ਪ੍ਰਸ਼ਾਦ ‘ਤੇ ਪਿਆ ਪ੍ਰਛਾਵਾਂ?

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪਿੰਡਾਂ ਥਾਂਵਾਂ ਵਿਚ ਕੋਈ ਛੋਟਾ ਬੱਚਾ ਦੁੱਧ ਚੁੰਘਦਾ ਜਾਂ ਖਾਂਦਾ-ਪੀਂਦਾ ਵੀ ਸੁੱਕੀ ਜਾਵੇ ਅਤੇ ਦੂਜੇ ਬੱਚਿਆਂ ਦੇ ਮੁਕਾਬਲੇ ਉਸ ਦੀ ਸਿਹਤ ਦਿਨੋ-ਦਿਨ ਡਿਗਦੀ ਜਾ ਰਹੀ ਦਿਸੇ ਤਾਂ ਅਕਸਰ ਮਾਈਆਂ ਕਹਿੰਦੀਆਂ ਨੇ ਕਿ ਇਹਨੂੰ ਤਾਂ ਭਾਈ ‘ਪੜਛਾਵਾਂ’ (ਪ੍ਰਛਾਵਾਂ) ਪਿਆ ਲਗਦਾ ਹੈ। ਅਜਿਹੇ ਬੱਚੇ ਦੀ ਵਿਗੜ ਰਹੀ ਸਿਹਤ ਪਿਛੇ ਅਸਲ ਕਾਰਨ ਤਾਂ ਉਸ ਦੇ ਅੰਦਰਲਾ ਕੋਈ ਵਿਗਾੜ ਹੁੰਦਾ ਹੈ ਪਰ ਪੇਂਡੂ ਇਲਾਕਿਆਂ ਵਿਚ ਆਮ ਤੌਰ ‘ਤੇ ਅਜਿਹੇ ਬੱਚੇ ਨੂੰ ਝਾੜਾ ਜਾਂ ਹਥੌਲਾ ਕਰਾਉਣ ਵਾਸਤੇ ਕਿਸੇ ‘ਸਿਆਣੇ’ ਕੋਲ ਲਿਜਾਇਆ ਜਾਂਦਾ ਹੈ।

ਅਨਪੜ੍ਹ ਲੋਕਾਂ ਵਲੋਂ ਕੀਤੇ ਜਾਂਦੇ ਸਿਰੇ ਦੇ ਅੰਧਵਿਸ਼ਵਾਸ ਵਾਲੀ ਇਸ ਭੂਮਿਕਾ ਦਾ ਕੜਾਹ ਪ੍ਰਸ਼ਾਦ ਨਾਲ ਭਲਾ ਕੀ ਸਬੰਧ ਹੋ ਸਕਦਾ ਹੈ? ਇਹ ਭੇਤ ਖੋਲ੍ਹਣ ਤੋਂ ਪਹਿਲਾਂ ਸਿੱਖ ਧਰਮ ਵਿਚ ਗੁਰ ਪ੍ਰਸਾਦਿ ਵਜੋਂ ਪ੍ਰਵਾਨੇ ਗਏ ਕੜਾਹ ਪ੍ਰਸ਼ਾਦ ਬਾਰੇ ਕੁਝ ਮਿੱਠੀਆਂ ਮਿੱਠੀਆਂ ਗੱਲਾਂ ਕਰ ਲਈਏ।
ਇਤਿਹਾਸ ਦੇ ਖੋਜੀ ਮਰਹੂਮ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਸੁਣਾਉਂਦੇ ਹੁੰਦੇ ਸਨ ਕਿ ਸਿੱਖ ਧਰਮ ਵਿਚ ਕੜਾਹ ਪ੍ਰਸ਼ਾਦ ਦੀ ਆਮਦ ਉਦੋਂ ਹੋਈ ਮੰਨੀ ਜਾਂਦੀ ਹੈ, ਜਦੋਂ ਗੁਰੂ ਨਾਨਕ ਦੀ ਸਿੱਧਾਂ ਨਾਥਾਂ ਨਾਲ ਭੇਟ ਵਾਰਤਾ ਹੋਈ ਸੀ। ਲੰਮਾ ਸਮਾਂ ਚਲੀ ਸਿਧਾਂਤਕ ਗੋਸ਼ਟੀ ਪਿਛੋਂ ਬਹੁਤ ਬਿਰਧ ਅਵਸਥਾ ਵਾਲੇ ਨਾਥ ਬਾਬਿਆਂ ਨੇ ਨਵੀਂ ਅੜਾਉਣੀ ਵਜੋਂ ਗੁਰੂ ਸਾਹਿਬ ਅੱਗੇ ਇਹ ਫਰਮਾਇਸ਼ ਰੱਖੀ ਕਿ ਬੁਢਾਪੇ ਕਾਰਨ ਖੀਣ ਹੋਏ ਸਾਡੇ ਮੂੰਹ ਵਿਚ ਦੰਦ ਨਹੀਂ ਹਨ, ਸਾਡੀ ਭੁੱਖ ਦੇ ਇਲਾਜ ਵਾਸਤੇ ਸਾਨੂੰ ਕੋਈ ਅਜਿਹਾ ਭੋਜਨ ਛਕਾਉ ਜਿਸ ਨੂੰ ਚਿੱਥਣ ਚਬਾਉਣ ਦੀ ਲੋੜ ਹੀ ਨਾ ਪਵੇ। ਦਿਲਬਰ ਜੀ ਮੁਤਾਬਕ ਉਸ ਮੌਕੇ ਗੁਰੂ ਸਾਹਿਬ ਦਾ ਇਸ਼ਾਰਾ ਪਾ ਕੇ ਭਾਈ ਮਰਦਾਨੇ ਨੇ ਯਤਨ ਕਰਕੇ ਤਿਹਾਉਲੇ ਦਾ ਕੜਾਹ ਪ੍ਰਸ਼ਾਦ ਤਿਆਰ ਕੀਤਾ। ਸਿੱਧ ਬਾਬੇ ਨਰਮ ਨਰਮ ਕੜਾਹ ਪ੍ਰਸ਼ਾਦ ਦੇ ਗੋਲੇ ਵੱਟ ਵੱਟ ਅੰਦਰ ਸੁੱਟੀ ਗਏ ਹੋਣਗੇ।
ਕੜਾਹ ਪ੍ਰਸ਼ਾਦ ਬਾਰੇ ਇਕ ਹੋਰ ਵਿਦਵਾਨ ਡਾ. ਗੁਰਸ਼ਰਨਜੀਤ ਸਿੰਘ ਦੇ ਵਿਚਾਰ ਵੀ ਪੜ੍ਹਨਯੋਗ ਹਨ। ਆਪਣੀ ਕਿਤਾਬ ‘ਗੁਰਮਤਿ ਨਿਰਣੈ ਕੋਸ਼’ ਦੇ ਸਫਾ 61 ਉਤੇ ਉਹ ਲਿਖਦੇ ਹਨ, “ਕੜਾਹ ਪ੍ਰਸ਼ਾਦ ਅਜਿਹਾ ਪੌਸ਼ਟਿਕ ਅਤੇ ਪਵਿਤਰ ਪਦਾਰਥ ਹੈ, ਜੋ ਸਿੱਖਾਂ ਦੇ ਦੀਵਾਨ ਵਿਚ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਣ ਉਪਰੰਤ ਆਈ ਸੰਗਤ ਵਿਚ ਵਰਤਾਇਆ ਜਾਂਦਾ ਹੈ।”
