ਇਹ ਵੀ ਰਾਣੀਆਂ ਹਨ

ਬਲਜੀਤ ਬਾਸੀ
ਸ਼ਬਦਾਂ ਦੇ ਅਰਥ-ਵਿਸਤਾਰ ਜਾਂ ਨਵੇਂ ਸ਼ਬਦ ਉਗਮਣ ਦੀਆਂ ਕਹਾਣੀਆਂ ਬੜੀਆਂ ਵਿਚਿੱਤਰ ਅਤੇ ਦਿਲਚਸਪ ਹੁੰਦੀਆਂ ਹਨ। ਇਨ੍ਹਾਂ ਪੰਨਿਆਂ ਵਿਚ ਅਸੀਂ ਇਹੋ ਕਹਾਣੀਆਂ ਪਾਉਂਦੇ ਹਾਂ। ਪਿਛਲੇ ਦੋ ਲੇਖਾਂ ਵਿਚ ਮਾਸਟਰ ਅਤੇ ਮਿਸਤਰੀ ਬਾਰੇ ਲਿਖਿਆ ਸੀ। ਨਾਲ ਹੀ ਇਮਾਰਤ ਬਣਾਉਣ ਵਾਲੇ ਰਾਜ ਬਾਰੇ ਵੀ ਤੰਦ ਛੋਹੀ ਸੀ, ਭਾਵੇਂ ਇਸ ਬਾਰੇ ਨਿਸਚੇਪੂਰਬਕ ਕੁਝ ਨਹੀਂ ਸੀ ਕਿਹਾ ਗਿਆ। ਹਾਂ, ਰਾਜ ਨੂੰ ਵੱਡਾ, ਮੁੱਖ ਦੇ ਅਰਥਾਂ ਵਜੋਂ ਸਮਝਣ ਦੀ ਕੋਸਿਸ਼ ਕੀਤੀ ਗਈ ਸੀ। ਮੇਰੀਆਂ ਨਜ਼ਰਾਂ ਵਿਚੋਂ ਚਰਚਾ ਕੀਤੇ ਗਏ ਰਾਜ ਅਤੇ ਮਿਸਤਰੀ ਨਾਲ ਸਬੰਧਤ ਇਕ ਹੋਰ ਸ਼ਬਦ ਗੁਜ਼ਰਿਆ ਸੀ ਪਰ ਇਹ ਅੰਸ਼ਕ ਤੌਰ ‘ਤੇ ਨਵੀਂ ਘਾੜਤ ਹੋਣ ਕਰਕੇ ਇਸ ਨੂੰ ਵੱਖਰੇ ਤੌਰ ‘ਤੇ ਨਜਿੱਠਣ ਦਾ ਫੈਸਲਾ ਕੀਤਾ।

ਕਿਸੇ ਵੀ ਵਰਤਾਰੇ ਬਾਰੇ ਮਨੁੱਖ ਦੀ ਸਮਝ ਲਗਾਤਾਰ ਵਧਦੀ ਜਾਂਦੀ ਹੈ, ਜਿਸ ਕਾਰਨ ਅਸੀਂ ਪੁਰਾਣੀ ਸਮਝ ਨੂੰ ਨੱਕਾਰਦੇ ਜਾਂਦੇ ਹਾਂ। ਮਿਸਾਲ ਵਜੋਂ ਕਿਸੇ ਵੇਲੇ ਇਹ ਸਮਝਿਆ ਜਾਂਦਾ ਸੀ ਕਿ ਖੂਨ ਦਾ ਦਬਾਅ ਸਰੀਰ ਵਿਚ ਖੂਨ ਵਧਣ ਨਾਲ ਹੁੰਦਾ ਹੈ। ਇਸ ਲਈ ਅਜਿਹੇ ਇਲਾਜ ਚੱਲ ਪਏ, ਜਿਨ੍ਹਾਂ ਨਾਲ ਮਨੁੱਖ ਦੇ ਸਰੀਰ ਵਿਚੋਂ ਖੂਨ ਕੱਢਿਆ ਜਾਣ ਲੱਗਾ। ਇਨ੍ਹਾਂ ਵਿਚੋਂ ਇੱਕ ਅਹੁਰ ਸੀ, ਸਰੀਰ ਵਿਚ ਜੋਕਾਂ ਲਾ ਕੇ ਖੂਨ ਕੱਢਣਾ। ਮਰੀਜ਼ ਲਈ ਇਹ ਇਲਾਜ ਏਨਾ ਕਰੂਰ ਅਤੇ ਕਸ਼ਟਦਾਇਕ ਸੀ ਕਿ ਕਈ ਵਾਰੀ ਉਸ ਦੀ ਮੌਤ ਹੀ ਹੋ ਜਾਂਦੀ ਸੀ। ਬਾਅਦ ਵਿਚ ਖੂਨ ਦੇ ਦਬਾਅ ਬਾਰੇ ਸਮਝ ਵਧਣ ਨਾਲ ਹੋਰ ਇਲਾਜ ਚੱਲ ਪਏ। ਨਵੀਂ ਸਮਝ ਅਨੁਸਾਰ ਇਲਾਜ ਤਾਂ ਨਵੇਂ ਚੱਲ ਸਕਦੇ ਹਨ ਪਰ ਵਸਤੂ ਵਰਤਾਰੇ ਦੀ ਕਿਸੇ ਖਾਸੀਅਤ ਵੱਲ ਸੰਕੇਤ ਕਰਦਾ ਸ਼ਬਦ ਏਨਾ ਸੌਖਾ ਨਹੀਂ ਬਦਲਿਆ ਜਾ ਸਕਦਾ, ਐਨ ਉਸੇ ਤਰ੍ਹਾਂ ਜਿਵੇਂ ‘ਚੱਲ ਚੁੱਕਾ ਤੀਰ ਤੇ ਮੂੰਹ ‘ਚੋਂ ਨਿਕਲਿਆ ਸ਼ਬਦ ਵਾਪਸ ਨਹੀਂ ਜਾ ਸਕਦੇ।’
ਉਪਰੋਕਤ ਸਥਿਤੀ ਦੇ ਮੁੱਖ ਤੌਰ ‘ਤੇ ਦੋ ਕਾਰਨ ਹਨ। ਹਰ ਨਵੀਂ ਸਮਝ ਕਾਰਨ ਜੇ ਸ਼ਬਦ ਬਦਲੇ ਜਾਣ ਲੱਗੇ ਤਾਂ ਸੰਚਾਰ ਵਿਚ ਘੜਮੱਸ ਪੈ ਜਾਵੇਗਾ, ਅਰਥਾਤ ਕਿਹਾ ਕੁਝ ਜਾਵੇਗਾ, ਸਮਝਿਆ ਕੁਝ ਜਾਵੇਗਾ। ਪਾਰਦਰਸ਼ੀ ਸੰਚਾਰ ਲਈ ਸ਼ਬਦ ਮੁਕਾਬਲਤਨ ਸਥਿਰ ਹੀ ਚਾਹੀਦੇ ਹਨ। ਦੂਜਾ ਕਾਰਨ ਇਹ ਹੈ ਕਿ ਸਾਰੇ ਲੋਕ ਇਹ ਨਹੀਂ ਜਾਣਦੇ ਹੁੰਦੇ ਕਿ ਸ਼ਬਦ ਦੇ ਪਿਛੋਕੜ ਵਿਚ ਕੀ ਭਾਵ ਹੈ? ਕਿਸ ਨੂੰ ਪਤਾ ਹੈ ਕਿ ਕੌਲੀ ਨੂੰ ਕੌਲੀ ਕਿਉਂ ਕਿਹਾ ਜਾਣ ਲੱਗਾ, ਵਿਚ ਪਾ ਕੇ ਖਾਣ ਤੋਂ ਮਤਲਬ ਹੈ, ਜਿਵੇਂ ਕਹਿੰਦੇ ਹਨ, ਅੰਬ ਖਾਣੇ ਹਨ ਕਿ ਪੇੜ ਗਿਣਨੇ ਹਨ!
