ਬਲਬੀਰ ਮਾਧੋਪੁਰੀ ਦੀਆਂ ਬਾਤਾਂ

ਏਨਾ ਸੱਚ ਨਾ ਲਿਖ ਮਾਧੋਪੁਰੀ-2
ਪੰਜਾਬੀ ਸਾਹਿਤ ਜਗਤ ਵਿਚ ਬਲਬੀਰ ਮਾਧੋਪੁਰੀ ਦਾ ਆਪਣਾ ਮੁਕਾਮ ਹੈ। ਉਸ ਦੀ ਸਵੈ-ਜੀਵਨੀ ‘ਛਾਂਗਿਆ ਰੁੱਖ’ ਨਾਲ ਉਸ ਦੀ ਇਹ ਪਛਾਣ ਬਹੁਤ ਗੂੜ੍ਹੀ ਹੋਈ ਹੈ। ਇਸ ਸਵੈ-ਜੀਵਨੀ ਦੇ ਕਈ ਅਡੀਸ਼ਨ ਤਾਂ ਛਪ ਹੀ ਚੁਕੇ ਹਨ, ਆਕਸਫੋਰਡ ਯੂਨੀਵਰਸਿਟੀ ਨੇ ਇਸ ਦਾ ਅੰਗਰੇਜ਼ੀ ਅਨੁਵਾਦ ਛਾਪਿਆ ਹੈ। ਇਹ ਕਿਤਾਬ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਚੁਕੀ ਹੈ। ਇਸ ਸਵੈ-ਜੀਵਨੀ ਦੇ ਅੰਸ਼ ‘ਪੰਜਾਬ ਟਾਈਮਜ਼’ ਦੇ ਪਾਠਕ ਗਾਹੇ-ਬਗਾਹੇ ਪੜ੍ਹ ਚੁਕੇ ਹਨ। ਹਰਜਿੰਦਰ ਸਿੰਘ ਸੂਰੇਵਾਲੀ ਨੇ ਬਲਬੀਰ ਮਾਧੋਪੁਰੀ ਬਾਰੇ ਲੰਮੇ ਲੇਖ ਲਿਖਿਆ ਹੈ, ਜੋ ਅਸੀਂ ਦੋ ਕਿਸ਼ਤਾਂ ਵਿਚ ਛਾਪ ਰਹੇ ਹਾਂ।

ਇਸ ਦੀ ਦੂਜੀ ਤੇ ਆਖਰੀ ਕਿਸ਼ਤ ਹਾਜ਼ਰ ਹੈ। -ਸੰਪਾਦਕ

ਹਰਜਿੰਦਰ ਸਿੰਘ ਸੂਰੇਵਾਲੀਆ
ਫੋਨ: 91-95010-50016

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਵਧੀਆ ਸਰਕਾਰੀ ਨੌਕਰੀ ਮਿਲਣ ਨਾਲ ਉਸ ਦੀ ਆਪਣੀ ਜ਼ਿੰਦਗੀ ਦਾ ਸਫਰ ਤਾਂ ਹਨੇਰੇ ਤੋਂ ਚਾਨਣ ਵਿਚ ਪਰਵੇਸ਼ ਕਰ ਗਿਆ ਸੀ ਪਰ ਉਸ ਸਮੇਂ ਸਾਰੇ ਪੰਜਾਬ ਦਾ ਜਨ ਜੀਵਨ ਕਾਲੇ ਦੌਰ ਵਿਚ ਦਾਖਲ ਹੋ ਚੁਕਾ ਸੀ। ਕੋਈ ਪਤਾ ਨਹੀਂ ਸੀ ਹੁੰਦਾ ਕਿ ਸਵੇਰੇ ਘਰੋਂ ਨਿਕਲੇ ਮਨੁੱਖ ਨੇ ਸ਼ਾਮ ਨੂੰ ਘਰ ਮੁੜਨਾ ਹੈ ਜਾਂ ਨਹੀਂ। ਕਾਮਰੇਡਾਂ ‘ਤੇ ਤਾਂ ਖਾ ਕਰ ਖਤਰੇ ਦੇ ਬੱਦਲ ਮੰਡਰਾਉਂਦੇ ਰਹਿੰਦੇ ਸਨ। ਇਕ ਵਾਰ ਡੂੰਘੇ ਹਨੇਰੇ ਜਦੋਂ ਉਹ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਏ. ਕੇ. ਸੰਤਾਲੀ ਨਾਲ ਲੈਸ ਦੋ ਅਤਿਵਾਦੀ ਲੁਟੇਰਿਆਂ ਨੇ ਉਸ ਦਾ ਪਰਸ ਅਤੇ ਘੜੀ ਲੁੱਟ ਲਏ ਤੇ ਉਸ ਦੇ ਸਿਰ ‘ਤੇ ਪੱਗ ਬੰਨ੍ਹੀ ਹੋਣ ਕਰਕੇ ਅਹਿਸਾਨ ਕਰਦਿਆਂ ਕਿਹਾ ਸੀ ਕਿ ਸਿੱਖ ਭਰਾ ਹੋਣ ਕਰਕੇ ਤੇਰੀ ਜਾਨ ਬਖਸ਼ ਰਹੇ ਹਾਂ। ਪਿੰਡ ਆ ਕੇ ਉਹ ਸਿੱਧਾ ਬੰਦੂਕ ਵਾਲੇ ਫੌਜੀ ਦੇ ਘਰ ਗਿਆ ਸੀ ਤਾਂ ਕਿ ਉਸ ਦੀ ਬੰਦੂਕ ਲੈ ਕੇ ਉਨ੍ਹਾਂ ਲੁਟੇਰਿਆਂ ਦਾ ਪਿੱਛਾ ਕੀਤਾ ਜਾ ਸਕੇ ਪਰ ਫੌਜੀ ਦੀ ਬੰਦੂਕ ਤਾਂ ਠਾਣੇ ਵਾਲਿਆਂ ਨੇ ਆਪਣੇ ਪਾਸ ਜਮ੍ਹਾ ਕਰਵਾਈ ਹੋਈ ਸੀ। ਫਿਰ ਵੀ ਉਸ ਨੇ ਆਪਣੇ ਘਰਾਂ ਦੇ ਪੰਜ-ਛੇ ਨੌਜਵਾਨ ਨਾਲ ਲੈ ਕੇ ਡਾਂਗਾਂ ਸੋਟਿਆਂ ਨਾਲ ਹੀ ਦੂਰ ਤਕ ਉਨ੍ਹਾਂ ਖਾੜਕੂ-ਲੁਟੇਰਿਆਂ ਦਾ ਪਿੱਛਾ ਕੀਤਾ।
