ਚਮਕੌਰ ਦੀ ਜੰਗ ਗੁਰੂ ਗੋਬਿੰਦ ਸਿੰਘ ਦੀ ਜ਼ੁਬਾਨੀ

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਵਲੋਂ ਫਾਰਸੀ ਵਿਚ ਲਿਖਿਆ ਖਤ ‘ਜ਼ਫਰਨਾਮਾ’ ਅਸਲ ਵਿਚ ਮੁਗਲ ਸਮਰਾਟ ਔਰੰਗਜ਼ੇਬ ਦੀ ਹਾਰ ਦਾ ਲਖਾਇਕ ਹੈ। ਡਾ. ਹਰਚੰਦ ਸਿੰਘ ਸਰਹਿੰਦੀ ਨੇ ਇਸ ਲੇਖ ਵਿਚ ਗੁਰੂ ਗੋਬਿੰਦ ਸਿੰਘ ਵਲੋਂ ਚਮਕੌਰ ਦੀ ਜੰਗ ਬਾਰੇ ਦਿੱਤੇ ਵੇਰਵੇ ਸ਼ਾਮਲ ਕੀਤੇ ਹਨ। ਇਨ੍ਹਾਂ ਤੋਂ ਗੁਰੂ ਸਾਹਿਬ ਦੇ ਦਿਲ ਵਿਚ ਚਮਕੌਰ ਦੀ ਜੰਗ ਅਤੇ ਸਾਹਿਬਜ਼ਾਦਿਆਂ ਬਾਰੇ ਉਠੀ ਹੂਕ ਦੀ ਸੂਹ ਮਿਲਦੀ ਹੈ।

-ਸੰਪਾਦਕ

‘ਜ਼ਫਰਨਾਮਾ’ ਗੁਰੂ ਗੋਬਿੰਦ ਸਿੰਘ ਵਲੋਂ ਮੁਗਲ ਸਮਰਾਟ ਔਰੰਗਜ਼ੇਬ ਨੂੰ ਫਾਰਸੀ ਸ਼ਿਅਰਾਂ ਵਿਚ ਲਿਖੀ ਹੋਈ ਚਿੱਠੀ ਹੈ। ਇਉਂ ਇਹ ਇਤਿਹਾਸਕ ਦਸਤਾਵੇਜ਼ ਹੈ। ਇਸ ਦਾ ਹਰ ਸ਼ਿਅਰ ਅਣਖ, ਸਵੈਮਾਣ ਤੇ ਪ੍ਰਭੂ ਭਰੋਸਾ ਜਗਾਉਂਦਾ ਹੈ। ‘ਜ਼ਫਰਨਾਮਾ’ ਉਹ ਮਹਾਨ ਵਿਜੈ-ਪੱਤਰ ਹੈ, ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੇ ਅਸਿੱਧੇ ਤੌਰ ‘ਤੇ ਆਪਣੀ ਹਾਰ ਮੰਨ ਲਈ ਸੀ। ਇਹ ਖਤ ਪੜ੍ਹ ਕੇ ਅਤਿਆਚਾਰ ਦੀ ਤਸਵੀਰ ਬਣ ਚੁੱਕੇ ਔਰੰਗਜ਼ੇਬ ਦੀਆਂ ਅੱਖਾਂ ਨਮ ਹੋ ਗਈਆਂ ਸਨ। ਜੋ ਕੰਮ ਤਲਵਾਰ ਨਾ ਕਰ ਸਕੀ, ਉਹ ਗੁਰੂ ਸਾਹਿਬ ਦੀ ਕਲਮ ਨੇ ਕਰ ਵਿਖਾਇਆ। ਇਹ ਚਿੱਠੀ ਫਾਰਸੀ ਸ਼ਾਇਰੀ ਦਾ ਉਤਮ ਨਮੂਨਾ ਪੇਸ਼ ਕਰਦੀ ਹੈ। ਇਹ ਚਿੱਠੀ ਔਰੰਗਜ਼ੇਬ ਨੂੰ ਸ਼ਰਮਸਾਰ ਹੀ ਨਹੀਂ ਕਰਦੀ, ਸਗੋਂ ਉਸ ਦੇ ‘ਕੱਦ’ ਨੂੰ ਵੀ ਬੌਣਾ ਬਣਾਉਂਦੀ ਹੈ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ‘ਟਕੇ ਦਾ ਮੁਰੀਦ’ ਅਤੇ ‘ਈਮਾਂ ਫਿਕਨ’, ਭਾਵ ਬੇ-ਇਮਾਨ ਕਹਿਣ ਤੋਂ ਸੰਕੋਚ ਨਹੀਂ ਕੀਤਾ।
ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਦੁਖਾਂਤ ਸਮੁੱਚੀ ਕੌਮ ਦਾ ਦੁਖਾਂਤ ਹੋ ਨਿਬੜਦਾ ਹੈ ਅਤੇ ਉਸ ਦੁਖਾਂਤ ਨਾਲ ਹੋਏ ਜ਼ਖਮ ਹਮੇਸ਼ਾ ਰਿਸਦੇ ਰਹਿੰਦੇ ਹਨ, ਹਰੇ ਰਹਿੰਦੇ ਹਨ। ਸਾਕਾ ਚਮਕੌਰ ਸਾਹਿਬ (ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਅਦੁੱਤੀ ਸ਼ਹਾਦਤ ਦੀ ਘਟਨਾ) ਵੀ ਅਜਿਹਾ ਹੀ ਦੁਖਾਂਤ ਹੈ, ਜਿਸ ਨੂੰ ਉਸ ਸਮੇਂ ਸਮੁੱਚੀ ਕੌਮ ਨੇ ਹੰਢਾਇਆ। ਰੌਂਗਟੇ ਖੜ੍ਹੇ ਕਰ ਦੇਣ ਵਾਲੀ ਇਸ ਮੰਦਭਾਗੀ ਘਟਨਾ ਨੇ ਸਿੱਖ ਸਮਾਜ ਨੂੰ ਗਮਾਂ ਦੇ ਡੂੰਘੇ ਸਮੁੰਦਰ ‘ਚ ਡੁਬੋ ਦਿੱਤਾ ਤੇ ਸਿੱਖ ਮਾਨਸਿਕਤਾ ਲਹੂ-ਲੁਹਾਣ ਹੋ ਗਈ।
