ਸਾਂਝੀ ਸਭਿਆਚਾਰਕ ਵਿਰਾਸਤ ਦਾ ਪ੍ਰਤੀਕ ਕਾਜ਼ੀ ਨਜ਼ਰੁਲ ਇਸਲਾਮ

ਡਾ. ਚਮਨ ਲਾਲ
ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ 1947 ਤਕ ਇਕ ਹੀ ਮੁਲਕ ਸਨ ਅਤੇ ਸਿਆਸੀ ਕਾਰਨਾਂ ਕਰਕੇ ਭਾਵੇਂ ਇਹ ਤਿੰਨ ਵੱਖਰੇ ਮੁਲਕਾਂ ਵਿਚ ਵੰਡੇ ਗਏ ਪਰ ਇਨ੍ਹਾਂ ਦੀ ਸਭਿਆਚਾਰਕ ਵਿਰਾਸਤ ਹਾਲੇ ਵੀ ਸਾਂਝੀ ਹੈ। ਮਿਰਜ਼ਾ ਗ਼ਾਲਿਬ, ਫੈਜ਼ ਅਹਿਮਦ ਫੈਜ਼, ਕਾਜ਼ੀ ਨਜ਼ਰੁਲ ਇਸਲਾਮ, ਰਵਿੰਦਰ ਨਾਥ ਟੈਗੋਰ, ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ ਆਦਿ ਅਨੇਕਾਂ ਅਜਿਹੇ ਇਤਿਹਾਸਕ ਨਾਂ ਹਨ ਜਿਨ੍ਹਾਂ ਨੂੰ ਤਿੰਨਾਂ ਮੁਲਕਾਂ ਵਿਚ ਡੂੰਘਾ ਪਿਆਰ ਅਤੇ ਸਤਿਕਾਰ ਹਾਸਲ ਹੈ।

ਰਵਿੰਦਰ ਸੰਗੀਤ ਅਤੇ ਟੈਗੋਰ ਸਾਹਿਤ ਪੂਰਬੀ ਬੰਗਾਲ ਜਾਂ ਬੰਗਲਾ ਦੇਸ਼ ਵਿਚ ਵੀ ਓਨਾ ਹੀ ਮਕਬੂਲ ਹੈ, ਜਿੰਨਾ ਕਾਜ਼ੀ ਨਜ਼ਰੁਲ ਇਸਲਾਮ ਦਾ ਸਾਹਿਤ ਪੱਛਮੀ ਬੰਗਾਲ ਜਾਂ ਪੂਰੇ ਭਾਰਤ ਵਿਚ। ਸ਼ਾਇਦ ਭਾਰਤ ਵਿਚ ‘ਵਿਦਰੋਹੀ’ ਜਾਂ ‘ਇਨਕਲਾਬੀ’ ਸ਼ਾਇਰ ਕਾਜ਼ੀ ਨਜ਼ਰੁਲ ਇਸਲਾਮ ਹੋਰ ਵੀ ਵਧੇਰੇ ਮਕਬੂਲ ਹੈ, ਕਿਉਂਕਿ ਇਥੇ ਜਮਹੂਰੀ ਜਾਂ ਵਿਦਰੋਹੀ ਲਹਿਰਾਂ ਵਧੇਰੇ ਵਿਆਪਕ ਰਹੀਆਂ ਹਨ।
ਕਾਜ਼ੀ ਨਜ਼ਰੁਲ ਇਸਲਾਮ ਦਾ ਜਨਮ 24 ਮਈ 1899 ਨੂੰ ਬਰਦਵਾਨ ਜ਼ਿਲ੍ਹੇ ਦੇ ਚੁਰੂਲਿਆ ਪਿੰਡ ਵਿਚ ਇਕ ਸਾਧਾਰਨ ਗ਼ਰੀਬ ਮੁਸਲਮਾਨ ਪਰਿਵਾਰ ਵਿਚ ਹੋਇਆ। ਇਹ ਪਰਿਵਾਰ ਬਿਹਾਰ ਦੇ ਹਾਜੀਪੁਰ ਜ਼ਿਲ੍ਹੇ ਤੋਂ ਹਿਜਰਤ ਕਰਕੇ ਬੰਗਾਲ ਵਿਚ ਆ ਵਸਿਆ ਸੀ। ਨਜ਼ਰੁਲ ਦੇ ਪਿਤਾ ਇਕ ਮਜ਼ਾਰ ਤੇ ਮਸਜਿਦ ਦੀ ਦੇਖਭਾਲ ਕਰਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਪੁਰਖੇ ਨੂੰ ‘ਕਾਜ਼ੀ’ ਦਾ ਖਿਤਾਬ ਮਿਲਿਆ ਹੋਇਆ ਸੀ। ਸੋ, ਇਹ ਖਿਤਾਬ ਪਰਿਵਾਰ ਦੀ ਵਿਰਾਸਤ ਬਣ ਗਿਆ ਸੀ। ਨਜ਼ਰੁਲ ਹਾਲੀਂ ਅੱਠਾਂ ਵਰ੍ਹਿਆਂ ਦਾ ਹੀ ਹੋਇਆ ਸੀ ਕਿ ਉਸ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ। ਗ਼ਰੀਬੀ ਵਿਚ ਡੁੱਬੇ ਪਰਿਵਾਰ ਉਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ। ਇਸੇ ਲਈ ਨਜ਼ਰੁਲ ਨੂੰ ਬਚਪਨ ਵਿਚ ‘ਦੁੱਖੂ’ ਜਾਂ ‘ਦੁੱਖੂ ਮੀਆਂ’ ਵੀ ਕਿਹਾ ਜਾਂਦਾ ਸੀ। ਦਸ ਸਾਲ ਦੀ ਕੱਚੀ ਉਮਰ ਵਿਚ ਨਜ਼ਰੁਲ ਨੂੰ ਪਰਿਵਾਰ ਲਈ ਰੁਜ਼ਗਾਰ ਦੀ ਚੱਕੀ ਵਿਚ ਪਿਸਣਾ ਪਿਆ। ਉਨ੍ਹਾਂ ਨੇ ਮਕਤਬ ਦਾ ਇਮਤਿਹਾਨ ਪਾਸ ਕਰਕੇ ਅਰਬੀ-ਫਾਰਸੀ ਪੜ੍ਹੀ। ਗਿਆਰਾਂ ਵਰ੍ਹਿਆਂ ਦੀ ਉਮਰ ਵਿਚ ਉਹ ਮਸਜਿਦ ਦੇ ਇਮਾਮ ਬਣੇ। ਏਨੀ ਛੋਟੀ ਉਮਰ ਵਿਚ ਉਹ ਅਧਿਆਤਮਕਤਾ ਵਿਚ ਡੁੱਬ ਕੇ ਘੰਟਿਆਂ ਬੱਧੀ ਮਜ਼ਾਰ ਉਤੇ ਇਕਾਂਤ ਵਿਚ ਬੈਠੇ ਰਹਿੰਦੇ ਅਤੇ ਬੜੀ ਸ਼ੁਧਤਾ ਨਾਲ ਕੁਰਾਨ ਦਾ ਪਾਠ ਕਰਦੇ। ਨਜ਼ਰੁਲ ਤੋਂ ਪ੍ਰਭਾਵਿਤ ਹੋ ਕੇ ਲੋਕੀਂ ਉਸ ਨੂੰ ‘ਨਜ਼ਰ ਅਲੀ’ ਵੀ ਕਹਿੰਦੇ।
