ਸੰਵੇਦਨਾ ਦੀ ਸਰਗਮ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾæ ਭੰਡਾਲ ਨੇ ਸਾਂਝ ਨੂੰ ਗਲਵੱਕੜੀ ਪਾਉਂਦਿਆਂ ਕਿਹਾ ਸੀ, “ਦੋ ਜੀਆਂ ਦੀ ਗਿਣਤੀ ਵਧਦੀ ਤਾਂ ਟੱਬਰ ਹੁੰਦਾ ਅਤੇ ਟੱਬਰ ਰਲ ਕੇ ਇਕ ਸਮਾਜ ਦੀ ਸਿਰਜਣਾ ਕਰਦੇ, ਜਿਸ ਦੀਆਂ ਆਪਣੀਆਂ ਮਾਨਤਾਵਾਂ, ਸਮਾਜਕ ਸੰਦਰਭ ਅਤੇ ਸਮਾਜਕ ਸਰੋਕਾਰ ਹੁੰਦੇ।” ਹਥਲੇ ਲੇਖ ਵਿਚ ਡਾæ ਭੰਡਾਲ ਨੇ ਸੰਵੇਦਨਾ ਦੀ ਗੱਲ ਕੀਤੀ ਹੈ।

ਕੀ ਹੈ ਸੰਵੇਦਨਾ, ਦੂਜੇ ਦੇ ਦਰਦ, ਖੁਸ਼ੀ ਤੇ ਜਜ਼ਬਾਤ ਨੂੰ ਸਮਝਣਾ ਤੇ ਮਹਿਸੂਸ ਕਰਨਾ। ਉਹ ਕਹਿੰਦੇ ਹਨ, “ਸੰਵੇਦਨਾ, ਸੋਹਣੇ ਕਿਰਦਾਰ ਦਾ ਸਿਖਰ, ਸਦੀਵੀ ਪੈੜਾਂ ਵਿਚ ਪਸਰੀ ਸੁੰਦਰਤਾ ਅਤੇ ਸੁਹੰਢਣੇ ਪਲਾਂ ਵਿਚ ਘਰ ਕਰ ਬੈਠੀ ਅਪਣੱਤ।” ਉਨ੍ਹਾਂ ਨੂੰ ਅਫਸੋਸ ਹੈ, “ਸੰਵੇਦਨਾ ਦੀ ਤੋਟ ਹੀ ਏ ਕਿ ਮਨੁੱਖ ਨੇ ਫੈਲਰਨ ਦੀ ਥਾਂ ਸੁੰਗੜਨਾ ਸ਼ੁਰੂ ਕਰ ਦਿਤਾ। ਘਰਾਂ ਨੂੰ ਪੱਥਰ ਬਣਾ ਲਿਆ ਏ, ਜਿਸ ਵਿਚ ਰਹਿੰਦੇ ਨੇ ਪੱਥਰ-ਲੋਕ।æææਸੰਵੇਦਨਾ ਦੀ ਅਣਹੋਂਦ ਵਿਚੋਂ ਹੀ ਕਮੀਨਗੀ, ਕੁਹਜ, ਕੁਰਖਤਾ ਅਤੇ ਕਤਲਾਂ ਵਰਗੀਆਂ ਅਲਾਮਤਾਂ ਸੰਸਾਰ ਦੀ ਝੋਲੀ ਵਿਚ ਖੇਡਦੀਆਂ, ਦੁਨੀਆਂ ਨੂੰ ਅੱਗ ਦੇ ਢੇਰ ‘ਤੇ ਬਿਠਾ ਗਈਆਂ।æææਪਰ ਸੰਵੇਦਨਸ਼ੀਲਤਾ ਰੂਹ ਵਿਚੋਂ ਹੋਣੀ ਚਾਹੀਦੀ ਹੈ। ਡਰਾਮੇਬਾਜ਼ੀ ਵਾਲੀ ਸੰਵੇਦਨਸ਼ੀਲਤਾ ਬਹੁਤ ਜਲਦੀ ਜਾਹਰ ਹੋ ਜਾਂਦੀ, ਜੋ ਸਾਡੇ ਅੰਤਰੀਵ ਦਾ ਖੋਖਲਾਪਣ ਹੁੰਦਾ।” ਉਨ੍ਹਾਂ ਨੇ ਨਸੀਹਤ ਕੀਤੀ ਹੈ, “ਸੰਵੇਦਨਾ ਦੀ ਸਰਜ਼ਮੀਂ ਵਿਚ ਸੂਲੀਆਂ ਅਤੇ ਸਲੀਬਾਂ ਨਾ ਉਗਾਓ। ਸਗੋਂ ਇਸ ਦੀ ਮਾਨਸਿਕ ਧਰਾਤਲ ਵਿਚ ਸਲੀਕਾ, ਸਹਿਜ, ਸੰਜਮ ਅਤੇ ਸੁæਭ-ਕਰਮਨ ਦੀਆਂ ਕਲਮਾਂ ਲਾਓ।” -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਸੰਵੇਦਨਾ, ਸੂਖਮ ਸੋਚਾਂ ਦਾ ਸਮੁੰਦਰ, ਭਾਵੁਕ ਪਲਾਂ ਦੀ ਪਨੀਰੀ, ਕੋਮਲ ਅਹਿਸਾਸਾਂ ਦਾ ਭਰ ਵਗਦਾ ਦਰਿਆ ਅਤੇ ਆਪਣੇ ਆਪ ਨਾਲ ਬੈਠਾ ਖੁਦਾ।
