ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਇਸ ਹਫਤੇ ਚੋਜੀ ਪ੍ਰੀਤਮ ਦਸਮੇਸ਼ ਪਿਤਾ ਦੇ ਦੋ ਵੱਡੇ ਸਾਹਿਬਜ਼ਾਦੇ ਜੰਗ ਵਿਚ ਜੂਝ ਗਏ ਸਨ ਅਤੇ ਦੋ ਛੋਟੇ ਸਾਹਿਬਜ਼ਾਦੇ ਕੰਧਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਸਨ।
ਕੰਧ ਨੂੰ ਦੀਵਾਰ ਵੀ ਕਹਿੰਦੇ ਹਨ, ਜਿਸ ਨੂੰ ਪਾਲੀ ਭਾਸ਼ਾ ਵਿਚ ਪਾਲ ਕਹਿੰਦੇ ਹਨ। ਪਾਲ ਕਤਾਰ ਨੂੰ ਜਾਂ ਲਾਈਨ ਨੂੰ ਵੀ ਕਹਿ ਲਈਦਾ ਹੈ।
ਇਹ ਕੰਧ, ਇਹ ਪਾਲ ਕੀ ਹੈ? ਦਰਅਸਲ ਕੰਧ ਜਾਂ ਪਾਲ ਇੱਕ ਰੁਕਾਵਟ ਹੈ, ਜੋ ਕਿਸੇ ਨੂੰ ਰੋਕਣ ਜਾਂ ਡੱਕਣ ਲਈ ਬਣਾਈ ਜਾਂਦੀ ਹੈ। ਇਸ ਨੂੰ ਡੱਕਾ ਲਾਉਣਾ ਜਾਂ ਰੋਕ ਲਾਉਣੀ ਵੀ ਕਹਿੰਦੇ ਹਨ। ਚਾਰੇ ਪਾਸੇ ਕੰਧਾਂ ਹੋਣ ਤਾਂ ਇਸ ਚਾਰ ਦੀਵਾਰੀ ਨੂੰ ਕੈਦ ਸਮਝਿਆ ਜਾਂਦਾ ਹੈ।
ਕੰਧਾਂ ਕੰਕਰੀਟ ਦੀਆਂ ਵੀ ਹੁੰਦੀਆਂ ਹਨ ਅਤੇ ਮਨ ਦੇ ਵਹਿਮ ਤੇ ਫਹਿਮ ਦੀਆਂ ਵੀ ਹੁੰਦੀਆਂ ਹਨ। ਕੰਕਰੀਟ ਦੀਆਂ ਕੰਧਾਂ ਢੱਠ ਜਾਂਦੀਆਂ ਹਨ; ਵਹਿਮ ਅਤੇ ਫਹਿਮ ਦੀਆਂ ਕੰਧਾਂ ਢਾਹੁਣੀਆਂ ਮੁਸ਼ਕਿਲ ਹੁੰਦੀਆਂ ਹਨ। ਗੁਰੂ ਨਾਨਕ ਪਾਤਸ਼ਾਹ ਨੇ ਇਨ੍ਹਾਂ ਮਾਨਸਿਕ ਕੰਧਾਂ ਬਾਬਤ ਸਵਾਲ ਕੀਤਾ ਸੀ, “ਕਿਵ ਕੂੜੈ ਤੁਟੈ ਪਾਲਿ?” ਅਤੇ ਜਵਾਬ ਦਿੱਤਾ ਸੀ, “ਹੁਕਮਿ ਰਜਾਈ ਚਲਣਾ…॥”
ਇਤਨੇ ਗਹਿਨ ਸਵਾਲ ਦਾ ਇਤਨਾ ਸੁਖੈਨ ਜਵਾਬ!
ਇਹ ਗੱਲ ਮੇਰੇ ਮਿੱਤਰ ਪ੍ਰੋ. ਮਨਜਿੰਦਰ ਸਿੰਘ ਨੇ ਦੱਸੀ ਕਿ ਉਸ ਨੂੰ ਸਾਡੇ ਸਮਿਆਂ ਦੇ ਮਹਾਂ ਚਿੰਤਕ ਪ੍ਰੋ. ਹਰਜੀਤ ਸਿੰਘ ਗਿੱਲ ਨੇ ਦੱਸਿਆ ਸੀ ਕਿ ਗੁਰਬਾਣੀ ਦੀ ਭਾਸ਼ਾ ‘ਡਿਸੈਪਟਿਵ’ ਹੈ।
ਇਹ ਗੱਲ ਸੁਣ ਕੇ ਕਈ ਅਣਭੋਲ ਅਤੇ ਅਨੋਭੜ ਕਿਸਮ ਦੇ ਸਿੱਖਾਂ ਦੇ ਹਿਰਦੇ ‘ਵਲੂੰਧਰੇ’ ਜਾ ਸਕਦੇ ਹਨ ਕਿ ਕਿਸੇ ਨੇ ਗੁਰਬਾਣੀ ਨੂੰ ‘ਡਿਸੈਪਟਿਵ’ ਕਹਿ ਦਿੱਤਾ ਹੈ। ਪਰ ਸਿਆਣੇ ਬੰਦਿਆਂ ਦੇ ਕਥਨ ਦੇ ਗੁਹਜ ਭਾਵ ਹੁੰਦੇ ਹਨ; ਉਨ੍ਹਾਂ ਦਾ ਮਤਲਬ ਇੰਨਾ ਸਿੱਧਰਾ ਨਹੀਂ ਹੁੰਦਾ, ਜਿੰਨਾ ਅਸੀਂ ਅਕਸਰ ਸਮਝ ਬੈਠਦੇ ਹਾਂ।
ਪ੍ਰੋ. ਗਿੱਲ ਦਾ ਤਾਤਪਰਜ ਹੈ ਕਿ ਸਧਾਰਣ ਲੋਕਾਂ ਨੂੰ ਕਿਸੇ ਵਸਤ ਦੀ ਅਸਧਾਰਨਤਾ ਦਾ ਪਤਾ ਉਸ ਦੀ ਪੈਕਿੰਗ ਤੋਂ ਲੱਗਦਾ ਹੈ। ਉਹ ਸਮਝਦੇ ਹਨ, ਕੀਮਤੀ ਸ਼ੈ ਦੀ ਪੈਕਿੰਗ ਵੀ ਕੀਮਤੀ ਹੁੰਦੀ ਹੈ। ਜੇ ਉਨ੍ਹਾਂ ਸਾਹਮਣੇ ਕੋਈ ਸਧਾਰਣ ਵਸਤ ਕੀਤੀ ਪੈਕਿੰਗ ਵਿਚ ਲਿਪਤ ਹੋਵੇ ਤਾਂ ਉਹ ਉਸ ਸਧਾਰਣ ਵਸਤ ਨੂੰ ਵੀ ਅਸਧਾਰਣ ਮੰਨ ਲੈਣਗੇ; ਤੇ ਜੇ ਕਿਤੇ ਕੋਈ ਅਸਧਾਰਣ ਸ਼ੈਅ ਕਿਸੇ ਆਮ ਪੈਕਿੰਗ ਵਿਚ ਲਪੇਟੀ ਹੋਵੇ ਤਾਂ ਉਹ ਉਸ ਬੇਸ਼ਕੀਮਤੀ ਸ਼ੈਅ ਨੂੰ ਵੀ ਸਧਾਰਣ ਅਨੁਮਾਨ ਲੈਂਦੇ ਹਨ।
ਸ਼ੈਅ ਤਾਂ ਕਿਤੇ ਰਹੀ, ਅਸੀਂ ਤਾਂ ਬੰਦਿਆਂ ਦੀ ਅਹਿਮੀਅਤ ਦਾ ਅੰਦਾਜ਼ਾ ਵੀ ਉਨ੍ਹਾਂ ਦੇ ਲਿਬਾਸ ਤੋਂ ਲਾਉਂਦੇ ਹਾਂ। ਲਿਬਾਸ ਦੇ ਅੰਦਾਜ਼ੇ ਤੋਂ ਅਸੀਂ ਆਮ ਬੰਦੇ ਨੂੰ ਅਕਸਰ ਖਾਸ ਅਤੇ ਖਾਸ ਨੂੰ ਆਮ ਸਮਝਣ ਦੇ ਭੁਲੇਖੇ ਦੇ ਸ਼ਿਕਾਰ ਹੋ ਜਾਂਦੇ ਹਾਂ। ਗਾਲਿਬ ਦਾ ਸ਼ੇਅਰ ਹੈ, ਬਨਾ ਕਰ ਫਕੀਰੋਂ ਕਾ ਹਮ ਭੇਸ ਗਾਲਿਬ, ਤਮਾਸ਼ਾ-ਇ-ਅਹਿਲੇ-ਕਰਮ ਦੇਖਤੇ ਹੈਂ।
ਅਮੀਰ ਲੋਕ ਅਮੀਰਾਂ ਵਿਚ ਵਿਚਰਦੇ ਜ਼ਰੂਰ ਹਨ, ਪਰ ਨਾਲ ਇੱਕ ਖਾਸ ਕਿਸਮ ਦੀ ਦੂਰੀ ਵੀ ਬਣਾਈ ਰੱਖਦੇ ਹਨ, ਪਰ ਉਨ੍ਹਾਂ ਦਾ ਵਿਅਕਤੀਗਤ ਹੀਜ ਪਿਆਜ਼ ਆਮ ਲੋਕਾਂ ਸਾਹਮਣੇ ਨੰਗਾ ਹੁੰਦਾ ਹੈ। ਇਸ ਲਈ ਜੇ ਵੱਡੇ ਲੋਕਾਂ ਦਾ ਤਮਾਸ਼ਾ ਦੇਖਣਾ ਹੋਵੇ ਤਾਂ ਉਹ ਗਰੀਬੀ ਅਰਥਾਤ ਫਕੀਰੀ ਭੇਸ ਵਿਚ ਹੀ ਦੇਖਿਆ ਜਾ ਸਕਦਾ ਹੈ।
ਗੱਲ ਭਾਸ਼ਾ ਦੀ ਹੋ ਰਹੀ ਸੀ। ਭਾਸ਼ਾ ਕਿਸੇ ਖਿਆਲ, ਅਹਿਸਾਸ ਅਤੇ ਤਸੱਵਰ ਦਾ ਲਿਬਾਸ ਹੈ। ਅਸੀਂ ਸਧਾਰਣ ਭਾਸ਼ਾ ‘ਚ ਕਹੀ ਗੱਲ ਨੂੰ ਗੌਲਦੇ ਤੱਕ ਨਹੀਂ, ਪਰ ਕਿਸੇ ਵਿਸ਼ੇਸ਼ ਭਾਸ਼ਾ ਵਿਚ ਕਿਹਾ ਕਥਨ ਸਾਨੂੰ ਅੰਤਿਮ ਸੱਚ ਜਾਪਣ ਲੱਗ ਪੈਂਦਾ ਹੈ।
ਭਾਰਤ ਵਿਚ ਬਾਰੀਕ ਖਿਆਲ ਦੀਆਂ ਗੱਲਾਂ ਕਰਨ ਲਈ ਪੰਡਿਤ ਲੋਕ ਸੰਸਕ੍ਰਿਤ ਭਾਸ਼ਾ ਦਾ ਹੀ ਇਸਤੇਮਾਲ ਕਰਦੇ ਸਨ। ਅਲੌਕਿਕ ਗੱਲਾਂ ਅਲੌਕਿਕ ਭਾਸ਼ਾ ਵਿਚ ਅਤੇ ਲੌਕਿਕ ਗੱਲਾਂ ਲੌਕਿਕ ਭਾਸ਼ਾ ਵਿਚ ਹੀ ਕਹਿਣ-ਕਰਨ ਦਾ ਰਿਵਾਜ ਸੀ।
ਭਗਤ ਅਤੇ ਗੁਰੂ ਸਾਹਿਬਾਨ ਨੇ ਸਾਡੀ ਸਰਲ ਅਤੇ ਸਧਾਰਣ ਭਾਸ਼ਾ ਵਿਚ ਬੇਹੱਦ ਪਤੇ ਦੀਆਂ, ਡੂੰਘੀਆਂ ਅਤੇ ਗਹਿਰ ਗੰਭੀਰ ਗੱਲਾਂ ਕੀਤੀਆਂ ਹਨ ਅਰਥਾਤ ਅਲੌਕਿਕ ਗੱਲਾਂ ਲੌਕਿਕ ਭਾਸ਼ਾ ਵਿਚ ਕਹਿ ਤੇ ਕਰ ਦਿੱਤੀਆਂ। ਅਸੀਂ ਇਸੇ ਕਰਕੇ ਗੁਰਬਾਣੀ ਨੂੰ ਖਿਆਲ ਦੀ ਪੱਧਰ ‘ਤੇ ਉਹ ਅਹਿਮੀਅਤ ਨਹੀਂ ਦਿੰਦੇ। ਇਹੀ ਗੁਰਬਾਣੀ ਦੀ ਡਿਸੈਪਸ਼ਨ ਹੈ।
ਦਰਅਸਲ ਗੁਰਬਾਣੀ ਸਾਦਾ ਭਾਸ਼ਾਈ ਲਿਬਾਸ ਵਿਚ ਕਥਿਆ ਪਰਮ ਸੱਤ ਹੈ, ਜਿਸ ਨੂੰ ਜਾਣਨ, ਸਮਝਣ ਜਾਂ ਬੁੱਝਣ ਲਈ ਵਿਸ਼ੇਸ਼ ਬੌਧਿਕ ਉਚੇਚ ਦੀ ਲੋੜ ਹੈ। ‘ਕਿਵ ਕੂੜੈ ਤੁਟੈ ਪਾਲਿ’ ਵਿਚ ਕੂੜੀ ਪਾਲ ਅਰਥਾਤ ਐਵੇਂ ਮੁਚੀ ਜਾਂ ਝੂਠੀ-ਮੂਠੀ ਦੀ ਕੰਧ ਨੂੰ ਰਿਸ਼ੀ ਪਤੰਜਲੀ ਨੇ ਆਪਣੇ ਯੋਗ ਸੂਤਰਾਂ ਵਿਚ ਔਬਸਟੈਕਲ ਲਿਖਿਆ ਹੈ।
ਇਹੀ ਔਬਸਟੈਕਲ ਮਾਨਵੀ ਪ੍ਰਫੁਲਤਾ, ਪਰਿਪੂਰਣਤਾ, ਸੰਪੂਰਣਤਾ, ਸੰਪੰਨਤਾ ਅਤੇ ਪ੍ਰਸੰਨਤਾ ਵਿਚ ਰੁਕਾਵਟ ਬਣ ਕੇ ਜ਼ਿੰਦਗੀ ਨੂੰ ਦੁੱਖਾਂ ਦਾ ਘਰ ਅਰਥਾਤ ਨਰਕ ਬਣਾ ਧਰਦਾ ਹੈ। ਜਿਨ੍ਹਾਂ ਦੇ ਮਨ ਮਸਤਕ ਵਿਚ ਇਹ ਖੜੋਤ ਜਾਂ ਖਿਆਲੀ ਅੜਾਖੋੜ ਨਹੀਂ ਹੁੰਦਾ, ਉਹੀ ਲੋਕ ਅਸਲ ਵਿਚ ਅਤੇ ਸੱਚਮੁਚ ਅਜ਼ਾਦ ਲੋਕ ਹੁੰਦੇ ਹਨ; ਬਾਕੀ ਤਮਾਮ ਖਲਕਤ ਗੁਲਾਮੀ ਭੋਗਦੀ ਹੈ।
ਰਾਜਸੀ ਤੌਰ ‘ਤੇ ਸਾਡੇ ਮੁਲਕ ਆਜ਼ਾਦੀ ਹਾਸਲ ਕਰ ਲੈਂਦੇ ਹਨ, ਪਰ ਸਾਡੇ ਲੋਕਾਂ ਦੇ ਨਸੀਬ ਵਿਚ ਆਜ਼ਾਦੀ ਨਹੀਂ ਹੁੰਦੀ; ਕਿਉਂਕਿ ਅਸੀਂ ਮੁੱਢੋਂ ਸੁੱਢੋਂ ਜ਼ਿਹਨੀ ਗੁਲਾਮੀ ਦੇ ਸ਼ਿਕਾਰ ਹੋ ਚੁਕੇ ਹੁੰਦੇ ਹਾਂ।
ਪਤੰਜਲੀ ਦਾ ਔਬਸਟੈਕਲ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਦਰਸਾਈ ‘ਕੂੜ ਦੀ ਕੰਧ’ ਹੀ ਸਾਡੀ ਮਾਨਸਿਕ ਗੁਲਾਮੀ ਦਾ ਕਾਰਨ ਹੁੰਦੀ ਹੈ। ਜਿਸ ਦਾ ਔਬਸਟੈਕਲ ਦੂਰ ਹੋ ਚੁਕਾ ਹੈ ਅਤੇ ਜਿਸ ਦੀ ਕੂੜੀ ਕੰਧ ਢੱਠ ਚੁਕੀ ਹੈ, ਉਹੀ ਧਾਰਮਕ ਹੈ, ਬਾਕੀ ਸਭ ਲੋਕ ਜੰਜਾਲ ਭੋਗ ਰਹੇ ਹਨ। ਜੋ ਲੋਕ ਇਸ ਜੰਜਾਲ ਤੋਂ ਮੁਕਤ ਹੋਣਾ ਚਾਹੁੰਦੇ ਹਨ ਅਤੇ ਕੂੜ ਦੀ ਕੰਧ ਵਾਲੇ ਔਬਸਟੈਕਲ ਨੂੰ ਖਾਰਜ ਕਰਨ ਦੇ ਜਤਨ ਵਿਚ ਹਨ, ਅਸਲ ਵਿਚ ਉਹੀ ਧਰਮ ਦੇ ਪਾਂਧੀ ਹਨ, ਉਹੀ ਸਿੱਖ ਹਨ, ਉਹੀ ਹਿੰਦੂ ਹਨ, ਉਹੀ ਮੁਸਲਮਾਨ ਹਨ; ਬਾਕੀ ਸਭ ਮਹਾਂ ਮਾਇਆ ਦਾ ਬੇਅਰਥ ਮਾਲ ਹਨ।
ਪ੍ਰਚਾਰਕ ਕਿਸਮ ਦੇ ਰਾਗੀ-ਢਾਡੀ ਸਾਨੂੰ ਦੱਸਦੇ ਹਨ ਕਿ ਸਾਹਿਬਜ਼ਾਦਿਆਂ ਨੇ ਸਾਡੀ ਖਾਤਰ ਕੁਰਬਾਨੀ ਦਿੱਤੀ; ਇਸ ਵਿਚ ਕੋਈ ਸ਼ੱਕ ਵੀ ਨਹੀਂ ਹੈ। ਪਰ ਸਾਨੂੰ ਕੋਈ ਇਹ ਨਹੀਂ ਦੱਸਦਾ ਕਿ ਜੇ ਸਾਹਿਬਜ਼ਾਦੇ ਸ਼ਹੀਦ ਨਾ ਹੋਏ ਹੁੰਦੇ ਤਾਂ ਸਾਨੂੰ ਕੀ ਹੋਣਾ ਸੀ; ਵੱਧ ਤੋਂ ਵੱਧ ਇਹੀ ਨਾ ਕਿ ਅਸੀਂ ਹੁਣ ਮੁਸਲਮਾਨ ਹੁੰਦੇ ਜਾਂ ਹੁੰਦੇ ਹੀ ਨਾ!
