ਅਫਜ਼ਲ ਤੌਸੀਫ: ਸੰਤਾਲੀ ਦੀ ਕਾਲੀ ਲਕੀਰ ਤੋਂ ਨਾਬਰ ਪੰਜਾਬਣ

ਵਰ੍ਹੀਨੇ ਸਮੇਂ ਯਾਦ ਕਰਦਿਆਂ!
30 ਦਸੰਬਰ ਨੂੰ ਉਘੀ ਕਹਾਣੀਕਾਰ ਅਫਜ਼ਲ ਤੌਸੀਫ ਨੂੰ ਇਸ ਸੰਸਾਰ ਤੋਂ ਗਿਆਂ ਚਾਰ ਸਾਲ ਹੋ ਗਏ ਹਨ। ਉਹਦਾ ਜੱਦੀ ਪਿੰਡ ਸਿੰਬਲੀ (ਨੇੜੇ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ) ਹੈ। ਸੰਤਾਲੀ ਦੇ ਫਸਾਦਾਂ ਵੇਲੇ ਉਹਦੇ ਟੱਬਰ ਦੇ 12 ਜੀਅ ਕਤਲ ਕਰ ਦਿੱਤੇ ਗਏ ਸਨ, ਕੁਝ ਕੁੜੀਆਂ ਨੇ ਖੂਹ ਵਿਚ ਛਾਲ ਮਾਰ ਕੇ ਇੱਜਤ ਬਚਾਈ ਅਤੇ ਦੋ ਨੂੰ ਧਾੜਵੀ ਅਗਵਾ ਕਰਕੇ ਲੈ ਗਏ। ਉਦੋਂ ਗਿਆਰਾਂ ਵਰ੍ਹਿਆਂ ਦੀ ਅਫਜ਼ਲ ਤੌਸੀਫ ਆਪਣੇ ਨਾਨਕੇ ਪਿੰਡ ਹੋਣ ਕਰਕੇ ਬਚ ਗਈ ਪਰ ਇਸ ਸਾਕੇ ਦਾ ਅਸਰ ਉਸ ਉਤੇ ਸਾਰੀ ਉਮਰ ਰਿਹਾ।

ਪਿਛਲੇ ਅੰਕ ਵਿਚ ਪਾਠਕ ਕਹਾਣੀਕਾਰ ਅਜਮੇਰ ਸਿੱਧੂ ਦਾ ਅਫਜ਼ਲ ਤੌਸੀਫ ਬਾਰੇ ਲੇਖ ਪੜ੍ਹ ਚੁਕੇ ਹਨ। ਤੌਸੀਫ ਦੇ ਦਰਦ ਨੂੰ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ਇਸ ਲੇਖ ਵਿਚ ਹੋਰ ਤਫਸੀਲ ਦਿੱਤੀ ਹੈ। -ਸੰਪਾਦਕ

ਗੁਰਬਚਨ ਸਿੰਘ ਭੁੱਲਰ
ਫੋਨ:+1142502364
ਬਹੁਲਲਅਰਗਸ@ਗਮਅਲਿ।ਚੋਮ

ਅਫਜ਼ਲ ਤੌਸੀਫ ਦਾ ਜ਼ਿਕਰ ਇਧਰਲੇ, ਚੜ੍ਹਦੇ ਪੰਜਾਬ ਵਿਚ ਆਮ ਕਰਕੇ Ḕਲਹਿੰਦੇ ਪੰਜਾਬ ਦੀ ਪ੍ਰਸਿੱਧ ਲੇਖਿਕਾḔ ਵਜੋਂ ਕੀਤਾ ਜਾਂਦਾ ਹੈ। ਇਹ ਕਹਿਣਾ ਇਸ ਪੱਖੋਂ ਤਾਂ ਠੀਕ ਹੈ ਕਿ ਆਜ਼ਾਦੀ ਆਉਣ ਦੇ ਨਾਲ ਹੀ ਪੰਜਾਬ ਦੀ ਹਿੱਕ ਨੂੰ ਚੀਰਦੀ ਜਿਹੜੀ ਕਾਲੀ ਲਕੀਰ ਸਰਹੱਦ ਦੇ ਰੂਪ ਵਿਚ ਲੱਖਾਂ ਲੋਕਾਂ ਦੀ ਮੌਤ ਤੇ ਕਰੋੜਾਂ ਲੋਕਾਂ ਦਾ ਉਜਾੜਾ ਬਣ ਕੇ ਲੰਘੀ, ਤੌਸੀਫ ਉਸ ਲਕੀਰ ਦੇ ਦੂਜੇ, ਲਹਿੰਦੇ ਵਾਲੇ ਪਾਸੇ ਰਹਿੰਦੀ ਸੀ। ਪਰ ਇਹ ਲਫਜ਼ ਉਹਦੇ ਮਿਜਾਜ਼ ਦੀ, ਉਹਦੇ ਸੁਭਾਅ ਦੀ, ਉਹਦੇ ਮਨ ਦੀ ਤਰਜਮਾਨੀ ਨਹੀਂ ਕਰਦੇ। ਉਹ ਸਾਰੀ ਉਮਰ ਕਈ ਘਰਾਂ ਵਿਚ ਰਹਿੰਦਿਆਂ ਬੇਘਰੀ, ਕਈ ਨਗਰਾਂ ਵਿਚ ਟਿਕਦਿਆਂ ਬੇਨਗਰੀ ਅਤੇ ਪਾਕਿਸਤਾਨ ਨਾਂ ਦੇ ਉਹਦੀ ਝੋਲੀ ਪਾਏ ਗਏ ਨਵੇਂ ਵਤਨ ਦੇ ਹੁੰਦਿਆਂ ਬੇਵਤਨੀ ਹੀ ਰਹੀ। ਇਸੇ ਕਰਕੇ ਉਹਨੇ ਆਪਣੀ ਸਵੈਜੀਵਨੀ ਦਾ ਨਾਂ Ḕਮਨ ਦੀਆਂ ਬਸਤੀਆਂḔ ਰੱਖਿਆ।
ਅਫਜ਼ਲ ਤੌਸੀਫ ਕਿਹਾ ਕਰਦੀ ਸੀ, “ਮੈਂ ਤਾਂ ਆਪਣੇ ਮਨ ਵਿਚ ਵਸਦੀ ਹਾਂ, ਮੈਨੂੰ ਸਕੂਨ ਆਪਣੇ ਮਨ ਦੀ ਕੋਠੜੀ ਵਿਚ ਪਹੁੰਚ ਕੇ ਹੀ ਮਿਲਦਾ ਹੈ। ਇਸ ਧਰਤੀ ਉਤੇ ਮੇਰੀ ਕੋਈ ਬਸਤੀ ਨਹੀਂ। ਮੇਰੀਆਂ ਬਸਤੀਆਂ ਮੇਰੇ ਮਨ ਵਿਚ ਹਨ, ਜੋ ਮੁੜ ਮੁੜ ਉਜੜਦੀਆਂ ਤੇ ਮੁੜ ਮੁੜ ਵਸਦੀਆਂ ਰਹੀਆਂ ਹਨ! ਇਹ ਦੇਸ਼, ਇਹ ਨਗਰ-ਸ਼ਹਿਰ, ਇਹ ਘਰ, ਇਨ੍ਹਾਂ ਸਭਨਾਂ ਦੀ ਤਾਂ ਮੈਂ ਕਿਰਾਏਦਾਰ ਹਾਂ!”
