ਮੁਤਵਾਜ਼ੀ ਜਥੇਦਾਰਾਂ ਵਿਚਾਲੇ ਸੁਲ੍ਹਾ-ਸਫਾਈ ਲਈ ਭੱਜ-ਨੱਠ

ਬਠਿੰਡਾ: ਬਰਗਾੜੀ ਮੋਰਚੇ ਦੀ ਸਮਾਪਤੀ ਮਗਰੋਂ ਮੁਤਵਾਜ਼ੀ ਜਥੇਦਾਰਾਂ ਵਿਚਾਲੇ ਉਭਰੇ ਮਤਭੇਦਾਂ ਨੂੰ ਦੂਰ ਕਰਨ ਲਈ ਅੰਦਰੋਂ ਅੰਦਰੀਂ ਸੁਲ੍ਹਾ ਦੇ ਯਤਨ ਸ਼ੁਰੂ ਹੋ ਗਏ ਹਨ। ਪੰਥਕ ਆਗੂ ਕਿਸੇ ਵੀ ਸੂਰਤ ਵਿਚ ਮੋਰਚੇ ਨੂੰ ਖਿੱਲਰਨ ਨਹੀਂ ਦੇਣਾ ਚਾਹੁੰਦੇ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ 10 ਜਨਵਰੀ ਨੂੰ ਫਤਹਿਗੜ੍ਹ ਸਾਹਿਬ ਵਿਚ ਮੋਰਚਾ ਮੁੜ ਸ਼ੁਰੂ ਕਰਨ ਲਈ ਐਲਾਨ ਕੀਤਾ ਹੈ ਜਦਕਿ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ 8 ਜਨਵਰੀ ਨੂੰ ਮੋਗਾ ਦੇ ਪਿੰਡ ਰਣਸੀਂਹ ਕਲਾਂ ਵਿਚ ਹੋ ਰਹੇ ਪੰਥਕ ਇਕੱਠ ਵਿਚ ਪੁੱਜ ਰਹੇ ਹਨ। ਦੋ ਹਫਤਿਆਂ ਦੇ ਸਮੇਂ ਦੌਰਾਨ ਪੰਜਾਬ ਸਰਕਾਰ ਮੰਨੀਆਂ ਮੰਗਾਂ ਨੂੰ ਅਮਲ ਵਿਚ ਲਿਆਉਂਦੀ ਹੈ ਤਾਂ ਸਾਰਾ ਮਸਲਾ ਸੁਲਝ ਜਾਣ ਦੀ ਉਮੀਦ ਹੈ। ਕੈਪਟਨ ਹਕੂਮਤ ਆਪਣੇ ਵਾਅਦੇ ਨੂੰ ਅਮਲੀ ਜਾਮਾ ਨਾ ਪਹਿਨਾ ਸਕੀ ਤਾਂ ਪੰਥਕ ਆਗੂ ਮੁਤਵਾਜ਼ੀ ਜਥੇਦਾਰਾਂ ਦੀ ਏਕਤਾ ਲਈ ਵਾਹ ਲਾਉਣਗੇ।

ਸੂਤਰ ਦੱਸਦੇ ਹਨ ਕਿ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਤਾਂ ਪੰਥਕ ਏਕਤਾ ਦੇ ਮੱਦੇਨਜ਼ਰ ਅਤੇ ਪੰਥਕ ਭਰੋਸੇਯੋਗਤਾ ਖ਼ਾਤਰ ਦੋ ਪੈਰ ਪਿੱਛੇ ਹਟਣ ਦਾ ਵਾਅਦਾ ਵੀ ਕਰ ਦਿੱਤਾ ਹੈ ਜਦਕਿ ਦਾਦੂਵਾਲ ਦਾ ਗੁੱਸਾ ਠੰਢਾ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪਤਾ ਲੱਗਾ ਹੈ ਕਿ ਧਿਆਨ ਸਿੰਘ ਮੰਡ 16 ਦਸੰਬਰ ਨੂੰ ਪਿੰਡ ਦਾਦੂਵਾਲ ‘ਚ ਮੁਤਵਾਜ਼ੀ ਜਥੇਦਾਰ ਦਾਦੂਵਾਲ ਨੂੰ ਮਿਲ ਕੇ ਵੀ ਆਏ ਹਨ। ਸੂਤਰ ਦੱਸਦੇ ਹਨ ਕਿ ਅਸਲ ਰੌਲਾ ਬਰਗਾੜੀ ਮੋਰਚੇ ਦੇ ਸਿਆਸੀ ਸਿਹਰੇ ਦਾ ਹੈ। ਮੁੱਖ ਮੰਤਰੀ ਨਾਲ 6 ਜੂਨ ਨੂੰ ਮੋਰਚਾ ਆਗੂਆਂ ਦੀ ਮੀਟਿੰਗ ਹੋਈ ਸੀ ਤਾਂ ਉਸ ਵਿਚ ਦਾਦੂਵਾਲ ਸ਼ਾਮਲ ਸਨ। ਉਸ ਮਗਰੋਂ ਜੋ ਵੀ ਸਰਕਾਰੀ ਪੱਧਰ ‘ਤੇ ਗੱਲਬਾਤ ਚੱਲੀ, ਉਸ ਵਿਚ ਦਾਦੂਵਾਲ ਸ਼ਾਮਲ ਨਹੀਂ ਸਨ। ਚਰਚੇ ਚੱਲ ਰਹੇ ਹਨ ਕਿ ਦਾਦੂਵਾਲ ਨੇ ਮੰਡ ਤੋਂ ਆਪਣੀ ਗੱਡੀ ਦੇ ਤੇਲ ਦਾ ਖਰਚਾ ਮੰਗਿਆ ਹੈ।
