ਆਮ ਲੋਕਾਂ ਲਈ ਨਵੇਂ ਸਾਲ ਦੀ ਆਮਦ ਦਾ ਕੀ ਅਰਥ!

-ਜਤਿੰਦਰ ਪਨੂੰ
ਅਸੀਂ ਇੱਕ ਹੋਰ ਸਾਲ ਨੂੰ ਸਮੇਟਿਆ ਜਾਂਦਾ ਅਤੇ ਇੱਕ ਹੋਰ ਸਾਲ ਨੂੰ ਛਾਲਾਂ ਮਾਰ ਕੇ ਆਉਂਦਾ ਵੇਖਣ ਵਾਲੀ ਘੜੀ ਦੇ ਗਵਾਹ ਬਣਨ ਲੱਗੇ ਹਾਂ। ਲੋਕੀਂ ਇੱਕ ਵਾਰੀ ਫਿਰ ਇੱਕ ਦੂਸਰੇ ਨੂੰ ਨਵਾਂ ਸਾਲ ਮੁਬਾਰਕ ਕਹਿਣਗੇ। ਸ਼ਾਇਦ ਉਹ ਲੋਕ ਵੀ ਕਿਸੇ ਨਾ ਕਿਸੇ ਨੂੰ ਕਹਿਣਗੇ, ਜਿਨ੍ਹਾਂ ਨੇ ਪਿਛਲਾ ਸਾਲ ਮਾਣਿਆ ਜਾਂ ਹੰਢਾਇਆ ਨਹੀਂ, ਭੁਗਤਿਆ ਹੋਵੇਗਾ। ਇੱਕ ਆਮ ਕਹਾਵਤ ਹੈ ਕਿ ਘਰ-ਘਰ ਉਨ੍ਹਾਂ ਲੋਕਾਂ ਦੇ ਬੱਚੇ ਵੀ ਖੇਡਦੇ ਹਨ, ਜਿਨ੍ਹਾਂ ਕੋਲ ਘਰ ਨਹੀਂ ਹੁੰਦੇ।

ਨਵਾਂ ਸਾਲ ਮਾਣਨ ਅਤੇ ਮਨਾਉਣ ਦਾ ਜਿਨ੍ਹਾਂ ਨੂੰ ਕਦੇ ਮੌਕਾ ਹੀ ਨਹੀਂ ਮਿਲ ਸਕਿਆ, ਨਵੇਂ ਸਾਲ ‘ਤੇ ਉਹ ਵੀ ਮੁਬਾਰਕ ਦੇ ਦਿੰਦੇ ਹਨ। ਬੜੇ ਲੋਕ ਇਸ ਕੰਮ ਲਈ ਕੁਝ ਦਿਨ ਪਹਿਲਾਂ ਤੋਂ ਤਿਆਰੀ ਸ਼ੁਰੂ ਕਰਨ ਲੱਗਦੇ ਹਨ, ਕੁਝ ਕਾਰਡ ਛਪਵਾ ਕੇ ਭੇਜਣ ਵਾਲੇ ਕੰਮ ਰੁੱਝ ਜਾਂਦੇ ਹਨ ਤੇ ਕੁਝ ਇੰਟਰਨੈਟ ਤੋਂ ਇਸ ਨਾਲ ਸਬੰਧ ਰੱਖਦੇ ਸੁਨੇਹੇ ਚੁਣਨ ਲੱਗਦੇ ਹਨ, ਜੋ ਨਵਾਂ ਸਾਲ ਚੜ੍ਹਦਾ ਵੇਖ ਕੇ ਮੁੱਕਦੇ ਸਾਲ ਦੀ ਸ਼ਾਮ ਨੂੰ ਭੇਜਣੇ ਹੁੰਦੇ ਹਨ। ਏਸੇ ਨਾਲ ਦੋ ਕੁ ਦਿਨ ਉਹ ਖੁਸ਼ ਰਹਿ ਲੈਂਦੇ ਹਨ।
