘਰਦਿਆਂ ਨੇ ਬੀਬੀ ਗੁਲਾਬ ਕੌਰ ਦਾ ਵਿਆਹ ਨੇੜੇ ਦੇ ਪਿੰਡ ਜਖੇਪਲ ਦੇ ਨੌਜਵਾਨ ਮਾਨ ਸਿੰਘ ਨਾਲ ਕਰ ਦਿੱਤਾ। ਇਸ ਜੋੜੇ ਨੇ ਚੜ੍ਹਦੀ ਜਵਾਨੀ ਵਿਚ ਖੇਤਾਂ ‘ਚ ਸਖਤ ਮਿਹਨਤ ਨਾਲ ਹਰ ਮੌਸਮ ਵਿਚ ਫਸਲ ਬੀਜਣ-ਪਾਲਣ ਲਈ ਲਹੂ ਪਸੀਨਾ ਇਕ ਕੀਤਾ। ਫਸਲ ਵੱਢ ਕੇ ਦਾਣੇ ਤਿਆਰ ਹੋ ਜਾਂਦੇ ਤਾਂ ਬੋਹਲਾਂ ਤੇ ਬਿਸਵੇਦਾਰਾਂ ਦੇ ਲੱਠਮਾਰ ਆ ਕੇ ਅੱਧ ਤੋਂ ਵੱਧ ਹਿੱਸਾ ਚੁੱਕ ਕੇ ਤੁਰਦੇ ਬਣਦੇ। ਜੋ ਬਾਕੀ ਬਚਦਾ, ਉਹ ਸ਼ਾਹੂਕਾਰਾਂ ਦੇ ਭੇਟ ਚੜ੍ਹ ਜਾਂਦਾ। ਖੇਤਾਂ ਵਿਚ ਹੱਡ-ਭੰਨਵੀਆਂ ਕਾਰਾਂ ਕਰਕੇ ਵੀ ਢਿੱਡ ਭਰਨ ਲਈ ਰੋਟੀ ਨਸੀਬ ਨਾ ਹੁੰਦੀ। ਹਰ ਸਾਲ ਘਾਟੇ ਦੀ ਮਾਰ ਡੰਗਰ ਵੱਛਾ ਵੇਚ ਕੇ ਪੂਰੀ ਕੀਤੀ ਜਾਂਦੀ।
ਅਜਿਹੀ ਜ਼ਿੰਦਗੀ ਤੋਂ ਤੰਗ ਆ ਕੇ ਖੇਤਾਂ ਵਿਚ ਕੰਮ ਕਰਦਿਆਂ ਗੁਲਾਬ ਕੌਰ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਜ਼ਿੱਲਤ ਦੀ ਇਹ ਜ਼ਿੰਦਗੀ ਗੁਜ਼ਾਰਨ ਨਾਲੋਂ ਆਪਾਂ ਵੀ ਕਿਸੇ ਬਾਹਰਲੇ ਦੇਸ਼ ਵਿਚ ਜਾ ਕੇ ਮਿਹਨਤ ਮਜ਼ਦੂਰੀ ਕਰੀਏ, ਇਥੇ ਨਾਲੋਂ ਤਾਂ ਚੰਗੇ ਹੀ ਰਹਾਂਗੇ। ਮਾਨ ਸਿੰਘ ਦੇ ਵੀ ਗੱਲ ਮਨ ਲੱਗ ਗਈ ਅਤੇ ਉਹ ਝੱਟ ਤਿਆਰ ਹੋ ਗਿਆ। ਰਿਸ਼ਤੇਦਾਰਾਂ ਕੋਲੋਂ ਉਧਾਰ ਫੜ, ਸ਼ਾਹੂਕਾਰਾਂ ਤੋਂ ਕਰਜ਼ਾ ਚੁੱਕ, ਕਿਰਾਇਆ ਭਾੜਾ ਤਿਆਰ ਕਰ ਉਹ ਦੋਵੇਂ ਕਲਕੱਤੇ ਦੀ ਬੰਦਰਗਾਹ ‘ਤੇ ਜਾ ਪਹੁੰਚੇ। ਉਥੋਂ ਸਮੁੰਦਰੀ ਜਹਾਜ ਰਾਹੀਂ ਹਾਂਗਕਾਂਗ ਤੇ ਫਿਰ ਫਿਲੀਪੀਨ ਦੀ ਬੰਦਰਗਾਹ ਮਨੀਲਾ ਜਾ ਪਹੁੰਚੇ ਅਤੇ ਉਥੋਂ ਅਮਰੀਕਾ ਜਾਣ ਦੀਆਂ ਵਿਉਤਾਂ ਬਣਾਉਣ ਲੱਗੇ।
