ਮੋਈ ਭੈਣ ਦਾ ਮੋਹ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
“ਓ ਸੱਚ ਯਾਰ, ਤੈਂ ਮੇਰਾ ਮਾਮਾ ਦੇਖਿਆ ਈ ਹੋਇਆ ਐ ਨਾ?”
“ਆਹੋ?”
“… …।”
“… … ਹੈਲੋ!”
ਪੰਜਾਬ ਤੋਂ ਆਪਣੇ ਗੁਆਂਢੀ ਪਿੰਡੋਂ ਨਿੱਘੇ ਦੋਸਤ ਨੇ ਫੋਨ ‘ਤੇ ਗੱਲਾਂ ਕਰਦਿਆਂ ਅਚਾਨਕ ਮੈਨੂੰ ਸਵਾਲ ਪੁੱਛਿਆ। ਪਤਾ ਨਹੀਂ ਮੇਰੀ ‘ਆਹੋḔ ਉਸ ਨੂੰ ਸੁਣੀ ਕਿ ਨਹੀਂ, ਕਿਉਂਕਿ ਫੋਨ ਕੱਟਿਆ ਗਿਆ ਸੀ। ਮੁੜ ਫੋਨ ਮਿਲਾਉਣ ਤੋਂ ਪਹਿਲਾਂ ਮੈਂ ਮੋਹਰੇ ਪਈ ਚਾਹ ਪੀਣੀ ਮੁਨਾਸਿਬ ਸਮਝੀ। ਚਾਹ ਪੀਂਦਿਆਂ ਮੈਂ ਆਪਣੇ ਦੋਸਤ ਦੇ ਮਾਮੇ ਬਾਰੇ ਸੋਚਣ ਲੱਗਾ ਕਿ ਵਿਚਾਰਾ ਬਜੁਰਗ ਰਾਜ਼ੀ-ਖੁਸ਼ੀ ਹੋਵੇ। 16-17 ਸਾਲ ਪਹਿਲਾਂ ਜਦੋਂ ਮੈਂ ਮਾਮੇ ਨੂੰ ਆਪਣੇ ਮਿੱਤਰ ਦੇ ਘਰੇ ਪਹਿਲੀ ਵਾਰ ਮਿਲਿਆ, ਉਹ ਉਦੋਂ ਕਾਫੀ ਬਿਰਧ ਹੋ ਚੁਕਾ ਸੀ। ਉਸ ਵੇਲੇ ਡੰਗੋਰੀ ਦੇ ਆਸਰੇ ਤੁਰਨ ਵਾਲਾ ਉਹ ਬਾਪੂ ਅੰਮ੍ਰਿਤਸਰ ਜ਼ਿਲ੍ਹੇ ‘ਚ ਧੁਰ ਬਾਰਡਰ ਤੋਂ ਬੱਸਾਂ ਰਾਹੀਂ ਲੰਮਾ ਸਫਰ ਤੈਅ ਕਰਕੇ ਨਵਾਂਸ਼ਹਿਰ ਨਜ਼ਦੀਕ ਕਸਬਾ ਰਾਹੋਂ ਲਾਗੇ ਪਿੰਡ ਨੀਲੋਵਾਲ ਪਹੁੰਚਿਆ ਹੋਇਆ ਸੀ। ਦੋਹਤਿਆਂ-ਪੋਤਿਆਂ ਵਾਲੀ ਹੋ ਚੁਕੀ ਆਪਣੀ ਬਿਰਧ ਭੈਣ ਨੂੰ ਮਿਲਣ ਵਾਸਤੇ ਉਹ ਇੰਨੀ ਦੂਰੋਂ ਆਇਆ ਸੀ।