ਇਸੇ ਪ੍ਰਥਾਇ ਡਾਕਟਰ ਸਾਹਿਬ ਅਗਾਂਹ ਦੱਸਦੇ ਹਨ, “ਗੁਰੂ ਗ੍ਰੰਥ ਸਾਹਿਬ ਨੂੰ ਚੜ੍ਹਾਵੇ ਵਜੋਂ ਪੈਸਾ, ਸੋਨਾ-ਚਾਂਦੀ, ਰੁਮਾਲੇ, ਫੁੱਲ, ਫਲ, ਮਠਿਆਈ, ਸੁੱਕੇ ਮੇਵੇ, ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਦੇਸੀ ਘੀ, ਖੀਰ ਆਦਿ ਚੜ੍ਹਾਏ ਜਾਂਦੇ ਵੇਖੇ ਹਨ ਪਰ ਇਨ੍ਹਾਂ ਸਭ ਤੋਂ ਉਪਰ ਕੜਾਹ ਪ੍ਰਸ਼ਾਦ ਮੰਨਿਆ ਗਿਆ ਹੈ। ਅਜਿਹਾ ਇਸ ਦੀ ਪਵਿਤਰਤਾ ਕਾਰਨ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਿਧਾਨਕ ਤੌਰ ‘ਤੇ ਗੁਰੂ-ਘਰ ਵਿਚ ਕੜਾਹ ਪ੍ਰਸ਼ਾਦ ਹੀ ਚੜ੍ਹਾਵੇ ਵਜੋਂ ਪ੍ਰਵਾਨਿਤ ਹੈ ਅਤੇ ਅਰਦਾਸ ਵਿਚ ਕੇਵਲ ਕੜਾਹ ਪ੍ਰਸ਼ਾਦ ਨੂੰ ਹੀ ਪ੍ਰਵਾਨਗੀ ਦੀ ਗੱਲ ਦਰਜ ਕੀਤੀ ਜਾਂਦੀ ਹੈ।…ਗੁਰੂ ਗ੍ਰੰਥ ਸਾਹਿਬ ਦਾ ਵਾਕ ਲੈਣ ਉਪਰੰਤ ਕੜਾਹ ‘ਪ੍ਰਸ਼ਾਦ’ ਬਣ ਜਾਂਦਾ ਹੈ।”
ਅਸਲ ਮੁੱਦੇ ਵੱਲ ਆਉਣ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਬਾਰੇ ਕੁਝ ਗੱਲਾਂ ਹੋਰ। ਪੰਜਾਬੀਆਂ ਵਿਚ ਆਮ ਪਰ ਸਿੱਖ ਸਮਾਜ ਵਿਚ ਖਾਸ ਤੌਰ ‘ਤੇ ਕੜਾਹ, ‘ਪ੍ਰਸ਼ਾਦ’ ਵਜੋਂ ਇਸ ਕਦਰ ਮਕਬੂਲ ਹੋ ਚੁਕਾ ਹੈ ਕਿ ਘਰਾਂ ਵਿਚ ਬਣਾਏ ਜਾਂਦੇ ਕੜਾਹ ਨੂੰ ‘ਪ੍ਰਸ਼ਾਦ ਬਣਾਇਆ’ ਹੀ ਕਿਹਾ ਜਾਂਦਾ ਹੈ। ਸਿੱਖ ਸਭਿਆਚਾਰ ਵਿਚਲੇ ‘ਦੇਗ’ ਸ਼ਬਦ ਦਾ ਅਰਥ ਭਾਵੇਂ ਲੋਹ ਲੰਗਰ ਹੈ, ਪਰ ਕਈ ਵਾਰ ਕੜਾਹ ਨੂੰ ਵੀ ‘ਦੇਗ’ ਕਹਿ ਲਿਆ ਜਾਂਦਾ ਹੈ। ਘਰ ਵਿਚ ਆਏ ਸੱਗੇ-ਰੱਤੇ ਪ੍ਰਾਹੁਣਿਆਂ ਦੀ ਆਓ ਭਗਤ ਕਰਨ ਹਿਤ ਬਣਾਏ ਜਾਂਦੇ ਖਾਧ ਪਦਾਰਥ ਵਿਚ ਖੀਰ ਦੇ ਨਾਲ ਕੜਾਹ ਜ਼ਰੂਰ ਬਣਾਇਆ ਜਾਂਦਾ ਹੈ। ਵਿਆਹ ਪਿਛੋਂ ਨਵੀਂ ਨਵੇਲੀ ਨੂੰਹ ਨੂੰ ਜਦੋਂ ਸ਼ਗਨਾਂ ਨਾਲ ਚੌਂਕੇ ਚੜ੍ਹਾਇਆ ਜਾਂਦਾ ਹੈ ਤਾਂ ਉਹਦੇ ਹੱਥੀਂ ਕੜਾਹ ਬਣਵਾਇਆ ਜਾਂਦਾ ਹੈ। ਜਨ ਸਾਧਾਰਨ ਵਲੋਂ ਪ੍ਰਸ਼ਾਦ ਵਰਤਾਉਣ ਵਾਲੇ ਭਾਈਆਂ-ਗ੍ਰੰਥੀਆਂ ਉਤੇ ਜਿਹੜੇ ਕਦੇ ਵਿਅੰਗ-ਟੋਟਕੇ ਕੱਸੇ ਜਾਂਦੇ ਸਨ, ‘ਭਾਈ ਜੀ ਨੇ ਮਾਰੀ ਅੱਖ, ਕੜਾਹੀ ਅੰਦਰ ਰੱਖ, ਠੰਢਾ ਕਰ ਕਰ ਖਾਵਾਂਗੇ…।’ ਇਨ੍ਹਾਂ ਪਿੱਛੇ ਵੀ ਆਮ ਲੋਕਾਂ ਦੀ ਕੜਾਹ ਛਕਣ ਦੀ ਅਧੂਰੀ ਲਾਲਸਾ ਹੀ ਦਿਖਾਈ ਦਿੰਦੀ ਹੈ। ਆਪਣੇ ਬਚਪਨ ਵਿਚ ਗੁਰਦੁਆਰਿਆਂ ਵਿਖੇ ਕਈ ਕਈ ਵਾਰੀ ਪ੍ਰਸ਼ਾਦ ਲੈਣਾ ਕਿਹਨੂੰ ਭੁੱਲਿਆ ਹੋਣਾ?
ਹੁਣ ਭੂਮਿਕਾ ‘ਚ ਕਹੀ ਪ੍ਰਛਾਵੇਂ ਵਾਲੀ ਗੱਲ ਵੱਲ ਮੋੜਾ ਪਾਈਏ। ਪੰਜਾਬ ਤੋਂ ਇਕ ਜਾਣੂ ਗ੍ਰੰਥੀ ਸਿੰਘ ਨੇ ਮੈਨੂੰ ਫੋਨ ਰਾਹੀਂ ਫੋਟੋ ਭੇਜੀ। ਆਮ ਘਰਾਂ ਵਿਚ ਵਰਤੀ ਜਾਂਦੀ ਦਰਮਿਆਨੀ ਜਿਹੀ ਕੜਾਹੀ ਵਿਚ ਪਾਈਆ ਕੁ ਘਿਉ ਦਾ ਕੜਾਹ ਪ੍ਰਸ਼ਾਦ ਬਣਿਆ ਪਿਆ ਸੀ। ਫੋਟੋ ਹੇਠਾਂ ਲਿਖਿਆ ਹੋਇਆ ਸੀ, ‘ਅਨੰਦ ਕਾਰਜ ਲਈ ਦੇਗ ਤਿਆਰ!’ ਇਸ ਸਤਰ ਨੇ ਮੈਨੂੰ ਚੱਕਰਾਂ ‘ਚ ਪਾ ਦਿੱਤਾ ਕਿਉਂਕਿ ਮੈਂ ਖੁਦ ਸੋਲਾਂ-ਸਤਾਰਾਂ ਸਾਲ ਪਿੰਡ ਰਹਿੰਦਿਆਂ ਅਨੰਦ ਕਾਰਜ ਕਰਵਾਉਂਦਾ ਰਿਹਾ ਹਾਂ। ਉਦੋਂ ਇਸ ਮੌਕੇ ਘੱਟ ਤੋਂ ਘੱਟ ਇਕ ਕਿਲੋ, ਨਹੀਂ ਢਾਈ ਤਿੰਨ ਕਿਲੋ ਘਿਉ ਦਾ ਪ੍ਰਸ਼ਾਦ ਬਣਾਉਣਾ ਪੈਂਦਾ ਹੁੰਦਾ ਸੀ ਪਰ ਹੁਣ ਅਨੰਦ ਕਾਰਜਾਂ ਮੌਕੇ ਪਾਈਏ ਦਾ ਪ੍ਰਸ਼ਾਦ?
