ਆਨੰਦਪੁਰ ਸਾਹਿਬ: ਇਸ ਵਾਰ ਵੀ ਹੋਲੇ ਮਹੱਲੇ ਮੌਕੇ ਸਿਆਸੀ ਆਗੂਆਂ ਨੇ ਇਕ-ਦੂਜੇ ‘ਤੇ ਖੁੱਲ੍ਹ ਕੇ ਚਿੱਕੜ ਉਛਾਲਿਆ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਖਾਲਸੇ ਦੀ ਜਨਮ ਭੂਮੀ ‘ਤੇ ਸਿੱਖਾਂ ਦੀਆਂ ਅਹਿਮ ਮੰਗਾਂ ਨੂੰ ਉਭਾਰਿਆ ਪਰ ਹਾਕਮ ਧਿਰ ਅਕਾਲੀ ਦਲ (ਬਾਦਲ) ਨੇ ਉਹੀ ਪੁਰਾਣੀ ਮੁਹਾਰਨੀ ਪੜ੍ਹਦਿਆਂ ਪੰਜਾਬ ਦੇ ਮੰਦੇ ਹਾਲ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਾਂਗਰਸ ਦੀ ਰੱਜ ਕੇ ਅਲੋਚਨਾ ਕੀਤੀ। ਉਧਰ, ਕਾਂਗਰਸ ਨੇ ਵੀ ਅਕਾਲੀ-ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਉਠਾਏ। ਉਂਜ, ਇਸ ਵਾਰ ਮੇਲੇ ਵਿਚ ਸੰਗਤਾਂ ਦੀ ਆਮਦ ਪੱਖੋਂ ਸਾਰੇ ਰਿਕਾਰਡ ਟੁੱਟ ਗਏ। ਸੂਤਰਾਂ ਮੁਤਾਬਕ ਛੇ ਦਿਨਾਂ ਦੌਰਾਨ 30 ਲੱਖ ਤੋਂ ਵੱਧ ਸੰਗਤਾਂ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਈਆਂ। ਇਸ ਸਾਲ ਦਾ ਮੇਲਾ ਪਿਛਲੇ ਸਾਲਾਂ ਦੀ ਤੁਲਨਾ ਵਿਚ 30 ਤੋਂ 35 ਫੀਸਦੀ ਜ਼ਿਆਦਾ ਭਰਿਆ। ਹਾਲਾਂਕਿ ਮੌਸਮ ਦਾ ਮਿਜ਼ਾਜ ਕੁਝ ਠੀਕ ਨਹੀਂ ਰਿਹਾ ਪਰ ਇਸ ਦੇ ਬਾਵਜੂਦ ਸੰਗਤਾਂ ਦੇ ਉਤਸ਼ਾਹ ਵਿਚ ਕਮੀ ਨਹੀਂ ਆਈ। ਹੋਲੇ ਮਹੱਲੇ ਦੇ ਆਖਰੀ ਦਿਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਿੱਖ ਕੌਮ ਦੇ ਨਾਲ ਸੰਦੇਸ਼ ਜਾਰੀ ਕਰਦੇ ਹੋਏ ਸਿੱਖਾਂ ਨੂੰ ਪਤਿਤਪੁਣਾ, ਨਸ਼ੇ, ਭਰੂਣ ਹੱਤਿਆ ਜਿਹੀਆਂ ਸਮਾਜਕ ਅਲਾਮਤਾਂ ਨੂੰ ਤਿਆਗ ਕੇ ਖੰਡੇ ਬਾਟੇ ਦੀ ਦਾਤ ਅੰਮ੍ਰਿਤ ਛਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਵੇਲੇ ਭਾਈਚਾਰੇ ਨੂੰ ਕਈ ਪਾਸਿਓਂ ਮਾਰ ਪੈ ਰਹੀ ਹੈ। ਇਸ ਸੰਕਟ ਨੂੰ ਕੱਟਣ ਲਈ ਹੁਣ ਹਰ ਹੀਲਾ ਕਰਨਾ ਪਵੇਗਾ। ਸੰਗਤ ਇਸ ਬਾਰੇ ਸੁਚੇਤ ਹੋ ਕੇ ਮੁਹਿੰਮ ਚਲਾਵੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ।
___________________________________
ਅਕਾਲੀ ਦਲ ਨੇ ਕਾਂਗਰਸ ‘ਤੇ ਸਾਧਿਆ ਸਿੱਧਾ ਨਿਸ਼ਾਨਾ
ਆਨੰਦਪੁਰ ਸਾਹਿਬ: ਹੋਲੇ ਮਹੱਲੇ ਦੇ ਦੂਸਰੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਮੁੱਖ ਮੈਦਾਨ ਵਿਚ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਵੱਲੋਂ ਰਾਜਸੀ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿਚ ਸ਼ਮੂਲੀਅਤ ਲਈ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸਮੇਂ ਸਿਰ ਪਹੁੰਚ ਗਈ ਪਰ ਭਾਰਤੀ ਜਨਤਾ ਪਾਰਟੀ ਦੇ ਆਗੂ ਕਾਫੀ ਦੇਰ ਨਾਲ ਪਹੁੰਚੇ।