ਸੰਵੇਦਨਾ, ਕਿਸੇ ਦੀ ਪੀੜਾ ਵਿਚ ਪੀੜ-ਪੀੜ ਹੋਣ ਜਾਣ ਦੀ ਅੰਤਰੀਵੀ ਜ਼ਿੱਦ, ਕਿਸੇ ਦੇ ਖਾਰੇ ਦੀਦਿਆਂ ਵਿਚ ਤਾਰੀ ਲਾਉਣ ਦਾ ਵਿਸਮਾਦ ਅਤੇ ਕਿਸੇ ਦੀ ਭਾਵਨਾ ਨੂੰ ਅਪਨਾਉਣ ਲਈ ਖੁਦ ਨਾਲ ਰਚਾਇਆ ਸੰਵਾਦ।
ਸੰਵੇਦਨਾ, ਰੋਸ਼ਨੀ ਵਿਹੂਣੇ ਨੈਣਾਂ ਵਿਚ ਚਾਨਣ ਧਰਨ ਦੀ ਤਮੰਨਾ, ਲਿਬਾਸਹੀਣ ਤਨਾਂ ਲਈ ਲਿਬਾਸ ਬਣਨ ਦੀ ਚਾਹਨਾ, ਨੰਗੇ ਸਿਰਾਂ ਲਈ ਚੁੰਨੀ ਬਣਨ ਦੀ ਧਾਰਨਾ ਅਤੇ ਸੁਪਨਹੀਣ ਅੱਖਾਂ ਵਿਚ ਸੁਪਨੇ ਸਜਾਉਣ ਦੇ ਕਰਮ ਲਈ ਕਾਹਲ।
ਸੰਵੇਦਨਾ, ਖੁਦ ਤੋਂ ਖੁਦ ਤੀਕ ਦਾ ਸਫਰ, ਖੁਦ ਵਿਚੋਂ ਖੁਦਾਈ ਨੂੰ ਪਾਉਣ ਦਾ ਰਾਹ ਅਤੇ ਖੁਦ ਹੀ ਮੱਥੇ ‘ਤੇ ਲਿਸ਼ਕਵੀਂ ਸੁੰਦਰ ਤੇ ਸਜੀਲੀ ਭਾਹ।
ਸੰਵੇਦਨਾ, ਸੋਹਣੇ ਕਿਰਦਾਰ ਦਾ ਸਿਖਰ, ਸਦੀਵੀ ਪੈੜਾਂ ਵਿਚ ਪਸਰੀ ਸੁੰਦਰਤਾ ਅਤੇ ਸੁਹੰਢਣੇ ਪਲਾਂ ਵਿਚ ਘਰ ਕਰ ਬੈਠੀ ਅਪਣੱਤ।
ਸੰਵੇਦਨਾ, ਸੁਖਨ, ਸੁਹਜ, ਸਹਿਜ ਅਤੇ ਸਮਰਪਣ ਵਿਚੋਂ ਆਪਣੀਆਂ ਜੜ੍ਹਾਂ ਤਲਾਸ਼ਦੀ, ਇਨ੍ਹਾਂ ਨੂੰ ਯੁੱਗ ਜਿਉਣ ਦਾ ਵਰਦਾਨ ਅਤੇ ਇਨ੍ਹਾਂ ਰਾਹੀਂ ਹੀ ਸਿਰਜੀ ਜਾ ਰਹੀ ਪਛਾਣ।
ਸੰਵੇਦਨਾ, ਕਲਮ-ਕਾਨੀ ਦਾ ਕਰਮਯੋਗਤਾ ਨੂੰ ਨਿਚੋੜ ਕੇ ਕਲਮੀ ਸਫਰ ‘ਤੇ ਤੁਰਨਾ, ਕਰਤਾਰੀ ਸਿਰਜਣਾ ਲਈ ਪਲ ਪਲ ਖੁਰਨਾ ਅਤੇ ਵਰਕਿਆਂ ‘ਤੇ ਤਸਦੀਕ ਹੋ ਰਹੀ ਤਹਿਜ਼ੀਬ ਵਿਚ ਕਲਮ ਦੀਆਂ ਕਲਮਾਂ ਲਾਉਣ ਲਈ ਹਰ ਸਾਹੇ ਭੁਰਨਾ।
ਸੰਵੇਦਨਾ, ਸਮਿਆਂ ਦੀ ਸਾਖੀ, ਸੰਗ ਦੀ ਰਾਖੀ ਅਤੇ ਮਨਾਂ ਦੇ ਅੰਧਕਾਰ ਵਿਚ ਜਗਦਾ ਦੀਵਾ ਧਰਨ ਵਾਲੀ ਦੀਵਾਖੀ ਜਿਸ ਕਰਕੇ ਹੀ ਮਨ ਵਿਹੜੇ ‘ਚ ਹਰ ਸਾਹੇ ਹੀ ਮਨਾਈ ਜਾਂਦੀ ਏ ਵਿਸਾਖੀ।
ਸੰਵੇਦਨਾ, ਮਾਨਸਿਕ ਅਵਸਥਾ, ਰੂਹ-ਰੰਗਰੇਜ਼ਤਾ ਦੀ ਰਵਾਨੀ, ਅਦਬ ਦੀ ਅਦਾਇਗੀ ਅਤੇ ਨਿਮਰਤਾ ਦੇ ਨਰਮ ਨਰਮ ਗੋਸ਼ੇ।
ਸੰਵੇਦਨਾ, ਮੁਖੜੇ ਵਿਚੋਂ ਝਲਕਦੀ, ਬੋਲਾਂ ਵਿਚ ਲਰਜ਼ਦੀ, ਹਰਫਾਂ ਵਿਚ ਬਾਚੀਆਂ ਪਾਉਂਦੀ, ਕਿਰਤ ਵਿਚ ਕੋਮਲ ਛੋਹਾਂ ਉਪਜਾਉਂਦੀ ਅਤੇ ਤੁਹਾਡੀ ਸੋਚ-ਜੂਹੇ ਸ਼ੁਭ-ਕਰਮਨ ਕਮਾਉਂਦੀ।
ਸੰਵੇਦਨਹੀਣ ਲੋਕਾਂ ਨੇ ਹੀ ਜੀਵਨ ਦੇ ਹਰ ਰੰਗ ਨੂੰ ਪਿਲੱਤਣਾਂ ਵਿਚ ਰੰਗਿਆ। ਹਰ ਕਰਮ ਵਿਚੋਂ ਇਸ ਦੀ ਗੈਰ-ਮੌਜੂਦਗੀ ਨੇ ਕਰਮ-ਕਾਮਨਾ ਨੂੰ ਕੋਹਝ ਬਣਾ ਦਿਤਾ। ਬੋਲਾਂ ਵਿਚੋਂ ਇਸ ਦਾ ਮਨਫੀ ਹੋਣਾ, ਕੁਰਖਤਾ ਅਤੇ ਕਮੀਨਗੀ ਨੂੰ ਸੁੱਚੇ ਬੋਲਾਂ ਵਿਚ ਧਰ, ਬੋਲ-ਸਾਰਥਕਤਾ ਨੂੰ ਸੰਤਾਪ ਗਿਆ। ਚਾਲ, ਢਾਲ ਅਤੇ ਖਿਆਲ ਵਿਚੋਂ ਇਸ ਦੀ ਘਾਟ ਨੇ ਜੀਵਨ ਨੂੰ ਕਰੂਪ ਕਰ, ਇਸ ਦੀਆਂ ਮਸਤਕ ਰੇਖਾਵਾਂ ਨੂੰ ਹੀ ਧੁੰਦਲਾ ਕਰ ਦਿਤਾ।
ਸੰਵੇਦਨਾ ਦੀ ਸੱਖਣੇਪਣ ਦਾ ਇਹ ਕੇਹਾ ਵਰਤਾਰਾ ਏ ਕਿ ਮਨੁੱਖ ਨੇ ਕੁਦਰਤੀ ਦਾਤਾਂ ਨੂੰ ਪਲੀਤ ਕਰਕੇ ਖੁਦ ਦੀ ਕਬਰ ਬਣਾ ਲਿਆ ਏ। ਸਾਹ ਬਣਨ ਵਾਲੀ ਕਾਇਨਾਤ ਨੂੰ ਕਾਲੇ ਵਰਕਿਆਂ ਦੀ ਤਫਸੀਲ ਬਣਾ ਲਿਆ ਅਤੇ ਕਲਮ ਨਾਲ ਖੁਦ ਦਾ ਮਰਸੀਆ ਲਿਖਣ ਲਈ ਮਸ਼ਰੂਫ ਏ।
ਸੰਵੇਦਨਾ ਦੀ ਤੋਟ ਹੀ ਏ ਕਿ ਮਨੁੱਖ ਨੇ ਫੈਲਰਨ ਦੀ ਥਾਂ ਸੁੰਗੜਨਾ ਸ਼ੁਰੂ ਕਰ ਦਿਤਾ। ਘਰਾਂ ਨੂੰ ਪੱਥਰ ਬਣਾ ਲਿਆ ਏ, ਜਿਸ ਵਿਚ ਰਹਿੰਦੇ ਨੇ ਪੱਥਰ-ਲੋਕ। ਕਮਰਿਆਂ ਦੇ ਕੈਦਖਾਨੇ ਵਿਚ ਬੰਦ ਨੇ ਮਨੁੱਖ। ਚੌਂਕਿਆਂ ਅਤੇ ਚੁੱਲਿਆਂ ‘ਚ ਚੁਗਲੀਆਂ ਕਰਦੀ ਏ ਖੁਦੀ ਦੀ ਅੱਗ। ਖੁਦ ਦੀਆਂ ਰੋਟੀਆਂ ਸੇਕਣ ਲਈ ਖੁਦ ਹੀ ਬਾਲਣ। ਸਬੰਧਾਂ ਨੂੰ ਚੁੱਲੇ ‘ਚ ਝੌਕਣ ਲਈ ਰਤਾ ਵੀ ਤਰਸ ਨਹੀਂ ਉਪਜਦਾ।
ਸੰਵੇਦਨਾ ਦਾ ਸਰਬ-ਨਾਸ਼ ਹੀ ਏ ਕਿ ਮਨੁੱਖ ਜਿਉਣ ਦੀ ਥਾਂ ਮਰਨ ਨੂੰ ਤਰਜ਼ੀਹ ਦੇਣ ਲਈ ਜ਼ਹਿਰਾਂ ਦਾ ਵਪਾਰੀ ਬਣਿਆ ਸੰਤਾਨ ਪ੍ਰਾਪਤੀ ਦੇ ਸੁੱਖ ਤੋਂ ਵੀ ਵਿਹੂਣਾ ਹੋਈ ਜਾ ਰਿਹਾ ਏ। ਨਸਿਅæਾਂ ਦੀ ਨਾਸ਼ਵਾਨਤਾ ਏ, ਮਨੁੱਖੀ ਵਿਨਾਸ਼ ਦਾ ਸਿਰਲੇਖ।
ਸੰਵੇਦਨਾ ਜਦ ਮਨੁੱਖੀ ਕਿਰਦਾਰ ਵਿਚੋਂ ਗੁੰਮ ਹੋਈ ਤਾਂ ਇਸ ਨੇ ਮਨੁੱਖ ਵਿਚ ਵੱਸਦੇ ਸੰਜੀਵ ਮਨੁੱਖ ਨੂੰ ਨਿਗਲਿਆ ਅਤੇ ਨਾਲ ਹੀ ਮਰ ਗਈ ਮਨੁੱਖੀ ਸੋਚ ਵਿਚ ਵੱਸਦੀ ਮਾਨਵਤਾ ਅਤੇ ਇਨਸਾਨੀਅਤ ਦੀ ਲੋਚਾ।
ਸੰਵੇਦਨਾ ਦੇ ਸੋਕੇ ਨੇ ਹੀ ਨਿਗਲ ਲਿਆ ਏ ਬੰਦਾ ਅਤੇ ਨਾਲ ਹੀ ਝਪਟੀ ਗਈ ਏ ਬੰਦਿਆਈ, ਭਲਿਆਈ ਅਤੇ ਚੰਗਿਆਈ ਜਿਸ ਨੇ ਮਨੱਖੀ ਵਿਕਾਸ ਨੂੰ ਸਾਵੀਆਂ ਸੇਧਾਂ ਦੇਣੀਆਂ ਸਨ।
