ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਬਾਗੀ ਧੜੇ ਦੇ ਆਗੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਹ ਜਨਵਰੀ 2019 ਦੇ ਪਹਿਲੇ ਹਫਤੇ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਹਨ, ਜਿਸ ਕਾਰਨ ਉਹ ਨਵੇਂ ਵਰ੍ਹੇ ਦੇ ਸ਼ੁਰੂ ਵਿਚ ਆਪਣੀ ਪਾਰਟੀ ਬਣਾ ਕੇ ਸਰਗਰਮੀਆਂ ਵਿੱਢ ਦੇਣਗੇ।
ਸ੍ਰੀ ਖਹਿਰਾ ਦੇ ਇਸ ਕਥਨ ਤੋਂ ਸੰਕੇਤ ਮਿਲੇ ਹਨ ਕਿ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਲੋਕ ਸਭਾ ਦੀ ਚੋਣ ਲੜਨ ਦੇ ਰੌਂਅ ਵਿਚ ਹਨ। ਦੱਸਣਯੋਗ ਹੈ ਕਿ 8 ਦਸੰਬਰ ਨੂੰ ਬਾਗੀ ਧੜੇ ਵੱਲੋਂ ਪੰਜਾਬ ਵਿਚ ਇਨਸਾਫ ਮਾਰਚ ਸ਼ੁਰੂ ਕਰਨ ਵੇਲੇ ਸ੍ਰੀ ਖਹਿਰਾ ਨੇ ਦਾਅਵਾ ਕੀਤਾ ਸੀ ਕਿ ਉਹ 16 ਦਸੰਬਰ ਨੂੰ ਪਟਿਆਲਾ ਵਿਚ ਮਾਰਚ ਦੀ ਸਮਾਪਤੀ ਮੌਕੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰਨਗੇ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕੇ ਸਨ। ਉਹ ਪਟਿਆਲਾ ਵਿਚ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਅਤੇ ਪਾਰਟੀ ਵਿਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਦੇ ਪੰਜਾਬ ਮੰਚ ਨਾਲ ਮਿਲ ਕੇ ਕੇਵਲ ਪੰਜਾਬ ਜਮਹੂਰੀ ਗੱਠਜੋੜ ਬਣਾਉਣ ਤੱਕ ਹੀ ਸੀਮਤ ਰਹੇ ਸਨ ਅਤੇ ਮੌਕੇ ‘ਤੇ ਹੀ ਡਾਕਟਰ ਗਾਂਧੀ ਵੱਲੋਂ ਦੋ ਨੁਕਤਿਆਂ ਉਪਰ ਸ੍ਰੀ ਖਹਿਰਾ ਉਪਰ ਇਤਰਾਜ਼ ਵੀ ਉਠਾ ਦਿੱਤੇ ਸਨ।
ਸ੍ਰੀ ਖਹਿਰਾ ਨੇ ਆਪਣੀ ਧਿਰ ਦੇ 5 ਵਿਧਾਇਕਾਂ ਨਾਜ਼ਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ ਖਾਲਸਾ ਅਤੇ ਜਗਦੇਵ ਸਿੰਘ ਕਮਾਲੂ ਸਮੇਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਉਨ੍ਹਾਂ ਸਾਫ ਕੀਤਾ ਕਿ ਨਵੀਂ ਪਾਰਟੀ ਬਣਾਉਣ ਵੇਲੇ ਬਾਗੀ ਧੜੇ ਦੇ ਵਿਧਾਇਕ ਅਸਤੀਫੇ ਨਹੀਂ ਦੇਣਗੇ ਕਿਉਂਕਿ ਉਹ ਅਸਤੀਫੇ ਦੇ ਕੇ 8 ਹਲਕਿਆਂ ਵਿਚ ਜ਼ਿਮਨੀ ਚੋਣਾਂ ਕਰਵਾਉਣ ਦਾ ਸਰਕਾਰ ਉਪਰ ਬੋਝ ਨਹੀਂ ਪਾਉਣਗੇ ਅਤੇ ਨਾ ਹੀ ਅਜਿਹਾ ਕਰ ਕੇ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਬਣਨ ਦਾ ਰਾਹ ਸਾਫ਼ ਕਰਨਗੇ।
ਪ੍ਰੈੱਸ ਕਾਨਫਰੰਸ ਵਿਚ ਬਾਗੀ ਧੜੇ ਦੇ ਦੋ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਅਤੇ ਜਗਤਾਰ ਸਿੰਘ ਜੱਗਾ ਹਾਜ਼ਰ ਨਹੀਂ ਸਨ। ਸ੍ਰੀ ਖਹਿਰਾ ਨੇ ਕਿਹਾ ਕਿ ਨਵੀਂ ਪਾਰਟੀ ਜਮਹੂਰੀ ਗੱਠਜੋੜ ਦੀ ਸਹਿਮਤੀ ਨਾਲ ਹੀ ਉਸਾਰੀ ਜਾਵੇਗੀ। ਸ੍ਰੀ ਖਹਿਰਾ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਅਕਾਲੀ ਦਲ ਦੇ ਬਾਗ਼ੀ ਧੜੇ ਅਕਾਲੀ ਦਲ ਟਕਸਾਲੀ ਨਾਲ ਗੱਠਜੋੜ ਬਾਰੇ ਕੋਈ ਗੱਲ ਨਹੀਂ ਹੋਈ ਪਰ ਉਹ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਹੋਰ ਹਮਖਿਆਲ ਪਾਰਟੀਆਂ ਨਾਲ ਵੀ ਗੱਠਜੋੜ ਕਰਨ ਦਾ ਯਤਨ ਕਰਨਗੇ।
______________________________________
ਭਾਜਪਾ ਪੰਜਾਬ ਤੋਂ ਕਰੇਗੀ ‘ਮਿਸ਼ਨ 2019’ ਦਾ ਆਗਾਜ਼
ਗੁਰਦਾਸਪੁਰ: ਭਾਜਪਾ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਮੁਹਿੰਮ ਸ਼ੁਰੂ ਕਰਨ ਲਈ ਪੰਜਾਬ ਨੂੰ ਚੁਣਿਆ ਹੈ। ਇਸ ਸਬੰਧੀ ਪਹਿਲੀ ਰੈਲੀ ਗੁਰਦਾਸਪੁਰ ਦੇ ਪੁੱਡਾ ਗਰਾਊਂਡ ਵਿਚ ਕੀਤੀ ਜਾਵੇਗੀ ਜਿਸ ਨੂੰ ਸੰਬੋਧਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਰਹੇ ਹਨ। ਸੂਬੇ ਦੀ ਭਾਜਪਾ ਲੀਡਰਸ਼ਿਪ ਇਸ ਰੈਲੀ ਨੂੰ ਲੈ ਕੇ ਪੱਬਾਂ ਭਾਰ ਹੋ ਗਈ ਹੈ। ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਲਈ ਵੀ ਭਾਜਪਾ ਨੇ ਚੋਣ ਰੈਲੀਆਂ ਦੀ ਸ਼ੁਰੂਆਤ ਗੁਆਂਢੀ ਜ਼ਿਲ੍ਹਾ ਪਠਾਨਕੋਟ ਤੋਂ ਕੀਤੀ ਸੀ।
ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੇ ਪੁੱਡਾ ਗਰਾਊਂਡ ਵਿਚ ਹੋਣ ਵਾਲੀ ਰੈਲੀ ਦੀ ਜਗ੍ਹਾ ਦਾ ਜਾਇਜ਼ਾ ਲਿਆ ਤੇ ਤਿੰਨ ਜਨਵਰੀ ਨੂੰ ਹੋਣ ਵਾਲੀ ਇਸ ਰੈਲੀ ਲਈ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਚੋਣ ਰੈਲੀ ਇਕ ਮਹਾਂ ਰੈਲੀ ਹੋਵੇਗੀ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਤੋਹਫਾ ਮੋਦੀ ਸਰਕਾਰ ਨੇ ਦਿੱਤਾ ਹੈ। ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ਦੇ ਲੰਗਰ ‘ਤੇ ਲੱਗਣ ਵਾਲੇ ਜੀ.ਐਸ਼ਟੀ. ਨੂੰ ਮੁਆਫ ਕਰ ਕੇ ਉਨ੍ਹਾਂ ਪੰਜਾਬੀਆਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ 1984 ਵਿਚ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੀ ਰਹੀ ਪਰ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ ਹੈ।