ਅਜੋਕਾ ਯੁਗ ਤੇ ਪੰਜਾਬੀ ਵਿਰਸੇ ਦੀ ਸਾਰਥਕਤਾ

ਡਾ. ਜਸਪਾਲ ਸਿੰਘ (ਯੂ. ਐਸ਼ ਏ.)
ਪੰਜਾਬੀ ਕੌਮ ਹਜ਼ਾਰਾਂ ਸਾਲ ਪੁਰਾਣੀ ਹੈ। ਪੰਜਾਬੀਆਂ ਦਾ ਵਿਰਸਾ ਹਜ਼ਾਰਾਂ ਸਾਲਾਂ ਦੇ ਸਫਰ ਵਿਚ ਬਣਿਆ, ਨਿਖਰਿਆ ਤੇ ਪੁਖਤਾ ਹੋਇਆ ਹੈ। ਕੀ ਇਹ ਵਿਰਸਾ ਪੰਜਾਬੀਆਂ ਨੂੰ ਅੱਜ ਦੇ ਹਾਲਾਤ ਨਾਲ ਨਿਪਟਣ ਵਿਚ ਸੇਧ ਦੇ ਸਕਦਾ ਹੈ? ਅਜੋਕੇ ਹਾਲਾਤ ਨੇ ਪੰਜਾਬ ਵਿਚ ਇਕ ਬਹੁਤ ਵੱਡੀ ਤਬਦੀਲੀ ਲਿਆਂਦੀ ਹੈ। ਇੰਜ ਲਗਦਾ ਹੈ ਜਿਵੇਂ ਹਰ ਚੀਜ਼ ਉਥਲ-ਪੁਥਲ ਹੋ ਰਹੀ ਹੈ। ਪਹਿਲੀਆਂ ਸਭ ਕਦਰਾਂ ਕੀਮਤਾਂ ਬਿਖਰ ਰਹੀਆਂ ਹਨ। ਹਰੇਕ ਪੁਰਾਣੇ ਰਿਸ਼ਤੇ ਅਤੇ ਕਦਰ ਨੂੰ ਢਾਹ ਲੱਗ ਰਹੀ ਹੈ।

ਮਿਸਾਲ ਵਜੋਂ ਪਹਿਲਾਂ ਕਿਹਾ ਜਾਂਦਾ ਸੀ ਕਿ ਭਰਾ ਇਕ ਦੂਜੇ ਦੀਆਂ ਬਾਂਹਾਂ ਹੁੰਦੇ ਹਨ, ਪਰ ਹੁਣ ਹਾਲਾਤ ਇਹ ਹਨ ਕਿ ਅੱਜ ਭਰਾ ਭਰਾ ਨਾਲ ਗੱਲ ਕਰਨ ਨੂੰ ਤਿਆਰ ਨਹੀਂ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਔਲਾਦ ਵੀ ਆਪਣੇ ਮਾਂ-ਪਿਉ ਤੋਂ ਦੂਰ ਹੋ ਰਹੀ ਹੈ ਤੇ ਉਨ੍ਹਾਂ ਦੀ ਬੁਢਾਪੇ ਵਿਚ ਵੀ ਦੇਖ-ਭਾਲ ਕਰਨ ਨੂੰ ਇਕ ਬੋਝ ਸਮਝਣ ਲੱਗ ਪਈ ਹੈ। ਕਈ ਨੌਜਵਾਨ ਮੁੰਡੇ-ਕੁੜੀਆਂ ਦੇ ਇਸ ਕਰਕੇ ਕਤਲ ਵੀ ਕਰ ਦਿੱਤੇ ਜਾਂਦੇ ਹਨ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਵਿਆਹ ਕਰ ਲੈਂਦੇ ਹਨ ਜਾਂ ਕਰਨ ਦੀ ਖਾਹਸ਼ ਰੱਖਦੇ ਹਨ।