ਕੱਚੀ ਉਮਰ ਵਿਚ ਹੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਟਕਰਾਉਣ ਵਾਲੇ ਨਜ਼ਰੁਲ ਦੀ ਸ਼ਖਸੀਅਤ ਵਿਚ ਪਕਿਆਈ ਆਈ। ਉਨ੍ਹਾਂ ਨੇ ਰਾਮਾਇਣ, ਮਹਾਭਾਰਤ ਆਦਿ ਲੋਕ-ਕਥਾਵਾਂ ਪੜ੍ਹੀਆਂ ਅਤੇ ਬਾਊਲਾਂ, ਫਕੀਰਾਂ ਅਤੇ ਸੂਫੀਆਂ ਨਾਲ ਘੁਮੱਕੜੀ ਕੀਤੀ। ਇਹੋ ਕਾਰਨ ਹੈ ਕਿ ਨਜ਼ਰੁਲ ਨੇ ਬਾਅਦ ਵਿਚ ਜੋ ਸ਼ਾਇਰੀ ਕੀਤੀ, ਉਹ ਫਿਰਕਾਪ੍ਰਸਤੀ ਦੇ ਸਖਤ ਖਿਲਾਫ ਸੀ। ਆਪਣੀ ਇਸ ਸੰਘਰਸ਼ਪੂਰਨ ਪਿੱਠਭੂਮੀ ਸਦਕਾ ਅਤੇ ਜੀਵਨ ਦੇ ਡੂੰਘੇ ਅਨੁਭਵ ਗ੍ਰਹਿਣ ਕਰਨ ਉਪਰੰਤ ਕਾਜ਼ੀ ਨਜ਼ਰੁਲ ਇਸਲਾਮ ਆਪਣੀ ਸ਼ਾਇਰੀ ਨਾਲ ਬੰਗਾਲੀ ਸਾਹਿਤ ਅਤੇ ਸੰਗੀਤ ਦੇ ਆਕਾਸ਼ ਉਤੇ ਧੂਮਕੇਤੂ ਤਾਰੇ ਵਾਂਗ ਪ੍ਰਗਟ ਹੋਏ ਜਿਸ ਵਿਚ ਸੂਰਜ ਦਾ ਤਾਪ ਅਤੇ ਚੰਦਰਮਾ ਦੀ ਸ਼ੀਤਲਤਾ ਸ਼ਾਮਲ ਸੀ।
ਕਵਿਤਾ ਦੇ ਨਾਲ ਨਾਲ ਨਜ਼ਰੁਲ ਇਸਲਾਮ ਦਾ ਨਾਟਕ ਲੇਖਨ ਅਤੇ ਨਾਟਕਾਂ ਵਿਚ ਗੀਤ ਲਿਖਣ ਦਾ ਰੁਝਾਨ ਵੀ ਵਿਗਸਿਆ। 1927 ਵਿਚ ਉਨ੍ਹਾਂ ਨੇ ਪਹਿਲੀ ਵਾਰ ਇਕ ਨਾਟਕ ‘ਚਾਂਦ ਸੌਦਾਗਰ’ ਵਿਚ ਅਦਾਕਾਰੀ ਵੀ ਕੀਤੀ। ਉਨ੍ਹਾਂ ਅਨੇਕ ਨਾਟਕਾਂ ਲਈ ਗੀਤ ਵੀ ਰਚੇ ਜਿਨ੍ਹਾਂ ਵਿਚ ‘ਮਹੂਆ ਦੇ ਕੰਠ’, ‘ਕਾਰਾਗਾਰ’, ‘ਸਤੀ’, ‘ਸਾਵਿਤਰੀ’, ‘ਰਕਤ ਕਮਲ’ ਆਦਿ ਸ਼ਾਮਲ ਸਨ। ਉਨ੍ਹਾਂ ਨੇ ਪੂਰੇ ਗੀਤ ਨਾਟਕ ਵੀ ਲਿਖੇ ਜਿਨ੍ਹਾਂ ਵਿਚ ‘ਆਲਿਓ’, ‘ਮਧੂਬਾਲਾ’ ਆਦਿ ਗੀਤ ਨਾਟਕ ਬਹੁਤ ਹੀ ਪ੍ਰਸਿਧ ਹੋਏ ਅਤੇ ਇਨ੍ਹਾਂ ਦੇ ਸੈਂਕੜੇ ਸ਼ੋਅ ਕੀਤੇ ਗਏ।