ਪੋਹ ਮਹੀਨੇ ਦੀ ਠੰਢੀ ਯੱਖ ਸਵੇਰ ਸੀ, ਚੁਫੇਰੇ ਪਈ ਕਹਿਰਾਂ ਦੀ ਧੁੰਦ ਵਿਚ ਮੈਂ ਸਵਖਤੇ ਹੀ ਦੋਸਤ ਦੇ ਘਰ ਕਿਸੇ ਕੰਮ ਗਿਆ ਸਾਂ। ਮਿੱਤਰ ਦਾ ਪਿਤਾ ਅਤੇ ਮਾਮਾ ਰਜਾਈਆਂ ਵਿਚ ਮੋਘੜ ਮਾਰੀ ਬੈਠੇ ਆਪਸ ਵਿਚ ਨੋਕ-ਝੋਕ ਕਰ ਰਹੇ ਸਨ। ਮੈਨੂੰ ਯਾਦ ਹੈ, ਮਾਮਾ ਮਝੈਲਾਂ ਦੀ ਵਡਿਆਈ ਅਤੇ ਦੁਆਬੀਆਂ ਦੀ ਭੰਡੀ ਕਰਦਿਆਂ ਕਹਿ ਰਿਹਾ ਸੀ, “ਅਹੀਂ ਭਾਵੇਂ ਖਾਲਮ-ਖਾਲੀ ਵੀ ਹੋਈਏ ਤਾਂ ਖੁਸ਼ ਰਹਿੰਨੇ ਆਂ, ਦੁਆਬੀਏ ਰੱਜੇ ਹੋਏ ਵੀ ਰਊਂ ਰਊਂ ਕਰਦੇ ਰਹਿੰਦੇ ਨੇ।”
“ਲੈ ਖ੍ਹਾਂ ਵੀਰ ਚਾਹ ਹੋਰ ਪੀ ਲੈ।” ਇਕ ਹੱਥ ‘ਚ ਡੰਗੋਰੀ ਤੇ ਦੂਜੇ ਹੱਥ ਵਿਚ ਪਿੱਤਲ ਦਾ ਗਲਾਸ ਫੜੀ ਪਾਲੇ ਵਿਚ ਠੁਰ ਠੁਰ ਕਰਦੀ ਦੋਸਤ ਦੀ ਬੇਬੇ ਆਪਣੇ ਭਰਾ ਨੂੰ ਚਾਹ ਫੜਾਉਂਦਿਆਂ ਬੋਲੀ। ਚਾਹ ਦਾ ਇੱਕੋ ਘੁੱਟ ਭਰ ਕੇ ਗੁੱਸੇ ਹੋਏ ਮਾਮੇ ਨੇ ਗਲਾਸ ਮੇਜ ‘ਤੇ ‘ਠੱਕ’ ਦੇ ਕੇ ਰੱਖ ਦਿੱਤਾ। ਮੁੱਛਾਂ ‘ਤੇ ਹੱਥ ਫੇਰਦਿਆਂ ‘ਮਝੈਲੀ ਸਟਾਈਲ’ ਗੜ੍ਹਕੇ ਨਾਲ ਮਾਮਾ ਆਪਣੀ ਕੰਨੋਂ ਬੋਲੀ ਭੈਣ ਨੂੰ ਕਹਿੰਦਾ, “ਤੈਥੋਂ ‘ਰਮਾਨ ਨਾਲ ਬਹਿਆ ਨe੍ਹੀਂ ਜਾਂਦਾ…ਠੰਢੀ ਚਾਹ ਚੁੱਕੀ ਫਿਰਦੀ ਏਂ? ਚੰਗਾ ਭਲਾ ਨੂੰਹਾਂ ਕੰਮਕਾਰ ਕਰਨ ਡਹੀਆਂ ਵਾਂ…ਬੁੱਢੜੀ ਐਵੇਂ ਘੁੰਮੀ ਫਿਰੀ ਜਾਣ ਡਹੀਏ! ਏਸ ਉਮਰੇ ਡਿਗ ਪਈ ਤੇ ਚੁੱਕਣਾ ਵੀ ਨਹੀਂ ਕਿਹੇ ਤੈਨੂੰ?”
ਦੋਸਤ ਨਾਲ ਪਰਿਵਾਰਕ ਸਾਂਝ ਵਰਗੀ ਨੇੜਤਾ ਹੋਣ ਕਰਕੇ ਬਾਅਦ ਵਿਚ ਮੈਨੂੰ ਮਾਮੇ ਬਾਰੇ ਇਹ ਵੀ ਪਤਾ ਲੱਗਾ ਸੀ ਕਿ ਪੋਹ ਮਹੀਨੇ ਵਾਲੀ ਉਕਤ ਗੇੜੀ ਮੌਕੇ ਆਪਣੀ ਬਿਰਧ ਭੈਣ ਨੂੰ ਡਿਗਣੋਂ ਬਚਣ ਲਈ ਨਸੀਹਤ ਦੇਣ ਵਾਲਾ ਬਜੁਰਗ ਕੁਝ ਚਿਰ ਪਿੱਛੋਂ ਖੁਦ ਆਪਣੇ ਪਿੰਡ ਦੇ ਗੁਰਦੁਆਰੇ ਸਵੇਰੇ-ਸ਼ਾਮ ਹਾਜ਼ਰੀ ਭਰਨ ਮੌਕੇ ਫਰਸ਼ ਤੋਂ ਤਿਲ੍ਹਕ ਕੇ ਸੱਟ ਲਵਾ ਬੈਠਾ ਸੀ। ਰੇਲਵੇ ਪੁਲਿਸ ਦਾ ਸਾਬਕਾ ਮੁਲਾਜ਼ਮ ਹੋਣ ਕਰਕੇ ਇਸ ਪੈਨਸ਼ਨੀਏ ਬਾਪੂ ਦਾ ਇਲਾਜ ਉਸ ਦੇ ਪਰਿਵਾਰ ਨੇ ਚੰਗੇ ਹਸਪਤਾਲ ਵਿਚ ਕਰਵਾਇਆ। ਉਹ ਅੱਸੀ ਕੁ ਸਾਲ ਦੀ ਉਮਰ ਵਿਚ ਚੜ੍ਹਾਈ ਕਰ ਗਈ ਆਪਣੀ ਭੈਣ ਦੇ ਭੋਗ ਮੌਕੇ ਕਮਰ ਦਰਦ ਹੋਣ ਦੇ ਬਾਵਜੂਦ ਨੀਲੋਵਾਲ ਆਇਆ ਸੀ।
ਫਟਾਫਟ ਆਪਣੀ ਚਾਹ ਮੁਕਾ ਕੇ ਮੈਂ ਆਪਣੇ ਦੋਸਤ ਨੂੰ ਫੋਨ ਲਾਇਆ, “ਸੌਰੀ ਯਾਰ, ਫੋਨ ਕੱਟਿਆ ਗਿਆ ਸੀ…ਹੁਣ ਦੱਸ, ਤੂੰ ਮਾਮੇ ਬਾਰੇ ਕੋਈ ਗੱਲ ਕਰਨ ਲੱਗਾ ਸੈਂ? ਉਹ ਰਾਜ਼ੀ-ਖੁਸ਼ੀ ਤਾਂ ਹੈ ਨਾ?” ਮੇਰੀ ਫਿਕਰ ਵਾਲੀ ਉਕਸੁਕਤਾ ਦੋਸਤ ਨੇ ਹੱਸ ਕੇ ਉਡਾ ਦਿੱਤੀ, “ਮਾਮਾ ਪੂਰਾ ਕਾਇਮ ਐ…ਕੱਲ੍ਹ ਦਾ ਸਾਨੂੰ ਮਿਲਣ ਆਇਆ ਹੋਇਆ ਐ ਇੱਥੇ।”
ਲੱਕ ਦਾ ਮਣਕਾ ਹਿੱਲੇ ਦੀ ਤਕਲੀਫ ਤੋਂ ਪੀੜਤ 95 ਸਾਲ ਦਾ ਮਾਮਾ 13-14 ਸਾਲ ਪਹਿਲਾਂ ਅਕਾਲ ਚਲਾਣਾ ਕਰ ਗਈ ਭੈਣ ਦੇ ਘਰੇ ਦੋਹਤਿਆਂ-ਪੋਤਰਿਆਂ ਵਾਲੇ ਆਪਣੇ ਭਾਣਜੇ ਨੂੰ ਮਿਲਣ ਵਾਸਤੇ, ਇਤਫਾਕੀਆ ਪੋਹ ਮਹੀਨੇ ਦੀ ਹੀ ਕੜਾਕੇ ਦੀ ਠੰਢ ਵਿਚ ਧੁਰ ਬਾਰਡਰ ਦੇ ਨਾਲ ਪੈਂਦੇ ਪਿੰਡ ਰਾਏਪੁਰ ਤੋਂ ਬੱਸਾਂ ਬਦਲ ਬਦਲ ਕੇ, ਜ਼ਿਲ੍ਹਾ ਨਵਾਂਸ਼ਹਿਰ ਦੇ ਬੇਟ ਏਰੀਏ ਵਿਚ ਪਿੰਡ ਨੀਲੋਵਾਲ ਤੱਕ ਕਿਵੇਂ ਔਖਾ ਹੋ ਕੇ ਪਹੁੰਚਿਆ ਹੋਵੇਗਾ? ਜ਼ਰਾ ਸੋਚੋ!
