ਲਾਹੌਰ ਵਾਲੀ ਭੂਆ: ਅਫਜ਼ਲ ਤੌਸੀਫ ਦੀਆਂ ਅਭੁੱਲ ਯਾਦਾਂ

30 ਦਸੰਬਰ ਨੂੰ ਉਘੀ ਕਹਾਣੀਕਾਰ ਅਫਜ਼ਲ ਤੌਸੀਫ ਨੂੰ ਇਸ ਸੰਸਾਰ ਤੋਂ ਗਿਆਂ ਚਾਰ ਸਾਲ ਹੋ ਜਾਣੇ ਹਨ। ਉਹਦਾ ਜੱਦੀ ਪਿੰਡ ਸਿੰਬਲੀ (ਨੇੜੇ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ) ਹੈ। ਸੰਤਾਲੀ ਦੇ ਫਸਾਦਾਂ ਵੇਲੇ ਉਹਦੇ ਟੱਬਰ ਦੇ 12 ਜੀਅ ਕਤਲ ਕਰ ਦਿੱਤੇ ਗਏ ਸਨ, ਕੁਝ ਕੁੜੀਆਂ ਨੇ ਖੂਹ ਵਿਚ ਛਾਲ ਮਾਰ ਕੇ ਇੱਜਤ ਬਚਾਈ ਅਤੇ ਦੋ ਨੂੰ ਧਾੜਵੀ ਅਗਵਾ ਕਰਕੇ ਲੈ ਗਏ। ਉਦੋਂ ਗਿਆਰਾਂ ਵਰ੍ਹਿਆਂ ਦੀ ਅਫਜ਼ਲ ਤੌਸੀਫ ਆਪਣੇ ਨਾਨਕੇ ਪਿੰਡ ਹੋਣ ਕਰਕੇ ਬਚ ਗਈ ਪਰ ਇਸ ਸਾਕੇ ਦਾ ਅਸਰ ਉਸ ਉਤੇ ਸਾਰੀ ਉਮਰ ਰਿਹਾ। ਕਹਾਣੀਕਾਰ ਅਜਮੇਰ ਸਿੱਧੂ ਨੇ ਇਸ ਲੇਖ ਵਿਚ ਅਫਜ਼ਲ ਤੌਸੀਫ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ।

-ਸੰਪਾਦਕ

ਅਜਮੇਰ ਸਿੱਧੂ

ਮੇਰੇ ਪਿਤਾ ਜੀ ਮਾਪਿਆਂ ਦੇ ਇਕਲੌਤੇ ਪੁੱਤਰ ਪਰ ਚਾਰ ਭੈਣਾਂ ਦੇ ਭਰਾ ਸਨ। ਮੇਰੀਆਂ ਇਨ੍ਹਾਂ ਚਾਰ ਭੂਆ ਨਾਲ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਹਨ। ਪੰਜਵੀਂ ਭੂਆ ਮੈਂ ਆਪ ਬਣਾਈ ਸੀ। ਇਹ ਭੂਆ ਪਾਕਿਸਤਾਨ ਦੀ ਪ੍ਰਸਿੱਧ ਲੇਖਿਕਾ ਪ੍ਰੋ. ਅਫਜ਼ਲ ਤੌਸੀਫ ਹੈ। ਜਦੋਂ ਦੇਸ਼ ਦੀ ਵੰਡ ਹੋਈ, ਮੇਰੇ ਪਿਤਾ ਜੀ ਅਤੇ ਭੂਆ ਨਿੱਕੇ-ਨਿੱਕੇ ਬੱਚੇ ਸਨ, ਜਿਨ੍ਹਾਂ ਨੂੰ ਦਾਦਾ ਤੇ ਦਾਦੀ ਜੀ ਬਚਾਅ ਕੇ ਬਾਰ (ਪਾਕਿਸਤਾਨ) ਦੇ ਇਲਾਕੇ ਤੋਂ ਚੜ੍ਹਦੇ ਪੰਜਾਬ ਲੈ ਆਏ ਸਨ। ਉਦੋਂ ਅਫਜ਼ਲ ਤੌਸੀਫ 11 ਸਾਲ ਦੀ ਸੀ। ਜਿੱਦਣ ਪਿੰਡ ਸਿੰਬਲੀ ਉਹਦੇ ਘਰ ਫਸਾਦੀਆਂ ਨੇ ਹਮਲਾ ਕੀਤਾ, ਉਸ ਦਿਨ ਉਹ ਆਪਣੀ ਮਾਂ ਜ਼ੁਬੈਦਾ ਬੇਗਮ ਨਾਲ ਨਾਨਕੇ ਘਰ ਕੂੰਮ ਖੁਰਦ ਗਈ ਹੋਈ ਸੀ। ਉਸ ਨੇ ਨਾ ਤਾਂ ਲੱਤਾਂ ਤੋਂ ਅਪੰਗ ਆਪਣੇ ਤਾਏ ਨਿਆਮਤ ਖਾਂ ਨੂੰ ਵੱਢ ਹੁੰਦੇ ਦੇਖਿਆ, ਨਾ ਉਸ ਦੇ ਇਕਲੌਤੇ ਪੁੱਤਰ ਦੇ ਚੀਥੜੇ ਹੁੰਦੇ ਦੇਖੇ। ਉਸ ਦੀਆਂ ਦੋ ਧੀਆਂ ਨੇ ਆਪਣੀ ਆਬਰੂ ਬਚਾਉਂਦੀਆਂ ਬਾਕੀ ਕੁੜੀਆਂ ਵਾਂਗ ਖੂਹਾਂ ਵਿਚ ਛਾਲਾਂ ਮਾਰ ਦਿੱਤੀਆਂ ਸਨ। ਤਾਏ ਦੀਆਂ ਦੋ ਧੀਆਂ ਅਗਵਾ ਕਰ ਲਈਆਂ ਗਈਆਂ ਸਨ। ਧੀਆਂ ਨੂੰ ਬਚਾਉਂਦੀਆਂ ਦੋਵੇਂ ਤਾਈਆਂ ਅਤੇ ਦਾਦੀ ਵੀ ਮਾਰੀਆਂ ਗਈਆਂ ਸਨ। ਛੋਟਾ ਤਾਇਆ ਫਜ਼ਲ ਖਾਂ ਬਾਹਰ ਗਿਆ ਹੋਣ ਕਾਰਨ ਬਚ ਗਿਆ ਪਰ ਉਸ ਦੇ ਪਰਿਵਾਰ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ। ਇਨ੍ਹਾਂ 12 ਜੀਆਂ ਨੂੰ ਕਿਵੇਂ ਕਤਲ ਕੀਤਾ ਹੋਵੇਗਾ, ਇਹ ਉਸ ਨੇ ਉਦੋਂ ਕਲਪਨਾ ਕੀਤੀ, ਜਦੋਂ ਉਹ ਕੂੰਮਾਂ ਤੋਂ ਕੋਇਟੇ ਗਈ। ਰਾਹ ਵਿਚ ਲਾਸ਼ਾਂ ਸੜ ਰਹੀਆਂ ਸਨ। ਧਰਤੀ ਖੂਨ ਨਾਲ ਲੱਥ-ਪੱਥ ਹੋਈ ਪਈ ਸੀ, ਜਾਂ ਫਿਰ ਉਸ ਨੇ ਪਾਕਿਸਤਾਨ ਜਾ ਕੇ ਦੇਖਿਆ ਹੋਏਗਾ, ਜਿਥੇ ਹਿੰਦੂ-ਸਿੱਖਾਂ ਨੂੰ ਬਲੀ ਦੇ ਬੱਕਰੇ ਬਣਾਇਆ ਗਿਆ ਸੀ। ਜਿਥੇ ਪਾਥੀਆਂ ਵਾਂਗ ਲਾਸ਼ਾਂ ਪਈਆਂ ਸਨ। ਨਾ ਉਧਰ ਨਿੱਕੇ-ਨਿੱਕੇ ਬੱਚਿਆਂ ਨੂੰ ਬਖਸ਼ਿਆ ਗਿਆ ਸੀ ਤੇ ਨਾ ਹੀ ਉਹਦੇ ਆਪਣੇ ਪਿੰਡ ਸਿੰਬਲੀ ਵਿਚ।
ਉਹਦੇ ਮਨ ਵਿਚ ਮੌਤ ਦਾ ਖੌਫ ਸੀ। ਇਹ ਖੌਫ ਇਸ ਕਦਰ ਸੀ ਕਿ ਉਹ ਜਨਵਰੀ 1997 ਵਿਚ ਦਿੱਲੀ ਤੋਂ ਕਲਕੱਤੇ (ਹੁਣ ਕੋਲਕਾਤਾ) ਹੁੰਦੀ ਹੋਈ ਅੰਮ੍ਰਿਤਸਰ ਪੁੱਜੀ। ਉਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ 1947 ਵਿਚ ਆਜ਼ਾਦੀ ਦੇ ਨਾਂ ‘ਤੇ ਮਾਰੇ ਗਏ ਪੰਜਾਬੀਆਂ ਦੀ ਯਾਦ ਵਿਚ ਕਾਨਫਰੰਸ ਕੀਤੀ ਸੀ। ਉਸ ਦਾ ਕਾਨਫਰੰਸ ‘ਤੇ ਆਉਣਾ ਤਾਂ ਇਕ ਬਹਾਨਾ ਸੀ, ਉਹ ਤਾਂ ਜਲ੍ਹਿਆਂਵਾਲੇ ਬਾਗ ਦੀ ਜ਼ਿਆਰਤ ਕਰਨ ਆਈ ਸੀ, ਜਾਂ ਫਿਰ ਆਪਣੀ ਜਨਮ ਭੂਮੀ ਸਿੰਬਲੀ ਨੂੰ ਇਕ ਵਾਰ ਵੇਖਣ ਦੀ ਖਾਹਿਸ਼ ਪੂਰੀ ਕਰਨ। ਵਾਈਸ ਚਾਂਸਲਰ ਡਾ. ਐਚ. ਐਸ਼ ਸੋਚ ਨੇ ਉਸ ਦੇ ਸਿੰਬਲੀ ਜਾਣ ਅਤੇ ਵਾਪਸ ਆਉਣ ਦਾ ਪ੍ਰਬੰਧ ਕਰ ਦਿੱਤਾ ਸੀ। ਉਨ੍ਹਾਂ ਦੀ ਪਤਨੀ ਮਹਿੰਦਰ ਕੌਰ ਸੋਚ ਨੇ ਨਾਲ ਜਾਣਾ ਸੀ। ਰਾਤ ਨੂੰ ਕਿਸੇ ਉਦਾਸ ਸ਼ਾਮ ਦੇ ਸੂਰਜ ਵਾਂਗ ਦਿਲ ਡੁੱਬਣ ਲੱਗਾ। ਉਸ ਦੀ ਜਦੋਂ ਮਾੜੀ ਜਿਹੀ ਅੱਖ ਲੱਗੀ ਤਾਂ ਖਵਾਬ ਵਿਚ ਬਚਪਨ ਆ ਗਿਆ। ਆਪਣਾ ਪਿੰਡ, ਆਪਣਾ ਘਰ, ਚੁਬਾਰੇ ‘ਤੇ ਪੈਲਾਂ ਪਾਉਂਦੇ ਮੋਰ ਦੇਖੇ, ਕਪਾਹ ਸੁੱਕਦੀ ਦੇਖੀ ਤੇ ਤਾਈ ਨੂੰ ਰੋਟੀ ਪਕਾਉਂਦੇ ਦੇਖਿਆ। ਤੜਕੇ ਅੱਧੀ ਸੁੱਤੀ ਜਾਗਦੀ ਹਾਲਤ ਵਿਚ ਉਸ ਨੂੰ ਆਵਾਜ਼ ਸੁਣੀ, “ਮੁੜ ਕੇ ਪਿੱਛੇ ਨਾ ਵੇਖੀਂ, ਪੱਥਰ ਦੀ ਹੋ ਜਾਵੇਗੀਂ।”
ਉਹ ਡਰ ਗਈ ਸੀ। ਇਹ ਡਰ…ਕਾਂਬਾ ਕਾਹਦਾ ਸੀ? ਪਿੰਡ ਦੇਖਣ ਦੀ ਪੂਰੀ ਜ਼ਿੰਦਗੀ ਦੀ ਖਾਹਿਸ਼ ਪੂਰੀ ਹੋਣ ਲੱਗੀ ਤਾਂ ਉਹ ਸਵੇਰੇ ਸਿੰਬਲੀ ਨਹੀਂ ਸੀ ਗਈ। ਦਾਦੀ, ਤਾਇਆ, ਤਾਈਆਂ, ਭੈਣ-ਭਰਾਵਾਂ ਦੇ ਕਤਲਾਂ ਦੇ ਹੀ ਦ੍ਰਿਸ਼ ਉਭਰੇ ਹੋਣਗੇ। ਅਫਜ਼ਲ ਤੌਸੀਫ ਦਾ ਪਰਿਵਾਰ ਘੋੜੇਵਾਹ ਰਾਜਪੂਤ ਜਾਤੀ ਵਿਚੋਂ ਸੀ। ਉਹਦਾ ਦਾਦਾ ਗੁਲਾਮ ਗੌਂਸ, ਰਾਣਾ ਕਰਮ ਸਿੰਘ ਦੀ ਸੱਤਵੀਂ ਪੀੜ੍ਹੀ ਵਿਚੋਂ ਸੀ। ਉਹ ਰਾਜਾ ਮਾਨ ਸਿੰਘ ਦੀ ਫੌਜ ਵਿਚ ਮੁਲਾਜ਼ਮ ਸੀ। ਉਹ ਮੁਸਲਮਾਨ ਕਦੋਂ ਤੇ ਕਿਵੇਂ ਹੋਏ, ਇਸ ਦਾ ਗਿਆਨ ਉਸ ਨੂੰ ਨਹੀਂ ਸੀ ਪਰ 1947 ਵਿਚ ਉਹ ਮੁਸਲਮਾਨ ਹੋਣ ਦੇ ਦੋਸ਼ ਵਿਚ ਵੱਢੇ ਮਾਰੇ ਗਏ ਸਨ ਅਤੇ ਆਪਣੇ ਹੀ ਦੇਸ਼ ਵਿਚੋਂ ਕੱਢ ਦਿੱਤੇ ਗਏ ਸਨ।

ਪਿੰਡ ਬਾਰੇ ਬਣਿਆ ਡਰ ਮੈਂ ਉਨ੍ਹਾਂ ਦੇ ਮਨ ਵਿਚੋਂ ਕੱਢਿਆ। ਮੈਂ ਸ਼ੁਰੂਆਤ ਵਿਚ ‘ਰਵੇਲ’ (ਸੰਪਾਦਕ ਇਲਿਆਸ ਘੁੰਮਣ) ਮੈਗਜ਼ੀਨ ਰਾਹੀਂ ਚਿੱਠੀ-ਪੱਤਰ ਕੀਤੇ। ਫਿਰ ਸਿੱਧੇ ਕਰਨ ਲੱਗ ਪਏ ਸਾਂ। ਉਦੋਂ ਹੀ ਮੈਂ ਉਨ੍ਹਾਂ ਨੂੰ ਭੂਆ ਜੀ ਕਹਿਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ ਇਸ ਭੂਆ-ਭਤੀਜੇ ਦੇ ਰਿਸ਼ਤੇ ‘ਤੇ ਯਕੀਨ ਹੋ ਗਿਆ ਸੀ। ਭੂਆ ਜੀ ਸੁਣ ਕੇ ਉਨ੍ਹਾਂ ਨੂੰ ਸਕੂਨ ਵੀ ਮਿਲਦਾ। ਜਦੋਂ ਪੰਜਾਬੀ ਸੱਥ ਲਾਂਬੜਾ ਨੇ 2000 ਵਿਚ ਉਨ੍ਹਾਂ ਨੂੰ ਬਾਬਾ ਫਰੀਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਤਾਂ ਮੈਂ ਉਨ੍ਹਾਂ ਨੂੰ ਪਿੰਡ ਆਉਣ ਲਈ ਮਨਾਇਆ ਸੀ। ਉਨ੍ਹਾਂ ਦੇ ਮਨ ਦੇ ਸਾਰੇ ਡਰ ਕੱਢ ਕੇ ਪੂਰੀ ਜ਼ਿੰਮੇਵਾਰੀ ਆਪ ਲਈ ਸੀ।
ਪੁਰਸਕਾਰ ਲੈਣ ਪਿਛੋਂ ਪੱਤਰਕਾਰ ਉਨ੍ਹਾਂ ਨੂੰ ਪੁੱਛ ਰਹੇ ਸਨ, “ਜੇ ਸਰਹੱਦਾਂ ਖੋਲ੍ਹ ਦਿੱਤੀਆਂ ਜਾਣ ਤਾਂ ਕੀ ਤਬਦੀਲੀ ਆਏਗੀ?” ਉਸ ਕਿਹਾ ਸੀ, “ਕਲਾਸ ਕਰੈਕਟਰ ਬਦਲੇਗਾ। ਧਾਰਮਿਕ ਅਸਹਿਣਸ਼ੀਲਤਾ ਘਟੇਗੀ। ਲੋਕੀਂ ਆਪਸ ਵਿਚ ਮਿਲਣਗੇ। ਭਾਈਚਾਰਾ ਵਧੇਗਾ। ਦੂਰੀਆਂ ਘਟਣਗੀਆਂ। ਆਪਸ ਵਿਚ ਵਿਆਹ ਹੋਣਗੇ। ਇਹ ਅਜਮੇਰ ਸਿੱਧੂ ਵਿਆਹੁਣ ਵਾਲਾ। ਮੈਂ ਇਸ ਮੁੰਡੇ ਨੂੰ ਆਪਣੀ ਭਤੀਜੀ ਦਾ ਰਿਸ਼ਤਾ ਆਫਰ ਕਰਦੀ ਹਾਂ। ਉਹ ਇਹਦੇ ਵਾਂਗ ਪੋਸਟ ਗਰੈਜੂਏਟ ਹੈ ਅਤੇ ਸੋਹਣੀ-ਸੁਨੱਖੀ ਬਹੁਤ ਹੈ।”
ਅਸੀਂ ਅਗਲੇ ਦਿਨਾਂ ਵਿਚ ਭੂਆ ਅਤੇ ਰਾਣਾ ਨਵੀਦ ਇਕਬਾਲ ਨੂੰ ਸਿੰਬਲੀ ਲੈ ਆਏ। ਜਿਉਂ ਹੀ ਨਹਿਰ ਪਾਰ ਕੀਤੀ, ਮੈਂ ਉਨ੍ਹਾਂ ਦੇ ਖੇਤਾਂ ਵੱਲ ਇਸ਼ਾਰਾ ਕੀਤਾ। ਉਸ ਹਉਕਾ ਲਿਆ। ਗੱਡੀ ਖੜ੍ਹੀ ਕਰਕੇ ਸਰ੍ਹੋਂ ਦੇ ਦੋ ਫੁੱਲ ਤੋੜ ਕੇ ਮੂੰਹ ਵਿਚ ਪਾਏ। ਉਨ੍ਹਾਂ ਦੇ ਘਰ ਦੇ ਮੂਹਰੇ ਉਹ ਖੂਹ ਸੀ, ਜਿਥੇ ਤਾਏ ਨਿਆਮਤ ਖਾਂ ਅਤੇ ਗੁਆਂਢੀ ਤਾਏ ਲੀਕੜ ਖਾਂ ਦੀਆਂ ਕੁੜੀਆਂ ਡੁੱਬ ਮਰੀਆਂ ਸਨ। ਉਸ ਦੇ ਪੈਰ ਉਥੇ ਹੀ ਰੁਕ ਗਏ। ਉਹ ਕਿੰਨਾ ਚਿਰ ਆਪਣੀਆਂ ਭੈਣਾਂ ਨੂੰ ਯਾਦ ਕਰਦੀ ਰਹੀ। ਨਲਕੇ ‘ਤੇ ਮੋਟਰਾਂ ਆਉਣ ਕਾਰਨ ਇਹ ਖੂਹ ਪੂਰ ਦਿੱਤਾ ਗਿਆ ਸੀ। ਉਸ ਸੰਭਲਦਿਆਂ ਕਿਹਾ ਸੀ, “ਧਰਮ ਦੇ ਨਾਂ ‘ਤੇ ਆਪਣੀਆਂ ਹੀ ਕਤਲ ਕਰ ਦਿੱਤੀਆਂ ਗਈਆਂ ਧੀਆਂ ਦੇ ਨਾਂ ਦੀ ਤਖਤੀ ਤਾਂ ਇਸ ਖੂਹ ‘ਤੇ ਲਾ ਦਿਓ।” ਮੈਂ ਕਿਹਾ, “ਭੂਆ ਜੀ, ਜੇ ਇਥੇ ਤਖਤੀ ਲਾ ਦਿੱਤੀ ਤਾਂ ਲੋਕਾਂ ਨੇ ਭੂਤਾਂ-ਪ੍ਰੇਤਾਂ ਦੀਆਂ ਕਹਾਣੀਆਂ ਜੋੜ ਲੈਣੀਆਂ ਹਨ।”
ਖੰਡਰ ਹੋਇਆ ਉਹ ਚੁਬਾਰਾ ਉਸ ਵਕਤ ਖੜ੍ਹਾ ਸੀ ਜਿਥੇ ਤਾਈਆਂ ਜਵਾਨ ਕੁੜੀਆਂ ਤੇ ਬੱਚਿਆਂ ਨੂੰ ਲੁਕਾ ਕੇ ਬੈਠੀਆਂ ਸਨ। ਸ਼ਾਮ ਦੇ ਵਕਤ ਹਮਲਾ ਹੋਇਆ ਸੀ। ਉਥੇ ਹੀ ਖੂਨ ਦੀਆਂ ਨਦੀਆਂ ਵਗ ਗਈਆਂ ਸਨ। ਜਦੋਂ ਅਸੀਂ ਚੁਬਾਰੇ ‘ਤੇ ਗਏ, ਉਨ੍ਹਾਂ ਸਭ ਨੂੰ ਥੱਲੇ ਉਤਾਰ ਦਿੱਤਾ। ਮੈਂ ਸੋਚਿਆ, ਜਿਵੇਂ ‘ਮੇਰਾ ਪਾਕਿਸਤਾਨ ਸਫਰਨਾਮਾ’ ਵਿਚ ਬਲਰਾਜ ਸਾਹਨੀ ਕੋਠੇ ‘ਤੇ ਚੜ੍ਹ ਕੇ ਮਿੱਟੀ ਵਿਚ ਲਿਟ ਜਾਂਦਾ ਹੈ ਤੇ ਧਾਹਾਂ ਮਾਰਦਾ ਹੈ, ਭੂਆ ਵੀ ਇਵੇਂ ਹੀ ਕਰੇਗੀ ਪਰ ਉਸ ਅਜਿਹਾ ਨਹੀਂ ਕੀਤਾ। ਉਹ ਕੰਧਾਂ ਨੂੰ ਹੱਥ ਲਾ-ਲਾ ਦੇਖਦੀ ਰਹੀ। ਉਸ ਇਕ ਇੱਟ ਅਤੇ ਮਿੱਟੀ ਲਿਫਾਫੇ ਵਿਚ ਪਾ ਕੇ ਗੱਡੀ ਵਿਚ ਰਖਵਾ ਲਈ।
ਜ਼ੈਲਦਾਰ ਮਹਿੰਦੀ ਖਾਂ ਦੇ ਖੰਡਰ ਬਣੇ ਘਰਾਂ ਲਾਗੇ ਮਸੀਤ ਸੀ। ਕਦੇ ਉਸ ਨੂੰ ਮਸਜਿਦਗੜ੍ਹ ਕਹਿੰਦੇ ਹੁੰਦੇ ਸੀ। ਉਸ ਨੂੰ ਗੁਰਦੁਆਰੇ ਦੇ ਰੂਪ ਵਿਚ ਸਾਂਭ ਲਿਆ ਗਿਆ ਸੀ। ਅੰਦਰ ਬੀੜ ਪਈ ਸੀ। ਉਸ ਆਪਣੀ ਫੇਰੀ ਵਾਲੇ ਲੇਖ ਵਿਚ ਲਿਖਿਆ ਸੀ, “ਉਸੇ ਗਲੀ ਵਿਚ ਮਸੀਤ ਵੀ ਹੈਗੀ ਜੋ ਉਤੋਂ-ਉਤੋਂ ਉਸੇ ਤਰ੍ਹਾਂ ਹੀ ਦਿਸਦੀ ਏ ਪਰ ਅੰਦਰੋਂ-ਅੰਦਰੋਂ ‘ਸਿੱਖਣੀ’ ਹੋ ਗਈ ਏ। ਗੁਰਦੁਆਰਾ ਬਣ ਗਈ ਏ ਪਰ ਇਹ ਮੇਰੇ ਲਈ ਕੋਈ ਜਜ਼ਬਾਤੀ ਮਸਲਾ ਨਹੀਂ। ਇੱਟਾਂ ਈ ਤਾਂ ਨੇ। ਬੰਦਾ ਹੱਥਾਂ ਨਾਲ ਘੜਦਾ, ਜੋੜਦਾ, ਆਪੇ ਨਾਂ ਰੱਖਦਾ, ਆਪੇ ਬਦਲ ਵੀ ਦਿੰਦਾ। ਜੇ ਇੱਟਾਂ ਬੋਲ ਸਕਦੀਆਂ ਤਾਂ ਮੈਂ ਉਨ੍ਹਾਂ ਨਾਲ ਬੜੀਆਂ ਗੱਲਾਂ ਕਰਦੀ। ਉਂਜ ਬੰਦੇ ਈ ਬਥੇਰਾ ਕੁਝ ਬੋਲ ਰਹੇ ਸਨ। ਮੈਨੂੰ ਲੱਗਿਆ, ਜ਼ੈਲਦਾਰਾਂ ਦਾ ਮਕਾਨ ਕੋਈ ਉਜੜੀ ਜ਼ਨਾਨੀ ਏ ਅਤੇ ਪੁਰਾਣੇ ਮਾਲਕ ਦਾ ਮਾਤਮ ਕਰੀ ਜਾ ਰਹੀ ਏ ਪਰ ਮਸੀਤ ਜਿਵੇਂ ਮੁੜ ਕੇ ਵਸ ਗਈ ਔਰਤ ਹੋਵੇ।”

ਦੂਜੀ ਵਾਰ ਉਹ 2004 ਵਿਚ ਸਿੰਬਲੀ ਆਏ। ਉਦੋਂ ਮੇਰਾ ਵਿਆਹ ਹੋ ਚੁਕਾ ਸੀ ਤੇ ਸਾਡੇ ਘਰ ਇਕ ਸਾਲ ਦੀ ਬੇਟੀ ਨਵਰੂਪ ਸੀ। ਭੂਆ ਜੀ, ਮੇਰੀ ਪਤਨੀ ਸਾਰਾ ਅਤੇ ਬੇਟੀ ਨਵਰੂਪ ਨੂੰ ਲੈ ਕੇ ਪਿੰਡ ਦੀਆਂ ਗਲੀਆਂ ਵਿਚ ਘੁੰਮ ਰਹੇ ਸਨ। ਉਨ੍ਹਾਂ ਨਾਲ ਪੱਤਰਕਾਰ ਅਤੇ ਕੁਝ ਕਾਮਰੇਡ ਮਿੱਤਰ, ਲੇਖਕ ਅਤੇ ਪਿੰਡ ਵਾਸੀ ਵੀ ਸਨ। ਮੈਂ ਪ੍ਰਬੰਧਾਂ ਵਿਚ ਉਲਝਿਆ ਹੋਇਆ ਸਾਂ। ਮੇਰੀ ਪਤਨੀ ਅਤੇ ਬੇਟੀ ਵੱਲ ਇਸ਼ਾਰਾ ਕਰਕੇ ਕਿਸੇ ਪਿੰਡ ਵਾਸੀ ਨੇ ਭੂਆ ਜੀ ਨੂੰ ਪੁੱਛਿਆ, “ਇਹ ਵੀ ਪਾਕਿਸਤਾਨ ਤੋਂ ਆਏ ਆ? ਇਹ ਤੁਹਾਡੀ ਨੂੰਹ ਤੇ ਪੋਤੀ ਏ?” ਉਹ ਨਵਰੂਪ ਨੂੰ ਇਕ ਮੋਢੇ ਤੋਂ ਲਾਹ ਦੂਜੇ ਮੋਢੇ ਚੁੱਕਦੇ ਬੋਲੇ, “ਇਹ ਮੇਰੀ ਛੋਟੀ ਨੂੰਹ ਏ। ਇਹ ਮੇਰੀ ਖੂਬਸੂਰਤ ਪੋਤੀ ਏ।” ਉਹ ਬੇਟੀ ਦੇ ਵਾਲਾਂ ਵਿਚ ਹੱਥ ਫੇਰਦੇ। ਪਿੰਡ ਦੀਆਂ ਕੁਝ ਔਰਤਾਂ ਮੇਰੀ ਪਤਨੀ ਦੀ ਵੀ ਮਹਿਮਾਨ-ਨਿਵਾਜ਼ੀ ਕਰਨ ਲੱਗ ਪਈਆਂ। ਹਾਸਾ ਉਦੋਂ ਪੈ ਗਿਆ, ਜਦੋਂ ਕਿਸੇ ਪੱਤਰਕਾਰ ਨੇ ਮੇਰੀ ਪਤਨੀ ਤੋਂ ਪਾਕਿਸਤਾਨ ਦੇ ਸਿਆਸੀ ਹਾਲਾਤ ਬਾਰੇ ਜਾਣਨਾ ਚਾਹਿਆ।
ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਉਨ੍ਹਾਂ ਦੇ ਸਵਾਗਤ ਵਿਚ ਪ੍ਰੋਗਰਾਮ ਰੱਖਿਆ ਗਿਆ ਸੀ। ਪਿੰਡ ਦਾ ਇਕ ਬਜੁਰਗ ਇੰਗਲੈਂਡ ਤੋਂ ਆਇਆ ਹੋਇਆ ਸੀ। ਪਿੰਡ ਵਾਲਿਆਂ ਦੇ ਕਹਿਣ ‘ਤੇ ਉਸ ਨੂੰ ਪ੍ਰਧਾਨਗੀ ਮੰਡਲ ਵਿਚ ਬਿਠਾਉਣ ਦਾ ਫੈਸਲਾ ਹੋਇਆ ਤਾਂ ਪਿੰਡ ਦੇ ਹੀ ਕੁਝ ਬੰਦਿਆਂ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਇਹ ਬੰਦਾ ਤਾਂ ਫਸਾਦੀਆਂ ਵਿਚ ਸ਼ਾਮਲ ਸੀ। ਅਸੀਂ ਕਸੂਤੇ ਫਸ ਗਏ, ਹੁਣ ਕੀ ਕੀਤਾ ਜਾਵੇ? ਪ੍ਰੋਗਰਾਮ ਸ਼ੁਰੂ ਨਹੀਂ ਸੀ ਹੋ ਰਿਹਾ। ਜਦੋਂ ਭੂਆ ਜੀ ਨੂੰ ਪਤਾ ਲੱਗਾ, ਮੈਨੂੰ ਕਹਿਣ ਲੱਗੇ, “ਕਾਕਾ, ਕੋਈ ਗੱਲ ਨ੍ਹੀਂ ਬਿਠਾ ਦੇ। ਕੀ ਪਤਾ ਆਪਣੇ ਪਾਪ ਧੋਣੇ ਚਾਹੁੰਦਾ ਹੋਵੇ। ਅਜਿਹੇ ਪਾਪੀ ਜਿਉਂਦੇ ਰਹਿਣੇ ਚਾਹੀਦੇ ਆ ਤਾਂ ਕਿ ਆਪਣੇ ਕੁਕਰਮ ਦੇਖ ਲੈਣ, ਸੁਣ ਲੈਣ। ਇਹਦੀ ਫੋਟੋ ਜ਼ਰੂਰ ਖਿੱਚ ਦੇਵੀਂ।”
ਸ਼ਾਮ ਨੂੰ ਮੇਰੇ ਘਰ ਆਏ ਤਾਂ ਕੈਮਰੇ ਵਿਚ ਉਸ ਦੀ ਫੋਟੋ ਦੇਖੀ ਜਾਣ। ਉਹ ਫੋਟੋ ‘ਸੇਵ’ ਕਰਕੇ ਲੈ ਗਏ।
ਅਫਜ਼ਲ ਤੌਸੀਫ ਸਿਹਤ ਪ੍ਰਤੀ ਬਹੁਤ ਜਾਗਰੂਕ ਸਨ। ਉਹ ਸਵੇਰ ਦੇ ਨਾਸ਼ਤੇ ਵਿਚ ਇਕ ਸੇਬ, ਇਕ ਕੇਲਾ ਤੇ ਦੁੱਧ ਦਾ ਗਿਲਾਸ ਲੈਂਦੇ। ਦੁਪਹਿਰ ਨੂੰ ਦਹੀਂ ਤੇ ਸਬਜ਼ੀ ਨਾਲ ਇਕ ਜਾਂ ਡੇਢ ਰੋਟੀ ਖਾਂਦੇ। ਰਾਤ ਨੂੰ ਫੇਰ ਦੁੱਧ ਦਾ ਗਿਲਾਸ ਪੀ ਕੇ ਸੌਂ ਜਾਂਦੇ। ਇਕ ਦਿਨ ਸਵੇਰੇ ਮੇਰੀ ਪਤਨੀ ਸਾਰਾ ਨੇ ਪਰੌਂਠੇ ਬਣਾਏ। ਮੈਂ ਦਹੀਂ ਅਤੇ ਮੱਖਣ ਨਾਲ ਦੋ ਪਰੌਂਠੇ ਖਾਧੇ। ਬਾਅਦ ਵਿਚ ਦੁੱਧ ਦਾ ਗਿਲਾਸ ਪੀ ਲਿਆ। ਮੈਨੂੰ ਕਹਿਣ ਲੱਗੇ, “ਓਏ ਹੁਣ ਤੂੰ ਖੇਤ ਵਿਚ ਕੰਮ ਕਰਨ ਵਾਲਾ ਕਿਸਾਨ ਨ੍ਹੀਂ, ਪੜ੍ਹਨ-ਲਿਖਣ ਵਾਲਾ ਬੁੱਧੀਜੀਵੀ ਏ। ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਵੀ ਤੈਨੂੰ ਐਨੀ ਖੁਰਾਕ ਦੀ ਲੋੜ ਨ੍ਹੀਂ।”
ਅਗਲੇ ਦਿਨ ਅਮਰੀਕਾ ਤੋਂ ਆਏ ਇਕ ਪਰਿਵਾਰ (ਤਾਰਾ ਸਿੰਘ ਸਾਗਰ) ਦੀ ਲੜਕੀ ਦਾ ਵਿਆਹ ਸੀ। ਉਘੇ ਸ਼ਾਇਰ ਡਾ. ਜਗਤਾਰ ਵੀ ਵਿਆਹ ‘ਤੇ ਆਏ ਸਨ। ਡਾ. ਸਾਹਿਬ ਉਰਦੂ ਅਦਬ ਦੀਆਂ ਗੱਲਾਂ ਕਰ ਰਹੇ ਸਨ ਪਰ ਭੂਆ ਜੀ ਦੀ ਸੁਤਾ ਵਿਆਹ ਦੀਆਂ ਰਸਮਾਂ ਵਿਚ ਸੀ; ਜਿਵੇਂ ਕੁਆਰੀਆਂ ਕੁੜੀਆਂ ਵਿਆਹ ਨੂੰ ਬਹੁਤ ਰੀਝ ਨਾਲ ਦੇਖਦੀਆਂ ਹਨ ਅਤੇ ਉਸ ਵਿਚ ਹਿੱਸਾ ਵੀ ਲੈਂਦੀਆਂ ਹਨ। ਉਹ ਦੁਲਹਨ ਤੇ ਲਾੜੇ ਬਾਰੇ ਬੜਾ ਬੇਬਾਕ ਹੋ ਕੇ ਟਿੱਪਣੀ ਕਰ ਰਹੇ ਸਨ।

ਪੰਜਾਬੀ ਸਾਹਿਤ ਸਭਾ, ਬੰਗਾ ਦਾ ਸਮਾਗਮ ਸੀ। ਔਰਤ ਕਵੀ ਦਰਬਾਰ ਦੀ ਪ੍ਰਧਾਨਗੀ ਅਤੇ ਭਾਸ਼ਣ ਭੂਆ ਦਾ ਸੀ। ਨਵਾਂ ਸ਼ਹਿਰ ਅਤੇ ਬੰਗਾ ਦੇ ਰਾਹ ਵਿਚ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਆਉਂਦਾ ਹੈ, ਜਿਥੇ ਸ਼ਹੀਦਾਂ ਬਾਰੇ ਦੇਖਣਯੋਗ ਮਿਊਜ਼ੀਅਮ ਬਣਿਆ ਹੋਇਆ ਹੈ। ਮੈਨੂੰ ਉਨ੍ਹਾਂ ਨੂੰ ਸਮਾਗਮ ਵਿਚ ਪਹੁੰਚਾਉਣ ਦੀ ਕਾਹਲ ਸੀ ਪਰ ਉਹ ਤਾਂ ਆਪਣੇ ਮਹਿਬੂਬ ਹੀਰੋ ਨੂੰ ਸਲਾਮ ਕੀਤੇ ਬਗੈਰ ਤੁਰ ਹੀ ਨਹੀਂ ਰਹੇ ਸਨ। ਉਨ੍ਹਾਂ ਮਿਊਜ਼ੀਅਮ ਅੱਗੇ ਗੱਡੀ ਰੁਕਵਾ ਲਈ। ਫਿਰ ਪਿੰਡ ਵਿਚ ਪੁਰਾਣੇ ਘਰ ਵੀ ਗਏ।
ਅਫਜ਼ਲ ਤੌਸੀਫ ਦੋਹਾਂ ਪੰਜਾਬਾਂ ਵਿਚ ਪੜ੍ਹੀ ਜਾਣ ਵਾਲੀ ਸਤਿਕਾਰੀ ਲੇਖਿਕਾ ਹੈ। ਉਹ ਪੰਜਾਬੀ ਅਤੇ ਉਰਦੂ ਭਾਸ਼ਾਵਾਂ ਵਿਚ ਮੁਹਾਰਤ ਰੱਖਣ ਵਾਲੀ ਪਰ ਆਵਾਮ ਲਈ ਪ੍ਰਤੀਬੱਧ ਲੇਖਿਕਾ ਸੀ। 2007 ਦੀ ਸਿੰਬਲੀ ਫੇਰੀ ਪਿਛੋਂ ਅਸੀਂ ਮਿਲੇ ਨਹੀਂ। ਉਹ ਬਿਮਾਰ ਪੈ ਗਏ ਸਨ। ਅਮਰੀਕਾ ਵਾਲੇ ਮਿੱਤਰਾਂ ਨੇ ਮੇਰੀ ਡਿਊਟੀ ਲਾਈ ਸੀ ਕਿ ਮੈਂ ਅਮਰੀਕੀ ਕਾਨਫਰੰਸ ‘ਤੇ ਲੈ ਕੇ ਆਵਾਂ। ਬਿਮਾਰੀ ਕਾਰਨ ਉਹ ਜਾ ਨਾ ਸਕੇ। ਮੈਂ ਗਦਰ ਪਾਰਟੀ ਦੇ ਮੁਸਲਮਾਨ ਸੂਰਬੀਰਾਂ ਬਾਰੇ ਲਿਖਣ ਲਈ ਉਨ੍ਹਾਂ ਨੂੰ ਕਿਹਾ ਸੀ ਪਰ ਸਿਹਤ ਦੀ ਖਰਾਬੀ ਨੇ ਇਹ ਕੰਮ ਹੋਣ ਨਹੀਂ ਦਿੱਤਾ। ਮੇਰੀਆਂ ਤਿੰਨ ਭੂਆ ਪਹਿਲਾਂ ਹੀ ਅਲਵਿਦਾ ਕਹਿ ਗਈਆਂ ਸਨ। ਇਹ ਲਾਹੌਰ ਵਾਲੀ ਭੂਆ ਵੀ 30 ਦਸੰਬਰ 2014 ਨੂੰ ਤੁਰ ਗਈ।