ਜਤਿੰਦਰ ਪਨੂੰ
ਕਿਸੇ ਬੰਦੇ ਨੇ ਕਿਸ ਪਾਰਟੀ ਵਿਚ ਜਾਣਾ ਤੇ ਕਿੰਨਾ ਚਿਰ ਉਸ ਨਾਲ ਵਫਾ ਨਿਭਾਉਣੀ ਹੈ, ਲੋਕਤੰਤਰ ਵਿਚ ਇਸ ਦੀ ਹਰ ਕਿਸੇ ਨੂੰ ਪੂਰੀ ਖੁੱਲ੍ਹ ਹੁੰਦੀ ਹੈ। ਇਸ ਦੇ ਬਾਵਜੂਦ ਪਾਰਟੀ ਵਫਾਦਾਰੀਆਂ ਬਦਲਣ ਨੂੰ ਵੀ ਆਮ ਕਰ ਕੇ ਚੰਗਾ ਨਹੀਂ ਸਮਝਿਆ ਜਾਂਦਾ ਤੇ ਪਾਰਟੀਆਂ ਬਦਲਾਉਣ ਵਾਲੇ ਬਾਰੇ ਵੀ ਲੋਕ ਕੁਝ ਚੰਗਾ ਨਹੀਂ ਸੋਚਦੇ। ਅੰਗਰੇਜ਼ੀ ਦਾ ਇੱਕ ਸ਼ਬਦ ‘ਟਰਨ-ਕੋਟ’ ਹੈ, ਜਿਸ ਦਾ ਭਾਵ ਇਹ ਹੈ ਕਿ ਇਹ ਬੰਦਾ ਦੋ-ਰੰਗਾ ਕੋਟ ਰੱਖੀ ਫਿਰਦਾ ਹੈ, ਜਿਸ ਤਰ੍ਹਾਂ ਦੀ ਪਾਰਟੀ ਨਾਲ ਸਾਂਝ ਪੈ ਜਾਵੇ, ਉਸੇ ਰੰਗ ਦਾ ਕੋਟ ਪਾ ਸਕਦਾ ਹੈ। ਇਹ ਸ਼ਬਦ ਉਦੋਂ ਬਣਿਆ ਸੀ, ਜਦੋਂ ਇੱਕ ਦੇਸ਼ ਦੀ ਫੌਜ ਨੂੰ ਭਾਰੂ ਹੁੰਦੀ ਵੇਖ ਕੇ ਇੱਕ ਛੋਟੇ ਜਿਹੇ ਯੂਰਪੀ ਰਾਜ ਦਾ ਰਾਜਾ ਉਸ ਨਾਲ ਜੁੜ ਗਿਆ ਤੇ ਉਸ ਦੇਸ਼ ਦੀ ਫੌਜ ਦੇ ਰੰਗ ਦਾ ਕੋਟ ਪਾ ਲਿਆ ਸੀ। ਕੁਝ ਚਿਰ ਪਿੱਛੋਂ ਦੂਸਰੇ ਦੇਸ਼ ਦੀ ਫੌਜ ਭਾਰੂ ਹੋਈ ਤਾਂ ਉਸ ਨੇ ਉਸ ਦੇਸ਼ ਦੀ ਫੌਜ ਦੇ ਰੰਗ ਦਾ ਕੋਟ ਬਣਵਾ ਲਿਆ। ਇਸ ਤਰ੍ਹਾਂ ਦੋ-ਤਿੰਨ ਵਾਰੀ ਹੋਈ ਤਾਂ ਉਸ ਦੇ ਮਨ ਵਿਚ ਖਿਆਲ ਆਇਆ ਕਿ ਵਾਰ-ਵਾਰ ਨਵੇਂ ਕੋਟ ਬਣਵਾਉਣ ਦਾ ਸਿਆਪਾ ਮੁਕਾ ਦੇਣਾ ਚਾਹੀਦਾ ਹੈ, ਇਸ ਲਈ ਉਸ ਨੇ ਆਪਣੇ ਦਰਜ਼ੀ ਨੂੰ ਕਿਹਾ ਕਿ ਅੰਦਰ ਤੇ ਬਾਹਰ ਦੋ ਰੰਗ ਇਸ ਤਰ੍ਹਾਂ ਹੋਣੇ ਚਾਹੀਦੇ ਹਨ ਕਿ ਉਲਟਾ ਕਰ ਕੇ ਪਾਇਆ ਵੀ ਸਿੱਧਾ ਹੀ ਜਾਪੇ। ਫਿਰ ਉਸ ਰਾਜੇ ਨੇ ਉਹ ਦੋ-ਰੰਗਾ ਕੋਟ ਬਣਵਾ ਕੇ ਰੱਖ ਲਿਆ ਤੇ ਜਦੋਂ ਪਾਸਾ ਬਦਲਣਾ ਪੈਂਦਾ, ਆਪਣੇ ਕੋਟ ਦਾ ਪਾਸਾ ਵੀ ਪਲਟ ਲੈਂਦਾ ਸੀ, ਜਿਸ ਕਰ ਕੇ ਉਸ ਦਾ ਨਾਂ ‘ਟਰਨ-ਕੋਟ’ ਪਾ ਦਿੱਤਾ ਗਿਆ ਸੀ।
