ਇਕਬਾਲ ਸਿੰਘ ਚਾਨਾ
ਬੱਬੂ ਮਾਨ ਪੰਜਾਬੀਆਂ ਦਾ ਚਹੇਤਾ ਗਾਇਕ ਹੈ, ਹੀਰੋ ਵੀ ਹੈ! ਕਈ ਫਿਲਮਾਂ ਵਿਚ ਪੰਜਾਬੀਆਂ ਦਾ ਹੀਰੋ ਬਣ ਚੁਕਾ ਹੈ। ਪਿਛਲੀ ਫਿਲਮ ‘ਬਾਜ਼’ ਚਾਰ ਸਾਲ ਪਹਿਲਾਂ ਆਈ ਸੀ, ਤੇ ਹੁਣ ‘ਬਣਜਾਰਾ’ ਬਣ ਕੇ ਦਰਸ਼ਕਾਂ ਅੱਗੇ ਪੇਸ਼ ਹੋਇਆ ਹੈ।
ਜਿਵੇਂ ਕਿ ਫਿਲਮ ਦੀ ਪਬਲੀਸਿਟੀ ਵਿਚ ਪ੍ਰਚਾਰਿਆ ਗਿਆ ਹੈ, ਬੱਬੂ ਮਾਨ ਨੇ ਇਸ ਫਿਲਮ ਵਿਚ ਟ੍ਰਿਪਲ ਰੋਲ ਕੀਤਾ ਹੈ-ਦਾਦੇ, ਪਿਓ ਤੇ ਪੁੱਤਰ ਦਾ (ਹਾਲਾਂਕਿ ਬਾਪ ਦਾ ਰੋਲ ਇਕ ਸੀਨ ਦਾ ਹੀ ਹੈ)! ਇਸ ਤੋਂ ਪਹਿਲਾਂ ਹਿੰਦੀ ਫਿਲਮਾਂ ਵਿਚ ਵੀ ਦਿਲੀਪ ਕੁਮਾਰ, ਅਮਿਤਾਭ ਬੱਚਨ ਅਤੇ ਮਹਿਮੂਦ ਜਿਹੇ ਐਕਟਰ ਤਿੰਨ ਤਿੰਨ ਕਿਰਦਾਰ ਨਿਭਾ ਚੁਕੇ ਹਨ, ਪਰ ਜੋ ਰੋਲ ‘ਬੈਰਾਗ’ ਵਿਚ ਦਿਲੀਪ ਕੁਮਾਰ ਨਿਭਾ ਗਿਆ, ਅੱਜ ਤਕ ਕੋਈ ਉਸ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚ ਸਕਿਆ।
ਬੱਬੂ ਮਾਨ ਵੀ ਪੰਜਾਬੀ ਫਿਲਮ ਵਿਚ ਟ੍ਰਿਪਲ ਰੋਲ ਕਰਨ ਵਾਲਾ ਪਹਿਲਾ ਐਕਟਰ ਬਣ ਗਿਆ ਹੈ! ਬੱਬੂ ਮਾਨ ਦੇ ਨਾਲ 2 ਹੋਰ ਵੱਡੇ ਐਕਟਰ ਹਨ-ਟਰੱਕ ਤੇ ਟਰਾਲਾ! ਇਹ ਤਿੰਨੇ ਹੀ ਪੂਰਾ ਸਮਾਂ ਸਕਰੀਨ ਤੇ ਛਾਏ ਰਹਿੰਦੇ ਹਨ। ਇਹ ਤਿੰਨੇ ਹਨ ਤਾਂ ਖੂਬਸੂਰਤ ਲੋਕੇਸ਼ਨਾਂ ਅਤੇ ਫੋਟੋਗਰਾਫੀ ਵੀ ਵੇਖਣ ਨੂੰ ਮਿਲੇਗੀ। ਫਿਲਮ ਦੇ ਦੋ ਕੈਮਰਾਮੈਨ ਹਨ। ਕੈਨੇਡਾ ਵਾਲੇ ਦੀ ਫੋਟੋਗ੍ਰਾਫੀ ਕਮਾਲ ਦੀ ਹੈ ਪਰ ਭਾਰਤ ਵਾਲੇ ਦੀ ਖਰਾਬ।