ਇਧਰ ਉਹਦਾ ਸਾਰਾ ਪਰਿਵਾਰ ਕਤਲ ਹੋਇਆ ਹੋਣ ਦੇ ਬਾਵਜੂਦ ਉਹਨੇ ਚੜ੍ਹਦੇ ਪੰਜਾਬ ਦੇ ਲੋਕਾਂ ਨਾਲ ਰੱਤੀ ਭਰ ਵੀ ਦੁਸ਼ਮਣੀ ਜਾਂ ਨਫਰਤ ਮਹਿਸੂਸ ਨਹੀਂ ਸੀ ਕੀਤੀ। ਉਹ ਕਾਤਲਾਂ ਨੂੰ ਆਮ ਲੋਕਾਂ ਨਾਲੋਂ ਨਿਖੇੜ ਕੇ ਦੇਖਣ ਦੇ ਸਮਰੱਥ ਸੀ। ਉਹ ਫੈਜ਼, ਮੰਟੋ, ਕ੍ਰਿਸ਼ਨ ਚੰਦਰ ਅਤੇ ਸਾਹਨੀ ਭਰਾਵਾਂ-ਬਲਰਾਜ ਤੇ ਭੀਸ਼ਮ ਵਰਗੇ ਉਨ੍ਹਾਂ ਅਣਗਿਣਤ ਪੰਜਾਬੀਆਂ ਵਿਚੋਂ ਸੀ, ਜੋ ਮਰਨੀ ਮਰ ਗਏ ਪਰ ਜਿਨ੍ਹਾਂ ਨੇ ਇਹ ਕਾਲੀ ਮਨਹੂਸ ਲਕੀਰ ਕਦੀ ਪ੍ਰਵਾਨ ਨਾ ਕੀਤੀ। ਉਹ ਲਕੀਰ ਨੂੰ ਦੋਹਾਂ ਪੈਰਾਂ ਹੇਠ ਮਿੱਧ ਕੇ ਸਾਂਝੇ ਅਣਵੰਡੇ ਪੰਜਾਬ ਦੇ ਵਿਚਕਾਰ ਖਲੋਤੀ ਬੁਲੰਦ-ਕੱਦ ਨਾਬਰ ਪੰਜਾਬਣ ਸੀ। ਸੰਤਾਲੀ ਦੇ ਘੱਲੂਘਾਰੇ ਮਗਰੋਂ ਜੀਵੇ ਸਤਾਹਠ ਸਾਲਾਂ ਵਿਚ ਉਹ ਸਮੁੱਚੇ, ਅਣਵੰਡੇ ਪੰਜਾਬ ਦੀ ਵਸਨੀਕ ਹੀ ਬਣੀ ਰਹੀ।
ਉਸ ਵਿਚੋਂ ਟਕਸਾਲੀ ਪੰਜਾਬਣ, ਹਮਦਰਦ, ਮੋਹਵੰਤੀ ਤੇ ਜੁਝਾਰੂ ਪੰਜਾਬਣ ਦੇ ਦਰਸ਼ਨ ਹੁੰਦੇ ਸਨ। ਇਕ ਵਾਰ ਮੈਂ ਉਹਨੂੰ ਲੰਮੀ ਮੁਲਾਕਾਤ ਲਈ ਮਿਲਿਆ ਤਾਂ ਉਹਦੀਆਂ ਗੱਲਾਂ ਵਿਚੋਂ, ਉਹਦੇ ਜਵਾਬਾਂ ਵਿਚੋਂ ਅਜਿਹਾ ਕੋਈ ਝਾਉਲਾ ਵੀ ਨਹੀਂ ਸੀ ਪਿਆ ਕਿ ਇਹ ਕਿਸੇ ਦੂਜੇ ਦੇਸ਼ੋਂ ਆਈ ਹੋਈ ਲੇਖਿਕਾ ਹੈ। ਉਹ ਇਧਰਲੇ ਪੰਜਾਬ ਦੀਆਂ ਗੱਲਾਂ, ਆਪਣੇ ਪਿੰਡ, ਜ਼ਿਲਾ ਹੁਸ਼ਿਆਰਪੁਰ ਦੇ ਸਿੰਬਲੀ ਅਤੇ ਆਪਣੇ ਨਾਨਕੇ, ਜ਼ਿਲਾ ਲੁਧਿਆਣਾ ਦੇ ਪਿੰਡ ਕੂਮ ਖੁਰਦ ਦੀਆਂ ਗੱਲਾਂ, ਇਧਰ ਸਭ ਕੁਝ ਲੁਟਾਇਆ ਹੋਣ ਦੇ ਬਾਵਜੂਦ ਆਪਣਿਆਂ ਵਾਂਗ ਕਰ ਰਹੀ ਸੀ। ਦੇਸ਼-ਵੰਡ ਦੇ ਝੱਖੜ ਨੇ ਦਸ-ਗਿਆਰਾਂ ਸਾਲ ਦੀ ਬਾਲੜੀ ਉਮਰੇ ਲਹਿੰਦੇ ਪੰਜਾਬ ਦੀ ਓਪਰੀ ਧਰਤੀ ਉਤੇ ਸੁੱਟ ਕੇ ਉਹਨੂੰ ਬਹੁਤ ਸਮਝਾਇਆ ਕਿ ਇਹ ਤੇਰਾ ਆਪਣਾ ਨਵਾਂ-ਨਕੋਰ ਦੇਸ਼ ਹੈ, ਪਾਕਿਸਤਾਨ ਜਿਸ ਦਾ ਨਾਂ ਹੈ। ਪਰ ਨਵਾਂ ਖਿਡੌਣਾ ਲੈਣ ਤੋਂ ਨਾਂਹ ਕਰ ਕੇ ਸਿਰ ਮਾਰਦਿਆਂ ਹੱਥੋਂ ਖੋਹ ਵਗਾਹਿਆ ਪੁਰਾਣਾ ਖਿਡੌਣਾ ਹੀ ਲੈਣ ਦੀ ਜ਼ਿੱਦ ਵਿਚ ਅੱਡੀਆਂ ਰਗੜਦੀ ਬਾਲੜੀ ਵਾਂਗ ਅਫਜ਼ਲ ਤੌਸੀਫ ਉਹਨੂੰ ਦਿੱਤੇ ਗਏ ਪਸ਼ੌਰ-ਲਾਹੌਰ ਲੈਣ ਤੋਂ ਸਾਰੀ ਉਮਰ ਇਨਕਾਰੀ ਰਹੀ। ਉਹ ਬਾਲੜੀ ਉਮਰ ਤੋਂ ਅੰਤਲੇ ਸਾਹ ਤੱਕ ਆਪਣੇ ਇਕੋ ਬਾਲ-ਹਠ ਉਤੇ ਅੜੀ ਰਹੀ, “ਮੈਨੂੰ ਮੇਰੀ ਸਿੰਬਲੀ ਦਿਉ…ਮੈਨੂੰ ਮੇਰਾ ਕੂਮ ਦਿਉ! ਲਹਿੰਦਾ-ਚੜ੍ਹਦਾ ਕੋਈ ਨਹੀਂ, ਪੰਜਾਬ ਇਕੋ ਹੈ, ਸਾਲਮ-ਸਾਬਤ, ਤੇ ਉਹ ਪੂਰੇ ਦਾ ਪੂਰਾ ਮੇਰਾ ਹੈ!”
ਮੈਂ ਉਹਦੀ ਇਸ ਸੋਚ ਬਾਰੇ ਪੁੱਛਿਆ ਤਾਂ ਉਹਦਾ ਕਹਿਣਾ ਸੀ, “ਇਧਰਲਾ ਪਾਸਾ ਮੇਰੇ ਲਈ ਦੂਜਾ ਪਾਸਾ ਕਿਵੇਂ ਹੋਵੇ, ਓਪਰਾ ਪਾਸਾ ਕਿਵੇਂ ਹੋਵੇ, ਜੋ ਅੰਮ੍ਰਿਤਾ ਦਾ ਵਸੇਬਾ ਹੈ, ਭੁੱਲਰ ਭਰਾ ਤੁਹਾਡਾ ਵਸੇਬਾ ਹੈ, ਕ੍ਰਿਸ਼ਨ ਤੇ ਬੇਦੀ ਅਤੇ ਹੋਰ ਅਜਿਹੇ ਲੋਕਾਂ ਦਾ ਵਸੇਬਾ ਹੈ, ਜਿਹੜੇ ਤੁਸੀਂ ਸਾਰੇ ਮੇਰੇ ਹੰਝੂਆਂ ਨੂੰ ਵਗਣ ਲਈ ਆਪਣੀਆਂ ਅੱਖਾਂ ਦਿੰਦੇ ਹੋ, ਜੋ ਮਨ ਦੇ ਸੱਥਰ ਉਤੇ ਮੇਰੇ ਨਾਲ ਬੈਠ ਕੇ ਮੇਰੇ ਕਤਲ ਹੋਏ ਟੱਬਰ ਦੇ ਵੈਣ ਪਾਉਂਦੇ ਹੋ, ਜੋ ਮੇਰੇ ਟੱਬਰ ਦੇ ਕਾਤਲਾਂ ਨੂੰ ਮੈਥੋਂ ਵੱਧ ਨਫਰਤ ਕਰਦੇ ਹੋ, ਮੈਥੋਂ ਵੱਧ ਲਾਅਨਤਾਂ ਪਾਉਂਦੇ ਹੋ। ਉਹ ਸਭ, ਚਾਹੇ ਇਧਰ ਹੋਣ ਜਾਂ ਉਧਰ, ਚੜ੍ਹਦੇ ਪੰਜਾਬ ਵਾਲੇ ਕਹੇ ਜਾਣ ਜਾਂ ਲਹਿੰਦੇ ਪੰਜਾਬ ਵਾਲੇ, ਸਭ ਮੇਰੇ ਆਪਣੇ ਹਨ ਜੋ ਮੇਰੇ ਨਾਲ ਰਲ ਕੇ ਇਸ ਕਾਲੀ ਲਕੀਰ ਦਾ ਪਿੱਟ-ਸਿਆਪਾ ਕਰਦੇ ਹਨ! ਜਿਥੋਂ ਤੱਕ ਕਾਤਲਾਂ ਦਾ ਤਾਅਲੁਕ ਹੈ, ਉਹ ਬੇਦੋਸ਼ੇ ਮੁਸਲਮਾਨਾਂ ਨੂੰ ਮਾਰਨ-ਲੁੱਟਣ ਵਾਲੇ ਇਧਰਲੇ ਹੋਣ ਜਾਂ ਬੇਦੋਸ਼ੇ ਸਿੱਖਾਂ-ਹਿੰਦੂਆਂ ਨੂੰ ਮਾਰਨ-ਲੁੱਟਣ ਵਾਲੇ ਉਧਰਲੇ ਹੋਣ, ਉਹ ਸਭ ਮੇਰੇ ਅਸਲੀ ਮੁਜਰਿਮ ਹਨ। ਉਹ ਮੇਰੇ ਲਈ ਪੰਜਾਬੀ ਨਹੀਂ, ਪੰਜਾਬ ਦੇ ਨਾਂ ਉਤੇ ਕਲੰਕ ਹਨ। ਆਪਣੇ ਹੀ ਪੰਜਾਬੀਆਂ ਨੂੰ ਕਤਲ ਕਰਨ ਵਾਲੇ, ਆਪਣੀਆਂ ਧੀਆਂ-ਭੈਣਾਂ ਦੀ ਇੱਜਤ ਦੇ ਲੁਟੇਰੇ, ਆਪਣੇ ਗੁਆਂਢੀਆਂ ਦੀਆਂ ਜਾਇਦਾਦਾਂ ਦੇ ਡਾਕੂ! ਕਾਲੀ ਲਕੀਰ ਸਿਆਸਤਦਾਨਾਂ ਦੀ ਵਾਹੀ ਹੋਈ ਹੈ। ਅਸੀਂ ਤਾਂ ਅਦਬ ਤੇ ਕਲਚਰ ਦੇ ਲੋਕ ਹਾਂ। ਸਾਡੇ ਲਈ ਅਜਿਹੀਆਂ ਲਕੀਰਾਂ ਦਾ ਕੋਈ ਮਤਲਬ ਨਹੀਂ ਹੁੰਦਾ। ਅਸੀਂ ਸਭ ਪੰਜਾਬੀ ਅਦੀਬ ਇਕੋ ਸਾਂਝੀ ਪੰਜਾਬੀਅਤ ਦੇ ਨੁਮਾਇੰਦੇ ਹਾਂ, ਰਖਵਾਲੇ ਹਾਂ, ਝੰਡਾਬਰਦਾਰ ਹਾਂ, ਸਾਡੇ ਲਈ ਕੇਹੀਆਂ ਲਕੀਰਾਂ!”