ਸਾਡੇ ਪੰਜਾਬ ਵਿਚ ਵੀ ਇੱਕ ਏਦਾਂ ਦਾ ਬੰਦਾ ਹੁੰਦਾ ਸੀ। ਉਸ ਦਾ ਅਸਲੀ ਨਾਂ ਭਾਵੇਂ ਬਹਿਰਾਮ ਜੰਗ ਸੀ, ਪਰ ਸ਼ੁੱਕਰਵਾਰ (ਜਿਸ ਨੂੰ ਅਰਬੀ ਵਿਚ ‘ਅਦੀਨਾ’ ਕਹਿੰਦੇ ਹਨ) ਵਾਲੇ ਦਿਨ ਪੈਦਾ ਹੋਣ ਕਰ ਕੇ ਇਸ ਦਾ ਨਾਂ ਅਦੀਨਾ ਬੇਗ ਪੈ ਗਿਆ ਸੀ। ਅੱਜ ਕੱਲ੍ਹ ਕਿਸੇ ਨੂੰ ਪਾਰਟੀ ਬਦਲਣ ਵਾਲਾ ਕਹਿਣਾ ਹੋਵੇ ਤਾਂ ਦਲ-ਬਦਲੂ ਕਿਹਾ ਜਾਂਦਾ ਹੈ, ਪਰ ਚਿਰਾਂ ਤੱਕ ਇਸ ਦੀ ਬਜਾਏ ‘ਅਦੀਨਾ ਬੇਗ’ ਸ਼ਬਦ ਪੰਥਕ ਸਿਆਸਤ ਵਿਚ ਚੱਲਦਾ ਰਿਹਾ ਸੀ। ਕਾਰਨ ਇਸ ਦਾ ਇਹ ਸੀ ਕਿ ਅਦੀਨਾ ਬੇਗ ਨੇ ਆਪਣੇ ਸਮੇਂ ਦੋ ਵਾਰੀ ਸਿੱਖਾਂ ਨਾਲ ਰਲ ਕੇ ਮੁਗਲਾਂ ਦੇ ਖਿਲਾਫ ਲੜਾਈ ਲੜੀ ਤੇ ਤਿੰਨ ਵਾਰੀ ਮੁਗਲਾਂ ਨਾਲ ਰਲ ਕੇ ਸਿੱਖਾਂ ਦੇ ਖਿਲਾਫ ਲੜ ਚੁੱਕਾ ਸੀ। ਚੱਲਦੀ ਜੰਗ ਦੌਰਾਨ ਵੀ ਉਸ ਦਾ ਰਤਾ ਜਿੰਨਾ ਭਰੋਸਾ ਨਹੀਂ ਸੀ ਹੁੰਦਾ ਕਿ ਉਹ ਅੰਤ ਤੱਕ ਨਾਲ ਨਿਭੇਗਾ ਜਾਂ ਫੈਸਲੇ ਦੀ ਘੜੀ ਦੂਸਰੀ ਧਿਰ ਨਾਲ ਰਲ ਕੇ ਜਿਨ੍ਹਾਂ ਦੇ ਨਾਲ ਤੁਰਿਆ ਸੀ, ਉਨ੍ਹਾਂ ਦੇ ਖਿਲਾਫ ਤਲਵਾਰ ਘੁੰਮਾ ਦੇਵੇਗਾ। ਸਾਡੇ ਪੰਜਾਬ ਦੀ ਅੱਜ ਦੀ ਰਾਜਨੀਤੀ ਜਿੰਨੇ ਰੰਗ ਵਿਖਾਈ ਜਾਂਦੀ ਹੈ, ਇਸ ਵਿਚ ਵੀ ਨਾਲ ਤੁਰੇ ਜਾਂਦੇ ਬੰਦਿਆਂ ਵਿਚੋਂ ‘ਅਦੀਨਾ ਬੇਗ’ ਤੇ ‘ਟਰਨ-ਕੋਟ’ ਲੱਭਣ ਦੀ ਲੋੜ ਹਰ ਕਿਸੇ ਨੂੰ ਪੈਂਦੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਨੀਲੀ ਤੇ ਚਿੱਟੀ ਦੋਵੇਂ ਪੱਗਾਂ ਆਪਣੇ ਬੈਗ ਵਿਚ ਰੱਖੀਆਂ ਹੁੰਦੀਆਂ ਹਨ।
ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀ, ਉਸ ਨੇ ਕਮਿਊਨਿਸਟ ਪਾਰਟੀ ਨਾਲ ਜ਼ਰਾ ਜਿੰਨੀ ਨਾਰਾਜ਼ਗੀ ਕਾਰਨ ਉਸ ਦੇ ਦੋਵੇਂ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਅਤੇ ਨੱਥੂ ਰਾਮ ਆਪਣੇ ਨਾਲ ਜੋੜ ਲਏ ਸਨ। ਗੁਰਜੰਟ ਸਿੰਘ ਤਾਂ ਪਹਿਲਾਂ ਵੀ ਕਾਂਗਰਸੀ ਸੀ ਤੇ ਜਦੋਂ ਸਮਝੌਤੇ ਵਿਚ ਕਾਂਗਰਸ ਪਾਰਟੀ ਨੇ ਕਮਿਊਨਿਸਟ ਪਾਰਟੀ ਲਈ ਉਹੋ ਸੀਟ ਛੱਡ ਦਿੱਤੀ, ਜਿੱਥੋਂ ਉਹ ਲੜਨਾ ਚਾਹੁੰਦਾ ਸੀ ਤਾਂ ਰਾਤੋ-ਰਾਤ ਡੈਪੂਟੇਸ਼ਨ ਉਤੇ ਜਾਂਦੇ ਸਰਕਾਰੀ ਅਫਸਰਾਂ ਵਾਂਗ ਸੀ ਪੀ ਆਈ ਵਿਚ ਆ ਗਿਆ ਸੀ ਤੇ ਜਦੋਂ ਪਿੱਛੋਂ ਸੱਦਾ ਆ ਗਿਆ, ਕਾਂਗਰਸ ਵਿਚ ਪਰਤ ਗਿਆ ਸੀ। ਨੱਥੂ ਰਾਮ ਦੇ ਜਾਣ ਦਾ ਕਮਿਊਨਿਸਟਾਂ ਨੂੰ ਦੁੱਖ ਸੀ। ਉਸ ਦਾ ਬਾਪ ਕਿਰਤੀਆਂ ਨਾਲ ਕਿਰਤੀ ਹੁੰਦਾ ਸੀ। ਆਪਣੇ ਨੇਕ ਬਾਪ ਦਾ ਨਾਂ ਵੀ ਨੱਥੂ ਰਾਮ ਦੀ ਦਲ-ਬਦਲੀ ਨੇ ਰੋਲ ਦਿੱਤਾ, ਪਰ ਉਸ ਤੋਂ ਵੱਧ ਇਹ ਬੇਭਰੋਸਗੀ ਪੈਦਾ ਹੋਈ ਕਿ ਅੱਗੇ ਤੋਂ ਜਦੋਂ ਵੀ ਕਮਿਊਨਿਸਟਾਂ ਤੇ ਕਾਂਗਰਸ ਦਾ ਸਮਝੌਤਾ ਹੋਣ ਲੱਗਾ, ਹਰ ਵਾਰੀ ਗੁਰਜੰਟ ਸਿੰਘ ਤੇ ਨੱਥੂ ਰਾਮ ਦੀ ਗੱਲ ਸਮਝੌਤੇ ਦੀ ਦਾਲ ਦਾ ਕੋਕੜੂ ਬਣ ਜਾਂਦੀ ਰਹੀ। ਇਹ ਕੈਪਟਨ ਅਮਰਿੰਦਰ ਸਿੰਘ ਦੀ ਬੱਜਰ ਭੁੱਲ ਸੀ, ਜਿਹੜੀ ਉਸ ਦੇ ਨਾਲਾਇਕ ਸਲਾਹਕਾਰਾਂ ਨੇ ਉਸ ਕੋਲੋਂ ਕਰਵਾਈ ਸੀ ਤੇ ਹੁਣ ਤੱਕ ਉਸ ਭੁੱਲ ਉਤੇ ਪੋਚਾ ਨਹੀਂ ਵੱਜ ਸਕਿਆ।
ਅੱਜ ਕੱਲ੍ਹ ਇਹੋ ਜਿਹੀਆਂ ਗੱਲਾਂ ਅਕਾਲੀ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਦੂਸਰੀਆਂ ਪਾਰਟੀਆਂ ਦੇ ਬੰਦੇ ਤੋੜ ਕੇ ਅਕਾਲੀ ਦਲ ਵਿਚ ਲਿਆਉਣ ਦਾ ਜਿਹੜਾ ਸਿਲਸਿਲਾ ਲਗਾਤਾਰ ਚੱਲਦਾ ਦਿੱਸਦਾ ਹੈ, ਇਹ ਖੇਡ ਕੋਈ ਹੁਣ ਨਹੀਂ ਸ਼ੁਰੂ ਹੋਈ। ਇਸ ਦਾ ਮੁੱਢ ਦਸ ਸਾਲ ਪਹਿਲਾਂ ਉਦੋਂ ਹੀ ਬੱਝ ਗਿਆ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਸਫ ਵਲ੍ਹੇਟ ਕੇ ਅਕਾਲੀ-ਭਾਜਪਾ ਗੱਠਜੋੜ ਦੀ ਦੂਸਰੀ ਸਰਕਾਰ ਅੱਗੇ ਆਈ ਸੀ। ਅਕਾਲੀ ਆਗੂਆਂ ਦੀ ਇਸ ਨੀਤੀ ਦਾ ਪਹਿਲਾ ਵਾਰ ਕਾਂਗਰਸੀਆਂ ਜਾਂ ਕਿਸੇ ਹੋਰ ਉਤੇ ਨਹੀਂ, ਪੰਜਾਬ ਵਿਚ ਅਕਾਲੀਆਂ ਦੀ ਇਕਲੌਤੀ ਭਾਈਵਾਲ ਭਾਰਤੀ ਜਨਤਾ ਪਾਰਟੀ ਉਤੇ ਹੋਇਆ ਸੀ। ਮਾਮਲਾ ਨਗਰ ਨਿਗਮਾਂ ਦੀਆਂ ਚੋਣਾਂ ਵਿਚ ਜਿੱਤ ਗਏ ਬਾਗੀ ਕੌਂਸਲਰਾਂ ਦਾ ਸੀ। ਜਿਹੜੇ ਬੰਦੇ ਭਾਜਪਾ ਤੋਂ ਬਾਗੀ ਹੋ ਕੇ ਜਿੱਤੇ, ਉਹ ਭਾਜਪਾ ਵਿਚ ਮੁੜਨਾ ਚਾਹੁੰਦੇ ਤਾਂ ਗੱਲ ਹੋਰ ਸੀ, ਪਰ ਉਨ੍ਹਾਂ ਨੂੰ ਜੋੜ ਕੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ (ਉਦੋਂ ਅਜੇ ਉਹ ਇਸ ਪਾਰਟੀ ਦਾ ਪ੍ਰਧਾਨ ਨਹੀਂ ਸੀ ਬਣਿਆ) ਨੇ ਜਲੰਧਰ ਵਿਚ ਇੱਕ ਪ੍ਰੈਸ ਕਾਨਫਰੰਸ ਲਾ ਕੇ ਐਲਾਨ ਕਰ ਦਿੱਤਾ ਕਿ ਮੇਅਰ ਅਕਾਲੀ ਦਲ ਦਾ ਬਣਨਾ ਚਾਹੀਦਾ ਹੈ। ਇਸ ਨਿਗਮ ਵਿਚ ਸੀਟਾਂ ਦੀ ਵੰਡ ਵਿਚ ਭਾਜਪਾ ਅੱਗੇ ਸੀ, ਜਿੱਤੀਆਂ ਸੀਟਾਂ ਵੀ ਭਾਜਪਾ ਦੀਆਂ ਦੋ ਵੱਧ ਸਨ, ਪਰ ਜਦੋਂ ਭਾਜਪਾ ਦੇ ਬਾਗੀ ਹੋ ਕੇ ਜਿੱਤੇ ਹੋਏ ਚਾਰ ਕੌਂਸਲਰ ਅਕਾਲੀ ਦਲ ਵਿਚ ਆ ਗਏ ਤਾਂ ਉਨ੍ਹਾਂ ਦੇ ਭਾਜਪਾ ਤੋਂ ਦੋ ਮੈਂਬਰ ਵਧ ਗਏ ਸਨ। ਸਿੱਧੇ ਜਿੱਤ ਕੇ ਅਕਾਲੀ ਦਲ ਦੇ ਵੱਧ ਮੈਂਬਰ ਆ ਗਏ ਹੁੰਦੇ ਤਾਂ ਹੋਰ ਗੱਲ ਸੀ ਪਰ ਭਾਜਪਾ ਦੇ ਬਾਗੀ ਮਿਲਾ ਕੇ ਘੱਟ-ਗਿਣਤੀ ਨੂੰ ਬਹੁ-ਗਿਣਤੀ ਬਣਾਉਣ ਤੋਂ ਭਾਜਪਾ ਵਾਲੇ ਤੜਫ ਉਠੇ ਸਨ। ਉਨ੍ਹਾਂ ਨੇ ਜਾ ਕੇ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕੀਤੀ ਤੇ ਵੱਡੇ ਬਾਦਲ ਸਾਹਿਬ ਨੇ ਜਲੰਧਰ ਆਣ ਕੇ ਐਲਾਨ ਕੀਤਾ ਸੀ ਕਿ ਇਹ ਬਾਗੀ ਕੌਂਸਲਰ ਅਕਾਲੀ ਦਲ ਵਿਚ ਸ਼ਾਮਲ ਨਹੀਂ ਕੀਤੇ ਜਾਣਗੇ। ਇੰਜ ਉਹ ਅਕਾਲੀ ਦਲ ਦੇ ਮੈਂਬਰ ਬਣਨ ਪਿੱਛੋਂ ਵੀ ਬਾਹਰ ਕਰਨੇ ਪੈ ਗਏ ਸਨ ਤੇ ਭਾਜਪਾ ਨਾਲ ਸਮਝੌਤਾ ਕਾਇਮ ਰਹਿ ਗਿਆ ਸੀ।