ਹੀਰੋ ਬੱਬੂ ਮਾਨ ਦੇ ਤਿੰਨ ਰੋਲ ਹਨ, ਇਸ ਲਈ ਹੀਰੋਇਨਾਂ ਵੀ ਕਈ ਹਨ। ਕੈਨੇਡਾ ਵਾਲੇ ਹਿੱਸੇ ਦੀ ਸ਼ਰਧਾ ਆਰੀਆ ਜ਼ਿਆਦਾਤਰ ਓਵਰ ਐਕਟਿੰਗ ਦਾ ਸ਼ਿਕਾਰ ਰਹੀ ਹੈ, ਹਾਲਾਂਕਿ ਇਮੋਸ਼ਨਲ ਦ੍ਰਿਸ਼ਾਂ ਵਿਚ ਉਸ ਨੇ ਸਾਬਿਤ ਕੀਤਾ ਹੈ ਕਿ ਇਕ ਵਧੀਆ ਐਕਟਰੈਸ ਹੈ। ਪੰਜਾਬ ਵਾਲੇ ਹਿੱਸੇ ਵਾਲੀ ਹੀਰੋਇਨ ਸਾਰਾਹ ਖੱਤਰੀ ਸਾਧਾਰਨ ਹੈ। ਦਾਦੇ ਦੇ ਰੋਲ ਵਾਲੇ ਬੱਬੂ ਮਾਨ ਦੀ ਹੀਰੋਇਨ ਜਿਆ ਮੁਸਤਫਾ ਠੀਕ ਠਾਕ ਹੈ। ਫਿਲਮ ‘ਆਸੀਸ’ ਵਿਚ ਆਪਣੀ ਛਾਪ ਹੋਰ ਗੂੜ੍ਹੀ ਕਰਨ ਵਾਲੇ ਰਾਣਾ ਰਣਬੀਰ ਦਾ ‘ਬਣਜਾਰਾ’ ਵਿਚ ਰੋਲ ਤੇ ਐਕਟਿੰਗ ਫਾਲਤੂ ਜਿਹੀ ਲਗਦੇ ਹਨ। ਹਰਦੀਪ ਗਿੱਲ ਨੇ ਆਪਣਾ ਕਿਰਦਾਰ ਵਧੀਆ ਨਿਭਾਇਆ ਹੈ।
ਫਿਲਮ ਦੀ ਕਹਾਣੀ ਵਿਚ ਕੁਝ ਵੀ ਨਵਾਂ ਨਹੀਂ। ਟਰੱਕ ਡਰਾਈਵਰ ਦਾਦਾ ਹਰਨੇਕ ਸਿੰਘ 1947 ਵਿਚ ਇੱਕ ਜ਼ਖਮੀ ਅਬਲਾ ਨੂੰ ਬਚਾ ਕੇ ਪੰਜਾਬ ਲੈ ਆਉਂਦਾ ਹੈ। ਮੰਗੇਤਰ ਵੱਲੋਂ ਠੁਕਰਾਏ ਜਾਣ ‘ਤੇ ਉਹ ਹਰਨੇਕ ਦੀ ਬਣ ਜਾਂਦੀ ਹੈ। ਉਸ ਦਾ ਪੁੱਤਰ 1984 ਵਿਚ ਦੰਗਿਆਂ ਦਾ ਸ਼ਿਕਾਰ ਹੋ ਜਾਂਦਾ ਹੈ। ਪੋਤਾ ਬੱਬੂ ਮਾਨ ਵੀ ਕਈ ਟਰੱਕਾਂ ਦਾ ਮਾਲਿਕ ਹੈ, ਖੁਦ ਵੀ ਟਰੱਕ ਚਲਾਉਂਦਾ ਹੈ ਤੇ ਪ੍ਰੇਮਿਕਾ ਦੇ ਪਿਛੇ ਕੈਨੇਡਾ ਜਾ ਕੇ ਵੀ ਟਰਾਲਾ ਡਰਾਈਵਰ ਬਣ ਜਾਂਦਾ ਹੈ। ਰਾਣਾ ਰਣਬੀਰ ਉਸ ਨਾਲ ਕਲੀਨਰ ਹੈ। ਅੱਧੋਂ ਵੱਧ ਫਿਲਮ ਟਰਾਲੇ ਵਿਚ ਤੇ ਬਚੀ ਖੁਚੀ ਪੰਜਾਬ ਦੇ ਟਰੱਕ ਵਿਚ ਗੁਜ਼ਰ ਜਾਂਦੀ ਹੈ।
1947 ਦੇ ਬਟਵਾਰੇ ‘ਤੇ ਬਣੀ ਸੰਨੀ ਦਿਓਲ ਦੀ ਫਿਲਮ ‘ਗਦਰ’ ਤੋਂ ਪ੍ਰਭਾਵਤ ਹੋ ਕੇ ਦਾਦੇ ਵਾਲਾ ਪਾਰਟ ਲਿਖਿਆ ਗਿਆ ਹੈ, ਪਰ ਸੰਨੀ ਦਿਓਲ ਵਾਲੇ ਕਰੰਟ ਦੇ ਉਹ ਨੇੜੇ-ਤੇੜੇ ਵੀ ਨਹੀਂ ਹੋ ਗੁਜ਼ਰਦਾ। ਮਝੈਲੀ ਬੋਲੀ ਦੇ ਉਚਾਰਨ ਦੇ ਚੱਕਰ ‘ਚ ਕਿਰਦਾਰ ਕਮਜ਼ੋਰ ਹੋ ਜਾਂਦਾ ਹੈ, ਇੰਜ ਲਗਦਾ ਜਿਵੇਂ ਹਮੇਸ਼ਾ ਅਫੀਮ ਛਕੀ ਰੱਖਦਾ ਹੋਵੇ। ਪੋਤੇ ਵਾਲੇ ਰੋਲ ਵਿਚ ਜਚਦਾ ਹੈ। ਵਿਚ ਵਿਚਾਲੇ ਘਸੋੜੇ ਗਏ 1984 ਦੇ ਬਾਪ ਦੇ ਰੋਲ ਵਿਚ ਕਰਨ ਲਈ ਹੀ ਕੁਝ ਨਹੀਂ ਸੀ। ਫਾਈਟ ਮਾਸਟਰ ਦਾ ਕੰਮ ਬੇਹੱਦ ਘਟੀਆ ਹੈ, ਬਟਵਾਰੇ ਤੇ 84 ਦੇ ਦੰਗਿਆਂ ਦਾ ਜ਼ਰਾ ਵੀ ਪ੍ਰਭਾਵ ਨਜ਼ਰ ਨਹੀਂ ਆਉਂਦਾ।
ਫਿਲਮ ਦੇ ਡਾਇਲਾਗ ਸੁਰਮੀਤ ਮਾਵੀ ਅਤੇ ਖੁਦ ਬੱਬੂ ਮਾਨ ਨੇ ਲਿਖੇ ਹਨ। ਬੱਬੂ ਬਾਰੇ ਸੁਣਿਆ ਹੈ ਕਿ ਆਪਣੇ ਕਰੈਕਟਰ ਦੇ ਡਾਇਲਾਗ ਉਹ ਖੁਦ ਹੀ ਲਿਖਦਾ ਹੈ। ਵਧੀਆ ਲਿਖੇ ਹਨ। ਬੱਬੂ ਦੇ 90% ਡਾਇਲਾਗ ਕੱਢ ਕੇ ਬਾਕੀ ਸੁਰਮੀਤ ਮਾਵੀ ਦੇ ਹੋਣਗੇ। ਬਹੁਤ ਤਰੁੱਟੀਆਂ ਹਨ ਤੇ ਕਲਾਕਾਰਾਂ ਨੇ ਉਚਾਰਨ ਵੀ ਠੀਕ ਨਹੀਂ ਕੀਤਾ। ਡਾਇਰੈਕਟਰ ਨੇ ਵੀ ਧਿਆਨ ਨਹੀਂ ਦਿੱਤਾ। ਧੀਰਜ ਰਤਨ ਦਾ ਸਕ੍ਰੀਨਪਲੇ ਵੀ ਢਿੱਲਾ ਹੈ।
ਫਿਲਮ ਦਾ ਵਧੀਆ ਪੱਖ ਹੈ, ਉਸ ਦਾ ਗੀਤ-ਸੰਗੀਤ। ਬੱਬੂ ਮਾਨ ਦੇ ਲਿਖੇ, ਸੰਗੀਤਬੱਧ ਕੀਤੇ ਤੇ ਗਾਏ ਗੀਤ ਵਾਕਿਆ ਹੀ ਖੂਬਸੂਰਤ ਹਨ। ਫਿਲਮੀਕਰਣ ਵੀ ਵਧੀਆ ਹੈ। ਡਾਇਰੈਕਟਰ ਮੁਸ਼ਤਾਕ ਪਾਸ਼ਾ ਦਾ ਕੰਮ ਉਸ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਹਤਰ ਹੈ।
ਬੱਬੂ ਮਾਨ ਦੇ ਫੈਨ ਵੱਡੀ ਗਿਣਤੀ ਵਿਚ ਹਨ, ਇਸ ਲਈ ਜਿਵੇਂ ਸੰਭਾਵਨਾ ਸੀ, ਫਿਲਮ ਨੂੰ ਓਪਨਿੰਗ ਵਧੀਆ ਲੱਗੀ ਹੈ। ਪਰ ਫਿਲਮ ਨੂੰ ਚਲਾਉਣ ਲਈ ਚੰਗੀ ਕਹਾਣੀ ਵੀ ਚਾਹੀਦੀ ਹੁੰਦੀ ਹੈ! ਅੱਗੇ ਤੇਰੇ ਭਾਗ ਲੱਛੀਏ!