ਮਾਲਟਾ ਕਾਂਡ: ਤ੍ਰਾਸਦੀ ਜੋ ਹਰ ਰੋਜ਼ ਵਾਪਰਦੀ ਹੈ

ਮਾਲਟਾ ਕਾਂਡ ਨੂੰ ਵਾਪਰਿਆਂ 22 ਵਰ੍ਹੇ ਹੋ ਗਏ ਹਨ। ਸੰਸਾਰ ਦੇ ਹਰ ਖਿੱਤੇ ਵਿਚ ਪਰਵਾਸ ਹੁੰਦਾ ਹੈ ਪਰ ਜਿਸ ਤਰ੍ਹਾਂ ਦਾ ਪਰਵਾਸ ਪੰਜਾਬ ਨਾਲ ਜੁੜਿਆ ਹੈ, ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਅੱਜ ਸਾਰਾ ਪੰਜਾਬ ਪਰਵਾਸ ਲਈ ਕਾਹਲਾ ਹੋਇਆ ਜਾਪਦਾ ਹੈ। ਪੱਤਰਕਾਰ ਅਤੇ ਦਸਤਾਵੇਜ਼ੀ ਫਿਲਮਸਾਜ਼ ਦਲਜੀਤ ਅਮੀ ਨੇ ਆਪਣੇ ਇਸ ਲੇਖ ਵਿਚ ਮਾਲਟਾ ਕਾਂਡ ਨਾਲ ਸਬੰਧ ਕੁਝ ਤੱਥਾਂ ਦੀ ਪੁਣਛਾਣ ਕੀਤੀ ਹੈ।

-ਸੰਪਾਦਕ

ਦਲਜੀਤ ਅਮੀ
ਫੋਨ: +91-97811-21873

ਮਾਲਟਾ ਕਾਂਡ ਪੰਜਾਬੀਆਂ ਦੇ ਵਿਦੇਸ਼ ਜਾਣ ਨਾਲ ਜੁੜੀਆਂ ਤ੍ਰਾਸਦੀਆਂ ਦੀ ਨੁਮਾਇੰਦਗੀ ਕਰਦਾ ਹੈ। ਜੇ ਇੰਟਰਨੈੱਟ ਉਤੇ ਸਰਸਰੀ ਜਿਹੀ ਖੋਜ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਮਾਲਟਾ ਦੇ ਨਾਮ ਨਾਲ ਹੁੰਦੀਆਂ ਤ੍ਰਾਸਦੀਆਂ ਦੀ ਕੜੀ ਅਟੁੱਟ ਹੈ। ਇਸ ਤਰ੍ਹਾਂ ਮਾਲਟਾ ਕਾਂਡ ਸਿਰਫ ਪੰਜਾਬੀਆਂ ਦੇ ਪਰਦੇਸੀਂ ਜਾਣ ਵਿਚੋਂ ਉਪਜੀ ਤ੍ਰਾਸਦੀ ਨਾ ਹੋ ਕੇ ਸਮੁੱਚੀ ਦੁਨੀਆਂ ਵਿਚ ਪਰਵਾਸ ਦੇ ਰੁਝਾਨ ਵਿਚੋਂ ਉਪਜਦੀਆਂ ਤ੍ਰਾਸਦੀਆਂ ਦੀ ਨੁਮਾਇੰਦਗੀ ਕਰਦੀ ਜਾਪਦੀ ਹੈ।
ਕ੍ਰਿਸਮਸ ਵਾਲੇ ਦਿਨ 1996 ਨੂੰ ਅਫਰੀਕਾ ਤੋਂ ਯੂਰਪ ਜਾਣ ਦਾ ਤਰੱਦਦ ਕਰਦੇ ਮੁੰਡਿਆਂ ਦੀ ਕਿਸ਼ਤੀ ਸਮੁੰਦਰ ਵਿਚ ਡੁੱਬ ਗਈ। ਇਸ ਕਾਂਡ ਵਿਚ ਮਰਨ ਵਾਲਿਆਂ ਵਿਚ 170 ਮੁੰਡੇ ਪੂਰਬੀ ਪੰਜਾਬ (ਭਾਰਤ), 40 ਮੁੰਡੇ ਪੱਛਮੀ ਪੰਜਾਬ (ਪਾਕਿਸਤਾਨ) ਅਤੇ 90 ਸ੍ਰੀਲੰਕਾ ਤੋਂ ਸਨ। ਕੁੱਲ ਮੌਤਾਂ ਦੀ ਗਿਣਤੀ ਤਕਰੀਬਨ 270 ਸੀ।
ਮਾਲਟਾ ਕਿੱਥੇ ਹੈ: ਮਾਲਟਾ ਰੂਮ ਸਾਗਰ ਦਾ ਟਾਪੂ ਹੈ ਜੋ ਇਟਲੀ ਤੋਂ 80 ਕਿਲੋਮੀਟਰ, ਟਿਊਨੇਸ਼ੀਆ ਤੋਂ 284 ਕਿਲੋਮੀਟਰ ਅਤੇ ਲਿਬੀਆ ਤੋਂ 333 ਕਿਲੋਮੀਟਰ ਦੂਰ ਹੈ। ਤਕਰੀਬਨ 316 ਵਰਗ ਕਿਲੋਮੀਟਰ ਦਾ ਇਹ ਮੁਲਕ ਦੁਨੀਆਂ ਦਾ ਦਸਵੇਂ ਨੰਬਰ ਦਾ ਸਭ ਤੋਂ ਛੋਟਾ ਮੁਲਕ ਹੈ ਪਰ ਸੰਘਣੀ ਆਬਾਦੀ ਪੱਖੋਂ ਦੁਨੀਆਂ ਦਾ ਪੰਜਵੇਂ ਨੰਬਰ ਦਾ ਮੁਲਕ ਹੈ। ਪੰਜ ਲੱਖ ਤੋਂ ਘੱਟ ਦੀ ਆਬਾਦੀ ਵਾਲੇ ਮਾਲਟਾ ਵਿਚ ਸਾਲਾਨਾ ਸੋਲਾਂ ਲੱਖ ਤੋਂ ਜ਼ਿਆਦਾ ਸੈਲਾਨੀ ਆਉਂਦੇ ਹਨ। ਯੂਰਪ ਅਤੇ ਅਫਰੀਕਾ ਦੇ ਵਿਚਕਾਰ ਹੋਣ ਕਾਰਨ ਇਹ ਸਮੁੰਦਰੀ ਜਹਾਜਾਂ ਦਾ ਅਹਿਮ ਟਿਕਾਣਾ ਹੈ ਜਿਸ ਦੀ ਅਹਿਮੀਅਤ ਰੂਮ ਸਾਗਰ ਅਤੇ ਲਾਲ ਸਾਗਰ ਨੂੰ ਜੋੜਨ ਵਾਲੀ ਸਵੇਜ ਨਹਿਰ ਬਣਨ ਨਾਲ ਹੋਰ ਵਧ ਗਈ। ਇਸ ਦੀਆਂ ਬੰਦਰਗਾਹਾਂ ਉਤੇ ਬਰਾਮਦ/ਦਰਾਮਦ ਦਾ ਸਾਮਾਨ ਚੜ੍ਹਾਉਣ/ਉਤਾਰਨ ਤੋਂ ਇਲਾਵਾ ਸਮੁੰਦਰੀ ਜਹਾਜ ਤੇਲ/ਪਾਣੀ/ਰਾਸ਼ਨ ਲਈ ਰੁਕਦੇ ਹਨ। ਇਹ ਯਾਤਰੀਆਂ ਅਤੇ ਵਪਾਰੀਆਂ ਦਾ ਪਸੰਦੀਦਾ ਟਿਕਾਣਾ ਬਣ ਜਾਂਦਾ ਹੈ।
ਮਾਲਟਾ ਕਾਂਡ ਕਿਵੇਂ ਵਾਪਰਿਆ: ਮਾਲਟਾ ਕਾਂਡ ਤੋਂ 22 ਸਾਲ ਬਾਅਦ ਉਸ ਕਾਂਡ ਦਾ ਸਿਲਸਿਲਾ ਕ੍ਰਮਵਾਰ ਲਿਖਣਾ ਸੁਖਾਲਾ ਹੈ ਕਿਉਂਕਿ ਇਸ ਦੌਰਾਨ ਵੱਖ-ਵੱਖ ਮੌਕਿਆਂ ਅਤੇ ਮੁਲਕਾਂ ਵਿਚੋਂ ਗਵਾਹੀਆਂ ਮਿਲਦੀਆਂ ਰਹੀਆਂ ਹਨ। ਦਸਤਾਵੇਜ਼ੀ ਫਿਲਮਸਾਜ਼ਾਂ ਨੇ ਫਿਲਮਾਂ ਬਣਾਈਆਂ ਹਨ। ਇਸ ਤੋਂ ਬਾਅਦ ਵਾਪਰੀਆਂ ਤ੍ਰਾਸਦੀਆਂ ਰਾਹੀਂ ਪੁਰਾਣੀਆਂ ਤ੍ਰਾਸਦੀਆਂ ਬਾਬਤ ਅੰਦਾਜ਼ੇ ਲਗਾਉਣੇ ਸੁਖਾਲੇ ਹੋਏ ਹਨ। ਅਫਰੀਕਾ ਤੋਂ ਯੂਰਪ ਜਾਣ ਲਈ ਨਾ ਸਿਰਫ ਅਫਰੀਕੀ ਮੂਲ ਦੇ ਲੋਕ ਰੂਮ ਸਾਗਰ ਪਾਰ ਕਰਨ ਦਾ ਤਰੱਦਦ ਕਰਦੇ ਸਨ ਸਗੋਂ ਏਸ਼ੀਆ ਤੋਂ ਵੀ ਲੋਕ ਇਸ ਲਾਂਘੇ ਦਾ ਇਸਤੇਮਾਲ ਕਰਦੇ ਹਨ। ਇਸ ਕਾਰਨ ਇਹ ਮਨੁੱਖੀ ਤਸਕਰੀ ਦਾ ਬਦਨਾਮ ਖਿੱਤਾ ਹੈ ਜਿਥੇ ਤਸਕਰਾਂ ਦੇ ਕੌਮਾਂਤਰੀ ਗਰੋਹ ਸਰਗਰਮ ਹਨ।
ਮਾਲਟਾ ਜਹਾਜ ਦੁਰਘਟਨਾ ਜਾਂਚ ਮਿਸ਼ਨ ਦੇ ਬਾਨੀ ਬਲਵੰਤ ਸਿੰਘ ਖੇੜਾ ਨੇ ਇਸ ਕਾਂਡ ਦੇ ਤੱਥਾਂ ਅਤੇ ਸਿਲਸਿਲੇ ਦੀ ਥਹੁ ਪਾਉਣ ਲਈ ਮੌਕੇ ਦੇ ਗਵਾਹਾਂ ਨਾਲ ਮੁਲਾਕਾਤਾਂ ਕੀਤੀਆਂ ਹਨ ਅਤੇ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ ਹੈ।
ਹਾਦਸੇ ਵਾਲੀ ਕਿਸ਼ਤੀ ਤੱਕ ਦਾ ਸਫਰ: ਅਫਰੀਕਾ ਦੇ ਸਮੁੰਦਰੀ ਤਟ ਤੋਂ ਸਭ ਦੇ ਨੇੜੇ ਯੂਰਪ ਦੇ ਦੋ ਮੁਲਕ ਸਪੇਨ ਅਤੇ ਮਾਲਟਾ ਹਨ। ਇਸ ਸਮੁੰਦਰ ਨੂੰ ਪਾਰ ਕਰਨ ਲਈ ਕਿਸ਼ਤੀਆਂ ਅਤੇ ਜਹਾਜਾਂ ਦਾ ਇਸਤੇਮਾਲ ਹੁੰਦਾ ਹੈ। ਮਾਲਟਾ ਕਾਂਡ ਵਿਚ ਸਿਲਸਿਲਾ ਕਿਸ਼ਤੀਆਂ ਰਾਹੀਂ ਸ਼ੁਰੂ ਹੁੰਦਾ ਹੋਇਆ ਜਹਾਜ ਰਾਹੀਂ ਕਿਸ਼ਤੀ ਤੱਕ ਪੁੱਜਿਆ। ਤਸਕਰਾਂ ਨੇ ਉਸ ਜਹਾਜ ਵਿਚ ਵੱਖ-ਵੱਖ ਮੁਲਕਾਂ ਤੋਂ ਸਵਾਰੀਆਂ ਚੜ੍ਹਾਈਆਂ ਜੋ ਕਿਸ਼ਤੀਆਂ ਰਾਹੀਂ ਸਮੁੰਦਰ ਵਿਚ ਖੜ੍ਹੇ ਜਹਾਜ ਤੱਕ ਪੰਹੁਚਾਈਆਂ ਗਈਆਂ। ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਉਸ ਜਹਾਜ ਵਿਚ 565 ਮੁੰਡੇ ਸਵਾਰ ਸਨ ਅਤੇ ਇਹ ਦੋ-ਤਿੰਨ ਮਹੀਨੇ ਸਮੁੰਦਰ ਵਿਚ ਰਿਹਾ। ਕ੍ਰਿਸਮਸ ਦੇ ਦਿਹਾੜੇ ਨੂੰ ਢੁੱਕਵਾਂ ਮੌਕਾ ਸਮਝ ਕੇ ਕਿਸ਼ਤੀਆਂ ਰਾਹੀਂ ਇਨ੍ਹਾਂ ਮੁੰਡਿਆਂ ਨੂੰ ਵੱਖ-ਵੱਖ ਥਾਵਾਂ ਉਤੇ ਉਤਾਰਿਆ ਜਾਣਾ ਸੀ। ਚਿਰਾਂ ਤੋਂ ਉਡੀਕ ਵਿਚ ਬੇਸਬਰੇ ਹੋਏ ਮੁੰਡਿਆਂ ਅੰਦਰ ਕਿਸ਼ਤੀ ਵਿਚ ਸਵਾਰ ਹੋਣ ਦੀ ਕਾਹਲ ਸੀ ਤਾਂ ਤਸਕਰ ਵੀ ਵੱਧ ਤੋਂ ਵੱਧ ਸਵਾਰੀਆਂ ਚੜ੍ਹਾਉਣੀਆਂ ਚਾਹੁੰਦੇ ਸਨ। ਉਹ ਕਿਸ਼ਤੀ ਸਵਾਰੀਆਂ ਦੇ ਵਜ਼ਨ ਨਾਲ ਬੈਠ ਗਈ।
ਖਬਰ ਕਿਵੇਂ ਆਈ: ਜਿਥੇ ਤਸਕਰ ਗ਼ੈਰ-ਕਾਨੂੰਨੀ ਸਵਾਰੀਆਂ ਨੂੰ ਸਮੁੰਦਰੀ ਜਹਾਜ ਵਿਚੋਂ ਕਿਸ਼ਤੀ ਵਿਚ ਚੜ੍ਹਾਉਣਗੇ, ਉਹ ਥਾਂ ਕਿਸੇ ਹੋਰ ਦੀ ਨਜ਼ਰ ਵਿਚ ਹੋਣ ਦੀ ਗੁੰਜ਼ਾਇਸ਼ ਘੱਟ ਹੈ। ਤਸਕਰਾਂ ਨੇ ਜਹਾਜ ਵਿਚ ਬਚੀਆਂ ਸਵਾਰੀਆਂ ਨੂੰ ਯੂਨਾਨ (ਗਰੀਸ) ਵਿਚ ਉਤਾਰਿਆ ਅਤੇ ਕਿਸੇ ਗੁਦਾਮ ਵਿਚ ਬੰਦ ਕਰ ਦਿੱਤਾ। ਜਦੋਂ ਇਨ੍ਹਾਂ ਵਿਚੋਂ ਕੁਝ ਜਣੇ ਭੱਜਣ ਵਿਚ ਕਾਮਯਾਬ ਹੋਏ ਤਾਂ ਖਬਰ ਬਾਹਰ ਆਈ।
ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਇਟਲੀ ਵਿਚ ਸੰਸਦੀ ਜਾਂਚ ਕਮੇਟੀ ਬਣਾਈ ਗਈ ਸੀ ਪਰ ਪੰਜ-ਛੇ ਮਹੀਨੇ ਬਾਅਦ ਸਬੂਤਾਂ ਦੀ ਅਣਹੋਂਦ ਕਾਰਨ ਇਹ ਜਾਂਚ ਬੰਦ ਕਰ ਦਿੱਤੀ ਗਈ। ਪੰਜਾਬ ਵਿਚ ਲਾਪਤਾ ਮੁੰਡਿਆਂ ਦੇ ਮਾਪਿਆਂ ਦੀ ਬੇਚੈਨੀ ਖਬਰਾਂ ਦਾ ਸਬੱਬ ਬਣੀ ਸੀ ਪਰ ਜਦੋਂ ਕੋਈ ਸਬੂਤ ਨਾ ਮਿਲਣ ਦੀ ਗੱਲ ਆਉਂਦੀ ਸੀ ਤਾਂ ਇਨ੍ਹਾਂ ਮਾਪਿਆਂ ਦੀ ਆਸ ਬੱਝ ਜਾਂਦੀ ਸੀ। ਬਲੰਵਤ ਸਿੰਘ ਖੇੜਾ ਦੱਸਦੇ ਹਨ ਕਿ ਜਦੋਂ ਉਹ ਵਫਦ ਬਣਾ ਕੇ ਤਤਕਾਲੀ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਸੀ ਕਿ ਰਿਕਾਰਡ ਮੁਤਾਬਕ ਅਜਿਹਾ ਕੋਈ ਕਾਂਡ ਨਹੀਂ ਹੋਇਆ।
ਉਸ ਕਾਂਡ ਦੇ ਗਵਾਹਾਂ ਦੇ ਪੰਜਾਬ ਵਿਚ ਪਰਤਣ ਨਾਲ ਇਸ ਦੀਆਂ ਤਫਸੀਲਾਂ ਸਾਹਮਣੇ ਆਈਆਂ ਪਰ ਨਾਲ ਹੀ ਉਨ੍ਹਾਂ ਦੇ ਵਿਦੇਸ਼ ਜਾਣ ਦੇ ਨਵੇਂ ਉਪਰਾਲਿਆਂ ਦੀਆਂ ਖਬਰਾਂ ਵੀ ਛਪੀਆਂ। ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਕਿਸੇ ਦਸਤਾਵੇਜ਼ ਜਾਂ ਸਬੂਤ ਦੀ ਘਾਟ ਕਾਰਨ ਕਿਸੇ ਮੁਆਵਜ਼ੇ, ਰਾਹਤ ਜਾਂ ਕਾਨੂੰਨੀ ਕਾਰਵਾਈ ਦੀ ਗੁੰਜ਼ਾਇਸ਼ ਨਹੀਂ ਬਣਦੀ ਸੀ।