ਸੰਵੇਦਨਾ ਦੀ ਅਣਹੋਂਦ ਵਿਚੋਂ ਹੀ ਕਮੀਨਗੀ, ਕੁਹਜ, ਕੁਰਖਤਾ ਅਤੇ ਕਤਲਾਂ ਵਰਗੀਆਂ ਅਲਾਮਤਾਂ ਸੰਸਾਰ ਦੀ ਝੋਲੀ ਵਿਚ ਖੇਡਦੀਆਂ, ਦੁਨੀਆਂ ਨੂੰ ਅੱਗ ਦੇ ਢੇਰ ‘ਤੇ ਬਿਠਾ ਗਈਆਂ।
ਸੰਵੇਦਨਾ ਦਾ ਮਰ ਮੁੱਕ ਜਾਣਾ ਜੱਗ-ਜਾਹਰ ਹੁੰਦਾ ਜਦ ਪਰਦੇਸੀ ਬੱਚਿਆਂ ਨੂੰ ਉਡੀਕਦੇ ਮਾਪੇ ਸਿਵਿਆਂ ਦੇ ਰਾਹ ਤੁਰ ਪੈਂਦੇ। ਬੱਚਿਆਂ ਨੂੰ ਇੰਨੀ ਵੀ ਵਿਹਲ ਨਹੀਂ ਹੁੰਦੀ ਕਿ ਉਹ ਉਨ੍ਹਾਂ ਦੀਆਂ ਆਖਰੀ ਰਸਮਾਂ ਹੀ ਨਿਭਾ ਸਕਣ। ਕਦੇ ਕਦਾਈਂ ਉਹ ਸਿਵੇ ਦੀ ਬੁੱਝੀ ਰਾਖ ਦੇ ਮੁੱਢ ਬਹਿ, ਕੀਰਨੇ ਪਾਉਣ ਜੋਗੇ ਹੀ ਰਹਿੰਦੇ।
ਸੰਵੇਦਨਾ ਦੀ ਅਰਥੀ ਚੁੱਕੀ ਫਿਰਦੇ ਉਨ੍ਹਾਂ ਵਿਅਕਤੀਆਂ ਨੂੰ ਕੀ ਕਹੋਗੇ ਜੋ ਅਬਲਾ ਦੇ ਤਨ ਦੇ ਲੰਗਾਰ ਨੂੰ ਲੀਰਾਂ ਕਰ, ਇੱਜਤ ਨਾਲ ਖੇਡਦੇ। ਸਮੇਂ ਦੀ ਅੱਖ ਭਰ ਜਾਂਦੀ ਜਦ ਬਾਪ ਹੀ ਆਪਣੀ ਬੇਟੀ ਦਾ ਚੀਰਹਰਨ ਕਰਦਾ। ਅਜਿਹੇ ਬੰਦਿਆਂ ਦੀ ਸੰਵੇਦਨਾ ਧਾਹੀਂ ਰੋਂਦੀ ਆਪਣੇ ਆਪ ਨੂੰ ਮੂੰਹ ਦਿਖਾਉਣ ਜੋਗੀ ਵੀ ਨਹੀਂ ਰਹਿੰਦੀ।
ਸੰਵੇਦਨਾ ਦਾ ਮੁਖੌਟਾ ਪਾਉਣ ਵਾਲੇ ਰਾਜਨੀਤਕ ਅਤੇ ਧਾਰਮਕ ਲੀਡਰਾਂ ਦਾ ਖੌਖਲਾਪਣ ਜੱਗ-ਜਾਹਰ ਹੁੰਦਾ ਜਦ ਉਹ ਕਿਸੇ ਦੀ ਔਲਾਦ ਨੂੰ ਨਸ਼ਿਆਂ ਵਿਚ ਲਾ, ਨਸ਼ਿਆਂ ਦੇ ਵਿਰੋਧ ਦਾ ਅਖਬਾਰੀ ਇਸ਼ਤਿਹਾਰ ਬਣਦੇ। ਧਾਰਮਕਤਾ ਦਾ ਬਾਣਾ ਪਾਉਣ ਵਾਲੇ ਹੀ ਕਦਰਾਂ-ਕੀਮਤਾਂ ਨੂੰ ਸੂਲੀ ਟੰਗ ਸਭ ਤੋਂ ਵੱਧ ਅਧਾਰਮਕ ਹੁੰਦੇ। ਉਨ੍ਹਾਂ ਦੀ ਸੋਚ ਅਤੇ ਕਰਮ ਵਿਚੋਂ ਗਵਾਚ ਚੁੱਕੀ ਇਨਸਾਨੀਅਤ ਅਤੇ ਸੰਵੇਦਨਾ ਕਾਰਨ ਧਾਰਮਕਤਾ ਨੂੰ ਅਜਿਹਾ ਖੋਰਾ ਲੱਗਾ ਕਿ ਹੁਣ ਤਾਂ ਧਰਮ ਹੀ ਨਫਰਤ ਦਾ ਪਾਤਰ ਬਣ ਗਿਆ।
ਸੰਵੇਦਨਾ ਦੀ ਮੜ੍ਹੀ ‘ਤੇ ਕੇਹਾ ਚਿਰਾਗ ਧਰੋਗੇ ਜਦ ਕੋਈ ਧਾਰਮਕ ਅਸਥਾਨ ਨਾਬਾਲਗ ਦੀ ਇੱਜਤ ਲੁੱਟਣ ਅਤੇ ਫਿਰ ਇਸ ਦੀ ਲਾਸ਼ ਨੂੰ ਦਫਨਾਉਣ ਲਈ ਵਰਤਿਆ ਜਾਣ ਲੱਗ ਪਵੇ। ਕੀ ਹੈ ਇਹ ਅਣਮਨੁੱਖੀ ਵਰਤਾਰਾ?
ਸੰਵੇਦਨਾ ਮਰ ਜਾਵੇ ਤਾਂ ਮਨੁੱਖ ਮਰਦਾ, ਮਨੁੱਖ ਮਰਦਾ ਤਾਂ ਉਸ ਦੀ ਇਨਸਾਨੀਅਤ ਮਰ ਜਾਂਦੀ। ਇਸ ਤੋਂ ਬਾਅਦ ਬਚਦਾ ਹੀ ਕੀ ਆ ਜੋ ਮਨੁੱਖ ਅਖਵਾਉਣ ਵਾਲਾ ਹੋਵੇ?
ਸੰਵੇਦਨਾ ਵਿਹੂਣੇ ਲੋਕ ਧਰਤੀ ‘ਤੇ ਭਾਰ। ਮਾਂ-ਧਰਤੀ, ਪਾਣੀ-ਪਿਤਾ ਅਤੇ ਹਵਾ-ਗੁਰੂ ਦੇ ਸਭ ਤੋਂ ਵੱਡਾ ਦੋਖੀ। ਇਸ ਅਕ੍ਰਿਤਘਣਤਾ ਕਾਰਨ ਹੀ ਮਨੁੱਖ ਆਪਣੀਆਂ ਜੜ੍ਹਾਂ ‘ਚ ਤੇਲ ਪਾ ਰਿਹਾ ਏ।
ਸੰਵੇਦਨਸ਼ੀਲ ਮਨ ਫਿਸ ਜਾਂਦਾ, ਜਦ ਬਾਲ ਨੂੰ ਰੂੜੀਆਂ ਤੋਂ ਚੁੱਗ ਰਹੇ ਕੂੜ-ਕਬਾੜ ਵੰਨੀਂ ਦੇਖਦਾ। ਸੁੱਕੇ ਟੁੱਕਰ ਤੇ ਜੂਠ ਲੱਭਦਿਆਂ ਖਾਣ ਲਈ ਆਪਸ ਵਿਚ ਝਗੜਦੇ ਭੁੱਖੇ ਬੱਚੇ। ਉਨ੍ਹਾਂ ਦੇ ਪੇਟ ਦੀ ਭੁੱਖ-ਪੂਰਤੀ ਦੀ ਜਦੋਜਹਿਦ ਵਿਚ ਹੀ ਉਲਝ ਕੇ ਰਹਿ ਜਾਂਦੀ ਗਿਆਨ-ਲੋਚਾ ਅਤੇ ਸਿਰ ‘ਤੇ ਛੱਤ ਦੀ ਉਮੰਗ।
ਸੰਵੇਦਨਾ ਨੈਣਾਂ ਵਿਚ ਤੈਰਦੀ ਦੇਖਣੀ ਹੋਵੇ ਤਾਂ ਕਦੇ ਕਦਾਈਂ ਪਿੰਗਲਵਾੜੇ, ਬਿਰਧ ਆਸ਼ਰਮ ਜਾਂ ਸੀਨੀਅਰ ਸੈਂਟਰ ਜਾਣਾ। ਰੁੱਖਾਂ ਨੂੰ ਪੁੱਤਰਾਂ ਵਾਂਗ ਪਾਲਦੇ ਵਾਤਾਵਰਣ ਪ੍ਰੇਮੀਆਂ ਨੂੰ ਦੇਖਣਾ। ਪਾਣੀ ਦੀ ਮਲੀਨਤਾ ਅਤੇ ਪਾਣੀ ਦੀ ਬੂੰਦ ਨੂੰ ਬਚਾਉਣ ਲਈ ਜਦੋਜਹਿਦ ਦਾ ਭਾਗ ਬਣੇ, ਕਰਮਯੋਗੀ ਦਾ ਸਾਥ ਮਾਣਨਾ ਜਾਂ ਲੋੜਵੰਦਾਂ ਲਈ ਲੰਗਰ ਲਾਉਣ ਵਾਲੇ ਦਾਨੀਆਂ ਦੀ ਸੰਗਤ ਮਾਣਨਾ, ਜਿਨ੍ਹਾਂ ਲਈ ਸੇਵਾ ਦਾ ਅਰਥ, ਅਖਬਾਰੀ ਇਸ਼ਤਿਹਾਰ ਬਣਨਾ ਨਹੀਂ ਸਗੋਂ ਕਰਮਯੋਗਤਾ ਕਮਾਉਣਾ ਹੁੰਦਾ।
ਸੰਵੇਦਨਾ ਸਮਿਆਂ ਦਾ ਸੁੱਚਾ ਗਹਿਣਾ, ਜਿਸ ਦੀ ਕਥਨੀ ਤੇ ਕਰਨੀ ਦਾ ਕੀ ਕਹਿਣਾ। ਖੁਦ ਵਿਚੋਂ ਮਲੀਨਤਾ ਦਾ ਲਹਿਣਾ ਅਤੇ ਖੁਦ ਹੀ ਕਿਸੇ ਭਲਿਆਈ ਦੇ ਮਾਰਗੀਂ ਪੈਣਾ। ਸੰਵੇਦਨਾ ਸੁਖਨ ਦਾ ਸਬੱਬ। ਆਦਮੀ ਦੇ ਅੰਦਰ ਵੱਸਦਾ ਰੱਬ, ਜੋ ਬਣਦਾ ਅਨਹਦੀ ਰੱਜ, ਜਿਸ ਦਾ ਸੰਗ ਵਿਰਲਿਆਂ ਦਾ ਸਬੱਬ। ਸੰਵੇਦਨਾ ਨਦੀ ਦਾ ਨਿਰਮਲ ਨੀਰ। ਜੀਵਨ ਨਾਲ ਜੁੜਦੀ ਸੀਰ, ਜੀਵਨ-ਬਰੂਹੀਂ ਸਿਜਦਾ ਕਰਦਾ ਅਜਿਹਾ ਫਕੀਰ, ਜਿਸ ਦੀ ਹਾਕ ਜਦ ਹੁੰਦੀ ਦਿਲਗੀਰ ਤਾਂ ਜੀਵਨ-ਸਾਰਥਕਤਾ ਦੀ ਜਾਗਦੀ ਜ਼ਮੀਰ।
ਸੰਵੇਦਨਾ ਨੂੰ ਸਾਹਾਂ ਵਿਚ ਸਮਾਵੋ, ਇਸ ਦੀ ਲੱਜ਼ਤ ਨੂੰ ਆਪਣੀ ਕਰਮ-ਕੂੰਜੀ ਬਣਾਓ। ਇਸ ਰਾਹੀਂ ਆਪਣੇ ਬੋਲਾਂ ਵਿਚ ਪਾਕੀਜ਼ਗੀ ਦਾ ਰਾਗ ਗੁਣਗਣਾਓ ਅਤੇ ਹਰਫਾਂ ਵਿਚ ਅਰਥਾਂ ਦਾ ਦੀਪਕ ਜਗਾਓ।
ਸੰਵੇਦਨਾ, ਸਿਰਫ ਕਿਤਾਬਾਂ, ਬੋਲਾਂ ਜਾਂ ਬਾਹਰੀ ਦਿਖਾਵੇ ਦੀ ਮੁਥਾਜ ਨਹੀਂ। ਇਸ ਨੂੰ ਤਾਂ ਆਪਣੇ ਅੰਤਰੀਵ ਵਿਚ ਉਗਾਉਣਾ ਪੈਣਾ, ਰੂਹ ਦਾ ਪਾਣੀ ਪਾਉਣਾ ਪੈਣਾ, ਭਾਵਨਾਵਾਂ ਦਾ ਅਰਘ ਚੜ੍ਹਾਉਣਾ ਪੈਣਾ ਅਤੇ ਇਸ ਦੀ ਆਭਾ ਵਿਚ ਖੁਦ ਤੇ ਚੌਗਿਰਦੇ ਨੂੰ ਰੁਸ਼ਨਾਉਣਾ ਪੈਣਾ।