ਕਿਸੇ ਵੇਲੇ ਸਮਝਿਆ ਜਾਂਦਾ ਸੀ ਕਿ ਮਲੇਰੀਆ ਗੰਦੀ ਹਵਾ ਭਖਣ ਕਾਰਨ ਹੁੰਦਾ ਹੈ। ਖਿਆਲ ਕੀਤਾ ਜਾਂਦਾ ਹੈ ਕਿ 18ਵੀਂ ਸਦੀ ਵਿਚ ਇਟਲੀ ਦੇ ਇੱਕ ਡਾਕਟਰ ਨੇ ਮਲੇਰੀਆ ਸ਼ਬਦ ਘੜਿਆ ਸੀ, ਜੋ ਦੋ ਘਟਕਾਂ ੰਅਲ+Aਰਅਿ ਤੋਂ ਬਣਾਇਆ ਗਿਆ ਸੀ। ੰਅਲ ਦਾ ਅਰਥ ‘ਗੰਦਾ’ ਅਤੇ Aਰਅਿ ਦਾ ‘ਹਵਾ’ ਹੁੰਦਾ ਹੈ। ਨਵੇਂ ਬਣੇ ਇਸ ਲਫਜ਼ ਦਾ ਸ਼ਾਬਦਿਕ ਅਰਥ ਬਣਿਆ, ਗੰਦੀ ਹਵਾ। ਬਾਅਦ ਵਿਚ ਮਲੇਰੀਆ ਨੂੰ ਗੰਦੀ ਹਵਾ ਕਾਰਨ ਪੈਦਾ ਹੁੰਦਾ ਰੋਗ ਸਮਝਦਿਆਂ ਇਹ ਨਾਂ ਮਿਲਿਆ। ਬਹੁਤ ਪਿਛੋਂ ਸਮਝ ਆਈ ਕਿ ਮਲੇਰੀਆ ਗੰਦੀ ਹਵਾ ਕਾਰਨ ਨਹੀਂ ਬਲਕਿ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਪਰ ਨਵੀਂ ਸਮਝ ਪਿਛੋਂ ਮਲੇਰੀਆ ਨੂੰ ਕਿਸੇ ਹੋਰ ਸ਼ਬਦ ਨਾਲ ਵਿਸਥਾਪਤ ਨਹੀਂ ਕੀਤਾ ਗਿਆ। ਪੰਜਾਬੀ ਭਾਸ਼ਾ ਵਿਚ ਇਸ ਨੂੰ ਤੇਈਆ ਕਹਿ ਦਿੱਤਾ ਜਾਂਦਾ ਹੈ, ਕਿਉਂਕਿ ਇਸ ਨਾਲ ਚੜ੍ਹਦਾ ਤਾਪ ਅਕਸਰ ਇਕ ਦੋ ਨਾਗੇ ਪਾ ਲੈਂਦਾ ਹੈ। ਕੀ ਨਵੀਂ ਸਮਝ ਅਨੁਸਾਰ ਇਸ ਰੋਗ ਨੂੰ ਪੰਜਾਬੀ ਵਿਚ ਮੱਛਰ-ਡੰਗਾ ਜਿਹਾ ਕੋਈ ਸ਼ਬਦ ਮਿਲਣਾ ਚਾਹੀਦਾ ਹੈ? ਪੰਜਾਬ ਸ਼ਬਦ ਦਾ ਅਰਥ ਪੰਜ ਪਾਣੀ ਹੈ, ਪਰ ਢਾਈ ਦਰਿਆ ਰਹਿਣ ਪਿਛੋਂ ਵੀ ਇਸ ਦਾ ਨਾਂ ਨਹੀਂ ਬਦਲਿਆ ਗਿਆ।