ਮੌਤ ਦੇ ਸਬੂਤ ਅਤੇ ਵਿਰਾਸਤ ਦਾ ਸੁਆਲ: ਮਾਲਟਾ ਕਾਂਡ ਵਿਚ ਸ਼ਿਕਾਰ ਹੋਣ ਵਾਲਿਆਂ ਦੀ ਮੌਤ ਦਾ ਕੋਈ ਸਬੂਤ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਮੌਤ ਦਾ ਸਰਟੀਫਿਕੇਟ ਜਾਰੀ ਹੋਇਆ ਸੀ। ਸਰਟੀਫਿਕੇਟ ਦੀ ਅਣਹੋਂਦ ਕਾਰਨ ਬੈਂਕ ਖਾਤਿਆਂ, ਬੀਮੇ ਦੇ ਦਾਅਵਿਆਂ ਅਤੇ ਜੱਦੀ ਜਾਇਦਾਦ ਦੀ ਦਾਅਵੇਦਾਰੀ ਸੁਲਝਾਉਣਾ ਮੁਸ਼ਕਿਲ ਸੀ। ਬਲਵੰਤ ਸਿੰਘ ਇਸ ਮਾਮਲੇ ਨੂੰ ਅਦਾਲਤ ਵਿਚ ਲੈ ਕੇ ਗਏ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੀੜਤਾਂ ਦੇ ਮਾਮਲਿਆਂ ਦੀ ਪੈਰਵਾਈ ਕਰਨ ਵਾਲੀ ਵਕੀਲ ਜਤਿੰਦਰਜੀਤ ਕੌਰ ਨੇ ਦੱਸਿਆ ਕਿ ਪੀੜਤਾਂ ਦੇ ਪਰਿਵਾਰਾਂ ਲਈ ਮੌਤ ਦਾ ਸਰਟੀਫਿਕੇਟ ਹਾਸਿਲ ਕਰਨਾ ਵੀ ਵੱਡਾ ਮੁੱਦਾ ਸੀ। ਅਦਾਲਤ ਨੇ ਇਸ ਨੂੰ ਦੀਵਾਨੀ ਮਾਮਲਾ ਕਰਾਰ ਦਿੱਤਾ ਸੀ ਜਿਸ ਤਹਿਤ ਲਾਪਤਾ ਜੀਅ ਨੂੰ ਸੱਤ ਸਾਲ ਬਾਅਦ ਹੀ ਮੌਤ ਦਾ ਸਰਟੀਫਿਕੇਟ ਜਾਰੀ ਹੋ ਸਕਦਾ ਹੈ। ਉਨ੍ਹਾਂ ਕਿਹਾ, “ਜਦੋਂ ਕੇਂਦਰ ਸਰਕਾਰ ਨੇ ਪੀੜਤਾਂ ਦੀ ਫਹਿਰਿਸਤ ਜਾਰੀ ਕਰ ਦਿੱਤੀ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਵਿਚ ਇਹ ਪੱਖ ਪੇਸ਼ ਕੀਤਾ ਅਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਦੀ ਮੰਗ ਕੀਤੀ। ਅਦਾਲਤ ਦੀਆਂ ਹਦਾਇਤਾਂ ਤੋਂ ਬਾਅਦ ਇਹ ਸਰਟੀਫਿਕੇਟ ਜਾਰੀ ਕੀਤੇ ਗਏ।”
ਮੁਆਵਜ਼ਾ ਅਤੇ ਅਦਾਲਤੀ ਕਾਰਵਾਈ: ਪੀੜਤਾਂ ਲਈ ਪੰਜਾਬ ਸਰਕਾਰ ਨੇ ਪ੍ਰਤੀ ਜੀਅ ਪੰਜਾਹ ਹਜ਼ਾਰ ਰੁਪਏ ਐਕਸ-ਗਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ। ਕੁਝ ਪਰਿਵਾਰਾਂ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਅਦਾਲਤ ਵਿਚ ਇਸ ਮਾਮਲੇ ਨੂੰ ਮੌਤਾਂ ਦੀ ਰਸਮੀ ਪ੍ਰਵਾਨਗੀ ਵਜੋਂ ਪੇਸ਼ ਕੀਤਾ ਗਿਆ। ਸੈਸ਼ਨ ਅਦਾਲਤਾਂ ਵਿਚ ਸਾਰੇ ਪੀੜਤ ਪਰਿਵਾਰਾਂ ਨੇ ਆਪਣੇ ਮੁਕੱਦਮੇ ਪੇਸ਼ ਕੀਤੇ ਅਤੇ ਟਰੈਵਲ ਏਜੰਟਾਂ ਨੂੰ ਮੁਲਜ਼ਮ ਬਣਾਇਆ। ਇਕ ਮਾਮਲੇ ਵਿਚ ਕਪੂਰਥਲਾ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਸਜ਼ਾ ਸੁਣਾਈ ਪਰ ਬਾਕੀ ਸਾਰੀਆਂ ਸੈਸ਼ਨ ਅਦਾਲਤਾਂ ਨੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਹੁਣ ਇਹ ਮਾਮਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਮੁੜ-ਵਿਚਾਰ ਲਈ ਪਏ ਹਨ।
ਜਤਿੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਮੁਆਵਜ਼ੇ ਲਈ ਇਟਲੀ ਦੀਆਂ ਅਦਾਲਤਾਂ ਵਿਚ ਇਹ ਮਾਮਲਾ ਲਿਜਾਣ ਦਾ ਉਪਰਾਲਾ ਕੀਤਾ ਸੀ ਜਿਸ ਵਿਚ ਸ੍ਰੀਲੰਕਾ ਦੇ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੀ ਵਕੀਲ ਨੇ ਪਹਿਲਕਦਮੀ ਕੀਤੀ ਸੀ ਪਰ ਭਾਰਤ ਸਰਕਾਰ ਦੀ ਢੁਕਵੀਂ ਮਦਦ ਨਾ ਮਿਲਣ ਕਾਰਨ ਇਹ ਮਾਮਲਾ ਕਿਸੇ ਸਿਰੇ ਨਹੀਂ ਲੱਗਿਆ।
ਅਸਥੀਆਂ ਦੀ ਘਰ ਵਾਪਸੀ: ਬਲਵੰਤ ਸਿੰਘ ਖੇੜਾ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਸਮੁੰਦਰ ਦੀਆਂ ਤਸਵੀਰਾਂ ਨਾਲ ਕਿਸ਼ਤੀ ਦੇ ਮਲਬੇ ਦੀ ਨਿਸ਼ਾਨਦੇਹੀ ਹੋਈ ਹੈ ਜਿਸ ਨਾਲ ਪੀੜਤਾਂ ਦੀਆਂ ਲਾਸ਼ਾਂ ਦੀ ਸ਼ਨਾਖਤ ਦੀ ਗੁੰਜ਼ਾਇਸ਼ ਬਣੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿਚ ਸਰਕਾਰੀ ਮਦਦ ਦੀ ਮੰਗ ਕੀਤੀ ਹੈ। ਉਹ ਅੱਗੇ ਕਹਿੰਦੇ ਹਨ, “ਇਹ ਪੈਸੇ ਵਾਲਾ ਮਾਮਲਾ ਹੈ ਅਤੇ ਸਰਕਾਰ ਇਸ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਕਾਇਦੇ ਨਾਲ ਤਾਂ ਇਹ ਅਸਥੀਆਂ ਲਿਆਉਣ ਦਾ ਬੰਦੋਬਸਤ ਹੋਣਾ ਚਾਹੀਦਾ ਹੈ।”