ਇਹ ਸਾਰੀ ਉਥਲ-ਪੁਥਲ ਕਿਉਂ ਹੋ ਰਹੀ ਹੈ ਅਤੇ ਇਸ ਨਾਲ ਸਿੱਝਣ ਲਈ ਸਾਡਾ ਵਿਰਸਾ ਸਾਡੀ ਕੀ ਮਦਦ ਕਰ ਸਕਦਾ ਹੈ? ਨਵੇਂ ਹਾਲਾਤ ਵਿਚ ਸਾਡਾ ਵਿਰਸਾ ਕਿਸ ਤਰ੍ਹਾਂ ਕਾਇਮ ਰਹਿ ਸਕਦਾ ਹੈ ਅਤੇ ਕਿਸ ਤਰ੍ਹਾਂ ਹੋਰ ਵਿਕਸਿਤ ਹੋ ਸਕਦਾ ਹੈ? ਅਜਿਹੇ ਕੁਝ ਸੁਆਲ ਹਰ ਖੇਤਰ ਵਿਚ ਉਠਾਏ ਜਾ ਰਹੇ ਹਨ।
ਕਈ ਭੱਦਰ ਪੁਰਸ਼ਾਂ ਦੀ ਰਾਏ ਹੈ ਕਿ ਅੱਜ ਦੇ ਹਾਲਾਤ ਨਾਲ ਨਜਿੱਠਣ ਲਈ ਪੰਜਾਬੀ ਬੋਲੀ, ਸਭਿਆਚਾਰ ਅਤੇ ਵਿਰਸਾ ਬਿਲਕੁਲ ਵਿਅਰਥ ਹਨ। ਇਸ ਲਈ ਸਾਨੂੰ ਇਹ ਸਭ ਛਡ ਕੇ ਅੰਗਰੇਜ਼ੀ ਦੇ ਲੜ ਲਗਣਾ ਚਾਹੀਦਾ ਹੈ ਅਤੇ ਯੂਰਪ ਤੇ ਅਮਰੀਕਾ ਦੇ ਤੌਰ-ਤਰੀਕੇ ਅਪਨਾਉਣੇ ਚਾਹੀਦੇ ਹਨ। ਉਹ ਕਹਿੰਦੇ ਹਨ, ਸਾਡੀ ਬੋਲੀ, ਸਭਿਆਚਾਰ ਅਤੇ ਵਿਰਸਾ ਸਾਡੀ ਤਰੱਕੀ ਵਿਚ ਇਕ ਅੜਿੱਕਾ ਬਣ ਗਏ ਹਨ। ਉਹ ਆਪਣੇ ਬੱਚਿਆਂ ਅਤੇ ਹੋਰਨਾਂ ਨੂੰ ਇਹ ਸਿਖਿਆ ਦਿੰਦੇ ਹਨ ਕਿ ਪੰਜਾਬੀ ਬੋਲੀ, ਸਭਿਆਚਾਰ ਅਤੇ ਵਿਰਸੇ ਨਾਲ ਕੋਈ ਸਰੋਕਾਰ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਉਨ੍ਹਾਂ ਨੂੰ ਦੁਨੀਆਂ ਦੀ ਮੰਡੀ ਵਿਚ ਪਿੱਛੇ ਰੱਖਦੇ ਹਨ। ਇਸ ਲਈ ਸੰਸਾਰੀਕਰਨ ਦੇ ਦੌਰ ਵਿਚ ਆਲਮੀ ਪੱਧਰ ਉਤੇ ਇਨ੍ਹਾਂ ਦੀ ਕੋਈ ਵੁੱਕਤ ਨਹੀਂ।
ਇਹ ਦਲੀਲ ਹਾਲਾਤ ਨਾਲ ਨਿਪਟਣ ਵਿਚ ਨਾਅਹਿਲ ਲੋਕਾਂ ਦੀ ਦਲੀਲ ਹੈ, ਕੌਮੀ ਤੇ ਸਭਿਆਚਾਰਕ ਖੁਦਕੁਸ਼ੀ ਦੀ ਦਲੀਲ ਹੈ। ਇਹ ਦਲੀਲ ਗੁਲਾਮੀ ਅਤੇ ਬੇਗੈਰਤ ਜ਼ਹਿਨੀਅਤ ਦੀ ਦਲੀਲ ਹੈ। ਪੰਜਾਬੀ ਲੋਕ ਇਹ ਆਤਮਘਾਤ ਨਹੀਂ ਕਰ ਸਕਦੇ ਕਿਉਂਕਿ ਇਸ ਦਾ ਮਤਲਬ ਆਪਣੀ ਹੋਂਦ ਅਤੇ ਪਛਾਣ ਨੂੰ ਗੁਆਉਣਾ ਹੈ। ਬਸਤੀਵਾਦੀਆਂ ਨੇ ਵੀ ਆਪਣੇ ਵੇਲੇ ਇਹੋ ਦਲੀਲ ਲੋਕਾਂ ‘ਤੇ ਠੋਸਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਸੀ ਹੋਏ, ਕਿਉਂਕਿ ਕੌਮਾਂ ਐਵੇਂ ਆਤਮਘਾਤ ਨਹੀਂ ਕਰਦੀਆਂ। ਪੰਜਾਬੀਆਂ ਨੇ ਸਦਾ ਹੀ ਹਰ ਉਸ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦਿੱਤਾ ਹੈ, ਜੋ ਉਨ੍ਹਾਂ ਦੀ ਹੋਂਦ ਮੁਕਾਉਣ ਲਈ ਕੀਤੀ ਗਈ ਸੀ ਜਾਂ ਕੀਤੀ ਜਾ ਰਹੀ ਹੈ। ਲਹਿੰਦੇ ਪੰਜਾਬ ਵਿਚ ਪੰਜਾਬੀ ਬੋਲੀ ਲਈ ਚੱਲ ਰਿਹਾ ਘੋਲ ਇਸ ਦੀ ਇਕ ਮਿਸਾਲ ਹੈ।
ਤੇਜ਼ੀ ਨਾਲ ਬਦਲ ਰਹੇ ਹਾਲਾਤ ਨਾਲ ਕਿਵੇਂ ਨਜਿਠਿਆ ਜਾਵੇ? ਆਪਣੇ ਵਿਰਸੇ ਤੋਂ ਸੇਧ ਲੈ ਕੇ ਅੱਜ ਦੇ ਹਾਲਾਤ ਦਾ ਨਿਰਣਾ ਕਿਸ ਤਰ੍ਹਾਂ ਕੀਤਾ ਜਾਵੇ? ਵਿਰਸਾ, ਸਭਿਆਚਾਰ ਅਤੇ ਰੂਹਾਨੀਅਤ ਕੋਈ ਐਸੀਆਂ ਚੀਜ਼ਾਂ ਨਹੀਂ ਜੋ ਪੱਥਰ ‘ਤੇ ਲਕੀਰ ਹੋਣ। ਇਹ ਹਮੇਸ਼ਾ ਹਾਲਾਤ ਦਾ ਨਿਰਣਾ ਕਰਕੇ, ਉਨ੍ਹਾਂ ਦਾ ਜਾਇਜ਼ਾ ਲੈ ਕੇ ਹਾਲਾਤ ਵਿਚੋਂ ਪੈਦਾ ਹੋਏ ਮਸਲਿਆਂ ਨੂੰ ਹੱਲ ਕਰਨ ਦਾ ਰਾਹ ਹੁੰਦਾ ਹੈ। ਇਸੇ ਲਈ ਹੀ ਇਨ੍ਹਾਂ ਕਦਰਾਂ ਕੀਮਤਾਂ ਦੀ ਵੁੱਕਤ ਹੁੰਦੀ ਹੈ ਅਤੇ ਇਨ੍ਹਾਂ ਨੂੰ ਪਰਵਾਨ ਕੀਤਾ ਜਾਂਦਾ ਹੈ, ਇਨ੍ਹਾਂ ‘ਤੇ ਅਮਲ ਕੀਤਾ ਜਾਂਦਾ ਹੈ। ਇਹ ਕਦਰਾਂ ਕੀਮਤਾਂ ਇਲਮ ਅਤੇ ਅਮਲ ਦਾ ਤੱਤ ਕੱਢ ਕੇ ਸਮੇਂ ਦੀਆਂ ਲੋੜਾਂ ਨੂੰ ਪੂਰਾ ਕਰਨ ਦਾ ਵਸੀਲਾ ਬਣ ਜਾਂਦੀਆਂ ਹਨ। ਜੋ ਕਦਰ ਕੀਮਤ ਸਮੇਂ ਦੀ ਲੋੜ ਨੂੰ ਪੂਰਾ ਨਹੀਂ ਕਰਦੀ, ਉਸ ਨੂੰ ਲੋਕ ਛੱਡ ਦਿੰਦੇ ਹਨ ਅਤੇ ਭੁੱਲ ਜਾਂਦੇ ਹਨ। ਮਿਸਾਲ ਵਜੋਂ ਕਿਹਾ ਜਾਂਦਾ ਸੀ ਕਿ ਦੁੱਧ ਅਤੇ ਪੁੱਤ ਕੋਈ ਨਹੀਂ ਵੇਚਦਾ, ਪਰ ਅੱਜ ਹਰੇਕ ਪਿੰਡ-ਸ਼ਹਿਰ ਵਿਚ ਦੁੱਧ ਵਿਕਦਾ ਹੈ ਤੇ ਦੁੱਧ ਵੇਚਣਾ ਕੋਈ ਮਾੜੀ ਗੱਲ ਨਹੀਂ ਸਮਝੀ ਜਾਂਦੀ, ਸਗੋਂ ਬਹੁਤੇ ਕਿਸਾਨ ਤਾਂ ਦੁੱਧ ਵੇਚ ਕੇ ਹੀ ਗੁਜ਼ਾਰਾ ਕਰ ਸਕਦੇ ਹਨ। ਬੇਸ਼ਕ ਉਨ੍ਹਾਂ ਨੂੰ ਆਪਣੇ ਪੀਣ ਲਈ ਦੁੱਧ ਨਹੀਂ ਵੀ ਮਿਲਦਾ ਤਾਂ ਵੀ ਮਜਬੂਰੀ ਕਰਕੇ ਵੇਚਣਾ ਪੈਂਦਾ ਹੈ। ਇਸੇ ਤਰ੍ਹਾਂ ਪਹਿਲਾਂ ਅੰਨ ਵੇਚਣ ਵਾਲੇ ਨੂੰ ਮਾੜਾ ਕਿਹਾ ਜਾਂਦਾ ਸੀ, ਪਰ ਹੁਣ ਬਿਨਾ ਫਸਲ ਵੇਚੇ ਉਸ ਦਾ ਗੁਜ਼ਾਰਾ ਹੀ ਨਹੀਂ ਬਲਕਿ ਹਾਲਾਤ ਇਥੇ ਪਹੁੰਚ ਚੁਕੇ ਹਨ ਕਿ ਫਸਲ ਵੇਚ ਕੇ ਵੀ ਉਸ ਦਾ ਗੁਜ਼ਾਰਾ ਨਹੀਂ। ਉਹ ਕਰਜ਼ੇ ਦੀ ਪੰਡ ਹੇਠ ਦਬਿਆ ਹੀ ਰਹਿੰਦਾ ਹੈ। ਕਈ ਮੁਹਤਬਰ ਤਾਂ ਇਥੋਂ ਤਕ ਵੀ ਕਹਿ ਦਿੰਦੇ ਹਨ ਕਿ ਕਰਜ਼ਾ ਤਾਂ ਇਨਸਾਨ ਦੀ ਬੁਨਿਆਦੀ ਲੋੜ ਅਤੇ ਹੱਕ ਹੈ। ਅਜਿਹੀਆਂ ਹੋਰ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਕਿ ਕਦਰਾਂ ਕੀਮਤਾਂ ਨੂੰ ਹਾਲਾਤ ਦੇ ਨਾਲ ਨਾਲ ਬਦਲਨਾ ਹੀ ਪੈਂਦਾ ਹੈ।
ਕਦੇ ਪੰਜਾਬ ਅੰਦਰ ਮੁੱਕਰ ਗਏ ਤੇ ਮਰ ਗਏ ਨੂੰ ਇਕੋ ਜਿਹਾ ਸਮਝਿਆ ਜਾਂਦਾ ਸੀ, ਪਰ ਅੱਜ ਹਾਕਮ ਟੋਲੇ ਦੀਆਂ ਸੱਭੇ ਹੀ ਪਾਰਟੀਆਂ ਚੋਣਾਂ ਦੌਰਾਨ ਲੋਕਾਂ ਦੇ ਭਲੇ ਨੂੰ ਅੱਗੇ ਰੱਖ ਕੇ ਚੱਲਣ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਤੇ ਚੋਣਾਂ ਬਾਅਦ ਕਿਸੇ ਵੀ ਵਾਅਦੇ ‘ਤੇ ਕਾਇਮ ਨਹੀਂ ਰਹਿੰਦੀਆਂ। ਸਿਆਸਤਦਾਨ ਤੇ ਹਾਕਮ ਮੇਲ ਫੇਰ ਵੀ ਧੌਣਾਂ ਅਕੜਾ ਕੇ ਤੁਰੇ ਫਿਰਦੇ ਹਨ ਅਤੇ ਵਾਅਦਾ ਸ਼ਿਕਨੀ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਰਮ ਮਹਿਸੂਸ ਨਹੀਂ ਕਰਦੇ। ਇਹ ਬਦਲ ਰਹੀਆਂ ਕਦਰਾਂ ਕੀਮਤਾਂ ਦੀ ਨਿਸ਼ਾਨਦੇਹੀ ਹੈ। ਆਰਥਕ ਅਤੇ ਸਮਾਜਕ ਉਥਲ-ਪੁਥਲ ਕੋਈ ਅਸਮਾਨੋਂ ਡਿੱਗੀ ਹੋਈ ਬਲਾ ਨਹੀਂ ਹੈ, ਇਹ ਬੁਨਿਆਦੀ ਰਿਸ਼ਤਿਆਂ ਦੇ ਬਦਲਣ ਨਾਲ ਹੋ ਰਹੀ ਹੈ ਅਤੇ ਇਨ੍ਹਾਂ ਬੁਨਿਆਦੀ ਆਰਥਕ ਰਿਸ਼ਤਿਆਂ ਨੂੰ ਬਸਤੀਵਾਦੀ ਨਿਜ਼ਾਮ ਤੇ ਉਸ ਦੇ ਬਾਅਦ ਹਿੰਦੁਸਤਾਨ ਦੇ ਹਾਕਮ ਟੋਲੇ ਨੇ ਆਪਣੇ ਮੁਨਾਫਿਆਂ ਨੂੰ ਵਧਾਉਣ ਲਈ ਬਦਲਿਆ ਹੈ।
ਤਬਦੀਲੀ ਕੁਦਰਤ ਦਾ ਕਾਨੂੰਨ ਹੈ। ਹਰ ਸ਼ੈਅ ਹਮੇਸ਼ਾ ਹੀ ਬਦਲਦੀ ਆਈ ਹੈ ਅਤੇ ਬਦਲਦੀ ਰਹੇਗੀ, ਪਰ ਅਹਿਮ ਚੀਜ਼ ਇਹ ਹੈ ਕਿ ਕਿਸ ਤਬਦੀਲੀ ਨਾਲ ਲੋਕਾਂ ਦਾ ਨੁਕਸਾਨ ਜਾਂ ਫਾਇਦਾ ਹੁੰਦਾ ਹੈ ਅਤੇ ਰਿਸ਼ਤਿਆਂ ਨੂੰ ਕਿਸ ਦਿਸ਼ਾ ਵਿਚ ਬਦਲਿਆ ਜਾਵੇ, ਜਿਸ ਨਾਲ ਸਭ ਦੇ ਹਿਤਾਂ ਦੀ ਰਾਖੀ ਹੋਵੇ। ਲੋਕਾਂ ਲਈ ਇਹ ਫੈਸਲੇ ਬਹੁਤ ਹੀ ਅਹਿਮ ਹਨ, ਪਰ ਇਹ ਫੈਸਲੇ ਲੋਕਾਂ ਦੇ ਹੱਥ ਵਿਚ ਨਹੀਂ। ਸਮਾਜ ਦਾ ਸਭ ਨਾਲੋਂ ਅਹਿਮ ਅਦਾਰਾ ਜੋ ਇਹ ਫੈਸਲੇ ਕਰਦਾ ਹੈ, ਉਹ ਹੈ ਰਿਆਸਤ ਜਾਂ ਰਾਜਤੰਤਰ। ਅੱਜ ਇਹ ਅਦਾਰੇ ਲੋਕਾਂ ਦੇ ਹੱਥ ਵਿਚ ਨਹੀਂ। ਮੂੰਹ ਜ਼ਬਾਨੀ ਭਾਵੇਂ ਕਿਹਾ ਜਾਂਦਾ ਹੈ ਕਿ ਰਿਆਸਤ ਅਤੇ ਸਰਕਾਰ ਸਭ ਲੋਕਾਂ ਦੇ ਭਲੇ ਲਈ ਨੇ, ਪਰ ਅਸਲ ਵਿਚ ਇਹ ਸਿਰਫ ਮੁੱਠੀ ਭਰ ਹਾਕਮ ਟੋਲੇ ਦੇ ਹੱਥਾਂ ਵਿਚ ਅਤੇ ਧਨਾਢਾਂ ਦੇ ਫਾਇਦੇ ਲਈ ਹਨ। ਹਰੇਕ ਕਾਨੂੰਨ ਅਤੇ ਅਦਾਰਾ ਹਾਕਮ ਟੋਲੇ ਦੇ ਫਾਇਦੇ ਲਈ ਹੈ ਅਤੇ ਲੋਕਾਂ ਦੇ ਜਿਸਮਾਨੀ ਤੇ ਰੁਹਾਨੀ ਹਿਤਾਂ ਨੂੰ ਰਗੜਾ ਲਾਉਂਦਾ ਆ ਰਿਹਾ ਹੈ। ਇਹ ਰਿਆਸਤ ਅਤੇ ਰਾਜਤੰਤਰ ਅੰਗਰੇਜ਼ ਬਸਤੀਵਾਦੀਆਂ ਨੇ ਹਿੰਦੁਸਤਾਨ ਅਤੇ ਪੰਜਾਬ ਦੀ ਲੁਟ ਕਰਨ ਲਈ ਬਣਾਏ ਸਨ ਅਤੇ 1947 ਦੀ ਵੰਡ ਪਿਛੋਂ ਹਾਕਮ ਟੋਲੇ ਨੇ ਵੀ ਲੋਕਾਂ ਦੇ ਕੁਦਰਤੀ ਅਤੇ ਮਨੁੱਖੀ ਸਾਧਨਾਂ ਨੂੰ ਲੁੱਟਣ ਲਈ ਇਸੇ ਢਾਂਚੇ ਨੂੰ ਬਰਕਰਾਰ ਰੱਖਿਆ। ਪਿਛਲੇ ਕੁਝ ਦਹਾਕਿਆਂ ਵਿਚ ਇਹ ਲੁੱਟ ਬਹੁਤ ਹੀ ਤੇਜ਼ ਹੋ ਗਈ ਹੈ।
ਰਿਆਸਤ ਅਤੇ ਸਰਕਾਰ ਦਾ ਹਰ ਕਾਨੂੰਨ ਲੋਕ ਭਲਾਈ ਦੀ ਥਾਂ ਲੋਕਾਂ ਦੀ ਲੁਟ ਖੋਹ ਕਰਨ ਲਈ ਹੀ ਬਣਾਇਆ ਗਿਆ ਹੋਣ ਕਰਕੇ ਇਹ ਰਿਆਸਤ ਅਤੇ ਰਾਜਤੰਤਰ ਦਰਪੇਸ਼ ਮਸਲਿਆਂ ਦੇ ਹੱਲ ਲਈ ਲੋਕ-ਵਿਰਸੇ ਅਤੇ ਸਭਿਆਚਾਰ ਤੋਂ ਕੋਈ ਸੇਧ ਲੈਣ ਵਿਚ ਦਿਲਚਸਪੀ ਨਹੀਂ ਰੱਖਦੇ, ਸਗੋਂ ਲੋਕਾਂ ਦੇ ਵਿਰਸੇ ਅਤੇ ਸਭਿਆਚਾਰ ਨੂੰ ਢਾਹ ਲਾ ਕੇ ਇਹ ਬਸਤੀਵਾਦੀ ਰਿਆਸਤ ਅਤੇ ਰਾਜਤੰਤਰ ਲੋਟੂਆਂ ਦੇ ਹਿਤਾਂ ਦੀ ਰਾਖੀ ਕਰਦਾ ਹੈ।