ਨਵਾਂ ਸਾਲ ਮਨੁੱਖਤਾ ਨੂੰ ਵਕਤ ਦੇ ਇੱਕ ਹੋਰ ਅਗਲੇ ਦੌਰ ਵਿਚ ਦਾਖਲੇ ਦਾ ਸੱਦਾ ਦਿੰਦਾ ਹੈ, ਪਰ ਪਿਛਲੇ ਸਾਲਾਂ ਦੇ ਲੇਖੇ ਵਿਚ ਅਜਿਹਾ ਕੁਝ ਲੱਭਣਾ ਬਹੁਤ ਔਖਾ ਹੈ ਕਿ ਭਾਰਤ ਕਿਸੇ ‘ਅਗਲਾ’ ਕਹੇ ਜਾਣ ਵਾਲੇ ਦੌਰ ਵਿਚ ਕਦਮ ਰੱਖਣ ਵਾਲਾ ਵੀ ਹੋਇਆ ਹੈ। ਬਹੁਤ ਥੋੜ੍ਹੇ ਮੌਕੇ ਖੁਸ਼ੀ ਵਾਲੇ ਨਸੀਬ ਹੁੰਦੇ ਹਨ। ਜ਼ਿਆਦਾ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ ਕਿ ਸਾਨੂੰ ਭਾਰਤ ਅੱਗੇ ਵਧਦਾ ਦਿੱਸਣ ਦੀ ਥਾਂ ਕੁਝ ਮਾਮਲਿਆਂ ਵਿਚ ਪਿੱਛੇ ਨੂੰ ਗਿੜਦਾ ਜਾਪਣ ਲੱਗ ਪੈਂਦਾ ਹੈ। ਪਹਿਲਾਂ ਇਹ ਸੁਣਿਆ ਜਾਂਦਾ ਸੀ ਕਿ ਬੀਤੇ ਪੰਜ ਸਾਲਾਂ ਵਿਚ ਭਾਰਤ ਨੇ ਆਹ ਪ੍ਰਾਪਤੀਆਂ ਕੀਤੀਆਂ ਹਨ ਅਤੇ ਅੱਜ ਕੱਲ੍ਹ ਇਹ ਗੱਲ ਸੁਣਨੀ ਪੈ ਰਹੀ ਹੈ ਕਿ ਭਾਰਤ ਨੇ ਆਪਣੇ ਵੱਡਿਆਂ ਦੀ ਵਿਰਾਸਤ ਨੂੰ ਐਨਾ ਖੋਰਾ ਲਾ ਛੱਡਿਆ ਹੈ।
ਅਸੀਂ ਬਹੁਤ ਪੁਰਾਣੇ ਮਾਮਲਿਆਂ ਵੱਲ ਜਾਣ ਦੀ ਥਾਂ ਸਿਰਫ ਪੰਜਾਂ ਸਾਲਾਂ ਦਾ ਲੇਖਾ ਕਰੀਏ ਤਾਂ ਪਹਿਲੀ ਗੱਲ ਸੋਚਣ ਦੀ ਇਹ ਹੈ ਕਿ ਕੀ ਕਦੀ ਇਨਸਾਨ ਏਨਾ ਬੇਕਦਰਾ ਹੋਇਆ ਸੀ, ਜਿੰਨਾ ਇਸ ਵਕਤ ਹੋਇਆ ਪਿਆ ਹੈ? ਰਾਜਸਥਾਨ ਦੀ ਇੱਕੋ ਘਟਨਾ ਇਸ ਦਾ ਖੁਲਾਸਾ ਕਰਨ ਲਈ ਕਾਫੀ ਹੈ। ਇੱਕ ਥਾਂ ਗਊਆਂ ਲੈ ਕੇ ਜਾਂਦੇ ਕੁਝ ਬੰਦਿਆਂ ਨੂੰ ਭੀੜ ਨੇ ਕੁੱਟ ਦਿੱਤਾ ਤੇ ਫਿਰ ਪੁਲਿਸ ਆ ਗਈ। ਭੀੜ ਦੇ ਕੁੱਟੇ ਉਹ ਬੰਦੇ ਮਰਨਾਊ ਪਏ ਸਨ, ਪੁਲਿਸ ਨੇ ਨਹੀਂ ਸੀ ਚੁੱਕੇ ਤੇ ਗਊਆਂ ਨੂੰ ਇੱਕ ਟਰੱਕ ਵਿਚ ਲੱਦ ਕੇ ਕੁਝ ਕਿਲੋਮੀਟਰ ਦੂਰ ਗਊ-ਸ਼ਾਲਾ ਵਿਚ ਛੱਡਣ ਚਲੀ ਗਈ। ਵਾਪਸ ਆਣ ਕੇ ਬੰਦੇ ਚੁੱਕੇ ਅਤੇ ਉਨ੍ਹਾਂ ਨੂੰ ਹਸਪਤਾਲ ਛੱਡਣ ਗਈ ਤਾਂ ਸਿਰਫ ਤਿੰਨ ਕਿਲੋਮੀਟਰ ਦੂਰੀ ਤੈਅ ਕਰਨ ਵਿਚ ਪੁਲਿਸ ਵਾਲਿਆਂ ਨੂੰ ਏਨਾ ਸਾਹ ਚੜ੍ਹਿਆ ਕਿ ਉਹ ਰਾਹ ਵਿਚ ਚਾਹ ਪੀਣ ਲੱਗ ਪਏ। ਜਦੋਂ ਤੱਕ ਉਹ ਲੋਕ ਹਸਪਤਾਲ ਪਹੁੰਚੇ, ਇੱਕ ਬੰਦਾ ਮਰ ਚੁਕਾ ਸੀ। ਗਊਆਂ ਨੂੰ ਬਚਾਉਣਾ ਜ਼ਰੂਰੀ ਸੀ, ਕਿਉਂਕਿ ਉਨ੍ਹਾਂ ਨੂੰ ਕੁਝ ਹੋ ਜਾਂਦਾ ਤਾਂ ਸਾਰੇ ਦੇਸ਼ ਵਿਚ ‘ਕੁਝ ਦਾ ਕੁਝ’ ਹੋ ਜਾਂਦਾ।
ਦੂਜਾ ਸਵਾਲ ਹੈ, ਭਰੋਸੇਯੋਗਤਾ ਦਾ। ਲੋਕਾਂ ਨੂੰ ਆਪਣੇ ਦੇਸ਼ ਦੇ ਸਿਸਟਮ ਵਿਚ ਯਕੀਨ ਨਹੀਂ ਰਿਹਾ। ਇਸ ਤਰ੍ਹਾਂ ਦੀ ਬੇਭਰੋਸਗੀ ਦਾ ਪਤਾ ਆਮ ਲੋਕਾਂ ਦੀ ਗੱਲਬਾਤ ਵਿਚੋਂ ਨੇੜਲੇ ਥਾਣੇ ਦੀ ਪੁਲਿਸ ਤੋਂ ਲੈ ਕੇ ਦੇਸ਼ ਦੇ ਸਿਖਰ ਉਤੇ ਬੈਠੇ ਆਗੂਆਂ ਬਾਰੇ ਹੁੰਦੀਆਂ ਟਿਪਣੀਆਂ ਤੋਂ ਲੱਗਦਾ ਹੈ। ਉਪਰ ਵਾਲੇ ਆਪਸ ਵਿਚ ਵੀ ਇਹੋ ਕੁਝ ਕਹਿੰਦੇ ਹਨ। ਸਰਕਾਰ ਨੇ ਦੇਸ਼ ਨੂੰ ਚਲਾਉਣਾ ਹੈ ਤਾਂ ਕਹਿੰਦੀ ਹੈ ਕਿ ਲੋਕ ਉਸ ਦਾ ਯਕੀਨ ਕਰਨ, ਪਰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਜਿੱਦਾਂ ਫੈਸਲਾ ਦਿੱਤਾ ਹੈ, ਉਸ ਨੇ ਯਕੀਨ ਪਤਲਾ ਕਰ ਦਿੱਤਾ ਹੈ।
