ਆਜ਼ਾਦੀ ਘੁਲਾਟੀਆਂ ਦਾ ਪਿੰਡ ਮਰਹਾਣਾ

ਕੰਵਲਬੀਰ ਸਿੰਘ ਪੰਨੂ
ਚੌਧਰੀਵਾਲਾ, ਨੌਸ਼ਹਿਰਾ ਪਨੂੰਆ
ਫੋਨ: 91-98766-98068
ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਮੁੱਖ ਪਿੰਡਾਂ ਵਿਚੋਂ ਅੰਮ੍ਰਿਤਸਰ-ਬਠਿੰਡਾ ਜਰਨੈਲੀ ਸੜਕ ‘ਤੇ ਤਰਨਤਾਰਨ ਤੋਂ 30 ਕਿਲੋਮੀਟਰ ਦੂਰ ਵਸਿਆ ਮਾਝੇ ਦਾ ਇੱਕ ਇਤਿਹਾਸਕ ਪਿੰਡ ਹੈ, ਮਰਹਾਣਾ। ਸੰਨ 2011 ਦੀ ਮਰਦਮਸ਼ਮਾਰੀ ਅਨੁਸਾਰ ਆਬਾਦੀ 3780 ਅਤੇ 585 ਘਰ ਹਨ। ਪਿੰਡ ਦਾ ਅਸੈਂਬਲੀ ਹਲਕਾ ਪੱਟੀ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਹੈ। ਪਿੰਡ ਦੇ ਪਿਛੋਕੜ ਸਬੰਧੀ ਮਿਲਦੇ ਵੇਰਵਿਆਂ ਮੁਤਾਬਕ ਇਤਿਹਾਸਕ ਪਿੰਡ ਦਦੇਹਰ ਸਾਹਿਬ ਵਿਚੋਂ ਨਿਕਲ ਕੇ ਵੱਸਣ ਵਾਲੇ ਸੰਧੂ ਗੋਤ ਦੇ 22 ਪਿੰਡਾਂ ਵਿਚੋਂ ਇਹ ਵੀ ਇੱਕ ਹੈ। ਇਹ ਪਿੰਡ ਵਸਾਉਣ ਵਾਲੇ ਪੰਜ ਭਰਾਵਾਂ-ਸਿਧਾਣਾ, ਮੋਕਲ, ਲਾਲ, ਸੰਸਾ ਤੇ ਤੋਗਾ ਦੇ ਨਾਂ ‘ਤੇ ਪਿੰਡ ਦੀਆਂ ਪੰਜ ਪੱਤੀਆਂ ਹਨ।

ਸਿੱਖ ਰਾਜ ਵੇਲੇ ਪਿੰਡ ਤੋਂ ਬਾਹਰ ਬਾਬਾ ਸ੍ਰੀ ਚੰਦ ਦੀ ਸੰਪਰਦਾ ਦੇ ਉਦਾਸੀ ਸਾਧੂ ਬਾਬਾ ਰਤਨਦੇਵ ਰਹਿੰਦੇ ਸਨ, ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਮਰਹਾਣੇ ਆ ਕੇ ਮਿਲੇ ਅਤੇ ਇੱਕ ਖੂਹ ਲਵਾਇਆ। ਇਸ ਥਾਂ ਗੁਰਦੁਆਰਾ ਰਾਠੀਕੇ ਬਣਿਆ ਹੋਇਆ ਹੈ। ਗੁਰਦੁਆਰੇ ਦੇ ਨਾਂ 22 ਏਕੜ ਪੈਲੀ ਵੀ ਹੈ ਤੇ ਇਸ ਦਾ ਪ੍ਰਬੰਧ ਲੋਕਲ ਕਮੇਟੀ ਕੋਲ ਹੈ। ਪਿੰਡ ਦੇ ਲੋਕ ਦੱਸਦੇ ਹਨ ਕਿ ਜਦੋਂ ਪੰਜਾਬ ਵਿਚ ਅੰਗਰੇਜ਼ੀ ਰਾਜ ਸੀ, ਪਿੰਡ ਵਿਚ ਪਲੇਗ ਫੈਲਣ ਨਾਲ ਲੋਕ ਮਰਨ ਲੱਗੇ ਤਾਂ ਦੁਖੀ ਪਿੰਡ ਵਾਸੀ ਬਾਬਾ ਰਤਨਦੇਵ ਕੋਲ ਮਦਦ ਲਈ ਆਏ। ਉਨ੍ਹਾਂ ਨੇ ਲੋਕਾਂ ਦੇ ਭਲੇ ਦੀ ਅਰਦਾਸ ਕੀਤੀ ਤੇ ਅਗਲੇ ਦਿਨ ਹੀ ਆਪਣਾ ਸਰੀਰ ਤਿਆਗ ਦਿੱਤਾ। ਉਸ ਪਿੱਛੋਂ ਪਿੰਡ ਵਿਚ ਪਲੇਗ ਨਾਲ ਕੋਈ ਮੌਤ ਨਹੀਂ ਹੋਈ।