ਆਪਣੇ ਸੰਬੋਧਨ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਲੋਕ-ਵਿਰੋਧੀ ਤੇ ਪੰਜਾਬ ਵਿਰੋਧੀ ਨੀਤੀਆਂ ਕਰਕੇ ਕਾਂਗਰਸ ਦਾ ਰਾਜ ਵਿਚੋਂ ਸਫਾਇਆ ਹੁੰਦਾ ਜਾ ਰਿਹਾ ਹੈ। ਪੰਜਾਬ ਨਾਲ ਧੱਕੇਸ਼ਾਹੀਆਂ ਕਰਨ ਕਰਕੇ ਹੀ ਲੋਕਾਂ ਨੇ ਕਾਂਗਰਸੀ ਨੇਤਾਵਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਰਕੇ ਰਾਜ ਦਾ ਉਦਯੋਗ ਤੇ ਖੇਤੀਬਾੜੀ ਤਬਾਹ ਹੋ ਗਏ ਹਨ। ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਅਨਾਜ ਦੇ ਖੇਤਰ ਵਿਚ ਸਵੈ-ਨਿਰਭਰ ਹੋਣ ਵਿਚ ਵੱਡਾ ਹਿੱਸਾ ਪਾਇਆ। ਕਿਸਾਨੀ ਨੂੰ ਇਸ ਚੱਕਰ ਵਿਚੋਂ ਕੱਢਣ ਵਾਸਤੇ ਪੰਜਾਬ ਵਰਗੇ ਰਾਜ ਨੂੰ ਖੇਤੀ ਵਿਭਿੰਨਤਾ ਲਈ ਸਿਰਫ 500 ਕਰੋੜ ਰੁਪਏ ਦੇਣਾ ਸਮੁੰਦਰ ਵਿਚ ਬੂੰਦ ਦੇ ਬਰਾਬਰ ਹੈ। ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਮਸਲਿਆਂ ਪ੍ਰਤੀ ਕੇਂਦਰ ਦੀ ਪਹੁੰਚ ਕਿੰਨੀ ਪੱਖਪਾਤੀ ਹੈ।
ਮੁੱਖ ਮੰਤਰੀ ਨੇ ਹੋਲੇ-ਮਹੱਲੇ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਆਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਦੀ ਯਾਦਗਾਰ ਸਥਾਪਤ ਕਰੇਗੀ। ਹੁਸ਼ਿਆਰਪੁਰ ਵਿੱਚ ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਦੀ ਯਾਦਗਾਰ ਤੋਂ ਇਲਾਵਾ ਪੰਜਾਬ ਵਿਚ ਮੋਤੀ ਰਾਮ ਮਹਿਰਾ ਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੀਆਂ ਢੁੱਕਵੀਆਂ ਯਾਦਗਾਰਾਂ ਵੀ ਬਣਾਈਆਂ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜ ਵਿਚ ਨਸ਼ਿਆਂ ਦੇ ਖਤਰੇ ਨੂੰ ਰੋਕਣ ਵਾਸਤੇ ਸਰਕਾਰ ਨਸ਼ੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਪੇਸ਼ ਆ ਰਹੀ ਹੈ। ਰਾਜ ਅਤੇ ਇਸ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਭਰੇ ਇਤਿਹਾਸ ਨੂੰ ਯਾਦ ਕਰਦਿਆਂ ਉਪ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਪੰਜਾਬ ਵਿਚ ਬਣੀ ਤਾਂ ਸਮਾਜ ਦੇ ਸਾਰੇ ਵਰਗਾਂ ਦੀ ਬਿਹਤਰੀ ਹੋਈ।
________________________________________
ਕਾਂਗਰਸ ਵੱਲੋਂ ਬਾਦਲਾਂ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ
ਆਨੰਦਪੁਰ ਸਾਹਿਬ: ਆਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਮੌਕੇ ਕਾਂਗਰਸ ਵੱਲੋਂ ਪੰਜ ਪਿਆਰਾ ਪਾਰਕ ਸਾਹਮਣੇ ਰਾਜਸੀ ਕਾਨਫਰੰਸ ਕੀਤੀ ਗਈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਨਿਯੁਕਤੀ ਤੋਂ ਬਾਅਦ ਆਪਣੀ ਪਹਿਲੀ ਰਾਜਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਜ ਦੇ ਲੋਕ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਹਨ ਜਿਸ ਦਾ ਜਵਾਬ ਉਹ ਲੋਕ ਸਭਾ ਚੋਣਾਂ ਵਿਚ ਦੇਣਗੇ।