ਸਿੰਬਲੀ ਵਿਚ ਉਹਦਾ ਪਰਿਵਾਰ ਚੰਗਾ ਖਾਂਦਾ-ਪੀਂਦਾ, ਸਾਹਿਬ-ਏ-ਜਾਇਦਾਦ ਪਰਿਵਾਰ ਸੀ। ਤੀਹ ਘੁਮਾਂ ਭੋਇੰ ਸੀ। ਦਾਦਾ ਗੁਲਾਮ ਗੌਂਸ ਦੇ ਤਿੰਨ ਪੁੱਤਰ ਸਨ। ਅਫਜ਼ਲ ਤੌਸੀਫ ਉਨ੍ਹਾਂ ਵਿਚੋਂ ਛੋਟੇ ਮਹਿੰਦੀ ਖਾਂ ਦੀ ਧੀ ਸੀ, ਜੋ ਕੋਇਟੇ ਦਾ ਠਾਣੇਦਾਰ ਸੀ। ਕੁੜੀ ਜੰਮੀ ਨੂੰ Ḕਵਿਹੜੇ ਪੱਥਰ ਡਿੱਗਿਆḔ ਸਮਝਣ ਵਾਲੇ ਉਸ ਜ਼ਮਾਨੇ ਵਿਚ, ਉਹਦੇ ਦੱਸਣ ਅਨੁਸਾਰ ਦਾਈ ਝੰਡੋ ਨੇ 18 ਮਈ 1936 ਨੂੰ ਉਹਦੀ ਪੈਦਾਇਸ਼ ਦਾ ਐਲਾਨ Ḕਹਾਹ! ਹਾਇਆ ਨੀ! ਕੁੜੀ ਜੰਮ ਪਈ!Ḕ ਆਖ ਕੇ ਕੀਤਾ ਸੀ। ਤਾਇਆਂ ਦੀਆਂ ਧੀਆਂ ਨਾਲ ਪਹਿਲਾਂ ਹੀ ਭਰੇ ਹੋਏ ਦਾਦਕੇ ਵਿਹੜੇ ਵਿਚ ਪਲੇਠੀ ਧੀ ਨੂੰ ਕੁੱਛੜ ਚੁੱਕ ਕੇ ਪੈਰ ਪਾਉਣਾ ਮਾਂ ਵਾਸਤੇ ਭੈੜਾ ਸ਼ਗਨ ਸੀ। ਪਰ ਇਸ ਸੋਗੀ ਮਾਹੌਲ ਵਿਚ ਇਕ ਜ਼ਨਾਨੀ ਬੜੀ ਖੁਸ਼ ਸੀ, ਇਕਲਾਪੇ ਦੀ ਮਾਰੀ ਹੋਈ ਇਕ ਬੇਔਲਾਦ ਵਿਧਵਾ ਮਾਮੀ! ਉਹਨੇ ਇਹਦੇ ਜੰਮਣ ਦਾ ਗੁੜ ਵੰਡਿਆ ਤੇ ਤਰਲਾ ਪਾ ਕੇ ਇਹਦੇ ਮਾਪਿਆਂ ਕੋਲੋਂ ਕੁੜੀ ਪਾਲਣ ਦਾ ਹੱਕ, ਜਿਸ ਨੂੰ ਅਫਜ਼ਲ Ḕਪੋਤੜੇ ਧੋਣ ਦਾ ਹੱਕḔ ਆਖਦੀ ਸੀ, ਮੰਗ ਲਿਆ। ਉਹ ਇਹਦੀ Ḕਕਾਕੀ ਮਾਂḔ ਬਣ ਗਈ। ਇਹ ਸੱਤਾਂ ਸਾਲਾਂ ਦੀ ਸੀ ਜਦੋਂ ਬਦਕਿਸਮਤੀ ਨੂੰ ਕਾਕੀ ਮਾਂ ਵੀ ਅੱਲ੍ਹਾ ਨੂੰ ਪਿਆਰੀ ਹੋ ਗਈ। ਹੁਣ ਇਹਨੂੰ ਲੈ ਕੇ ਜਾਣਾ ਦਾਦਕਿਆਂ ਦੀ ਮਜਬੂਰੀ ਬਣ ਗਈ।
ਕਟਾ-ਵੱਢੀ ਵੇਲੇ ਸਬੱਬੀਂ ਉਹ ਮਾਂ ਜ਼ੁਬੈਦਾ ਬੀਬੀ ਨਾਲ ਨਾਨਕੀਂ ਕੂਮ ਖੁਰਦ ਮਿਲਣ ਗਈ ਹੋਈ ਸੀ ਜਦੋਂ ਉਹਦੇ ਦਾਦਕੇ ਘਰ ਸਿੰਬਲੀ ਮੌਤ ਦਾ ਕਹਿਰ ਟੁੱਟਿਆ। ਉਹ ਦੋਵੇਂ ਮਾਂ-ਧੀ ਬਚ ਕੇ ਕਾਫਲੇ ਨਾਲ ਲਾਹੌਰ ਜਾ ਪਹੁੰਚੀਆਂ। ਪਿਤਾ ਵਾਂਗ ਛੋਟਾ ਤਾਇਆ ਫਜ਼ਲ ਮੁਹੰਮਦ ਵੀ ਸਿੰਬਲੀ ਤੋਂ ਬਾਹਰ ਹੋਣ ਕਰਕੇ ਬਚ ਰਿਹਾ। ਵੱਡੇ ਪਰਿਵਾਰ ਵਿਚੋਂ ਬੱਸ ਇਹ ਚਾਰ ਜੀਅ ਸਨ ਜੋ ਬਚ ਕੇ ਪਾਕਿਸਤਾਨ ਦੀ ਓਪਰੀ ਧਰਤੀ ਉਤੇ ਪਹੁੰਚ ਸਕੇ। ਉਹਦੇ ਪਰਿਵਾਰ ਦੇ ਬਾਕੀ ਬਾਰਾਂ ਜੀਅ ਵੱਢ ਦਿੱਤੇ ਗਏ। ਤਾਏ ਦੀਆਂ ਦੋ ਧੀਆਂ ਅਗਵਾ ਕਰ ਲਈਆਂ ਗਈਆਂ। ਆਂਢ-ਗੁਆਂਢ ਦੀਆਂ ਕਈ ਕੁੜੀਆਂ ਖੂਹ ਵਿਚ ਛਾਲਾਂ ਮਾਰ ਗਈਆਂ। ਪਿੰਡ ਵਾਲਿਆਂ ਅਨੁਸਾਰ ਉਥੋਂ ਦੇ ਢਾਈ ਸੌ ਦੇ ਕਰੀਬ ਮੁਸਲਮਾਨ ਮਾਰ ਦਿੱਤੇ ਗਏ ਸਨ।
