ਸ਼ਹਾਦਤਾਂ ਨੂੰ ਸਿਜਦਾ

ਦਸੰਬਰ ਦਾ ਦੂਜਾ ਪੰਦਰਵਾੜਾ ਸਿੱਖਾਂ ਲਈ ਹੀ ਨਹੀਂ, ਕੁੱਲ ਪੰਜਾਬੀਆਂ ਲਈ ਸ਼ਹਾਦਤਾਂ, ਸੂਰਬੀਰਤਾ ਅਤੇ ਸੋਗ ਵਾਲਾ ਪੰਦਰਵਾੜਾ ਹੈ। ਇਨ੍ਹਾਂ ਦਿਨਾਂ ਦੌਰਾਨ ਹੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਅਤੇ ਹੋਰ ਸਿੰਘ ਰਣ-ਤੱਤੇ ਵਿਚ ਜੂਝਦੇ ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇ ਵਜ਼ੀਰ ਖਾਨ ਨੇ ਕੰਧ ਵਿਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ। ਅਜਿਹੀਆਂ ਸ਼ਹਾਦਤਾਂ ਦੀ ਮਿਸਾਲ ਦੁਨੀਆਂ ਭਰ ਵਿਚ ਕਿਤੇ ਹੋਰ ਨਹੀਂ ਲੱਭਦੀ।

ਸਾਰਾ ਸੰਸਾਰ ਜਾਣਦਾ ਹੈ ਕਿ ਚਮਕੌਰ ਦੀ ਜੰਗ ਅਸਾਵੀਂ ਜੰਗ ਸੀ, ਮੁਗਲ ਫੌਜਾਂ ਅਤੇ ਸਿੱਖਾਂ ਵਿਚਕਾਰ ਕੋਈ ਮੁਕਾਬਲਾ ਨਹੀਂ ਸੀ ਪਰ ਗੁਰੂ ਦੇ ਸਿੰਘ ਇਸ ਲੜਾਈ ਵਿਚ ਜਿਸ ਸ਼ਿੱਦਤ ਨਾਲ ਲੜੇ, ਉਸ ਨੇ ਇਸ ਲੜਾਈ ਨੂੰ ਸੰਸਾਰ ਦੀਆਂ ਅਹਿਮ ਲੜਾਈਆਂ ਵਿਚ ਸ਼ੁਮਾਰ ਕਰ ਦਿੱਤਾ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੇ ਮੌਸਮ ਅਤੇ ਹਾਕਮਾਂ ਦਾ ਹਰ ਕਹਿਰ ਸਹਾਰਦਿਆਂ ਆਪਣੇ ਅਕੀਦੇ ਲਈ ਜਾਨਾਂ ਕੁਰਬਾਨ ਕਰ ਦਿੱਤੀਆਂ। ਇਨ੍ਹਾਂ ਲਾਮਿਸਾਲ ਸ਼ਹੀਦੀਆਂ ਨੂੰ ਸਜਦਾ ਕਰਨ ਲਈ ਹੀ ਲੋਕ ਹਰ ਸਾਲ ਜੁੜਦੇ ਆ ਰਹੇ ਹਨ। ਇਤਿਹਾਸ ਵਿਚ ਦਰਜ ਹੈ ਕਿ ਸ਼ਹਾਦਤਾਂ ਦੇ ਸੋਗ ਵਿਚ ਇਲਾਕੇ ਵਿਚ ਇਨ੍ਹਾਂ ਦਿਨਾਂ ਦੌਰਾਨ ਚੁੱਲ੍ਹਾ ਨਹੀਂ ਸੀ ਬਲਦਾ ਹੁੰਦਾ, ਲੋਕ ਭੁੰਜੇ ਸੌਂ ਕੇ ਸ਼ਹਾਦਤਾਂ ਨੂੰ ਨਮਨ ਕਰਦੇ ਸਨ ਅਤੇ ਵਿਰਲਾਪ ਕਰਦੇ ਸਨ ਪਰ ਫਿਰ ਸੌੜੀ ਸਿਆਸਤ ਦੇ ਰੰਗ-ਢੰਗ ਨੇ ਇਹ ਸਭ ਕੁਝ ਤਹਿਸ-ਨਹਿਸ ਕਰ ਦਿੱਤਾ। ਸਮਾਂ ਪਾ ਕੇ ਹੋਣ ਲੱਗੀਆਂ ਨਿਰੋਲ ਸਿਆਸੀ ਕਾਨਫਰੰਸਾਂ ਨੇ ਸ਼ਹੀਦੀ ਸਮਾਗਮਾਂ ਦਾ ਸਰੂਪ ਹੀ ਬਦਲ ਕੇ ਰੱਖ ਦਿੱਤਾ। ਇਨ੍ਹਾਂ ਸਿਆਸੀ ਕਾਨਫਰੰਸਾਂ ਦੌਰਾਨ ਸ਼ਹੀਦਾਂ ਨੂੰ ਸਲਾਮੀ ਦੇਣ ਦੀ ਥਾਂ ਆਪੋ-ਆਪਣੀ ਧਿਰ ਦਾ ਪ੍ਰਚਾਰ ਬਹੁਤ ਜ਼ੋਰ-ਸ਼ੋਰ ਨਾਲ ਹੋਣ ਲੱਗਾ ਅਤੇ ਆਏ ਸਾਲ ਇਕ-ਦੂਜੇ ਖਿਲਾਫ ਦੂਸ਼ਣਬਾਜ਼ੀ ਭਾਰੂ ਹੁੰਦੀ ਗਈ। ਸ਼ਰਧਾਲੂਆਂ ਨੂੰ ਆਪਣੀ ਧਿਰ ਦੀ ਕਾਨਫਰੰਸ ਵਿਚ ਖਿੱਚਣ, ਭਾਵ ਆਪਣੀ ਗਿਣਤੀ ਵਧੇਰੇ ਦਿਖਾਉਣ ਲਈ ਜਲੇਬੀਆਂ-ਪਕੌੜਿਆਂ ਦੇ ਲੰਗਰ ਲੱਗਣ ਲੱਗ ਪਏ। ਦੇਖਦਿਆਂ ਦੇਖਦਿਆਂ ਇਹ ਵਬਾ ਪਿੰਡਾਂ ਤੱਕ ਜਾ ਅੱਪੜੀ ਅਤੇ ਸੰਗਤ ਦੇ ਆਉਣ ਵਾਲੇ ਰਾਹਾਂ ਉਤੇ ਵੀ ਅਜਿਹੇ ਲੰਗਰਾਂ ਦੀ ਭਰਮਾਰ ਹੋ ਗਈ। ਇਉਂ ਸੋਗ ਅਤੇ ਸ਼ਰਧਾਂਜਲੀ ਵਾਲੇ ਸਮਾਗਮਾਂ ਦੀ ਥਾਂ ਸਿਆਸਤ ਨੇ ਲੈ ਲਈ।
ਸ਼ੁਕਰ ਹੋਇਆ ਕਿ ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਧਿਰਾਂ ਵਲੋਂ ਆਵਾਜ਼ ਬੁਲੰਦ ਕਰਨ ‘ਤੇ ਇਸ ਪਾਸੇ ਆਖਰਕਾਰ ਮੋੜਾ ਪਿਆ ਹੈ। ਅਕਾਲ ਤਖਤ ਦੇ ਜਥੇਦਾਰ ਦੀਆਂ ਬੇਨਤੀਆਂ ਬਰ ਆਈਆਂ ਅਤੇ ਲੋਕਾਂ ਨੇ ਜਲੇਬੀਆਂ-ਪਕੌੜਿਆਂ ਦੇ ਲੰਗਰਾਂ ਤੋਂ ਧਿਆਨ ਹਟਾਇਆ। ਸਿਆਸੀ ਕਾਨਫਰੰਸਾਂ ਵੀ ਤਕਰੀਬਨ ਬੰਦ ਹੋ ਗਈਆਂ; ਹੁਣ ਸਿਰਫ ਇੱਕਾ-ਦੁੱਕਾ ਧਿਰਾਂ ਹੀ ਆਪਣੀ ਸਿਆਸੀ ਗਰਜਾਂ ਕਾਰਨ ਅਜਿਹੀਆਂ ਕਾਨਫਰੰਸਾਂ ਕਰਦੀਆਂ ਹਨ। ਸਿਫਤ ਵਾਲੀ ਗੱਲ ਹੁਣ ਇਹ ਹੋਈ ਹੈ ਕਿ ਸੰਗਤ ਇਨ੍ਹਾਂ ਕਾਨਫਰੰਸਾਂ ਨੂੰ ਬਹੁਤਾ ਗੌਲਦੀ ਨਹੀਂ ਹੈ, ਕਿਉਂਕਿ ਪਿਛਲੇ ਸਾਲਾਂ ਦੌਰਾਨ ਸੰਗਤ ਦੇ ਮਨਾਂ ਅੰਦਰ ਇਸ ਵਿਚਾਰ ਨੇ ਘਰ ਕੀਤਾ ਹੈ ਕਿ ਇਹ ਦਿਨ ਸੋਗ ਦੇ ਦਿਨ ਹਨ, ਇਨ੍ਹਾਂ ਦਿਨਾਂ ਨੂੰ ਇਸ ਰੂਪ ਵਿਚ ਹੀ ਲੈਣਾ ਚਾਹੀਦਾ ਹੈ ਅਤੇ ਸਿਰਫ ਤੇ ਸਿਰਫ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਹੈ। ਜਾਹਰ ਹੈ ਕਿ ਇਨ੍ਹਾਂ ਸਾਲਾਂ ਦੌਰਾਨ ਇਸ ਜੋੜ-ਮੇਲ ਜੋ ਪਹਿਲਾਂ ਸਿਆਸੀ ਧਿਰਾਂ ਨੇ ‘ਜੋੜ ਮੇਲਾ’ ਹੀ ਬਣਾ ਛੱਡਿਆ ਸੀ, ਸੱਚੀਆਂ ਸ਼ਰਧਾਂਜਲੀਆਂ ਦੇ ਰੰਗ ਵਿਚ ਰੰਗਿਆ ਜਾਣ ਲੱਗਾ ਹੈ। ਉਂਜ, ਸਿਆਸੀ ਧਿਰਾਂ ਬਹੁਤ ਵਾਰ ਆਪਣੀ ਆਈ ਤੋਂ ਟਲਦੀਆਂ ਨਹੀਂ। ਐਤਕੀਂ ਸੱਤਾਧਿਰ ਨੇ ਪੰਚਾਇਤੀ ਚੋਣਾਂ (30 ਦਸੰਬਰ) ਦਾ ਐਲਾਨ ਇਨ੍ਹਾਂ ਦਿਨਾਂ ਦੌਰਾਨ ਹੀ ਕੀਤਾ ਹੈ। ਵੱਖ-ਵੱਖ ਧਿਰਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਕਹਿੰਦੀਆਂ ਹਾਰ ਗਈਆਂ ਕਿ ਸੋਗ ਦੇ ਇਨ੍ਹਾਂ ਦਿਨਾਂ ਦੌਰਾਨ ਪੰਚਾਇਤੀ ਚੋਣਾਂ ਨਾ ਕਰਵਾਈਆਂ ਜਾਣ। ਅਜਿਹਾ ਕਰਨਾ ਸੰਭਵ ਵੀ ਸੀ ਪਰ ਸਰਕਾਰ ਨੇ ਕਿਸੇ ਦੀ ਨਾ ਮੰਨੀ। ਸਿੱਟੇ ਵਜੋਂ ਇਸ ਦਾ ਅਸਰ ਜੋੜ-ਮੇਲ ਵਿਚ ਆਮ ਲੋਕਾਂ ਦੀ ਆਮਦ ਉਤੇ ਤਾਂ ਪਿਆ ਹੀ ਹੈ, ਚੋਣਾਂ ਜਿੱਤਣ ਲਈ ਜੋ ਹਰਬੇ ਵਰਤੇ ਜਾਂਦੇ ਰਹੇ ਹਨ, ਉਹ ਸਿਲਸਿਲਾ ਵੀ ਲਗਾਤਾਰ ਚੱਲਿਆ ਹੈ। ਚੋਣਾਂ ਦੌਰਾਨ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਨਸ਼ੇ ਆਮ ਹੀ ਵਰਤਾਏ/ਵੰਡੇ ਜਾਂਦੇ ਹਨ। ਇਸ ਮਾਮਲੇ ‘ਤੇ ਐਤਕੀਂ ਵੀ ਕਿਸੇ ਨੇ ਘੱਟ ਨਹੀਂ ਗੁਜ਼ਾਰੀ ਹੈ; ਹਾਲਾਂਕਿ ਖਬਰਾਂ ਇਹ ਵੀ ਹਨ ਕਿ ਕਈ ਪਿੰਡਾਂ ਵਿਚ ਸਰਬਸੰਮਤੀ ਵੀ ਹੋਈ ਹੈ ਪਰ ਸਮੁੱਚੇ ਰੂਪ ਵਿਚ ਇਹ ਸਰਬਸੰਮਤੀ ਨਿਗੂਣੀ ਹੀ ਹੈ।