ਬੇਸ਼ੱਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਅਡੋਲ ਰਹੇ ਪਰ ਇਹ ਘਟਨਾ ਉਨ੍ਹਾਂ ਦੇ ਦਿਲ ‘ਤੇ ਡੂੰਘੀ ਉਕਰੀ ਗਈ। ਇਹੋ ਕਾਰਨ ਹੈ ਕਿ ਗੁਰੂ ਸਾਹਿਬ ਨੇ ‘ਜ਼ਫਰਨਾਮਾ’ ਵਿਚ ਪਹਿਲੀ ਵਾਰ ਜ਼ੁਲਮ, ਜਬਰ ਵਿਰੁਧ ਤਲਵਾਰ ਉਠਾਉਣ ਲਈ ਲਲਕਾਰ ਕੇ ਆਖਿਆ:
ਚੂੰ ਕਰਾ ਅਜ਼ ਹਮਾ ਹੀਲਤੇ ਦਰਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।
ਇਸ ਤਰ੍ਹਾਂ ਸ਼ਹਾਦਤ ਦੀ ਇਸ ਬੇਨਜ਼ੀਰ ਘਟਨਾ ਨੇ ਸਿੱਖ ਸੋਚ ਤੇ ਫਲਸਫੇ ਨੂੰ ਨਵੀਂ ਦਿਸ਼ਾ ਦਿੱਤੀ। ਗੁਰੂ ਸਾਹਿਬ ਨੇ ਆਪਣੇ ਇਸ ਵਿਜੈ-ਪੱਤਰ ਵਿਚ ਚਮਕੌਰ ਦੀ ਜੰਗ ਦਾ ਬੜੀ ਬਰੀਕੀ ਨਾਲ ਵਰਣਨ ਕੀਤਾ ਹੈ। ਗੁਰੂ ਸਾਹਿਬ ਵੱਲੋਂ ਪੇਸ਼ ਕੀਤੀ ਜੰਗ ਦੀ ਇਹ ਇਤਿਹਾਸਕ ਝਾਕੀ ਬੇਮਿਸਾਲ ਹੈ ਅਤੇ ਚਮਕੌਰ ਦੀ ਜੰਗ ਦੀ ਚਸ਼ਮਦੀਦ ਗਵਾਹੀ ਭਰਦੀ ਹੈ। ਚਮਕੌਰ ਦੀ ਜੰਗ ਬਰਾਬਰ ਦੀ ਚੋਟ ਨਹੀਂ ਸੀ। ਦੋਵੇਂ ਵਿਰੋਧੀ ਦਲਾਂ ਦੀ ਨਫਰੀ ਵਿਚ ਜ਼ਮੀਂ-ਅਸਮਾਨ ਦਾ ਫਰਕ ਸੀ। ਇਕ ਪਾਸੇ ਥੱਕੇ-ਟੁੱਟੇ ਤੇ ਭੁੱਖਣ-ਭਾਣੇ ਚਾਲੀ ਸਿੰਘ ਅਤੇ ਦੂਜੇ ਪਾਸੇ ਟਿੱਡੀ ਦਲ ਮੁਗਲ ਫੌਜ। ਇਸ ਅਤੁਲਵੇਂ ਯੁੱਧ ਦਾ ਜ਼ਿਕਰ ਕਰਦਿਆਂ ਗੁਰੂ ਗੋਬਿੰਦ ਸਿੰਘ ਨੇ ‘ਜ਼ਫਰਨਾਮਾ’ ਵਿਚ ਲਿਖਿਆ ਹੈ:
ਗੁਰਸਨਾ: ਚਿ ਕਾਰੇ ਕੁਨਦ ਚਿਹਲ ਨਰ।
ਕਿ ਦਹ ਲਕ ਬਰਾਯਦ ਬਰੂ ਬੇਖਬਰ।
ਭਾਵ ਭੁੱਖਣ-ਭਾਣੇ ਚਾਲੀ ਆਦਮੀ ਕੀ ਕਰ ਸਕਦੇ ਹਨ, ਜੇ ਉਨ੍ਹਾਂ ਉਤੇ ਅਚਨਚੇਤ ਦਸ ਲੱਖ (ਅਣਗਿਣਤ) ਫੌਜ ਟੁੱਟ ਪਵੇ। ਗੁਰੂ ਸਾਹਿਬ ਨੇ ਮੁਗਲ ਫੌਜ ਵੱਲੋਂ ਕੀਤੇ ਹੱਲੇ ਦਾ ਬੜੀ ਖੂਬਸੂਰਤੀ ਨਾਲ ਜ਼ਿਕਰ ਕੀਤਾ ਹੈ:
ਬਰੰਗਿ ਮਗਸ ਸ਼ਯਾਹ-ਪੋਸ਼ ਆਮਦੰਦ।
ਬ: ਯਕ-ਬਾਰਗੀ ਦਸ ਖਰੋਸ਼ ਆਮਦੰਦ।
ਭਾਵ ਤੇਰੀ ਕਾਲੀ ਖੋਸ਼ ਫੌਜ ਮੱਖੀਆਂ ਵਾਂਗ ਆ ਪਈ ਤੇ ਸ਼ੋਰ ਮਚਾਉਂਦੀ ਇਕਦਮ ਟੁੱਟ ਪਈ।
ਗੁਰੂ ਸਾਹਿਬ ਜੰਗ ਦੇ ਦ੍ਰਿਸ਼ਾਂ ਨੂੰ ਬਿਆਨ ਕਰਦਿਆਂ ਲਿਖਦੇ ਹਨ ਕਿ ਮੁਗਲ ਫੌਜ ਦੇ ਜਰਨੈਲ ਤੇ ਸਿਪਾਹੀ ਦੀਵਾਰ ਦੀ ਓਟ ਲਈ ਆਪਣੀ ਜਾਨ ਦੀ ਖੈਰ ਮੰਗਦੇ ਰਹੇ। ਫਿਰ ਉਸ ਦੀਵਾਰ ਤੋਂ ਕੋਈ ਵੀ ਬਾਹਰ ਨਾ ਆਇਆ। ਨਾ ਉਨ੍ਹਾਂ ਤੀਰ ਖਾਧੇ ਤੇ ਨਾ ਹੀ ਖੁਆਰ ਹੋਏ। ਜੋ ਕੋਈ ਵੀ ਦੀਵਾਰ ਦੀ ਓਟ ਤੋਂ ਜ਼ਰਾ ਬਾਹਰ ਆਇਆ, ਉਹ ਇਕੋ ਤੀਰ ਖਾ ਕੇ ਲਹੂ ਵਿਚ ਗਰਕ ਹੋ ਗਿਆ। ਗੁਰੂ ਸਾਹਿਬ, ਮੁਗਲ ਫੌਜ ਦੇ ਫੌਜਦਾਰ ਨਾਹਰ ਖਾਂ ਨੂੰ ਆਪਣੇ ਤੀਰ ਦਾ ਨਿਸ਼ਾਨਾ ਬਣਾਉਣ ਦੇ ਦ੍ਰਿਸ਼ ਨੂੰ ਇਉਂ ਚਿਤਰਦੇ ਹਨ:
ਚੁ ਦੀਦਮ ਕਿ ਨਾਹਰ ਬਿਯਾਮਦ ਬਜੰਗ।
ਚਸ਼ੀਦ: ਯਕੇ ਤੀਰਿ ਮਨ ਬੇਦਰੰਗ।
ਜਦ ਮੈਂ ਨਾਹਰ ਖਾਂ ਨੂੰ ਮੈਦਾਨ-ਏ-ਜੰਗ ਵਿਚ ਆਇਆ ਵੇਖਿਆ ਤਾਂ ਉਸ ਨੇ ਫੌਰਨ ਮੇਰੇ ਤੀਰ ਦਾ ਸੁਆਦ ਚੱਖਿਆ, ਭਾਵ ਉਹ ਤੀਰ ਖਾ ਕੇ ਥਾਂ ਹੀ ਢੇਰੀ ਹੋ ਗਿਆ।
ਆਪਣੇ-ਆਪ ਨੂੰ ਬਹਾਦਰ ਅਖਵਾਉਣ ਵਾਲੇ ਕੁਝ ਪਠਾਣਾਂ ਦੇ ਰਣਭੂਮੀ ਤੋਂ ਭੱਜ ਜਾਣ ਦਾ ਜ਼ਿਕਰ ਕਰਦਿਆਂ ਗੁਰੂ ਜੀ ਲਿਖਦੇ ਹਨ, ਅਖੀਰ ਉਹ ਪਠਾਣ ਜੋ ਬਾਹਰ ਖੜੋਤੇ ਸ਼ੇਖੀਆਂ ਮਾਰਦੇ ਸਨ, ਰਣਭੂਮੀ ਤੋਂ ਭੱਜ ਗਏ। ਗੁਰੂ ਸਾਹਿਬ ਨੇ ਜਿਥੇ ਬੁਜ਼ਦਿਲ ਪਠਾਣਾਂ ਦਾ ਜ਼ਿਕਰ ਕੀਤਾ ਹੈ, ਉਥੇ ਹੀ ਇਕ ਪਠਾਣ ਜਰਨੈਲ ਵਲੋਂ ਬਹਾਦਰੀ ਨਾਲ ਹਮਲੇ ਕਰਨ ਦਾ ਵੀ ਵਰਣਨ ਕੀਤਾ ਹੈ:
ਕਿ ਅਫਗਾਨਿ ਦੀਗਰ ਬਯਾਮਦ ਬਜੰਗ।
ਚੁ ਸੈਲਿ ਰਵਾਂ ਹਮਚੁ ਤੀਰੋ ਤੁਫੰਗ।
ਭਾਵ ਇਸ ਪਿਛੋਂ ਇਕ ਹੋਰ ਪਠਾਣ ਤੇਜ਼ ਹੜ੍ਹ ਵਾਂਗ ਤੇ ਤੀਰ ਤੁਫੰਗ (ਭਾਵ ਬੰਦੂਕ ਦੀ ਗੋਲੀ) ਵਾਂਗ ਲੜਨ ਲਈ ਅੱਗੇ ਆਇਆ (ਸ਼ਾਇਦ ਇਹ ਜ਼ਫਰ ਬੇਗ ਵੱਲ ਸੰਕੇਤ ਹੈ)।
ਗੁਰੂ ਸਾਹਿਬ ਇਸ ਪਠਾਣ ਦੀ ਬਹਾਦਰੀ ਬਾਰੇ ਲਿਖਦੇ ਹਨ ਕਿ ਉਸ ਨੇ ਬਹਾਦਰੀ ਨਾਲ ਬਹੁਤ ਸਾਰੇ ਹਮਲੇ ਕੀਤੇ, ਕੁਝ ਸੂਝ-ਬੂਝ ਨਾਲ, ਕੁਝ ਬੇਸਮਝੀ ਨਾਲ। ਉਸ ਨੇ ਕਈ ਹੱਲੇ ਕੀਤੇ ਅਤੇ ਖੁਦ ਵੀ ਬਹੁਤ ਸਾਰੇ ਫੱਟ ਖਾਧੇ। ਉਸ ਨੇ ਦੋ ਜਣਿਆਂ ਨੂੰ ਜਾਨੋਂ ਮਾਰ ਦਿੱਤਾ ਅਤੇ ਆਖਰ ਆਪ ਵੀ ਆਪਣੀ ਜਾਨ ਦੇ ਗਿਆ। ਇਕ ਹੋਰ ਪਠਾਣ ਫੌਜਦਾਰ, ਖੁਆਜਾ ਜ਼ਫਰ ਬੇਗ ਦਾ ਜ਼ਿਕਰ ਹੈ ਜੋ ਬਹਾਦਰਾਂ ਵਾਂਗ ਮੈਦਾਨ ਵਿਚ ਨਹੀਂ ਨਿੱਤਰਦਾ:
ਕਿ ਆਂ ਖ੍ਵਾਜਾ ਮਰਦੂਦ ਸਾਯ: ਏ ਦੀਵਾਰ।
ਨਯਾਮਦ ਬ-ਮੈਦਾਂ ਬ-ਮਰਦਾਨ: ਵਾਰ।
ਭਾਵ ਉਹ ਮਰਦੂਦ ਖੁਆਜਾ ਜ਼ਫਰ ਬੇਗ ਦੀਵਾਰ ਦੀ ਓਟ ਹੇਠ ਹੀ ਰਿਹਾ। ਬਹਾਦਰਾਂ ਵਾਂਗ ਮੈਦਾਨ ਵਿਚ ਨਹੀਂ ਆਇਆ। ਅਗਲੇ ਸ਼ਿਅਰ ਵਿਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਉਹ ਉਸ ਨੂੰ ਵੇਖ ਲੈਂਦੇ ਤਾ ਸਹਿਜੇ ਹੀ ਆਪਣੇ ਤੀਰ ਦਾ ਨਿਸ਼ਾਨਾ ਬਣਾ ਦਿੰਦੇ। ਗੁਰੂ ਜੀ ਨੇ ਇਸ ਗੱਲ ਉਤੇ ਅਫਸੋਸ ਪ੍ਰਗਟ ਕਰਦਿਆਂ ਲਿਖਿਆ ਹੈ:
ਦਰੇਗ਼ਾ! ਅਗਰ ਰੂਏ ਊ ਦੀਦਮੇ।
ਬ-ਯਕ ਤੀਰ ਲਾਚਾਰ ਬਖਸ਼ੀਦਮੇ।