ਦਿਲੋਂ ਮੋਹ ਕਰਦੇ ਆਪਣੇ ਪੋਤਰੇ-ਪੋਤਰੀਆਂ ਵਾਲੇ ਭਰੇ-ਭਕੁੰਨੇ ਪਰਿਵਾਰ ਵਿਚ ਸੁੱਖ-ਅਰਾਮ ਨਾਲ ਉਮਰ ਦੇ ਆਖਰੀ ਵਰ੍ਹੇ ਗੁਜ਼ਾਰ ਰਹੇ ਬਾਪੂ ਬੀਰ ਸਿੰਘ ਨੂੰ ਖੌਰੇ ਆਪਣੀ ਵਿਛੜ ਚੁਕੀ ਭੈਣ ਦਾ ਕੋਈ ਸੁਪਨਾ ਵਗੈਰਾ ਆਇਆ ਹੋਵੇਗਾ ਜਾਂ ਵੈਸੇ ਹੀ ਉਸ ਨੂੰ ਮੋਈ ਭੈਣ ਦਾ ਮੋਹ ਜਾਗਿਆ ਹੋਊ! ਲੱਕ ਵਾਲੀ ਤਕਲੀਫ ਤੋਂ ਡਰਦਿਆਂ ਪਹਿਲਾਂ ਉਸ ਨੇ ਬੱਸ ਦੇ ਸਫਰ ਦਾ ‘ਤਜਰਬਾ’ ਕਰਨ ਦੀ ਸੋਚੀ।
ਇਕ ਦਿਨ ਵੈਸੇ ਹੀ ਉਹ ਆਪਣੇ ਪਿੰਡ ਰਾਏਪੁਰ ਤੋਂ ਅਜਨਾਲੇ ਨੂੰ ਬੱਸ ‘ਤੇ ਬਹਿ ਕੇ ਗਿਆ ਅਤੇ ਵਾਪਸ ਮੁੜ ਗਿਆ। ਇਕੱਲਿਆਂ ਬੱਸ ‘ਚ ਸਫਰ ਕਰਨ ਦਾ ਤਜਰਬਾ ਬਿਲਕੁਲ ਸਫਲ ਰਿਹਾ ਦੇਖ ਕੇ ਉਹ ਹੌਂਸਲੇ ‘ਚ ਹੋ ਗਿਆ। ਬਸ ਫਿਰ ਦੋ ਕੁ ਦਿਨਾਂ ਬਾਅਦ ਹੀ ਮਾਮੇ ਨੇ ਚੁੱਕ ਲਿਆ ਖੂੰਡਾ ਤੇ ਚੜ੍ਹ ਗਿਆ ਬੱਸੇ! ਰਾਏਪੁਰ ਤੋਂ ਅਜਨਾਲਾ, ਅਜਨਾਲੇ ਤੋਂ ਸ੍ਰੀ ਅੰਮ੍ਰਿਤਸਰ, ਉਥੋਂ ਜਲੰਧਰ, ਜਲੰਧਰ ਤੋਂ ਨਵਾਂਸ਼ਹਿਰ ਅਤੇ ਨਵਾਂਸ਼ਹਿਰ ਤੋਂ ਖੰਨਾ ਵਾਇਆ ਰਾਹੋਂ-ਬੱਸਾਂ ਬਦਲ ਬਦਲ ਕੇ ਸਫਰ ਮੁਕਾਉਂਦਾ ਗਿਆ।
ਰਾਹੋਂ ਤਕ ਤਾਂ ਉਸ ਦੀ ਯਾਤਰਾ ਸਹੀ ਸਲਾਮਤ ਰਹੀ ਪਰ ਅੱਗੇ ਜਾ ਕੇ ਬੁਢਾਪੇ ਨੇ ਆਪਣਾ ਰੰਗ ਵਿਖਾ ਹੀ ਦਿੱਤਾ। ਰਾਹੋਂ ਟੱਪ ਕੇ ਮਾਛੀਵਾੜਾ ਰੋਡ ‘ਤੇ ਤਿੰਨ ਕੁ ਮੀਲ ਅੱਗੇ ਉਸ ਨੇ ਨੀਲੋਵਾਲ ਦੇ ਪੁਲ ਉਤੇ ਉਤਰਨਾ ਸੀ ਪਰ 10-12 ਮੀਲ ਅੱਗੇ ਜਾ ਕੇ ਉਸ ਨੇ ਦੇਖਿਆ ਕਿ ਬੱਸ ਤਾਂ ਦਰਿਆ ਸਤਲੁਜ ਦੇ ਪੁਲ ਤੋਂ ਲੰਘ ਰਹੀ ਹੈ। ਦਰਿਆਉਂ ਪਾਰ ਜਾ ਕੇ ਉਹ ਘੁਮਾਣੇ ਅੱਡੇ ‘ਤੇ ਬੱਸ ਤੋਂ ਉਤਰ ਆਇਆ। ਦੂਜੇ ਪਾਸਿਉਂ ਖੰਨੇ ਤੋਂ ਨਵਾਂਸ਼ਹਿਰ ਵਾਲੀ ਬੱਸ ਫੜ ਕੇ ਉਹ ਨੀਲੋਵਾਲ ਦੇ ਪੁਲ ‘ਤੇ ਆ ਪਹੁੰਚਿਆ। ਇਥੋਂ ਚਾਰ ਕੁ ਮੀਲ ਪੈਦਲ ਮਾਰਚ ਕਰਦਾ ਉਹ ਆਪਣੀ ਭੈਣ ਦੇ ਵਿਹੜੇ ਆ ਵੜਿਆ।
ਆਉਂਦੇ ਹੀ ਭਾਣਜੇ ਵਲੋਂ ਬਣਾਏ ਹੋਏ ਨਵੇਂ ਮਕਾਨਾਂ ਨੂੰ ਨਿਹਾਰਦਿਆਂ ਵੈਰਾਗ ਭਰੀਆਂ ਅੱਖਾਂ ਨਾਲ ਆਪਣੇ ਭੈਣ-ਭਣੋਈਏ ਦੇ ਕੱਚੇ ਕੋਠਿਆਂ ਦੀ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ, “ਐਥੇ ਕੁ ਮੇਰੀ ਭੈਣ ਦਾ ਚੁੱਲ੍ਹਾ-ਚੌਂਕਾ ਹੁੰਦਾ ਸੀ, ਓਥੇ ਪਸੂਆਂ ਦਾ ਕੋਠਾ ਹੁੰਦਾ ਸੀ।” ਫਿਰ ਆਪਣੀ ਭਾਣਜ-ਨੂੰਹ ਤੇ ਉਸ ਦੀਆਂ ਨੂੰਹਾਂ ਨੂੰ ਮੁਤਾਖਬ ਹੋ ਕੇ ਕਹਿੰਦਾ, “ਸੁਣੋ ਭਾਈ ਕੁੜੀਉ, ਮੇਰੀ ਭੈਣ ਇਸ ਰੁੱਤੇ ਮੈਨੂੰ ਆਏ ਨੂੰ ਗੰਦਲਾਂ ਦਾ ਸਾਗ ਤੇ ਮੱਕੀ ਦੀ ਰੋਟੀ ਖੁਆਉਂਦੀ ਹੁੰਦੀ ਸੀ।” ਐਨਕਾਂ ਲਾਹ ਕੇ ਅੱਖਾਂ ਪੂੰਝਦਿਆਂ ਭਰੇ ਗਲੇ ਨਾਲ ਬੋਲਿਆ, “ਮੇਰੀ ਪੋਤ ਨੂੰਹ ਤੇ ਪੋਤਰੇ ਮੇਰੀ ਬਥੇਰੀ ਸੇਵਾ ਕਰਦੇ ਨੇ, ਪਰ ਮੈਂ ਤਾਂ ਬੀਬਾ ਇਥੇ ਆਪਣੀ ਭੈਣ ਦੇ ਘਰ ਉਹੋ ਸਾਗ-ਰੋਟੀ ਛਕਣ ਆਇਆ ਵਾਂ…।”