ਪੰਜਾਬ ਦੀ ਜਨਤਾ ਉਨ੍ਹਾਂ ਚੋਣਾਂ ਵਿਚ ਅਕਾਲੀਆਂ ਨੂੰ ਦੁਬਾਰਾ ਸੱਤਾ ਵਿਚ ਲਿਆਉਣ ਦੀ ਗਲਤੀ ਦਾ ਪਛਤਾਵਾ ਜ਼ਰੂਰ ਕਰੇਗੀ। ਇਸ ਕਾਨਫਰੰਸ ਵਿਚ ਭਾਵੇਂ ਰੋਪੜ ਤੇ ਨਵਾਂ ਸ਼ਹਿਰ ਇਲਾਕਿਆਂ ਦੇ ਆਗੂ ਹਾਜ਼ਰ ਸਨ ਪਰ ਕੈਪਟਨ ਅਮਰਿੰਦਰ ਸਿੰਘ ਤੇ ਰਾਜਿੰਦਰ ਕੌਰ ਭੱਠਲ ਵਰਗੇ ਆਗੂ ਗ਼ੈਰ-ਹਾਜ਼ਰ ਰਹੇ। ਸ਼ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਮੋਰਚਾ ਖੋਲ੍ਹੇਗੀ ਜਿਸ ਦਾ ਆਗ਼ਾਜ਼ ਹਫਤੇ ਦੇ ਅੰਦਰ-ਅੰਦਰ ਜ਼ਿਲ੍ਹਾ ਰੂਪਨਗਰ ਤੋਂ ਕੀਤਾ ਜਾਵੇਗਾ।
ਪੰਜਾਬ ਵਿਚ ਰੇਤਾ ਤੇ ਬਜਰੀ ਦੀ ਬਲੈਕ ਵੱਡੇ ਪੱਧਰ ‘ਤੇ ਹੋ ਰਹੀ ਹੈ ਤੇ ਇਸ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰਾਜ ਅੰਦਰ ਨਸ਼ੇ ਵੇਚਣ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਹੈ। ਹਰੇਕ ਪਿੰਡ ਵਿਚ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ। ਅਫੀਮ, ਭੁੱਕੀ, ਚਰਸ, ਸਮੈਕ ਤੇ ਹੋਰ ਮਹਿੰਗੇ ਨਸ਼ਿਆਂ ਦੀ ਵੱਡੇ ਪੱਧਰ ‘ਤੇ ਤਸਕਰੀ ਹੋ ਰਹੀ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਚ ਗਰਕ ਕੀਤਾ ਜਾ ਰਿਹਾ ਹੈ।
ਸ਼ ਬਾਜਵਾ ਨੇ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰਦਿਆਂ ਆਖਿਆ ਕਿ ਮਰਹੂਮ ਪ੍ਰਤਾਪ ਸਿੰਘ ਕੈਰੋਂ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਵੇਲੇ ਪੰਜਾਬ ਪੂਰੇ ਭਾਰਤ ਅੰਦਰ ਪਹਿਲੇ ਨੰਬਰ ‘ਤੇ ਹੁੰਦਾ ਸੀ ਹੁਣ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਰਾਜ ਵਿਚ 12ਵੇਂ ਨੰਬਰ ‘ਤੇ ਹੈ। ਰਾਜ ਅੰਦਰ ਬੇਰੁਜ਼ਗਾਰੀ ਵਧੀ ਹੈ ਤੇ ਕਿਸਾਨ ਗਰੀਬ ਹੁੰਦਾ ਜਾ ਰਿਹਾ ਹੈ। ਹੁਣ ਧੀਆਂ-ਭੈਣਾਂ ਦੀ ਸੁਰੱਖਿਆ ‘ਤੇ ਵੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਉਨ੍ਹਾਂ ਪੰਜਾਬ ਅੰਦਰ ਗੁੰਡਾ ਰਾਜ ਦੀ ਗੱਲ ਕਰਦਿਆਂ ਆਖਿਆ ਕਿ ਇਥੇ ਇੱਕ ਪਿਤਾ ਵੀ ਆਪਣੀ ਧੀ ਦੀ ਰਾਖੀ ਨਹੀਂ ਕਰ ਸਕਦਾ। ਕੋਈ ਬੰਦਾ ਆਪਣੇ ਘਰ ਵੀ ਸੁਰੱਖਿਅਤ ਨਹੀਂ ਰਿਹਾ। ਗੁੰਡੇ ਘਰਾਂ ਅੰਦਰ ਵੜ ਕੇ ਹਮਲੇ ਕਰ ਰਹੇ ਹਨ, ਪਰ ਸਰਕਾਰ ਕੁਝ ਨਹੀਂ ਕਰ ਰਹੀ।
