ਭੱਜੋ ਵੀਰੋ ਵੇ: ਭੱਜਣਗੇ ਤਾਂ ਦਰਸ਼ਕ ਹੁਣ!

ਇਕਬਾਲ ਸਿੰਘ ਚਾਨਾ
ਅੰਬਰਦੀਪ ਸਿੰਘ ਅੱਜ ਦੇ ਦੌਰ ਦਾ ਵੱਡਾ ਫਿਲਮੀ ਲੇਖਕ ਹੈ। ਉਸ ਦੀ ਕਲਮ ਨੇ ਕਈ ਵਧੀਆ ਪੰਜਾਬੀ ਫਿਲਮਾਂ ਦਿੱਤੀਆਂ ਹਨ। 2016 ਵਿਚ ਫਿਲਮ ‘ਲਾਹੌਰੀਏ’ ਰਾਹੀਂ ਉਹ ਇਕ ਡਾਇਰੈਕਟਰ ਵੀ ਬਣ ਗਿਆ। 2016 ਵਿਚ ਆਈ ‘ਲਵ ਪੰਜਾਬ’ ਵਿਚ ਉਸ ਨੂੰ ਇਕ ਰੋਲ ਵਿਚ ਵੇਖ ਕੇ ਲੱਗਾ ਕਿ ਉਹ ਸ਼ਾਇਦ ਐਕਟਿੰਗ ਦਾ ਸ਼ੌਕ ਵੀ ਪੂਰਾ ਕਰ ਰਿਹਾ ਹੈ। ਲੇਕਿਨ ਇਸੇ ਸਾਲ ਦੇ ਸ਼ੁਰੂ ਵਿਚ ਆਈ ‘ਲੌਂਗ ਲਾਚੀ’ ਵਿਚ ਉਹ ਹੀਰੋ ਵੀ ਬਣ ਗਿਆ। ਹੈਰਾਨੀ ਵੀ ਹੋਈ। ਹੀਰੋਇਨ ਨੀਰੂ ਬਾਜਵਾ, ਸਾਈਡ ਹੀਰੋ ਐਮੀ ਵਿਰਕ ਤੇ ਹੀਰੋ ਅੰਬਰਦੀਪ ਸਿੰਘ। ਫਿਲਮ ਗੁਜ਼ਾਰੇ ਜੋਗੀ ਚੱਲ ਵੀ ਗਈ।

ਫਿਲਮ ‘ਲੌਂਗ ਲਾਚੀ’ ਵਿਚ ਅੰਬਰਦੀਪ ਨੇ ਇਕ ਲੋਲੜ੍ਹ ਜਿਹੇ ਬੰਦੇ ਦਾ ਰੋਲ ਕੀਤਾ ਸੀ, ਜੋ ਸ਼ਾਇਦ ਆਪਣੀ ਪਰਸਨੈਲਿਟੀ ਨੂੰ ਸਾਹਮਣੇ ਰੱਖ ਕੇ ਆਪਣੇ ਲਈ ਹੀ ਲਿਖਿਆ ਹੋਵੇਗਾ। ਫਿਲਮ ਚੱਲਣ ਦਾ ਕਾਰਨ ਨੀਰੂ ਤੇ ਐਮੀ ਦੀ ਆਪਣੀ ਪ੍ਰਸਿੱਧੀ ਅਤੇ ਫਿਲਮ ਦਾ ਗੀਤ-ਸੰਗੀਤ ਸੀ। ਇਸੇ ਸਾਲ ਦੇ ਅੰਤ ਵਿਚ ਉਹ ਹੀਰੋ ਦੇ ਤੌਰ ‘ਤੇ ਆਪਣੀ ਦੂਜੀ ਫਿਲਮ ‘ਭੱਜੋ ਵੀਰੋ ਵੇ’ ਵੀ ਲੈ ਆਇਆ ਹੈ। ਅਸੀਂ ਕਿਸੇ ਨੂੰ ਮਨੋਜ ਕੁਮਾਰ ਬਣਨ ਤੋਂ ਨਹੀਂ ਰੋਕ ਸਕਦੇ, ਪਰ ਮਨੋਜ ਕੁਮਾਰ ਪਹਿਲਾਂ ਹੀਰੋ, ਫਿਰ ਡਾਇਰੈਕਟਰ ਤੇ ਬਾਅਦ ਵਿਚ ਲੇਖਕ ਬਣਿਆ। ਇਥੇ ਕੰਮ ਉਲਟੇ ਪਾਸਿਓਂ ਸ਼ੁਰੂ ਹੋਇਆ। ਵੈਸੇ ਮਨੋਜ ਕੁਮਾਰ ਆਪਣੇ ਸਮੇਂ ਵਿਚ ਹੈਂਡਸਮ ਵੀ ਬਹੁਤ ਸੀ। ਇੱਥੇ ਵੀ ਬਹਿਸ ਵਾਲੀ ਕੋਈ ਗੱਲ ਨਹੀਂ। ਹਰ ਬੰਦਾ ਸ਼ੀਸ਼ੇ ਮੋਹਰੇ ਆਪਣੇ ਆਪ ਨੂੰ ਹੀਰੋ ਹੀ ਸਮਝਦਾ ਹੈ।
ਫਿਲਮ ‘ਭੱਜੋ ਵੀਰੋ ਵੇ’ ਦਾ ਕਾਨਸੈਪਟ ਵਧੀਆ ਸੀ। ਚਾਰ ਭਰਾਵਾਂ ਦੇ ਪਰਿਵਾਰ ਵਿਚੋਂ ਕਿਸੇ ਦਾ ਵੀ ਵਿਆਹ ਨਾ ਹੋਣ ਦੇ ਦੁਖਾਂਤ ਅਤੇ ਤਕਲੀਫ ਦੀ ਕਹਾਣੀ ਵਿਚ ਟਵਿਸਟ ਸ਼ੁਰੂ ਸ਼ੁਰੂ ਵਿਚ ਬੜੇ ਚੰਗੇ ਸਨ, ਪਰ ਫਿਲਮ ਦੀ ਸਭ ਤੋਂ ਵੱਡੀ ਕਮਜ਼ੋਰੀ ਉਸ ਦਾ ਹੀਰੋ ਅੰਬਰਦੀਪ ਹੈ, ਜਿਸ ਨੇ ਲੇਖਕ ਤੇ ਨਿਰਦੇਸ਼ਕ ਅੰਬਰਦੀਪ ਨੂੰ ਭਟਕਾ ਕੇ ਰੱਖ ਦਿੱਤਾ। ਉਸ ਦੀ ਕਲਮ ਦੀ ਚੁੰਬਕੀ ਖਿੱਚ ਇਸ ਫਿਲਮ ਵਿਚ ਬਿਖਰ ਕੇ ਰਹਿ ਗਈ ਹੈ। ਚਾਲੀਆਂ ਨੂੰ ਢੁਕਣ ਵਾਲੇ ਬੰਦੇ ਨੂੰ ਕਾਲਿਜ ਦਾ ਸਟੂਡੈਂਟ ਵੇਖ ਕੇ ਹਾਸਾ ਨਿਕਲ ਜਾਂਦਾ ਹੈ। ਡਾਇਲਾਗ ਬੋਲ ਦੇਣੇ ਹੀ ਐਕਟਿੰਗ ਨਹੀਂ ਹੈ! ਹੀਰੋਇਨ ਉਸ ਦੀ ਕਿਹੜੀ ਖੂਬੀ ‘ਤੇ ਫਿਦਾ ਹੈ, ਸਮਝ ਤੋਂ ਬਾਹਰ ਹੈ।
ਇਸੇ ਤਰ੍ਹਾਂ ਇਕ ਪਾਸੇ ਤਾਂ ਸ਼ਰੀਕ ਇਸੇ ਤਾੜ ਵਿਚ ਹਨ ਕਿ ਇਨ੍ਹਾਂ ‘ਚੋਂ ਕਿਸੇ ਦਾ ਵਿਆਹ ਨਾ ਹੋਵੇ ਤਾਂ ਕਿ ਉਹ ਉਨ੍ਹਾਂ ਦੀ ਜਮੀਨ ਹੜੱਪ ਸਕਣ। ਜਮੀਨ ਵਾਲੇ ਵੀ ਹਨ, ਚਾਹੇ ਥੋੜ੍ਹੀ ਹੀ ਸਹੀ; ਇੱਕ ਭਰਾ ਟੈਕਸੀ ਵੀ ਚਲਾਉਂਦਾ ਹੈ ਤੇ ਘਰ ਮੱਝ ਵੀ ਹੈ। ਹੀਰੋਇਨ ਦੇ ਘਰ ਆ ਜਾਣ ‘ਤੇ ਉਹ ਜਿਹੋ ਜਿਹੀ ਗਰੀਬੀ ਦਾ ਮੁਜਾਹਰਾ ਕਰਦੇ ਹਨ, ਉਸ ਵਿਚੋਂ ਸਿਰਫ ‘ਲੇਖਕ ਦੀ ਗਰੀਬੀ’ ਹੀ ਝਲਕਦੀ ਹੈ, ਹੋਰ ਕੁਝ ਨਹੀਂ।
ਕਹਾਣੀ ਹੁਣ ਤਕ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅੰਤ ਵਿਚ ਸਾਰੇ ਛੜੇ ਭਰਾਵਾਂ ਦਾ ਵਿਆਹ ਹੋਣਾ ਹੈ। ਇੰਟਰਵਲ ਤੋਂ ਠੀਕ ਪਹਿਲਾਂ ਗੁੱਗੂ ਗਿੱਲ ਦੀ ਜ਼ੋਰਦਾਰ ਐਂਟਰੀ ਹੈ, ਲੱਗਾ ਕਿ ਫਿਲਮ ਗਤੀ ਫੜੇਗੀ, ਪਰ ਮਾਮੇ ਗੁੱਗੂ ਦੇ ਘਰ ਜਾ ਕੇ ਹੀਰੋ ਤੇ ਉਸ ਦੇ ਭਰਾ ਦੀਆਂ ਬੇਤੁਕੀਆਂ ਤੇ ਹਾਸੋਹੀਣੀਆਂ ਹਰਕਤਾਂ ਨੇ ਇਕ ਚੰਗੇ ਕਨਸੈਪਟ ਦਾ ਜਲੂਸ ਕੱਢ ਕੇ ਰੱਖ ਦਿੱਤਾ।
ਕਲਾਕਾਰਾਂ ਦੀ ਗੱਲ ਕਰੀਏ ਤਾਂ ਹੀਰੋ ਫਿਲਮ ਦਾ ਨੈਗੇਟਿਵ ਪੁਆਇੰਟ ਹੈ। ਵੱਡੇ ਭਰਾ ਦੇ ਰੋਲ ਵਿਚ ਹਰਦੀਪ ਗਿੱਲ ਨੇ ਕਮਾਲ ਦੀ ਐਕਟਿੰਗ ਕਰਕੇ ਸਾਬਿਤ ਕਰ ਦਿੱਤਾ ਕਿ ਉਹ ਵਧੀਆ ਐਕਟਰ ਹੈ। ਦੂਜੇ ਦੋ ਭਰਾਵਾਂ ਦੇ ਰੋਲ ਵਿਚ ਸੁਖਵਿੰਦਰ ਰਾਜ ਅਤੇ ਬਲਵਿੰਦਰ ਬੁਲਿਟ ਨੇ ਵੀ ਵਧੀਆ ਕਿਰਦਾਰ ਨਿਭਾਏ ਹਨ। ਤਿੰਨਾਂ ਨੇ ਹੀਰੋ ਨੂੰ ਸੰਭਾਲਣ ਦੀ ਕਾਫੀ ਕੋਸ਼ਿਸ਼ ਕੀਤੀ ਹੈ। ਹੀਰੋਇਨ ਸਿੰਮੀ ਚਾਹਲ ਨੂੰ ਵੈਸਟਰਨ ਲੁੱਕ ਦਿੱਤੀ ਗਈ ਹੈ, ਪਰ ਉਸ ਦੇ ਕਰਨ ਲਈ ਕੁਝ ਵੀ ਖਾਸ ਨਹੀਂ ਸੀ। ਬੱਸ ਸ਼ੋਅ ਪੀਸ ਬਣ ਕੇ ਰਹਿ ਗਈ ਹੈ।