ਢਾਈ-ਤਿੰਨ ਕਿਲੋ ਤੋਂ ਸੁੰਗੜ ਕੇ ਪਾਈਏ ਤਕ ਆ ਪਹੁੰਚੇ ਕੜਾਹ ਪ੍ਰਸ਼ਾਦ ਬਾਰੇ ਵਿਸਥਾਰ ਸਹਿਤ ਜਾਣਕਾਰੀ ਲੈਣ ਲਈ ਮੈਂ ਫੋਟੋ ਭੇਜਣ ਵਾਲੇ ਅਤੇ ਵੱਖ-ਵੱਖ ਇਲਾਕਿਆਂ ਦੇ ਹੋਰ ਰਾਗੀਆਂ, ਗ੍ਰੰਥੀਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਫੋਨ ਰਾਹੀਂ ਸੰਪਰਕ ਬਣਾਇਆ। ਇਸ ਲਿਖਤ ਦੀਆਂ ਅਗਲੀਆਂ ਸਤਰਾਂ ਇਨ੍ਹਾਂ ਸਾਰਿਆਂ ਵਲੋਂ ਦੱਸੀਆਂ ਗੱਲਾਂ ‘ਤੇ ਹੀ ਆਧਾਰਤ ਹਨ:
ਮੁੱਖ ਤੌਰ ‘ਤੇ ਕੜਾਹ ਪ੍ਰਸ਼ਾਦ ਉਤੇ ਮੈਰਿਜ ਪੈਲੇਸਾਂ ਦਾ ‘ਪ੍ਰਛਾਵਾਂ’ ਪਿਆ ਹੈ…ਪੈਲੇਸਾਂ ਵਿਚ ਪਰੋਸੇ ਜਾਂਦੇ ਪਦਾਰਥਾਂ ਦੀ ਗਿਣਤੀ ਵਧਦੀ ਰਹੀ ਹੈ ਪਰ ਕੜਾਹ ਪ੍ਰਸ਼ਾਦ ‘ਸੁੰਗੜਦਾ’ ਜਾ ਰਿਹਾ ਹੈ…ਧੇਤੇ-ਪੁਤੇਤੇ ਮਾਈ-ਭਾਈ ਪੈਲੇਸ ਵਿਚ ਤਾਂ ਕੇਕ, ਬਰਫੀਆਂ ਤੇ ਛੇ ਛੇ ਗੁਲਾਬ ਜਾਮਣਾਂ, ਰਸਗੁੱਲੇ ਬੜੇ ਸਵਾਦ ਨਾਲ ਛਕ ਲੈਂਦੇ ਹਨ ਪਰ ਅਨੰਦ ਕਾਰਜ ਮੌਕੇ ਪ੍ਰਸ਼ਾਦ ਲੈਣ ਵੇਲੇ ਉਨ੍ਹਾਂ ਨੂੰ ‘ਸ਼ੂਗਰ’ ਦਾ ਚੇਤਾ ਆ ਜਾਂਦਾ ਹੈ। ਵਿਆਹੁੰਦੜ ਜੋੜੀ ਦੇ ਚਾਚੇ, ਤਾਏ, ਮਾਮੇ, ਫੁੱਫੜ ਸੁੱਖ ਨਾਲ ਭਾਵੇਂ ਤਿੰਨ-ਤਿੰਨ ਚਾਰ-ਚਾਰ ਹੋਣ ਪਰ ਫੇਰਿਆਂ ‘ਤੇ ਇਕ-ਅੱਧਾ ਹੀ ਪਹੁੰਚਦਾ ਹੈ, ਬਾਕੀ ਦੇ ਟਲ ਜਾਂਦੇ ਹਨ। ਜਿਹੜਾ ਕੋਈ ਪਹੁੰਚਦਾ ਵੀ ਐ, ਉਹ ਅਨੰਦ ਕਾਰਜ ਦੀ ਮਹੱਤਤਾ ਕਾਰਨ ਨਹੀਂ ਸਗੋਂ ਰਿਸ਼ਤੇਦਾਰੀ ਦੀ ਸ਼ਰਮ ਦਾ ਮਾਰਿਆ ਹੀ ਪਹੁੰਚਦਾ ਹੈ।
ਲਾ-ਪਾ ਕੇ ਜਿਹੜੇ ਪੰਜ ਸੱਤ ਕੁ ‘ਸਰੀਰ’ ਫੇਰਿਆਂ ‘ਤੇ ਗੁਰਦੁਆਰੇ ਪਹੁੰਚਦੇ ਹਨ, ਉਹ ਵੀ ਜੂਸ, ਮਠਿਆਈ, ਪਨੀਰ-ਪਕੌੜੇ, ਫਿਸ਼ ਤੇ ਆਮਲੇਟ ਨਾਲ ਲੇੜ੍ਹੇ ਹੋਏ ਹੁੰਦੇ ਹਨ ਅਤੇ ਉਨ੍ਹਾਂ ਨੇ ਪੈਲੇਸ ਵਿਚ ਜਾ ਕੇ ਮੁੜ ਸੋਮ ਰਸ, ਚਿਕਨ ਅਤੇ ਮੀਟ ਦੇ ਆਹੂ ਲਾਹੁਣੇ ਹੁੰਦੇ ਹਨ। ਰੱਜੀ ਹੋਈ ਬੱਕਰੀ ਵਾਂਗ ਕੁੱਖਾਂ ਕੱਢ ਕੇ ਸੂੰਕਾਂ ਮਾਰਦੇ ਇਹ ‘ਸੱਜਣ’ ਫਿਰ ਪ੍ਰਸ਼ਾਦ ਕਿਥੇ ਪਾਉਣ?…ਇਹ ਫਿਰ ‘ਸਵਾਇਆ ਸਵਾਇਆ’ ਕਰਦੇ ਵਰਤਾਵੇ ਮੋਹਰੇ ਬੁੱਕ ਤਾਂ ਕਰ ਦਿੰਦੇ ਨੇ ਪਰ ਛੂਆ-ਬਾਈ ਜਿਹੀ ਕਰਕੇ ਹੱਥ ਵਾਲਾ ਪ੍ਰਸ਼ਾਦ ਅੱਗੇ ਤੋਂ ਅੱਗੇ ‘ਸਪਲਾਈ’ ਕਰ ਛੱਡਦੇ ਹਨ। ਇਕ ਨਵੀਂ ਜਾਣਕਾਰੀ ਹੋਰ ਮਿਲੀ, ਕਹਿੰਦੇ ਵਿਆਹੁੰਦੜ ਲੜਕਾ ਤਾਂ ਗੁਰੂ ਮਹਾਰਾਜ ਦੀ ਹਜ਼ੂਰੀ ਬੈਠਾ ਹੀ ਪ੍ਰਸ਼ਾਦ ਲੈ ਕੇ ਉਸ ਵੇਲੇ ਛਕ ਲੈਂਦਾ ਹੈ, ਲਾੜੀਆਂ ਪ੍ਰਸ਼ਾਦ ਲੈ ਤਾਂ ਲੈਂਦੀਆਂ ਹਨ ਪਰ ਉਸ ਵੇਲੇ ਨਾਲ ਬੈਠੀਆਂ ‘ਹੈਲਪਰਾਂ’ ਨੂੰ ਫੜਾ ਦਿੰਦੀਆਂ ਹਨ। ਸ਼ਾਇਦ ਉਨ੍ਹਾਂ ਦਾ ਬੇਓੜਕਾ ਮੇਕ-ਅੱਪ ਪ੍ਰਸ਼ਾਦ ਛਕਣ ‘ਚ ਅੜਿੱਕਾ ਬਣਦਾ ਹੋਵੇ!