ਸੂਤਰਾਂ ਅਨੁਸਾਰ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਮੋਗਾ ਦੇ ਪਿੰਡ ਰਣਸੀਂਹ ਕਲਾਂ ‘ਚ ਵੀ ਆਗੂ ਬੂਟਾ ਸਿੰਘ ਨਾਲ ਗੱਲਬਾਤ ਕਰਨ ਗਏ ਸਨ ਜੋ 8 ਜਨਵਰੀ ਦੀ ਪੰਥਕ ਕਨਵੈਨਸ਼ਨ ਦਾ ਪ੍ਰਬੰਧ ਕਰ ਰਹੇ ਹਨ। ਵੱਡਾ ਇਤਰਾਜ਼ ਮੰਡ ਵੱਲੋਂ ਬਰਗਾੜੀ ਮੋਰਚੇ ਨੂੰ ਸਮਾਪਤ ਕਰਨ ਲਈ ਅਖ਼ਤਿਆਰ ਕੀਤੇ ਢੰਗ ਤਰੀਕੇ ‘ਤੇ ਹੈ। ਸੂਤਰ ਦੱਸਦੇ ਹਨ ਕਿ ਕੇਂਦਰ ਸਰਕਾਰ ਨੇ ਵੀ ਬਰਗਾੜੀ ਮੋਰਚਾ ਸਮਾਪਤ ਕਰਾਉਣ ਲਈ ਪੰਜਾਬ ਸਰਕਾਰ ਰਾਹੀਂ ਦਬਾਅ ਬਣਾਇਆ ਸੀ।
ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਮੋਰਚੇ ਦਾ ਸਿਹਰਾ ਲੈਣ ਅਤੇ ਗੱਡੀ ਦੇ ਤੇਲ ਦੇ ਪੈਸਿਆਂ ਆਦਿ ਦਾ ਕੋਈ ਰੌਲਾ ਹੀ ਨਹੀਂ ਹੈ। ਮਸਲਾ ਸਿਰਫ ਮੰਡ ਵੱਲੋਂ ਦਿਖਾਏ ਵਤੀਰੇ ਅਤੇ ਮੋਰਚਾ ਸਮਾਪਤ ਕਰਨ ਲਈ ਵਰਤੀ ਕਾਹਲ ਪਿਛਲੇ ਕਾਰਨਾਂ ਦਾ ਹੈ। ਜਿੰਨਾਂ ਸਮਾਂ ਮੰਡ ਕਾਰਨ ਨਹੀਂ ਦੱਸਣਗੇ, ਉਨਾਂ ਸਮਾਂ ਕੋਈ ਗੱਲਬਾਤ ਨਹੀਂ ਹੋਵੇਗੀ। ਸ੍ਰੀ ਦਾਦੂਵਾਲ ਨੇ ਆਖਿਆ ਕਿ ਮੰਡ ਪਹਿਲਾਂ ਜੁਆਬ ਦੇਵੇ।
__________________________
ਹਵਾਰਾ ਨੇ ਸੰਘਰਸ਼ ਦੀ ਜ਼ਿੰਮੇਵਾਰੀ ਆਪਣੇ ਹੱਥ ਲਈ
ਚੰਡੀਗੜ੍ਹ: ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ਹੇਠ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਸ੍ਰੀ ਅਕਾਲ ਤਖਤ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਕਿਹਾ ਹੈ ਕਿ ਅਕਾਲ ਤਖ਼ਤ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਨੂੰ ਸਮਾਪਤ ਕਰਨ ਦੀ ਆਪਹੁਦਰੀ ਕਾਰਵਾਈ ਕੀਤੀ ਹੈ। ਉਨ੍ਹਾਂ ਭਵਿੱਖ ਵਿਚ ਉਲੀਕੇ ਜਾਣ ਵਾਲੇ ਸਾਰੇ ਸੰਘਰਸ਼ ਦੀ ਜ਼ਿੰਮੇਵਾਰੀ ਆਪਣੇ ਹੱਥਾਂ ‘ਚ ਲੈਂਦਿਆਂ ਐਲਾਨ ਕੀਤਾ ਹੈ ਕਿ ਜਲਦ ਹੀ ਉਹ ਪੰਜ ਸਿੰਘਾਂ ‘ਤੇ ਅਧਾਰਤ ਕਮੇਟੀ ਦਾ ਗਠਨ ਕਰਨਗੇ ਅਤੇ ਅਗਲੇ ਸੰਘਰਸ਼ ਦੀ ਅੰਤਿਮ ਪ੍ਰਵਾਨਗੀ ਦੇਣ ਦਾ ਮੁਕੰਮਲ ਅਧਿਕਾਰ ਇਸ ਕਮੇਟੀ ਦੇ ਹੱਥ ਹੀ ਹੋਵੇਗਾ। ਦੱਸਣਯੋਗ ਹੈ ਕਿ ਪਿਛਲੇ ਸਮੇਂ ਬਰਗਾੜੀ ਮੋਰਚਾ ਸਮਾਪਤ ਕਰਨ ਕਾਰਨ ਦੋ ਮੁਤਵਾਜ਼ੀ ਜਥੇਦਾਰਾਂ ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਨੇ ਵੀ ਦੋਸ਼ ਲਾਏ ਸਨ ਕਿ ਭਾਈ ਮੰਡ ਨੇ ਮਨਮਾਨੇ ਢੰਗ ਨਾਲ ਮੋਰਚਾ ਸਮਾਪਤ ਕਰਕੇ ਸਿੱਖ ਕੌਮ ਨਾਲ ਧੋਖਾ ਕੀਤਾ ਹੈ।