ਖਾਲਸਾ ਰਾਜ ਸਮੇਂ ਪਿੰਡ ਵਿਚ ਸਿੱਖ ਪ੍ਰਚਾਰਕ ਬਾਬਾ ਬੀਰ ਸਿੰਘ ਵੀ ਆਏ, ਜਿਨ੍ਹਾਂ ਦੀ ਯਾਦ ਵਿਚ ਵੀ ਗੁਰਦੁਆਰਾ ਬਣਿਆ ਹੈ। ਪਿੰਡ ਨੇ ਆਜ਼ਾਦੀ ਲਹਿਰ ਦੀ ਜੰਗ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ।
ਭਾਰਤ ਦੇ ਗਲੋਂ ਅੰਗਰੇਜ਼ਾਂ ਦੀ ਗੁਲਾਮੀ ਦਾ ਜਾਲ ਲਾਹੁਣ ਲਈ ਅਨੇਕਾਂ ਹੀ ਸੂਰਬੀਰਾਂ ਨੇ ਅਸਹਿ ਕਸ਼ਟ ਸਹੇ, ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਵਿਚ ਬਹੁਗਿਣਤੀ ਪੰਜਾਬੀਆਂ ਦੀ ਸੀ। ਪੰਜਾਬ ਦਾ ਕੋਈ ਟਾਂਵਾਂ ਹੀ ਪਿੰਡ ਜਾਂ ਸ਼ਹਿਰ ਹੋਵੇਗਾ, ਜਿਸ ਦੇ ਵਸਨੀਕਾਂ ਨੇ ਇਸ ਸੰਘਰਸ਼ ਵਿਚ ਹਿੱਸਾ ਨਾ ਲਿਆ ਹੋਵੇ। ਪੰਜਾਬੀ ਦੇਸ਼ ਭਗਤਾਂ ਵਿਚ ਕੁਰਬਾਨੀਆਂ ਦੇਣ ਵਾਲਿਆਂ ਵਿਚ ਸਭ ਤੋਂ ਵੱਧ ਗਿਣਤੀ ਮਾਝੇ ਦੇ ਪਿੰਡਾਂ ਵਿਚ ਰਹਿਣ ਵਾਲਿਆਂ ਦੀ ਹੈ। ਚੋਹਲਾ ਸਾਹਿਬ ਦੇ ਗਦਰੀ ਬਾਬਾ ਸੁੱਚਾ ਸਿੰਘ ਸਮੇਤ 40 ਦੇਸ਼ ਭਗਤਾਂ; ਦਦੇਹਰ ਸਾਹਿਬ ਦੇ ਗਦਰੀ ਬਾਬਾ ਵਿਸਾਖਾ ਸਿੰਘ, ਸ਼ਹੀਦ ਸਾਧੂ ਸਿੰਘ (21 ਨੰ. ਰਸਾਲਾ), ਨੌਸ਼ਹਿਰਾ ਪਨੂੰਆਂ ਦੇ ਸ਼ਹੀਦ ਤੇਜਾ ਸਿੰਘ (ਆਈ. ਐਨ. ਏ.) ਤੇ ਸ਼ਹੀਦ ਪ੍ਰਿਥੀਪਾਲ ਸਿੰਘ ਅਤੇ ਗਦਰੀ ਬਾਬਾ ਜਿੰਦਰ ਸਿੰਘ ਸਮੇਤ 50 ਦੇ ਕਰੀਬ ਸੂਰਬੀਰ; ਢੋਟੀਆਂ, ਰੂੜੀਵਾਲਾ ਆਦਿ ਪਿੰਡਾਂ ਦੇ ਦਰਜਨਾਂ ਦੇਸ਼ ਪ੍ਰੇਮੀਆਂ ਨੇ ਅਨੇਕਾਂ ਤਸੀਹੇ ਝੱਲੇ। ਇਹੋ ਜਿਹਾ ਪਿੰਡ ਹੈ, ਮਰਹਾਣਾ।