ਸੰਵਦੇਨਸ਼ੀਲ ਲੋਕ ਸੁਪਨਸ਼ੀਲ ਅਤੇ ਪਿਆਰ ਦਾ ਨਿਰੰਤਰ ਗਾਉਂਦਾ ਝਰਨਾ। ਸ਼ਾਇਦ ਇਸੇ ਕਰਕੇ ਨਿੱਕੇ ਜਿਹੇ ਬੋਲ ਜਾਂ ਹਰਕਤ ਨਾਲ ਉਹ ਪੀੜ ਪੀੜ ਹੋ ਜਾਂਦੇ ਅਤੇ ਉਨ੍ਹਾਂ ਦੀ ਝੋਲੀ ਦੁੱਖਾਂ ਨਾਲ ਭਰੀ ਰਹਿੰਦੀ। ਪਰ ਫਿਰ ਵੀ ਉਹ ਮੋਹ ਵੰਡਦੇ।
ਸੰਵੇਦਨਸ਼ੀਲਤਾ ਬਹੁਲਤਾ ਵਿਚ ਹਾਜ਼ਰ ਏ ਵਿਦੇਸ਼ੀ ਧਰਤੀ ‘ਤੇ। ਨਿੱਕੀ ਜਿਹੀ ਗਲਤੀ, ਮਾਨਸਿਕ ਠੇਸ ਜਾਂ ਕੁਤਾਹੀ ਲਈ ‘ਮੁਆਫ ਕਰਨਾ’ ਜਾਂ ਤੁੱਛ ਜਿਹੇ ਅਹਿਸਾਨ ਲਈ ‘ਧੰਨਵਾਦḔ ਉਨ੍ਹਾਂ ਦੇ ਹੋਠਾਂ ‘ਤੇ ਹਮੇਸ਼ਾਂ ਤਾਰੀ ਰਹਿੰਦਾ। ਸ਼ਾਇਦ ਸੰਵਦੇਨਸ਼ੀਲਤਾ ਸਾਨੂੰ ਮਿਲੀ ਹੀ ਨਹੀਂ ਜਾਂ ਅਸੀਂ ਇਸ ਨੂੰ ਅਪਨਾਉਣ ਤੋਂ ਹਾਂ ਆਕੀ।
ਸੰਵੇਦਨਸ਼ੀਲ ਵਿਅਕਤੀ ਲਈ ਦੁੱਖ ਤੇ ਸੁੱਖ, ਰੋਗ ਤੇ ਸੋਗ ਨੂੰ, ਮਿਲਣਾ ਤੇ ਵਿਛੜਨਾ, ਰੁੱਸਣਾ ਅਤੇ ਮਨਾਉਣਾ, ਗਲ ਨਾਲ ਲਾਉਣਾ ਤੇ ਬਾਹਾਂ ਪਿਛੇ ਹਟਾਉਣਾ, ਅੱਖਰਾਂ ਵਿਚ ਅੱਥਰੂ ਟਿਕਾਉਣਾ ਤੇ ਸ਼ਬਦਾਂ ਨੂੰ ਵਰਾਉਣਾ ਅਤੇ ਸੱਜਣ ਬਣਾਉਣਾ ਤੇ ਸੱਜਣਤਾਈ ਨਿਭਾਉਣਾ, ਜੀਵਨ-ਤੀਬਰਤਾ ਦਾ ਸਿਖਰ।
ਸੰਵੇਦਨਸ਼ੀਲਤਾ ਅਣਮੁੱਲਾ ਖਜਾਨਾ, ਜੋ ਸਾਂਭਣਯੋਗ ਕਿਉਂਕਿ ਇਸ ਵਿਚੋਂ ਹੀ ਉਪਜਦੀ ਇਮਾਨਦਾਰੀ, ਪਾਕੀਜ਼ਗੀ ਅਤੇ ਸੱਚਾਈ। ਅਜਿਹੇ ਸ਼ਖਸ ਲਈ ਬਦਲਣਾ ਮਾਨਸਿਕਤਾ ਦਾ ਹਿੱਸਾ ਨਹੀਂ ਹੁੰਦਾ। ਉਸ ਲਈ ਨਿੱਕੀਆਂ ਅਤੇ ਅਣਗੌਲੀਆਂ ਚੀਜਾਂ, ਕਰਮ ਜਾਂ ਕ੍ਰਿਆ ਵੀ ਵੱਡੇ ਅਰਥਾਂ ਵਾਲੀ ਹੁੰਦੀ ਅਤੇ ਇਸ ‘ਚੋਂ ਜੀਵਨੀ-ਬਹੁਪਰਤਾਂ ਦਾ ਵਿਸ਼ਲੇਸ਼ਣ ਕਰਦਾ।
ਸੰਵੇਦਨਾ, ਲਹਿਜਾ, ਆਦਤ, ਸੋਚ, ਸੰਜ਼ੀਦਗੀ ਅਤੇ ਸਧਾਰਨਤਾ ਵਿਚੋਂ ਪੈਦਾ ਹੁੰਦੀ, ਜੋ ਭਾਵਨਾਵਾਂ ਦਾ ਲਿਬਾਸ ਪਾ, ਸ਼ਖਸੀ ਬਿੰਬ ਦਾ ਮੁਹਾਂਦਰਾ ਬਣਦੀ। ਇਸੇ ਲਈ ਤਾਂ ਕਿਸੇ ਵਿਅਕਤੀ ਨਾਲ ਕੁਝ ਚਿਰ ਵਿਚਰਨ ਤੋਂ ਬਾਅਦ ਤੁਸੀਂ ਉਸ ਨੂੰ ਸਮਝ ਜਾਂਦੇ ਹੋ।
ਸੰਵੇਦਨਸ਼ੀਲਤਾ ਰੂਹ ਵਿਚੋਂ ਹੋਣੀ ਚਾਹੀਦੀ ਹੈ। ਡਰਾਮੇਬਾਜ਼ੀ ਵਾਲੀ ਸੰਵੇਦਨਸ਼ੀਲਤਾ ਬਹੁਤ ਜਲਦੀ ਜਾਹਰ ਹੋ ਜਾਂਦੀ, ਜੋ ਸਾਡੇ ਅੰਤਰੀਵ ਦਾ ਖੋਖਲਾਪਣ ਹੁੰਦਾ।