ਚੋਣਾਂ ਦੇ ਇਸ ਘੜਮੱਸ ਦੇ ਬਾਵਜੂਦ ਵੱਡੀ ਗਿਣਤੀ ਵਿਚ ਸ਼ਰਧਾਲੂ ਆਪੋ-ਆਪਣੇ ਕੰਮ-ਧੰਦੇ ਛੱਡ ਕੇ ਸ਼ਹੀਦਾਂ ਨੂੰ ਸਿਜਦਾ ਕਰਨ ਪੁੱਜੇ ਹਨ। ਇਹੀ ਅਸਲ ਵਿਚ ਪੰਜਾਬ ਦੀ ਰਵਾਇਤ ਰਹੀ ਹੈ; ਪੰਜਾਬ ਦਾ ਜਨ-ਮਾਨਸ ਮੌਸਮ ਨਹੀਂ ਦੇਖਦਾ, ਕੋਈ ਅੜਿੱਕਾ ਨਹੀਂ ਦੇਖਦਾ, ਆਪਣੀ ਚਾਲੇ ਤੁਰਿਆ ਜਾਂਦਾ ਹੈ। ਇਹ ਚਾਲ ਹੀ ਪੰਜਾਬ ਦੀ ਰਵਾਨੀ ਹੈ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਜੋੜ-ਮੇਲ ਆਉਂਦੇ ਸਾਲਾਂ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਾ ਸੱਚਾ ਅਤੇ ਸੁੱਚਾ ਸਰੂਪ ਹੋ ਨਿਬੜੇਗਾ। ਇਸ ਵਿਚੋਂ ਸੌੜੀ ਸਿਆਸਤ ਮੁਕੰਮਲ ਰੂਪ ਵਿਚ ਖਾਰਜ ਹੋ ਜਾਵੇਗੀ। ਇਸ ਵਡੇਰੇ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਭੂਮਿਕਾ ਨਿਭਾ ਸਕਦੀ ਹੈ। ਉਂਜ, ਇਹ ਤਦ ਹੀ ਸੰਭਵ ਹੋ ਸਕਦਾ ਹੈ ਜਦੋਂ ਸ਼੍ਰੋਮਣੀ ਕਮੇਟੀ ਨੂੰ ਸੌੜੀ ਸਿਆਸਤ ਤੋਂ ਮੁਕਤ ਕਰਵਾ ਲਿਆ ਜਾਵੇਗਾ, ਕਿਉਂਕਿ ਅਜੇ ਤਾਂ ਇਸ ਕਮੇਟੀ ਉਤੇ ਸਿਰਫ ਇਕ ਧਿਰ ਦਾ ਹੀ ਕਬਜ਼ਾ ਹੋਇਆ ਪਿਆ ਹੈ, ਇਸੇ ਕਰਕੇ ਇਸ ਦੀਆਂ ਬਹੁਤੀਆਂ ਕਾਰਵਾਈਆਂ ਅਤੇ ਫੈਸਲੇ ਉਸ ਧਿਰ ਦੀ ਸਿਆਸਤ ਦੇ ਅਸਰ ਹੇਠ ਹੀ ਕੀਤੇ ਜਾ ਰਹੇ ਹਨ। ਇਹ ਸਿਤਮਜ਼ਰੀਫੀ ਹੀ ਹੈ ਕਿ ਇਹ ਧਿਰ ਸ਼੍ਰੋਮਣੀ ਕਮੇਟੀ ਨੂੰ ਸਦਾ ਆਪਣੀ ਸਿਆਸਤ ਲਈ ਵਰਤਦੀ ਆ ਰਹੀ ਹੈ। ਪਿਛਲੇ ਸਾਲਾਂ ਦੌਰਾਨ ਸੰਗਤ ਨੇ ਜੋੜ-ਮੇਲ ਦਾ ਸਰੂਪ ਬਦਲਦਾ ਦੇਖਿਆ ਹੈ, ਇਸੇ ਤਰ੍ਹਾਂ ਦਾ ਹੰਭਲਾ ਮਾਰਨ ‘ਤੇ ਸ਼੍ਰੋਮਣੀ ਕਮੇਟੀ ਅੰਦਰ ਹੋ ਰਹੀ ਸਿਆਸਤ ਨੂੰ ਵੀ ਮੋੜਾ ਪੈ ਸਕਦਾ ਹੈ। ਇਸ ਕਾਰਜ ਖਾਤਰ ਸਭ ਧਿਰਾਂ ਨੂੰ ਸੱਚੇ ਦਿਲੋਂ ਪਿੜ ਵਿਚ ਨਿੱਤਰਨਾ ਪਵੇਗਾ, ਜਿਸ ਤਰ੍ਹਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮਨਾਉਣ ਲਈ ਸੰਗਤ ਸੱਚੇ ਦਿਲ ਨਾਲ ਅਗਾਂਹ ਆਈ ਹੈ।