ਕਾਜ਼ੀ ਨਜ਼ਰੁਲ ਇਸਲਾਮ ਦੇ ਗੀਤਾਂ-ਕਵਿਤਾਵਾਂ ਵਿਚ ਅਜਿਹੇ ਆਵੇਗ, ਲਲਕਾਰ ਅਤੇ ਝਨਕਾਰ ਹੈ ਕਿ ਉਨ੍ਹਾਂ ਨੂੰ ‘ਵਿਦਰੋਹੀ ਕਵੀ’ ਦਾ ਦਰਜਾ ਮਿਲ ਗਿਆ। ਕੁਝ ਮੂਲਵਾਦੀ ਮੁਸਲਿਮ ਪੱਤਰਕਾਵਾਂ ਨੇ ਕਵੀ ਨਜ਼ਰੁਲ ਦੇ ਤਿੱਖੇ ਵਿਅੰਗ ਅਤੇ ਸਖਤ ਚੋਟਾਂ ਤੋਂ ਤਿਲਮਿਲਾ ਕੇ ਉਨ੍ਹਾਂ ਨੂੰ ‘ਧਰਮ-ਧਰੋਹੀ’ ਕਰਾਰ ਦਿੱਤਾ। ਉਨ੍ਹਾਂ ਨੂੰ ‘ਇਸਲਾਮ ਦਾ ਵੈਰੀ’ ਵੀ ਕਿਹਾ ਗਿਆ ਪਰ ਨਜ਼ਰੁਲ ਨੂੰ ਇਸ ਦੀ ਪਰਵਾਹ ਨਹੀਂ ਸੀ। ਜ਼ਿੰਦਗੀ ਵਿਚ ਗ਼ਰੀਬੀ ਅਤੇ ਮੁਸ਼ਕਿਲਾਂ ਨੇ ਉਨ੍ਹਾਂ ਦੀ ਸ਼ਖਸੀਅਤ ਨਿਖਾਰੀ ਸੀ। ਉਨ੍ਹਾਂ ਨੇ ਕਿਹਾ ਵੀ ਕਿ ‘ਦਾਰਿਦਦਰਿਆ ਮੋਰੇ ਕੋਰੇਛੇ ਮਹਾਨ’, ਅਰਥਾਤ ‘ਗਰੀਬੀ ਨੇ ਹੀ ਮੈਨੂੰ ਮਹਾਨ ਬਣਾਇਆ ਹੈ।’
ਆਪਣੀ ਇਸ ਗ਼ਰੀਬੀ ਨਾਲ ਸੰਘਰਸ਼ ਦੌਰਾਨ ਨਜ਼ਰੁਲ ਨੂੰ ਕਈ ਹਮਦਰਦ ਵੀ ਮਿਲੇ। ਕੁਮੁਦ ਰੰਜਨ ਮਲਿਕ ਨੇ ਉਨ੍ਹਾਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ। ਫਿਰ 1914 ਵਿਚ ਇਕ ਪੁਲਿਸ ਇੰਸਪੈਕਟਰ ਨੇ ਉਨ੍ਹਾਂ ਨੂੰ ਹਾਈ ਸਕੂਲ ਵਿਚ ਦਾਖਲ ਕਰਵਾਇਆ। ਪੜ੍ਹਾਈ ਦੌਰਾਨ ਉਨ੍ਹਾਂ ਨੇ ਸ਼ਾਸਤਰੀ ਸੰਗੀਤ ਵੀ ਸਿਖਿਆ। ਪਹਿਲੀ ਜੰਗ ਦੌਰਾਨ ਉਹ ਫੌਜ ਵਿਚ ਭਰਤੀ ਹੋ ਕੇ ‘ਬੰਗਾਲ ਰੈਜੀਮੈਂਟ’ ਵਿਚ ਰਹੇ। ਇਸੇ ਦੌਰਾਨ ਉਨ੍ਹਾਂ ਦੀ ਪਹਿਲੀ ਕਵਿਤਾ ‘ਅਵਾਰਾ ਦੀ ਆਤਮਕਥਾ’ ਛਪੀ। 1920 ਵਿਚ ਬੰਗਾਲੀ ਰੈਜੀਮੈਂਟ ਤੋਂ ਮੁਕਤ ਹੋ ਕੇ ਉਹ ਆਜ਼ਾਦੀ ਸੰਗਰਾਮ ਵਿਚ ਕੁੱਦ ਪਏ। ਅਣਵੰਡੇ ਬੰਗਾਲ ਦੇ ਪਹਿਲੇ ਪ੍ਰਧਾਨ ਮੰਤਰੀ ਫਜ਼ਲ-ਉਲ ਹੱਕ ਨਾਲ ਮਿਲ ਕੇ ਉਨ੍ਹਾਂ ਨੇ ਮੈਗਜ਼ੀਨ ਕੱਢਿਆ। ਫਿਰ ਇਕੱਲਿਆਂ ‘ਨਵਯੁਗ’ ਪੱਤ੍ਰਿਕਾ ਕੱਢੀ।