ਚਿਰ ਵਿਛੁੰਨੀ ਅੰਮਾ ਜਾਈ ਦੀ ਪਰਿਵਾਰਕ ਫੁਲਵਾੜੀ ਵਿਚ ਚਾਰ ਦਿਨ ਬਿਤਾ ਕੇ ਮਾਮੇ ਨੇ ਵਾਪਸੀ ਦੀ ਤਿਆਰੀ ਖਿੱਚ ਲਈ। ਪੜ੍ਹਨ ਦਾ ਸ਼ੌਂਕੀ ਹੋਣ ਸਦਕਾ ਉਸ ਨੇ ਗੁਣੀ ਗਿਆਨੀ ਭਾਣਜੇ ਕੋਲੋਂ ਨਾਲ ਲਿਜਾਣ ਲਈ ਗੁਰਬਾਣੀ ਦੇ ਟੀਕੇ ਵਾਲੀ ਪੋਥੀ ਲੈ ਲਈ। ਭਾਣਜੇ ਅਤੇ ਉਸ ਦੇ ਮੁੰਡਿਆਂ ਨੇ ਬੜਾ ਜ਼ੋਰ ਲਾਇਆ ਕਿ ‘ਅਸੀਂ ਤੈਨੂੰ ਛੱਡ ਆਉਂਦੇ ਹਾਂ’ ਪਰ ਸਿਰੜੀ ਤੇ ਹਠੀ ਮਾਮਾ ਜਿਵੇਂ ਬੱਸ ਵਿਚ ਆਇਆ ਸੀ, ਉਵੇਂ ਹੀ ਵਾਪਸ ਗਿਆ।
ਭਰਾਵਾਂ ਦੇ ਆਪਣੀਆਂ ਭੈਣਾਂ ਪ੍ਰਤੀ ਅਕਸਰ ਦੇਖੇ-ਸੁਣੇ ਜਾਂਦੇ ਮੋਹ-ਵਿਹੂਣੇ ਮਿਲਣ ਵਰਤਾਉ ਜਾਂ ਬੇਰੁਖੀ, ਪਰ ਇਸ ਦੇ ਉਲਟ ਭੈਣਾਂ ਦੇ ਆਪਣੇ ਭਰਾਵਾਂ ਲਈ ਅੰਤਾਂ ਦੇ ਮੋਹ-ਪਿਆਰ ਬਾਰੇ ਚਰਚਾ ਕਰਦਿਆਂ ਇਕ ਵਾਰ ਪ੍ਰਸਿਧ ਪੱਤਰਕਾਰ ਜਤਿੰਦਰ ਪੰਨੂ ਨੇ ਕਿਹਾ ਸੀ ਕਿ ‘ਵੀਰਪਾਲ ਕੌਰ’ ਨਾਂ ਵਾਲੀਆਂ ਸੈਂਕੜੇ ਹਜ਼ਾਰਾਂ ਕੁੜੀਆਂ ਹੋਣਗੀਆਂ ਪਰ ‘ਭੈਣਪਾਲ ਸਿੰਘ’ ਨਾਂ ਵਾਲਾ ਇਕ ਮੁੰਡਾ ਵੀ ਨਹੀਂ ਹੋਵੇਗਾ। ਮੇਰਾ ਖਿਆਲ ਹੈ, ਇਸ ਲੇਖ ਵਿਚਲੇ ਮਝੈਲ ਮਾਮੇ ਬੀਰ ਸਿੰਘ ਨੂੰ ਜੇ ‘ਭੈਣਪਾਲ ਸਿੰਘ’ ਨਹੀਂ ਵੀ ਕਿਹਾ ਜਾ ਸਕਦਾ ਤਾਂ ਉਹ ‘ਭੈਣ-ਬੀਰ ਸਿੰਘ’ ਕਹਾਉਣ ਦਾ ਹੱਕਦਾਰ ਤਾਂ ਹੈਗਾ ਈ ਐ ਨਾ!