ਆਮ ਪ੍ਰਭਾਵ ਹੈ ਕਿ ਸਰਕਾਰ ਨੇ ਅਦਾਲਤ ਨੂੰ ਗੁੰਮਰਾਹ ਕਰਨ ਵਾਲਾ ਐਫੀਡੇਵਿਟ ਪੇਸ਼ ਕਰ ਕੇ ਆਪਣੇ ਪੱਖ ਦਾ ਫੈਸਲਾ ਕਰਨ ਦੇ ਹਾਲਾਤ ਪੈਦਾ ਕਰ ਲਏ ਸਨ। ਸਰਕਾਰ ਨੇ ਇਸ ਪਿੱਛੋਂ ਸੱਚੇ ਹੋਣ ਲਈ ਸੁਪਰੀਮ ਕੋਰਟ ਨੂੰ ਇਹ ਲਿਖ ਭੇਜਿਆ ਹੈ ਕਿ ਉਸ ਦੀ ਚਿੱਠੀ ਦੀ ਭਾਸ਼ਾ ਗਲਤ ਸਮਝੀ ਗਈ ਹੈ, ਚਿੱਠੀ ਤਾਂ ‘ਭੂਤ ਕਾਲ’ (ਪਾਸਟ ਟੈਂਸ) ਵਿਚ ਸੀ ਤੇ ਅਦਾਲਤ ਨੇ ‘ਵਰਤਮਾਨ’ (ਪਰੈਜ਼ੈਂਟ ਟੈਂਸ) ਵਿਚ ਸਮਝ ਲਈ ਸੀ। ਭਾਵ ਦੇਸ਼ ਦੀ ਸਭ ਤੋਂ ਉਚੀ ਅਦਾਲਤ ਵਿਚ ਬੈਠੇ ਜੱਜ ਸਾਹਿਬਾਨ ਨੂੰ ਚਿੱਠੀ ਪੜ੍ਹਨੀ ਨਹੀਂ ਆਈ ਤੇ ਇਸ ਲਈ ਫੈਸਲਾ ਭੁਲੇਖੇ ਵਾਲਾ ਹੋ ਗਿਆ ਹੈ। ਉਰਦੂ ਦਾ ਸ਼ੇਅਰ ਹੈ: ‘ਕੌਨ ਨਾ ਮਰ ਜਾਏ ਇਸ ਸਾਦਗੀ ਪੇ।’
ਕੇਂਦਰ ਸਰਕਾਰ ਦੀ ਆਪਣੇ ਬਚਾਅ ਵਾਸਤੇ ਅਦਾਲਤ ਉਤੇ ਚਿੱਠੀ ਨਾ ਸਮਝ ਸਕਣ ਦੀ ਊਜ ਇਹੋ ਦੱਸਦੀ ਹੈ ਕਿ ਉਸ ਨੂੰ ਇਸ ਦੇਸ਼ ਦੇ ਲੋਕਾਂ ਦੀ ਅਕਲ ਏਨੀ ਸਿੱਧੜ ਜਾਪਦੀ ਹੈ ਕਿ ਉਸ ਸਰਕਾਰ ਦੀ ਦਿੱਤੀ ਇਹ ਸਮਝਾਉਣੀ ਵੀ ਹਰ ਭਾਰਤੀ ਨਾਗਰਿਕ ਦੇ ਖਾਤੇ ਵਿਚ ‘ਤਿੰਨ-ਤਿੰਨ’ ਲੱਖ ਰੁਪਏ ਪਾਉਣ ਦੇ ਜੁਮਲੇ ਵਾਂਗ ਸਮਝ ਕੇ ਲੋਕ ਹਜ਼ਮ ਕਰ ਜਾਣਗੇ। ਇਸ ਨਾਲ ਸਿਸਟਮ ਬਾਰੇ ਲੋਕਾਂ ਵਿਚ ਪੈਦਾ ਹੋਈ ਬੇਭਰੋਸਗੀ ਹੋਰ ਵੀ ਵਧਣ ਵੱਲ ਜਾ ਸਕਦੀ ਹੈ।
ਤੀਜਾ ਸਵਾਲ ਦੇਸ਼ ਦੀ ਫੌਜ ਦੇ ਕੁਝ ਜਰਨੈਲਾਂ ਵੱਲੋਂ ਰਿਟਾਇਰਮੈਂਟ ਤੋਂ ਬਾਅਦ ਦੀ ਝਾਕ ਵਿਚ ਸਰਕਾਰੀ ਧਿਰ ਦੇ ਪੱਖ ਵਿਚ ਬਿਆਨਬਾਜ਼ੀ ਤੋਂ ਪੈਦਾ ਹੁੰਦਾ ਹੈ। ਕਦੀ ਜਨਰਲ ਥਿਮੈਈਆ ਨੇ ਕੁਝ ਗੱਲਾਂ ਉਤੇ ਬੜਾ ਸਾਫ ਪੈਂਤੜਾ ਲਿਆ ਸੀ ਤੇ ਕੁਝ ਗੱਲਾਂ ਉਤੇ ਬੜੇ ਭੁਲੇਖੇ ਪੈਦਾ ਹੋਣ ਲੱਗੇ ਸਨ। ਉਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਦੀ ਬਦਤਮੀਜ਼ੀ ਦੇ ਖਿਲਾਫ ਫੌਜ ਵੱਲੋਂ ਸਿਨਮਾ ਘੇਰਨ ਦੀ ਕਾਰਵਾਈ ਨੂੰ ਉਸ ਨੇ ਜਾਇਜ਼ ਠਹਿਰਾਇਆ ਤਾਂ ਠੀਕ ਕੀਤਾ ਸੀ, ਪਰ ਬਾਕੀ ਗੱਲਾਂ ਵਿਚ ਠੀਕ ਨਹੀਂ ਸੀ। ਉਹ ਅੰਗਰੇਜ਼ੀ ਰਾਜ ਵੇਲੇ ਦਾ ਫੌਜੀ ਅਫਸਰ ਸੀ ਤੇ ਉਸ ਸਾਮਰਾਜੀ ਰਾਜ ਦੇ ਵਕਤ ਫੌਜ ਕੋਲ ਤਾਕਤਾਂ ਬਹੁਤ ਜ਼ਿਆਦਾ ਹੁੰਦੀਆਂ ਸਨ। ਉਹ ਆਜ਼ਾਦੀ ਪਿੱਛੋਂ ਵੀ ਉਹੋ ਜਿਹੀ ਹੈਸੀਅਤ ਆਪਣੇ ਹੱਥ ਚਾਹੁੰਦਾ ਸੀ, ਪਰ ਇਹ ਇਸ ਲਈ ਨਹੀਂ ਸੀ ਦਿੱਤੀ ਜਾ ਸਕਦੀ ਕਿ ਪਾਕਿਸਤਾਨ ਦਾ ਤਜਰਬਾ ਭਾਰਤ ਨੂੰ ਪਤਾ ਸੀ, ਇਸ ਲਈ ਲੋਕਤੰਤਰ ਦੇ ਭਵਿੱਖ ਵਾਸਤੇ ਇਸ ਅੱਗੇ ਸਪੀਡ ਬਰੇਕਰ ਲਾਉਣਾ ਠੀਕ ਸੀ।
ਫਿਰ ਜਦੋਂ ਬੰਗਲਾ ਦੇਸ਼ ਬਣਿਆ ਤਾਂ ਫੌਜ ਦੀ ਮੁੜ ਸ਼ਾਨ ਹੋ ਗਈ, ਉਸ ਵੇਲੇ ਰਾਜਨੀਤੀ ਦੇ ਇੱਕ ਖਾਸ ਹਿੱਸੇ ਵੱਲੋਂ ‘ਵੀ ਵਾਂਟ ਮਾਨਿਕ ਸ਼ਾਅ’, ਅਰਥਾਤ ਸਾਨੂੰ ਫੌਜ ਦੇ ਮੁਖੀ ਜਨਰਲ ਮਾਣਕ ਸ਼ਾਹ ਦੀ ਅਗਵਾਈ ਚਾਹੀਦੀ ਹੈ, ਦੇ ਨਾਅਰੇ ਲੱਗੇ ਸਨ। ਭਾਰਤ ਦੇ ਲੋਕਾਂ ਨੇ ਇਸ ਨੂੰ ਪ੍ਰਵਾਨ ਨਹੀਂ ਸੀ ਕੀਤਾ ਤੇ ਜੇ ਉਸ ਵਕਤ ਅਜਿਹੀ ਗੱਲ ਅੱਗੇ ਵਧਦੀ ਤਾਂ ਲੋਕਤੰਤਰ ਲਈ ਬੜੀ ਖਤਰਨਾਕ ਹੋਣੀ ਸੀ। ਉਦੋਂ ਦੀ ਫੌਜੀ ਅਫਸਰਾਂ ਦੀ ਰਾਜਨੀਤੀ ਵਿਚ ਘਟੀ ਦਿਲਚਸਪੀ ਫਿਰ ਜਾਗਣ ਲੱਗੀ ਹੈ। ਉਹ ਰਾਫੇਲ ਜਹਾਜਾਂ ਅਤੇ ਹੋਰ ਸੌਦਿਆਂ ਬਾਰੇ ਸਰਕਾਰ ਤੇ ਵਿਰੋਧੀ ਧਿਰ ਦਰਮਿਆਨ ਚੱਲਦੀ ਘਟੀਆ ਜਿਹੀ ਬਹਿਸ ਦੌਰਾਨ ਏਦਾਂ ਦੇ ਬਿਆਨ ਦੇਣ ਲੱਗ ਪਏ ਹਨ, ਜੋ ਭਾਰਤੀ ਫੌਜ ਦੇ ਕਿਰਦਾਰ ਨੂੰ ਢਾਹ ਲਾਉਣ ਵਾਲੇ ਹੋ ਸਕਦੇ ਹਨ। ਇਸ ਤੋਂ ਬਚਣ ਦੀ ਲੋੜ ਹੈ, ਪਰ ਜਦੋਂ ਸਰਕਾਰ ਵਿਚ ਬੈਠੇ ਕੁਝ ਲੋਕ ਖੁਦ ਫੌਜੀ ਅਫਸਰਾਂ ਨੂੰ ਏਦਾਂ ਕਰਨ ਲਈ ਉਕਸਾ ਰਹੇ ਹੋਣ ਤਾਂ ਰੋਕਣ ਵਾਲਾ ਕੋਈ ਨਹੀਂ ਹੁੰਦਾ।
ਜਦੋਂ ਬੋਫੋਰਜ਼ ਤੋਪ ਸੌਦੇ ਦਾ ਰੌਲਾ ਪਿਆ ਸੀ, ਉਸ ਵਕਤ ਫੌਜੀ ਜਰਨੈਲਾਂ ਨੇ ਸਰਕਾਰ ਦੇ ਪੱਖ ਵਿਚ ਬੋਲਣ ਦੀ ਥਾਂ ਇਹ ਕਿਹਾ ਸੀ ਕਿ ਤੋਪ ਬੜੀ ਵਧੀਆ ਹੈ, ਪਰ ਜਿੰਨਾ ਇਸ ਬਾਰੇ ਰੌਲਾ ਪੈ ਗਿਆ ਹੈ, ਇਸ ਨੂੰ ਛੱਡ ਕੇ ਕੋਈ ਹੋਰ ਬਦਲ ਲੱਭਿਆ ਜਾ ਸਕਦਾ ਹੈ ਤਾਂ ਕਿ ਵਿਵਾਦ ਨਾ ਰਹੇ। ਅੱਜ ਏਦਾਂ ਨਹੀਂ ਹੁੰਦਾ।
ਤੀਜਾ ਮਾਮਲਾ ਇਸ ਦੇਸ਼ ਵਿਚ ਉਨ੍ਹਾਂ ਲੋਕਾਂ ਵੱਲੋਂ ਧਰਮ ਖੇਤਰ ਨੂੰ ਨਵਾਂ ਮੋੜਾ ਦੇਣ ਵਾਲਾ ਹੈ, ਜੋ ਧਰਮ ਦੀ ਦੁਰਵਰਤੋਂ ਕਰ ਕੇ ਸੱਤਾ ਦੇ ਸਿਖਰ ਤੱਕ ਪਹੁੰਚਦੇ ਹਨ। ਤਿੰਨ ਕੁ ਸਾਲ ਪਹਿਲਾਂ ਇੱਕ ਬੁੱਧੀਜੀਵੀ ਨੇ ਇਹ ਗੱਲ ਉਭਾਰ ਕੇ ਪੇਸ਼ ਕੀਤੀ ਸੀ ਕਿ ਅੱਜ ਤੱਕ ਰਾਮ, ਸੀਤਾ, ਲਛਮਣ ਦੇ ਨਾਲ ਹਨੂੰਮਾਨ ਨੂੰ ਇੱਕ ਮੰਚ ਉਤੇ ਪੇਸ਼ ਕੀਤਾ ਜਾਂਦਾ ਰਿਹਾ ਸੀ, ਪਰ ਅਚਾਨਕ ਰਾਮ, ਸੀਤਾ ਤੇ ਲਛਮਣ ਦੇ ਨਾਲ ਹਨੂੰਮਾਨ ਦਿਖਾਈ ਦੇਣਾ ਘਟਾ ਦਿੱਤਾ ਗਿਆ ਹੈ। ਕੁਝ ਥਾਂਈਂ ਜਦੋਂ ਰਾਮ ਅਤੇ ਸੀਤਾ ਦੇ ਨਾਲ ਲਛਮਣ ਨੂੰ ਹੈਲੀਕਾਪਟਰ ਵਿਚ ਲਿਆਂਦਾ ਗਿਆ ਤੇ ਹਨੂੰਮਾਨ ਅੱਗੇ ਮੈਦਾਨ ਵਿਚ ਖੜਾ ਉਡੀਕਦਾ ਦਿਖਾਈ ਦਿੱਤਾ ਤਾਂ ਸਾਨੂੰ ਇਸ ਗੱਲ ਵਿਚ ਵਜ਼ਨ ਨਜ਼ਰ ਆ ਗਿਆ, ਪਰ ਕਾਰਨ ਸਮਝ ਨਹੀਂ ਸੀ ਆਇਆ। ਇਸ ਸਾਲ ਵਿਚ ਇਹ ਗੱਲ ਵੀ ਸਮਝ ਆ ਗਈ ਹੈ।
ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ, ਜੋ ਇੱਕ ਧਾਰਮਕ ਮੱਠ ਦਾ ਮੁਖੀਆ ਹੈ, ਇਹ ਕਹਿੰਦਾ ਹੈ ਕਿ ਹਨੂੰਮਾਨ ਦਲਿਤ ਜਾਤੀ ਵਿਚੋਂ ਸੀ ਅਤੇ ਰਾਮ ਜੀ ਦੀ ਸੇਵਾ ਕਰਿਆ ਕਰਦਾ ਸੀ। ਇਸ ਦੇ ਨਾਲ ਹੀ ਸਾਨੂੰ ਇੱਕ ਮੰਨੇ ਹੋਏ ਇਤਿਹਾਸਕਾਰ ਦੀ ਇਹ ਟਿੱਪਣੀ ਯਾਦ ਆਈ ਕਿ ਆਰ. ਐਸ਼ ਐਸ਼ ਵੱਲੋਂ ਸੱਤਾ ਲਈ ਜਿਸ ਤਰ੍ਹਾਂ ਦੇ ਹਿੰਦੂਤੱਵ ਦਾ ਝੰਡਾ ਚੁੱਕਿਆ ਜਾ ਰਿਹਾ ਹੈ, ਜੇ ਇਹ ਸਿਰੇ ਚੜ੍ਹ ਗਿਆ ਤਾਂ ਫਿਰ ਦਲਿਤਾਂ ਨੂੰ ‘ਸਵਰਨ ਜਾਤੀ’ ਹਿੰਦੂਆਂ ਦੇ ਸੇਵਕ ਮੰਨੇ ਜਾਣ ਵਾਲਾ ਸਮਾਂ ਪਰਤ ਸਕਦਾ ਹੈ। ਉਹ ਸਮਾਂ ਇਸ ਦੇਸ਼ ਲਈ ਪਿੱਛਲ-ਖੁਰੀ ਚੱਲਣ ਵਾਲਾ ਹੋਵੇਗਾ।