ਸਰਕਾਰ ਤੇ ਸਰਕਾਰੀ ਟੋਲਾ ਲੋਕਾਂ ਦੇ ਵਿਰਸੇ ਦੀ ਗੱਲ ਭਾਵੇਂ ਕਰਦੇ ਵੀ ਰਹਿਣ ਪਰ ਅਸਲੀਅਤ ਅਤੇ ਅਮਲ ਵਿਚ ਇਹ ਇਸ ਵਿਰਸੇ ਨੂੰ ਢਾਹ ਹੀ ਲਾਉਂਦੇ ਹਨ। ਮਿਸਾਲ ਵਜੋਂ ਕਾਂਗਰਸ ਪਾਰਟੀ ਅਤੇ ਇਸ ਦੇ ਲੀਡਰ ਦਾਅਵੇ ਕਰਦੇ ਰਹਿੰਦੇ ਹਨ ਕਿ ਉਹ ਹਿੰਦੁਸਤਾਨ ਦੇ ਮਹਾਨ ਵਿਰਸੇ ਦੀਆਂ ਲੀਹਾਂ ‘ਤੇ ਚੱਲ ਰਹੇ ਹਨ, ਪਰ ਕਾਂਗਰਸ ਪਾਰਟੀ ਨੇ ਹਰ ਕਾਨੂੰਨ ਅਤੇ ਅਦਾਰਾ ਬਸਤੀਵਾਦੀ ਅਤੇ ਸਾਮਰਾਜ ਦੀਆਂ ਲੀਹਾਂ ‘ਤੇ ਕਾਇਮ ਕੀਤਾ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਵੀ ਦਾਅਵਾ ਕਰਦੀ ਹੈ ਕਿ ਇਹ ਹਿੰਦੁਸਤਾਨ ਦੇ ਮਾਣਮੱਤੇ ਵਿਰਸੇ ਦੀ ਵਾਰਿਸ ਹੈ ਪਰ ਇਸ ਨੇ ਵੀ ਤਾਕਤ ਵਿਚ ਆ ਕੇ ਸਾਰੇ ਬਸਤੀਵਾਦੀ ਅਦਾਰੇ ਹੀ ਬਰਕਰਾਰ ਰੱਖੇ ਹਨ। ਇਸੇ ਤਰ੍ਹਾਂ ਅਕਾਲੀ ਪਾਰਟੀ ਅਤੇ ਹੋਰ ਪਾਰਟੀਆਂ ਵੀ ਅਜਿਹੇ ਦਾਅਵੇ-ਵਾਅਦੇ ਕਰਦੀਆਂ ਹਨ, ਪਰ ਪਰਨਾਲਾ ਉਥੇ ਹੀ ਰਹਿੰਦਾ ਹੈ।
ਰਿਆਸਤ ਅਤੇ ਰਾਜਤੰਤਰ ਦਾ ਕੋਈ ਵੀ ਫੈਸਲਾ ਲੋਕਾਂ ਦੇ ਹੱਥ ਵਿਚ ਨਹੀਂ ਅਤੇ ਨਾ ਹੀ ਉਹ ਲੋਕਾਂ ਦੇ ਸਭਿਆਚਾਰ ਅਤੇ ਦਰਸ਼ਨ ਤੋਂ ਸੇਧ ਲੈਂਦਾ ਹੈ। ਜੇ ਇਹ ਫੈਸਲੇ ਲੋਕਾਂ ਦੇ ਹੱਥ ਵਿਚ ਹੋਣ ਤਾਂ ਉਹ ਮਸਲਿਆਂ ਦੀ ਘੋਖ ਅਤੇ ਉਨ੍ਹਾਂ ਦੇ ਹੱਲ ਲਈ ਆਪਣੇ ਤਜਰਬੇ, ਦਰਸ਼ਨ ਅਤੇ ਵਿਰਸੇ ਤੋਂ ਸੇਧ ਲੈ ਕੇ ਫੈਸਲੇ ਕਰ ਸਕਦੇ ਹਨ। ਲੋਕਾਂ ਦੀ ਤਾਂਘ ਹੈ ਕਿ ਸਮਾਜ ਵਿਚ ਸਭ ਦੇ ਭਲੇ ਲਈ ਹਾਲਾਤ ਪੈਦਾ ਕੀਤੇ ਜਾਣ। ਸਾਡਾ ਦਰਸ਼ਨ, ਵਿਰਸਾ ਅਤੇ ਸਭਿਆਚਾਰ ਵੀ ਇਹ ਹੀ ਸਿਖਾਉਂਦਾ ਹੈ, ਪਰ ਹਾਕਮ ਟੋਲਾ, ਇਨ੍ਹਾਂ ਦੀਆਂ ਪਾਰਟੀਆਂ ਅਤੇ ਰਾਜਤੰਤਰ ਆਪਣੇ ਸੌੜੇ ਹਿਤਾਂ ਲਈ ਇਸ ਦਰਸ਼ਨ, ਵਿਰਸੇ ਅਤੇ ਸਭਿਆਚਾਰ ਦੇ ਦੁਸ਼ਮਣ ਬਣੇ ਬੈਠੇ ਹਨ। ਉਹ ਸਾਡੇ ਸਾਧਨਾਂ, ਸੱਧਰਾਂ ਅਤੇ ਸੋਚ ਨੂੰ ਵੇਚ ਰਹੇ ਹਨ ਤੇ ਜੇ ਕੋਈ ਇਸ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਤਰੱਕੀ ਦਾ ਵਿਰੋਧੀ ਕਹਿ ਕੇ ਜਬਰ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
ਹਾਕਮ ਟੋਲਾ ਸਿਰਫ ਆਪਣੇ ਮੁਨਾਫਿਆਂ ਨੂੰ ਵਧਾਉਣ ਵਿਚ ਹੀ ਦਿਲਚਸਪੀ ਰੱਖਦਾ ਹੈ। ਇਸ ਲਈ ਇਸ ਦੀ ਲੋਕਾਂ ਦੇ ਵਿਰਸੇ, ਦਰਸ਼ਨ ਅਤੇ ਸਭਿਆਚਾਰ ਵਿਚ ਕੋਈ ਦਿਲਚਸਪੀ ਨਹੀਂ। ਹਾਂ, ਜੇ ਇਹ ਇਸ ਵਿਰਸੇ ਤੋਂ ਕੋਈ ਮੁਨਾਫਾ ਖੱਟ ਸਕਦਾ ਹੈ ਤਾਂ ਉਹ ਉਸ ਵਿਚ ਜ਼ਰੂਰ ਦਿਲਚਸਪੀ ਵਿਖਾਉਂਦਾ ਹੈ, ਪਰ ਦਰਸ਼ਨ ਅਤੇ ਵਿਰਸੇ ਤੋਂ ਸੇਧ ਲੈ ਕੇ ਫੈਸਲੇ ਕਰਨਾ ਇਸ ਦੇ ਹਿਤਾਂ ਅਤੇ ਰੂਹਾਨੀਅਤ ਦੇ ਪੱਖ ਵਿਚ ਨਹੀਂ।
ਅਜੋਕੇ ਬਦਲੇ ਹਾਲਾਤ ਅਤੇ ਰਿਸ਼ਤਿਆਂ ਦਾ ਨਿਰਣਾ ਕਰਕੇ ਆਪਣੇ ਦਰਸ਼ਨ ਅਤੇ ਵਿਰਸੇ ਤੋਂ ਸੇਧ ਲੈ ਕੇ ਮਸਲਿਆਂ ਦੇ ਹੱਲ ਕਰਨ ਵਿਚ ਸਿਰਫ ਲੋਕ ਹੀ ਦਿਲਚਸਪੀ ਰਖਦੇ ਹਨ। ਇਸ ਲਈ ਉਹ ਆਪਣੀ ਬੋਲੀ, ਸਭਿਆਚਾਰ, ਵਿਰਸੇ ਦੀ ਰਾਖੀ ਲਈ ਘੋਲ ਵੀ ਚਲਾ ਰਹੇ ਹਨ। ਇਹ ਉਨ੍ਹਾਂ ਦੀ ਹੋਂਦ ਅਤੇ ਪਛਾਣ ਦਾ ਸੁਆਲ ਹੈ। ਹਾਕਮ ਟੋਲਾ ਅਤੇ ਉਸ ਦੀ ਰਿਆਸਤ ਲੋਕਾਂ ਨੂੰ ਕੁਚਲਣ ਲਈ ਉਨ੍ਹਾਂ ਦੇ ਵਿਰਸੇ ਨੂੰ ਢਾਹ ਲਾ ਰਹੀ ਹੈ, ਇਸ ਉਥਲ-ਪੁਥਲ ਦਾ ਮੁੱਖ ਕਾਰਨ ਬਣਿਆ ਹੈ, ਜਿਸ ਨਾਲ ਲੋਕਾਂ ਦਾ ਬਹੁਤ ਹੀ ਨੁਕਸਾਨ ਹੋ ਰਿਹਾ ਹੈ।