ਉਨ੍ਹਾਂ ਦਿਨਾਂ ਵਿਚ ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ ਬਣੀ ਗਦਰ ਪਾਰਟੀ ਦੀ ਚੜ੍ਹਤ ਜ਼ੋਰਾਂ ‘ਤੇ ਸੀ। 29 ਅਗਸਤ 1914 ਨੂੰ ਸੈਨ ਫਰਾਂਸਿਸਕੋ ਦੀ ਬੰਦਰਗਾਹ ਤੋਂ ਐਸ਼ ਐਸ਼ ਕੋਰੀਆ ਨਾਮੀ ਜਹਾਜ ਮਨੀਲਾ ਦੀ ਬੰਦਰਗਾਹ ‘ਤੇ ਆ ਰੁਕਿਆ। ਇਸ ਵਿਚ 70 ਗਦਰੀ ਦੇਸ਼ ਭਗਤ ਸਵਾਰ ਸਨ। ਗੁਰਦੁਆਰੇ ਵਿਚ ਭਾਰੀ ਇਕੱਠ ਹੋਇਆ। ਇਕੱਠ ਨੂੰ ਭਾਈ ਭਗਵਾਨ ਸਿੰਘ, ਕੇਸਰ ਸਿੰਘ ਅਤੇ ਹਾਫਿਜ਼ ਅਬਦੁੱਲਾ ਨੇ ਸੰਬੋਧਨ ਕਰਦਿਆਂ ਹਿੰਦੋਸਤਾਨ ਦੀ ਪੂਰਨ ਆਜ਼ਾਦੀ ਪਿਛੋਂ ਗਦਰ ਪਾਰਟੀ ਵਲੋਂ ਲੁੱਟ ਤੋਂ ਰਹਿਤ ਸਮਾਜ ਸਿਰਜਣ ਦੀ ਤਾਲੀਮ ਅਤੇ ਕੰਮ ਦੀ ਗਾਰੰਟੀ ਵਾਲੀ ਸਰਕਾਰ ਬਣਾਉਣ ਦੀ ਗੱਲ ਕੀਤੀ। ਮਾਨ ਸਿੰਘ ਤੇ ਗੁਲਾਬ ਕੌਰ ਨੇ ਵੀ ਇਹ ਭਾਸ਼ਣ ਸੁਣੇ।
ਬੀਬੀ ਗੁਲਾਬ ਕੌਰ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਦੇ ਗ੍ਰੰਥੀ ਪਾਸੋਂ ਪੜ੍ਹੀ ਸੀ। ਦੂਜਾ ਬਿਸਵੇਦਾਰੀ, ਜਾਗੀਰਦਾਰੀ ਅਤੇ ਸ਼ਾਹੂਕਾਰਾਂ ਦੀ ਲੁੱਟ ਨੂੰ ਬੜੇ ਨੇੜੇ ਹੋ ਕੇ ਵੇਖਿਆ ਹੀ ਨਹੀਂ, ਸਗੋ ਆਪਣੇ ਪਿੰਡੇ ‘ਤੇ ਵੀ ਹੰਢਾਇਆ ਹੋਇਆ ਸੀ। ਗੁਲਾਬ ਕੌਰ ਨੇ ਮਾਨ ਸਿੰਘ ਨੂੰ ਕਿਹਾ ਕਿ ਵਿਦੇਸ਼ਾਂ ਵਿਚ ਕੰਮ ਕਰਨ ਨਾਲੋਂ ਚੱਲ ਪਹਿਲਾਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਗਦਰ ਪਾਰਟੀ ਦਾ ਸਾਥ ਦੇਈਏ। ਆਜ਼ਾਦੀ ਪਿਛੋਂ ਆਪਣਾ ਖਾਣਾ-ਪੀਣਾ, ਉਠਣਾ-ਬੈਠਣਾ, ਸੌਣਾ-ਜਾਗਣਾ, ਮਰਨਾ-ਜੀਣਾ ਸਭ ਦੇਸ਼ ਵਾਸਤੇ ਹੋਵੇਗਾ। ਜਿਥੇ ਆਪਾਂ ਸੁਖ ਦਾ ਸਾਹ ਲਵਾਂਗੇ, ਉਥੇ ਆਪਣੀ ਔਲਾਦ ਵੀ ਸੁਖ ਪਾਵੇਗੀ। ਚੱਲ ਵਾਪਸ ਮੁੜ ਚੱਲੀਏ। ਮੁੱਕਦੀ ਗੱਲ, ਮਾਨ ਸਿੰਘ ਪਹਿਲਾਂ ਤਾਂ ਤਿਆਰ ਹੋਇਆ, ਫੇਰ ਉਸ ਨੇ ਨਾਂਹ ਕਰ ਦਿੱਤੀ।
ਗੁਲਾਬ ਕੌਰ ਮਾਨ ਸਿੰਘ ਨਾਲੋਂ ਸਾਰੇ ਰਿਸ਼ਤੇ-ਨਾਤੇ ਤੋੜ ਕੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਗਦਰੀ ਭਰਾਵਾਂ ਦੇ ਸੰਗ ਵਾਪਸ ਮੁੜ ਗਈ। ਸਫਰ ਦੌਰਾਨ ਜਹਾਜ ਵਿਚ ਚਾਹ-ਪਾਣੀ ਦੀ ਸੇਵਾ ਵਿਚ ਹੱਥ ਵਟਾਉਂਦੀ, ਆਪਣਾ ਪੂਰਾ ਯੋਗਦਾਨ ਪਾਉਂਦੀ। ਕਈ ਵਾਰੀ ਗਦਰੀਆਂ ਨਾਲ ਜਾਤ-ਪਾਤ, ਛੂਤ-ਛਾਤ, ਧਰਮਾਂ-ਕਰਮਾਂ, ਵਹਿਮਾਂ-ਭਰਮਾਂ ਅਤੇ ਸੱਚ-ਇਨਸਾਫ ਦੀਆਂ ਉਸਾਰੂ ਕਦਰਾਂ-ਕੀਮਤਾਂ ਬਾਰੇ ਵਿਚਾਰ-ਚਰਚਾ ਵੀ ਛੇੜ ਲੈਂਦੀ। ਗਦਰੀਆਂ ਦੇ ਹੌਸਲੇ ਅਤੇ ਦੇਸ਼ ਭਗਤੀ ਦੇ ਜਜ਼ਬੇ ਵਿਚ ਗੜੁੱਚ ਵਿਚਾਰ ਸੁਣ ਕੇ ਗੁਲਾਬ ਕੌਰ ਵੀ ਹੋਰ ਹੌਸਲੇ ਵਿਚ ਹੋ ਜਾਂਦੀ। ‘ਗਦਰ ਦੀਆਂ ਗੂੰਜਾਂ’ ਵਾਲੀਆਂ ਨਜ਼ਮਾਂ ਰੀਝ ਨਾਲ ਪੜ੍ਹਦੀ।
ਕਲਕੱਤੇ ਦੀ ਬੰਦਰਗਾਹ ‘ਤੇ ਉਤਰਦਿਆਂ ਗੁਲਾਬ ਕੌਰ ਨੇ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਲਈ ਆਪਣੇ ਪਤੀ ਦਾ ਨਾਂ ਜੀਵਨ ਸਿੰਘ, ਪਿੰਡ ਦੌਲਾਸਿੰਘਵਾਲਾ ਲਿਖਵਾਇਆ। ਇਹ ਸਿਰਫ ਪੁਲਿਸ ਤੋਂ ਬਚਣ ਦਾ ਬਹਾਨਾ ਸੀ, ਜੋ ਇਨਕਲਾਬੀ ਭਾਵਨਾਵਾਂ ਅਤੇ ਸਮਾਜੀ ਜ਼ਿੰਦਗੀ ਦਾ ਸਿਖਰ ਕਿਹਾ ਜਾ ਸਕਦਾ ਹੈ। ਜੀਵਨ ਸਿੰਘ ਦੌਲਾਸਿੰਘਵਾਲਾ ਵੀ ਮਨੀਲਾ ਵਿਚ ਰਾਹਦਾਰੀ ਬਣਾਉਣ ਦੀ ਉਡੀਕ ਵਿਚ ਠਹਿਰਿਆ ਹੋਇਆ ਸੀ ਅਤੇ ਗਦਰੀਆਂ ਨਾਲ ਵਾਪਸ ਮੁੜਿਆ ਸੀ। ਜੀਵਨ ਸਿੰਘ ਫਿਰੋਜ਼ਪੁਰ ਵਾਲੀ ਛਾਉਣੀ ਵਿਚ ਬਗਾਵਤ ਕਰਾਉਣ ਲਈ ਤਿਆਰੀ ਵਜੋਂ ਕਰਤਾਰ ਸਿੰਘ ਸਰਾਭਾ ਨਾਲ ਗਿਆ ਸੀ, ਜਿਸ ਨੂੰ ਬਾਅਦ ਵਿਚ ਅੰਗਰੇਜ਼ ਹਾਕਮਾਂ ਨੇ ਲਾਹੌਰ ਸੈਂਟਰਲ ਜੇਲ੍ਹ ਵਿਚ ਫਾਂਸੀ ‘ਤੇ ਲਟਕਾ ਦਿੱਤਾ।
ਬੀਬੀ ਗੁਲਾਬ ਕੌਰ ਲੁਧਿਆਣਾ ਸਟੇਸ਼ਨ ‘ਤੇ ਉਤਰ ਕੇ ਨਾ ਸਹੁਰੇ ਗਈ ਅਤੇ ਨਾ ਪੇਕੇ; ਬਲਕਿ ਉਸੇ ਜਹਾਜ ਵਿਚ ਅਮਰੀਕਾ ਤੋਂ ਆਏ ਅਮਰ ਸਿੰਘ ਨਾਲ ਉਸ ਦੇ ਪਿੰਡ ਪੁੱਜ ਗਈ। ਅਮਰ ਸਿੰਘ ਨੂੰ ਵੀ ਗੁਲਾਬ ਕੌਰ ਨੂੰ ਪਨਾਹ ਦੇਣ ਦੇ ਜੁਰਮ ਵਿਚ ਦੋ ਸਾਲ ਦੀ ਜੇਲ੍ਹ ਹੋ ਗਈ ਸੀ।