ਤੇ ਫਿਰ ਉਸ ਦੀ ਜ਼ਿੰਦਗੀ ਵਿਚ ਇਕ ਹੋਰ ਵੱਡਾ ਮੋੜ ਆ ਗਿਆ। ਉਸ ਦੀ ਤਰੱਕੀ ਹੋਣ ਦੇ ਨਾਲ ਹੀ ਮਾਰਚ 1987 ਵਿਚ ਉਸ ਦੀ ਬਦਲੀ ਦਿੱਲੀ ਦੀ ਹੋ ਜਾਣ ਕਾਰਨ ਉਸ ਦੀ ਬਚਪਨ ਦੀ ਦਿੱਲੀ ਜਾ ਕੇ ਵਸਣ ਦੀ ਚਿਰੋਕਣੀ ਰੀਝ ਵੀ ਪੂਰੀ ਹੋ ਗਈ। ਹੁਣ ਉਹ ਗਜ਼ਟਿਡ ਅਫਸਰ ਬਣ ਗਿਆ ਸੀ। ਆਪਣੀ ਖੁਸ਼ੀ ਸਾਂਝੀ ਕਰਨ ਲਈ ਉਹ ਆਪਣੀ ਪਾਰਟੀ ਦੇ ਦਫਤਰ ਗਿਆ ਤਾਂ ਜ਼ਿਲ੍ਹਾ ਸਕੱਤਰ ਨੇ ਉਸ ਨੂੰ ਵਧਾਈ ਤਾਂ ਦਿੱਤੀ ਪਰ ਨਾਲ ਹੀ ਦੋ-ਟੁੱਕ ਸਲਾਹ ਦੇ ਦਿੱਤੀ ਕਿ ਅਸੀਂ ਚਾਹਾਂਗੇ ਕਿ ਅੱਗੇ ਤੋਂ ਤੂੰ ਏਥੇ ਨਾ ਆਵੀਂ, ਕਿਉਂਕਿ ਤੂੰ ਵੀ ਹੁਣ ਮੈਨੇਜਮੈਂਟ ਦਾ ਹਿੱਸਾ ਬਣ ਗਿਆ ਏਂ। ਉਸ ਦਾ ਭਾਈਆ ਤਾਂ ਕਾਮਰੇਡਾਂ ਤੋਂ ਉਸ ਦਾ ਖਹਿੜਾ ਛੁੱਟ ਜਾਣ ‘ਤੇ ਬਹੁਤ ਖੁਸ਼ ਸੀ। ਭਾਈਏ ਨੂੰ ਪਤਾ ਸੀ ਕਿ ਜਲੰਧਰ ਰਹਿੰਦਿਆਂ ਉਸ ਨੇ ਕਾਮਰੇਡਾਂ ਨਾਲੋਂ ਆਪਣਾ ਸਾਥ ਨਹੀਂ ਸੀ ਛੱਡਣਾ। ਉਹ ਕਹਿੰਦਾ ਹੁੰਦਾ ਸੀ, ਬਲਬੀਰ ਤਾਂ ਸਾਧ ਦੇ ਕੁੱਤੇ ਵਾਂਗੂੰ ਜਿਥੇ ਕੋਈ ਬਗਲ ਵਿਚ ਝੋਲਾ ਚੁੱਕੀ ਕਾਮਰੇਡ ਦੇਖ ਲੈਂਦਾ, ਓਸੇ ਮਗਰ ਹੀ ਤੁਰ ਪੈਂਦਾ ਹੈ, ਪਰ ਬਲਬੀਰ ਉਦਾਸ ਸੀ, ਉਸ ਨੂੰ ਆਪਣਾ ਬਹੁਤ ਕੁਝ ਖੁੱਸਦਾ ਜਾਪਿਆ ਤੇ ਲੱਗਾ, ਜਿਵੇਂ ਮੋਰਚੇ ‘ਤੇ ਸ਼ਿੱਦਤ ਅਤੇ ਸੁਹਿਰਦਤਾ ਨਾਲ ਲੜ ਰਿਹਾ ਕੋਈ ਸਿਪਾਹੀ ਜ਼ਖਮੀ ਤੇ ਫਿਰ ਅਪਾਹਜ ਹੋ ਗਿਆ ਹੋਵੇ। ਪਾਰਟੀ ਨੇ ਇਕ ਤਰ੍ਹਾਂ ਨਾਲ ਉਸ ਲਈ ਬੂਹੇ ਬੰਦ ਕਰ ਦਿੱਤੇ ਸਨ। ਫਿਰ ਵੀ ਉਸ ਨੇ ਸਮਾਜਕ ਅਤੇ ਆਰਥਕ ਨਾਬਰਾਬਰੀ ਖਿਲਾਫ ਡਟੇ ਰਹਿਣ ਦਾ ਪ੍ਰਣ ਕਰਕੇ ਦਿੱਲੀ ਵੱਲ ਕੂਚ ਕਰ ਲਿਆ।
ਬਲਬੀਰ ਮਾਧੋਪੁਰੀ ਅਫਸਰ ਬਣ ਕੇ ਦਿੱਲੀ ਤਾਂ ਪਹੁੰਚ ਗਿਆ ਪਰ ਇਹ ਦਿੱਲੀ, ਦਿਲ ਵਾਲੀ ਨਹੀਂ ਸੀ। ਉਸ ਦਾ ਜੀਵਨ ਸੰਘਰਸ਼ ਅਜੇ ਵੀ ਖਤਮ ਨਹੀਂ ਸੀ ਹੋਇਆ, ਬਲਕਿ ਨਵੀਂ ਕਿਸਮ ਦਾ ਜੀਵਨ ਸੰਘਰਸ਼ ਸ਼ੁਰੂ ਹੋ ਗਿਆ ਸੀ ਤੇ ਇਸ ਸਿਰੜੀ ਤੇ ਯੋਧੇ ਮਨੁੱਖ ਨੇ ਜੀਵਨ ਸੰਘਰਸ਼ ਦੀ ਇਹ ਲੜਾਈ ਵੀ ਬੜੀ ਸ਼ਿੱਦਤ ਨਾਲ ਲੜੀ। ਉਹ ਤਾਂ ਸ਼ੁਰੂ ਤੋਂ ਹੀ ਫਿਕਰਾਂ ਅਤੇ ਸੰਸੇ ਝੋਰਿਆਂ ਨੇ ਘੇਰਿਆ ਹੋਇਆ ਸੀ ਤੇ ਵੱਡਾ ਸਰਕਾਰੀ ਅਫਸਰ ਬਣਨ ‘ਤੇ ਵੀ ਉਸ ਦੇ ਇਹ ਸੰਸੇ ਝੋਰੇ ਨਾ ਮੁੱਕੇ। ‘ਪੋਹ ਦੀ ਚਾਨਣੀ ਤੇ ਗਰੀਬ ਦੀ ਜਵਾਨੀ ਬਿਨਾ ਮਾਣੇ ਲੰਘ ਜਾਂਦੀ ਆ’ ਵਾਂਗ ਉਹ ਵੀ ਉਮਰਾਂ ਦੇ ਤਿੰਨ ਦਹਾਕੇ ਪਾਰ ਕਰ ਗਿਆ ਤਾਂ ਉਸ ਨੂੰ ਵੀ ਆਪਣੇ ਵਿਆਹ ਦਾ ਖਿਆਲ ਆਇਆ। ਉਸ ਨੂੰ ਸਰਕਾਰੀ ਸੇਵਾ ਵਿਚ ਆਏ ਨੂੰ ਵੀ ਹੁਣ ਦਹਾਕਾ ਹੋ ਚੱਲਿਆ ਸੀ। ਸਾਦੇ ਜਿਹੇ ਵਿਆਹ ਪਿਛੋਂ ਸੁੰਦਰ, ਸੁਸ਼ੀਲ ਤੇ ਸੁਘੜ ਸਿਆਣੀ ਪਤਨੀ ਹਰਜਿੰਦਰ ਕੌਰ ਉਸ ਦੀ ਜ਼ਿੰਦਗੀ ਵਿਚ ਆਈ, ਜੋ ਹਰ ਦੁੱਖ-ਸੁੱਖ ਵਿਚ ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੀ ਹੈ। ਇਸ ਔਰਤ ਦੇ ਸਾਥ ਅਤੇ ਮਦਦ ਬਿਨਾ ਉਸ ਦਾ ਅੱਜ ਦੇ ਸਥਾਨ ‘ਤੇ ਪਹੁੰਚਣਾ ਨਾਮੁਮਕਿਨ ਸੀ। ਘਰ ਅਤੇ ਬੱਚਿਆਂ ਦੀ ਦੇਖਭਾਲ ਤੋਂ ਇਲਾਵਾ ਉਹ ਉਸ ਦੇ ਪਰੂਫ ਰੀਡਿੰਗ ਦੇ ਕੰਮ ਵਿਚ ਵੀ ਸਹਿਯੋਗ ਦਿੰਦੀ। ਉਸ ਦੇ ਸਾਥ ਵਿਚ ਸਮਾਂ ਤਾਂ ਖੰਭ ਲਾ ਕੇ ਉਡ ਰਿਹਾ ਸੀ ਤੇ ਛੇ ਕੁ ਸਾਲਾਂ ਵਿਚ ਹੀ ਉਹ ਤਿੰਨ ਬੱਚਿਆਂ ਦਾ ਬਾਪ ਬਣ ਗਿਆ। ਓਧਰ ਤਿੰਨਾਂ ਭੈਣਾਂ ਅਤੇ ਵੱਡੇ ਭਰਾ ਦੇ ਵਿਆਹ ‘ਤੇ ਹੋਏ ਖਰਚੇ ਨੇ ਉਸ ਨੂੰ ਆਰਥਕ ਤੰਗੀਆਂ ਦੇ ਡੂੰਘੇ ਸਮੁੰਦਰ ਵਿਚ ਸੁੱਟ ਦਿੱਤਾ। ਹੁਣ ਤਕ ਉਹ ਆਪਣੇ ਵੱਡੇ ਭਰਾ ਦੇ ਘਰ ਹੀ ਰਹਿੰਦਾ ਸੀ ਤੇ ਦੋਵੇਂ ਰਲ ਮਿਲ ਕੇ ਘਰ ਚਲਾ ਰਹੇ ਸਨ ਪਰ ਮਹਿੰਗਾਈ ਅਤੇ ਕਬੀਲਦਾਰੀ ਦੇ ਖਰਚਿਆਂ ਵਿਚ ਵਾਧੇ ਕਰਕੇ ਘਰ ਦੇ ਮਾਹੌਲ ਵਿਚ ਹਰ ਸਮੇਂ ਤਣਾਅ ਰਹਿਣ ਲੱਗਾ, ਤੇ ਇਕ ਦਿਨ ਉਸ ਦੇ ਵੱਡੇ ਭਰਾ-ਭਰਜਾਈ ਨੇ ਸਪਸ਼ਟ ਹੀ ਉਨ੍ਹਾਂ ਨੂੰ ਆਪਣੇ ਘਰੋਂ ਜਾਣ ਲਈ ਕਹਿ ਦਿੱਤਾ ਤਾਂ ਉਸ ਨੂੰ ਲੱਗਾ, ‘ਜਿਵੇਂ ਘਰ-ਪਰਿਵਾਰ ਨੂੰ ਅੱਗੇ ਲਿਜਾਣ ਦੇ ਮੇਰੇ ਖਿਆਲਾਂ ਦੀ ਇਮਾਰਤ ਪਿਛਲੇ ਦਿਨੀਂ ਢਾਹੀ ਬਾਬਰੀ ਮਸਜਿਦ ਵਾਂਗ ਢਹਿ ਢੇਰੀ ਕਰ ਦਿੱਤੀ ਗਈ ਹੋਵੇ, ਜਿਸ ਨੂੰ ਬਰਕਰਾਰ ਰੱਖਣ ਦਾ ਮੇਰਾ ਦ੍ਰਿੜ ਇਰਾਦਾ ਸੀ…।’
ਫਿਰ ਉਸ ਲਈ ਦਿੱਲੀ ਵਿਚ ਕਿਰਾਏ ਦੇ ਮਕਾਨ ਹਾਸਲ ਕਰਨ ਦੀ ਲੰਮੀ ਲੜਾਈ ਸ਼ੁਰੂ ਹੋ ਗਈ। ਮਕਾਨ ਮਾਲਕ ਸੌ-ਸੌ ਨਖਰੇ ਕਰ ਕੇ ਮਕਾਨ ਕਿਰਾਏ ‘ਤੇ ਦਿੰਦੇ, ਤੇ ਨਾਲ ਹੀ ਅਨੇਕ ਸ਼ਰਤਾਂ ਲਾ ਦਿੰਦੇ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਦੀ ਜਾਤ ਬਰਾਦਰੀ ਆਦਿ ਪੁੱਛੀ ਜਾਂਦੀ ਤੇ ਉਹ ਪਤੀ-ਪਤਨੀ ਆਪਣੀ ਜਾਤ ਲੁਕਾਉਣ ਦੀ ਕੋਸ਼ਿਸ਼ ਕਰਦੇ ਕਦੇ ਸਫਲ ਹੁੰਦੇ ਤੇ ਕਦੇ ਨਾ। ਜਾਤੀ ਦੇ ਕਲੰਕ ਨੇ ਦਿੱਲੀ ਆਉਣ ‘ਤੇ ਵੀ ਉਸ ਦਾ ਖਹਿੜਾ ਨਹੀਂ ਸੀ ਛੱਡਿਆ। ਉਹ ਸੋਚਦਾ, ਜਦੋਂ ਸਾਡਾ ਆਪਣਾ ਮਕਾਨ ਬਣ ਗਿਆ ਤਾਂ ਅਸੀਂ ਬਾਹਰਲੇ ਦਰ ‘ਤੇ ਸ੍ਰੀ ਗੁਰੂ ਰਵੀਦਾਸ ਜੀ ਦੀ ਫੋਟੋ ਲਾ ਦੇਣੀ ਹੈ। ਛੋਟੀਆਂ ਭੈਣਾਂ ਦੇ ਵਿਆਹਾਂ ‘ਤੇ ਹੋਏ ਖਰਚੇ ਕਾਰਨ ਉਸ ਨੂੰ ਲਗਤਾਰ ਆਪਣੇ ਪ੍ਰਾਵੀਡੈਂਟ ਫੰਡ ਵਿਚੋਂ ਐਡਵਾਂਸ ਕਢਾਉਣਾ ਪੈਂਦਾ ਰਿਹਾ ਸੀ, ਜਿਸ ਕਰਕੇ ਉਸ ਦੀ ਬਹੁਤੀ ਤਨਖਾਹ ਕਿਸ਼ਤਾਂ ਵਿਚ ਹੀ ਚਲੀ ਜਾਂਦੀ। ਚੰਗੇ ਮਕਾਨਾਂ ਦਾ ਬਹੁਤਾ ਕਿਰਾਇਆ ਦੇਣ ਦੀ ਉਸ ਦੀ ਪੁੱਜਤ ਨਾ ਹੋਣ ਕਰਕੇ ਉਸ ਦਾ ਪਰਿਵਾਰ ਦਿੱਲੀ ਦੀਆਂ ਮਾੜੀਆਂ ਕਲੋਨੀਆਂ ਦੇ ਛੋਟੇ-ਛੋਟੇ ਮਕਾਨਾਂ ਵਿਚ ਜ਼ਿੰਦਗੀ ਬਸਰ ਕਰਨ ਲੱਗਾ। ਜੇ ਕੋਈ ਯਾਰ ਮਿੱਤਰ ਉਸ ਕੋਲ ਮਿਲਣ ਚਲਾ ਜਾਂਦਾ ਤਾਂ ਉਹ ਉਸ ਨੂੰ ਰਾਤ ਰਹਿਣ ਦੀ ਸੁਲਾਹ ਵੀ ਨਾ ਮਾਰ ਸਕਦਾ ਤੇ ਜਦੋਂ ਕੋਈ ਮਹਿਮਾਨ ਉਸ ਦੇ ਘਰੋਂ ਵਾਪਸ ਜਾ ਰਿਹਾ ਹੁੰਦਾ ਤਾਂ ਉਹ ਪਤਨੀ ਨੂੰ ਭਰੇ ਮਨ ਨਾਲ ਕਹਿੰਦਾ, ‘ਹਰਜਿੰਦਰ, ਦੇਖ ਜਾਂਦੇ ਹੋਏ ਮਹਿਮਾਨ ਦੀ ਪਿੱਠ ਕਿੰਨੀ ਸੋਹਣੀ ਲੱਗਦੀ ਹੈ।’