ਗੁਰੂ ਸਾਹਿਬ ਨੇ ‘ਜ਼ਫਰਨਾਮਾ’ ਵਿਚ ਚਮਕੌਰ ਦੀ ਜੰਗ ਦੇ ਖੌਫਨਾਕ ਦ੍ਰਿਸ਼ਾਂ ਨੂੰ ਬੜੀ ਮੁਹਾਰਤ ਨਾਲ ਚਿਤਰਿਆ ਹੈ। ਉਨ੍ਹਾਂ ਲਿਖਿਆ ਕਿ ਅਖੀਰ ਤੀਰਾਂ ਤੇ ਬੰਦੂਕਾਂ ਦੇ ਫੱਟ ਖਾ-ਖਾ ਥੋੜ੍ਹੇ ਚਿਰ ਵਿਚ ਹੀ ਦੋਹਾਂ ਪਾਸਿਆਂ ਦੇ ਬਹੁਤ ਸਾਰੇ ਆਦਮੀ ਮਾਰੇ ਗਏ। ਬੰਦੂਕਾਂ ਤੇ ਤੀਰਾਂ ਦੀ ਇੰਨੀ ਵਰਖਾ ਹੋਈ ਕਿ ਧਰਤੀ ਲਹੂ ਨਾਲ ਪੋਸਤ ਦੇ ਫੁੱਲ ਵਾਂਗ ਲਾਲੋ-ਲਾਲ ਹੋ ਗਈ। ਮਾਰੇ ਗਏ ਬੰਦਿਆਂ ਦੇ ਸਿਰ-ਪੈਰਾਂ ਦੇ ਇਉਂ ਢੇਰ ਲੱਗ ਗਏ ਜਿਵੇਂ ਖੇਡ ਦਾ ਮੈਦਾਨ ਖਿੱਦੋ-ਖੂੰਡੀਆਂ ਨਾਲ ਭਰਿਆ ਹੋਵੇ। ਤੀਰਾਂ ਤੇ ਕਮਾਨਾਂ ਦੀਆਂ ਟਣਕਾਰਾਂ ਨਾਲ ਲੋਕਾਂ ਵਿਚ ਚੀਕ-ਚਿਹਾੜਾ ਪੈ ਗਿਆ। ਇਸ ਪਿਛੋਂ ਮਾਰੂ ਬਰਛਿਆਂ ਨੇ ਅਜਿਹੀ ਗੜਬੜ ਮਚਾਈ ਕਿ ਵੱਡੇ-ਵੱਡੇ ਸੂਰਮਿਆਂ ਦੇ ਵੀ ਹੋਸ਼ ਗੁੰਮ ਗਏ।
44ਵੇਂ ਸ਼ਿਅਰ ਵਿਚ ਗੁਰੂ ਸਾਹਿਬ ਲਿਖਦੇ ਹਨ ਕਿ ਨਾ ਉਨ੍ਹਾਂ ਦਾ ਰਤਾ ਵਾਲ ਵਿੰਗਾ ਹੋਇਆ ਤੇ ਨਾ ਹੀ ਉਨ੍ਹਾਂ ਦੇ ਸਰੀਰ ਨੂੰ ਕੋਈ ਖਦ ਪਹੁੰਚਿਆ, ਕਿਉਂਕਿ ਸ਼ੱਤਰੂ-ਹਰਤਾ ਪਰਮੇਸ਼ਰ ਨੇ ਆਪ ਉਨ੍ਹਾਂ ਨੂੰ ਮੁਸੀਬਤ ਵਿਚੋਂ ਕੱਢ ਲਿਆਂਦਾ। 45ਵੇਂ ਸ਼ਿਅਰ ਵਿਚ ਗੁਰੂ ਸਾਹਿਬ ਚਮਕੌਰ ਦੀ ਘਟਨਾ ਦੇ ਤਿੱਖੇ ਪ੍ਰਤੀਕਰਮ ਵਜੋਂ ਲਿਖਦੇ ਹਨ ਕਿ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਇਕਰਾਰ ਤੋੜਨ ਵਾਲਾ (ਔਰੰਗਜ਼ੇਬ) ਟਕੇ ਦਾ ਮੁਰੀਦ ਹੈ ਤੇ ਧਰਮ ਇਮਾਨ ਨੂੰ ਪਰ੍ਹੇ ਸੁੱਟ ਦੇਣ ਵਾਲਾ ਹੈ। ਅਗਲੇ ਸ਼ਿਅਰ ਵਿਚ ਗੁਰੂ ਸਾਹਿਬ ਲਿਖਦੇ ਹਨ, “ਔਰੰਗਜ਼ੇਬ! ਨਾ ਤੂੰ ਦੀਨ ਇਮਾਨ ਉਤੇ ਕਾਇਮ ਹੈਂ ਤੇ ਨਾ ਹੀ ਤੂੰ ਸ਼ਰ੍ਹਾ-ਸ਼ਰੀਅਤ ਦਾ ਪਾਬੰਦ ਹੈਂ। ਨਾ ਤੈਨੂੰ ਪਰਮਾਤਮਾ ਦੀ ਪਛਾਣ ਹੈ ਅਤੇ ਨਾ ਹੀ ਤੇਰਾ ਹਜ਼ਰਤ ਮੁਹੰਮਦ ਉਤੇ ਹੀ ਕੋਈ ਭਰੋਸਾ ਹੈ।”
‘ਜ਼ਫਰਨਾਮਾ’ ਦੇ ਕੁੱਲ 112 ਸ਼ਿਅਰ ਹਨ। ਇਸ ਇਤਿਹਾਸਕ ਪੱਤਰ ਵਿਚ ਚਮਕੌਰ ਦੀ ਦਾਸਤਾਨ ਦਾ ਉਭਰਵਾਂ ਸਥਾਨ ਹੈ। ਸਪਸ਼ਟ ਹੈ ਕਿ ਚਮਕੌਰ ਦੀ ਜੰਗ ਗੁਰੂ ਸਾਹਿਬ ਦੇ ਦਿਮਾਗ ‘ਤੇ ਛਾਈ ਰਹੀ ਪਰ ਉਦਾਸੀ, ਝੋਰਾ ਤੇ ਕਲੇਸ਼ ਕਦੇ ਵੀ ਉਨ੍ਹਾਂ ਦੇ ਨੂਰਾਨੀ ਜਲਾਲ ਦੀ ਤਾਬ ਨਹੀਂ ਝੱਲ ਸਕੇ। ਨਿਮਨ ਦਰਜ ਸ਼ਿਅਰ ਗੁਰੂ ਸਾਹਿਬ ਦੇ ਚੜ੍ਹਦੀ ਕਲਾ ਦਾ ਅਵਤਾਰ ਹੋਣ ਦੀ ਤਸਵੀਰ ਪੇਸ਼ ਕਰਦਾ ਹੈ:
ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸਤ: ਚਾਰ।
ਕਿ ਬਾਕੀ ਬਮਾਂਦਸਤ ਪੇਚੀਦ: ਮਾਰ।
ਇਸ ਸ਼ਿਅਰ ਵਿਚ ਗੁਰੂ ਸਾਹਿਬ ਦਾ ਸਮੇਂ ਦੇ ਸ਼ਕਤੀਸ਼ਾਲੀ ਹੁਕਮਰਾਨ ਨੂੰ ਇਹ ਕਹਿਣਾ, “ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰੇ ਗਏ, ਅਜੇ ਤਾਂ ਕੁੰਡਲੀਦਾਰ ਨਾਗ (ਭਾਵ ਖਾਲਸਾ) ਬਾਕੀ ਹੈ।” ਇਹ ਬਾਦਸ਼ਾਹ ‘ਤੇ ਜਿੱਤ ਦਾ ਪ੍ਰਤੀਕ ਹੈ।