ਸੰਵੇਦਨਸ਼ੀਲ ਲੋਕ ਹੀ ਹੁੰਦੇ ਜੋ ਕਿਸੇ ਦ੍ਰਿਸ਼ ਦੀ ਕਰੁਣਾ ਨੂੰ ਹੰਝੂਆਂ ਨਾਲ ਭਿਉਂਦੇ, ਭਾਵੁਕ ਪਲਾਂ ਨਾਲ ਨਿੱਜੀ ਸਾਂਝ ਉਪਜਾਉਂਦੇ ਅਤੇ ਨਾਟਕੀ ਰੂਪਾਂਤਰਨ ਨੂੰ ਖੁਦ ਜਿਉਂਦੇ।
ਸੰਵੇਦਨਸ਼ੀਲ ਆਦਮੀ ਦੁੱਖ, ਦਰਦ ਅਤੇ ਪੀੜਾ ਨੂੰ ਬਹੁਤ ਮਹਿਸੂਸ ਕਰਦੇ। ਇਸ ਕਰਕੇ ਉਹ ਕਿਸੇ ਦੇ ਮਨ ਨੂੰ ਦੁਖਾਉਂਦੇ ਨਹੀਂ ਅਤੇ ਨਾ ਹੀ ਕਿਸੇ ਦੀ ਝੋਲੀ ‘ਚ ਦਰਦ ਦਾ ਨਿਉਂਦਾ ਪਾਉਂਦੇ। ਉਹ ਤਾਂ ਚਾਵਾਂ ਦਾ ਸੰਧਾਰਾ ਅਤੇ ਸੰਤੋਖ ਤੇ ਸੁਗੰਧੀਆਂ ਦਾ ਸਰੂਪ ਹੁੰਦੇ।
ਸੰਵੇਦਨਾ, ਜੀਵਨੀ ਸੁੰਦਰਤਾ। ਸੰਵੇਦਨਾ ਤੋਂ ਬਗੈਰ ਲੰਘਾਇਆ ਸਮਾਂ ‘ਉਮਰ’ ਹੁੰਦਾ ਜਦ ਕਿ ਸੰਵੇਦਨਸ਼ੀਲ ਹੋ ਕੇ ਬੀਤਿਆਂ ਸਮਾਂ ‘ਜ਼ਿੰਦਗੀ’ ਹੁੰਦਾ। ‘ਉਮਰ’ ਤੋਂ ‘ਜ਼ਿੰਦਗੀ’ ਵੰਨੀਂ ਸਫਰ ਲਈ ਉਦਮ ਜਰੂਰ ਕਰਨਾ।
ਸੰਵੇਦਨਸ਼ੀਲ ਵਿਅਕਤੀਆਂ ਦੇ ਸਬੰਧ ਘੱਟ ਭਾਵੇਂ ਹੋਣ ਪਰ ਉਨ੍ਹਾਂ ਨੂੰ ਸਬੰਧਾਂ ਦੀ ਸਮਝ ਬਹੁਤ ਹੁੰਦੀ ਹੈ। ਉਹ ਤਕਰਾਰ ਨਹੀਂ, ਪਿਆਰ ਕਰਦੇ, ਉਹ ਆਸ ਨਹੀਂ ਰੱਖਦੇ ਪਰ ਵਿਸ਼ਵਾਸ ਕਰਦੇ। ਉਹ ਧਰਮ ਨਹੀਂ, ਕਰਮ ਵਿਚ ਯਕੀਨ ਰੱਖਦੇ।
ਕਿਸੇ ਦੀ ਸੰਵੇਦਨਾ ਨਾਲ ਖੇਡਣਾ, ਸਭ ਤੋਂ ਵੱਡਾ ਗੁਨਾਹ। ਕਿਸੇ ਦੀਆਂ ਭਾਵਨਾਵਾਂ ਨੂੰ ਜਖਮੀ ਕਰਨਾ, ਮਹਾਂ ਪਾਪ ਅਤੇ ਕਿਸੇ ਦੇ ਜਜ਼ਬਾਤ ਨੂੰ ਕਮਜੋਰੀ ਸਮਝ ਕੇ ਉਸ ਨੂੰ ਲਤਾੜਨ ਦੀ ਕੋਸ਼ਿਸ਼ ਕਰਨਾ, ਨਾ ਮੁਆਫੀਯੋਗ ਕੋਤਾਹੀ।
ਸੰਵੇਦਨਾਸ਼ੀਲ ਹੋਣਾ ਹੀ ਕਾਫੀ ਨਹੀਂ ਹੁੰਦਾ। ਸਗੋਂ ਸਾਨੂੰ ਦੂਸਰਿਆਂ ਦੀਆਂ ਭਾਵਨਾਵਾਂ ਅਤੇ ਸੋਚ-ਦ੍ਰਿਸ਼ਟੀ ਪ੍ਰਤੀ ਵੀ ਸੰਵੇਦਨਸ਼ੀਲ ਹੋਣ ਦੀ ਲੋੜ ਹੈ ਤਾਂ ਕਿ ਸਾਡੇ ਬੋਲਣ, ਕਥਨੀ, ਹਰਫ ਜਾਂ ਪ੍ਰਤੀਕ੍ਰਿਆ ਨਾਲ ਕਿਸੇ ਦੇ ਦਿਲ ‘ਤੇ ਕੋਈ ਝਰੀਟ ਨਾ ਆਵੇ।
ਸੰਵੇਦਨਸ਼ੀਲ ਵਿਅਕਤੀ ਦੀ ਅੱਖ ਵਿਚ ਵੱਸਦੀ ਏ ਨਮੀ। ਇਹ ਨਮੀ ਜਦ ਵਕਤ ਦੇ ਨਾਮ ਹੁੰਦੀ ਤਾਂ ਜੀਵਨੀ-ਮਾਰੂਥਲ ‘ਚ ਬੇਮੌਸਮੀ ਬਹਾਰਾਂ ਦੀ ਆਮਦ ਹੁੰਦੀ।
ਯਾਦ ਰੱਖਣਾ! ਹਰ ਬੱਚਾ ਸੰਵੇਦਨਸ਼ੀਲ ਹੁੰਦਾ। ਇਹ ਪਰਿਵਾਰਕ ਹਾਲਾਤ, ਪਾਲਣ-ਪੋਸ਼ਣ, ਆਲਾ-ਦੁਆਲਾ ਅਤੇ ਰਹਿਣੀ-ਬਹਿਣੀ ਦਾ ਅਸਰ ਹੁੰਦਾ ਕਿ ਉਹ ਵੱਡਾ ਹੋ ਕੇ ਸੰਵੇਦਨਾ ਤੋਂ ਸੰਵੇਦਨਹੀਣ ਹੋ ਜਾਂਦਾ।
