ਚੰਗੇਜ਼ ਖਾਂ ਦੀ ਚੜ੍ਹਤ ਦੀ ਕਹਾਣੀ

ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਦੁਨੀਆਂ ਵਿਚ ਚੜ੍ਹਤ ਇਕ ਬੰਦੇ, ਤੇਮੁਜਿਨ ਭਾਵ ਲੋਹਾ ਤੋਂ ਹੋਈ। ਇਹ ਤੇਮੁਜਿਨ ਛੋਟੇ ਜਿਹੇ ਖਾਨਾਬਦੋਸ਼ ਸਰਦਾਰ ਦਾ ਪੁੱਤਰ ਸੀ। ਸੰਨ 1206 ਦੀ ਬਹਾਰ ਰੁੱਤ ਵਿਚ ਖਾਨਾਬਦੋਸ਼ ਸਰਦਾਰਾਂ ਦਾ ਇਕੱਠ ਹੋਇਆ ਅਤੇ ਤੇਮੁਜਿਨ ਨੂੰ ਸਭ ਨੇ ਆਪਣਾ ਆਗੂ ਮੰਨ ਲਿਆ। ਇਨ੍ਹਾਂ ਸਾਰੇ ਖਾਨਾਬਦੋਸ਼ਾਂ ਦਾ ਕੋਈ ਪੱਕਾ ਘਰ ਟਿਕਾਣਾ ਨਹੀਂ ਸੀ। ਜਾਨਵਰਾਂ ਦੀਆਂ ਖੱਲਾਂ ਦੇ ਬਣੇ ਤੰਬੂ ਇਨ੍ਹਾਂ ਦੇ ਘਰ ਹੁੰਦੇ ਸਨ। ਇਸੇ ਕਰਕੇ ਇਨ੍ਹਾਂ ਨੂੰ ਪੱਕੇ ਘਰਾਂ ਅਤੇ ਵੱਸਦੇ ਸ਼ਹਿਰਾਂ ਤੋਂ ਨਫਰਤ ਸੀ।

‘ਸੀਕਰਿਟ ਹਿਸਟਰੀ ਆਫ ਮੰਗੋਲਜ਼’ ਅਨੁਸਾਰ ਖਾਨਾਬਦੋਸ਼ ਸਰਦਾਰਾਂ ਨੇ ਕਿਹਾ, “ਅਸੀਂ ਤੈਨੂੰ ਖਾਨ ਬਣਾਉਂਦੇ ਹਾਂ। ਜਦੋਂ ਤੂੰ ਖਾਨ ਹੈਂ ਤਾਂ ਹਿਰਾਵਲ ਦਸਤਾ ਬਣਾ ਕੇ ਦੁਸ਼ਮਣ ‘ਤੇ ਟੁੱਟ ਪਵਾਂਗੇ। ਬਹੁਤ ਸਾਰੀਆਂ ਖੂਬਸੂਰਤ ਦਾਸੀਆਂ ਅਤੇ ਉਚ ਘਰਾਣਿਆਂ ਦੀਆਂ ਔਰਤਾਂ ਲਿਆਵਾਂਗੇ। ਜੇ ਜੰਗ ਸਮੇਂ ਅਸੀਂ ਤੁਹਾਡੇ ਹੁਕਮਾਂ ਦੀ ਉਲੰਘਣਾ ਕਰੀਏ ਤਾਂ ਸਾਨੂੰ ਆਪਣੇ ਰਿਸ਼ਤੇਦਾਰਾਂ ਅਤੇ ਔਰਤਾਂ ਤੋਂ ਵੱਖਰੇ ਕਰ ਦੇਣਾ, ਸਾਡੇ ਮੂੰਹ ਕਾਲੇ ਕਰਕੇ ਜਮੀਨ ਵਿਚ ਗੱਡ ਦੇਣਾ।” ਇਸ ਜੋਸ਼ੀਲੀ ਤਕਰੀਰ ਨਾਲ ਤੇਮੁਜਿਨ ਨੂੰ ਚੰਗੇਜ਼ (ਗੰਗੀਜ਼) ਖਾਂ ਦਾ ਖਿਤਾਬ ਮਿਲਿਆ। ਚੰਗੇਜ਼ ਦੇ ਅਰਥ ਮੰਗੋਲ ਭਾਸ਼ਾ ਵਿਚ ਸਭ ਨੂੰ ਆਪਣੇ ਵਿਚ ਸਮਾ ਜਾਣ ਵਾਲੇ ਹਨ।
