ਸਾਲ 1972 ਵਾਲੀ ਮੋਗਾ ਮੂਵਮੈਂਟ ਦੀ ਪੰਜਾਬ ਦੇ ਇਤਿਹਾਸ ਵਿਚ ਵਿਸ਼ੇਸ਼ ਅਹਿਮੀਅਤ ਹੈ। ਇਸ ਬਾਰੇ ਬਿੱਕਰ ਸਿੰਘ ਕੰਮੇਆਣਾ ਨੇ ਲਹਿਰ ਵਿਚ ਖੁਦ ਆਪਣੀ ਸ਼ਮੂਲੀਅਤ ਦੇ ਆਧਾਰ ‘ਤੇ ਢੁਕਵੀਂ ਜਾਣਕਾਰੀ ਦਿੱਤੀ ਹੈ। ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ (ਪੀæਐਸ਼ਯੂæ) ਦੀ ਸਥਾਪਨਾ ਦਰਸ਼ਨ ਸਿੰਘ ਬਾਗੀ ਅਤੇ ਪ੍ਰੋæ ਭੁਪਿੰਦਰ ਸਿੰਘ ਦੇ ਉਦਮ ਨਾਲ ਇਸ ਲਹਿਰ ਤੋਂ 5 ਸਾਲ ਪਹਿਲਾਂ 1967 ‘ਚ ਹੋਈ ਸੀ। ਇਸੇ ਜਥੇਬੰਦੀ ਦੀ ਅਗਵਾਈ ਹੇਠ 1968 ਦੌਰਾਨ ਵਿਦਿਆਰਥੀਆਂ ਨੇ ਸਥਾਪਤੀ ਦੇ ਵਿਰੋਧ ਵਿਚ ਪੰਜਾਬ ਪੱਧਰ ਦੀ ਵਡੀ ਹੜਤਾਲ ਕੀਤੀ ਸੀ। ਇਹ ਸੰਘਰਸ਼ ਵੀ ਵਡੀ ਲਹਿਰ ਬਣ ਗਿਆ ਸੀ ਅਤੇ ਇਸ ਨੇ ਵੀ ਬੜੀ ਤੇਜ਼ੀ ਨਾਲ ਰਾਜ ਦੀਆਂ ਸਭ ਅਹਿਮ ਵਿਦਿਅਕ ਸੰਸਥਾਵਾਂ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ ਸੀ। ਅਸੀਂ ਉਸ ਸਮੇਂ ਦੇ ਨੇਤਾਵਾਂ ਦਰਸ਼ਨ ਸਿੰਘ ਬਾਗੀ ਅਤੇ ਇੰਦਰਜੀਤ ਬਿੱਟੂ ਨੂੰ ਬਿੱਕਰ ਸਿੰਘ ਵਾਲੇ ਲੇਖ ਦੀ ਤਰਜ਼ ‘ਤੇ ਕੁਝ ਲਿਖ ਭੇਜਣ ਦੀ ਬੇਨਤੀ ਕੀਤੀ ਸੀ, ਪਰ ਉਨ੍ਹਾਂ ਵੱਲੋਂ ਆਪੋ ਆਪਣੇ ਕਾਰਨਾਂ ਕਰ ਕੇ ਨਾਂਹ ਕਰ ਦੇਣ ‘ਤੇ ਅਸੀਂ ਗੁਰਦਿਆਲ ਸਿੰਘ ਬੱਲ ਨੂੰ ਨਿੱਜੀ ਯਾਦਾਂ ਦੇ ਆਧਾਰ ‘ਤੇ ਕੁਝ ਲਿਖਣ ਨੂੰ ਆਖਿਆ ਜੋ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਪਹਿਲੀ ਕਿਸ਼ਤ ਵਿਚ 1968 ਦੀ ਹੜਤਾਲ ਦੇ ਆਗੂ ਸ਼ਮਸ਼ੇਰ ਸਿੰਘ ਸ਼ੇਰੀ ਤੇ ਪੀæਐਸ਼ਯੂæ ਦੀ ਸਥਾਪਨਾ ਬਾਰੇ ਮੁਢਲੀ ਵਾਕਫੀ ਹੈ। -ਸੰਪਾਦਕ।
ਗੁਰਦਿਆਲ ਸਿੰਘ ਬੱਲ
ਬਿੱਕਰ ਬਾਈ ਨੇ ‘ਪੰਜਾਬ ਟਾਈਮਜ਼’ ਵਿਚ ਸਾਲ 1972 ਦੀ ਮੋਗਾ ਮੂਵਮੈਂਟ ਨੂੰ ਚੇਤੇ ਕਰ ਕੇ ਚੰਗਾ ਉਦਮ ਕੀਤਾ ਹੈ। ਪੰਜਾਬ ਦੇ ਇਤਿਹਾਸ ਅੰਦਰ ਸਾਲ 1972 ਤੋਂ 1982 ਤੱਕ ਦਾ ਉਹ ਦਹਾਕਾ ਸੀ ਜਿਸ ਵਿਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਪੀæਐਸ਼ਯੂæ ਦੇ ਵੱਖ-ਵੱਖ ਧੜਿਆਂ, ਐਸ਼ਐਫ਼ਆਈæ, ਏæਆਈæਐਸ਼ਐਫ਼, ਨੌਜਵਾਨ ਭਾਰਤ ਸਭਾ ਅਤੇ ਅਜਿਹੇ ਹੀ ਹੋਰ ਸੰਗਠਨਾਂ ਹੇਠ ਲਾਮਬੰਦ ਹੋ ਕੇ ਜਾਤੀ ਵਿਤਕਰੇ ਅਤੇ ਕਿਸੇ ਵੀ ਕਿਸਮ ਦੀ ਬੇਇਨਸਾਫੀ ਤੋਂ ਰਹਿਤ ਸਮਾਜੀ ਵਿਵਸਥਾ ਦੇ ਖੁਆਬ ਨੂੰ ਅਮਲੀ ਰੂਪ ਦੇਣ ਲਈ ਸੰਘਰਸ਼ ਲਾਮਬੰਦ ਕੀਤੇ। ਇਨ੍ਹਾਂ ਨੌਜਵਾਨ/ਵਿਦਿਆਰਥੀ ਸੰਗਠਨਾਂ ਦੇ ਵੱਖ-ਵੱਖ ਇਜਲਾਸਾਂ ਜਾਂ ਇਨ੍ਹਾਂ ਵੱਲੋਂ ਪ੍ਰਕਾਸ਼ਤ ਅਖਬਾਰਾਂ ਰਸਾਲਿਆਂ ਦੇ ਪੰਨਿਆਂ ‘ਤੇ ਮੋਟੀ ਜਿਹੀ ਨਜ਼ਰ ਮਾਰਿਆਂ ਪਤਾ ਲੱਗ ਜਾਂਦਾ ਹੈ ਕਿ ਇਨ੍ਹਾਂ ਦੇ ਉਪਰਾਲੇ ਸਾਲ 1914 ਦੇ ਗਦਰੀਆਂ ਦੇ ਰੂਹੇ-ਰਵਾਂ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਇਨਕਲਾਬੀ ਵਿਰਸੇ ਦੇ ਪ੍ਰਮਾਣਕ ਵਾਰਸ ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ਦੀ ਨਿਰੰਤਰਤਾ ਵਿਚ ਸਨ। ਮੋਗਾ ਮੂਵਮੈਂਟ ਪੰਜਾਬੀ ਨੌਜਵਾਨਾਂ ਦੇ ਅਜਿਹੇ ਰੌਂਅ ਦਾ ਨਿਰਸੰਦੇਹ ਸਿਖਰ ਸੀ, ਪਰ ਇਸ ਸਿਖਰ ਦੀ ਬੁਨਿਆਦ ਸਾਲ 1967 ਦੀਆਂ ਉਨ੍ਹਾਂ ਵਿਦਿਆਰਥੀ ਸਰਗਰਮੀਆਂ ਵਿਚ ਨਿਹਿਤ ਸੀ ਜੋ ਉਨ੍ਹਾਂ ਸਮਿਆਂ ਦੇ ਦੋ ਬੜੇ ਹੀ ਬੁੱਧੀਮਾਨ ਵਿਦਿਆਰਥੀ ਨੇਤਾਵਾਂ-ਦਰਸ਼ਨ ਸਿੰਘ ਬਾਗੀ ਤੇ ਪ੍ਰੋ: ਭੁਪਿੰਦਰ ਸਿੰਘ ਦੀ ਰਹਿਨੁਮਾਈ ਹੇਠ ਚੱਲੀਆਂ ਅਤੇ ਜਿਨ੍ਹਾਂ ਦਾ ਪ੍ਰਚੰਡ ਜਲਵਾ 1968 ‘ਚ ਸ਼ਮਸ਼ੇਰ ਸਿੰਘ ਸ਼ੇਰੀ ਵਰਗੇ ਦੰਤ ਕਥਾਈ ਵਿਦਿਆਰਥੀ ਆਗੂ ਦੀ ਅਗਵਾਈ ਹੇਠ ਗੌਰਮਿੰਟ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਸ੍ਰੀ ਭਾਰਦਵਾਜ ਦੇ ‘ਤਾਨਾਸ਼ਾਹ ਰਵੱਈਏ’ ਵਿਰੁਧ ਉਠੇ ਅਤੇ ਫਿਰ ਪੰਜਾਬ ਭਰ ਵਿਚ ਫੈਲ ਗਏ ਰੋਹ ਦੇ ਰੂਪ ਵਿਚ ਸਾਹਮਣੇ ਆਇਆ।
ਦਰਅਸਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਕੈਂਪਸ ਵਿਚ ‘ਲਾਲ ਹਵਾ’ 1962-64 ਦੇ ਸਾਲਾਂ ਦੌਰਾਨ ‘ਨੇੜਿਓਂ ਡਿੱਠੇ ਸੰਤ ਭਿੰਡਰਾਂਵਾਲੇ’ ਦੇ ਲੇਖਕ ਭਾਅ ਜੀ ਦਲਬੀਰ ਸਿੰਘ ਦੇ ਪੱਤਰਕਾਰੀ ਵਿਭਾਗ ਵਿਚ ਦਾਖਲਾ ਲੈ ਲੈਣ ਨਾਲ ਹੀ ਚੱਲਣੀ ਸ਼ੁਰੂ ਹੋ ਗਈ ਸੀ। ਉਸ ਸਮੇਂ ਕਿਸੇ ਦੇ ਸੁਪਨਿਆਂ ਵਿਚ ਵੀ ਨਹੀਂ ਹੋਣਾ ਕਿ ਇਸੇ ਦਲਬੀਰ ਸਿੰਘ ਨੇ ਸੰਤ ਭਿੰਡਰਾਂਵਾਲਾ ਦੇ ਪੰਜਾਬ ਦੇ ਸਿਆਸੀ ਸੀਨ ‘ਤੇ ਨਮੂਦਾਰ ਹੁੰਦਿਆਂ ਹੀ ਉਨ੍ਹਾਂ ਦਾ ਮੁੱਖ ਸਲਾਹਕਾਰ ਬਣ ਜਾਣਾ ਹੈ। ਪੀæਐਸ਼ਯੂæ ਇਸੇ ਦਲਬੀਰ ਸਿੰਘ ਨੇ ਸਾਲ 1964 ਵਿਚ ਕਾਇਮ ਕੀਤੀ ਸੀ। ਦਲਬੀਰ ਤੋਂ ਤੁਰੰਤ ਪਿਛੋਂ ਉਸ ਦਾ ਉਨ੍ਹਾਂ ਦਿਨਾਂ ਦਾ ਅਜ਼ੀਜ਼ ਡਾæ ਪਿਆਰੇ ਮੋਹਣ ਸ਼ਰਮਾ ਕੈਂਪਸ ਵਿਚ ਵਿਦਿਆਰਥੀ ਲਹਿਰ ਦੀ ਰੂਹੇ-ਰਵਾਂ ਬਣਿਆ ਰਿਹਾ। ਬਾਗੀ ਅਤੇ ਭੁਪਿੰਦਰ ਸਿੰਘ ਦੇ ਨਾਲ ਰਜਿੰਦਰ ਢੀਂਡਸਾ, ਅਮਰਜੀਤ ਸਿੰਘ ਪਰਾਗ, ਪਿਛੋਂ ਆ ਕੇ ਨਕਸਲੀਆਂ ਦੇ ਚਾਰੂ ਧੜੇ ਦਾ ਆਗੂ ਦਇਆ ਸਿੰਘ ਅਤੇ ਹਾਕਮ-ਬੈਰਾਗੀ ਧੜੇ ਵਿਚ ਸਰਗਰਮ ਹੋਣ ਵਾਲਾ ਤਰਲੋਚਨ ਗਰੇਵਾਲ ਸਾਰੇ ਇਕੱਠੇ ਇਕੋ ਐਕਸਿਸ ਤੇ ਸਰਗਰਮ ਸਨ। ਪ੍ਰੋæ ਹਰਭਜਨ ਸੋਹੀ ਦਾ ਵੀ ਇਸੇ ਸਰਕਲ ਵਿਚ ਨਿਰੰਤਰ ਆਉਣ ਜਾਣ ਸੀ।
ਬਿੱਕਰ ਬਾਈ ਦੇ ਲੇਖ ਪੜ੍ਹਦਿਆਂ ਮੈਨੂੰ ਬੜੀ ਸ਼ਿੱਦਤ ਨਾਲ ਇਹ ਅਹਿਸਾਸ ਵਾਰ-ਵਾਰ ਹੁੰਦਾ ਰਿਹਾ ਕਿ ਮੋਗਾ ਮੂਵਮੈਂਟ ਨਾਲ ਜੁੜੇ ਵਿਸ਼ੇਸ਼ ਇਤਿਹਾਸਕ ਦਹਾਕੇ ਜਾਂ ਸਥਾਪਤੀ ਵਿਰੋਧੀ ਰੌਂਅ ਦੀਆਂ ਜੜ੍ਹਾਂ ਨੂੰ ਜੇਕਰ ਸਮਝਣਾ ਹੈ ਤਾਂ ਦਰਸ਼ਨ ਬਾਗੀ ਅਤੇ ਉਸ ਦੇ ਸਾਥੀਆਂ ਦੀ ਅਗਵਾਈ ਹੇਠ ਚਲੇ 1968 ਦੇ ਵਿਦਿਆਰਥੀ ਅੰਦੋਲਨ ਨੂੰ ਚਿਤਾਰਨਾ ਜ਼ਰੂਰੀ ਹੋਵੇਗਾ। ਦਰਸ਼ਨ ਬਾਗੀ ਅਤੇ ਭੁਪਿੰਦਰ ਸਿੰਘ ਪੰਜਾਬ ਯੂਨੀਵਰਸਿਟੀ ਵਿਚ ਸਮਾਜ ਸ਼ਾਸਤਰ ਦੇ ਵਿਦਿਆਰਥੀ ਸਨ ਅਤੇ 1967 ‘ਚ ਇਥੋਂ ਹੀ ਇਨ੍ਹਾਂ ਦੋਹਾਂ ਨੇ ਪੰਜਾਬ ਦੇ ਕਾਲਜ ਵਿਦਿਆਰਥੀਆਂ ਵਿਚ ਇਨਕਲਾਬੀ ਸਮਾਜਵਾਦੀ ਜਮਹੂਰੀ ਸੰਵੇਦਨਾ ਦੀ ਜਾਗ ਲਾਉਣ ਅਤੇ ਉਨ੍ਹਾਂ ਨੂੰ ਪੀæਐਸ਼ਯੂæ ਦੇ ਝੰਡੇ ਹੇਠ ਲਾਮਬੰਦ ਕਰਨ ਦੀ ਮੁਹਿੰਮ ਅਰੰਭੀ ਸੀ। ਸ਼ਮਸ਼ੇਰ ਸਿੰਘ ਸ਼ੇਰੀ ਇਸੇ ਸਾਲ ਖਾਲਸਾ ਕਾਲਜ, ਅੰਮ੍ਰਿਤਸਰ ਵਿਚ ਅਰਥ ਸ਼ਾਸਤਰ ਦੀ ਐਮæਏæ ਦਾ ਪਹਿਲੇ ਸਾਲ ਦਾ ਵਿਦਿਆਰਥੀ ਸੀ ਅਤੇ ਉਸ ਨੇ ਬਾਗੀ ਅਤੇ ਭੁਪਿੰਦਰ ਸਿੰਘ ਦੀ ਪ੍ਰੇਰਨਾ ਹੇਠ ਦੋ-ਚਾਰ ਦਿਨਾਂ ਵਿਚ ਹੀ ਸੰਗਠਨ ਦੀ ਤਕੜੀ ਇਕਾਈ ਉਸਾਰ ਲਈ ਸੀ। ਮੈਂ ਖੁਦ ਉਸ ਸਾਲ ਗੌਰਮਿੰਟ ਕਾਲਜ, ਸਠਿਆਲਾ ਦਾ ਵਿਦਿਆਰਥੀ ਸਾਂ। ਬਘੇਲ ਸਿੰਘ ਬੱਲ ਅਤੇ ਸੁਰਿੰਦਰ ਸਿੰਘ ਚਹਿਲ ਦੀਆਂ ਕੋਸ਼ਿਸ਼ਾਂ ਸਦਕਾ ਸਾਡੇ ਕਾਲਜ ਵਿਚ ਸਾਹਿਤ ਅਧਿਐਨ ਅਤੇ ਸਮਾਜਵਾਦੀ ਵਿਚਾਰਾਂ ਵਿਚ ਦਿਲਚਸਪੀ ਲੈਣ ਵਾਲਾ ਵਿਦਿਆਰਥੀਆਂ ਦਾ ਤਕੜਾ ਸਰਕਲ ਪਹਿਲਾਂ ਹੀ ਹੋਂਦ ਵਿਚ ਆ ਚੁੱਕਾ ਸੀ। ਗੁਰਦੇਵ ਸਿੰਘ ਸਠਿਆਲਾ, ਮੰਗਲ ਸਿੰਘ ਦਨਿਆਲ, ਪ੍ਰਿਥੀਪਾਲ ਸਿੰਘ ਪੰਨੂ, ਕੁਲਬੀਰ ਸਿੰਘ ਹੁੰਦਲ, ਕਰਨੈਲ ਸਿੰਘ ਰੰਧਾਵਾ, ਗਿਆਨ ਗੋਰਾਇਆ, ਜਰਮਨਜੀਤ ਸਿੰਘ ਆਦਿ ਵਿਦਿਆਰਥੀ ਇਸ ਸਰਕਲ ਦੇ ਅਹਿਮ ਮੈਂਬਰ ਸਨ। ਕਰਨੈਲ ਸਿਰੇ ਦਾ ਆਦਰਸ਼ਵਾਦੀ ਸੀ ਅਤੇ ਆਪਣੀਆਂ ਅਨੇਕ ਸਿਫਤਾਂ ਕਾਰਨ ਕਾਲਜ ‘ਚ ਦਾਖਲੇ ਦੇ ਪਹਿਲੇ ਸਾਲ ਹੀ ਸਰਬਪ੍ਰਵਾਨਤ ਆਗੂ ਵਜੋਂ ਉਭਰ ਆਇਆ ਸੀ। ਸ਼ੁਰੂ ਸ਼ੁਰੂ ਵਿਚ ਉਸ ਦੇ ਵਿਚਾਰਾਂ ਉਪਰ ਰਵਾਇਤੀ ਦੇਸ਼ ਭਗਤੀ ਦਾ ਰੰਗ ਭਾਰੂ ਸੀ ਅਤੇ ਸਮਾਜਵਾਦੀ ਵਿਚਾਰਧਾਰਾ ਵੱਲ ਮੈਂ ਖੁਦ ਉਸ ਨੂੰ ਕਰੜੀ ਘਾਲਣਾ ਨਾਲ ਪ੍ਰੇਰਿਆ ਸੀ। ਦਰਸ਼ਨ ਬਾਗੀ ਅਤੇ ਸ਼ੇਰੀ ਦੇ ਸੰਪਰਕ ਵਿਚ ਅਸੀਂ ਇਕੱਠੇ ਹੀ ਆਏ ਸਾਂ। ਸਾਲ 1968 ਦੀਆਂ ਛੁੱਟੀਆਂ ਦੌਰਾਨ ਕਰਨੈਲ ਨੇ ‘ਕਮਿਊਨਿਸਟ ਮੈਨੀਫੈਸਟੋ’ ਅਤੇ ਹੋਰ ਮੁੱਢਲੀਆਂ ਕਿਰਤਾਂ ਧਿਆਨ ਨਾਲ ਪੜ੍ਹੀਆਂ ਜਿਸ ਦੇ ਨਤੀਜੇ ਵਜੋਂ ਉਸ ਦੀ ਮਾਰਕਸੀ ਅਕੀਦ ਹੋਰ ਵੀ ਪੱਕੇ ਪੈਰੀਂ ਆ ਗਈ।
ਐਨ ਇਨ੍ਹਾਂ ਦਿਨਾਂ ਵਿਚ ਮਾਸਟਰ ਬਘੇਲ ਸਿੰਘ ਹੋਰਾਂ ਦੀ ਪ੍ਰੇਰਨਾ ਨਾਲ ਮੈਂ ਮਹਾਨ ਰੂਸੀ ਲੇਖਕ ਫਿਓਦੋਰ ਦਾਸਤੋਵਸਕੀ ਦਾ ਨਾਵਲ ‘ਦਾ ਈਡੀਅਟ’ ਪੜ੍ਹ ਲਿਆ। 1968-69 ਦੇ ਸੈਸ਼ਨ ਲਈ ਕਾਲਜ ਵਾਪਸ ਆਉਣ ਤੱਕ ਕਰਨੈਲ ਦੀ ਖਾੜਕੂ ਮਾਰਕਸਵਾਦੀ ਚੇਤਨਾ ਪੂਰੀ ਤਰ੍ਹਾਂ ਪ੍ਰਚੰਡ ਹੋ ਚੁੱਕੀ ਸੀ। ਦੂਜੇ ਪਾਸੇ ਮੇਰੇ ਮਨ ਅੰਦਰ ਜੀਵਨ ਨੂੰ ਚੰਗੇਰਾ ਬਣਾਉਣ ਲਈ ਇਨਸਾਨੀ ਦਖਲ ਦੀ ਸਮਰਥਾ ਅਤੇ ਸਾਰਥਿਕਤਾ ਬਾਰੇ ਗਹਿਰੇ ਸ਼ੰਕੇ ਪੈਦਾ ਹੋ ਗਏ ਅਤੇ ਕਿਸੇ ਕਿਸਮ ਦੀ ਵੀ ਸਰਗਰਮੀ ਪ੍ਰਤੀ ਉਦਾਸੀਨਤਾ ਭਾਰੂ ਹੋ ਗਈ, ਪਰ ਇਹ 1968 ਦੀਆਂ ਗੱਲਾਂ ਹਨ। ਸਾਲ 1967 ਵਿਚ ਅਜੇ ਐਸਾ ਨਹੀਂ ਸੀ। ਇਸ ਵਰ੍ਹੇ ਸ਼ੇਰੀ ਨੇ ਖਾਲਸਾ ਕਾਲਜ ਵਿਚ ਦਾਖਲਾ ਲਿਆ ਅਤੇ ਪੂਰੇ ਜ਼ਿਲ੍ਹੇ ਦੇ ਕਾਲਜਾਂ ਅੰਦਰ ਖਾੜਕੂ ਵਿਦਿਆਰਥੀ ਸਰਗਰਮੀਆਂ ਦਾ ਗਾਹ ਹੀ ਪਾ ਦਿੱਤਾ। ਵਿਦਿਆਰਥੀਆਂ ਦੀ ਕਿਸੇ ਵੀ ਮੰਗ ਜਾਂ ਜਾਇਜ਼ ਸ਼ਿਕਾਇਤ ਮਿਲਦੇ ਸਾਰ ਸਾਡੇ ਮਿੱਤਰ ਕੰਵਲਜੀਤ ਸਿੰਘ ਸੰਧੂ ਜਾਂ ਸੁੱਚਾ ਸਿੰਘ ਰੰਧਾਵਾ, ਫਤਿਹਗੜ੍ਹ ਚੂੜੀਆਂ ਨੂੰ ਨਾਲ ਲੈ ਕੇ ਸ਼ੇਰੀ ਇਕ ਤਰ੍ਹਾਂ ਨਾਲ ਇਕੱਲਿਆਂ ਹੀ ਖਾਲਸਾ ਕਾਲਜ ਦਾ ਮੁੱਖ ਗੇਟ ਬੰਦ ਕਰ ਕੇ ਹੜਤਾਲ ਕਰਵਾ ਦਿੰਦਾ। ਉਸ ਦੀ ਅਗਵਾਈ ਜਾਂ ਆਗੂ ਰੋਲ ਬਾਰੇ ਪੂਰੇ ਸੈਸ਼ਨ ਦੌਰਾਨ ਕਦੀ ਕਿਸੇ ਨੇ ਕੋਈ ਇਤਰਾਜ਼ ਉਠਾਇਆ ਹੀ ਨਹੀਂ ਸੀ। ਜ਼ਿਲ੍ਹੇ ਅੰਦਰ ਅਸੀਂ ਸਾਰੇ ਸ਼ੇਰੀ ਦੇ ਸਰਗਰਮ ਸਹਿਯੋਗੀ ਸਾਂ। ਬੇਸ਼ਕ ਇਸ ਪਿੱਛੇ ਵਿਚਾਰਧਾਰਕ ਤੱਦੀ ਨਾਲੋਂ ਜਜ਼ਬਾਤੀ ਸਾਂਝ ਦਾ ਕਾਰਕ ਵਧੇਰੇ ਤਕੜਾ ਸੀ। ਸਾਡੇ ਸਭਨਾਂ ਨਾਲ, ਖਾਸ ਕਰ ਕੇ ਕੰਵਲ ਨਾਲ, ਸ਼ਮਸ਼ੇਰ ਨੇ ਮਾਲਵਾ ਛੱਡ ਕੇ ਅੰਮ੍ਰਿਤਸਰ ਸ਼ਹਿਰ ਆਉਂਦਿਆਂ ਹੀ ਸਕੇ ਭਰਾਵਾਂ ਵਰਗੀ ਸਾਂਝ ਪਾ ਲਈ ਹੋਈ ਸੀ। ਦਰਸ਼ਨ ਸਿੰਘ ਬਾਗੀ ਅਤੇ ਭੁਪਿੰਦਰ ਸਿੰਘ ਨੇ ਇਸੇ ਵਰ੍ਹੇ ਬਹੁਤ ਹੀ ਮਿਹਨਤ ਨਾਲ ਪੰਜਾਬ ਪੱਧਰ ਤੇ ਜੋ ਪੰਜਾਬ ਸਟੂਡੈਂਟਸ ਯੂਨੀਅਨ ਨਾਂ ਦੀ ਜਥੇਬੰਦੀ ਖੜ੍ਹੀ ਕੀਤੀ, ਉਸ ਦਾ ਪ੍ਰਧਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਸੁਰਿੰਦਰ ਸਿੰਘ ਚਹਿਲ ਨੂੰ ਥਾਪਿਆ ਗਿਆ ਸੀ। ਸੁਰਿੰਦਰ ਚਹਿਲ ਉਂਜ ਤਾਂ ਸ਼ਮਸ਼ੇਰ ਨਾਲੋਂ ਹਰ ਪੱਖੋਂ ਸੀਨੀਅਰ ਸੀ, ਪਰ ਅਮਲੀ ਸਰਗਰਮੀ ਜਾਂ ਪਹਿਲਕਦਮੀ ਦੇ ਮਾਮਲੇ ਵਿਚ ਪ੍ਰਧਾਨ ਨੇ ਵੀ ਸ਼ੇਰੀ ਦੀ ਸਰਦਾਰੀ ਕਬੂਲੀ ਹੋਈ ਸੀ। ਸੁਰਿੰਦਰ ਚਹਿਲ ਦੀ ਰਿਹਾਇਸ਼ ਉਸ ਸਾਲ ਜਲੰਧਰ-ਅੰਮ੍ਰਿਤਸਰ ਸੜਕ ‘ਤੇ ਪੈਂਦੇ ਕਸਬੇ ਟਾਂਗਰਾ ਸੀ ਅਤੇ ਸਾਲ ਦੇ ਅਖੀਰ ਵਿਚ ਸ਼ੇਰੀ ਨੇ ਇਮਤਿਹਾਨ ਦੀ ਤਿਆਰੀ ਲਈ ਰਹਿਣਾ ਵੀ ਸੁਰਿੰਦਰ ਦੇ ਕੋਲ ਆ ਕੇ ਹੀ ਸ਼ੁਰੂ ਕਰ ਦਿੱਤਾ ਸੀ। ਦੋ ਤਿੰਨ ਵਾਰ ਮੈਂ ਖੁਦ ਉਨ੍ਹਾਂ ਨਾਲ ਠਹਿਰਦਾ ਰਿਹਾ ਸਾਂ। ਮੈਨੂੰ ਯਾਦ ਹੈ, ਮੈਂ ਉਨ੍ਹਾਂ ਨੂੰ ਅਰਥ ਸ਼ਾਸਤਰ ਦੇ ਪੇਪਰਾਂ ਦੀ ਤਿਆਰੀ ਕਰਦਿਆਂ ਤਾਂ ਕਦੀ ਵੇਖਿਆ ਨਹੀਂ ਸੀ। ਗੁਰੀਲਾ ਰਣਨੀਤੀ ਦੇ ਫਰਾਂਸੀਸੀ ਸਿਧਾਂਤਕਾਰ ਰੈਗਿਸ ਡੈਬਰੇ ਦੀ ‘ਰੈਵੋਲਿਊਸ਼ਨ ਇਨ ਰੈਵੋਲਿਊਸ਼ਨ’ ਨਾਂ ਦੀ ਪੈਂਗੂਇਨ ਵਾਲਿਆਂ ਦੀ ਕਿਤਾਬ ਉਨ੍ਹੀਂ ਦਿਨੀਂ ਨਵੀਂ-ਨਵੀਂ ਆਈ ਸੀ। ਕਿਊਬਨ ਇਨਕਲਾਬੀ ਆਗੂ ਚੀ ਗੁਵੇਰਾ ਦੀ ਹੱਤਿਆ ਨੂੰ ਅਜੇ 2-4 ਮਹੀਨੇ ਹੀ ਹੋਏ ਸਨ। ਇਕ ਵਾਰ ਸ਼ੇਰੀ ਅਤੇ ਸੁਰਿੰਦਰ ਸਾਰੀ ਰਾਤ ਹੀ ਡੈਬਰੇ ਦੀ ਕਿਤਾਬ ਵਿਚਲੇ ਗੁਰੀਲਾ ਸਿਧਾਂਤਾਂ ਬਾਰੇ ਹੀ ਚਰਚਾ ਕਰਦੇ ਰਹੇ ਅਤੇ ਇਕ ਮਿੰਟ ਵੀ ਨਾ ਸੁੱਤੇ। ਗੁਵੇਰਾ ਦਾ ‘ਸਮਾਜਵਾਦੀ ਨਿਜ਼ਾਮ ਅੰਦਰ ਮਨੁੱਖ’ ਸਿਰਲੇਖ ਹੇਠਲਾ ਲੇਖ ਸ਼ੇਰੀ ਅਤੇ ਸੁਰਿੰਦਰ ਦੋਵਾਂ ਲਈ ਮਨਭਾਉਂਦੀ ਕ੍ਰਿਤ ਸੀ। ਦੋਵਾਂ ਦਾ ਜੀ ਕਰਦਾ ਸੀ ਕਿ ਉਨ੍ਹਾਂ ਦੇ ਜੇ ਵਸ ਵਿਚ ਹੋਵੇ ਤਾਂ ਉਹ ਉਸ ਲੇਖ ਦੀ ਕਾਪੀਆਂ ਸਾਈਕਲੋਸਟਾਈਲ ਕਰ ਕੇ ਦੁਨੀਆਂ ਭਰ ਵਿਚ ਹਰ ਮਰਦ ਔਰਤ ਤੱਕ ਪਹੁੰਚਾ ਦੇਣ। ਉਨ੍ਹੀਂ ਦਿਨੀਂ ਅਮਰੀਕੀ ਗਲਬੇ ਤੋਂ ਮੁਕਤੀ ਲਈ ਵੀਅਤਨਾਮ ਦੀ ਜੰਗ ਪੂਰੇ ਸਿਖਰ ‘ਤੇ ਸੀ। ਯਾਸਰ ਅਰਾਫਾਤ ਦੀ ਅਗਵਾਈ ਹੇਠ ਫਲਸਤੀਨੀ ਮੁਕਤੀ ਮੋਰਚਾ ਵੀ ਅਜੇ ਸਮਾਜਵਾਦੀ ਆਦਰਸ਼ਾਂ ਲਈ ਪ੍ਰਤੀਬੱਧ ਸੀ ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਚੀਨ ਦੇ ਸਭਿਆਚਾਰਕ ਇਨਕਲਾਬ ਦੇ ਵਰਤਾਰੇ ਨੇ ਇਨਸਾਨੀ ਸਵੈਮਾਣ ਦੀ ਬਹਾਲੀ ਲਈ ਚਾਹਤ ਰੱਖਣ ਵਾਲੇ ਦੁਨੀਆਂ ਭਰ ਦੇ ਹਰ ਹੋਸ਼ਮੰਦ ਇਨਸਾਨ ਦੀ ਸੋਚ ‘ਤੇ ਛਾਉਣੀਆਂ ਪਾਈਆਂ ਹੋਈਆਂ ਸਨ। ਸੁਰਿੰਦਰ ਚਹਿਲ ਅਤੇ ਸ਼ਮਸ਼ੇਰ ਦੋਵੇਂ ਹੀ ਸਭਿਆਚਾਰਕ ਇਨਕਲਾਬ ਦੀ ਮਿੱਥ ਤੋਂ ਪੂਰੀ ਤਰ੍ਹਾਂ ਪ੍ਰਭਾਵਤ ਸਨ। ਚੀ ਗੁਵੇਰਾ ਨੇ ‘ਥਾਂ ਥਾਂ ਉਤੇ ਵੀਅਤਨਾਮ ਬਣਾ ਦਿਓ’ ਸਿਰਲੇਖ ਹੇਠ ਲੇਖ ਲਿਖ ਕੇ ਦੁਨੀਆਂ ਭਰ ਦੇ ਮਜ਼ਲੂਮ ਲੋਕਾਂ ਨੂੰ ਅਮਰੀਕੀ ਮਹਾਂਸ਼ਕਤੀ ਵਿਰੁਧ ਅੰਤਿਮ ਲੜਾਈ ਛੇੜ ਦੇਣ ਦਾ ਸੱਦਾ ਦਿੱਤਾ ਸੀ। ਸੁਰਿੰਦਰ ਚਹਿਲ ਪ੍ਰੇਰਨਾ ਦੇ ਸਰੋਤ ਵਜੋਂ ਇਸ ਨਾਅਰੇ ਨੂੰ ਮੰਨਦਾ ਸੀ, ਪਰ ਇਸ ਨੂੰ ਅਮਲੀ ਰੂਪ ਦੇਣ ਵਿਚ ਜ਼ਮੀਨੀ ਹਕੀਕਤਾਂ ਬਾਰੇ ਉਸ ਦੇ ਮਨ ਅੰਦਰ ਸ਼ੰਕੇ ਸਨ। ਇਸ ਦੇ ਉਲਟ ਸ਼ਮਸ਼ੇਰ ਦੇ ਮਨ ਵਿਚ ਸ਼ੰਕਿਆਂ ਦੀ ਉਕਾ ਹੀ ਕੋਈ ਗੁੰਜਾਇਸ਼ ਨਹੀਂ ਸੀ। ਉਸ ਦਾ ਦ੍ਰਿੜ ਵਿਸ਼ਵਾਸ ਸੀ ਕਿ ਕਾਰਲ ਮਾਰਕਸ ਦੀ ਸਿਧਾਂਤਕ ਘਾਲਣਾ ਅਤੇ ਲੈਨਿਨ ਅਤੇ ਮਾਓ ਦੇ ਅਮਲਾਂ ਤੋਂ ਬਾਅਦ ਕਿਸੇ ਕਿਸਮ ਦੇ ਸ਼ੰਕੇ ਦੀ ਗੁੰਜਾਇਸ਼ ਹੀ ਨਹੀਂ ਸੀ। ਇਨਸਾਨ ਵਿਚ ਇਨਕਲਾਬੀ ਇਮਾਨਦਾਰੀ ਤੇ ਇੱਛਾ ਹੋਵੇ ਸਹੀ-ਥਾਂ ਥਾਂ ਤੇ ਵੀਅਤਨਾਮ ਬਣਾਉਣ ਵਿਚ ਕੋਈ ਦਿੱਕਤ ਹੀ ਨਹੀਂ ਸੀ। ਸੁਰਿੰਦਰ ਚਹਿਲ ਨੂੰ ਡਰ ਲੱਗਣ ਲੱਗ ਪਿਆ ਸੀ ਕਿ ਅਜਿਹਾ ਕਰ ਸਕਣਾ ਸ਼ਾਇਦ ਸੰਭਵ ਨਹੀਂ ਸੀ। ਇਸ ਲਈ ਅਜਿਹੇ ਨੁਕਤਿਆਂ ‘ਤੇ ਮਤਭੇਦਾਂ ਨੂੰ ਲੈ ਕੇ ਸੁਰਿੰਦਰ ਅਤੇ ਸ਼ੇਰੀ ਵਿਚਾਲੇ ਕਦੀ ਕਦੀ ਸਖਤ ਤਕਰਾਰ ਵੀ ਹੋਣੇ ਸ਼ੁਰੂ ਹੋ ਗਏ ਸਨ।
ਸਾਲ 1968 ਦੇ ਸਿਆਲੀ ਦਿਨਾਂ ਦੀ ਗੱਲ ਹੈ, ਸ਼ੇਰੀ ਕੰਵਲ ਦੇ ਨਾਲ ਮੈਨੂੰ ਮਿਲਣ ਲਈ ਪਿੰਡ ਆਇਆ ਹੋਇਆ ਸੀ। ਲੋਹੜੀ ਦੀ ਠੰਢੀ ਰਾਤ ਸੀ। ਕੰਵਲ ਨੇ ਜਾਰਜ ਆਰਵੈਲ ਦਾ ਅੰਨ੍ਹੇ ਕਮਿਊਨਿਸਟ ਵਿਰੋਧ ਵਿਚ ਲਿਖਿਆ ‘1984’ ਸਿਰਲੇਖ ਹੇਠਲਾ ਨਾਵਲ ਕਿਧਰੇ ਤਾਜ਼ਾ-ਤਾਜ਼ਾ ਹੀ ਪੜ੍ਹਿਆ ਸੀ। ਸ਼ੇਰੀ ਨੂੰ ਨਾਵਲ ਦੀ ਕਹਾਣੀ ਸਿਰੇ ਦੀ ਊਲ-ਜਲੂਲ ਲੱਗ ਰਹੀ ਸੀ। ਉਸ ਦਿਨ ਉਸ ਨੇ ਸ਼ਰਤ ਲਾਈ ਕਿ ਸਾਲ 1984 ਤੱਕ ਜਾਂਦਿਆ ਜਾਂਦਿਆਂ ਦੁਨੀਆਂ ਦੀ ਹੋਣੀ ਹਰ ਹਾਲ ਵਿਚ ਸੰਵਰ ਜਾਵੇਗੀ। ਸੰਸਾਰ ਦਾ ਨਕਸ਼ਾ ਉਵੇਂ ਨਹੀਂ ਬਣੇਗਾ ਜਿਵੇਂ ਜਾਰਜ ਆਰਵੈਲ ਨੇ ਆਪਣੇ ਨਾਵਲ ਵਿਚ ‘ਬਕ’ ਮਾਰੀ ਸੀ। ਬਲਕਿ ਇਹ ਨਕਸ਼ਾ ਉਸ ਤਰ੍ਹਾਂ ਦਾ ਸੁੰਦਰ ਹੋਵੇਗਾ ਜਿਸ ਤਰ੍ਹਾਂ ਕਿ ਚੇਅਰਮੈਨ ਮਾਓ ਦੇ ‘ਸਭਿਆਚਾਰਕ ਇਨਕਲਾਬ’ ਵਿਚ ਸਰਗਰਮ ਰੈਡ ਗਾਰਡਾਂ ਵਲੋਂ ਚਿਤਵਿਆ ਜਾ ਰਿਹਾ ਸੀ! ਜ਼ਿੰਦਗੀ ਦਾ ਕਾਇਆ ਕਲਪ ਕਰਨ ਲਈ ਅਜਿਹੀ ਦਿਨ-ਰਾਤ ਦੀ ਸੁਪਨਸਾਜ਼ੀ ਦੇ ਬਾਵਜੂਦ ਸ਼ਮਸ਼ੇਰ ਨੇ ਐਮæਏæ ਅਰਥਸ਼ਾਸਤਰ ਪਹਿਲੇ ਸਾਲ ਦਾ ਇਮਤਿਹਾਨ ਪਾਸ ਕੀਤਾ ਅਤੇ ਵਾਪਸ ਜ਼ਿਲ੍ਹਾ ਸੰਗਰੂਰ ਵਿਚ ਆਪਣੇ ਪਿੰਡ ਚਲਾ ਗਿਆ। ਉਸ ਦੀ ਉਸ ਰਾਤ ਦੀ ਪੇਸ਼ੀਨਗੋਈ ਅੱਜ ਵੀ ਸਾਨੂੰ ਭੁੱਲੀ ਨਹੀਂ ਹੈ।
ਉਨ੍ਹਾਂ ਦਿਨਾਂ ਵਿਚ ਚੀ ਗੁਵੇਰਾ ਜਾਂ ਮਾਓ ਦੇ ਵਿਚਾਰਾਂ ਤੋਂ ਇਸ ਤਰ੍ਹਾਂ ਪ੍ਰੇਰਨਾ ਲੈਣ ਵਾਲੇ ਸ਼ਮਸ਼ੇਰ ਸ਼ੇਰੀ, ਸੁਰਿੰਦਰ ਚਹਿਲ ਜਾਂ ਉਨ੍ਹਾਂ ਦੇ ਰਹਿਨੁਮਾ ਦਰਸ਼ਨ ਬਾਗੀ ਅਤੇ ਭੁਪਿੰਦਰ ਸਿੰਘ ਇਕੱਲੇ-ਦੁਕੱਲੇ ਵਿਅਕਤੀ ਨਹੀਂ ਸਨ, ਸਗੋਂ ਜਪਾਨ ਤੋਂ ਲੈ ਕੇ ਮੈਕਸੀਕੋ ਅਤੇ ਇਟਲੀ ਤੋਂ ਲੈ ਕੇ ਕੋਲੰਬੀਆ ਤੱਕ ਪੂਰੀ ਦੁਨੀਆਂ ਦੀ ਨੌਜਵਾਨ ਪੀੜ੍ਹੀ ਨੂੰ ਹੀ ਇਨਸਾਨ ਦੀ ਅਜ਼ਮਤ ਦੀ ਬਹਾਲੀ ਵਾਲੀ ਵਿਚਾਰਧਾਰਾ ਜਾਂ ਅਜਿਹੇ ‘ਮਸੀਹੀ’ ਖੁਆਬਾਂ ਨੇ ਆਪਣੀ ਗ੍ਰਿਫਤ ਵਿਚ ਲਿਆ ਹੋਇਆ ਸੀ। ਇਸ ਵਰਤਾਰੇ ਦੀ ਸਿਖਰ ਉਸ ਸਾਲ, ਯਾਨਿ ਮਈ 1968 ‘ਚ ਉਦੋਂ ਸਾਹਮਣੇ ਆਈ ਜਦੋਂ ਵਿਦਿਆਰਥੀ ਆਗੂ ਕੋਹਨ ਬੇਨੀ ਦੀ ਅਗਵਾਈ ਹੇਠ ਨੌਜਵਾਨਾਂ ਨੇ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਸਥਾਪਤੀ ਦੇ ਨੁਮਾਇੰਦਿਆਂ, ਸੰਸਥਾਵਾਂ ਅਤੇ ਰਵਾਇਤੀ ਕਦਰਾਂ ਕੀਮਤਾਂ ਦੇ ਵਿਰੋਧ ਵਿਚ ਆਪਣੀ ਹੀ ਕਿਸਮ ਦੇ ਇਨਕਲਾਬ ਦਾ ਬਿਗਲ ਵਜਾ ਦਿੱਤਾ। ਆਪਣੀ ਹੀ ਕਿਸਮ ਦੇ ਇਸ ਵਿਲੱਖਣ ਇਨਕਲਾਬ ਦੀ ਸ਼ੁਰੂਆਤ ਮੈਨੂੰ ਚੰਗੀ ਤਰ੍ਹਾਂ ਤਾਂ ਯਾਦ ਨਹੀਂ, ਸ਼ਾਇਦ ਯੂਨੀਵਰਸਿਟੀ ‘ਚ ਪੜ੍ਹਦੇ ਕੁੜੀਆਂ-ਮੁੰਡਿਆਂ ਵੱਲੋਂ ਇਕ-ਦੂਜੇ ਦੇ ਹੋਸਟਲਾਂ ਵਿਚ ਦਿਨ-ਰਾਤ ਖੁੱਲ੍ਹੇਆਮ ਆਉਣ-ਜਾਣ, ਇਕੱਠਿਆਂ ਰਹਿਣ ਦੇ ‘ਪਵਿੱਤਰ ਬੁਨਿਆਦੀ ਜਮਹੂਰੀ ਹੱਕ’ ਦੀ ਮੰਗ ਨੂੰ ਲੈ ਕੇ ਹੋਈ ਸੀ ਅਤੇ ਫਿਰ ਇਕ ਦਮ ਜੰਗਲ ਦੀ ਅੱਗ ਵਾਂਗ ਹਰ ਤਰ੍ਹਾਂ ਦੇ ਅਨਿਆਂ, ਤਰਕਹੀਣਤਾ ਤੇ ਸਥਾਪਤੀ ਦੀ ਹਰੇਕ ਸੰਸਥਾ ਵਿਰੁੱਧ ਰੋਹ ਬਣ ਕੇ ਫੈਲ ਗਿਆ ਸੀ।