ਤਾਲੀਮ ਦੇ ਕੁੜੀਆਂ ਦੀ ਪਹੁੰਚ ਤੋਂ ਬਹੁਤ ਦੂਰ ਹੋਣ ਦੇ ਉਸ ਜ਼ਮਾਨੇ ਵਿਚ ਉਹਦੇ ਪ੍ਰੋਫੈਸਰ ਬਣਨ ਬਾਰੇ ਹੈਰਾਨੀ ਦੇ ਜਵਾਬ ਵਿਚ ਉਹ ਹੱਸੀ, “ਅਸੀਂ ਮਾਂ-ਧੀ ਦਾਦਕੀਂ ਪਹੁੰਚੀਆਂ ਤਾਂ ਦਾਦੇ ਦੀਆਂ ਹਦਾਇਤਾਂ ਵਿਚ ਇਹ ਤਾੜਨਾ ਵੀ ਸ਼ਾਮਲ ਸੀ, ਸੁਣ ਕੁੜੀਏ! ਤੂੰ ਸਾਡੀ ਕੁੜੀ ਨੂੰ ਕਿਤੇ ਪੜ੍ਹਨ ਵੱਲ ਨਾ ਪਾ ਦੇਈਂ! ਆਪਣੇ ਪੁੱਤਰ ਉਤੇ ਤਾਂ ਉਹਨੂੰ ਪੂਰਾ ਪੱਕ ਸੀ ਕਿ ਉਹ ਆਪਣੀ ਧੀ ਨੂੰ ਇਸ ਭੈੜੇ ਕੰਮ ਵਿਚ ਨਹੀਂ ਪਾਏਗਾ।” ਤਾਂ ਵੀ ਕੁਝ ਚਿਰ ਮਗਰੋਂ ਟੱਬਰ ਨੂੰ ਨੌਕਰੀ ਵਾਲੀ ਥਾਂ ਲਿਜਾ ਰਹੇ ਪੁੱਤਰ ਨੂੰ ਉਹਨੇ ਇਹ ਹਦਾਇਤ ਕਰ ਹੀ ਦਿੱਤੀ, “ਕਾਕਾ ਮਹਿੰਦੀ ਖਾਂ, ਵੇਖੀਂ ਸ਼ਹਿਰ ਜਾ ਕੇ ਸਾਡੀ ਕੁੜੀ ਨੂੰ ਕਿਤੇ ਸਕੂਲ-ਸਕਾਲ ਨਾ ਪਾ ਦੇਈਂ!” ਪਰ ਛੁਪਾ ਕੇ ਰੱਖੇ Ḕਸੈਫਲ ਮਲੂਕḔ ਤੇ Ḕਸੋਹਣੀ ਮਹੀਂਵਾਲḔ ਜਿਹੇ ਚਿੱਠੇ ਚੋਰੀਉਂ ਪੜ੍ਹਨ ਦੀ ਸ਼ੌਕੀਨ ਮਾਂ ਉਹਨੂੰ ਲੁਕ-ਛਿਪ ਕੇ ਅੱਖਰਾਂ ਦੀ ਸਿਆਣੂ ਤੇ ਗਿਣਤੀ-ਪਹਾੜਿਆਂ ਦੀ ਜਾਣੂ ਬਣਨ ਦੇ ਰਾਹ ਤੋਰ ਵੀ ਚੁੱਕੀ ਸੀ।
ਪਾਕਿਸਤਾਨ ਪਹੁੰਚ ਕੇ ਨਵੇਂ ਓਪਰੇ ਦੇਸ਼ ਵਿਚ ਪੈਰ ਲਾਉਣ ਦੀ ਕੋਸ਼ਿਸ਼ ਕਰਦਿਆਂ ਤੇ ਬਦਲੇ ਹੋਏ ਹਾਲਾਤ ਵਿਚ ਕੁੜੀਆਂ ਵਾਸਤੇ ਤਾਲੀਮ ਦੀ ਲੋੜ ਨੂੰ ਪਛਾਣਦਿਆਂ ਅੱਬਾ ਨੇ ਉਹਨੂੰ ਸਕੂਲ ਭਰਤੀ ਕਰਵਾ ਦਿੱਤਾ। ਉਹਨੇ ਉਰਦੂ ਤੇ ਅੰਗਰੇਜ਼ੀ ਦੀਆਂ ਦੋ ਐਮ. ਏ. ਕੀਤੀਆਂ ਅਤੇ ਲੰਮਾ ਸਮਾਂ ਕਾਲਜ ਲੈਕਚਰਾਰ ਵਜੋਂ ਕੰਮ ਕੀਤਾ। ਉਹਨੇ ਹਜ਼ਾਰਾਂ ਕੁੜੀਆਂ ਨੂੰ ਪੁਸਤਕਾਂ ਦੇ ਪਾਠ ਤੋਂ ਇਲਾਵਾ ਲੋਕ-ਹਿਤ ਨੂੰ ਜੀਵਨ-ਜਾਚ ਬਣਾਉਣ ਦਾ ਪਾਠ ਵੀ ਦ੍ਰਿੜ੍ਹ ਕਰਵਾਇਆ।
ਅਫਜ਼ਲ ਤੌਸੀਫ ਇਧਰ ਆਉਣ ਲੱਗੀ ਤਾਂ ਕੁਦਰਤੀ ਸੀ, ਉਹਦੇ ਮਨ ਵਿਚ ਆਉਂਦਾ ਕਿ ਆਪਣੀ ਜਨਮ-ਭੋਇੰ ਦੀ ਫੇਰੀ ਵੀ ਪਾਵੇ, ਪਰ ਹੌਸਲਾ ਨਹੀਂ ਸੀ ਪੈਂਦਾ। 1997 ਵਿਚ ਇਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸੋਚ ਨੇ ਉਹਦੇ ਜਾਣ ਦਾ ਪ੍ਰਬੰਧ ਵੀ ਕਰ ਦਿੱਤਾ ਤੇ ਸਾਥ ਲਈ ਉਨ੍ਹਾਂ ਦੀ ਪਤਨੀ ਵੀ ਜਾਣ ਲਈ ਤਿਆਰ ਹੋ ਗਈ। ਤੌਸੀਫ ਸਾਰੀ ਰਾਤ ਪਾਸੇ ਪਰਤਦੀ ਰਹੀ। ਉਜੜੇ ਘਰ ਦੇ ਵਿਹੜੇ ਵਿਚ ਉਹਨੂੰ ਅਜੇ ਵੀ ਆਪਣਿਆਂ ਦੀਆਂ ਲਾਸ਼ਾਂ ਪਈਆਂ ਦਿੱਸਣੀਆਂ ਸਨ। ਕੀ ਕਰੇਗੀ ਅੱਧੀ ਸਦੀ ਤੋਂ ਉਹਦੀ ਕਲਪਨਾ ਵਿਚ ਪਈਆਂ ਉਨ੍ਹਾਂ ਲਾਸ਼ਾਂ ਨੂੰ ਦੇਖ ਕੇ! ਸਵੇਰੇ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ।
ਸੰਨ 2000 ਵਿਚ ਉਹਨੇ ਸਵੈਜੀਵਨੀ Ḕਮਨ ਦੀਆਂ ਬਸਤੀਆਂḔ ਛਪਵਾਈ। ਆਪਣੇ ਦਿਲ ਦਾ ਸਾਰਾ ਦਰਦ ਉਹਨੇ ਉਹਦੇ ਸਫਿਆਂ ਉਤੇ ਡੋਲ੍ਹ ਦਿੱਤਾ। ਉਹਦੇ ਆਪਣੇ ਕਹਿਣ ਅਨੁਸਾਰ, “ਮੇਰੀ ਆਟੋਬਾਇਉਗਰਾਫੀ Ḕਮਨ ਦੀਆਂ ਬਸਤੀਆਂḔ, ਤਿੰਨ ਸੌ ਸਫੇ ਦੀ ਇਹ ਕਿਤਾਬ ਮੇਰੀ ਕਹਾਣੀ, ਮੇਰੇ ਜੀਵਨ-ਵੇਰਵੇ, ਮੇਰੀ ਜੀਵਨੀ, ਮੇਰੀ ਦੁਨੀਆ ਬਾਰੇ ਬੜਾ ਕੁਝ ਦਸਦੀ ਏ।” ਇਹ ਕਿਤਾਬ ਲਿਖਣਾ ਉਹਦੇ ਲਈ ਅਣਆਈ ਮੌਤ ਮਾਰੇ ਗਏ ਆਪਣਿਆਂ ਦੀ ਅੰਤਿਮ ਰਸਮ ਸੀ, ਜਿਸ ਪਿੱਛੋਂ ਤਰਵੰਜਾ ਸਾਲ ਤੋਂ ਉਹਦੇ ਮਨ ਵਿਚ ਵਿਛਿਆ ਹੋਇਆ ਸੱਥਰ ਲਪੇਟਿਆ ਗਿਆ।
ਇਸ ਦੌਰਾਨ ਉਹਦਾ ਸੰਪਰਕ ਨਵਾਂ ਸ਼ਹਿਰ ਰਹਿੰਦੇ ਕਹਾਣੀਕਾਰ ਅਜਮੇਰ ਸਿੱਧੂ ਨਾਲ ਹੋ ਗਿਆ। ਨਵਾਂ ਸ਼ਹਿਰ ਤੋਂ ਸਿੰਬਲੀ ਦਾ ਫਾਸਲਾ ਕੁੱਲ ਛੇ ਕਿਲੋਮੀਟਰ ਹੈ ਜਿਸ ਸਦਕਾ ਉਹਨੇ ਅਫਜ਼ਲ ਤੌਸੀਫ ਨੂੰ ਭੂਆ ਬਣਾ ਲਿਆ। ਇਸ ਵਾਰ ਗੋਦ ਲੈ ਕੇ ਪੁੱਤਰ ਬਣਾਏ ਭਤੀਜੇ, Ḕਦਿ ਪਾਕਿਸਤਾਨ ਟਾਈਮਜ਼Ḕ ਦੇ ਚੀਫ ਨਿਊਜ਼ ਐਡੀਟਰ, ਰਾਣਾ ਨਵੀਦ ਇਕਬਾਲ ਨਾਲ ਆਈ ਤਾਂ ਮਨ ਪੁਰਾਣੇ ਪਿੰਡ ਜਾਣ ਜੋਗਾ ਤਕੜਾ ਕਰ ਕੇ ਆਈ। ਅਜਮੇਰ ਦੇ ਦੱਸੇ ਤੋਂ ਉਸ ਤੋਂ ਖੋਹੇ ਗਏ ਉਹਦੇ ਪਿੰਡ ਦੇ ਲੋਕ ਉਹਨੂੰ ਬਾਂਹਾਂ ਖੋਲ੍ਹ ਕੇ ਉਡੀਕ ਰਹੇ ਸਨ। ਅਜਮੇਰ ਲਿਖਦਾ ਹੈ, “ਇਨ੍ਹਾਂ ਸਤਰਾਂ ਦਾ ਲੇਖਕ ਬੀਬੀ ਅਫਜ਼ਲ ਤੌਸੀਫ ਤੇ ਰਾਣਾ ਨਵੀਦ ਇਕਬਾਲ ਨੂੰ ਲੈ ਕੇ ਕਤਲੇਆਮ ਵਾਲੀ ਜਗ੍ਹਾ Ḕਤੇ ਪੁੱਜਿਆ ਤਾਂ…ਖੰਡਰ ਬਣੀਆਂ ਇਮਾਰਤਾਂ ਦੇਖ ਕੇ ਉਸ ਨੇ ਹਉਕਾ ਲਿਆ। ਅੱਗੇ ਉਹ ਖੂਹ ਸੀ ਜਿਸ ਵਿਚ ਕੁੜੀਆਂ ਨੇ ਆਪਣੀ ਆਬਰੂ ਬਚਾਉਣ ਲਈ ਛਾਲਾਂ ਮਾਰੀਆਂ ਸਨ। ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਹਨੂੰ ਆਪਣਾ ਵਿਹੜਾ ਲਾਸ਼ਾਂ ਨਾਲ ਭਰਿਆ ਦਿੱਸਿਆ। ਅਗਵਾ ਹੋਈਆਂ ਭੈਣਾਂ ਦਿੱਸੀਆਂ। ਲਹੂ ਦੇ ਛੱਪੜ ਵਿਚ ਤੈਰਦੀਆਂ ਬੱਤਖਾਂ ਦਿੱਸੀਆਂ। ਉਹ ਆਪਣੇ ਘਰ ਸੁੰਨ ਹੋਈ ਖੜ੍ਹੀ ਸੀ। ਉਹਦੇ ਵਡੇਰਿਆਂ ਦੇ ਜਾਣਕਾਰ ਮਰਦ-ਔਰਤਾਂ ਉਹਦੇ ਨਾਲ ਯਾਦਾਂ ਸਾਂਝੀਆਂ ਕਰਦੇ ਰਹੇ।”
ਸੋਚ ਦੇ ਪੱਖੋਂ ਉਹ ਪੱਕੀ ਮਾਰਕਸਵਾਦੀ ਸੀ, ਤੇ ਦਲਦਲੀ ਜੀਵਨ ਜਿਉਂਦੇ ਲੋਕਾਂ ਨੂੰ ਦੇਖ ਕੇ ਇਹ ਸੋਚ ਉਹਨੂੰ ਚੈਨ ਨਹੀਂ ਸੀ ਲੈਣ ਦਿੰਦੀ। ਉਹ ਜੂਝਦੇ ਲੋਕਾਂ ਦੇ ਨਾਲ ਹੀ ਨਹੀਂ ਸੀ ਖਲੋਂਦੀ, ਉਨ੍ਹਾਂ ਦੇ ਝੰਡਾਬਰਦਾਰਾਂ ਵਿਚ ਸ਼ਾਮਲ ਹੁੰਦੀ ਸੀ। ਉਸ ਨੂੰ ਦੇਸ਼-ਵਿਰੋਧੀ ਆਖ ਕੇ ਮੁਕੱਦਮਿਆਂ ਵਿਚ ਫਸਾਇਆ ਤੇ ਇੰਟੈਰੋਗੇਸ਼ਨ ਸੈਂਟਰਾਂ ਦੇ ਤਸੀਹਿਆਂ ਵਿਚੋਂ ਲੰਘਾਇਆ ਜਾਂਦਾ ਰਿਹਾ। ਯਾਹੀਆ ਖਾਂ ਦੇ ਮਾਰਸ਼ਲ ਲਾਅ ਦਾ ਵਿਰੋਧ ਕਰਨ ਕਰਕੇ ਉਹਨੂੰ ਕੈਦ ਤਾਂ ਹੋਈ ਹੀ, ਕੋੜਿਆਂ ਦੀ ਸਜ਼ਾ ਵੀ ਮਿਲੀ। ਪਰ ਇਹ ਸਭ ਉਹਦੇ ਵਿਸ਼ਵਾਸ ਤੇ ਸਿਦਕ-ਸਿਰੜ ਦੀ ਕੋਈ ਚਿੱਪਰ ਲਾਹੁਣ ਵਿਚ ਵੀ ਕਾਮਯਾਬ ਨਾ ਹੋ ਸਕਿਆ। ਉਹ 30 ਦਸੰਬਰ 2014 ਨੂੰ ਲਏ ਆਖਰੀ ਸਾਹ ਤੱਕ ਆਪਣੇ ਲੋਕ-ਹਿਤੈਸ਼ੀ ਨਜ਼ਰੀਏ ਉਤੇ ਅਡੋਲ ਰਹੀ।