ਪਿੰਡ ਮਰਹਾਣਾ ਨੂੰ ਆਜ਼ਾਦੀ ਘੁਲਾਟੀਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਕਾਰਨ ਇਹ ਹੈ ਕਿ ਪਿੰਡ ਦੇ ਬਹੁਤ ਸਾਰੇ ਸੂਰਬੀਰਾਂ ਨੇ 1900 ਤੋਂ ਲੈ ਕੇ 1947 ਤੱਕ ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਵਿਚ ਹਿੱਸਾ ਲੈਂਦਿਆਂ ਕਾਲੇ ਪਾਣੀ ਦੀਆਂ ਜੇਲ੍ਹਾਂ ਦੇ ਕਸ਼ਟ ਸਹਾਰੇ, ਪੁਲਿਸ ਤਸ਼ੱਸਦ ਝੱਲੇ, ਗੋਲੀਆਂ ਖਾਧੀਆਂ ਤੇ ਜਾਇਦਾਦਾਂ ਕੁਰਕ ਕਰਵਾਈਆਂ। ਪਿੰਡ ਮਰਹਾਣਾ ਦੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਪ੍ਰਸਿੱਧ ਗਦਰੀ ਦੇਸ਼ ਭਗਤ ਬਾਬਾ ਵਿਸਾਖਾ ਸਿੰਘ ਦਦੇਹਰ ਨੇ ਆਪਣੀ ਆਤਮ ਕਥਾ ਵਿਚ ਵੀ ਕੀਤਾ ਹੈ,
ਲਛਮਣ ਸਿੰਘ ਤੇ ਮੇਹਰ ਸਿੰਘ ਜਾਣੋ
ਚੰਨਣ ਸਿੰਘ ਜੀ ਗਏ ਨੇ ਧਾ ਪਹਿਲਾਂ।
ਮਰਹਾਣੇ ਨਗਰੋਂ ਲੈ ਕਰ ਸਿੰਘਾਂ ਨੂੰ ਜੀ
ਵੜੇ ਜੇਲ ਮੇ ਬੀਸਾ ਸਿੰਘ ਜਾ ਪਹਿਲਾਂ।
ਇਥੇ ਅਸੀਂ ਪਿੰਡ ਮਰਹਾਣਾ ਦੇ ਵੱਖ-ਵੱਖ ਆਜ਼ਾਦੀ ਲਹਿਰਾਂ ‘ਚ ਹਿੱਸਾ ਲੈਣ ਵਾਲੇ 38 ਸੂਰਬੀਰਾਂ ਦੀ ਕੁਰਬਾਨੀ ਦਾ ਸੰਖੇਪ ਵੇਰਵਾ ਸਾਂਝਾ ਕਰਾਂਗੇ:
ਗਦਰ ਲਹਿਰ ਦੌਰਾਨ ਕੁਰਬਾਨੀਆਂ ਕਰਨ ਵਾਲੇ: ਵੀਹਵੀਂ ਸਦੀ ਦੇ ਮੁਢਲੇ ਦਹਾਕੇ ਵਿਚ ਹੀ ਇਸ ਪਿੰਡ ਦੇ ਕੁਝ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਜਾ ਚੁਕੇ ਸਨ। ਉਥੇ 1912-13 ਵਿਚ ਗਦਰ ਪਾਰਟੀ ਦੀ ਸਥਾਪਨਾ ਸਮੇਂ ਪਿੰਡ ਮਰਹਾਣੇ ਦੇ ਪੰਜ ਨੌਜਵਾਨ ਵੀ ਸਰਗਰਮ ਗਦਰੀ ਬਣ ਗਏ। ਇਨ੍ਹਾਂ ਪੰਜਾਂ ਵਿਚੋਂ ਅੰਡੇਮਾਨ ਦੀ ਕਾਲੇ ਪਾਣੀ ਜੇਲ੍ਹ ਦੇ ਤਸੀਹੇ ਝੱਲਦਿਆਂ ਸ਼ਹੀਦ ਹੋਣ ਵਾਲੇ ਗਦਰੀ ਕੇਹਰ ਸਿੰਘ ਪੁੱਤਰ ਨਿਹਾਲ ਸਿੰਘ ਦਾ ਜਨਮ ਵੀ ਪਿੰਡ ਮਰਹਾਣਾ ਵਿਖੇ 1892 ਈਸਵੀ ਵਿਚ ਮਾਤਾ ਚੰਦ ਕੌਰ ਦੀ ਕੁੱਖੋਂ ਕਿਸਾਨ ਪਰਿਵਾਰ ‘ਚ ਹੋਇਆ ਸੀ। ਉਹ ਅਮਰੀਕਾ ਚਲੇ ਗਏ ਸਨ। 1914 ਵਿਚ ਗਦਰ ਪਾਰਟੀ ਵਲੋਂ ਗਦਰ ਦਾ ਐਲਾਨ ਕਰਨ ‘ਤੇ ਸਾਥੀਆਂ ਨਾਲ ਭਾਰਤ ਵੱਲ ਚੱਲ ਪਏ। ਕਟਾਨਾ ਮਾਰੂ ਜਹਾਜ ਰਾਹੀਂ ਭਾਰਤ ਪੁੱਜਣ ਸਮੇਂ ਕਲਕੱਤਾ ਬੰਦਰਗਾਹ ‘ਤੇ ਅੰਗਰੇਜ਼ ਸਰਕਾਰ ਨੇ ਗ੍ਰਿਫਤਾਰ ਕਰਕੇ ਕੁੱਝ ਸਮਾਂ ਪਿੰਡ ‘ਚ ਨਜ਼ਰਬੰਦ ਕਰਨ ਪਿਛੋਂ ਲਾਹੌਰ ਸਾਜਿਸ਼ ਕੇਸ (ਪਹਿਲਾ) ਵਿਚ ਸ਼ਾਮਲ ਕਰ ਲਿਆ। ਇਸ ਕੇਸ ਵਿਚ ਉਨ੍ਹਾਂ ਨੂੰ ਉਮਰ ਕੈਦ, ਕਾਲੇ ਪਾਣੀ ਤੇ ਜਾਇਦਾਦ ਜਬਤੀ ਦੀ ਸਜ਼ਾ ਸੁਣਾ ਕੇ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਦੇ ਅਣਮਨੁੱਖੀ ਤਸੀਹਿਆਂ ਤੇ ਤਸ਼ੱਦਦ ਨਾਲ ਉਨ੍ਹਾਂ ਦੀ ਸਿਹਤ ਵਿਗੜ ਗਈ ਤੇ 26 ਅਪਰੈਲ 1919 ਨੂੰ ਅੰਡੇਮਾਨ ਜੇਲ੍ਹ ਵਿਚ ਹੀ ਸ਼ਹੀਦ ਹੋ ਗਏ।
ਗਦਰੀ ਬਾਬਾ ਈਸ਼ਰ ਸਿੰਘ ਪੁੱਤਰ ਜਿੰਦ ਸਿੰਘ ਦਾ ਜਨਮ 1878 ਵਿਚ ਮਾਤਾ ਚੰਦ ਕੌਰ ਦੀ ਕੁੱਖੋਂ ਕਿਸਾਨ ਪਰਿਵਾਰ ‘ਚ ਹੋਇਆ। ਉਹ 1905-06 ਵਿਚ ਵਿਦੇਸ਼ ਜਾਣ ਲਈ ਹਾਂਗਕਾਂਗ, ਸਿੰਘਾਪੁਰ ਤੋਂ ਪਨਾਮਾ ਹੁੰਦਿਆਂ ਕੈਲੀਫੋਰਨੀਆ ਪੁੱਜੇ ਸਨ। ਸਟਾਕਟਨ ਵਿਚ ਬਾਬਾ ਜਵਾਲਾ ਸਿੰਘ ਤੇ ਬਾਬਾ ਵਿਸਾਖਾ ਸਿੰਘ ਵਾਲੇ ਫਾਰਮ ਵਿਚ ਕੰਮ ਕਰਦਿਆਂ ਉਨ੍ਹਾਂ ‘ਤੇ ਸੰਗਤ ਦਾ ਰੰਗ ਚੜ੍ਹ ਗਿਆ ਤੇ ਉਹ ਵੀ ਗਦਰ ਪਾਰਟੀ ਦੀਆਂ ਸਰਗਰਮੀਆਂ ਨਾਲ ਜੁੜ ਗਏ। 1914 ਵਿਚ ਗਦਰ ਦਾ ਐਲਾਨ ਹੋਣ ‘ਤੇ ਬਾਬਾ ਈਸ਼ਰ ਸਿੰਘ ਵੀ ਗਦਰੀ ਆਗੂਆਂ ਨਾਲ ਤੋਸ਼ਾਮਾਰੂ ਜਹਾਜ ਰਾਹੀਂ ਭਾਰਤ ਪੁੱਜੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ 1916 ਤੱਕ ਵੱਖ-ਵੱਖ ਜੇਲ੍ਹਾਂ ਵਿਚ ਰੱਖਿਆ ਗਿਆ। ਉਪਰੰਤ ਪਿੰਡ ਵਿਚ ਵੀ ਜੂਹ ਬੰਦ ਰੱਖਿਆ ਗਿਆ।