ਫਿਲਮ ਵਿਚ ਸਭ ਤੋਂ ਵੱਧ ਪ੍ਰਭਾਵਤ ਗੁੱਗੂ ਗਿੱਲ ਨੇ ਕੀਤਾ ਹੈ, ਉਹ ਅੱਜ ਵੀ ਪਹਿਲਾਂ ਵਰਗਾ ਹੈਡਸਮ ਹੈ, ਸਦਾਬਹਾਰ ਹੈ। ਪਰ ਉਸ ਦੇ ਕਿਰਦਾਰ ਬਾਰੇ ਵੀ ਲੇਖਕ ਕਨਫੀਊਜ਼ਡ ਹੈ। ਉਹ ਜਾਬਰ ਹੈ, ਸਮਗਲਰ ਹੈ, ਲੁਟੇਰਾ ਹੈ ਜਾਂ ਭਾਵੁਕ ਇਨਸਾਨ ਹੈ-ਸਮਝਣਾ ਮੁਸ਼ਕਿਲ ਹੈ, ਬੱਸ ਘਾਲਾ ਮਾਲਾ ਹੀ ਹੈ। ਯਾਦ ਗਰੇਵਾਲ ਜਿਹੇ ਵਧੀਆ ਆਰਟਿਸਟ ਨੂੰ ਵੀ ਕਮਜ਼ੋਰ ਕਿਰਦਾਰ ਦਿੱਤਾ ਗਿਆ, ਫਿਰ ਵੀ ਜਿੱਥੇ ਉਸ ਨੂੰ ਮੌਕਾ ਮਿਲਿਆ, ਉਸ ਨੇ ਆਪਣੀ ਛਾਪ ਛੱਡੀ ਹੈ। ਹੌਬੀ ਧਾਲੀਵਾਲ ਤੇ ਨਿਰਮਲ ਰਿਸ਼ੀ ਠੀਕ ਠੀਕ ਹਨ।
ਨਿਰਮਲ ਰਿਸ਼ੀ ਨੂੰ ‘ਦਾਣਾ ਪਾਣੀ’ ਤੋਂ ਬਾਅਦ ਦੂਜੀ ਵਾਰ ਲੇਖਿਕਾ ਦੇ ਰੂਪ ਵਿਚ ਵੇਖਿਆ। ਪਹਿਲਾਂ ਵਾਂਗ ਹੀ ਉਸ ਦਾ ਕਿਰਦਾਰ ਅਟਪਟਾ ਜਿਹਾ ਲੱਗਾ। ਲੇਖਿਕਾ ਵਾਲੀ ਸੌਫਟ ਭਾਸ਼ਾ ਦਾ ਉਚਾਰਨ ਕਰਨਾ ਉਸ ਦੇ ਵੱਸ ਦੀ ਗੱਲ ਨਹੀਂ ਹੈ। ਉਹ ਤਾਂ ਧਾਕੜ ਜਿਹੀ ਪੇਂਡੂ ਔਰਤ ਦੇ ਕਿਰਦਾਰ ਹੀ ਸਹਿਜ ਨਾਲ ਨਿਭਾ ਸਕਦੀ ਹੈ।
ਫਿਲਮ ਵਿਚ ਸੁਰਿੰਦਰ ਸ਼ਿੰਦੇ ਅਤੇ ਕੁਲਦੀਪ ਮਾਣਕ ਦੀ ਆਵਾਜ਼ ਸੁਣ ਕੇ ਇੱਕ ਵਾਰ ਫੇਰ ਮਜ਼ਾ ਆ ਗਿਆ। ਤਾਜ਼ਾ ਰਿਕਾਰਡ ਕੀਤੇ ਜਤਿੰਦਰ ਸ਼ਾਹ ਦੇ ਗੀਤ ਫਿਲਮ ਵਿਚ ਚੰਗੇ ਲੱਗਦੇ ਹਨ।
ਕੁਲ ਮਿਲਾ ਕੇ ‘ਭੱਜੋ ਵੀਰੋ ਵੇ’ ਸਾਲ 2018 ਵਿਚ ਆਈ ਬਹੁਤ ਹੀ ਨਿਰਾਸ ਕਰਨ ਵਾਲੀ ਫਿਲਮ ਹੈ। ਜੇ ਵੱਡੇ ਵੱਡੇ ਦਿੱਗਜਾਂ ਨੇ ਅੱਗੋਂ ਇਹੋ ਫਿਲਮਾਂ ਦੇਣੀਆਂ ਹਨ ਤਾਂ ਉਹ ਦਿਨ ਦੂਰ ਨਹੀਂ ਜਦ ਦਰਸ਼ਕ ਹੀ ਇਨ੍ਹਾਂ ਤੋਂ ਦੂਰ ਭੱਜਣਗੇ!