ਉਹ ਕਲਮ ਦੀ ਹਥਿਆਰੀ ਸਮਰੱਥਾ ਨੂੰ ਅਤੇ ਲਫਜ਼ ਦੀ ਅਸਰਦਾਰ ਤਾਕਤ ਨੂੰ ਭਲੀਭਾਂਤ ਸਮਝਦੀ ਸੀ। ਉਹ ਕਲਮ ਨੂੰ ਵੀ ਆਪਣੇ ਵਾਂਗ ਚੈਨ ਨਹੀਂ ਸੀ ਲੈਣ ਦਿੰਦੀ। ਉਹਨੇ ਉਰਦੂ ਤੇ ਸ਼ਾਹਮੁਖੀ ਪੰਜਾਬੀ ਵਿਚ ਉਚ-ਮਿਆਰੀ ਕਹਾਣੀਆਂ ਵੀ ਲਿਖੀਆਂ ਤੇ ਨਾਵਲ ਵੀ। ਉਹ ਪੰਜਾਬੀ ਦੀ ਬੜੀ ਸ਼ਕਤੀਸ਼ਾਲੀ ਗਲਪਕਾਰ ਸੀ। Ḕਮਾਈ ਅਨਾਰਾਂ ਵਾਲੀḔ ਉਹਦੀ ਪਹਿਲੀ ਕਹਾਣੀ ਸੀ, ਜੋ ਮੈਨੂੰ ਪੜ੍ਹਨ ਨੂੰ ਮਿਲੀ। ਉਹਦੀ ਅਹਿਸਾਸ ਦੀ ਗਹਿਰਾਈ ਤੇ ਉਸ ਅਹਿਸਾਸ ਨੂੰ ਪਾਠਕ ਸਾਹਮਣੇ ਪੇਸ਼ ਕਰਨ ਦੀ ਕਲਾ ਨੇ ਮੈਨੂੰ ਧੁਰ ਅੰਦਰ ਤੱਕ ਕੀਲ ਲਿਆ। ਸਾਹਿਤ ਜਿੰਨਾ ਹੀ ਅਹਿਮ ਉਹਦਾ ਪੱਤਰਕਾਰਾਨਾ ਕੰਮ ਸੀ। ਪਾਕਿਸਤਾਨ ਦੇ ਮੋਹਰੀ ਅਖਬਾਰਾਂ ਵਿਚ ਸਮਾਜਕ ਤੇ ਸਿਆਸੀ ਮਸਲਿਆਂ ਨੂੰ ਲੈ ਕੇ ਲਿਖੇ ਹੋਏ ਉਹਦੇ ਕਾਲਮ ਲਗਾਤਾਰ ਛਪਦੇ ਰਹੇ। ਉਨ੍ਹਾਂ ਦੀ ਚਾਰ ਹਜ਼ਾਰ ਤੋਂ ਵੱਧ ਦੀ ਗਿਣਤੀ ਬੇਆਸਰੇ ਤੇ ਬੇਓਟੇ ਲੋਕਾਂ ਵਾਸਤੇ ਆਪਣੀ ਕਲਮੀ ਜ਼ਿੰਮੇਦਾਰੀ ਦੇ ਉਹਦੇ ਅਹਿਸਾਸ ਦਾ ਸਬੂਤ ਹੈ, ਜਿਨ੍ਹਾਂ ਵਿਚੋਂ ਬਹੁਤ ਸਾਰੇ ਕਿਤਾਬਾਂ ਵਿਚ ਵੀ ਸੰਗ੍ਰਿਹਤ ਹੋਏ।
ਉਹਦੇ ਸ਼ਾਹਮੁਖੀ ਲਿਪੀ ਵਿਚ ਛਪੇ ਪੰਜਾਬੀ ਕਹਾਣੀ-ਸੰਗ੍ਰਿਹ Ḕਟਾਹਲੀ ਮੇਰੇ ਬੱਚੜੇḔ, Ḕਮਾਈ ਅਨਾਰਾਂ ਵਾਲੀḔ, Ḕਪੰਝੀਵਾਂ ਘੰਟਾḔ, Ḕਅਮਨ ਵੇਲੇ ਮਿਲਾਂਗੇḔ ਤੇ Ḕਦਰਦਮੰਦਾਂ ਦੀਆਂ ਆਹੀਂḔ ਇਧਰ ਗੁਰਮੁਖੀ ਲਿਪੀ ਵਿਚ ਪ੍ਰਕਾਸ਼ਿਤ ਹੋਏ। Ḕਕੀਹਦਾ ਨਾਂ ਪੰਜਾਬḔ ਤੇ Ḕਹੱਥ ਨਾ ਲਾ ਕਸੁੰਭੜੇḔ ਨਾਂ ਦੇ ਦੋ ਲੇਖ-ਸੰਗ੍ਰਿਹ ਵੀ ਗੁਰਮੁਖੀ ਵਿਚ ਛਪੇ। ਸਵੈਜੀਵਨੀ Ḕਮਨ ਦੀਆਂ ਬਸਤੀਆਂḔ ਤਾਂ ਇਧਰ ਛਪ ਕੇ ਬਹੁਤ ਪਾਠਕ-ਪਿਆਰੀ ਹੋਈ। ਸ਼ਾਹਮੁਖੀ ਤੇ ਗੁਰਮੁਖੀ ਵਿਚ ਛਪੀਆਂ ਪੰਜਾਬੀ ਪੁਸਤਕਾਂ ਤੋਂ ਇਲਾਵਾ ਉਹਨੇ ਉਰਦੂ ਵਿਚ ਵੀ ਲਗਾਤਾਰ ਲਿਖਿਆ। ਉਹਦੀਆਂ ਕਈ ਪੁਸਤਕਾਂ ਨੂੰ ਵੀ ਸਨਮਾਨਿਆ ਗਿਆ ਤੇ ਉਹਨੂੰ ਸਮੁੱਚੀ ਰਚਨਾ ਲਈ ਵੀ ਕਈ ਸਨਮਾਨ ਮਿਲੇ, ਪਰ ਉਹਦਾ ਸਭ ਤੋਂ ਵੱਡਾ ਸਨਮਾਨ ਹੁਣ ਦੋ ਟੋਟਿਆਂ ਵਿਚ ਵੰਡੇ ਹੋਏ ਸਾਲਮ ਪੰਜਾਬ ਦੇ ਪਾਠਕਾਂ ਦਾ ਉਹਨੂੰ ਮਿਲਿਆ ਤੇ ਮਿਲ ਰਿਹਾ ਪਿਆਰ-ਸਤਿਕਾਰ ਹੈ!