ਆਜ਼ਾਦੀ ਦੀ ਤਿਆਰੀ
ਗਦਰੀ ਵੱਖ-ਵੱਖ ਜਹਾਜਾਂ ਰਾਹੀਂ ਵੱਖ-ਵੱਖ ਬੰਦਰਗਾਹਾਂ ‘ਤੇ ਪੰਜਾਬ ਅਤੇ ਭਾਰਤ ਪਹੁੰਚ ਗਏ। ਦੇਸ਼ ਭਗਤ ਕਾਰਕੁਨ ਦੇਸ਼ ਦੇ ਹਿੱਸਿਆਂ ਦੀਆਂ ਛਾਉਣੀਆਂ ਵਿਚ ਆਪਣੀ ਰਣਨੀਤੀ ਅਨੁਸਾਰ ਆਜ਼ਾਦ ਦੇਸ਼ ਨਾਲ ਪਿਆਰ ਰੱਖਣ ਵਾਲੇ ਫੌਜੀ ਭਰਾਵਾਂ ਦੀ ਭਾਲ ਕਰਕੇ ਦੋਸਤੀ ਬਣਾ ਕੇ ਰਾਬਤਾ ਕਾਇਮ ਕਰਨ ਲੱਗੇ। ਦੂਸਰੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਸੈਲ ਕਾਇਮ ਕਰਨ ਲਈ ਗੁਪਤ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ। ਦੇਸ਼ ਵਾਸੀਆਂ ਦੇ ਦਿਲਾਂ ਨੂੰ ਹਲੂਣਾ ਦੇਣ ਲਈ ਕੁਰਬਾਨੀਆਂ ਭਰੇ ਇਤਿਹਾਸਕ ਵਿਰਸੇ ਨੂੰ ਯਾਦ ਕਰਵਾਉਣ ਵਾਲੇ ਇਸ਼ਤਿਹਾਰ ਗੁਪਤ ਤੌਰ ‘ਤੇ ਦੀਵਾਰਾਂ ‘ਤੇ ਲਾਉਣੇ ਸ਼ੁਰੂ ਕਰ ਦਿੱਤੇ। 1914 ਵਿਚ ਲਾਹੌਰ ਅਤੇ ਫਿਰੋਜ਼ਪੁਰ ਛਾਉਣੀਆਂ ਵਾਲੀਆਂ ਪਲਟਣਾਂ ਨੇ ਗਦਰੀਆਂ ਨਾਲ ਮਿਲ ਕੇ ਬਗਾਵਤ ਦੇ ਐਕਸ਼ਨ ਕਰਨ, ਫਿਰ ਹਥਿਆਰ ਲੁੱਟਣ ਲਈ ਨਵੰਬਰ ਮਹੀਨੇ ਦੀ 26 ਤਰੀਕ ਤੈਅ ਕਰ ਲਈ। ਐਕਸ਼ਨ ਪਲਾਨ ਤੋਂ ਇਕ ਦਿਨ ਪਹਿਲਾਂ ਕਿਰਪਾਲ ਸਿੰਘ ਨੇ ਇਸ ਬਗਾਵਤ ਦਾ ਸਰਕਾਰ ਨੂੰ ਭੇਤ ਦੇ ਦਿੱਤਾ, ਜਿਸ ਕਰਕੇ ਇਹ ਸਕੀਮ ਸਿਰੇ ਨਾ ਚੜ੍ਹ ਸਕੀ।
ਇਸੇ ਦੌਰਾਨ ਫੇਰੂ ਸ਼ਹਿਰ ਵਾਲੀ ਦੁਰਘਟਨਾ ਵਾਪਰ ਗਈ। ਪੁਲਿਸ ਨਾਲ ਹੋਏ ਮੁਕਾਬਲੇ ਵਿਚ ਗਦਰੀ ਦੇਸ਼ ਭਗਤਾਂ ਦੇ ਸ਼ਹੀਦ ਹੋ ਜਾਣ ਅਤੇ ਬਾਕੀਆਂ ਦੇ ਫੜੇ ਜਾਣ ਦੀ ਖਬਰ ਗੁਲਾਬ ਕੌਰ ਨੂੰ ਮਿਲੀ। ਉਦੋਂ ਉਹ ਲਾਹੌਰ ਵਿਚ ਗੁਪਤ ਤਰੀਕੇ ਨਾਲ ਰਹਿ ਕੇ ਬਗਾਵਤ ਵੇਲੇ ਵਰਤੇ ਜਾਣ ਵਾਲੇ ਗਦਰ ਪਾਰਟੀ ਦੇ ਝੰਡੇ ਤਿਆਰ ਕਰ ਰਹੀ ਸੀ, ਜੋ ਇਕੋ ਵੇਲੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਲਹਿਰਾਏ ਜਾਣੇ ਸਨ। ਉਸੇ ਦਿਨ ਪਿੰਡ ਨਾਰੰਗਵਾਲ ਦਾ ਸੱਜਣ ਸਿੰਘ ਆਇਆ, ਜਿਸ ਨੇ ਸਾਰੀ ਗੱਲਬਾਤ ਦੱਸੀ ਅਤੇ ਕਿਹਾ ਕਿ ਗ੍ਰਿਫਤਾਰੀਆਂ ਹੋ ਰਹੀਆਂ ਹਨ, ਜਲਦੀ ਇਥੋਂ ਨਿਕਲ ਜਾਣਾ ਚਾਹੀਦਾ ਹੈ। ਬੀਬੀ ਗੁਲਾਬ ਕੌਰ ਜਲਦੀ ਸਮਾਨ ਸੰਭਾਲ ਕੇ ਭੇਸ ਵਟਾ ਕੇ ਲਾਹੌਰ ਤੋਂ ਅੰਮ੍ਰਿਤਸਰ, ਜਲੰਧਰ ਤੋਂ ਹੁਸ਼ਿਆਰਪੁਰ ਦੇ ਸ਼ਾਮ ਚੁਰਾਸੀ ਪਿੰਡ ਧਾਮੀਆ, ਜਿਥੇ ਅਮਰ ਸਿੰਘ ਦੀ ਰਿਸ਼ਤੇਦਾਰੀ ਸੀ, ਦੇ ਘਰ ਪਹੁੰਚ ਗਈ।
ਬੀਬੀ ਗੁਲਾਬ ਕੌਰ ਨੇ ਧਾਮੀਆ ਦੇ ਦਲੀਪ ਸਿੰਘ ਉਰਫ ਦਲੀਪਾ, ਜਿਸ ਨੂੰ ਬਾਅਦ ਵਿਚ ਲਾਹੌਰ ਸੈਂਟਰਲ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ ਸੀ, ਦੇ ਘਰ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾ ਲਿਆ। ਉਹਨੇ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਦੇ ਪਿੰਡਾਂ, ਕਸਬਿਆਂ ਨੂੰ ਆਪਣਾ ਕਾਰਜ ਖੇਤਰ ਚੁਣਿਆ। ਉਹ ਗਦਰ ਦਾ ਸਾਹਿਤ ਵੰਡਦੀ ਆਜ਼ਾਦੀ ਦਾ ਪ੍ਰਚਾਰ ਕਰਦੀ ਅਤੇ ਮੁਨਾਸਬ ਸਮੇਂ ਅਨੁਸਾਰ ਜਗ੍ਹਾ ਵੀ ਬਦਲ ਲੈਂਦੀ। ਦਲੀਪ ਸਿੰਘ ਬੱਬਰ ਅਕਾਲੀਆਂ ਵਿਚ ਛੋਟੀ ਉਮਰ ਦਾ ਪਰ ਬਹਾਦਰ ਜਾਂਬਾਜ਼ ਨੌਜਵਾਨ ਸੀ। ਇਸੇ ਦੌਰਾਨ ਗੁਲਾਬ ਕੌਰ ਦਾ ਬੱਬਰ ਅਕਾਲੀ ਲਹਿਰ ਦੇ ਸਿਰਕੱਢ ਮੋਢੀ ਕਾਰਕੁਨਾਂ ਨਾਲ ਵੀ ਰਾਬਤਾ ਕਾਇਮ ਹੋ ਗਿਆ। ਉਹ ਮੌਕੇ ਮੁਤਾਬਕ ਉਸੇ ਤਰ੍ਹਾਂ ਭੇਸ ਵਟਾ ਕੇ ਬੱਬਰਾਂ ਦੇ ਕਾਗਜ਼ ਪੱਤਰ ਜਾਂ ਸੁਨੇਹਾ ਪਹੁੰਚਾਉਣ ਦਾ ਕੰਮ ਵੀ ਕਰਦੀ। ਲੋੜ ਪੈਣ ‘ਤੇ ਕਿਰਾਏ ‘ਤੇ ਮਕਾਨ ਲੈਣ ਵਿਚ ਔਰਤ ਦਾ ਰੋਲ ਵੀ ਅਦਾ ਕਰਦੀ। ਲੋਕਾਂ ਨੂੰ ਕਿਸੇ ਕਿਸਮ ਦਾ ਸ਼ੱਕ ਨਾ ਪੈ ਜਾਵੇ, ਇਸ ਲਈ ਚਰਖੇ ‘ਤੇ ਸੂਤ ਵੀ ਕੱਤਦੀ ਰਹਿੰਦੀ।