ਮਨੁੱਖ ਦੀ ਕੇਹੀ ਤ੍ਰਾਸਦੀ ਹੈ ਕਿ ਅਸੀਂ ਕਿਸੇ ਦੇ ਸਾਹ-ਸੰਤਾਪ ਵਿਚੋਂ ਖੁਦ ਦੀ ਸਾਹ-ਨਿਰੰਤਰਤਾ ਭਾਲਦੇ ਹਾਂ। ਕਿਸੇ ਦੇ ਚਮਨ ਨੂੰ ਉਜਾੜ ਕੇ ਆਪਣੀ ਬਗੀਚੀ ਨੂੰ ਫੁੱਲਾਂ ਸੰਗ ਮਹਿਕਾਉਣਾ ਲੋਚਦੇ ਹਾਂ। ਕਿਸੇ ਦੇ ਮਨ-ਮਸਤਕ ਵਿਚ ਸੋਚ-ਉਲਝਣ ਪੈਦਾ ਕਰਕੇ, ਖੁਦ ਸੁਰਖਰੂ ਹੋਣ ਦਾ ਨਾਟਕ ਕਰ ਰਹੇ ਹਾਂ। ਅਜਿਹਾ ਕਰਕੇ ਥੋੜ੍ਹਚਿਰੀ ਖੁਸ਼ੀ ਤਾਂ ਸ਼ਾਇਦ ਮਿਲ ਜਾਵੇ ਪਰ ਇਹ ਰਾਤਾਂ ਦੀ ਨੀਂਦ ਹੰਘਾਲ, ਤੁਹਾਡੀ ਜੀਵਨ-ਤੋਰ ਨੂੰ ਲੜਖੜਾਉਣ ਲਾ ਦਿੰਦੀ ਏ। ਆਖਰ ਨੂੰ ਮਨੁੱਖ ਅਲਾਮਤਾਂ ਦਾ ਸ਼ਿਕਾਰ ਹੋ, ਮੌਤ ਮੰਗਣ ਜੋਗਾ ਰਹਿ ਜਾਂਦਾ।
ਸੰਵੇਦਨਾ ਦੀ ਸਰਘੀ ਵਿਚ ਬੰਨੇਰਿਆਂ ਤੋਂ ਉਤਰਦਾ ਏ ਠੁਮਕ-ਠੁਮਕ ਕਿਰਨਾਂ ਦਾ ਕਾਫਲਾ, ਤ੍ਰੇਲ ਧੋਤੀਆਂ ਫੁੱਲ-ਪੱਤੀਆਂ ਵਿਚ ਪੈਦਾ ਹੁੰਦੀ ਏ ਰੰਗਲੀ ਲਿਸ਼ਕੋਰ, ਘਰ ਦੀਆਂ ਬਰੂਹਾਂ ਵਿਚ ਚਾਨਣ ਡੋਲਦਾ ਏ ਸੂਰਜ, ਦਰਾਂ ਵਿਚ ਤੇਲ ਚੋਂਦੀਆਂ ਨੇ ਮਾਂਵਾਂ ਦੀਆਂ ਮੰਨਤਾਂ, ਚੌਂਕਿਆਂ ਵਿਚ ਚਾਵਾਂ ਦੀਆਂ ਚੁਗਲੀਆਂ ਕਰਦੇ ਨੇ ਚੌਂਕੇ। ਚੌਗਿਰਦੇ ਵਿਚ ਪਿਆਰ ਅਤੇ ਆਪਸੀ ਮੋਹ ਦਾ ਨਿੱਘ ਪੈਦਾ ਹੁੰਦਾ। ਇਸ ਦੇ ਚਾਨਣ ਵਿਚ ਧੋਤੇ ਜਾਂਦੇ ਨੇ ਪੀਹੜਿਆਂ ‘ਤੇ ਬੈਠੇ ਹੋਇਆਂ ਦੇ ਚਿਹਰੇ। ਵਿਹੜੇ ‘ਚ ਵਰ੍ਹਦਾ ਏ ਨੂਰ ਅਤੇ ਇਹ ਨੂਰ ਹੀ ਘਰਾਂ ਨੂੰ ਵੱਸਣ-ਰੱਸਣ ਤੇ ਜ਼ਿੰਦਗੀ ਦੇ ਹਰ ਪਲਾਂ ਨੂੰ ਭਰਪੂਰਤਾ ਨਾਲ ਜਿਉਣ ਦਾ ਅਦਬ ਸਿਖਾਉਂਦਾ। ਅਜਿਹੀ ਸੰਵੇਦਨਾ ਨੂੰ ਘਰਾਂ ਅਤੇ ਚੌਂਕਿਆਂ ਵਿਚ ਵਾਪਸ ਪਰਤਣ ਦੀ ਬਹੁਤ ਕਾਹਲ ਏ। ਅਸੀਂ ਹਾਕ ਮਾਰਨ ਤੋਂ ਹੀ ਪਤਾ ਨਹੀਂ ਕਿਉਂ ਤ੍ਰਹਿਣ ਲੱਗ ਪਏ ਹਾਂ?
ਸੰਵੇਦਨਾ ਦੀ ਸਰਜ਼ਮੀਂ ਵਿਚ ਸੂਲੀਆਂ ਅਤੇ ਸਲੀਬਾਂ ਨਾ ਉਗਾਓ। ਸਗੋਂ ਇਸ ਦੀ ਮਾਨਸਿਕ ਧਰਾਤਲ ਵਿਚ ਸਲੀਕਾ, ਸਹਿਜ, ਸੰਜਮ ਅਤੇ ਸੁæਭ-ਕਰਮਨ ਦੀਆਂ ਕਲਮਾਂ ਲਾਓ। ਇਹ ਬਿਰਖ ਬਣ ਕੇ ਤੁਹਾਡੀ ਸ਼ਖਸੀਅਤ ਨੂੰ ਫੁੱਲਾਂ ਤੇ ਫਲਾਂ ਦਾ ਲਿਬਾਸ ਦੇਵੇਗੀ। ਸ਼ਖਸੀਅਤ ਵਿਚ ਇਕ ਅਜਿਹੀ ਅਗੰਮੀ ਖਿੱਚ ਪੈਦਾ ਹੋਵੇਗੀ ਜਿਸ ਦੀ ਰੰਗਤਾ ਵਿਚ ਦੁਨੀਆਂ ਸੁਹਾਵਣੀ ਹੋ ਜਾਵੇਗੀ।
ਕੀ ਤੁਹਾਡੇ ਮਨ ਵਿਚ ਸੰਸਾਰ ਨੂੰ ਸੁਹੰਢਣਾ ਤੇ ਸੁੰਦਰ ਸਿਰਜਣ ਦਾ ਸੁਪਨਾ ਆਇਆ ਏ? ਅਜਿਹਾ ਸੁਪਨਾ ਜਰੂਰ ਲੈਣਾ, ਤੁਹਾਡੇ ਮਨ ਵਿਚ ਇਸ ਦੀ ਪੂਰਤੀ ਦੀ ਖਾਹਸ਼ ਅੰਗੜਾਈਆਂ ਜਰੂਰ ਭਰੇਗੀ। ਤੁਸੀਂ ਸੰਵੇਦਨਾ ਦਾ ਸਮੁੰਦਰ ਹੋਵੋਗੇ।