ਕਹਿੰਦੇ, ਹੁਣ ਸ਼ਾਇਦ ਹੀ ਕਿਸੇ ‘ਸੁਭਾਗੇ’ ਅਨੰਦ ਕਾਰਜ ਵੇਲੇ ਕਿੱਲੋ ਜਾਂ ਇਸ ਤੋਂ ਜ਼ਰਾ ਵੱਧ ਘਿਉ ਦਾ ਪ੍ਰਸ਼ਾਦ ਬਣਦਾ ਹੋਵੇ, ਨਹੀਂ ਤਾਂ ਪਾਈਏ ਨਾਲ ਹੀ ਸਰੀ ਜਾਂਦਾ ਹੈ। ਇਹ ਵੀ ਪਤਾ ਲੱਗਾ ਕਿ ਅਨੰਦ ਕਾਰਜਾਂ ਮੌਕੇ ਹੀ ਨਹੀਂ, ਹੁਣ ਆਮ ਭੋਗ ਸਮਾਗਮਾਂ ਮੌਕੇ ਵੀ ਪੈਰ ਮਿੱਧ ਮਿੱਧ ਕੇ ਪ੍ਰਸ਼ਾਦ ਲੈਣ ਦੇ ਦ੍ਰਿਸ਼ ਨਜ਼ਰੀਂ ਨਹੀਂ ਪੈਂਦੇ।
ਦਸਵੇਂ ਗੁਰੂ ਜੀ ਦੇ ਚੌਰ ਬਰਦਾਰ ਭਾਈ ਕੀਰਤੀਏ ਵਾਲੀ ਸਾਖੀ ਵਿਚਲੇ ਧੰਨੇ ਸਿੱਖ ਵਲੋਂ ਭਾਵੇਂ ਪ੍ਰਸ਼ਾਦ ਦਾ ਥੱਲੇ ਡਿੱਗਾ ਕਿਣਕਾ ਛਕ ਕੇ ਪ੍ਰਸੰਨ ਹੋਣ ਦੀ ਆਪਣੀ ਮਹਾਨਤਾ ਹੈ ਪਰ ‘ਦੇਗ ਤੇਗ ਫਤਿਹ, ਪੰਥ ਕੀ ਜੀਤ’ ਦੇ ਜੋਸ਼ੀਲੇ ਨਾਹਰੇ ਮਾਰਨ ਵਾਲੀ ਕੌਮ ਵਿਚ ਕੜਾਹ ਪ੍ਰਸ਼ਾਦ ਦੀ ਹੋ ਰਹੀ ਬੇਕਦਰੀ ਬਾਰੇ ਜ਼ਰੂਰ ਸੋਚ ਵਿਚਾਰ ਕਰਨੀ ਚਾਹੀਦੀ ਹੈ ਕਿ ਪ੍ਰਸ਼ਾਦ ਉਤੇ ਮੈਰਿਜ ਪੈਲੇਸਾਂ ਦਾ ਕਲਹਿਣਾ ਪ੍ਰਛਾਵਾਂ ਹੀ ਪੈ ਰਿਹਾ ਹੈ ਜਾਂ ਇਸ ਦੇ ਕੋਈ ਹੋਰ ਕਾਰਨ ਵੀ ਹੋ ਸਕਦੇ ਹਨ?