ਮੈ ਹੋ ਪਰਮ ਪੁਰਖ ਕੋ ਦਾਸਾ

ਭਗਵਾਨ ਸਿੰਘ ਜੌਹਲ

ਇਹ ਜਗਤ ਸੱਚੇ ਅਕਾਲ ਪੁਰਖ ਦੀ ਕੋਠੜੀ ਹੈ, ਹਰ ਇਕ ਮਨੁੱਖ ਵਿਚ ਉਸ ਦੀ ਜੋਤ ਹੈ। ਕਿਸੇ ਪ੍ਰਤੀ ਮਾੜੀ ਸੋਚ ਕਰਮ ਤੇ ਵਿਹਾਰ ਨਾਲ ਬੰਦੇ ਦੇ ਮਨ ਦਾ ਸ਼ੀਸ਼ਾ ਧੁੰਦਲਾ ਹੋਣ ਕਾਰਨ ਉਸ ਵਿਚਲੀ ਜੋਤ ਸਾਫ਼ ਨਜ਼ਰ ਨਹੀਂ ਆਉਂਦੀ। ਇਸ ਜਗਤ ਦਾ ਮਾਲੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਇਹ ਰੰਗ-ਬਿਰੰਗਾ ਬਾਗ਼ ਉਸ ਦੀ ਖੇਡ ਹੈ। ਇਸ ਰੰਗ-ਬਿਰੰਗੇਪਣ ਨੂੰ ਮਿਟਾਉਣਾ ਤੇ ਮਿਟਦੇ ਵੇਖਣਾ ਉਸ ਨੂੰ ਪ੍ਰਵਾਨ ਨਹੀਂ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮੁਤਾਬਕ ਕੋਈ ਬੈਰਾਗ਼ੀ ਹੈ, ਕੋਈ ਸੰਨਿਆਸੀ, ਕੋਈ ਹਿੰਦੂ ਅਤੇ ਕੋਈ ਤੁਰਕ ਪਰ ਮੂਲ ਰੂਪ ਵਿਚ ਸਭ ਉਸ ਅਕਾਲ ਪੁਰਖ ਦੀ ਇਕੋ ਜੋਤ ਦਾ ਪਸਾਰਾ ਹੀ ਹੈ। ਉਸ ਤੋਂ ਵੱਡੀ ਤਾਕਤ ਹੋਰ ਕਿਸੇ ਕੋਲ ਨਹੀਂ:
ਕੋਊ ਤਇਓ ਮੁੰਡੀਆ, ਸੰਨਿਆਸੀ ਕੋਊ ਜੋਗੀ ਭਇਓ,
ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨ ਬੋ॥
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ,
ਮਾਨਸ ਦੀ ਜਾਤ ਸਭੈ ਏਕੈ ਪਹਿਚਾਨਬੋ॥
ਕਰਤਾ ਕਰੀਮ ਸੋਈ, ਰਾਜਕ ਰਹੀਮ ਓਈ,
ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ॥
ਏਕ ਹੀ ਕੀ ਸੇਵ, ਸਭ ਹੀ ਕੋ, ਗੁਰਦੇਵ,
ਏਕ ਹੀ ਸਰੂਪ ਸਭੈ ਏਕੈ ਜੋਤ ਜਾਨਬੋ॥
ਏਸੇ ਵਿਚਾਰ ਨੂੰ ਹੈ ਅੱਗੇ ਤੋਰਦਿਆਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਦੱਖਣਪਣ ਅਤੇ ਤਾਕਤ ਦੇ ਹੰਕਾਰ ਨੂੰ ਤੁਛ ਆਖਦਿਆਂ ਕਿਹਾ ਕਿ ਮੰਦਰ, ਮਸਜਿਦ, ਪੂਜਾ, ਨਮਾਜ਼ ਸਭ ਇਕ ਸਾਮਾਨ ਹਨ। ਸਾਰੀ ਮਨੁੱਖਤਾ ਅਤੇ ਜੀਵ-ਜੰਤੂਆਂ ਵਿਚ ਇਕੋ ਜੋਤ ਹੈ, ਵੱਖ-ਵੱਖ ਹੋਣਾ ਕੇਵਲ ਸਾਡਾ ਭਰਮ ਹੈ। ਵੱਖ-ਵੱਖ ਮਨੁੱਖੀ ਰੰਗਾਂ, ਨਸਲਾਂ ਦਾ ਭੇਦ ਭਿੰਨ-ਭਿੰਨ ਧਰਤੀ ਦੇ ਹਿੱਸਿਆਂ ‘ਤੇ ਵਸਦੇ ਦੇਸ਼ਾਂ ਦੇ ਸਭਿਆਚਾਰ, ਰਹਿਣ-ਸਹਿਣ ਕਰਕੇ ਹੀ ਹੈ। ਸਾਰੇ ਮਨੁੱਖ ਅੱਖਾਂ, ਕੰਨਾਂ, ਸਰੀਰਕ ਬਨਾਵਟ ਵਜੋਂ ਇਕ ਸਮਾਨ ਹਨ, ਕਿਉਂਕਿ ਇਨ੍ਹਾਂ ਦੀ ਰਚਨਾ ਭੌਤਿਕ ਤੱਤਾਂ ਦੇ ਸਹਿਯੋਗ ਨਾਲ ਹੋਈ ਹੈ। ਰਾਮ ਤੇ ਰਹੀਮ, ਕੁਰਾਨ ਤੇ ਪੁਰਾਨ ਵਿਚ ਕੋਈ ਅੰਤਰ ਨਹੀਂ, ਕਿਉਂਕਿ ਇਨ੍ਹਾਂ ਦਾ ਸਰੂਪ ਅਤੇ ਬਨਾਵਟ ਇਕੋ ਜਿਹੀ ਹੈ:
ਦੇਹੁਰਾ ਮਸੀਤ ਸੋਈ, ਪੂਜਾ ਔ ਨਿਵਾਜ ਓਈ,
ਮਾਨਸ ਸਭੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥
ਦੇਵਤਾ ਅਦੇਵ ਗੰਧ੍ਰਬ ਤੁਰਕ ਹਿੰਦੂ,
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੇ ਬਾਨ,
ਖਾਨ ਬਾਦ ਆਤਸ ਔਰ ਆਬ ਕੋ ਰਲਾਉ ਹੈ॥
ਅਲਹ ਅਭੇਦ ਸੋਈ, ਪੁਰਾਨ ਔਰ ਕੁਰਾਨ ਓਈ,
ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ।
ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਆਗਮਨ ਪੁਰਬ ‘ਤੇ ਦਸਮ ਪਿਤਾ ਜੀ ਦੀ ਰਚਨਾ ‘ਬਚਿਤ੍ਰ ਨਾਟਕ’ ਸਰਵੋਤਮ ਬਾਣੀਆਂ ਵਿਚੋਂ ਇਕ ਹੈ ਜਿਸ ਵਿਚ ਦਸਮ ਪਿਤਾ ਨੇ ਅਕਾਲ ਪੁਰਖ ਵਾਹਿਗੁਰੂ ਦੇ ਦਾਸ ਵਜੋਂ ਸੰਸਾਰ ਵਿਚ ਫੈਲੇ ਅਧਰਮ ਨੂੰ ਖ਼ਤਮ ਕਰਨ ਲਈ ਧਰਮ ਤੇ ਮਾਨਵਤਾ ਦੀ ਰੱਖਿਆ ਲਈ ਹੀ ਆਗਮਨ ਹੋਇਆ ਦੱਸਿਆ ਹੈ। ਸਰਬੰਸਦਾਨੀ, ਸਾਹਿਬੇ-ਕਮਾਲ, ਵਿਦਵਤਾ ਦੇ ਮੁਜੱਸਮੇ, ਸੰਤ-ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਾਨੀ ਪੂਰੀ ਦੁਨੀਆਂ ਵਿਚ ਕੋਈ ਨਹੀਂ। ਗੁਰੂ ਸਾਹਿਬ ਨੇ ਮਨੁੱਖਤਾ ਦੀ ਭਲਾਈ ਲਈ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣਾ ਸਭ ਕੁਝ ਲੇਖੇ ਲਾ ਦਿੱਤਾ ਤੇ ਇੰਨਾ ਕੁਝ ਕਰਕੇ ਵੀ ਆਪਣੇ ਆਪ ਨੂੰ ਪਰਮ-ਪੁਰਖ ਪਰਮਾਤਮਾ ਦਾ ਦਾਸ ਹੀ ਜਾਣਿਆ। ਇਨਸਾਨੀਅਤ ਨੂੰ ਸਮ ਦ੍ਰਿਸ਼ਟੀ ਨਾਲ ਦੇਖਣ ਵਾਲੇ ਦਸਮ ਪਾਤਸ਼ਾਹ ਦਾ ਪ੍ਰਕਾਸ਼ 1666 ਈਸਵੀ ਵਿਚ ਪੋਹ ਸੁਦੀ ਸੱਤਵੀਂ ਨੂੰ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਦੇ ਗ੍ਰਹਿ ਵਿਖੇ ਪਟਨਾ ਸਾਹਿਬ ਦੀ ਪਾਵਨ ਧਰਤੀ ‘ਤੇ ਹੋਇਆ। ਧਰਮ ਅਤੇ ਮਨੁੱਖਤਾ ਦਾ ਅਜਿਹਾ ਬੇਜੋੜ ਉਪਾਸ਼ਕ ਵਿਸ਼ਵ ਵਿਚ ਸ਼ਾਇਦ ਹੀ ਕਦੇ ਪੈਦਾ ਹੋਵੇ। ‘ਬਚਿਤ੍ਰ ਨਾਟਕ’ ਵਿਚ ਆਪ ਜੀ ਦਾ ਫਰਮਾਨ ਹੈ:
ਹਮ ਇਹ ਕਾਜ ਜਗਤ ਮੈ ਆਏ॥
ਧਰਮ ਹੇਤ ਗੁਰਦੇਵ ਪਠਾਏਂ॥
ਜਹਾ ਤਹਾ ਤੁਮ ਧਰਮ ਬਿਚਾਰੋ॥
ਦੁਸਟ ਦੋਖੀਯਨਿ ਪਦਰਿ ਪਛਾਰੋ॥
ਗੁਰੂ ਸਾਹਿਬ ਦਾ ਜੀਵਨ ਹਰ ਪੱਖੋਂ ਮੁਕੰਮਲ ਤੇ ਆਦਰਸ਼ਕ ਹੈ। ਦਸਮੇਸ਼ ਪਿਤਾ ਨੇ ਆਪਣੀ ਸੰਸਾਰਕ ਯਾਤਰਾ ਦੌਰਾਨ ਪਰਮਾਤਮਾ ਵਜੋਂ ਸੌਂਪੇ ਕਾਰਜ ਨੂੰ ਬਾਖ਼ੂਬੀ ਕਰ ਵਿਖਾਇਆ। 