_________________________________________
ਅਕਾਲੀ ਦਲ (ਅ) ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਆਨੰਦਪੁਰ ਸਾਹਿਬ: ਹੋਲਾ ਮਹੱਲਾ ਮੇਲੇ ਮੌਕੇ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਸਰੋਵਰ ਦੇ ਨਜ਼ਦੀਕ ਕੀਤੀ ਗਈ ਕਾਨਫਰੰਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਕੋਸਿਆ। ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤਾਂ ਨਹੀ ਪੁੱਜੇ ਪਰ ਉਨ੍ਹਾਂ ਦੀ ਗੈਰਹਾਜ਼ਰੀ ਦੇ ਬਾਵਜੂਦ ਪਾਰਟੀ ਆਗੂਆਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਹੁੰਮ-ਹੁਮਾ ਕੇ ਹਾਜ਼ਰੀ ਲਵਾਈ। ਆਗੂਆਂ ਨੇ ਪੰਡਾਲ ਵਿਚ ਹਾਜ਼ਰ ਲੋਕਾਂ ਤੋਂ ਹੱਥ ਖੜ੍ਹੇ ਕਰਵਾ ਕੇ 22 ਮਤੇ ਸਰਬਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤੇ।
ਇਸ ਮੌਕੇ ਸਮੁੱਚੀ ਜਥੇਬੰਦੀ ਵੱਲੋਂ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਕਿ ਉਹ ਆਪਸੀ ਛੋਟੇ-ਮੋਟੇ ਵਖਰੇਵਿਆਂ ਨੂੰ ਪਾਸੇ ਰੱਖ ਕੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਜਮਹੂਰੀ ਸੰਘਰਸ਼ ਵਿਚ ਯੋਗਦਾਨ ਪਾਉਣ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ ਨੇ ਕੌਮ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਹੋਲੇ-ਮਹੱਲੇ ਦਾ ਸਿੱਖ ਕੌਮ ਵਿਚ ਬਹੁਤ ਵੱਡਾ ਮਹੱਤਵ ਹੈ। ਸਿੱਖਾਂ ਨਾਲ ਹੁਣ ਵੀ ਬੇਇਨਸਾਫੀਆਂ ਜਾਰੀ ਹਨ। ਸਿੱਖਾਂ ਨੂੰ ਵਿਸ਼ੇਸ ਅਦਾਲਤਾਂ ਰਾਹੀ ਫਾਂਸੀ ਅਤੇ ਉਮਰ ਕੈਦਾਂ ਦਿੱਤੀਆਂ ਜਾ ਰਹੀਆਂ ਹਨ। ਕਮਲ ਨਾਥ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਉੱਚੇ ਅਹੁਦੇ ‘ਤੇ ਬੈਠੇ ਕਾਂਗਰਸੀਆਂ ਨੂੰ ਵਜ਼ੀਰੀਆਂ ਤੇ ਹੋਰ ਅਹੁਦੇ ਵੀ ਦਿੱਤੇ ਜਾ ਰਹੇ ਹਨ ਤੇ ਇਨ੍ਹਾਂ ਨੂੰ ਕਾਨੂੰਨੀ ਮਾਰ ਤੋਂ ਬਚਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਇਸੇ ਤਰ੍ਹਾਂ ਪਾਣੀਆਂ, ਬਿਜਲੀ, ਹੈੱਡਵਰਕਸ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਨੂੰ ਦੇਣ ਪੱਖੋਂ ਪੰਜਾਬ ਨਾਲ ਘੋਰ ਬੇਇਨਸਾਫੀ ਜਾਰੀ ਹੈ। ਕਾਨਫਰੰਸ ਵਿਚ ਇਹ ਅਪੀਲ ਕੀਤੀ ਗਈ ਕਿ ਕੁਲਜਿੰਦਰ ਸਿੰਘ ਸਿੱਧੂ ਵੱਲੋਂ ਬਣਾਈ ਗਈ ਪੰਜਾਬੀ ਫਿਲਮ ‘ਸਾਡਾ ਹੱਕ’ ਜੋ ਪੰਜਾਬ ਤੇ ਸਿੱਖ ਕੌਮ ਨਾਲ ਵਾਪਰੇ ਦੁਖਾਂਤ ਦੀ ਸਹੀ ਤਸਵੀਰ ਪੇਸ਼ ਕਰਦੀ ਹੈ, ਨੂੰ ਹਰ ਪੰਜਾਬੀ ਜ਼ਰੂਰ ਦੇਖੇ। ਪਾਰਟੀ ਦੇ ਸਕੱਤਰ ਜਰਨਲ ਜਸਵੰਤ ਸਿੰਘ ਮਾਨ ਨੇ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਵੱਲ ਤਵੱਜੋ ਦੇਣ ਦੀ ਗੱਲ ਕੀਤੀ।
Leave a Reply