ਆਪਣੇ ਵਿਸ਼ੇ ਵੱਲ ਪਰਤਣ ਤੋਂ ਪਹਿਲਾਂ ਕੁਝ ਭੂਮਿਕਾ ਦਰਕਾਰ ਹੈ। ਪਿਛਲੇ ਅਰਸੇ ਵਿਚ ਭਾਰਤ ਸਰਕਾਰ ਨੇ ਇੱਕ ਸਲਾਹੁਣਯੋਗ ‘ਸਵੱਛ ਭਾਰਤ ਅਭਿਆਨ’ ਚਲਾਇਆ, ਜਿਸ ਤਹਿਤ ਘਰ ਘਰ ਪਾਖਾਨੇ ਲਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹਾਲਾਂਕਿ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਜਿਨ੍ਹਾਂ ਗਰੀਬ ਲੋਕਾਂ ਨੂੰ ਦੋ ਡੰਗ ਰੋਟੀ ਨਸੀਬ ਨਹੀਂ ਹੁੰਦੀ, ਉਹ ਲੈਟਰੀਨ ਕਾਸ ਲਈ ਜਾਣਗੇ! ਖਬਰਾਂ ਮੁਤਾਬਕ ਕੁਝ ਨਵੀਆਂ ਵਿਆਹੀਆਂ ਕੁੜੀਆਂ ਨੇ ਆਪਣੇ ਸਹੁਰੇ ਘਰ ਜਾਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਸਹੁਰੇ ਘਰ ਪਾਖਾਨਾ ਨਹੀਂ ਸੀ ਬਣਾਇਆ ਹੋਇਆ। ਹੁਣ ਤਾਂ ਇਹ ਮੁਹਿੰਮ ਵੀ ਚਲਾਈ ਜਾ ਰਹੀ ਹੈ ਕਿ ਸਾਰੀਆਂ ਕੁੜੀਆਂ ਪਾਖਾਨਾ-ਰਹਿਤ ਘਰ ਵਿਆਹ ਹੀ ਨਾ ਕਰਵਾਉਣ।
ਐਪਰ ਹੈਰਾਨਕੁਨ ਖੁਸ਼ਖਬਰੀ ਹੈ ਕਿ ਭਾਰਤ ਦੇ ਇੱਕ ਸੂਬੇ ਝਾੜਖੰਡ ਵਿਚ ਲੜਕੀਆਂ ਨੇ ਖੁਦ ਪਾਖਾਨਾ ਬਣਾਉਣ ਦਾ ਧੰਦਾ ਸ਼ੁਰੂ ਕਰ ਦਿੱਤਾ ਹੈ। ਰਵਾਇਤੀ ਤੌਰ ‘ਤੇ ਲੜਕੀਆਂ ਨੂੰ ਘਰ ਵਿਚ ਹੀ ਰੱਖਿਆ ਜਾਂਦਾ ਸੀ ਤੇ ਅਕਸਰ ਹੀ ਪਿਆਰ ਨਾਲ ਰਾਣੀ ਦਾ ਨਾਂ ਦਿੱਤਾ ਜਾਂਦਾ ਸੀ। ਇਸਤਰੀਆਂ ਮੁਖ ਤੌਰ ‘ਤੇ ਘਰ ਦਾ ਜਾਂ ਇਸਤਰੀਲਿੰਗੀ ਕੰਮ ਹੀ ਕਰਦੀਆਂ ਰਹੀਆਂ ਹਨ, ਅਸਲੀ ਰਾਜਿਆਂ ਦੀਆਂ ਰਾਣੀਆਂ ਤਾਂ ਡੱਕਾ ਵੀ ਦੂਹਰਾ ਨਹੀਂ ਸੀ ਕਰਦੀਆਂ। ਤਾਂ ਹੀ ਤਾਂ ਅਖਾਣ ਹੈ, ‘ਮੈਂ ਵੀ ਰਾਣੀ ਤੂੰ ਵੀ ਰਾਣੀ, ਕੌਣ ਭਰੇਗਾ ਘਰ ਦਾ ਪਾਣੀ।’