9 ਵਰ੍ਹਿਆਂ ਦੀ ਉਮਰ ਵਿਚ ਆਪਣੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਦੂਸਰੇ ਧਰਮ ਨੂੰ ਬਚਾਉਣ ਦੀ ਸਲਾਹ ਦੇਣੀ, ਖ਼ਾਲਸਾ ਪੰਥ ਦੀ ਸਾਜਣਾ ਕਰਨਾ, ਅਨੇਕਾਂ ਧਰਮ ਯੁੱਧਾਂ ਵਿਚ ਕਰਤਵ ਤੇ ਬਖ਼ਸ਼ਿਸ਼ਾਂ ਕਰਕੇ ਮੁਰਦਾ ਹੋ ਚੁੱਕੀ ਕੌਮ ਵਿਚ ਨਵੀਂ ਰੂਹ-ਫੂਕ ਕੇ ਜਾਗ੍ਰਿਤੀ ਪੈਦਾ ਕਰਨੀ, ਅਖ਼ੌਤੀ ਨੀਵੀਆਂ ਜਾਤਾਂ ਵਿਚੋਂ ਯੋਧੇ ਪੈਦਾ ਕਰਨਾ, ਪਠਾਣਾਂ ਤੇ ਔਰੰਗਜ਼ੇਬ ਦੇ ਵਿਸ਼ਾਲ ਰਾਜ ਨਾਲ ਟੱਕਰ ਲੈਣਾ, ਕਲਗੀਧਰ ਦਸਮੇਸ਼ ਪਿਤਾ ਦਾ ਕੰਮ ਹੀ ਸੀ। ਆਪ ਜੀ ਨੇ ਦੱਬੇ-ਕੁਚਲੇ ਲੋਕਾਂ ਦੀ ਸਾਰ ਲਈ ਤੇ ਉਨ੍ਹਾਂ ਨੂੰ ਸੀਨੇ ਨਾਲ ਲਾ ਕੇ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਗ਼ਰੀਬ ਲੋਕਾਂ ਦੇ ਸਿਰ ਬੰਨ੍ਹਿਆ। 1699 ਈਸਵੀ ਵਿਚ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਡਰੇ ਅਤੇ ਸਹਿਮੇ ਲੋਕ ਮਨਾਂ ਅੰਦਰ ਏਕਤਾ, ਕੁਰਬਾਨੀ, ਦਲੇਰੀ ਤੇ ਜ਼ੁਲਮ ਵਿਰੁਧ ਡਟਣ ਦੀ ਭਾਵਨਾ ਪੈਦਾ ਕਰ ਦਿੱਤੀ। ਇਹ ਸਾਰੇ ਗਿੱਦੜਾਂ ਤੋਂ ਸ਼ੇਰ ਬਣ ਗਏ, ਸਵਾ-ਸਵਾ ਲੱਖ ਅਤਿਆਚਾਰੀਆਂ ਨਾਲ ਟਾਕਰਾ ਕਰਨ ਦੇ ਸਮਰੱਥ ਬਣ ਗਏ। ਇਥੇ ਹੀ ਬਸ ਨਹੀਂ, ਪੰਜਾਂ ਨੂੰ ਇਕੋ ਬਾਟੇ ਵਿਚ ਅੰਮ੍ਰਿਤ ਛਕਾ ਕੇ ਅਤੇ ਉਨ੍ਹਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਉਨ੍ਹਾਂ ਦੇ ਚੇਲੇ ਬਣ ਗਏ। ਇਹ ਘਟਨਾ ਸੰਸਾਰ ਦੇ ਧਰਮਾਂ ਦੇ ਇਤਿਹਾਸ ਵਿਚ ਨਿਵੇਕਲੀ ਹੈ:
ਵਾਹਿ ਪ੍ਰਗਿਟਿਉ ਮਰਦ ਅਗੰਮੜਾ, ਵਰਿਆਮ ਅਕੇਲਾ
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਦੱਬੇ-ਕੁਚਲੇ ਲੋਕਾਂ ਨੂੰ ਸਿੰਘਾਸਨ ‘ਤੇ ਬਿਠਾ ਕੇ ਮੁੱਖ ਉਜਲੇ ਵਾਲੇ ਤੇ ਸਰਬੱਤ ਦੇ ਰਾਖੇ ਬਣਾਇਆ। ਮਨੁੱਖ ਦੀ ਬਾਹਰਲੀ ਜੋਤਿ ਨੂੰ ਜਗਾ ਕੇ ਅੰਧਕਾਰੀ ਸੰਸਾਰ ਨੂੰ ਜਗਮਗਾ ਦੇਣਾ, ਉਨ੍ਹਾਂ ਦੀ ਮਹਾਨ ਸ਼ਕਤੀ। ‘ਬਚਿਤ੍ਰ ਨਾਟਕ’ ਵਿਚ ਉਨ੍ਹਾਂ ਨੇ ਆਪਣੇ ਮੂਲ ਉਦੇਸ਼ਾਂ ਦੇ ਕਈ ਸੰਕੇਤ ਦਿੱਤੇ ਹਨ, ਜਿਨ੍ਹਾਂ ਵਿਚ ਉਨ੍ਹਾਂ ਦਾ ਮੂਲ ਉਦੇਸ਼ ਦੁਸ਼ਟਾਂ ਦਾ ਨਾਸ ਕਰਨਾ ਅਤੇ ਸੰਤਾਂ ਨੂੰ ਉਭਾਰਨਾ ਹੈ। ਇਸ ਸੱਚ ਨੂੰ ਪ੍ਰਤੱਖ ਕਰਨ ਲਈ ਉਨ੍ਹਾਂ ਨੇ ਤਲਵਾਰ ਚੁੱਕੀ:
ਧਰਮ ਚਲਾਵਨ ਸੰਤ ਉਬਾਰਨ॥
ਦੁਸ਼ਟ ਸਭ ਕੋ ਮੂਲ ਉਪਾਰਨ॥
ਕਲਗੀਧਰ ਪਾਤਸ਼ਾਹ ਨੇ ਆਪਣੇ ਆਪ ਨੂੰ ਪੂਰਨ ਮਨੁੱਖ ਅਖਵਾਉਣ ਵਿਚ ਸੰਤੁਸ਼ਟੀ ਪ੍ਰਗਟ ਕੀਤੀ। ਮੈਂ ਅਕਾਲ ਪੁਰਖ ਦਾ ਦਾਸ ਹਾਂ। ਸੰਸਾਰ ਤਮਾਸ਼ੇ ਨੂੰ ਬੜੀ ਨੀਝ ਨਾਲ ਵੇਖ ਰਿਹਾ ਹਾਂ:
ਮੈ ਹੋ ਪਰਮ ਪੁਰਖ ਕੋ ਦਾਸਾ॥
ਦੇਖਨ ਆਯੋ ਜਗਤ ਤਮਾਸਾ॥
ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਅਜਿਹੀ ਰੱਬੀ-ਸ਼ਕਤੀ ਦੇ ਮਾਲਕ ਸਨ, ਇਲਾਹੀ ਜੋਤ ਤੇ ਗੁਰੂ ਨਾਨਕ ਦੇਵ ਦੇ ਦਸਵੇਂ ਸਰੂਪ ਸਨ, ਜਿਨ੍ਹਾਂ ਦੇ ਉਪਦੇਸ਼ਾਂ ਦਾ ਆਮ ਲੋਕਾਂ ‘ਤੇ ਅਜਿਹਾ ਅਸਰ ਹੋਇਆ ਕਿ ਨਿਮਾਣੇ ਤੇ ਨਿਤਾਣੇ ਤੇ ਸਾਹ-ਸਤਹੀਣ ਲੋਕਾਂ ਨੂੰ ਸੰਸਾਰ ਦੇ ਪ੍ਰਸਿਧ ਯੋਧੇ ਬਣਾ ਦਿੱਤਾ। ਉਨ੍ਹਾਂ ਦਾ ਨਿਸ਼ਾਨਾ ਕਿਸੇ ਨਿੱਜੀ ਗਰਜ਼ ਜਾਂ ਵੈਰ ਭਾਵਨਾ ਨਹੀਂ, ਸਗੋਂ ਅਕਾਲ ਪੁਰਖ ਦੇ ਉਪਦੇਸ਼ ਦੀ ਪਾਲਣਾ ਹੈ। ਉਨ੍ਹਾਂ ਕੇਵਲ ਜੰਗ ਵਿਚ ਆਪਣੇ ਸਿੰਘਾਂ ਨੂੰ ਸ਼ਹੀਦ ਨਹੀਂ ਕਰਵਾਇਆ ਸਗੋਂ ਆਪਣੇ ਪਿਆਰੇ ਲਖਤੇ-ਜਿਗਰ ਚਾਰੋਂ ਸਾਹਿਬਜ਼ਾਦਿਆਂ, ਮਾਤਾ ਜੀ ਅਤੇ ਪਿਤਾ ਜੀ ਸ਼ਹਾਦਤ ਤੋਂ ਬਾਅਦ ਸਰਬੰਸਦਾਨੀ ਦਾ ਰੁਤਬਾ ਪ੍ਰਾਪਤ ਕੀਤਾ। ਨਾਲ ਹੀ ਪਰਮਾਤਮਾ ਦਾ ਸ਼ੁਕਰਾਨਾ ਹੈ।
ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸੰਘਰਸ਼ ਅਨਿਆਂ, ਅਤਿਆਚਾਰ ਤੇ ਗ਼ੈਰ-ਮਨੁੱਖੀ ਪ੍ਰਵਿਰਤੀ ਦੇ ਵਿਰੋਧ ਵਿਚ ਸੀ। ਆਪ ਜੀ ਦਾ ਉਦੇਸ਼ ਸ੍ਰੀ ਗੁਰੂ ਨਾਨਕ ਦੇਵ ਦੇ ਸੱਚੇ ਧਰਮ ਦਾ ਵਿਸਥਾਰ ਕਰਨਾ ਸੀ। ਕਲਗੀਧਰ ਪਾਤਸ਼ਾਹ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਦਿਨ ਵੀ ਵੇਖੇ, ਪਾਉਂਟਾ ਸਾਹਿਬ ਦੀ ਧਰਤੀ ਦੇ ਕੁਦਰਤੀ ਨਜ਼ਾਰੇ ਵੀ ਮਾਣੇ, ਭੁੱਖਾਂ ਵੀ ਕੱਟੀਆਂ, ਉਨੀਂਦਰੇ ਵੀ ਝਾਗੇ, ਨੰਗੇ-ਪੈਰੀਂ ਕੰਡਿਆਂ ਉਪਰ ਮਾਛੀਵਾੜੇ ਦੇ ਜੰਗਲ ਵਿਚ ਵੀ ਵਿਚਰੇ, ਯੁੱਧ ਵੀ ਲੜੇ, ਮਾਤਾ-ਪਿਤਾ ਤੇ ਲਾਡਲੇ ਪੁੱਤਰ ਵੀ ਵਾਰੇ, ਫਿਰ ਵੀ ਕੋਈ ਸ਼ਿਕਵਾ, ਸ਼ਿਕਾਇਤ ਨਹੀਂ ਕੀਤੀ, ਸਗੋਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਤਕਲੀਫਾਂ ਤੇ ਮੁਸ਼ਕਿਲਾਂ ਦੇ ਸਮੇਂ ਵਿਚ ਕੋਈ ਫ਼ਰਕ ਨਹੀਂ ਆਇਆ। ਉਨ੍ਹਾਂ ਵਲੋਂ ਇਸ ਸ਼ਕਤੀ ਨੇ ਹਜ਼ਾਰਾਂ ਸ਼ਹੀਦ ਪੈਦਾ ਕੀਤੇ ਜਿਨ੍ਹਾਂ ਹੰਕਾਰੀ ਹਕੂਮਤਾਂ ਦੇ ਤਖ਼ਤੇ ਪਲਟ ਕੇ ਲੋਕ-ਮਾਰੂ ਰਾਜ ਦੀਆਂ ਚਿਰ ਸਥਾਈ ਜੜ੍ਹਾਂ ਹਮੇਸ਼ਾ-ਹਮੇਸ਼ਾ ਲਈ ਉਖਾੜ ਦਿੱਤੀਆਂ। ਕਲਗੀਧਰ ਪਾਤਸ਼ਾਹ ਦੇ ਆਗਮਨ ਪੁਰਬ ‘ਤੇ ਅਸੀਂ ਕਰਨੀ ਤੇ ਕਥਨੀ ਦੇ ਸੂਰੇ ਬਣੀਏ, ਜਾਤਾਂ-ਪਾਤਾਂ ਤੋਂ ਉਪਰ  ਉਠ ਕੇ ਮਾਨਵਤਾ ਦੀ ਸੇਵਾ ਕਰੀਏ। ਗੁਰੂ ਸਾਹਿਬਾਨ ਦੇ ਸਰਬ ਸਾਂਝੇ ਉਪਦੇਸ਼ਾਂ ਨੂੰ ਸਾਰੀ ਮਨੁੱਖਤਾ ਤੱਕ ਪਹੁੰਚਾਉਣ ਦੇ ਸਾਰਥਕ ਯਤਨ ਕਰੀਏ। ਇਸੇ ਵਿਚ ਹੀ ਸਰਬੱਤ ਦਾ ਭਲਾ ਹੈ।