ਤੁਰਕ ਅਤੇ ਮੰਗੋਲ ਕਬੀਲਿਆਂ ਨੂੰ ਇਕੱਠੇ ਕਰਕੇ ਉਸ ਨੇ ਸਮੇਂ ਦੀ ਸਭਿਅਤਾ ਦਾ ਨਾਮੋ-ਨਿਸ਼ਾਨ ਮਿਟਾ ਕੇ ਵਹਿਸ਼ੀਪੁਣੇ ਦਾ ਰਾਜ ਫੈਲਾਇਆ। ਸਭ ਤੋਂ ਪਹਿਲਾਂ ਉਸ ਨੇ ਆਪਣੇ ਪਿਤਾ ਦੇ ਕਾਤਲਾਂ ਤਾਤਾਰ ਕਬੀਲੇ ਦਾ ਅੰਤ ਕੀਤਾ। ਲੋਕ ਮੰਗੋਲਾਂ ਨੂੰ ਹੀ ਤਾਤਾਰ ਆਖਣ ਲੱਗ ਪਏ। ਉਸ ਨੇ ਖਾਨਾਬਦੋਸ਼ਾਂ ਦਾ ‘ਯਾਸਾ’ ਨਾਮੀ ਕਾਨੂੰਨ ਬਣਾਇਆ। ਚੋਰੀ ਕਰਨ, ਕਿਸੇ ਦੀ ਪਤਨੀ ਨੂੰ ਚੁੱਕ ਕੇ ਲੈ ਜਾਣ ਅਤੇ ਹੋਰ ਅਪਰਾਧਾਂ ਦੀਆਂ ਸਜ਼ਾਵਾਂ ਨਿਯਤ ਕੀਤੀਆਂ।
ਚੰਗੇਜ਼ ਖਾਂ ਆਪਣੇ ਪੁੱਤਰਾਂ-ਜਗਤਾਈ, ਓਗਾਦਈ, ਤੇਲੀਓ ਅਤੇ ਜੇਬ ਜਾਂ ਹੋਰ ਭਰੋਸੇਯੋਗ ਸਰਦਾਰਾਂ ਨੂੰ ਵੱਖ-ਵੱਖ ਮੁਹਿੰਮਾਂ ‘ਤੇ ਭੇਜਦਾ। ਉਸ ਦੀ ਫੌਜ ਦੇ ਹਰ ਸਿਪਾਹੀ ਕੋਲ ਦੋ ਜਾਂ ਤਿੰਨ ਤੀਰ-ਕਮਾਨ, ਦੋ-ਦੋ ਫੁੱਟ ਲੰਮੇ ਤੀਰਾਂ ਦੇ ਦੋ ਜਾਂ ਤਿੰਨ ਭਰੇ ਭੱਥੇ, ਇਸ ਤੋਂ ਇਲਾਵਾ ਜੰਗੀ ਕੁਹਾੜਾ ਅਤੇ ਰੱਸਾ ਹੋਣਾ ਜ਼ਰੂਰੀ ਸੀ। ਬਰਛੇ ਦੇ ਇਕ ਪਾਸੇ ਕੁੰਡੀ ਬਣਾਈ ਹੁੰਦੀ ਸੀ, ਜਿਸ ਨੂੰ ਫਸਾ ਕੇ ਵਿਰੋਧੀ ਨੂੰ ਘੋੜੇ ਤੋਂ ਹੇਠਾਂ ਡੇਗਿਆ ਜਾਂਦਾ ਸੀ। ਅਮੀਰਾਂ ਕੋਲ ਲੋਹੇ ਦੀਆਂ ਟੋਪੀਆਂ ਅਤੇ ਵਰਦੀਆਂ ਹੁੰਦੀਆਂ ਸਨ। ਸਰਦਾਰਾਂ ਦੇ ਘੋੜਿਆਂ ਦੇ ਵੀ ਲੋਹੇ ਦੀਆਂ ਵਰਦੀਆਂ ਹੁੰਦੀਆਂ ਸਨ। ਸਿਰ ਦੀ ਲੋਹੇ ਦੀ ਟੋਪੀ ਦਾ ਜੋ ਹਿੱਸਾ ਗਰਦਨ ਦੁਆਲੇ ਹੁੰਦਾ, ਉਹ ਚਮੜੇ ਜਾਂ ਲੋਹੇ ਦੀਆਂ ਛੋਟੀਆਂ ਛੋਟੀਆਂ ਲਟਕਦੀਆਂ ਜ਼ੰਜੀਰੀਆਂ ਦਾ ਹੁੰਦਾ ਸੀ। ਤੀਰਾਂ ਦੀ ਮਾਰ ਦੋ ਸੌ ਗਜ਼ ਤੱਕ ਹੋ ਸਕਦੀ ਸੀ, ਪਰ ਸੱਠ ਗਜ਼ ਤੱਕ ਮਾਰ ਤਾਂ ਪੂਰੀ ਹੁੰਦੀ ਸੀ।
ਹਰ ਸਿਪਾਹੀ ਕੋਲ ਤਿੰਨ ਚਾਰ ਘੋੜੇ ਹੁੰਦੇ ਸਨ। ਇਕ ਘੋੜਾ ਥੱਕ ਜਾਵੇ ਜਾਂ ਜੰਗ ਵਿਚ ਮਰ ਜਾਵੇ ਤਾਂ ਤੁਰੰਤ ਦੂਜੇ ਘੋੜੇ ਦੀ ਸਵਾਰੀ ਕਰ ਲੈਂਦੇ। ਘੋੜ ਸਵਾਰੀ ਤਾਂ ਇਨ੍ਹਾਂ ਨੂੰ ਚਾਰ ਪੰਜ ਸਾਲ ਦੀ ਉਮਰ ਵਿਚ ਹੀ ਆ ਜਾਂਦੀ ਸੀ, ਜਦੋਂ ਇਹ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਤਾਂ ਚਾਰ ਪੰਜ ਸਾਲ ਦੇ ਬੱਚਿਆਂ ਨੂੰ ਵੱਖਰੇ ਘੋੜੇ ‘ਤੇ ਬਿਠਾ ਦਿੰਦੇ। ਦੌੜੇ ਜਾਂਦੇ ਘੋੜਿਆਂ ਤੋਂ ਤੀਰ ਦਾ ਨਿਸ਼ਾਨਾ ਲਾ ਸਕਦੇ। ਇਤਿਹਾਸਕਾਰ ਐਰਿਕ ਹਿਲਡਿੰਗਰ ਅਨੁਸਾਰ ਜਿਹੜੇ ਬੱਚੇ ਬਿਮਾਰ ਜਾਂ ਕਮਜ਼ੋਰ ਹੁੰਦੇ, ਉਨ੍ਹਾਂ ਨੂੰ ਬੋਝ ਸਮਝ ਕੇ ਛੋਟਿਆਂ ਨੂੰ ਹੀ ਮਾਰ ਦਿੰਦੇ।
ਪਲੈਨੋ ਕਾਰਪੀਠੀ ਅਨੁਸਾਰ ਮੰਗੋਲ ਬੜੇ ਗੰਦੇ, ਘਟੀਆ ਖਾਣਾ ਖਾਣ ਵਾਲੇ, ਨਿਰਦਈ, ਘੁਮੰਡੀ, ਭਾਵ ਹਰ ਭੈੜੀ ਆਦਤ ਦੇ ਮਾਲਕ ਸਨ। ਲੁੱਟ-ਖਸੁੱਟ ਕਰਨਾ, ਬੇਦੋਸ਼ਿਆਂ ਨੂੰ ਮਾਰਨਾ ਤਾਂ ਇਨ੍ਹਾਂ ਦੀ ਖੇਡ ਸੀ। ਸਾਰੇ ਕਬੀਲਿਆਂ ਨੂੰ ਮਿਲਾ ਕੇ ਪਹਿਲਾਂ ਚੰਗੇਜ਼ ਨੇ ਚੀਨ ‘ਤੇ ਹਮਲਾ ਕੀਤਾ, ਜੋ ਉਸ ਸਮੇਂ ਤਿੰਨ ਭਾਗਾਂ ਵਿਚ ਵੰਡਿਆ ਹੋਇਆ ਸੀ। ਉਤਰ ਵਿਚ ਚਿਨ, ਦੱਖਣ ਵਿਚ ਸੰਗ ਅਤੇ ਉਤਰ-ਪੱਛਮ ਵਿਚ ਹਸੀ ਹਸੀਆ। ਚੰਗੇਜ਼ ਦੇ ਜ਼ੁਲਮਾਂ ਦੀ ਧਾਂਕ ਕਾਰਨ ਦੂਜੇ ਬਾਦਸ਼ਾਹਾਂ ਦੇ ਕਈ ਫੌਜੀ ਉਸ ਨਾਲ ਆ ਮਿਲਦੇ ਅਤੇ ਇਸ ਤਰ੍ਹਾਂ ਚੰਗੇਜ਼ ਦੀ ਜਿੱਤ ਆਸਾਨ ਹੋ ਜਾਂਦੀ।
ਚੰਗੇਜ਼ ਦੀਆਂ ਜੰਗੀ ਚਾਲਾਂ ਵੀ ਬੜੀਆਂ ਦਿਲਚਸਪ ਸਨ। ਉਸ ਨੇ ਇਕ ਸ਼ਹਿਰ ਨੂੰ ਘੇਰਾ ਪਾਇਆ ਪਰ ਇਹ ਕਈ ਮਹੀਨੇ ਬੇਅਸਰ ਰਿਹਾ। ਸ਼ਹਿਰ ਦੇ ਉਚਾਈ ਵਾਲੇ ਪਾਸੇ ਦਰਿਆ ਵਗਦਾ ਸੀ। ਚੰਗੇਜ਼ ਨੇ ਉਸ ਦਰਿਆ ‘ਤੇ ਬੰਨ੍ਹ ਬਣਾ ਕੇ ਸਾਰਾ ਪਾਣੀ ਉਸ ਸ਼ਹਿਰ ਨੂੰ ਮੋੜ ਦਿੱਤਾ। ਹੜ੍ਹ ਕਾਰਨ ਸ਼ਹਿਰ ਵਿਚ ਭਗਦੜ ਮੱਚ ਗਈ ਅਤੇ ਸੌਖਿਆਂ ਹੀ ਚੰਗੇਜ਼ ਦਾ ਕਬਜ਼ਾ ਹੋ ਗਿਆ।
ਮੰਗੋਲਾਂ ਨੂੰ ਇਹ ਮਾਣ ਹੋ ਗਿਆ ਕਿ ਰੱਬ ਨੇ ਉਨ੍ਹਾਂ ਨੂੰ ਬਾਕੀ ਦੁਨੀਆਂ ‘ਤੇ ਰਾਜ ਕਰਨ ਲਈ ਪੈਦਾ ਕੀਤਾ ਹੈ। ਅਫਗਾਨਿਸਤਾਨ ਵਿਚ ਐਸੀ ਤਬਾਹੀ ਮਚਾਈ ਕਿ ਲੋਕ ਭੁੱਖੇ ਮਰਦੇ ਕੁੱਤਿਆਂ ਅਤੇ ਬਿੱਲੀਆਂ ਦਾ ਮਾਸ ਖਾਣ ਲਈ ਮਜਬੂਰ ਹੋ ਗਏ। ਚੰਗੇਜ਼ ਪਿਸ਼ੌਰ ਤੱਕ ਆਇਆ ਪਰ ਅਗਾਂਹ ਹਿੰਦੁਸਤਾਨ ਦੇ ਗਰਮ ਮੌਸਮ ਤੋਂ ਡਰਦਾ ਪਿੱਛੇ ਮੁੜ ਗਿਆ। ਉਸ ਦੇ ਇਕ ਦਸਤੇ ਨੇ ਮੁਲਤਾਨ ਵੀ ਮਾਰ ਲਿਆ ਸੀ। ਅਫਗਾਨਿਸਤਾਨ ਵਿਚ ਕਿਸਾਨਾਂ ਨੇ ਖੇਤਾਂ ਨੂੰ ਪਾਣੀ ਦੇਣ ਲਈ ਧਰਤੀ ਹੇਠਾਂ ਪਾਣੀ ਦੀਆਂ ਲੁਕਵੀਆਂ ਨਾਲੀਆਂ ਬਣਾਈਆਂ ਸਨ। ਚੰਗੇਜ਼ ਤੋਂ ਬਚਣ ਲਈ ਲੋਕ ਇਨ੍ਹਾਂ ਨਾਲੀਆਂ ਵਿਚ ਲੁਕ ਗਏ ਪਰ ਚੰਗੇਜ਼ ਨੇ ਨਾਲੀਆਂ ਤਬਾਹ ਕਰਕੇ ਅੱਗੇ ਤੋਂ ਫਸਲਾਂ ਦਾ ਹੋਣਾ ਹੀ ਬੰਦ ਕਰ ਦਿੱਤਾ।