ਇਕ ਵਾਰ ਜਲੰਧਰ ਦੇ ਕਸਬਾ ਅਲਾਵਲਪੁਰ ਦੇ ਨਜ਼ਦੀਕ ਸੰਗਵਾਲ ਵਿਚ ਗਦਰੀ ਬੰਤਾ ਸਿੰਘ ਬੱਬਰ ਅਕਾਲੀ ਦੇ ਘਰ ਬੱਬਰਾਂ ਨੇ ਜ਼ਰੂਰੀ ਮੀਟਿੰਗ ਰੱਖ ਲਈ। ਏਜੰਡਾ ਦੇਸ਼ ਧ੍ਰੋਹ ਕਰ ਰਹੇ ਕੁਝ ਅਨਸਰਾਂ ਨੂੰ ਜਹੰਨਮ ਪਹੁੰਚਾਉਣਾ ਅਤੇ ਅਸਲੇ ਦੀ ਲੋੜ ਪੂਰਾ ਕਰਨ ਦਾ ਸੀ। ਮੀਟਿੰਗ ਵਿਚ ਸਾਰੀ ਲੀਡਰਸ਼ਿਪ ਹਾਜ਼ਰ ਸੀ। ਸਰਕਾਰ ਨੂੰ ਸੂਹ ਮਿਲ ਗਈ। ਗੋਰੇ ਪੁਲਿਸ ਕਪਤਾਨ ਦੀ ਕਮਾਨ ਹੇਠ ਘੋੜ ਸਵਾਰ ਸੰਗਵਾਲ ਨੂੰ ਘੇਰਾ ਪਾਉਣ ਲਈ ਤਿਆਰ ਹੋਣ ਲੱਗੇ। ਅਲਾਵਲਪੁਰ ਵਿਚ ਢੋਡਾ ਖਾਨਦਾਨ ਦਾ ਰਾਏ ਬਹਾਦਰ ਜੋ ਸਰਕਾਰ ਦੀ ਪੁਸ਼ਤ-ਪਨਾਹੀ ਕਰਦਾ ਸੀ, ਨੇ ਉਸ ਨੂੰ ਜਲਦੀ ਸੰਗਵਾਲ ਪਹੁੰਚਣ ਦੀ ਇਤਲਾਹ ਭੇਜ ਦਿਤੀ। ਉਸ ਦਾ ਲੜਕਾ ਭਗਤ ਰਾਤ ਢੋਡਾ, ਜੋ ਦੇਸ਼ ਦੀ ਆਜ਼ਾਦੀ ਦਾ ਹਾਮੀ ਸੀ, ਨੂੰ ਇਸ ਬਾਰੇ ਪਤਾ ਲੱਗ ਗਿਆ। ਉਹ ਜਲਦੀ ਘੋੜੀ ‘ਤੇ ਸਵਾਰ ਹੋ ਕੇ ਸੰਗਵਾਲ ਜਾ ਕੇ ਬੱਬਰਾਂ ਨੂੰ ਸਾਰੀ ਜਾਣਕਾਰੀ ਦੇ ਆਇਆ। ਬੱਬਰ ਛਾਲਾਂ ਮਾਰਦੇ ਉਥੋਂ ਨਿਕਲ ਗਏ। ਬੀਬੀ ਗੁਲਾਬ ਕੌਰ ਨੇ ਉਨ੍ਹਾਂ ਦਾ ਜ਼ਰੂਰੀ ਸਮਾਨ ਅਤੇ ਕੁਝ ਅਸਲਾ ਕੱਪੜੇ ਵਿਚ ਲਪੇਟੇ ਅਤੇ ਇਸ ਨੂੰ ਟੋਕਰੇ ਵਿਚ ਰੱਖ ਕੇ ਉਪਰ ਸਫੇਦ ਕਪੜੇ ਨਾਲ ਢੱਕ ਲਿਆ। ਇਹ ਸਮਾਨ ਸਿਰ ‘ਤੇ ਰੱਖ ਕੇ ਅਤੇ ਹੱਥ ਵਿਚ ਲੱਸੀ ਦੀ ਬਾਲਟੀ ਲੈ ਕੇ ਪੁਲਿਸ ਦੇ ਟੋਲੇ ਕੋਲੋਂ ਲੰਘ ਗਈ। ਪੁਲਿਸ ਨੂੰ ਖਾਲੀ ਹੱਥ ਮੁੜਨਾ ਪਿਆ।
ਬੀਬੀ ਗੁਲਾਬ ਕੌਰ ਨੂੰ ਫੜਨ ਲਈ ਸਰਕਾਰੀ ਮਸ਼ੀਨਰੀ ਦਾ ਖੁਫੀਆ ਵਿਭਾਗ ਅਤੇ ਸਾਰੀ ਪੁਲਿਸ ਪੂਰਾ ਤਾਣ ਲਾ ਕੇ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਵਿਚ ਚੱਪਾ-ਚੱਪਾ ਛਾਣ ਰਹੀ ਸੀ, ਪਰ ਹੱਥ ਪੱਲੇ ਕੁਝ ਵੀ ਨਹੀਂ ਸੀ ਪੈ ਰਿਹਾ। ਬੇਲਾ ਸਿੰਘ, ਪਿੰਡ ਜੈਨ ਨਜ਼ਦੀਕ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ ਦਾ ਬਦਨਾਮ ਕੈਨੇਡੀਅਨ ਮੁਖਬਰ ਸੀ, ਜਿਸ ਨੂੰ ਸਰਕਾਰ ਵਲੋਂ ਪੁਲਿਸ ਸੁਰੱਖਿਆ ਵੀ ਮਿਲੀ ਹੋਈ ਸੀ। ਉਸ ਦੀ ਇਤਲਾਹ ‘ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੁਲਿਸ 1916 ਵਿਚ ਬੀਬੀ ਗੁਲਾਬ ਕੌਰ ਨੂੰ ਫੜਨ ਵਿਚ ਕਾਮਯਾਬ ਹੋ ਗਈ। ਇਹ ਉਹੀ ਬੇਲਾ ਸਿੰਘ ਪਿੰਡ ਜੈਨ ਵਾਲਾ ਕੈਨੇਡੀਅਨ ਸੀ, ਜੋ ਕੈਨੇਡਾ ਵਿਚ ਦੇਸ਼ ਭਗਤਾਂ ਦੀ ਮੁਖਾਲਫਤ ਕਰਦਾ ਸਰਕਾਰ ਨੂੰ ਰਿਪੋਰਟਾਂ ਕਰਦਾ ਸੀ। ਉਹ ਬੱਬਰਾਂ ਦੇ ਦਿਲਾਂ ਵਿਚ ਰੜਕ ਰਿਹਾ ਸੀ, ਪਰ ਹਰ ਵਾਰ ਬਚ ਜਾਂਦਾ ਸੀ। ਆਖਰ ਇਕ ਰਾਤ ਬੱਬਰਾਂ ਨੂੰ ਇਤਲਾਹ ਮਿਲੀ ਤਾਂ ਉਨ੍ਹਾਂ ਨੇ ਉਸੇ ਰਾਤ ਉਸ ਨੂੰ ਜਹੰਨਮ ਪਹੁੰਚਾਉਣ ਦਾ ਮਨ ਬਣਾ ਲਿਆ। ਬੇਲਾ ਸਿੰਘ ਹੁਸ਼ਿਆਰਪੁਰ ਤੋਂ ਚੱਬੇਵਾਲ ਦੇ ਅੱਡੇ ‘ਤੇ ਬੱਸ ਵਿਚੋਂ ਉਤਰ ਕੇ ਪਿੰਡ ਜੈਨ ਨੂੰ ਜਾ ਰਿਹਾ ਸੀ। ਰਸਤੇ ਵਿਚ ਬੱਬਰ ਹਰੀ ਸਿੰਘ ਸੁੰਢ ਤੇ ਉਸ ਦੇ ਸਾਥੀਆਂ ਨੇ ਬੇਲਾ ਸਿੰਘ ਨੂੰ ਲਲਕਾਰਿਆ, ਉਹ ਸੰਭਲਿਆ ਪਰ ਬੱਬਰਾਂ ਅੱਗੇ ਪੇਸ਼ ਨਾ ਚੱਲੀ। ਆਖਰ ਬੱਬਰਾਂ ਨੇ ਉਸ ਦੇ ਬੁਰੇ ਕੰਮਾਂ ਦੀ ਸਜ਼ਾ 1936 ਵਿਚ ਦੇ ਦਿੱਤੀ।
ਹੁਸ਼ਿਆਰਪੁਰ ਦੀ ਪੁਲਿਸ ਆਪਣੀ ਨਿਗਰਾਨੀ ਹੇਠ ਗਦਰੀ ਬੀਬੀ ਗੁਲਾਬ ਕੌਰ ਨੂੰ ਸ਼ਾਹੀ ਕਿਲ੍ਹੇ ਲਾਹੌਰ ਦੇ ਇਨਟੈਰੋਗੇਸ਼ਨ ਸੈਂਟਰ ਦੇ ਸਪੁਰਦ ਕਰ ਆਈ। ਲਾਹੌਰ ਵਾਲੇ ਸ਼ਾਹੀ ਕਿਲ੍ਹੇ ਨੂੰ ਆਮ ਜ਼ਬਾਨ ਵਿਚ ਬੁਚੜਖਾਨਾ ਕਿਹਾ ਜਾਂਦਾ ਸੀ। ਪੁਲਿਸ ਬੀਬੀ ਗੁਲਾਬ ਕੌਰ ਪਾਸੋਂ ਗਦਰੀਆਂ ਅਤੇ ਬੱਬਰਾਂ ਦੇ ਨਾਂ, ਟਿਕਾਣੇ ਅਤੇ ਰਣਨੀਤੀ ਬਾਰੇ ਸੂਹ ਲਾਉਣ ਲਈ ਤਸ਼ੱਦਦ ਕਰਦੀ ਰਹੀ। ਬੀਬੀ ਤਸ਼ੱਦਦ ਤਾਂ ਆਪਣੇ ਜਿਸਮ ‘ਤੇ ਝਲਦੀ ਰਹੀ, ਪਰ ਆਫਰੀਨ! ਪੰਜ ਦਰਿਆਵਾਂ ਦੀ ਧਰਤੀ ਦੀ ਜਾਈ, ਗਦਰੀ ਭਰਾਵਾਂ ਦੀ ਭੈਣ, ਦੇਸ਼ ਭਗਤੀ ਦੇ ਜਜ਼ਬੇ ਵਿਚ ਗੜੁੱਚ ਬੀਬੀ ਗੁਲਾਬ ਕੌਰ ਨੇ ਆਪਣਾ ਮੂੰਹ ਤਕ ਨਾ ਖੋਲ੍ਹਿਆ। ਆਖਰ ਪੁਲਿਸ ਨੇ ਬਿਸਤਰੇ-ਮਰਗ ‘ਤੇ ਪਈ, ਹੱਡੀਆਂ ਦੀ ਮੁੱਠ ਬਣੀ ਗੁਲਾਬ ਕੌਰ ਨੂੰ 1921 ਵਿਚ ਰਿਹਾ ਕਰ ਦਿੱਤਾ। ਉਹ ਕੋਟਲਾ ਨੌਧਸਿੰਘ ਆ ਗਈ, ਜਿਥੇ ਕੁਝ ਪਰਿਵਾਰ ਉਸ ਦਾ ਇਲਾਜ ਦੇਸੀ ਹਕੀਮ ਪਾਸੋਂ ਕਰਵਾਉਂਦੇ ਰਹੇ। ਆਖਰ ਕੋਟਲਾ ਨੌਧਸਿੰਘ ਪਿੰਡ ਦੇ ਇਕ ਚੁਬਾਰੇ ਵਿਚ ਰਹਿੰਦੀ ਗੁਲਾਬ ਕੌਰ 1941 ਵਿਚ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਈ।
ਗਦਰ ਲਹਿਰ ਦੀ ਮਾਈ ਭਾਗੋ ਕਹੀ ਜਾਣ ਵਾਲੀ ਬੀਬੀ ਗੁਲਾਬ ਕੌਰ ਦੇ ਜੱਦੀ ਪਿੰਡ ਬਖਸ਼ੀਵਾਲਾ ਵਿਚ ਗੁਲਾਬ ਕੌਰ ਦੇ ਨਾਂ ‘ਤੇ ਸਟੇਡੀਅਮ ਬਣਾਇਆ ਗਿਆ ਹੈ। ਬਖਸ਼ੀਵਾਲਾ ਕਲੱਬ ਹਰ ਸਾਲ ਸਟੇਡੀਅਮ ਵਿਚ ਖੇਡਾਂ ਕਰਾਉਂਦੀ ਅਤੇ ਹੁਣ ਤਕ 27 ਖੇਡ ਮੇਲੇ ਕਰਵਾ ਚੁਕੀ ਹੈ ਅਤੇ ਹਰ ਸਾਲ ਕਰਾਉਣ ਦਾ ਯਤਨ ਕਰ ਰਹੀ ਹੈ।
ਗਦਰੀ ਬੀਬੀ ਗੁਲਾਬ ਕੌਰ ਦੇ ਸਹੁਰੇ ਪਿੰਡ ਜਖੇਪਲ ਵਿਚ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਗਦਰੀ ਗੁਲਾਬ ਕੌਰ ਦੇ ਨਾਂ ‘ਤੇ ਰਖਿਆ ਗਿਆ ਹੈ। ਦੇਸ਼ ਭਗਤ ਯਾਦਗਾਰ ਹਾਲ ਜਲੰਧਰ, ਜੋ ਇਨਕਲਾਬੀ ਗਦਰੀਆਂ ਦੀ ਸੋਚ ਨੂੰ ਪ੍ਰਣਾਏ ਲੋਕਾਂ ਦਾ ਮੱਕਾ ਕਿਹਾ ਜਾਂਦਾ ਹੈ, ਵਿਚ ਗਦਰੀਆਂ ਨੂੰ ਯਾਦ ਕਰਵਾਏ ਜਾਂਦੇ ਮੇਲੇ ਦਾ ਨੌਵਾਂ ਮੇਲਾ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਸੀ। ਉਸ ਮੇਲੇ ਵਿਚ ਪਿੰਡ ਬਖਸ਼ੀਵਾਲਾ ਦੀ ਪੰਚਾਇਤ ਨੂੰ ਸਨਮਾਨਤ ਕੀਤਾ ਗਿਆ ਸੀ। ਉਸ ਸਮੇਂ ਦੇ ਸਰਪੰਚ ਕਿਹਰ ਸਿੰਘ ਨੇ ਗਦਰੀਆਂ ਨੂੰ ਸਜ਼ਦਾ ਕਰਦਿਆਂ ਇਹ ਸਨਮਾਨ ਪੱਤਰ ਕਬੂਲ ਕੀਤਾ ਸੀ।