ਕਿਵੇਂ ਬਦਲੀ ਜ਼ਿੰਦਗੀ: ਬਲਵੰਤ ਸਿੰਘ ਖੇੜਾ ਦਾ ਨਾਮ ਮਾਲਟਾ ਜਹਾਜ ਦੁਰਘਟਨਾ ਜਾਂਚ ਮਿਸ਼ਨ ਦੇ ਨਾਲ ਤਕਰੀਬਨ ਇਕ-ਮਿੱਕ ਹੋ ਗਿਆ ਹੈ ਪਰ ਉਹ ਇਸ ਕਾਂਡ ਨਾਲ ਸ਼ੁਰੂ ਤੋਂ ਨਹੀਂ ਜੁੜੇ ਸਨ। ਉਹ ਦੱਸਦੇ ਹਨ, “ਬਾਕੀਆਂ ਵਾਂਗ ਮੈਂ ਵੀ ਇਹ ਖਬਰ ਅਖਬਾਰਾਂ ਵਿਚ ਪੜ੍ਹੀ ਸੀ। ਇਸ ਕਾਂਡ ਦੇ ਪੀੜਤਾਂ ਨੇ ਸਰਕਾਰੇ-ਦਰਬਾਰੇ ਪਹੁੰਚ ਕੀਤੀ ਪਰ ਕੁਝ ਹੱਥ-ਪੱਲੇ ਨਾ ਪਿਆ। ਮੈਂ ਜਨਤਾ ਦਲ ਦਾ ਆਗੂ ਸਾਂ ਅਤੇ ਸਾਡੇ ਇਕ ਸਾਥੀ ਨੇ ਉਨ੍ਹਾਂ ਨੂੰ ਮੇਰੇ ਨਾਲ ਰਾਬਤਾ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਅਸੀਂ ਇਸ ਮਾਮਲੇ ਦੀ ਪੈਰਵਾਈ ਕੀਤੀ। ਹਰ ਥਾਂ ਵਫਦ ਬਣਾ ਕੇ ਮੋਹਤਬਰਾਂ ਨੂੰ ਮਿਲੇ ਅਤੇ ਧਰਨੇ-ਮੁਜ਼ਾਹਰੇ ਕੀਤੇ।” ਬਲਵੰਤ ਸਿੰਘ ਖੇੜਾ ਦੱਸਦੇ ਹਨ ਕਿ ਇਸ ਕਾਂਡ ਨੇ ਪੀੜਤਾਂ ਦੇ ਪਰਿਵਾਰਾਂ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਮੁਹਾਣ ਵੀ ਬਦਲ ਦਿੱਤਾ।
ਸੀ.ਬੀ.ਆਈ. ਜਾਂਚ ਅਤੇ ਅਦਾਲਤੀ ਕਾਰਵਾਈ: ਬਲਵੰਤ ਸਿੰਘ ਖੇੜਾ ਮੁਤਾਬਕ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੇ ਵੀ ਕੀਤੀ ਅਤੇ 28 ਬੰਦਿਆਂ ਨੂੰ ਮੁਲਜ਼ਮ ਬਣਾਇਆ। ਸੀ.ਬੀ.ਆਈ. ਦੇ ਚਾਰਜਸ਼ੀਟ ਦਾਖਲ ਕਰਨ ਵੇਲੇ ਤੱਕ ਇਨ੍ਹਾਂ ਵਿਚੋਂ ਕਈ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਸੀ। ਇਹ ਮਾਮਲਾ ਹਾਲੇ ਤੱਕ ਰੋਹਿਣੀ ਅਦਾਲਤ ਵਿਚ ਪਿਆ ਹੈ ਪਰ ਇਸ ਨਾਲ ਜੁੜੀ ਪੀੜਤ ਧਿਰ ਨਿਰਾਸ਼ ਹੋ ਚੁੱਕੀ ਹੈ। ਬਲਵੰਤ ਸਿੰਘ ਦੱਸਦੇ ਹਨ, “ਪਹਿਲਾਂ ਸੀ.ਬੀ.ਆਈ. ਦੇ ਅਫਸਰ ਨਾਲ ਰਾਬਤਾ ਰਹਿੰਦਾ ਸੀ ਪਰ ਹੁਣ ਉਨ੍ਹਾਂ ਦੀ ਬਦਲੀ ਹੋ ਗਈ ਹੈ ਤਾਂ ਸਾਨੂੰ ਉਸ ਮਾਮਲੇ ਦੀ ਜਾਣਕਾਰੀ ਵੀ ਨਹੀਂ।”