ਸੋ, ਇਹ ਸੀ ਉਹ ਇਤਿਹਾਸਕ ਮਰਹਲਾ ਅਤੇ ਨੌਜਵਾਨ ਪੀੜ੍ਹੀ ਦਾ ਬਾਗੀ ਰੌਂਅ ਜਿਸ ਦੇ ਪਿਛੋਕੜ ਵਿਚ ਸ਼ਮਸ਼ੇਰ ਸਿੰਘ ਸ਼ੇਰੀ ਐਮæਏæ ਦੇ ਤੀਸਰੇ ਸਾਲ ਵਿਚ ਦਾਖਲਾ ਲੈਣ ਲਈ ਸਾਡੇ ਕੋਲ ਪਹੁੰਚਿਆ। ਸ਼ ਬਿਸ਼ਨ ਸਿੰਘ ਸਮੁੰਦਰੀ ਦੰਤ ਕਥਾਈ ਕਿਸਮ ਦਾ ਕਦਾਵਰ ਪ੍ਰਿੰਸੀਪਲ ਸੀ ਅਤੇ ਮਾਝੇ ਦੇ ਵਿਦਿਆਰਥੀਆਂ ਲਈ ਫਾਦਰ ਫਿਗਰ ਸੀ। ਇਹ ਉਸ ਨੂੰ ਹੀ ਪਤਾ ਸੀ ਕਿ ਉਹ 1967-68 ਦੇ ਸੈਸ਼ਨ ਦੌਰਾਨ ਸ਼ੇਰੀ ਵਰਗੀ ਤੂਤ ਕਿਸਮ ਦੀ ਸ਼ੈਅ ਨਾਲ ਕਿਸ ਜੁਗਤ ਨਾਲ ਨਿਭਿਆ ਸੀ। ਅਗਲੇ ਵਰ੍ਹੇ ਉਹ ਉਸ ਨੂੰ ਦਾਖਲਾ ਦੇਣ ਲਈ ਕਿਸੇ ਸ਼ਰਤ ‘ਤੇ ਵੀ ਤਿਆਰ ਨਹੀਂ ਸੀ। ਸ਼ੇਰੀ ਤੇ ਕੰਵਲ ਦਾਖਲੇ ਲਈ ਕਲਰਕਾਂ ਕੋਲ ਗਏ ਤਾਂ ਉਨ੍ਹਾਂ ਅੱਗੋਂ ਆਪਣੀ ਬੇਵਸੀ ਪ੍ਰਗਟਾ ਦਿੱਤੀ। ਗੁਫਤਾਰ ਦੇ ਮਾਮਲੇ ਵਿਚ ਦੋਵਾਂ ਦਾ ਹੱਥ ਤੰਗ ਸੀ। ਸੋ, ਉਨ੍ਹਾਂ ਨੇ ਕਿਸੇ ਤੇਜ਼ ਤਰਾਰ ਕਿਸਮ ਦੇ ਸਾਥੀ ਨੂੰ ਨਾਲ ਲੈਣ ਲਈ ਸੋਚਿਆ, ਪਰ ਫਿਰ ਦੋਵੇਂ ‘ਇਕੱਲੇ’ ਹੀ ਪ੍ਰਿੰਸੀਪਲ ਸਮੁੰਦਰੀ ਦੀ ਅਦਾਲਤ ਵਿਚ ਜਾ ਹਾਜ਼ਰ ਹੋਏ। ਪਿੰ੍ਰਸੀਪਲ ਸਮੁੰਦਰੀ ਨੇ ਸ਼ੇਰੀ ਨੂੰ ਵਿੰਹਦਿਆਂ ਹੀ ਉਠ ਕੇ ਗਲੇ ਨਾਲ ਲਾਇਆ ਅਤੇ ਨਾਲ ਹੀ ਆਪਣਾ ਫੈਸਲਾ ਸੁਣਾ ਦਿੱਤਾ ਕਿ ਉਸ ਨੇ ਹੀ ਰੱਬ-ਰੱਬ ਕਰਦਿਆਂ ਬੜੀ ਮੁਸ਼ਕਿਲ ਨਾਲ ਪਿਛਲਾ ਸੈਸ਼ਨ ਟਪਾਇਆ ਸੀ, ਅੱਗਿਓਂ ਉਸ ਨੇ ਉਸ ਨੂੰ ਕਾਲਜ ਵਿਚ ਦਾਖਲਾ ਨਹੀਂ ਦੇਣਾ। ਕੰਵਲ ਅਨੁਸਾਰ ‘ਬਾਪ-ਬੇਟੇ’ ਦੀ ਉਸ ਮਿਲਣੀ ਦੇ ਸੀਨ ਦੀ ਯਾਦ ਆਉਂਦਿਆਂ ਅੱਜ ਤੱਕ ਵੀ ਹਾਸਿਆਂ ਦੇ ਫੁਹਾਰੇ ਛੁੱਟ ਜਾਂਦੇ ਹਨ। ਸਮੁੰਦਰੀ ਬਾਬਾ ਕਹੀ ਜਾ ਰਿਹਾ ਸੀ ਕਿ ਸ਼ਮਸ਼ੇਰ ਉਸ ਦਾ ਪੁੱਤਰ ਹੈ, ਉਹ ਖਾਲਸਾ ਕਾਲਜ ਤੋਂ ਬਿਨਾਂ ਪੰਜਾਬ ਦੇ ਕਿਸੇ ਕਾਲਜ ਵੱਲ ਵੀ ਉਂਗਲੀ ਕਰੇ-ਉਹ ਖੁਦ ਜਾ ਕੇ ਉਸ ਨੂੰ ਉਸੇ ਕਾਲਜ ਅੰਦਰ ਦਾਖਲ ਕਰਵਾ ਦੇਵੇਗਾ, ਪਰ ਆਪਣੇ ਕਾਲਜ ਵਿਚ ਉਸ ਨੂੰ ਦਾਖਲਾ ਦੇਣ ਤੋਂ ਉਸ ਦੇ ਹੱਥ ਖੜ੍ਹੇ ਸਨ। ਸਮੁੰਦਰੀ ਬਾਬਾ ਬਹੁੜੀ ਕਰੀ ਜਾ ਰਿਹਾ ਸੀ।
(ਚੱਲਦਾ)
Leave a Reply