ਐਨ.ਆਰ.ਆਈ. ਲਾੜਿਆਂ ਦੀਆਂ ਸਤਾਈਆਂ ਪੰਜਾਬਣਾਂ ਨੇ ਫਰੋਲੇ ਦੁਖੜੇ

ਜਲੰਧਰ: ਪਿਛਲੇ ਦੋ-ਢਾਈ ਦਹਾਕਿਆਂ ਵਿਚ ਪਰਵਾਸੀ ਪੰਜਾਬੀ ਲਾੜਿਆਂ ਵੱਲੋਂ ਧਿਰਕਾਰੀਆਂ 32 ਹਜ਼ਾਰ ਦੇ ਕਰੀਬ ਔਰਤਾਂ ਦੀ ਦਾਸਤਾਨ ਬੇਹੱਦ ਦਰਦਨਾਕ ਹੈ। ਇਨਸਾਫ ਤੇ ਘਰ ਵਸਾਉਣ ਲਈ ਦਰ-ਦਰ ਭਟਕਦੀਆਂ ਫਿਰਦੀਆਂ ਇਹ ਧੀ-ਧਿਆਣੀਆਂ ਤੇ ਉਨ੍ਹਾਂ ਦੇ ਬੱਚੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਵਿਆਹ ਕਰਵਾ ਕੇ ਵਿਦੇਸ਼ ਭੱਜੇ ਅਜਿਹੀਆਂ ਮੰਦਭਾਗੀਆਂ ਔਰਤਾਂ ਦੇ ਪਤੀ ਮੁੜ ਕੇ ਨਹੀਂ ਬਹੁੜੇ। ਸਹੁਰੇ ਪਰਿਵਾਰਾਂ ਨੇ ਧੱਕੇ ਮਾਰ ਕੇ ਘਰੋਂ ਕੱਢ ਦਿੱਤੀਆਂ।

ਸਹੁਰੇ ਪਰਿਵਾਰਾਂ ਨੇ ਧੋਖੇ ਨਾਲ ਉਨ੍ਹਾਂ ਦੇ ਪਤੀਆਂ ਦੀਆਂ ਜਾਇਦਾਦਾਂ ਨਣਦ ਜਾਂ ਦਿਉਰ ਦੇ ਨਾਂ ਚੜ੍ਹਾ ਦਿੱਤੀਆਂ। ਪੁਲਿਸ ਕਚਹਿਰੀ ਕਿਤੇ ਵੀ ਉਨ੍ਹਾਂ ਦੀ ਬਾਤ ਨਹੀਂ ਪੁੱਛੀ ਜਾ ਰਹੀ। ਅਨੇਕਾਂ ਪਤਨੀਆਂ ਤੇ ਆਸ਼ਰਤ ਬੱਚਿਆਂ ਨੇ ਅਦਾਲਤ ਦਾ ਬੂਹਾ ਖੜਕਾ ਕੇ ਖਰਚੇ ਤਾਂ ਬੰਨ੍ਹਵਾ ਲਏ, ਪਰ ਪੱਲੇ ਕਿਸੇ ਦੇ ਅੱਜ ਤੱਕ ਫੁੱਟੀ ਕੌਡੀ ਵੀ ਨਹੀਂ ਪਈ। ਸਰਕਾਰਾਂ ਨੇ ਅਨੇਕ ਵਾਰ ਬਿਆਨ ਤਾਂ ਦਿੱਤੇ ਹਨ ਕਿ ਅਜਿਹੇ ਪਰਵਾਸੀ ਪੰਜਾਬੀ ਲਾੜਿਆਂ ਨੂੰ ਵਾਪਸ ਲਿਆਂਦਾ ਜਾਵੇਗਾ ਪਰ ਹਵਾਲਗੀ ਲਈ ਅੱਜ ਤੱਕ ਇਕ ਵੀ ਕੇਸ ਸਾਹਮਣੇ ਨਹੀਂ ਆਇਆ।
ਪੰਜਾਬ ਦੀਆਂ ਅਜਿਹੀਆਂ ਔਰਤਾਂ ਨੇ ਹੋਣੀ ਅੱਗੇ ਸਿਰ ਸੁੱਟ ਕੇ ਜਿਊਣ ਦੀ ਥਾਂ ਸਿਰ ਉਠਾ ਕੇ ਚੱਲਣ ਦਾ ਬੀੜਾ ਚੁੱਕਿਆ ਹੈ ਤੇ ਉਨ੍ਹਾਂ ‘ਅਬ ਨਹੀਂ’ ਵੈੱਲਫੇਅਰ ਸੁਸਾਇਟੀ ਕਾਇਮ ਕਰ ਲਈ ਹੈ। ਇਸ ਸੰਸਥਾ ਦੀ ਮੀਟਿੰਗ ਤੋਂ ਬਾਅਦ ਤਿੰਨ ਦਰਜਨ ਦੇ ਕਰੀਬ ਪੀੜਤ ਔਰਤਾਂ ਨੇ ਆਪਣੇ ਦੁੱਖ ਸਾਂਝੇ ਕਰਦਿਆਂ ਦੱਸਿਆ ਕਿ ਪਤੀ ਹੀ ਨਹੀਂ, ਸਹੁਰੇ, ਪੁਲਿਸ, ਅਦਾਲਤਾਂ ਤੇ ਸਰਕਾਰਾਂ ਸਾਰੇ ਹੀ ਜਿਵੇਂ ਉਨ੍ਹਾਂ ਦੇ ਵੈਰੀ ਬਣ ਗਏ ਹਨ। ਸੰਸਥਾ ਦੀ ਪ੍ਰਧਾਨ ਲੁਧਿਆਣਾ ਦੇ ਪਿੰਡ ਟੂਸਾ ਦੀ ਵਾਸੀ ਸਤਵਿੰਦਰ ਕੌਰ ਸੱਤੀ ਨੇ ਦੱਸਿਆ ਕਿ ਯੂਕਰੇਨ ‘ਚ ਰਹਿੰਦੇ ਅਰਵਿੰਦਰ ਪਾਲ ਸਿੰਘ ਨਾਲ ਉਹ 2009 ‘ਚ ਵਿਆਹੀ ਗਈ ਸੀ।
ਸਾਲ ਬਾਅਦ ਹੀ ਪਤੀ ਧੋਖਾ ਦੇ ਕੇ ਸਦਾ ਲਈ ਪਛਤਾਵੇ ਵਾਲੀ ਜ਼ਿੰਦਗੀ ਜਿਊਣ ਲਈ ਛੱਡ ਗਿਆ। ਅਦਾਲਤੀ ਮੁਕੱਦਮੇ ਰਾਹੀਂ 10 ਹਜ਼ਾਰ ਰੁਪਏ ਖਰਚਾ ਇਕ ਮਕਾਨ ਮਿਲਿਆ ਪਰ ਸਹੁਰੇ ਘਰ ਵਾਲਿਆਂ ਪਤੀ ਨੂੰ ਬੇਦਖਲ ਕਰਕੇ ਮਕਾਨ ‘ਚੋਂ ਵੀ ਕੱਢ ਦਿੱਤਾ ਤੇ ਖਰਚਾ ਵੀ ਕਦੇ ਨਹੀਂ ਮਿਲਿਆ। ਪੰਜ ਸਾਲ ਤੋਂ ਗੂੰਗੀਆਂ ਅਦਾਲਤਾਂ ਦੇ ਚੱਕਰ ਕੱਟ ਕੇ ਥੱਕ ਗਈ ਹਾਂ ਪਰ ਨਾ ਘਰ ਤੇ ਨਾ ਖਰਚਾ ਮਿਲਿਆ ਹੈ।
ਰਾਜਪੁਰਾ ਸ਼ਹਿਰ ਦੀ ਹਰਪ੍ਰੀਤ ਕੌਰ ਨਾਲ ਵੀ ਇਹੀ ਬੀਤੀ। ਉਹ ਜਰਮਨ ਰਹਿੰਦੇ ਰਣਜੀਤ ਸਿੰਘ ਨਾਲ ਵਿਆਹੀ ਸੀ। ਇਕ ਸਾਲ ਬਾਅਦ ਉਹ ਛੱਡ ਗਿਆ। ਅਦਾਲਤ ਵੱਲੋਂ ਲਾਇਆ ਖਰਚਾ ਉਸ ਨੂੰ ਕਦੇ ਨਹੀਂ ਮਿਲਿਆ ਤੇ ਪਲਾਟ ਤੇ ਜ਼ਮੀਨ ਛੋਟੇ ਭਰਾ ਤੇ ਭੈਣਾਂ ਦੇ ਨਾਂ ਕਰ ਦਿੱਤੀ ਹੈ। ਹੰਝੂ ਕੇਰਦੀ ਜਗਰਾਵਾਂ ਦੀ ਸੀਮਾ ਨੇ ਦੱਸਿਆ ਕਿ ਕੁਵੈਤ ਰਹਿੰਦਾ ਲਖਬੀਰ ਸਿੰਘ ਉਸ ਨੂੰ ਛੱਡ ਗਿਆ ਤੇ ਪੰਜ ਸਾਲ ਦੀ ਪੁੱਤਰੀ ਹੈ। ਉਹ ਕਹਿ ਰਹੀ ਸੀ ਕਿ ਕਾਨੂੰਨ ਜਾਂ ਸਰਕਾਰ ਨੇ ਸਾਡਾ ਕਦੇ ਪੱਖ ਨਹੀਂ ਪੂਰਿਆ। ਮੈਂ ਤਾਂ ਹੁਣ ਲੜਾਈ ਇਸ ਲਈ ਲੜ ਰਹੀ ਹਾਂ ਕਿ ਕਿਤੇ ਮੇਰੀ ਬੱਚੀ ਦਾ ਭਵਿੱਖ ਵੀ ਮੇਰੇ ਵਾਲਾ ਨਾ ਬਣ ਜਾਵੇ।