ਬਾਬਾ ਈਸ਼ਰ ਸਿੰਘ ਨੇ ਗੁਰਦੁਆਰਾ ਸੁਧਾਰ ਲਹਿਰ ਵੇਲੇ 1922 ਵਿਚ ਪਿੰਡ ‘ਚ ਭਾਰੀ ਅਕਾਲੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1923 ‘ਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਵੱਖ-ਵੱਖ ਕੇਸਾਂ ਵਿਚ 5 ਸਾਲ ਕੈਦ ਤੇ 700 ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ, ਮੁਲਤਾਨ ਜੇਲ੍ਹ ‘ਚ ਰੱਖਿਆ ਗਿਆ ਅਤੇ ਘਰ ਦੀ ਕੁਰਕੀ ਕਰ ਦਿੱਤੀ ਗਈ। ਉਨ੍ਹਾਂ ਨੇ ਗਦਰੀ ਦੇਸ਼ ਭਗਤਾਂ ਦੇ ਪਰਿਵਾਰਾਂ ਦੀ ਮਦਦ ਲਈ ਸਾਥੀਆਂ ਨਾਲ ਰਲ ਕੇ ਦੇਸ਼ ਭਗਤ ਪਰਿਵਾਰ ਕਮੇਟੀ ਬਣਾਈ। ਉਹ 24 ਜੁਲਾਈ 1936 ਨੂੰ ਸਰਬ ਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਉਨ੍ਹਾਂ ਕਿਸਾਨ ਮੋਰਚਿਆਂ ‘ਚ ਵੀ ਹਿੱਸਾ ਲਿਆ। ਬਾਬਾ ਈਸ਼ਰ ਸਿੰਘ ਦੇਸ਼ ਦੀ ਆਜ਼ਾਦੀ ਲਈ ਨਿਰੰਤਰ ਜਦੋਜਹਿਦ ਕਰਦੇ 16 ਅਗਸਤ 1941 ਨੂੰ ਚਲਾਣਾ ਕਰ ਗਏ। ਪਿੰਡ ਦਾ ਸਰਕਾਰੀ ਹਾਈ ਸਕੂਲ ਉਨ੍ਹਾਂ ਦੇ ਨਾਂ ‘ਤੇ ਚੱਲ ਰਿਹਾ ਹੈ।
ਗਦਰੀ ਭਾਈ ਮੱਘਰ ਸਿੰਘ ਪੁੱਤਰ ਭੋਲਾ ਸਿੰਘ ਤੇ ਮਾਤਾ ਦਾਈ, ਭਾਈ ਪਾਲ ਸਿੰਘ ਪੁੱਤਰ ਸੰਤ ਸਿੰਘ, ਤ੍ਰਲੋਕ ਸਿੰਘ ਪੁੱਤਰ ਚਤਰ ਸਿੰਘ ਅਤੇ ਭਾਈ ਸੋਭਾ ਸਿੰਘ ਪੁੱਤਰ ਭੋਲਾ ਸਿੰਘ ਵੀ ਮਰਹਾਣੇ ਦੇ ਜੰਮਪਲ ਸਨ, ਜੋ ਗਦਰ ਪਾਰਟੀ ਦੇ ਗਠਨ ਸਮੇਂ ਅਮਰੀਕਾ ਵਿਚ ਸਨ ਤੇ ਉਹ ਵੀ ਇਸ ਦੇ ਸਰਗਰਮ ਮੈਂਬਰ ਬਣ ਗਏ। 1914 ਵਿਚ ਗਦਰ ਪਾਰਟੀ ਵਲੋਂ ਗਦਰ ਦਾ ਐਲਾਨ ਕਰਨ ‘ਤੇ ਕੇਹਰ ਸਿੰਘ ਤੇ ਸਾਥੀਆਂ ਨਾਲ ਭਾਰਤ ਵੱਲ ਚੱਲ ਪਏ। ਤੋਸ਼ਾਮਾਰੂ ਜਹਾਜ ਰਾਹੀਂ ਭਾਰਤ ਪੁੱਜਣ ‘ਤੇ ਅੰਗਰੇਜ਼ ਸਰਕਾਰ ਨੇ ਗ੍ਰਿਫਤਾਰ ਕਰਕੇ ਸਾਢੇ 3 ਸਾਲ ਮੁਲਤਾਨ, ਕੈਂਬਲਪੁਰ ਤੇ ਕਲਕੱਤਾ ਦੀਆਂ ਜੇਲ੍ਹਾਂ ਵਿਚ ਕੈਦ ਰੱਖਣ ਪਿਛੋਂ ਕਰੀਬ 3 ਸਾਲ ਪਿੰਡ ਵਿਚ ਹੀ ਨਜ਼ਰਬੰਦ ਰੱਖਿਆ ਅਤੇ ਅੱਗੇ ਤੋਂ ਸਰਕਾਰ ਖਿਲਾਫ ਸਰਗਰਮੀਆਂ ‘ਚ ਹਿੱਸਾ ਨਾ ਲੈਣ ਦੇ 14,000 ਰੁਪਏ ਦੇ ਸਿਕਿਉਰਿਟੀ ਬਾਂਡ ਭਰਵਾਏ। ਇਨ੍ਹਾਂ ਚਾਰਾਂ ਨੇ ਇਸ ਦੀ ਪਰਵਾਹ ਨਾ ਕਰਦਿਆਂ ਨਾ-ਮਿਲਵਰਤਣ ਲਹਿਰ ਅਤੇ ਹੋਰ ਲਹਿਰਾਂ ‘ਚ ਹਿੱਸਾ ਲਿਆ ਤੇ ਜੇਲ੍ਹ ਗਏ। ਮੱਘਰ ਸਿੰਘ ਦਾ ਘਰੇਲੂ ਸਮਾਨ 1000 ਰੁਪਏ ਵਿਚ ਨਿਲਾਮ ਕਰ ਦਿੱਤਾ। ਉਹ 1949 ਵਿਚ ਅਕਾਲ ਚਲਾਣਾ ਕਰ ਗਏ। ਸੋਭਾ ਸਿੰਘ 1940 ਵਿਚ ਅਤੇ ਪਾਲ ਸਿੰਘ 1953 ਵਿਚ ਅਕਾਲ ਚਲਾਣਾ ਕਰ ਗਏ।
ਗੁਰੂ ਕਾ ਬਾਗ ਦੇ ਮੋਰਚੇ, ਨਨਕਾਣਾ ਸਾਹਿਬ ਅਤੇ ਜੈਤੋ ਦੇ ਮੋਰਚੇ ‘ਚ ਹਿੱਸਾ ਲੈਣ ਵਾਲੇ: ਗੁਰੂ ਕਾ ਬਾਗ ਮੋਰਚੇ ਦੌਰਾਨ 3 ਸਤੰਬਰ 1922 ਨੂੰ ਅਕਾਲੀ ਜਥਾ ਅੰਮ੍ਰਿਤਸਰ ਦੇ 100 ਸਿੰਘਾਂ ਦਾ ਤੀਸਰਾ ਜਥਾ ਚੰਨਣ ਸਿੰਘ ਮਰਹਾਣਾ ਪੁੱਤਰ ਜਥੇਦਾਰ ਬੂਟਾ ਸਿੰਘ ਦੀ ਅਗਵਾਈ ਹੇਠ ਅਕਾਲ ਤਖਤ ਤੋਂ ਅਰਦਾਸ ਕਰਕੇ ਰਵਾਨਾ ਹੋਇਆ। ਇਸ ਜਥੇ ਵਿਚ ਪਿੰਡ ਮਰਹਾਣਾ ਦੇ 14 ਹੋਰ ਸਿੰਘ- ਧਿਆਨ ਸਿੰਘ ਪੁੱਤਰ ਆਸਾ ਸਿੰਘ, ਬੂੜ ਸਿੰਘ ਪੁੱਤਰ ਨਿਹਾਲ ਸਿੰਘ, ਫਤਿਹ ਸਿੰਘ ਪੁੱਤਰ ਸੰਤ ਸਿੰਘ, ਕਪੂਰ ਸਿੰਘ ਪੁੱਤਰ ਨੱਥਾ ਸਿੰਘ, ਲਛਮਣ ਸਿੰਘ ਪੁੱਤਰ ਮੀਹਾਂ ਸਿੰਘ, ਲੱਖਾ ਸਿੰਘ ਪੁੱਤਰ ਖੜਕ ਸਿੰਘ, ਮੱਘਰ ਸਿੰਘ ਪੁੱਤਰ ਭੋਲਾ ਸਿੰਘ, ਨੱਥਾ ਸਿੰਘ ਪੁੱਤਰ ਪਾਲ ਸਿੰਘ, ਉਤਮ ਸਿੰਘ ਪੁੱਤਰ ਪ੍ਰਤਾਪ ਸਿੰਘ, ਉਜਾਗਰ ਸਿੰਘ ਪੁੱਤਰ ਸੁਦਾਗਰ ਸਿੰਘ, ਸੁਰਜਨ ਸਿੰਘ ਪੁੱਤਰ ਸੁੰਦਰ ਸਿੰਘ, ਟਹਿਲ ਸਿੰਘ ਪੁੱਤਰ ਸੰਤ ਸਿੰਘ, ਸੁਰਜਨ ਸਿੰਘ ਪੁੱਤਰ ਸੁੰਦਰ ਸਿੰਘ (ਦੂਜਾ) ਅਤੇ ਸੁਰਜਨ ਸਿੰਘ ਪੁੱਤਰ ਵਿਸਾਖਾ ਸਿੰਘ ਵੀ ਸ਼ਾਮਲ ਸਨ। ਇਸ ਜਥੇ ਦੇ ਸਿੰਘਾਂ ਦੀ ਮਾਰ ਕੁਟਾਈ ਹਰਛਾ ਛੀਨਾ ਦੇ ਪੁਲ ‘ਤੇ ਹੋਈ। ਜਥੇਦਾਰ ਸਮੇਤ ਸਭ ਨੇ ਬੜੀ ਬਹਾਦਰੀ ਨਾਲ ਅੰਗਰੇਜ਼ ਪੁਲਿਸ ਦਾ ਤਸ਼ੱਦਦ ਝੱਲਿਆ ਤੇ ਬੁਰੀ ਤਰ੍ਹਾਂ ਜਖਮੀ ਹੋ ਗਏ। ਜਖਮੀਆਂ ਨੂੰ ਗ੍ਰਿਫਤਾਰ ਕਰ ਕੇ ਵੱਖ-ਵੱਖ ਜੇਲ੍ਹਾਂ ‘ਚ ਕੈਦ ਰੱਖਿਆ ਤੇ ਜੁਰਮਾਨੇ ਕੀਤੇ ਗਏ।
ਨਨਕਾਣਾ ਸਾਹਿਬ ਮੋਰਚੇ ‘ਚ ਹਿੱਸਾ ਲੈਣ ਵਾਲੇ ਇੰਦਰ ਸਿੰਘ ਪੁੱਤਰ ਭਗਵਾਨ ਸਿੰਘ ਦਾ ਜਨਮ 1886 ਵਿਚ ਹੋਇਆ। ਉਨ੍ਹਾਂ ਨੇ ਲੋਕਾਂ ‘ਚ ਮੋਰਚੇ ਸਬੰਧੀ ਜਾਗ੍ਰਿਤੀ ਪੈਦਾ ਕੀਤੀ। ਉਨ੍ਹਾਂ ਨੂੰ 5 ਸਾਲ ਦੀ ਕੈਦ ਤੇ 7000 ਰੁਪਏ ਜੁਰਮਾਨਾ ਹੋਇਆ। ਕਿਸਾਨ ਮੋਰਚੇ ਦੌਰਾਨ ਵੀ 8 ਮਹੀਨੇ ਕੈਦ ਕੱਟੀ। ਜੈਤੋ ਦੇ ਮੋਰਚੇ ਦੌਰਾਨ ਈਸ਼ਰ ਸਿੰਘ ਪੁੱਤਰ ਜਵਾਲਾ ਸਿੰਘ ਅਤੇ ਲਛਮਣ ਸਿੰਘ ਪੁੱਤਰ ਖੇਮ ਸਿੰਘ ਨੇ 2-2 ਸਾਲ ਦੀ ਕੈਦ ਨਾਭਾ ਬੀੜ ਜੇਲ੍ਹ ‘ਚ ਕੱਟੀ।
ਕਿਸਾਨ ਮੋਰਚਿਆਂ ਦੌਰਾਨ ਸਜ਼ਾਵਾਂ ਕੱਟਣ ਵਾਲੇ ਯੋਧੇ: 1939 ਦੇ ਕਿਸਾਨ ਮੋਰਚੇ ਦੌਰਾਨ ਹਿੱਸਾ ਲੈਣ ਵਾਲੇ ਤੇ ਸਜ਼ਾਵਾਂ ਕੱਟਣ ਵਾਲਿਆਂ ਵਿਚ ਇਸ ਪਿੰਡ ਦੇ ਆਸਾ ਸਿੰਘ ਪੁੱਤਰ ਜਿੰਦ ਸਿੰਘ, ਪ੍ਰੇਮ ਸਿੰਘ ਪੁੱਤਰ ਮੀਹਾਂ ਸਿੰਘ, ਸੁਦਾਗਰ ਸਿੰਘ ਪੁੱਤਰ ਸੁਰੈਣ ਸਿੰਘ ਅਤੇ ਇੰਦਰ ਸਿੰਘ ਪੁੱਤਰ ਭਗਵਾਨ ਸਿੰਘ ਸ਼ਾਮਲ ਸਨ।
ਹੋਰ ਲਹਿਰਾਂ ‘ਚ ਸ਼ਾਮਲ ਆਜ਼ਾਦੀ ਘੁਲਾਟੀਏ: ਕਾਮਾਗਾਟਾਮਾਰੂ ਜਹਾਜ ਦੇ ਮੁਸਾਫਿਰਾਂ ‘ਚ ਇਸ ਪਿੰਡ ਦੇ ਈਸ਼ਰ ਸਿੰਘ ਪੁੱਤਰ ਜਿੰਦ ਸਿੰਘ ਸ਼ਾਮਲ ਸਨ, ਜਿਨ੍ਹਾਂ ਗ੍ਰਿਫਤਾਰੀ ਪਿਛੋਂ 3 ਸਾਲ ਕੈਦ ਕੱਟੀ। ਉਨ੍ਹਾਂ ਜੱਲਿਆਂਵਾਲਾ ਬਾਗ ਲਹਿਰ ਦੌਰਾਨ 900 ਰੁਪਏ ਜੁਰਮਾਨਾ ਤੇ 7 ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਕੱਟੀ।
ਨਾ-ਮਿਲਵਰਤਣ ਲਹਿਰ ‘ਚ ਹਿੱਸਾ ਲੈਣ ਵਾਲੇ: ਸੰਤਾ ਸਿੰਘ ਪੁੱਤਰ ਸੁਰੈਣ ਸਿੰਘ ਅਤੇ ਲਛਮਣ ਸਿੰਘ ਪੁੱਤਰ ਖੁਸ਼ਹਾਲ ਸਿੰਘ ਨੇ ਨਾ-ਮਿਲਵਰਤਣ ਲਹਿਰ ‘ਚ ਹਿੱਸਾ ਲੈਣ ਕਰਕੇ 4 ਸਾਲ ਦੀ ਜੇਲ੍ਹ ਕੱਟੀ।
ਕੂਕਾ ਲਹਿਰ ਦੌਰਾਨ 1971 ਈਸਵੀ ਵਿਚ ਅੰਮ੍ਰਿਤਸਰ ਵਿਚ ਬੁੱਚੜਾਂ ਨੂੰ ਮਾਰਨ ਵਾਲਿਆਂ ‘ਚ ਪਿੰਡ ਮਰਹਾਣਾ ਦਾ ਅੜਬੰਗ ਸਿੰਘ ਵੀ ਸ਼ਾਮਲ ਸੀ, ਜੋ ਅੰਗਰੇਜ਼ ਹਕੂਮਤ ਦੀ ਗ੍ਰਿਫਤ ‘ਚ ਨਾ ਆ ਸਕੇ।
ਆਈ. ਐਨ. ਏ. ਦੇ ਸ਼ਹੀਦ ਫੌਜਾ ਸਿੰਘ ਪੁੱਤਰ ਬੇਅੰਤ ਸਿੰਘ, ਜਿਨ੍ਹਾਂ ਨੂੰ 1945 ‘ਚ ਲਾਲ ਕਿਲੇ ‘ਚ ਫਾਂਸੀ ਦਿੱਤੀ ਗਈ ਸੀ, ਇਸੇ ਪਿੰਡ ਦੇ ਜੰਮਪਲ ਸਨ, ਜੋ ਸਿੰਘਾਪੁਰ ‘ਚ ਅੰਗਰੇਜ਼ ਆਰਟਿਲਰੀ ‘ਚ ਭਰਤੀ ਸਨ ਅਤੇ 1944 ‘ਚ ਆਈ. ਐਨ. ਏ. ‘ਚ ਸ਼ਾਮਲ ਹੋ ਕੇ ਅੰਗਰੇਜਾਂ ਖਿਲਾਫ ਲੜੇ।
ਤ੍ਰਾਸਦੀ ਇਹ ਹੈ ਕਿ ਇਨ੍ਹਾਂ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀ ਪਿੰਡ ਜਾਂ ਹੋਰ ਕਿਤੇ ਵੀ ਕੋਈ ਯਾਦਗਾਰ ਨਹੀਂ ਬਣੀ ਹੋਈ। ਇਥੋਂ ਤੱਕ ਕਿ ਇਨ੍ਹਾਂ ਸੂਰਮਿਆਂ ਦੇ ਨਾਂ ਵੀ ਇਕੱਠੇ ਲਿਖੇ ਨਹੀਂ ਮਿਲਦੇ। ਬਾਬਾ ਈਸ਼ਰ ਸਿੰਘ ਦੇ ਨਾਂ ‘ਤੇ ਚੱਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਰਹਾਣਾ ਦੇ ਦਫਤਰ ਵਿਚ ਬਾਬਾ ਈਸ਼ਰ ਸਿੰਘ ਦੀ ਪੁਰਾਣੀ ਤਸਵੀਰ ਲੱਗੀ ਹੋਈ ਹੈ। ਸਕੂਲ ਜਾਂ ਪਿੰਡ ਵਿਚ ਆਜ਼ਾਦੀ ਸੰਘਰਸ਼ ਦੇ ਯੋਧਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਿੰਡ ਦੀ ਨਵੀਂ ਪੀੜ੍ਹੀ ਪਿੰਡ ਦੇ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਨਹੀਂ ਹੈ। ਕਾਰਨ, ਇਨ੍ਹਾਂ ਯੋਧਿਆਂ ਵਿਚੋਂ ਬਹੁਤਿਆਂ ਦੇ ਪਰਿਵਾਰਕ ਵਾਰਸਾਂ ਦੀ ਆਰਥਕ ਹਾਲਤ ਚੰਗੀ ਨਹੀਂ ਹੈ ਅਤੇ ਸਿਆਸੀ ਲੋਕਾਂ ਨੇ ਵੀ ਇਨ੍ਹਾਂ ਦੀ ਕੋਈ ਸਾਰ ਨਹੀਂ ਲਈ। ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਇਤਿਹਾਸ ਦਾ ਹਿੱਸਾ ਬਣਾਉਣ ਤੇ ਇਨ੍ਹਾਂ ਦੀਆਂ ਉਚਿਤ ਯਾਦਗਾਰਾਂ ਬਣਾਉਣ ਦੀ ਲੋੜ ਹੈ।