ਕਿਰਾਏਦਾਰੀ ਦੀ ਲਾਹਨਤ ਤੋਂ ਸਦਾ ਲਈ ਬਚਣ ਵਾਸਤੇ ਹੁਣ ਤਾਂ ਉਸ ਨੇ ਦਿੱਲੀ ਵਿਚ ਛੋਟਾ ਜਿਹਾ ਆਪਣਾ ਮਕਾਨ ਬਣਾ ਲਿਆ। ਆਕਸਫੋਰਡ ਯੂਨੀਵਰਸਿਟੀ ਪ੍ਰੈਸ ਦੀ ਸੰਪਾਦਕ ਅਨੁਵਾਦਕ ਮਿੰਨੀ ਕ੍ਰਿਸ਼ਨਨ ਜਦੋਂ ਪਹਿਲੀ ਵਾਰ ਉਸ ਦੇ ਘਰ ਆਈ ਤਾਂ ‘ਐਡੇ ਵੱਡੇ ਲੇਖਕ’ ਦਾ ‘ਐਡਾ ਛੋਟਾ ਮਕਾਨ’ ਵੇਖ ਕੇ ਮੱਲੋ-ਮੱਲੀ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ।
ਬੱਚੇ ਵੱਡੇ ਹੋ ਰਹੇ ਸਨ ਤੇ ਉਨ੍ਹਾਂ ਦੀਆਂ ਸਕੂਲਾਂ ਦੀਆਂ ਫੀਸਾਂ ਆਦਿ ਦੇ ਖਰਚੇ ਵੀ ਵਧ ਰਹੇ ਸਨ। ਆਪਣੀ ਆਰਥਕ ਹਾਲਤ ਨੂੰ ਸਾਵਾਂ ਰੱਖਣ ਲਈ ਉਸ ਨੇ ਕਈ ਹੋਰ ਲੇਖਕਾਂ ਵਾਂਗ ਦੂਜੀਆਂ ਭਾਸ਼ਾਵਾਂ ਦੀਆਂ ਪੁਸਤਕਾਂ ਅਨੁਵਾਦ ਕਰਨ ਦਾ ਰਾਹ ਚੁਣ ਲਿਆ ਅਤੇ ਇਹ ਕੰਮ ਉਸ ਦੀ ਰੁਚੀ ਮੁਤਾਬਿਕ ਹੀ ਸੀ। ਉਹ ਆਪਣੀ ਦਿਲਚਸਪੀ ਅਤੇ ਆਸ਼ੇ ਦੇ ਅਨੁਸਾਰ ਅੰਗਰੇਜ਼ੀ ਅਤੇ ਹਿੰਦੀ ਦੀਆਂ ਪੁਸਤਕਾਂ ਚੁਣ ਕੇ ਪੰਜਾਬੀ ਵਿਚ ਅਨੁਵਾਦ ਕਰਨ ਲੱਗਾ। ਹੁਣ ਭਾਵੇਂ ਉਸ ਦੀ ਪਛਾਣ ਸਥਾਪਤ ਪ੍ਰਗਤੀਵਾਦੀ ਕਵੀ ਵਜੋਂ ਬਣੀ ਹੋਈ ਸੀ ਪਰ ਅਨੁਵਾਦ ਦਾ ਬਹੁਤਾ ਕੰਮ ਉਸ ਦੀ ਮੌਲਿਕ ਲੇਖਣੀ ‘ਤੇ ਅਸਰ ਪਾਉਣ ਲੱਗ ਪਿਆ ਸੀ।
ਸਾਲ 2002 ਵਿਚ ਉਸ ਦੀ ਸਵੈ-ਜੀਵਨੀ ‘ਛਾਂਗਿਆ ਰੁੱਖ’ ਛਪੀ ਤਾਂ ਜੀਵਨੀ ਸਾਹਿਤ ਵਿਚ ਇਹ ਉਚ ਕੋਟੀ ਦੀ ਕਿਰਤ ਮੰਨੀ ਗਈ। ਕਵੀ ਨੇ ਵਾਰਤਕ ਲਿਖਣ ਵਿਚ ਵੀ ਕਮਾਲ ਕਰ ਦਿੱਤੀ ਸੀ। ਆਪਣੀ ਸਵੈ-ਜੀਵਨੀ ਵਿਚ ਉਸ ਨੇ ਬੜੀ ਹੀ ਬੇਬਾਕੀ, ਇਮਾਨਦਾਰੀ ਅਤੇ ਦਿਲੀ ਵੇਗ ਨਾਲ ਆਪਣੇ ਤਨ ਅਤੇ ਮਨ ‘ਤੇ ਝੱਲੇ ਜਾਤੀਗਤ ਨਸ਼ਤਰਾਂ ਦਾ ਮਾਰਮਿਕ ਬਿਆਨ ਕੀਤਾ ਹੈ, ਜਿਸ ਨੂੰ ਪੜ੍ਹ ਕੇ ਪਾਠਕਾਂ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਪੰਜਾਬੀ ਦੀ ਇਹ ਆਪਣੀ ਪਹਿਲੀ ਕਿਸਮ ਦੀ ਸਵੈ-ਜੀਵਨੀ ਹੈ ਜਿਸ ਵਿਚ ਜੀਵਨੀਕਾਰ ਬੜੀ ਹੀ ਇਮਾਨਦਾਰੀ ਨਾਲ ਸਾਫ ਤੇ ਸਪਸ਼ਟ ਸ਼ਬਦਾਂ ਵਿਚ ਬਿਨਾ ਕਿਸੇ ਲੁਕ-ਲਪੇਟ ਦੇ, ਆਪਣੇ ਸਰਾਪੇ ਬਚਪਨ ਦੇ ਉਹ ਵੇਰਵੇ ਪੇਸ਼ ਕਰਦਾ ਹੈ, ਜੋ ਨਿਮਨ ਜਾਤੀ ਦੇ ਬੱਚੇ ਆਪਣੇ ਪਿੰਡੇ ‘ਤੇ ਹੰਢਾਉਂਦੇ ਹਨ। ਉਹ ਲੋਕਾਂ ਤੋਂ ਹਮਦਰਦੀ ਨਹੀਂ ਭਾਲਦਾ ਪਰ ਪਾਠਕਾਂ ਨੂੰ ਖੁਦ-ਬ-ਖੁਦ ਉਸ ਨਾਲ ਹਮਦਰਦੀ ਹੋ ਜਾਂਦੀ ਹੈ। ਆਪਣੀ ਸਵੈ-ਜੀਵਨੀ ਵਿਚ ਉਸ ਨੇ ਆਪਣੇ ਜੀਵਨ, ਖਾਸ ਕਰਕੇ ਬਚਪਨ ਦੀ ਤ੍ਰਾਸਦੀ ਦੀ ਪੇਸ਼ਕਾਰੀ ਬੜੇ ਕਲਾਤਮਕ ਢੰਗ ਨਾਲ ਕੀਤੀ ਹੋਣ ਕਰਕੇ ਇਹ ਸਵੈ-ਜੀਵਨੀ ਵਿਸ਼ੇ ਅਤੇ ਕਲਾਤਮਕ ਪੱਖੋਂ ਉਤਮ ਰਚਨਾ ਸਿੱਧ ਹੋਈ ਹੈ। ਉਸ ਨੇ ਸਮਾਜਕ ਵਰਤਾਰਿਆਂ ਨੂੰ ਬੜੀ ਡੂੰਘੀ ਨੀਝ ਨਾਲ ਵੇਖਿਆ, ਸਮਝਿਆ ਤੇ ਬਿਆਨ ਤਾਂ ਕੀਤਾ ਹੀ ਹੈ, ਉਹ ਕੁਦਰਤੀ ਵਰਤਾਰਿਆਂ ਦਾ ਬਿਆਨ ਕਰਨ ਸਮੇਂ ਵੀ ਪਾਠਕ ਨੂੰ ਉਸ ਵਰਤਾਰੇ ਦੀ ਤਸਵੀਰ ਦਿਖਾ ਦਿੰਦਾ ਹੈ:
‘ਦਰਅਸਲ, ਸਾਡੀ ਬਰਾਦਰੀ ਦੇ ਲੋਕਾਂ ਲਈ ਅਜਿਹੀ ਕਹਿਰਵਾਨ ਤੇ ਭਿਆਨਕ ਬਰਸਾਤ ਪਹਿਲੀ ਵਾਰ ਨਹੀਂ ਸੀ ਆਈ। ਉਹ ਤਕਰੀਬਨ ਹਰੇਕ ਬਰਸਾਤ ਦਾ ‘ਚਮਤਕਾਰ’ ਦੇਖਦੇ। ਜਦੋਂ ਇਕ ਦੋ ਦਿਨ ਮੀਂਹ ਲਗਾਤਾਰ ਪੈਂਦਾ ਤਾਂ ਕੱਚੇ ਕੋਠਿਆਂ ਦੀ ਦਾਸਤਾਨ ਬਰਸਾਤ ਵਾਂਗ ਲੰਮੇਰੀ ਹੋ ਜਾਂਦੀ। ਕੰਧਾਂ ਦੇ ਲੇਅ ਹੌਲੀ-ਹੌਲੀ ਫੁੱਲ ਕੇ ਡਿੱਗਣ ਲੱਗ ਪੈਂਦੇ ਤੇ ਇਨ੍ਹਾਂ ਹੇਠੋਂ ਕੀੜੀਆਂ ਆਪਣੇ ਚਿੱਟੇ ਆਂਡੇ ਚੁੱਕੀ ਤੇਜ਼ ਰਫਤਾਰ ਨਾਲ ਇਧਰ-ਉਧਰ ਦੌੜਦੀਆਂ ਦਿਸਦੀਆਂ। ਕੰਧਾਂ ਢਹਿੰਦੀਆਂ ਤਾਂ ਚੂਹੇ-ਚਕੂੰਦਰਾਂ, ਕੰਨਖਜ਼ੂਰੇ ਤੇ ਹੋਰ ਨਿੱਕੇ ਨਿੱਕੇ ਜੀਵ-ਜੰਤੂਆਂ ਦੇ ਲੁਕਣ ਦੀ ਭੱਜ ਦੌੜ ਦਿਸਦੀ।’
ਦੋ ਤਿੰਨ ਮਰਲਿਆਂ ਦੇ ਛੋਟੇ ਜਿਹੇ ਕੱਚੇ ਘਰ ਵਿਚ ਠਾਕਰ ਦਾਸ ਅਤੇ ਉਸ ਦੇ ਸੱਤ ਅੱਠ ਜੀਆਂ ਦਾ ਪਰਿਵਾਰ ਅਤੇ ਉਨ੍ਹਾਂ ਦੇ ਪਸੂ ਇਕੱਠੇ ਹੀ ਰੈਣ ਬਸੇਰਾ ਕਰਦੇ। ਸਾਉਣ ਦੀਆਂ ਝੜੀਆਂ ਵਿਚ ਕੱਚੇ ਘਰਾਂ ਦੀਆਂ ਕੰਧਾਂ ਡਿੱਗਣ ਲੱਗਦੀਆਂ ਤੇ ਉਨ੍ਹਾਂ ਦੇ ਕੋਠੇ ਚੋਣ ਲੱਗ ਪੈਂਦੇ। ਵਰ੍ਹਦੇ ਮੀਂਹ ਵਿਚ ਹੀ ਉਹ ਕੋਠਿਆਂ ਦੀਆਂ ਛੱਤ ‘ਤੇ ਚੜ੍ਹ ਕੇ, ਗਿੱਲੀ ਮਿੱਟੀ ਦੇ ਥੋਬੇ ਲਾ ਕੇ ਪਾਣੀ ਦਾ ਚੋਣਾ ਬੰਦ ਕਰਦੇ। ਕੜੀਆਂ-ਬਾਲਿਆਂ ਦੀਆਂ ਛੱਤਾਂ ਵਿਚ ਚਿੜੀਆਂ ਆਲ੍ਹਣੇ ਪਾਈ ਰੱਖਦੀਆਂ ਤੇ ਦਿਨ ਰਾਤ ਬਿਨਾ ਰੋਕ ਟੋਕ ਚੂਹੇ ਫੜਨ-ਫੜਾਈ ਖੇਡਦੇ ਰਹਿੰਦੇ। ਦੀਵਾਲੀ ਵਾਲੇ ਦਿਨਾਂ ਦੀ ਇਕ ਰਾਤ ਨੂੰ ਜਦੋਂ ਬਿਰਜੂ ਤੇ ਘਿਰਜੂ (ਬਲਬੀਰ ਦਾ ਤਾਇਆ ਉਸ ਨੂੰ ਪਿਆਰ ਨਾਲ ਘਿਰਜੂ ਕਹਿੰਦਾ ਹੁੰਦਾ ਸੀ) ਦੀਵੇ ਦੀ ਲੋਅ ਵਿਚ ਪੜ੍ਹ ਰਹੇ ਸਨ ਤਾਂ ਕਾਲਾ ਨਾਗ ਆ ਕੇ ਕੜੀ ਬਾਲਿਆਂ ਦੀ ਛੱਤ ਵਿਚ ਸਰਕਸ ਦੇ ਕਲਾਕਾਰਾਂ ਵਾਂਗ ਆਪਣੇ ਕਰਤਬ ਵਿਖਾਉਣ ਲੱਗਾ। ਸੱਪ ਆਪਣੀ ਪੂਛ ਕੰਧ ਵਿਚ ਗੱਡੀ ਕਿੱਲੀ ਦੁਆਲੇ ਵਲ ਕੇ ਆਪਣਾ ਚੌੜਾ ਫਨ ਅਤੇ ਸਰੀਰ ਦਾ ਅਗਲਾ ਹਿੱਸਾ ਅੱਗੇ ਹਵਾ ਵਿਚ ਲਹਿਰਾਉਂਦਾ ਤੇ ਝੂਲਦਾ ਫਿਰ ਵਾਪਸ ਕੰਧ ਨਾਲ ਚਿਪਕ ਜਾਂਦਾ। ਉਹ ਦੋਨੇ ਭਰਾ ਸਹਿਮੇ ਬੈਠੇ ਰਹੇ ਪਰ ਕੁਝ ਸਮੇਂ ਬਾਅਦ ਸੱਪ ਆਪਣੇ ਕਰਤਬ ਵਿਖਾ ਕੇ ਲੋਪ ਹੋ ਗਿਆ।
ਸਾਲ 1963 ਵਿਚ ਹੋਏ ਟਿੱਡੀ-ਦਲ (ਆਹਣ) ਦੇ ਹਮਲੇ ਸਮੇਂ ਉਸ ਦੇ ਤਾਏ ਨੇ ਟਿੱਡੀਆਂ ਹੋਲਾਂ ਵਾਂਗ ਭੁੰਨ ਕੇ ਉਸ ਨੂੰ ਖਵਾ ਦਿੱਤੀਆਂ ਸਨ ਤੇ ਇਹ ਗੱਲ ਸਕੂਲ ਵਿਚ ਵੀ ਅਫਵਾਹ ਵਾਂਗ ਫੈਲ ਗਈ ਸੀ। ਬਲਬੀਰ ਦੇ ਜਮਾਤੀ ਉਸ ਨੂੰ ‘ਟਿੱਡੀ ਖਾਣਾ’ ਕਹਿਣ ਲੱਗੇ। ਬਲਬੀਰ ਦਾ ਰੰਗ ਪੱਕਾ ਹੋਣ ਕਾਰਨ ਕਈਆਂ ਨੂੰ ਤਾਂ ਉਸ ਨੂੰ ‘ਟਿੱਡੀ ਖਾਣਾ ਸੱਪ’ ਕਹਿਣ ਵਿਚ ਵੱਧ ਸਵਾਦ ਆਉਂਦਾ।
ਸਵੈ-ਜੀਵਨੀ ਲਿਖਣਾ ਅਤਿ ਕਠਿਨ ਕਾਰਜ ਹੈ, ਜਿਸ ਵਿਚ ਝੂਠ ਲਿਖਣਾ ਵੀ ਮਾੜਾ ਸਮਝਿਆ ਜਾਂਦਾ ਹੈ ਤੇ ਸਾਰਾ ਸੱਚ ਕਹਿਣ ਨਾਲ ਵੀ ਅਨੇਕ ਬਖੇੜੇ ਖੜ੍ਹੇ ਹੋ ਜਾਂਦੇ ਹਨ। ਮਾਧੋਪੁਰੀ ਨੂੰ ਵੀ ਸੱਚ ਲਿਖਣ ਕਰਕੇ ਆਪਣਿਆਂ ਦੀ ਹੀ ਨਾਰਾਜ਼ਗੀ ਝੱਲਣੀ ਪਈ। ਉਸ ਦਾ ਆਈ.ਏ.ਐਸ਼ ਮਾਮਾ ਬਹੁਤ ਗੁੱਸੇ ਹੋਇਆ ਤੇ ਆਪਣੇ ਘਰ ਦੀ ਐਂਟਰੀ ਬੈਨ ਕਰ ਦਿੱਤੀ। ਇਕ ਭੈਣ ਬਹੁਤ ਸਾਲ ਨਾਰਾਜ਼ ਰਹੀ, ਕਿਉਂਕਿ ਉਸ ਨੇ ਇਸ ਛੋਟੀ ਭੈਣ ਦੇ ਸਿਰ ਵਿਚ ਕੀੜੇ ਪੈਣ ਦਾ ਐਪੀਸੋਡ ਬਿਆਨ ਕਰ ਦਿੱਤਾ ਸੀ ਤੇ ਉਹ ਵਿਚਾਰੀ ਆਪਣੇ ਸਹੁਰਾ ਪਰਿਵਾਰ ਦੇ ਮਜ਼ਾਕ ਦੀ ਪਾਤਰ ਬਣ ਗਈ ਸੀ। ਤੰਗੀਆਂ ਤੁਰਸ਼ੀਆਂ ਕਰਕੇ ਉਸ ਦੇ ਜਿਸ ਭਰਾ ਨੇ ਉਸ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ, ਉਹ ਵੀ ਬਹੁਤ ਲੰਮਾ ਸਮਾਂ ਔਖਾ ਰਿਹਾ, ਕਿਉਂਕਿ ਬਲਬੀਰ ਨੇ ਇਹ ਵੀ ਲਿਖ ਦਿੱਤਾ ਸੀ ਕਿ ਛੋਟੇ ਹੁੰਦਿਆਂ ਦੇ ਉਨ੍ਹਾਂ ਦੋਹਾਂ ਭਰਾਵਾਂ ਦੇ ਪਿੰਡੇ ‘ਤੇ ਖੁਰਕ ਵੀ ਪੈ ਗਈ ਸੀ, ਜੋ ਸਫਾਈ ਦੀ ਘਾਟ ਕਾਰਨ ਅਕਸਰ ਹੀ ਉਸ ਸਮੇਂ ਗਰੀਬ ਬੱਚਿਆਂ ਦੇ ਪੈ ਜਾਂਦੀ ਸੀ।
ਮਾਧੋਪੁਰੀ ਦੀ ਸੁਹਿਰਦ ਪਤਨੀ ਨੇ ਸਵੈ-ਜੀਵਨੀ ਦੇ ਪਰੂਫ ਪੜ੍ਹਦਿਆਂ ਕਈ ਵੇਰਵਿਆਂ ‘ਤੇ ਧੱਕੇ ਨਾਲ ਹੀ ਉਸ ਤੋਂ ਇਹ ਕਹਿ ਕੇ ਕਿ ‘ਏਨਾ ਸੱਚ ਨਾ ਲਿਖ, ਆਖਰ ਜ਼ਿੰਦਗੀ ਤਾਂ ਇਸੇ ਸਮਾਜ ਵਿਚ ਹੀ ਬਸਰ ਕਰਨੀ ਹੈ’ ਕਾਟਾ ਫਿਰਵਾ ਕੇ ਉਸ ਨੂੰ ਹੋਰ ਨੰਗਾ ਹੋਣ ਤੋਂ ਤਾਂ ਬਚਾ ਲਿਆ ਪਰ ਪਾਠਕ ਪਤਾ ਨਹੀਂ ਕਿੰਨੇ ਕੁ ਦਿਲ ਕੰਬਾਊ ਵੇਰਵਿਆਂ ਦੀ ਜਾਣਕਾਰੀ ਤੋਂ ਵਾਂਝੇ ਰਹਿ ਗਏ।
ਅਛੂਤਾਂ ਦੇ ਘਰ ਪੈਦਾ ਹੋਣ ‘ਤੇ ਬਲਬੀਰ ਮਾਧੋਪੁਰੀ ਨੂੰ ਜਿੰਨਾ ਤ੍ਰਿਸਕਾਰ ਮਿਲਿਆ ਜਾਂ ਉਸ ਨੇ ਮਹਿਸੂਸ ਕੀਤਾ, ਸਵੈ-ਜੀਵਨੀ ‘ਛਾਂਗਿਆ ਰੁੱਖ’ ਲਿਖਣ ਪਿਛੋਂ ਉਸ ਨੂੰ ਉਸ ਤੋਂ ਵੱਧ ਪੁਰਸਕਾਰ ਮਿਲਿਆ ਹੈ। ਆਪਣੀ ਜਾਤੀ ਕਰਕੇ ਉਸ ਨੇ ਜੋ ਨਮੋਸ਼ੀ ਜਾਂ ਨਿਰਾਦਰ ਮਹਿਸੂਸ ਕੀਤਾ ਸੀ, ਹੁਣ ਉਸੇ ਜਾਤੀ ਕਰਕੇ ਉਸ ਨੂੰ ਸ਼ੁਹਰਤ ਅਤੇ ਆਦਰ ਮਿਲ ਰਿਹਾ ਹੈ। ਉਸ ਦੀ ਸਵੈ-ਜੀਵਨੀ ‘ਛਾਂਗਿਆ ਰੁੱਖ’ ਦੇ ਪੰਜਾਬੀ ਵਿਚ ਹੀ ਬਾਰਾਂ ਤੇਰਾਂ ਐਡੀਸ਼ਨ ਛਪ ਚੁੱਕੇ ਹਨ ਤੇ ਇਸ ਨੂੰ ਚੋਟੀ ਦੇ ਪਬਲਿਸ਼ਰਾਂ ਨੇ ਛਾਪਿਆ ਹੈ। ਸਾਲ 2007 ਵਿਚ ‘ਛਾਂਗਿਆਂ ਰੁੱਖ’ ਦਾ ਹਿੰਦੀ ਵਿਚ ਸੁਭਾਸ਼ ਨੀਰਵ ਦਾ ਕੀਤਾ ਅਨੁਵਾਦ ਛਪਿਆ ਤਾਂ ਇਹ ਸਵੈ-ਜੀਵਨੀ ਪਹਿਲਾਂ ਪ੍ਰਸਿਧ ਹੋ ਚੁਕੀਆਂ ਦਲਿਤ ਸਵੈ-ਜੀਵਨੀਆਂ, ਜਿਵੇਂ ਓਮ ਪ੍ਰਕਾਸ਼ ਵਾਲਮੀਕੀ ਦੀ ‘ਜੂਠ’ ਅਤੇ ਸ਼ਰਨ ਕੁਮਾਰ ਲਿੰਬਾਲੇ ਦੀ ‘ਅਕਰਮਾਸ਼ੀ’ ਦੇ ਮੁਕਾਬਲੇ ‘ਤੇ ਆ ਗਈ ਸੀ। ਸਾਲ 2010 ਵਿਚ ਇਸ ਨੂੰ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਛਾਪਿਆ ਤਾਂ ਬਲਬੀਰ ਦੀ ਬੱਲੇ-ਬੱਲੇ ਹੋ ਗਈ ਅਤੇ ਉਸ ਨੂੰ ਕੌਮਾਂਤਰੀ ਪੱਧਰ ਦਾ ਲੇਖਕ ਹੋਣ ਦਾ ਰੁਤਬਾ ਹਾਸਲ ਹੋ ਗਿਆ। ਸਾਲ 2011 ਵਿਚ ਇਹ ਸਵੈ-ਜੀਵਨੀ ‘ਕਰੌਸਵਰਡ ਐਵਾਰਡ’ ਲਈ ਵੀ ਨਾਮਜ਼ਦ ਹੋਈ। ਭਾਰਤੀ ਸਾਹਿਤ ਅਕਾਦਮੀ ਦੇ ਇਨਾਮ ਲਈ ਵੀ ਨਾਮਜ਼ਦ ਪੁਸਤਕਾਂ ਵਿਚ ਇਹ ਕਈ ਸਾਲ ਸ਼ਾਮਲ ਹੁੰਦੀ ਰਹੀ ਹੈ। ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵਲੋਂ ਛਾਪੇ ਜਾਣ ‘ਤੇ ਮਾਧੋਪੁਰੀ ਦੀ ਸਵੈ-ਜੀਵਨੀ ਏਨੀ ਮਕਬੂਲ ਹੋ ਗਈ ਕਿ ਇਹ ਚਾਰ ਸਾਲ ਤਕ ਲਗਾਤਾਰ ‘ਹੰਡਰਡ ਕਲਾਸਿਕ ਬੁਕਸ ਆਫ ਦੀ ਵਰਲਡ’ ਸੂਚੀ ਵਿਚ ਸ਼ਾਮਲ ਹੁੰਦੀ ਰਹੀ ਤੇ ਹੁਣ ਵੀ ਵਰਲਡ ਕਲਾਸ ਲਿਟਰੇਚਰ ਵਿਚ ਦਰਜ ਹੈ। ‘ਛਾਂਗਿਆ ਰੁੱਖ’ ਦੇਸ਼ ਦੀਆਂ ਅਨੇਕ ਯੂਨੀਵਰਸਿਟੀਆਂ ਦੇ ਵੱਖ-ਵੱਖ ਜਮਾਤਾਂ ਦੇ ਸਿਲੇਬਸਾਂ ਵਿਚ ਲੱਗੀ ਹੋਈ ਹੈ। ਇਕੱਲੀ ਅੰਗਰੇਜ਼ੀ ਭਾਸ਼ਾ ਵਿਚ ਹੀ ਇਸ ਪੁਸਤਕ ‘ਤੇ ਹੁਣ ਤਕ ਵੀਹ ਦੇ ਕਰੀਬ ਪੀਐਚ.ਡੀ. ਹੋ ਚੁਕੀਆਂ ਹਨ ਅਤੇ ਹੋ ਰਹੀਆਂ ਹਨ। ਇਹ ਸਵੈ-ਜੀਵਨੀ ਹੁਣ ਉਰਦੂ, ਰਾਜਸਥਾਨੀ, ਤੈਲਗੂ ਅਤੇ ਮਰਾਠੀ ਆਦਿ ਹੋਰ ਵੀ ਕਈ ਭਾਸ਼ਾਵਾਂ ਵਿਚ ਛਪ ਰਹੀ ਹੈ। ਅਨੇਕ ਦੇਸੀ ਵਿਦੇਸ਼ੀ ਪੱਤਰਾਂ ਵਿਚ ਇਹ ਲੜੀਵਾਰ ਛਪ ਚੁਕੀ ਹੈ। ਉਸ ਦੀ ਸਵੈ-ਜੀਵਨੀ ਪੜ੍ਹ ਕੇ ਅਨੇਕ ਦੇਸੀ ਵਿਦੇਸ਼ੀ ਜਿਵੇਂ ਜਰਮਨ, ਫਰਾਂਸੀਸੀ, ਜਾਪਾਨੀ ਲੇਖਕ ਪੱਤਰਕਾਰ ਮਾਧੋਪੁਰੀ ਨੂੰ ਮਿਲਣ ਆਉਂਦੇ ਰਹੇ ਹਨ ਤੇ ਕਈ ਤਾਂ ਮਾਧੋਪੁਰ ਪਿੰਡ ਅਤੇ ਉਸ ਦਾ ਘਰ ਵੇਖਣ ਵੀ ਚਲੇ ਜਾਂਦੇ।
ਬਲਬੀਰ ਮਾਧੋਪੁਰੀ ਸਿਰੜੀ ਤੇ ਸਮਰਪਿਤ ਸਾਹਿਤਕਾਰ ਹੈ। ਪ੍ਰਗਤੀਵਾਦੀ ਤੇ ਮਾਨਵਵਾਦੀ ਨਜ਼ਰੀਏ ਤੋਂ ਸਾਹਿਤਕ ਰਚਨਾ ਕਰਨੀ ਤੇ ਛਾਪਣੀ ਉਸ ਦਾ ਉਦੇਸ਼ ਰਿਹਾ ਹੈ। ਉਹ ਬਹੁਤ ਨਿਮਰ ਅਤੇ ਸ਼ਰੀਫ ਇਨਸਾਨ ਹੈ, ਜੋ ਇਨਸਾਨੀਅਤ ਨੂੰ ਹੀ ਆਪਣਾ ਧਰਮ ਸਮਝਦਾ ਹੈ। ਸਮਾਜਕ ਜੀਵਨ ਵਿਚ ਆਰਥਕ ਤੇ ਜਿਣਸੀ ਸ਼ੋਸ਼ਣ ਅਤੇ ਜਾਤੀਗਤ ਧੱਕੇਸ਼ਾਹੀ ਖਿਲਾਫ ਉਸ ਨੇ ਕਲਮ ਚੁੱਕੀ ਹੈ। ਬਚਪਨ ਤੋਂ ਹੀ ਉਸ ਨੂੰ ਮਿਹਨਤ ਕਰਨ ਦੀ ਆਦਤ ਪੈ ਗਈ ਸੀ ਤੇ ਕੇਂਦਰ ਸਰਕਾਰ ਦੇ ਵੱਡੇ ਅਫਸਰ ਦੇ ਅਹੁਦੇ ‘ਤੇ ਹੁੰਦਿਆਂ ਵੀ ਉਸ ਨੇ ਮਿਹਨਤ ਕਰਨੀ ਨਹੀਂ ਸੀ ਛੱਡੀ। ਉਹ ਲੰਮਾ ਸਮਾਂ ‘ਯੋਜਨਾ’ ਰਸਾਲੇ ਦਾ ਸੰਪਾਦਕ ਰਿਹਾ ਤੇ ਆਲ ਇੰਡੀਆ ਰੇਡੀਓ ਦਾ ਨਿਊਜ਼ ਐਡੀਟਰ ਵੀ। ਕਈ ਵਾਰ ਉਸ ਕੋਲ ਤਿੰਨ-ਚਾਰ ਚਾਰਜ ਵੀ ਰਹੇ, ਪਰ ਉਸ ਨੇ ਕਦੇ ਵੀ ਓਵਰ ਵਰਕ ਲੋਡ ਦੀ ਸ਼ਿਕਾਇਤ ਨਹੀਂ ਸੀ ਕੀਤੀ। ਹੁਣ ਤਕ ਉਸ ਦੀਆਂ ਆਪਣੀਆਂ ਤੇਰਾਂ ਚੌਦਾਂ ਮੌਲਿਕ ਪੁਸਤਕਾਂ ਪ੍ਰਕਾਸ਼ਤ ਹੋ ਚੁਕੀਆਂ ਹਨ ਅਤੇ ਤੀਹ ਤੋਂ ਵੀ ਵੱਧ ਪੁਸਤਕਾਂ ਉਹ ਅਨੁਵਾਦ ਕਰ ਚੁਕਾ ਹੈ। ਇਸ ਦੇ ਨਾਲ ਹੀ ਉਸ ਨੇ ਚਾਲੀ ਤੋਂ ਵੱਧ ਪੁਸਤਕਾਂ ਸੰਪਾਦਤ ਕੀਤੀਆਂ ਹਨ ਤੇ ਕਈ ਪੇਪਰ ਲਿਖੇ ਹਨ। ਉਸ ਦੇ ਕੀਤੇ ਕੰਮਾਂ ਦਾ ਯੋਗ ਮਾਣ ਸਨਮਾਨ ਵੀ ਮਿਲਦਾ ਰਿਹਾ ਹੈ। ਏਸੇ ਸਾਲ ਦਿੱਲੀ ਵਿਖੇ ਹੋਈ ਕੌਮਾਂਤਰੀ ਪੰਜਾਬੀ ਕਾਨਫਰੰਸ ਵਿਚ ਉਸ ਦਾ ਬਤੌਰ ਪੰਜਾਬੀ ਲੇਖਕ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਨਮਾਨ ਕੀਤਾ ਸੀ। ਸਾਹਿਤ ਅਕਾਦਮੀ ਵਲੋਂ ਅਨੁਵਾਦ ਦਾ ਸਾਲ 2013 ਦਾ ਪੁਰਸਕਾਰ ਉਸ ਨੂੰ ਹਾਸਲ ਹੋਇਆ ਸੀ। ਪੰਜਾਬੀ ਅਕਾਦਮੀ ਦਿੱਲੀ ਅਤੇ ਦਿੱਲੀ ਸਰਕਾਰ ਤੋਂ ਵੀ ਉਸ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲ ਚੁਕਾ ਹੈ। ਇਸ ਤੋਂ ਇਲਾਵਾ ਹੋਰ ਡੇਢ ਦਰਜਨ ਇਨਾਮ ਉਸ ਦੀ ਝੋਲੀ ਪੈ ਚੁਕੇ ਹਨ। ਉਸ ਨੂੰ ਦੋ ਵਾਰ ਸਾਹਿਤ ਅਕਾਦਮੀ ਦੀ ਜਿਊਰੀ ਦਾ ਮੈਂਬਰ ਬਣਨ ਅਤੇ ਕੌਮਾਂਤਰੀ ਢਾਹਾਂ ਐਵਾਰਡ ਦੀ ਜਿਊਰੀ ਦਾ ਮੈਂਬਰ ਬਣਨ ਦਾ ਮਾਣ ਵੀ ਹਾਸਲ ਹੈ। ਇੰਨੇ ਮਾਣ-ਸਨਮਾਨ ਮਿਲਣ ‘ਤੇ ਵੀ ਕਦੇ ਉਸ ਵਿਚ ਹਉਮੈ ਨਹੀਂ ਆਈ।
ਉਂਜ, ਇਨ੍ਹਾਂ ਸਭ ਇਨਾਮਾਂ ਸਨਮਾਨਾਂ ਤੋਂ ਵੱਡਾ ਇਕ ਇਨਾਮ ਸਨਮਾਨ ਇਹ ਵੀ ਹੈ- ਜਦੋਂ ਉਸ ਨੂੰ ਕਾਲਜਾਂ ਯੂਨੀਵਰਸਿਟੀਆਂ ਵਿਚ ਲੈਕਚਰ ਦੇਣ ਲਈ ਬੁਲਾਇਆ ਜਾਂਦਾ ਹੈ ਤੇ ਉਹ ਆਪਣੇ ਬਚਪਨ ਦੀਆਂ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕਰਦਾ ਹੈ, ਤਾਂ ਕਈ ਵਿਦਿਆਰਥੀਆਂ ਦੀਆਂ ਅੱਖਾਂ ਹੰਝੂਆਂ ਨਾਲ ਤਰ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਦੀ ਵਰਣ ਵਿਵਸਥਾ ‘ਤੇ ਸ਼ਰਮ ਆਉਣ ਲੱਗਦੀ ਹੈ। ਉਸ ਦੀ ਸਵੈ-ਜੀਵਨੀ ਪੜ੍ਹ ਕੇ ਕਈ ਲੋਕਾਂ ਨੇ ਆਪਣੇ ਜੱਟ ਭਾਈਚਾਰੇ ਵਲੋਂ ਉਸ ਨਾਲ ਹੋਈਆਂ ਵਧੀਕੀਆਂ ਦੀ ਮੁਆਫੀ ਵੀ ਮੰਗੀ ਹੈ।
ਮਾਧੋਪੁਰੀ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਵਿਚੋਂ ਆਪਣੇ ਸੀਨੀਅਰ ਕਲਾਸ ਵੰਨ ਗਜ਼ਟਿਡ ਅਫਸਰ (ਡਿਪਟੀ ਡਾਇਰੈਕਟਰ) ਵਾਲੇ ਅਹੁਦੇ ਤੋਂ ਤਾਂ ਰਿਟਾਇਰ ਹੋ ਚੁਕਾ ਹੈ ਪਰ ਹੁਣ ਉਸ ਨੇ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੇ ਡਾਇਰੈਕਟਰ ਵਜੋਂ ਪੰਜ ਮੰਜ਼ਿਲਾ ‘ਪੰਜਾਬੀ ਭਵਨ’ ਦੇ ਗਰਾਊਂਡ ਫਲੋਰ ‘ਤੇ ਸਥਿਤ ਦਫਤਰ ਵਿਚ ‘ਸਮਕਾਲੀ ਸਾਹਿਤ’ ਦੇ ਸੰਪਾਦਕ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਕਾਲੀ ਪੈਂਟ, ਅਸਮਾਨੀ ਰੰਗ ਦੀ ਕਮੀਜ਼ ਪਹਿਨੀ ਆਪਣੇ ਦਫਤਰ ਵਿਚ ਬੈਠਾ ਉਹ ਆਪਣੇ ਸਹਾਇਕਾਂ ਨੂੰ ਹਦਾਇਤਾਂ ਵੀ ਦਿੰਦਾ ਰਹਿੰਦਾ ਹੈ ਤੇ ਆਪਣੇ ਸੱਜੇ ਪਾਸੇ ਬੈਠੇ ਸੱਜਣ ਦੀ ਕੁਰਸੀ ਦੀ ਬਾਂਹ ‘ਤੇ ਸਮੇਂ-ਸਮੇਂ ਹੱਥ ਮਾਰ ਕੇ ਉਸ ਨਾਲ ਵੀ ਆਪਣਾ ਗੱਲਾਂ ਦਾ ਸਿਲਸਿਲਾ ਜਾਰੀ ਰੱਖਦਾ ਹੈ। ਉਹ ਹੁਣ ਵੀ ਕਲਾਸ ਵੰਨ ਗਜ਼ਟਿਡ ਅਫਸਰ ਹੀ ਜਾਪਦਾ ਹੈ, ਅਤੇ ਜਿਹੜੀ ਕੁਰਸੀ ‘ਤੇ ਉਹ ਹੁਣ ਬੈਠਦਾ ਹੈ, ਉਹ ਵੀ ਕੋਈ ਘੱਟ ਵੱਕਾਰ ਵਾਲੀ ਨਹੀਂ।
(ਸਮਾਪਤ)