ਗੁਰਦਾਸਪੁਰ ਦੀ ਸਰਬਜੀਤ ਕੌਰ ਦੀ 9 ਸਾਲ ਦੀ ਧੀ ਹੈ। ਉਸ ਦਾ ਪਤੀ ਦਲੇਰ ਸਿੰਘ ਕੈਨੇਡਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਦਲੇਰ ਨੇ ਮੁਸਲਿਮ ਧਰਮ ਬਦਲੀ ਕਰਕੇ ਉਥੇ ਹੋਰ ਵਿਆਹ ਕਰਵਾ ਲਿਆ। ਲੁਧਿਆਣਾ ਦੀ ਹਰਪਿੰਦਰ ਕੌਰ ਦਾ 2006 ‘ਚ ਹਾਲੈਂਡ ਰਹਿੰਦੇ ਐਨ.ਆਰ.ਆਈ. ਨਾਲ ਵਿਆਹ ਹੋਇਆ ਸੀ। ਉਸ ਦੀ 9 ਸਾਲ ਦੀ ਬੇਟੀ ਹੈ ਪਰ ਪਤੀ ਤੇ ਸਹੁਰਾ ਪਰਿਵਾਰ ਦੋਵਾਂ ਨੇ ਧਿਰਕਾਰ ਛੱਡਿਆ ਹੈ। ਹੋਰ ਅਨੇਕਾਂ ਔਰਤਾਂ ਦੀਆਂ ਵੀ ਇਹੋ ਜਿਹੀਆਂ ਕਹਾਣੀਆਂ ਸਨ।
‘ਅਬ ਨਹੀਂ’ ਦੀ ਪ੍ਰਧਾਨ ਸਤਵਿੰਦਰ ਕੌਰ ਸੱਤੀ ਨੇ ਦੱਸਿਆ ਕਿ ਉਨ੍ਹਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਧਿਰਕਾਰੀਆਂ ਧੀਆਂ ਦੇ ਕੇਸ 6 ਮਹੀਨੇ ‘ਚ ਨਿਪਟਾਏ ਜਾਣ ਲਈ ਫਾਸਟ ਟਰੈਕ ਅਦਾਲਤਾਂ ਬਣਨ ਤੇ ਧੋਖਾ ਦੇਣ ਵਾਲੇ ਪਤੀਆਂ ਨੂੰ ਵਾਪਸ ਲਿਆਉਣ ਲਈ ਸਖਤ ਕਾਨੂੰਨ ਬਣੇ। ਪਤੀਆਂ ਤੇ ਸਹੁਰਿਆਂ ਵੱਲੋਂ ਧਿਰਕਾਰੇ ਜਾਣ ਕਾਰਨ ਬੇਸਹਾਰਾ ਹੋਈਆਂ ਇਨ੍ਹਾਂ ਔਰਤਾਂ ਦੇ ਮੁੜ ਵਸੇਬੇ ਲਈ ਕਾਨੂੰਨ ਪਾਸ ਹੋਵੇ ਜਿਸ ਤਹਿਤ ਹਰ ਔਰਤ ਨੂੰ ਗੁਜ਼ਾਰਾ ਭੱਤਾ, ਸਰਕਾਰੀ ਘਰ (ਰੈਣ ਬਸੇਰਾ) ਅਤੇ ਬੱਚਿਆਂ ਦੀ ਪੜ੍ਹਾਈ ਦਾ ਮੁਫਤ ਪ੍ਰਬੰਧ ਹੋਵੇ। ਉਨ੍ਹਾਂ ਕਿਹਾ ਕਿ ਧਾਰਾ 497 ਖਤਮ ਕਰ ਕੇ ਪੱਛਮੀ ਦੇਸ਼ਾਂ ਦੀ ਨਕਲ ਕੀਤੀ ਗਈ ਹੈ ਪਰ ਪੱਛਮੀ ਦੇਸ਼ਾਂ ਵਾਂਗ ਸਰਕਾਰ ਨਿਆਸਰਾ ਔਰਤਾਂ ਤੇ ਬੱਚਿਆਂ ਦੇ ਵਸੇਬੇ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲਵੇ।