ਅੱਖੀਂ ਡਿੱਠੇ ਸੰਤਾਲੀ ਅਤੇ ਚੁਰਾਸੀ

ਗੁਲਜ਼ਾਰ ਸਿੰਘ ਸੰਧੂ
1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਦਿੱਲੀ ਹਾਈ ਕੋਰਟ ਦੇ ਫੈਸਲੇ ਨੇ ਮੈਨੂੰ 1984 ਦੀ ਦਿੱਲੀ ਹੀ ਨਹੀਂ, 1947 ਵਾਲਾ ਆਪਣਾ ਜੱਦੀ ਪਿੰਡ ਸੂਨੀ ਵੀ ਚੇਤੇ ਕਰਵਾ ਦਿੱਤਾ ਹੈ, ਜੋ ਜਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਵਿਚ ਪੈਂਦਾ ਹੈ। ਪਹਿਲਾਂ ਅੱਖੀਂ ਡਿੱਠਾ ਚੁਰਾਸੀ ਅਤੇ ਫੇਰ ਸੰਨ ਸੰਤਾਲੀ, ਜਿਸ ਦਾ ਜ਼ਿਕਰ ਮਾਣਯੋਗ ਜੱਜ ਸਾਹਿਬਾਨ ਨੇ ਦਿੱਲੀ ਦੰਗਿਆਂ ਦੀ ਦਹਿਸ਼ਤ ਦਾ ਸਹੀ ਨਕਸ਼ਾ ਉਤਾਰਨ ਲਈ ਪੇਸ਼ ਕੀਤਾ ਹੈ।

ਜਦੋਂ ਦੇਸ਼ ਭਰ ਵਿਚ ਕਰੀਬ ਪੰਜ ਹਜ਼ਾਰ ਸਿੱਖ ਕਤਲ ਹੋਏ ਤਾਂ ਮੈਂ ਨਵੀਂ ਦਿੱਲੀ ਦੀ ਭਾਰਤੀ ਨਗਰ ਕਾਲੋਨੀ ਵਿਚ ਰਹਿੰਦਾ ਸਾਂ। ਉਦੋਂ ਦਿੱਲੀ ਦੇ ਅੰਨਸੀਆਰ ਖੰਡ ਵਿਚ 2,733 ਸਿੱਖ ਬੇਰਹਿਮੀ ਨਾਲ ਕਤਲ ਕੀਤੇ ਗਏ ਸਨ। ਮੇਰੇ ਮਿੱਤਰ ਤੇ ਕਾਇਮ ਮੁਕਾਮ ਪੁਲਿਸ ਕਮਿਸ਼ਨਰ ਗੁਰਦਿਆਲ ਸਿੰਘ ਮੰਡੇਰ ਦੀ ਵੀ ਕਿਸੇ ਨਾ ਸੁਣੀ। ਉਹ ਮੇਰੇ ਘਰ ਤੋਂ ਸੌ ਗਜ ਦੀ ਵਿੱਥ ‘ਤੇ ਸੜਕ ਪਾਰਲੀ ਲੋਧੀ ਐਸਟੇਟ ਵਿਚ ਰਹਿੰਦਾ ਸੀ।
ਉਨ੍ਹਾਂ ਦੰਗਿਆਂ ਵਿਚ ਮੇਰੇ, ਮੇਰੀ ਮਾਂ ਦੇ ਚਾਚੇ ਦੇ ਪੁੱਤ ਤੇ ਮੇਰੇ ਹਾਣੀ ਸ਼ਮਸ਼ੇਰ ਸਿੰਘ ਦੇ ਘਰ ਨੂੰ ਅੱਗ ਲਾ ਕੇ ਸਾੜਿਆ ਗਿਆ ਤਾਂ ਉਹ ਤੇ ਉਸ ਦੇ ਤਿੰਨ ਪੁੱਤਰਾਂ ਵਿਚੋਂ ਇੱਕ ਪੁੱਤਰ ਹੀ ਬਚਿਆ। ਉਸ ਦੀ ਖਬਰ ਮੈਨੂੰ ਟੈਲੀਫੋਨ ਉਤੇ ਦਿੱਤੀ ਜਾ ਰਹੀ ਸੀ ਤਾਂ ਦੂਜੇ ਟੈਲੀਫੋਨ ਉਤੇ ਪੰਜਾਬੀ ਸਾਹਿਤ ਸਭਾ, ਦਿੱਲੀ ਦੇ ਪ੍ਰਧਾਨ ਕੁਲਦੀਪ ਸਿੰਘ ਨੂੰ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖਬਰ ਆ ਗਈ। ਉਨ੍ਹਾਂ ਦੀ ਖਬਰ ਸਾਰ ਲੈਣ ਲਈ ਮੰਡੇਰ ਦੀ ਮਦਦ ਮੰਗੀ ਤਾਂ ਉਸ ਨੇ ਇੱਕ ਹੀ ਵਾਕ ਬੋਲਿਆ, “ਜੇ ਤੇਰੇ ਘਰ ਵਲ ਨੂੰ ਦੰਗਈ ਆਉਣ ਤਾਂ ਆਪਣਾ ਗੜ੍ਹਵਾਲੀ ਰਸੋਈਆ ਮੇਰੇ ਘਰ ਭੇਜ ਦੇਵੀਂ, ਮੈਂ ਤੈਥੋਂ ਸਿਵਾ ਹੋਰ ਕਿਸੇ ਨੂੰ ਨਹੀਂ ਬਚਾ ਸਕਦਾ।”
ਘਰ ਦੇ ਟੈਲੀਫੋਨਾਂ ਵਿਚੋਂ ਇੱਕ ਬੰਦ ਹੁੰਦਾ ਸੀ ਤਾਂ ਦੂਜਾ ਬੋਲ ਪੈਂਦਾ ਸੀ। ਇੱਕ ਪਾਸੇ ਅਜੀਤ ਕੌਰ ਤੇ ਤਾਰਾ ਸਿੰਘ ਕਾਮਲ ਰੋ ਰਹੇ ਸਨ ਤੇ ਦੂਜੇ ਪਾਸੇ ਮੈਂ ਆਪਣੇ ਸੀਨੀਅਰ ਮਿੱਤਰ ਖੁਸ਼ਵੰਤ ਸਿੰਘ ਦਾ ਹਾਲ ਪੁੱਛ ਰਿਹਾ ਸਾਂ। ਅਸੀਂ ਸਾਰੇ ਹੀ ਬੇਬੱਸ ਸਾਂ। ਭਾਵੇਂ ਨਵੀਂ ਦਿੱਲੀ ਦੇ ਅਤਿਅੰਤ ਸੁਰੱਖਿਅਤ ਇਲਾਕੇ ਵਿਚ ਇੱਕ ਦੂਜੇ ਦੇ ਬਹੁਤ ਨੇੜੇ ਰਹਿੰਦੇ ਸਾਂ। ਦਿੱਲੀ ਦੀ ਬੁੱਕਲ ਵਾਲੀਆਂ ਬਸਤੀਆਂ ਵਿਚ ਕੀ ਹੋਇਆ? ਹਾਈ ਕੋਰਟ ਦੇ 207 ਪੰਨਿਆਂ ਵਾਲੇ ਫੈਸਲੇ ਵਿਚ ਦਰਜ ਹੈ। ਜਦੋਂ ਦੰਗਾਕਾਰੀਆਂ ਉਤੇ ਭਾਰਤੀ ਸੈਨਾ ਨੇ ਕਾਬੂ ਪਾਇਆ ਤਾਂ ਮੈਂ ਆਪਣੇ ਯਮਨਾ ਪਾਰ ਦੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਇਆ। ਮੈਂ ਆਪਣੇ ਉਸ ਸਫਰ ਦੀ ਗੱਲ ਆਪਣੀ ਕਹਾਣੀ Ḕਮੁਰਗੀ ਦਾ ਪੰਜਾḔ ਵਿਚ ਲਿਖੀ, ਜੋ ਦੇਸ਼ ਵਿਚ ਹੀ ਨਹੀਂ, ਪਰਦੇਸ ਵਿਚ ਵੀ ਮਕਬੂਲ ਹੋਈ।
ਚੁਰਾਸੀ ਦੇ ਦੰਗਿਆਂ ਸਮੇਂ ਮੈਂ ਪੰਜਾਹ ਸਾਲ ਦਾ ਸਾਂ ਤੇ 1947 ਵਿਚ ਸਾਢੇ ਤੇਰਾਂ ਸਾਲ ਦਾ। ਮੇਰੇ ਪਿੰਡ ਵਿਚ ਇੱਕ ਤਿਹਾਈ ਵਸੋਂ ਮੁਸਲਮਾਨ ਅਰਾਈਆਂ ਦੀ ਸੀ, ਜੋ ਹਰ ਸਮੇਂ ਬਾਕੀ ਵਸੋਂ ਦਾ ਹੱਥ ਵਟਾਉਂਦੇ ਸਨ। ਉਨ੍ਹਾਂ ਨੂੰ ਪਤਾ ਲੱਗਾ ਕਿ ਜੇ ਉਹ ਅੰਮ੍ਰਿਤ ਛਕ ਕੇ ਸਿੰਘ ਬਣ ਜਾਣ ਤਾਂ ਜਨਮ ਭੂਮੀ ਤਿਆਗ ਕੇ ਪਾਕਿਸਤਾਨ ਜਾਣ ਤੋਂ ਬਚ ਸਕਦੇ ਹਨ। ਪਿੰਡ ਵਾਲਿਆਂ ਨੇ ਉਨ੍ਹਾਂ ਦੀ ਪ੍ਰਵਾਨਗੀ ਲੈ ਕੇ ਸਾਰੇ ਮਰਦ-ਔਰਤਾਂ ਨੂੰ ਅੰਮ੍ਰਿਤਧਾਰੀ ਬਣਾ ਦਿੱਤਾ ਤੇ ਉਹ ਕੱਛ, ਕੜਾ, ਕੰਘੇ, ਕਿਰਪਾਨਾਂ ਸਮੇਤ ਅੰਮ੍ਰਿਤਧਾਰੀ ਹੋ ਗਏ ਅਤੇ ਸਿਰਾਂ ‘ਤੇ ਪੀਲੇ ਪਟਕੇ ਤੇ ਪੀਲੀਆਂ ਚੁੰਨੀਆਂ ਸਜਾ ਲਈਆਂ। ਸਾਡੇ ਪਿੰਡ ਦੇ ਹਿੰਦੂ-ਸਿੱਖਾਂ ਨੇ ਸੁੱਖ ਦਾ ਸਾਹ ਲਿਆ ਹੀ ਸੀ ਕਿ 4-5 ਦਿਨਾਂ ਪਿੱਛੋਂ ਸੈਂਕੜਿਆਂ ਦੀ ਗਿਣਤੀ ਵਿਚ ਆਏ ਹਿੰਦੂ-ਸਿੱਖ ਦੰਗਾਕਾਰੀਆਂ ਨੇ ਪੀਲੀ ਚੁੰਨੀ ਤੇ ਪੀਲੇ ਪਟਕੇ ਵਾਲਿਆਂ ਦੇ ਘਰ ਘਾਟ ਹੀ ਨਹੀਂ ਲੁੱਟੇ, ਇੱਜਤਾਂ ਲੁੱਟਣ ਤੇ ਕਤਲਾਂ ਦੀ ਵੀ ਕਸਰ ਨਹੀਂ ਛੱਡੀ। ਸਾਡੇ ਪਿੰਡ ਦੇ ਗਿਣੇ-ਮਿਣੇ ਹਿੰਦੂ-ਸਿੱਖ ਉਨ੍ਹਾਂ ਦੀ ਰਾਖੀ ਨਹੀਂ ਕਰ ਸਕੇ। ਸਾਰੇ ਆਪਣੇ ਆਪ ਨੂੰ ਬੇਇੱਜਤ ਹੋਇਆ ਮਹਿਸੂਸ ਕਰ ਰਹੇ ਸਨ। ਕਤਲ ਹੋਏ 23 ਮਰਦਾਂ ਦਾ ਪਿੰਡ ਦੀ ਮਸੀਤ ਦੇ ਪਿੱਛੇ ਅਸੀਂ ਹਿੰਦੂ ਸਿੱਖ ਮਰਿਆਦਾ ਅਨੁਸਾਰ ਸਸਕਾਰ ਕੀਤਾ। ਅਗਵਾ ਕੀਤੀਆਂ ਸੱਤ ਨੂੰਹਾਂ-ਧੀਆਂ ਨੂੰ ਦੰਗਾਕਾਰੀ ਅਰਾਈਆਂ ਦੇ ਗੱਡਿਆਂ ਨੂੰ ਉਨ੍ਹਾਂ ਦੇ ਬਲਦ ਜੋੜ ਕੇ ਉਨ੍ਹਾਂ ਉਤੇ ਬਿਠਾ ਕੇ ਲਿਜਾ ਚੁਕੇ ਸਨ।
ਮੇਰੇ ਪਿੰਡ ਵਾਲਿਆਂ ਨੂੰ ਆਪਣੀ ਇੱਜਤ ਬਹਾਲ ਕਰਨ ਦਾ ਮੌਕਾ ਉਸੇ ਸਾਲ ਮਿਲ ਗਿਆ। ਉਧਾਲੀਆਂ ਗਈਆਂ ਸੱਤ ਬਹੂ-ਬੇਟੀਆਂ ਵਿਚੋਂ ਗੇਂਦੇ ਭਰਾਈ ਦੀ ਨੂੰਹ ਤੇ ਧੀ ਸਬਬ ਨਾਲ ਕਿਸੇ ਇੱਕ ਘਰ ਵਿਚ ਇਕਠੀਆਂ ਹੋ ਗਈਆਂ। ਅਗਲੀ ਸਵੇਰ ਉਹ ਜੰਗਲ ਪਾਣੀ ਲਈ ਪਿੰਡ ਦੀ ਜੂਹ ਤੋਂ ਬਾਹਰ ਗਈਆਂ ਤਾਂ ਉਨ੍ਹਾਂ ਨੇ ਆਪਣੀ ਜਨਮ ਭੋਂ, ਭਾਵ ਸਾਡਾ ਪਿੰਡ ਵੇਖਣ ਦਾ ਮਨ ਬਣਾ ਲਿਆ। ਪੈਂਡਾ ਬਹੁਤ ਥੋੜ੍ਹਾ ਸੀ, ਮਸਾਂ ਦੋ ਕੋਹ। ਉਹ ਸਿੱਧੀਆਂ ਮੇਰੇ ਸੇਵਾ ਮੁਕਤ ਸੂਬੇਦਾਰ ਤਾਏ ਸ਼ਿਵ ਸਿੰਘ ਦੇ ਘਰ ਜਾ ਵੜੀਆਂ। ਤਾਏ ਦੀਆਂ ਚਾਰੇ ਧੀਆਂ ਨੂੰ ਉਹ ਬਚਪਨ ਤੋਂ ਜਾਣਦੀਆਂ ਸਨ। ਮਿਲ ਕੇ ਸਾਗ ਤੋੜਦੀਆਂ ਤੇ ਕਪਾਹ ਚੁਗਦੀਆਂ ਰਹੀਆਂ ਸਨ।
ਚਾਰ ਕੁ ਮਹੀਨੇ ਪਿਛੋਂ ਜਦੋਂ ਪੋਹ-ਮਾਘ ਦੀ ਸੰਗਰਾਂਦ ਵੇਲੇ ਪਿੰਡ ਦੇ ਬਹੁਤ ਸਾਰੇ ਹਿੰਦੂ-ਸਿੱਖ ਪਠਲਾਵੇ ਦੇ ਵੱਡੇ ਗੁਰਦੁਆਰੇ ਗਏ ਹੋਏ ਸਨ ਤਾਂ ਉਨ੍ਹਾਂ ਨੂੰ ਉਧਾਲਣ ਵਾਲੇ ਰਤਨ ਸਿੰਘ, ਪ੍ਰੀਤਮ ਸਿੰਘ ਤੇ ਬਲਵੰਤ ਸਿੰਘ ਉਨ੍ਹਾਂ ਨੂੰ ਸਾਡੇ ਪਿੰਡ ਤੋਂ ਚੁੱਕਣ ਆ ਗਏ। ਉਹ ਕ੍ਰਮਵਾਰ ਪਿੰਡ ਗੋਬਿੰਦਪੁਰ, ਜੀਂਦੋਵਾਲ ਤੇ ਲੱਲੀਆਂ ਤੋਂ ਸਨ। ਇਹ ਸਾਰੇ ਪਿੰਡ ਮੇਰੇ ਪਿੰਡ ਸੂਨੀ ਤੋਂ ਮਸਾਂ ਪੰਜ ਕੋਹ ਦੀ ਦੂਰੀ ‘ਤੇ ਸਨ। ਉਹ ਆਪਣੇ ਨਾਲ ਹੈਂਡ ਗਰਨੇਡ ਤੇ ਦੂਜੇ ਹਥਿਆਰ ਹੀ ਨਹੀਂ ਸਨ ਲੈ ਕੇ ਆਏ, ਆਪਣੇ ਸ਼ਿਕਾਰ ਨੂੰ ਬਿਠਾ ਕੇ ਲਿਜਾਣ ਲਈ ਘੋੜੀ ਵੀ ਲਿਆਏ ਸਨ। ਮੇਰੇ ਪਿੰਡ ਵਾਲਿਆਂ ਨੂੰ ਆਪਣਾ ਗੁੱਸਾ ਕੱਢਣ ਦਾ ਮੌਕਾ ਮਿਲ ਗਿਆ। ਉਨ੍ਹਾਂ ਨੇ ਤਿੰਨਾਂ ਸਿੱਖਾਂ ਨੂੰ ਆਪਣੇ ਪਿੰਡ ਦੀ ਨੂੰਹ-ਧੀ ਦੀ ਰਾਖੀ ਹਿੱਤ ਉਸੇ ਤਰ੍ਹਾਂ ਪਲਾਂ ਛਿਣਾਂ ਵਿਚ ਕਤਲ ਕਰ ਦਿੱਤਾ ਜਿਵੇਂ ਅਗਸਤ ਮਹੀਨੇ ਉਨ੍ਹਾਂ ਨੇ ਕੀਤਾ ਸੀ।
ਮੈਂ ਸੰਨ ਸੰਤਾਲੀ ਦੇ ਵਰਤਾਰੇ ਉਤੇ Ḕਅਮਰ ਕਥਾ’ ਨਾਂ ਦੀ ਕਹਾਣੀ ਲਿਖ ਕੇ ਨਵੇਂ ਕਹਾਣੀ ਸੰਗ੍ਰਿਹ ਦਾ ਨਾਂ ਵੀ ਇਹੀਓ ਰੱਖਿਆ, ਜਿਸ ਨੂੰ ਭਾਰਤੀ ਸਾਹਿਤ ਅਕਾਡਮੀ ਨੇ ਉਚੇ ਪੁਰਸਕਾਰ ਲਈ ਚੁਣਿਆ। ਹੁਣ ਜਦੋਂ ਮੇਰੇ ਜੀਵਨ ਦੀਆਂ ਸਭ ਲੋੜਾਂ ਪੂਰੀਆਂ ਹੋ ਚੁਕੀਆਂ ਹਨ ਤਾਂ ਮੈਂ ਆਪਣੇ ਪਿੰਡ ਦਾ ਪਰਵੇਸ਼ ਦੁਆਰ ਬਣਵਾ ਕੇ ਉਸ ਦਾ ਨਾਂ ਵੀ ਹੋਰਨਾਂ ਪਿੰਡਾਂ ਵਾਂਗ ਕਿਸੇ ਗੁਰੂ, ਪੀਰ, ਪੈਗੰਬਰ ਦੇ ਨਾਂ ਉਤੇ ਨਹੀਂ, ਕੇਵਲ Ḕਅਮਰ ਕਥਾ ਦਰਵਾਜਾ’ ਲਿਖਿਆ ਹੈ।
ਸੰਨ ਸੰਤਾਲੀ ਅਤੇ ਚੁਰਾਸੀ ਦੇ ਵਰਤਾਰੇ ਦੀ ਜੇ ਕੋਈ ਗੱਲ ਸਾਂਝੀ ਹੈ ਤਾਂ ਇਹ ਕਿ ਆਦਮੀ ਦਾ ਇਹ ਪੁੱਤ ਚੰਗੇ ਕੰਮ ਕਰਦਾ ਵੀ ਸਿਖਰਾਂ ਛੂਹੰਦਾ ਹੈ ਪਰ ਜਦੋਂ ਇਸ ਦੀ ਮੱਤ ‘ਤੇ ਪਰਦਾ ਪੈਂਦਾ ਹੈ ਤਾਂ ਵਹਿਸ਼ੀਪੁਣੇ ਵਿਚ ਜਾਨਵਰਾਂ ਨੂੰ ਵੀ ਮਾਤ ਪਾ ਦਿੰਦਾ ਹੈ। ਇਹ ਵੀ ਕਿ ਜੇ ਸਾਡੇ ਪਿੰਡ ਵਾਲਿਆਂ ਨੇ ਸੈਂਕੜੇ ਹਜ਼ਾਰਾਂ ਦੰਗਾਕਾਰੀਆਂ ਵਿਚੋਂ ਕੇਵਲ ਤਿੰਨ ਸਿੱਖ ਹੀ ਮਾਰੇ ਤਾਂ ਮਾਣਯੋਗ ਅਦਾਲਤ ਵੀ ਕਈ ਹਜਾਰ ਦੋਸ਼ੀਆਂ ਵਿਚੋਂ ਕੇਵਲ ਗਿਣੇ ਚੁਣੇ ਬੰਦਿਆਂ ਨੂੰ ਹੀ ਸਜ਼ਾ ਸੁਣਾ ਸਕੀ ਹੈ।
ਹਾਈ ਕੋਰਟ ਨੇ ਦੰਗਿਆਂ ਦੇ ਪ੍ਰਸੰਗ ਵਿਚ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ Ḕਅੱਜ ਆਖਾਂ ਵਾਰਿਸ ਸ਼ਾਹ ਨੂੰḔ ਵੀ ਚੇਤੇ ਕੀਤਾ ਹੈ,
ਇੱਕ ਰੋਈ ਸੀ ਧੀ ਪੰਜਾਬ ਦੀ
ਤੂੰ ਲਿਖ ਲਿਖ ਮਾਰੇ ਵੈਣ।
ਅੱਜ ਲੱਖਾਂ ਧੀਆਂ ਰੋਂਦੀਆਂ
ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।
ਉਠ ਦਰਦਮੰਦਾਂ ਦੇ ਦਰਦੀਆ
ਤੂੰ ਤੱਕ ਆਪਣਾ ਪੰਜਾਬ।
ਅੱਜ ਬੇਲੇ ਲਾਸ਼ਾਂ ਵਿਛੀਆਂ
ਤੇ ਲਹੂ ਦੀ ਭਰੀ ਚਨਾਬ।