ਹੁਣ ਹਾਲਤ ਵੱਖਰੀ ਤਰ੍ਹਾਂ ਦੀ ਹੈ। ਅਕਾਲੀ ਦਲ ਦੂਸਰੀਆਂ ਪਾਰਟੀਆਂ ਦੇ ਬੰਦੇ ਆਪਣੇ ਵਿਚ ਰਲਾਉਣ ਲਈ ਇੱਕ ਬਾਕਾਇਦਾ ਮੁਹਿੰਮ ਚਲਾ ਰਿਹਾ ਜਾਪਦਾ ਹੈ। ਆਏ ਦਿਨ ਇੱਕ ਜਾਂ ਦੂਸਰਾ ਸਾਬਕਾ ਵਿਧਾਇਕ ਜਾਂ ਫਿਰ ਸਾਬਕਾ ਮੰਤਰੀ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਜਾ ਰਿਹਾ ਹੈ। ਇਹ ਸਾਰੇ ਜਾਂ ਤਾਂ ਟਰਨ-ਕੋਟ ਹਨ ਜਾਂ ਫਿਰ ਅਦੀਨਾ ਬੇਗ ਕਹੇ ਜਾ ਸਕਦੇ ਹਨ। ਮੋਗੇ ਵਾਲੇ ਜੋਗਿੰਦਰ ਪਾਲ ਜੈਨ ਨੇ ਅਕਾਲੀ ਬਣ ਕੇ ਕਾਂਗਰਸ ਵਾਲੀ ਜਿੱਤੀ ਸੀਟ ਛੱਡ ਕੇ ਜਦੋਂ ਦੋਬਾਰਾ ਚੋਣ ਲੜੀ ਤਾਂ ਉਸ ਨੇ ਕਈ ਜਲਸਿਆਂ ਵਿਚ ਸਾਫ ਕਿਹਾ ਸੀ ਕਿ ਉਸ ਨੂੰ ਅਕਾਲੀ ਇਸ ਲਈ ਬਣਨਾ ਪਿਆ ਕਿ ਕਾਂਗਰਸੀ ਹੋਣ ਕਰ ਕੇ ਉਸ ਦੇ ਹਲਕੇ ਦਾ ਵਿਕਾਸ ਨਹੀਂ ਸੀ ਹੋ ਰਿਹਾ। ਇਹ ਸਿੱਧਾ ਦੋਸ਼ ਸੀ ਕਿ ਸਰਕਾਰ ਪੱਖ-ਪਾਤ ਕਰਦੀ ਹੈ ਤੇ ਦੋਸ਼ ਉਹ ਬੰਦਾ ਲਾ ਰਿਹਾ ਸੀ, ਜਿਸ ਨੂੰ ਅਕਾਲੀ ਬਣੇ ਨੂੰ ਹਾਲੇ ਚਾਰ ਹਫਤੇ ਨਹੀਂ ਸੀ ਹੋਏ। ਜਿਹੜੀ ਗੱਲ ਉਸ ਨੇ ਲੋਕਾਂ ਦੇ ਸਾਹਮਣੇ ਨਹੀਂ ਰੱਖੀ, ਉਹ ਇਹ ਹੈ ਕਿ ਉਸ ਨੇ ਅਦਾਲਤ ਵਿਚ ਲਿਖ ਕੇ ਦਿੱਤਾ ਹੋਇਆ ਹੈ ਕਿ ਉਸ ਦੇ ਖਿਲਾਫ, ਉਸ ਦੀ ਪਤਨੀ, ਦੋ ਪੁੱਤਰਾਂ ਤੇ ਧੀ ਦੇ ਖਿਲਾਫ ਜਿਹੜੇ ਕੇਸ ਚੱਲ ਰਹੇ ਹਨ, ਉਹ ਅਕਾਲੀ ਆਗੂਆਂ ਨੇ ਰਾਜਸੀ ਕਿੜ ਕੱਢਣ ਲਈ ਬਣਾਏ ਹਨ। ਜੇ ਉਹ ਕਾਂਗਰਸ ਵਿਚ ਰਹਿੰਦਾ ਤਾਂ ਸਿਰਫ ਮੋਗੇ ਦੇ ਵਿਕਾਸ ਪੱਖੋਂ ਪਛੜ ਜਾਣ ਦੀ ਗੱਲ ਨਹੀਂ, ਉਸ ਦੇ ਨੇੜਲੇ ਜਾਣਕਾਰਾਂ ਦੇ ਦੱਸਣ ਮੁਤਾਬਕ ਇਹ ਕੇਸਾਂ ਦੀ ਕੁੜਿੱਕੀ ਵੀ ਦਿਨੋਂ-ਦਿਨ ਹੋਰ ਸਖਤ ਹੋਈ ਜਾਂਦੀ ਸੀ ਤੇ ਅਕਾਲੀ ਆਗੂਆਂ ਨੇ ਉਸ ਨੂੰ ਅਕਾਲੀ ਬਣਨ ਦੀ ਸੂਰਤ ਵਿਚ ਰਾਹਤ ਦਿਵਾਉਣ ਦਾ ਭਰੋਸਾ ਦਿੱਤਾ ਸੀ। ਕੇਸਾਂ ਤੋਂ ਸਾਹ ਅਜੇ ਵੀ ਸੌਖਾ ਨਹੀਂ ਹੋਇਆ, ਘਰ ਵਾਲੀ, ਪੁੱਤਰਾਂ ਤੇ ਧੀ ਦੇ ਵਾਰੰਟ ਉਵੇਂ ਹੀ ਬਣੇ ਫਿਰਦੇ ਹਨ, ਪਰ ਬੰਦੇ ਉਤੇ ਅਦੀਨਾ-ਬੇਗੀ ਕਰ ਜਾਣ ਦਾ ਠੱਪਾ ਲੱਗ ਗਿਆ ਹੈ।
ਅੱਜ ਕੱਲ੍ਹ ਹੋਰ ਵੀ ਕਈ ਆਗੂ ਵੱਖ-ਵੱਖ ਪਾਰਟੀਆਂ ਦਾ ਪੱਲਾ ਛੱਡ ਕੇ ਅਕਾਲੀ ਦਲ ਵਿਚ ਆਈ ਜਾਂਦੇ ਹਨ ਤੇ ਇੱਕ ਉਹ ਬੰਦਾ ਵੀ ਅਕਾਲੀ ਦਲ ਵਿਚ ਆ ਗਿਆ ਹੈ, ਜਿਸ ਨੇ ਪਿਛਲੇ ਸਾਲ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚੋਣ ਲੜੀ ਸੀ। ਇਹ ਕੋਈ ਖਾਸ ਗੱਲ ਨਹੀਂ। ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਬਣਿਆ ਸੀ, ਉਸ ਚੋਣ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਕਾਲੀ ਆਗੂ ਹੋਣ ਦੇ ਬਾਵਜੂਦ ਕਾਂਗਰਸ ਹਾਈ ਕਮਾਂਡ ਦੇ ਅੰਦਰ ਏਨੀ ਘੁਸਪੈਠ ਹੁੰਦੀ ਸੀ ਕਿ ਇੱਕ ਉਮੀਦਵਾਰ ਉਸ ਨੇ ਆਪਣੇ ਮੁਕਾਬਲੇ ਆਪਣੀ ਮਰਜ਼ੀ ਵਾਲਾ ਖੜਾ ਕਰਵਾ ਲਿਆ ਸੀ। ਸੁਖਬੀਰ ਸਿੰਘ ਦੇ ਹੱਥ ਕੈਪਟਨ ਅਮਰਿੰਦਰ ਸਿੰਘ ਤੋਂ ਘੱਟ ਲੰਮੇ ਨਹੀਂ, ਉਹ ਦੂਸਰੀਆਂ ਪਾਰਟੀਆਂ ਦੇ ਅੰਦਰ ਤੱਕ ਦੀ ਰਾਜਨੀਤੀ ਵਿਚ ਇਹੋ ਜਿਹੀਆਂ ਕੁੰਡੀਆਂ ਪਾ ਸਕਦਾ ਹੈ ਕਿ ਆਪਣੇ ਖਿਲਾਫ ਉਮੀਦਵਾਰ ਕਿਸ ਨੂੰ ਖੜਾ ਕਰਨਾ ਹੈ, ਇਹ ਫੈਸਲਾ ਵੀ ਆਪਣੀ ਮਰਜ਼ੀ ਮੁਤਾਬਕ ਕਰਵਾ ਸਕੇ। ਪੀਪਲਜ਼ ਪਾਰਟੀ ਦਾ ਜਿਹੜਾ ਅਹੁਦੇਦਾਰ ਚੋਣਾਂ ਵੇਲੇ ਪਾਰਟੀ ਦੇ ਦਫਤਰ ਨੂੰ ਸੰਭਾਲਦਾ ਹੁੰਦਾ ਸੀ ਤੇ ਹਰ ਮਾਮਲੇ ਵਿਚ ਫੈਸਲਾ ਕਰਨ ਵਾਲੀ ਟੀਮ ਵਿਚ ਸ਼ਾਮਲ ਸੀ, ਉਹ ਪਿਛਲੇ ਹਫਤੇ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਚਲਾ ਗਿਆ ਹੈ। ਇਹ ਰਾਤੋ-ਰਾਤ ਦੀ ਗੱਲ ਨਹੀਂ, ਪਿਛਲੇ ਸਾਲ ਚੋਣਾਂ ਦੇ ਦਿਨਾਂ ਵਿਚ ਮਿਲੀਆਂ ਤੰਦਾਂ ਦਾ ਕ੍ਰਿਸ਼ਮਾ ਹੋ ਸਕਦਾ ਹੈ। ਅਗਲੇ ਦਿਨਾਂ ਵਿਚ ਇਹੋ ਜਿਹੇ ਕੁਝ ਹੋਰ ਬੰਦੇ ਓਧਰ ਨੂੰ ਜਾ ਸਕਦੇ ਹਨ, ਪਰ ਉਹ ਅਕਾਲੀ ਲੀਡਰਾਂ ਦੇ ਵੀ ਪੱਕੇ ਵਫਾਦਾਰ ਨਹੀਂ ਹੋਣੇ। ‘ਜਿਨ ਲਾਈ ਗੱਲੀਂ, ਓਸੇ ਨਾਲ ਤੁਰ ਚੱਲੀ’ ਦੀ ਗੱਲ ਹੀ ਨਹੀਂ, ਉਨ੍ਹਾਂ ਬਾਰੇ ਦੂਸਰੀ ਗੱਲ ‘ਜਿੱਥੇ ਦੇਖੋ ਤਵਾ-ਪਰਾਤ, ਉਥੇ ਗੁਜ਼ਾਰ ਦਿਓ ਸਾਰੀ ਰਾਤ’ ਸਗੋਂ ਵੱਧ ਫਿੱਟ ਬੈਠਦੀ ਹੈ। ਕਾਂਗਰਸ ਦੇ ਤਵੇ ਉਤੇ ਇਸ ਵੇਲੇ ਰੋਟੀ ਹੈ ਨਹੀਂ ਤੇ ਪੀਪਲਜ਼ ਪਾਰਟੀ ਦਾ ਤਵਾ ਕੁਝ ਲੋਕਾਂ ਨੂੰ ਮੂਧਾ ਵੱਜ ਗਿਆ ਜਾਪਣ ਲੱਗ ਪਿਆ ਹੈ, ਇਸ ਕਰ ਕੇ ਉਹ ਉਸ ਪਾਸੇ ਨੂੰ ਦੌੜ ਰਹੇ ਹਨ, ਜਿੱਥੋਂ ਰੋਟੀ ਹੀ ਨਹੀਂ, ਪਰੌਂਠੇ ਤਲਣ ਵਰਗੀ ਖੁਸ਼ਬੂ ਆ ਰਹੀ ਹੈ। ਪਿੰਡਾਂ ਵਿਚ ਅਮਲੀ ਵੀ ਇਹੋ ਜਿਹੇ ਬੰਦਿਆਂ ਬਾਰੇ ਆਖ ਦਿੰਦੇ ਹਨ ਕਿ ਨੇਫੇ ਵਿਚ ਟੰਗੀ ਦਾਰੂ ਦੀ ਸ਼ੀਸ਼ੀ ਵਿਖਾ ਦਿਓ, ਫਿਰ ਭਾਵੇਂ ਇਨ੍ਹਾਂ ਨੂੰ ਨਾਲ ਦੇ ਪਿੰਡ ਦੇ ਸਿਵਿਆਂ ਤੋਂ ਅੱਗੇ ਤੱਕ ਤੋਰ ਕੇ ਲੈ ਜਾਓ। ਇਹੋ ਜਿਹੇ ਲੋਕਾਂ ਦੀ ਅੱਜ ਕੱਲ੍ਹ ਅਕਾਲੀਆਂ ਦੇ ਬੂਹੇ ਅੱਗੇ ਗੁੜ ਵੱਲ ਜਾਂਦੀਆਂ ਕੀੜੀਆਂ ਵਾਂਗ ਲਾਈਨ ਲੱਗੀ ਪਈ ਹੈ।
ਜ਼ਿੰਦਗੀ ਸਿਰਫ ਜਮਾਤਾਂ ਆਸਰੇ ਅਕਲ ਦੀਆਂ ਪੌੜੀਆਂ ਨਹੀਂ ਚੜ੍ਹਦੀ, ਇਸ ਵਿਚ ਵਰ੍ਹਿਆਂ ਦਾ ਵੀ ਯੋਗਦਾਨ ਹੁੰਦਾ ਹੈ। ਬੁੱਢਾ ਸੰਦੂਕ ਵਿਚ ਪਾ ਕੇ ਬਰਾਤ ਨਾਲ ਲੈ ਜਾਣ ਦੀ ਕਹਾਣੀ ਪੰਜਾਬ ਵਿਚ ਐਵੇਂ ਨਹੀਂ ਬਣੀ। ਇਸ ਦੇ ਪਿੱਛੇ ਇਹ ਦਲੀਲ ਹੈ ਕਿ ਸਾਲਾਂ-ਬੱਧੀ ਠੇਡੇ ਖਾ ਕੇ ਜਿਸ ਨੂੰ ਧੌਲੇ ਆਏ ਹੋਣ, ਉਸ ਨੂੰ ਕਿਤਾਬੀ ਗਿਆਨ ਨਾਲੋਂ ਅਭਿਆਸੀ ਗਿਆਨ ਵੱਧ ਹੁੰਦਾ ਹੈ। ਸੰਤ ਸਿੰਘ ਮਸਕੀਨ ਕਹਿੰਦੇ ਸਨ ਕਿ ਕਿਤਾਬੀ ਗਿਆਨ ਤੇ ਅਭਿਆਸੀ ਗਿਆਨ ਦਾ ਆਪਣੇ ਢਿੱਡੋਂ ਜੰਮੇ ਪੁੱਤਰ ਤੇ ਮੁਤਬੰਨੇ ਜਿੰਨਾ ਫਰਕ ਹੁੰਦਾ ਹੈ। ਕਿਤਾਬੀ ਗਿਆਨ ਛੋਟੇ ਬਾਦਲ ਦੇ ਕੋਲ ਹੀ ਵੱਧ ਹੋਊਗਾ, ਪਰ ਜਿਹੜਾ ਅਭਿਆਸੀ ਗਿਆਨ ਬਾਪੂ ਬਾਦਲ ਦੇ ਕੋਲ ਹੈ, ਅਕਾਲੀ ਲੀਡਰਸ਼ਿਪ ਨੂੰ ਉਸ ਦੀ ਵਰਤਣ ਦੀ ਲੋੜ ਕਿਸੇ ਵੀ ਹੋਰ ਸਮੇਂ ਤੋਂ ਵੱਧ ਇਸ ਵੇਲੇ ਹੈ। ਉਨ੍ਹਾਂ ਦੀ ਜਾਣਕਾਰੀ ਲਈ ਦੀਵਾਨ ਜਰਮਨੀ ਦਾਸ ਦੀ ਕਿਤਾਬ ‘ਮਹਾਰਾਜਾ’ ਵਿਚ ਇੱਕ ਕ੍ਰਿਕਟ ਮੈਚ ਦਾ ਜ਼ਿਕਰ ਹੈ, ਜਿਸ ਵਿਚ ਪਟਿਆਲੇ ਘਰਾਣੇ ਦਾ ਯੁਵਰਾਜ ਯਾਦਵਿੰਦਰ ਚੌਕੇ ਲਾਈ ਜਾਂਦਾ ਸੀ ਤੇ ਗੋਰੇ ਖਿਡਾਰੀ ਦੌੜਨ ਦਾ ਸਾਂਗ ਜਿਹਾ ਕਰ ਕੇ ਗੇਂਦ ਲੰਘਾਈ ਜਾਂਦੇ ਸਨ। ਜਦੋਂ ਲੋਕ ਹੂਟਿੰਗ ਕਰਨ ਲੱਗੇ ਤਾਂ ਯੁਵਰਾਜ ਯਾਦਵਿੰਦਰ, ਜਿਸ ਨੂੰ ‘ਯੂ ਵੀ’ ਕਿਹਾ ਜਾਂਦਾ ਸੀ, ਦੇ ਪਿਤਾ ਮਹਾਰਾਜਾ ਸਾਹਿਬ ਨੇ ਮੰਚ ਤੋਂ ਕੂਕ ਕੇ ਕਿਹਾ ਸੀ, ‘ਯੂ ਵੀ, ਹੋਰ ਚੌਕਾ ਨਾ ਲਾਵੀਂ।’ ਇਹ ਸਮਾਂ ਅਕਾਲੀ ਦਲ ਵਿਚ ਵੀ ਆ ਚੁੱਕਾ ਜਾਪਦਾ ਹੈ। ਬਾਪੂ ਬਾਦਲ ਨੂੰ ਹੁਣ ਆਪਣੇ ਯੁਵਰਾਜ ਨੂੰ ਕਹਿ ਦੇਣਾ ਚਾਹੀਦਾ ਹੈ; ‘ਅਦੀਨਾ-ਬੇਗਾਂ ਦੀ ਢਾਣੀ ਬਥੇਰੀ ਜੋੜ ਲਈ ਹੈ, ਹੁਣ ਕਿਸੇ ਹੋਰ ਵੱਲ ਕੁੰਡੀ ਪਾਉਣ ਤੋਂ ਗੁਰੇਜ਼ ਕਰੋ।’ ਜੇ ਕਿਤੇ ਉਹ ਏਨੀ ਗੱਲ ਕਹਿ ਦੇਣ ਤਾਂ ਆਪਣੇ ਪੁੱਤਰ ਦਾ ਭਲਾ ਵੀ ਕਰਨਗੇ ਅਤੇ ਪੰਜਾਬ ਦੀ ਰਾਜਨੀਤੀ ਨੂੰ ਅਸਲੋਂ ਖੱਡੇ ਵਿਚ ਡਿੱਗਣ ਤੋਂ ਬਚਾਉਣ ਦਾ ਇੱਕ ਨੇਕ ਕੰਮ ਵੀ ਕਰ ਦੇਣਗੇ।
Leave a Reply