ਹੁਣ ਉਹ ਕਮਿਊਨਿਸਟਾਂ ਦੇ ਨੇੜੇ ਆ ਗਏ ਅਤੇ ਉਨ੍ਹਾਂ ਦੀ ਕਵਿਤਾ ‘ਉਡਾਓ ਉਡਾਓ ਲਾਲ ਨਿਸ਼ਾਨ’ ਕਮਿਊਨਿਸਟ ਕਾਰਕੁਨਾਂ ਵਿਚ ਬੇਹੱਦ ਮਜ਼ਬੂਤ ਹੋ ਗਈ ਸੀ। ਬਰਤਾਨਵੀ ਹਕੂਮਤ ਦੀਆਂ ਅੱਖਾਂ ਵਿਚ ਨਜ਼ਰੁਲ ਰੜਕਣ ਲੱਗੇ ਅਤੇ ਉਨ੍ਹਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਜੇਲ੍ਹ ਅੰਦਰ ਵੀ ਨਜ਼ਰੁਲ ਦੀ ਵਿਦਰੋਹੀ ਆਤਮਾ ਨੂੰ ਕੁਚਲਿਆ ਨਹੀਂ ਜਾ ਸਕਿਆ ਅਤੇ ਉਨ੍ਹਾਂ ਕੈਦੀਆਂ ਦੇ ਹੱਕਾਂ ਲਈ ਚਾਲੀ ਦਿਨ ਲੰਮੀ ਭੁੱਖ ਹੜਤਾਲ ਕੀਤੀ। ਰਵਿੰਦਰ ਨਾਥ ਟੈਗੋਰ ਨੇ ਵੀ ਉਨ੍ਹਾਂ ਦੀ ਭੁੱਖ ਹੜਤਾਲ ਬਾਰੇ ਫਿਕਰਮੰਦੀ ਜਤਾਈ।
ਜੇਲ੍ਹ ਤੋਂ ਬਾਹਰ ਆ ਕੇ ਨਜ਼ਰੁਲ ਦੀ ਸ਼ਖਸੀਅਤ ਵਿਚੋਂ ਹੋਰ ਚਿੰਗਾੜੀਆਂ ਨਿਕਲਣ ਲੱਗੀਆਂ। ਉਨ੍ਹਾਂ ਨੇ ‘ਯੁਗਵਾਣੀ’ ਤੇ ‘ਬਿਜਲੀ’ ਆਦਿ ਪੱਤ੍ਰਿਕਾਵਾਂ ਦਾ ਸੰਪਾਦਨ ਕੀਤਾ। ‘ਬਿਜਲੀ’ ਵਿਚ ਉਨ੍ਹਾਂ ਦੀ ਅਮਰ ਕਵਿਤਾ ‘ਵਿਦਰੋਹੀ’ ਛਪੀ ਜੋ ਉਨ੍ਹਾਂ ਦੇ ਨਾਂ ਨਾਲ ਪੱਕੀ ਤਰ੍ਹਾਂ ਜੁੜ ਗਈ। ‘ਭਾਂਗਰ ਗਾਨ’, ‘ਬਿਸ਼ੇਰ ਬਾਂਸੀ’, ‘ਪ੍ਰਲਯ ਸਿਖਾ’, ‘ਸਾਮਯਵਾਦੀ’ ਅਤੇ ‘ਸਰਵਹਾਰਾ’ ਆਦਿ ਉਨ੍ਹਾਂ ਦੇ ਕਾਵਿ ਸੰਕਲਨ ਛਪੇ।
ਆਜ਼ਾਦੀ ਤੋਂ ਬਾਅਦ ਨਜ਼ਰੁਲ ਦੀ ਸਿਹਤ ਠੀਕ ਨਹੀਂ ਰਹੀ ਅਤੇ ਉਨ੍ਹਾਂ ਦੀ ਸਿਰਜਣਾਤਮਕ ਕਰਮ ਰੁਕ ਜਿਹਾ ਗਿਆ। ਉਨ੍ਹਾਂ ਨੇ ਆਪਣੇ ਆਪ ਨੂੰ ‘ਵਰਤਮਾਨ ਦਾ ਕਵੀ’ ਕਿਹਾ ਸੀ:
ਵਰਤਮਾਨ ਦਾ ਕਵੀ ਹਾਂ ਭਰਾਵਾ,
ਭਵਿਖ ਦਾ ਨਹੀਂ ਮੈਂ ਨਬੀ।
ਕਵੀ-ਅਕਵੀ ਕਹੋ ਜੋ ਵੀ,
ਸਭ ਸਹਿ ਲੈਂਦਾ ਮੂੰਹ ਸੀਤੇ।
ਨਜ਼ਰੁਲ ਦੀ ਸ਼ਖਸੀਅਤ ਕਬੀਰ ਅਤੇ ਨਿਰਾਲਾ ਵਾਂਗ ਫੱਕਰਾਂ ਵਾਂਗ ਸੀ। ਦਸ ਰੁਪਏ ਦੀ ਕਮਾਈ ਵਿਚੋਂ ਨੌਂ ਰੁਪਏ ਉਹ ਹੋਰਾਂ ਨੂੰ ਦੇ ਕੇ ਆਪ ਇਕ ਰੁਪਏ ਵਿਚ ਆਪਣਾ ਗੁਜ਼ਾਰਾ ਕਰ ਲੈਂਦੇ ਸਨ ਪਰ ਉਛਲਦੀਆਂ ਤਰੰਗਾਂ ਵਾਲੇ ਵਿਸ਼ਾਲ ਸਾਗਰ ਵਰਗੇ ਇਸ ਦੀ ਕਵਿਤਾ ਵਿਚ ਆਤਮ-ਵਿਰਲਾਪ ਜਾਂ ਆਪਣੇ ਉਤੇ ਤਰਸ ਦੀ ਭਾਵਨਾ ਦੂਰ ਦੂਰ ਤਕ ਨਜ਼ਰ ਨਹੀਂ ਆਉਂਦੀ। ਉਸ ਦੀ ਕਵਿਤਾ, ਗੀਤਾਂ ਅਤੇ ਨਾਟਕਾਂ ਵਿਚ ਸਮਾਜ, ਲੋਕਾਈ ਅਤੇ ਦੇਸ਼ ਦੀ ਦੁਰਦਸ਼ਾ ਦੇ ਹੀ ਚਿਤਰ ਉਕਰੇ ਗਏ ਹਨ, ਆਪਣੀ ਗ਼ਰੀਬੀ ਜਾਂ ਮੁਸ਼ਕਿਲਾਂ ਦੇ ਨਹੀਂ।
ਇਕ ਤਰ੍ਹਾਂ ਨਾਲ ਇਸ ਨੂੰ ਕੌਮੀ ਯਾਦਗਾਰ ਬਣਾਇਆ ਗਿਆ ਹੈ। ਇਸ ਦੁਮੰਜ਼ਿਲੇ ਭਵਨ ਦੇ ਹੇਠਾਂ ਅਕਾਦਮੀ ਦਾ ਦਫਤਰ ਹੈ ਅਤੇ ਉਪਰਲੇ ਤਲ ਉਤੇ ‘ਕਵੀ ਕਮਰਾ’ ਹੈ, ਜਿਸ ਵਿਚ ਕਵੀ ਦੀਆਂ ਕਿਰਤਾਂ ਦੇ ਖਰੜੇ ਅਤੇ ਉਨ੍ਹਾਂ ਵਲੋਂ ਵਰਤੀਆਂ ਵਸਤਾਂ ਕਪੜੇ, ਗਰਾਮੋਫੋਨ, ਮੰਜੀ, ਆਸਨ, ਦਸ ਖਰੜੇ, ਪਦਮਭੂਸ਼ਨ (1960) ਦਾ ਮੈਡਲ, ਇਕ ਜਰਮਨ ਕਲਾਕਾਰ ਵਲੋਂ ਬਣਾਇਆ ਕਵੀ ਦਾ ਚਿਤਰ ਅਤੇ ਕਵੀ-ਪਤਨੀ ਪ੍ਰਮਿਲਾ ਵਲੋਂ ਵਰਤੀ ਗਈ ਚੌਂਕੀ ਰੱਖੀ ਹੋਈ ਹੈ। ਨਜ਼ਰੁਲ ਅਕਾਦਮੀ ਵਿਚ ਲਾਇਬਰੇਰੀ ਅਤੇ ਸੰਗ੍ਰਹਿਆਲਾ ਵੀ ਹੈ। ਨੇੜੇ ਹੀ ਕਵੀ-ਪਤਨੀ ਪ੍ਰਮਿਲਾ ਦੀ ਸਮਾਧੀ ਹੈ।