ਜਦੋਂ ਵੀ ਚੰਗੇਜ਼ੀ ਫੌਜਾਂ ਕਿਸੇ ਕਿਲ੍ਹੇ ਜਾਂ ਸ਼ਹਿਰ ਨੂੰ ਘੇਰਾ ਪਾਉਂਦੀਆਂ ਤਾਂ ਲੋਕਾਂ ਨੂੰ ਨਰਮ ਲਹਿਜ਼ੇ ਵਿਚ ਆਤਮ-ਸਮਰਪਣ ਕਰਕੇ ਨਰਮੀ ਦੇ ਵਰਤਾਓ ਦਾ ਵਾਅਦਾ ਕਰਦੇ। ਜਦੋਂ ਉਹ ਬਾਹਰ ਆਉਂਦੇ ਤਾਂ ਆਖਦੇ, ਆਓ, ਅਸੀਂ ਤਾਤਾਰੀ ਰਸਮ ਨਾਲ ਤੁਹਾਡੀ ਗਿਣਤੀ ਕਰਨੀ ਹੈ। ਲੋਕਾਂ ਵਿਚੋਂ ਕਾਰੀਗਰਾਂ ਨੂੰ ਵੱਖਰੇ ਕਰ ਲੈਂਦੇ, ਬਾਕੀਆਂ ਵਿਚੋਂ ਜੋ ਉਨ੍ਹਾਂ ਨੂੰ ਗੁਲਾਮ ਬਣਾਉਣ ਲਈ ਠੀਕ ਲੱਗਦੇ, ਉਨ੍ਹਾਂ ਨੂੰ ਵੱਖ ਕਰਕੇ ਬਾਕੀਆਂ ਨੂੰ ਕਤਲ ਕਰ ਦਿੰਦੇ।
ਚੰਗੇਜ਼ ਦੀ ਫੌਜ ਦੇ ਵੱਡੇ ਯੂਨਿਟ ਦੀ ਗਿਣਤੀ ਦਸ ਹਜ਼ਾਰ ਸੀ, ਜਿਸ ਨੂੰ ਸਿੱਕ ਤੁੰਮਨ ਕਹਿੰਦੇ। ਤੁੰਮਨ ਅੱਗੇ ਇਕ ਹਜ਼ਾਰ ਦੇ ਸਿੰਘਨ ਅਤੇ ਅੱਗੇ ਦਸਾਂ ਦਸਾਂ ਦੇ ਅੰਬਾਨ ਹੁੰਦੇ ਸਨ। ਜੰਗ ਸਮੇਂ ਦਸਾਂ ਵਿਚੋਂ ਜੇ ਇਕ ਵੀ ਜਾਨ ਬਚਾਉਣ ਲਈ ਭੱਜ ਨਿਕਲਦਾ ਤਾਂ ਸਾਰੇ ਦਸਾਂ ਨੂੰ ਸਜ਼ਾ-ਏ-ਮੌਤ ਦਿੱਤੀ ਜਾਂਦੀ।
ਸੰਨ 1227 ਵਿਚ ਚੰਗੇਜ਼ ਕੁਦਰਤੀ ਮੌਤ ਮਰਿਆ ਪਰ ਕਿਹਾ ਜਾਂਦਾ ਹੈ ਕਿ ਘੋੜੇ ਤੋਂ ਡਿੱਗਣ ਨਾਲ ਐਸਾ ਜ਼ਖਮੀ ਹੋਇਆ ਕਿ ਠੀਕ ਨਾ ਹੋ ਸਕਿਆ। ਉਸ ਨੂੰ ਉਸ ਦੇ ਤਖਤ ਸਮੇਤ ਧਰਤੀ ਵਿਚ ਦਫਨ ਕੀਤਾ ਗਿਆ। ਨਾਲ ਹੀ ਉਸ ਦੇ ਚਹੇਤੇ ਨੌਕਰ ਅਤੇ ਪਤਨੀਆਂ ਵੀ ਉਸ ਦੇ ਦੁਆਲੇ ਹੀ ਦਫਨ ਕੀਤੇ ਗਏ। ਬਹੁਤ ਸਾਰਾ ਧਨ ਦੌਲਤ ਵੀ ਦੱਬਿਆ ਗਿਆ। ਮੰਗੋਲਾਂ ਨੇ ਕਬਰ ਪੁੱਟਣ ਵਾਲੇ ਮਜ਼ਦੂਰ ਕਤਲ ਕਰ ਦਿੱਤੇ ਤਾਂ ਕਿ ਚੰਗੇਜ਼ ਦੀ ਕਬਰ ਦਾ ਕਿਸੇ ਨੂੰ ਪਤਾ ਨਾ ਲੱਗੇ। ਕਬਰ ਦੀ ਥਾਂ ਨੂੰ ਚੰਗੀ ਤਰ੍ਹਾਂ ਦਬਾ ਕੇ ਉਪਰ ਦਰੱਖਤ ਲਾ ਦਿੱਤੇ ਤਾਂ ਕਿ ਖਾਨ ਦੀ ਨੀਂਦ ਵਿਚ ਕਦੇ ਖਲਲ ਨਾ ਪਵੇ। ਅੱਜ ਤਕ ਚੰਗੇਜ਼ ਦੀ ਕਬਰ ਦੀ ਥਾਂ ਦਾ ਕਿਸੇ ਨੂੰ ਨਹੀਂ ਪਤਾ।