ਮਾਲਟਾ ਕਾਂਡ ਹੈ ਜਾਂ ਰੁਝਾਨ: ਬੀ.ਬੀ.ਸੀ. ਦੀ ਤਿੰਨ ਸਤੰਬਰ 2018 ਦੀ ਇਕ ਖਬਰ ਮੁਤਾਬਕ ਯੂਨਾਈਟਿਡ ਨੇਸ਼ਨਜ਼ ਹਾਈ ਕਮਿਸ਼ਨ ਆਫ ਰਿਫਿਊਜੀਜ਼ ਨੇ ਆਪਣੀ ਰਪਟ ਵਿਚ ਦਰਜ ਕੀਤਾ ਹੈ, “ਪਰਵਾਸ ਕਰਨ ਵਾਲਿਆਂ ਅਤੇ ਪਨਾਹਗੀਰਾਂ ਲਈ ਰੂਮ ਸਾਗਰ ਪਾਰ ਕਰਨਾ ਪਹਿਲਾਂ ਤੋਂ ਜ਼ਿਆਦਾ ਖਤਰਨਾਕ ਹੈ। ਇਸ ਪਾਸਿਓਂ ਯੂਰਪ ਵਿਚ ਆਉਣ ਵਾਲਿਆਂ ਦੀ ਗਿਣਤੀ ਘਟ ਗਈ ਹੈ ਪਰ ਇਸ ਸਮੁੰਦਰ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ।” ਇਸ ਰਪਟ ਵਿਚ ਦਰਜ ਹੈ ਕਿ 2018 ਵਿਚ ਪਹਿਲੇ ਸੱਤ ਮਹੀਨਿਆਂ ਦੌਰਾਨ 1600 ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਸ ਦੌਰਾਨ ਯੂਰਪ ਵਿਚ ਰੂਮ ਸਾਗਰ ਰਾਹੀਂ ਦਾਖਲ ਹੋਣ ਵਾਲੇ ਹਰ ਅਠਾਰਾਂ ਜੀਆਂ ਪਿੱਛੇ ਇਕ ਲਾਪਤਾ ਹੈ ਜਾਂ ਮਰ ਗਿਆ ਹੈ। ਇਹ ਅੰਕੜਾ ਇਨ੍ਹਾਂ ਮਹੀਨਿਆਂ ਦੌਰਾਨ 2017 ਵਿਚ 42 ਪਿੱਛੇ ਇਕ ਸੀ। ਜੇ ਇਨ੍ਹਾਂ ਤ੍ਰਾਸਦੀਆਂ ਦੇ ਚਿਹਰੇ ਦੇਖਣੇ ਹੋਣ ਤਾਂ ਇੰਟਰਨੈੱਟ ਉਤੇ ਜ਼ਿਆਦਾ ਤਰੱਦਦ ਨਹੀਂ ਕਰਨਾ ਪੈਂਦਾ। ਰੂਮ ਸਾਗਰ ਦੀਆਂ ਤ੍ਰਾਸਦੀਆਂ ਦਾ ਸ਼ਿਕਾਰ ਕੋਈ ਵੀ ਹੋਵੇ ਅਤੇ ਉਸ ਦੀ ਮਾਂ-ਬੋਲੀ ਕੋਈ ਵੀ ਹੋਵੇ ਪਰ ਉਸ ਦੇ ਬੋਲ ਸਭ ਨੂੰ ਸਮਝ ਆ ਸਕਦੇ ਹਨ। ਆਖਰ ਚੀਕਾਂ ਅਤੇ ਅੱਥਰੂਆਂ ਦੀ ਕੋਈ ਬੋਲੀ ਨਹੀਂ ਹੁੰਦੀ ਅਤੇ ਅਹਿਸਾਸ ਕਿਸੇ ਬੋਲੀ ਦੇ ਪਾਬੰਦ ਨਹੀਂ ਹੁੰਦੇ। (ਬੀ.ਬੀ.ਸੀ. ਪੰਜਾਬੀ ਤੋਂ ਧੰਨਵਾਦ ਸਹਿਤ)