ਝਾੜਖੰਡ ਦੇ ਪਿੰਡ ਦੁਬਾਲੀਆ ਦੀ ਰਹਿਣ ਵਾਲੀ ਤਿੰਨ ਬੱਚਿਆਂ ਦੀ ਮਾਂ ਸੀਮਾ ਖੁਜੂਰ ਦੇ ਪਤੀ ਦੀ 2010 ਵਿਚ ਮੌਤ ਹੋ ਗਈ। ਵਿਚਾਰੀ ਨੂੰ ਬਹੁਤ ਘਟ ਉਜਰਤ ਵਾਲੀ ਦਿਹਾੜੀ ਕਰਨੀ ਪਈ, ਜਿਸ ਨਾਲ ਪਰਿਵਾਰ ਦਾ ਢਿਡ ਨਹੀਂ ਸੀ ਭਰ ਸਕਦਾ। ਅੱਠ ਸਾਲ ਬਾਅਦ ਉਸ ਨੇ ਮਰਦਾਂ ਵਾਲਾ ਇਕ ਅਜਿਹਾ ਕੰਮ ਸ਼ੁਰੂ ਕਰ ਦਿੱਤਾ, ਜਿਸ ਨਾਲ ਦੇਸ਼ ਭਰ ਵਿਚ ਉਸ ਦੀ ਧਾਂਕ ਪੈ ਗਈ। ਇਹ ਕੰਮ ਸੀ ਪਿੰਡ ਪਿੰਡ ਸ਼ੌਚਾਲਾ ਬਣਾਉਣ ਦਾ। ਇਸ ਨਿਵੇਕਲੇ ਅਤੇ ਮਰਦਾਂ ਵਾਲਾ ਕਿੱਤਾ ਅਪਨਾਉਣ ਕਰਕੇ ਅਖਬਾਰਨਵੀਸਾਂ, ਲੋਕਾਂ ਜਾਂ ਸਰਕਾਰ ਨੇ ਉਸ ਨੂੰ ਰਾਜ-ਮਿਸਤਰੀ ਦੀ ਤਰਜ਼ ਤੇ ‘ਰਾਣੀ-ਮਿਸਤਰੀ’ ਦਾ ਲਕਬ ਦੇ ਦਿੱਤਾ। ਪਿੰਡ ਦੀਆਂ ਹੋਰ ਔਰਤਾਂ ਵੀ ਉਸ ਦੇ ਨਕਸ਼ੇ ਕਦਮ ‘ਤੇ ਚੱਲਣ ਲੱਗ ਪਈਆਂ।
ਪਿੰਡ ਦੀ ਇਕ ਹੋਰ 24 ਸਾਲਾ ਨੂੰਹ, ਪ੍ਰੀਤੀ ਕੁਮਾਰੀ ਬੀ. ਏ. ਪਾਸ ਹੈ। ਵਿਚਾਰੀ ਸ਼ਹਿਰਨ ਪਿਆਰ-ਵਿਆਹ ਕਰਕੇ ਪਤੀ ਦੇ ਪਿੰਡ ਆ ਗਈ। ਪਹਿਲਾਂ ਹੋਰ ਕੰਮ ਕਰਦੀ ਰਹੀ, ਕੋਈ ਖਾਸ ਗੱਲ ਨਾ ਬਣੀ ਤੇ ਆਖਰ ਰਾਣੀ-ਮਿਸਤਰੀ ਦੀ ਟਰੇਨਿੰਗ ਲੈ ਕੇ ਇਹ ਧੰਦਾ ਸ਼ੁਰੂ ਕਰ ਦਿੱਤਾ। ਉਹ ਅੱਜ ਝਾੜਖੰਡ ਦੀਆਂ ਉਨ੍ਹਾਂ 55,000 ਔਰਤਾਂ ਵਿਚੋਂ ਹੈ, ਜਿਨ੍ਹਾਂ ਨੂੰ ਸਰਕਾਰ ਨੇ ਇੱਕ ਸਾਲ ਵਿਚ ਰਾਜਗੀਰੀ ਸਿੱਖਾਈ ਤੇ ਉਨ੍ਹਾਂ ਤੋਂ 15 ਲੱਖ ਪਾਖਾਨੇ ਬਣਵਾਏ। ਇਸ ਤਰ੍ਹਾਂ ਇਨ੍ਹਾਂ ਰਾਣੀ ਮਿਸਤਰੀਆਂ ਨੇ ਸੂਬੇ ਦੇ ਲੋਕਾਂ ਨੂੰ ਜੰਗਲ-ਪਾਣੀ ਵਾਲੇ ਕੰਮ ਤੋਂ ਘਰ-ਪਾਣੀ ਵਾਲਾ ਕੰਮ ਜਾਂ ਬਾਹਰ ਜਾਣ-ਵਾਲੇ ਕੰਮ ਤੋਂ ਅੰਦਰ ਰਹਿਣ-ਵਾਲਾ ਕੰਮ ਕਰਵਾਉਣ ਲਾ ਦਿੱਤਾ।
ਰਾਜ ਨੂੰ ਖੁਲ੍ਹੇਆਮ ਪਾਖਾਨੇ ਦੇ ਦਲਿੱਦਰ ‘ਚੋਂ ਕੱਢਣ ਲਈ ਇਥੋਂ ਦੀ ਜਲ ਅਤੇ ਸਫਾਈ ਸਕੱਤਰ ਅਰਾਧਨਾ ਪਟੇਲ ਨੇ ਵੱਡਾ ਬੀੜਾ ਚੁੱਕਿਆ। ਪਤਾ ਲੱਗਣ ‘ਤੇ ਕਿ ਸੂਬੇ ਵਿਚ ਰਾਜ-ਮਿਸਤਰੀਆਂ ਦੀ ਕਮੀ ਹੈ, ਉਸ ਨੇ ਡੇਢ ਲੱਖ ਸਵੈ-ਸਹਾਇਤਾ ਮਹਿਲਾ ਸਮੂਹਾਂ ਨੂੰ ਇਸ ਕੰਮ ਵਿਚ ਲਾਇਆ। ਰਾਣੀ-ਮਿਸਤਰੀ ਵਾਲਾ ਧੰਦਾ ਕਰਨ ਦੀਆਂ ਇਛਿਤ ਇਸਤਰੀਆਂ ਨੂੰ ਦਸ ਦਿਨ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਰਾਣੀ-ਮਿਸਤਰੀਆਂ ਨੂੰ ਸ਼ੁਰੂ ਸ਼ੁਰੂ ਵਿਚ ਭਾਰੀ ਟੱਟੀਖਾਨੇ ਦੇ ਪੌਟ ਨੂੰ ਠੀਕ ਤਰ੍ਹਾਂ ਫਿੱਟ ਕਰਨ, ਖਾਈਆਂ ਪੁੱਟਣ ਅਤੇ ਸਾਹਲ ਲਾਉਣ ਸਮੇਂ ਬਹੁਤ ਦਿੱਕਤ ਪੇਸ਼ ਆਉਂਦੀ ਸੀ। ਇਹ ਕੰਮ ਬਹੁਤ ਜ਼ੋਰ ਵਾਲੇ ਵੀ ਸਨ। ਪਰ ਹੌਲੀ ਹੌਲੀ ਉਹ ਸਭ ਕਾਸੇ ਵਿਚ ਵੀ ਏਨਾ ਤਾਕ ਹੋ ਗਈਆਂ ਕਿ ਰਾਜ-ਮਿਸਤਰੀਆਂ ਨੂੰ ਵੀ ਮਾਤ ਪਾਉਣ ਲੱਗੀਆਂ। ਰਾਣੀਗੀਰੀ ਤੋਂ ਇਲਾਵਾ ਇਨ੍ਹਾਂ ਨੂੰ ਦੂਰ ਦੂਰ ਤੱਕ ਭੱਠਿਆਂ ‘ਤੇ ਜਾ ਕੇ ਵਧੀਆਂ ਇੱਟਾਂ ਚੁਣਨ, ਭਾਅ ਕਰਨ ਅਤੇ ਹੋਰ ਅਜਿਹੇ ਕੁੱਤੇ ਕੰਮ ਵੀ ਇਕੱਲਿਆਂ ਹੀ ਕਰਨੇ ਪਏ। ਇਸ ਸਾਰੇ ਕੰਮ ਨੂੰ ਉਹ ਪੂਰੇ ਉਤਸ਼ਾਹ, ਲਗਨ, ਨਾਰੀਤਵ ਦੇ ਸਵੈਮਾਣ ਅਤੇ ਦੇਸ਼ ‘ਚੋਂ ਗੰਦ ਕੱਢਣ ਦੇ ਭਾਵ ਨਾਲ ਕਰਦੀਆਂ ਹਨ। ਇੱਕ ਰਾਣੀ ਮਿਸਤਰੀ ਸੁਮਿੱਤਰਾ ਦੇਵੀ ਨੂੰ 50 ਸ਼ੌਚਾਲੇ ਬਣਾਉਣ ਕਰਕੇ ਬਲਾਕ ਸੰਮਤੀ ਵਲੋਂ ਸਨਮਾਨਤ ਵੀ ਕੀਤਾ ਗਿਆ।
ਖਬਰ ਹੈ ਕਿ ਉਹ ਰੋਜ਼ਾਨਾ 400 ਰੁਪਏ ਕਮਾ ਕੇ ਘਰ ਦੀ ਕਬੀਲਦਾਰੀ ਨਜਿੱਠਣ ਲੱਗ ਪਈਆਂ ਹਨ। ਉਨ੍ਹਾਂ ਦੀਆਂ ਬਣਾਈਆਂ ਟਾਇਲਟਾਂ ਅਕਸਰ ਮਰਦਾਂ ਦੀਆਂ ਬਣਾਈਆਂ ਟਾਇਲਟਾਂ ਨਾਲੋਂ ਵਧੀਆ ਅਤੇ ਕਲਾਤਮਕ ਵੀ ਹੁੰਦੀਆਂ ਹਨ। ਰਾਜ-ਮਿਸਤਰੀ ਉਨ੍ਹਾਂ ਦਾ ਕੰਮ ਦੇਖ ਕੇ ਸ਼ਰਮਾਉਣ ਲੱਗ ਪਏ ਹਨ, ਪਰ ਰਾਣੀ-ਮਿਸਤਰੀਆਂ ਨੇ ‘ਮੈਂ ਵੀ ਰਾਣੀ, ਤੂੰ ਵੀ ਰਾਣੀ, ਕੌਣ ਭਰੇਗਾ ਘਰਦਾ ਪਾਣੀ’ ਵਾਲੀ ਕਹਾਵਤ ਝੂਠੀ ਸਾਬਤ ਕਰ ਦਿੱਤੀ ਹੈ। ਜਿਵੇਂ ਸ਼ੁਰੂ ਵਿਚ ਦੱਸਿਆ ਗਿਆ ਹੈ, ‘ਰਾਜ ਮਿਸਤਰੀ’ ਵਾਲੇ ਸ਼ਬਦ ਜੁੱਟ ਵਾਲੇ ‘ਰਾਜ’ ਸ਼ਬਦ ਬਾਰੇ ਅਸੀਂ ਨਿਸਚਿਤ ਨਹੀਂ ਕਿ ਇਹ ਰਾਜਾ (ਬਾਦਸ਼ਾਹ) ਵੱਲ ਸੰਕੇਤ ਕਰਦਾ ਹੈ ਪਰ ਲੋਕਾਂ ਨੇ ‘ਰਾਣੀ ਮਿਸਤਰੀ’ ਸ਼ਬਦ ਘੜ ਕੇ ਇਸ ਦੇ ਇਸ ਅਰਥ ਪ੍ਰਤੀ ਲੋਕਾਂ ਦੀ ਸਮਝ ਵੱਲ ਸੰਕੇਤ ਜ਼ਰੂਰ ਕਰ ਦਿੱਤਾ ਹੈ। ਸ਼ਾਇਦ ਰਾਜਗਿਰੀ ਦੇ ਨਾਲ ਨਾਲ ਹੁਣ ਰਾਣੀਗਿਰੀ ਸ਼ਬਦ ਵੀ ਚਲਾਉਣਾ ਪਏਗਾ।