ਅਜੋਕੇ ਦੌਰ ਵਿਚ ਜਦੋਂ ਰਾਮ ਜੀ ਦੇ ਨਾਲ ਵੀ ਦਲਿਤ ਰੱਖਣ ਦੀ ਕਹਾਣੀ ਪੇਸ਼ ਕੀਤੀ ਜਾ ਰਹੀ ਹੈ, ਹਾਲਾਂਕਿ ਭਾਰਤ ਵਿਚ ਜਾਤਾਂ ਦੀ ਵਿਵਸਥਾ ਰਾਮ ਜੀ ਤੋਂ ਢਾਈ ਹਜ਼ਾਰ ਸਾਲ ਬਾਅਦ ਸ਼ੁਰੂ ਹੋਈ ਸੀ, ਤਾਂ ਉਸ ਇਤਿਹਾਸਕਾਰ ਦੀ ਇਹ ਗੱਲ ਵੀ ਬਹੁਤ ਸਪੱਸ਼ਟ ਹੁੰਦੀ ਦਿਖਾਈ ਦੇ ਰਹੀ ਹੈ। ਇਹ ਉਸ ਦੌਰ ਵੱਲ ਮੋੜੇ ਦਾ ਸੰਕੇਤ ਹੈ, ਜਦੋਂ ਸ਼ੂਦਰ ਗਿਣੇ ਜਾਣ ਵਾਲੇ ਲੋਕਾਂ ਦੇ ਕੰਨਾਂ ਵਿਚ ਪਿਘਲਿਆ ਸਿੱਕਾ ਪਾਇਆ ਜਾਂਦਾ ਸੀ, ਤਾਂ ਕਿ ਉਹ ਕਿਤੇ ਭੁਲੇਖੇ ਨਾਲ ਵੀ ਰਾਮ ਦਾ ਨਾਂ ਸੁਣ ਕੇ ਅਮਰ ਨਾ ਹੋ ਜਾਂਦੇ ਹੋਣ। ਕਿਸੇ ਰਾਜ ਨੂੰ ਕਿਸੇ ਹਾਕਮ ਦਾ ਸਿੱਕਾ ਚੱਲਦਾ ਕਹਿਣਾ, ਇਸੇ ਗੰਦੀ ਰੀਤ ਨਾਲ ਸ਼ੁਰੂ ਹੋਇਆ ਹੋਵੇਗਾ।
ਜਿੱਥੋਂ ਤੱਕ ਇਸ ਦੇਸ਼ ਦੇ ਆਮ ਲੋਕਾਂ ਦਾ ਸਬੰਧ ਹੈ, ਉਨ੍ਹਾਂ ਲਈ ਲੋਕਤੰਤਰ ਸਿਰਫ ਇਹੀ ਲੈ ਕੇ ਆਇਆ ਹੈ ਕਿ ਗੁੰਡਿਆਂ ਦੀਆਂ ਧਾੜਾਂ ਵਾਲੀ ਇੱਕ ਜਾਂ ਦੂਸਰੀ ਧਿਰ ਵਿਚੋਂ ਕਿਸੇ ਇੱਕ ਦੀ ਚੋਣ ਕਰਦੇ ਰਹਿਣ, ਆਪਣੇ ਨਸੀਬੇ ਨੂੰ ਘੜਨ ਦਾ ਨਾ ਉਨ੍ਹਾਂ ਨੂੰ ਸੁਖਾਵਾਂ ਮੌਕਾ ਦਿੱਤਾ ਜਾ ਰਿਹਾ ਹੈ ਤੇ ਨਾ ਇਹੋ ਜਿਹਾ ਵੱਲ ਸਿੱਖਾਇਆ ਜਾ ਰਿਹਾ ਹੈ। ਵਿਚਾਰਗੀ ਵਾਲੀ ਜੂਨ ਕੱਟਣ ਵਾਲੇ ਉਨ੍ਹਾਂ ਆਮ ਲੋਕਾਂ ਲਈ ਇਹ ਸਾਲ ਗਿਆ ਜਾਂ ਨਵਾਂ ਆਇਆ ਬਹੁਤੇ ਖਾਸ ਅਰਥ ਹੀ ਨਹੀਂ ਰੱਖਦਾ।