ਜੇ ਅਸੀਂ ਮੁਸਲਮਾਨ ਵੀ ਹੁੰਦੇ ਤਾਂ ਕਿਹੜਾ ਕੋਈ ਆਫਤ ਆ ਜਾਣੀ ਸੀ; ਅਸੀਂ ਉਹੋ ਜਿਹੇ ਹੀ ਮੁਸਲਮਾਨ ਹੋਣਾ ਸੀ, ਜਿਹੋ ਜਿਹੇ ਅਸੀਂ ਸਿੱਖ ਹਾਂ। ਜੇ ਅਸੀਂ ਨਾ ਵੀ ਹੁੰਦੇ ਤਾਂ ਕਿਹੜਾ ਕਿਤੇ ਅਸਮਾਨ ਢਹਿ ਜਾਣਾ ਸੀ ਜਾਂ ਧਰਤੀ ਗਰਕ ਜਾਣੀ ਸੀ।
ਦਰਅਸਲ ਜੇ ਸਾਹਿਬਜ਼ਾਦੇ ਸ਼ਹੀਦ ਨਾ ਹੋਏ ਹੁੰਦੇ ਤੇ ਅਸੀਂ ਸਿੱਖ ਨਾ ਹੁੰਦੇ ਤਾਂ ਅਸੀਂ ਆਪਣੀ ਸੰਪੂਰਣਤਾ ਅਤੇ ਸੰਪੰਨਤਾ ਦੇ ਸੁਖੈਨ ਅਤੇ ਸਰਲ ਅਵਸਰ ਤੋਂ ਖੁੰਝ ਜਾਣਾ ਸੀ। ਗੁਰਬਾਣੀ ਦਾ ਫੁਰਮਾਨ ਹੈ, ‘ਫਿਰਿ ਇਆ ਅਉਸਰੁ ਚਰੈ ਨ ਹਾਥਾ॥’
ਮਨੁੱਖ ਹੋਣਾ ਉਸ ਔਬਸਟੈਕਲ ਨੂੰ ਹਟਾਉਣ ਦਾ ਮੌਕਾ ਹੈ ਅਤੇ ਸਿੱਖ ਹੋਣਾ ਉਸ ‘ਕੂੜੀ ਕੰਧ’ ਨੂੰ ਹਟਾਉਣ ਦਾ ਸੁਖੈਨ ਸਾਧਨ ਹੈ। ਸਰਹਿੰਦ ਦੀ ਕੰਧ ਸਾਨੂੰ ਦੱਸਦੀ ਹੈ ਕਿ ਕੰਧਾਂ ਕੈਦ ਹੁੰਦੀਆਂ ਹਨ, ਵਲਗਣ ਹੁੰਦੀਆਂ ਹਨ, ਇਹ ਜ਼ਾਲਮਾਨਾ ਅਤੇ ਕਹਿਰਵਾਨ ਹੁੰਦੀਆਂ ਹਨ। ਇਸ ਦੇ ਉਲਟ ਵਿਧਾਤਾ ਨੇ ਸਿੱਖ ਨੂੰ ਪੁਲ ਹੋਣ ਦੀ ਸਿੱਖਿਆ ਦਿੱਤੀ ਹੈ, ‘ਗੁਰਮਖਿ ਬਾਂਧਿਓ ਸੇਤੁ ਬਿਧਾਤੈ॥’
ਪੁਲ ਆਰ-ਪਾਰ ਜਾਣ-ਆਉਣ ਦਾ ਸਾਧਨ ਹੁੰਦੇ ਹਨ; ਕੰਧਾਂ ਆਰ-ਪਾਰ ਜਾਣ-ਆਉਣ ਵਿਚ ਰੁਕਾਵਟ ਬਣਦੀਆਂ ਹਨ। ਪੁਲ ਦੋ ਦੇਸਾਂ, ਪਰਦੇਸਾਂ ਨੂੰ ਮੇਲ ਦਿੰਦੇ ਹਨ; ਪੁਲ ਦੂਰੀਆਂ ਸਮੇਟ ਦਿੰਦੇ ਹਨ, ਕਲ-ਕਲੇਸ਼ ਮੇਟ ਦਿੰਦੇ ਹਨ ਅਤੇ ਸੱਭਿਅਤਾਵਾਂ ਮੇਲ ਦਿੰਦੇ ਹਨ।
ਦੋ ਸਾਹਿਬਜ਼ਾਦੇ ਸਰਹਿੰਦ ਵਿਖੇ ਕੰਧਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਅਤੇ ਦੋ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਦੀਆਂ ਕੰਧਾਂ ‘ਚ ਲੜ ਕੇ ਸ਼ਹੀਦੀ ਜਾਮ ਪੀ ਗਏ। ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਸ਼ਹਾਦਤ ਦੇ ਦੋ ਮਹਾਨ ਸਤੰਭ ਹਨ, ਜਿਨ੍ਹਾਂ ਵਿਚ ਕੰਧਾਂ ਦੇ ਵਿਪਰੀਤ ਜਾਂ ਉਪਰ ਪੁਲ ਹੋਣ ਦਾ ਸੰਕੇਤ ਹੈ, ਜੋ ਸਾਨੂੰ ਪ੍ਰੇਰਨਾ ਕਰਦਾ ਹੈ ਕਿ ਸ਼ਹਾਦਤ ਦੇ ਇਨ੍ਹਾਂ ਸਤੰਭਾਂ ਉਤੇ ਵਿਸ਼ਵ ਭਾਈਚਾਰੇ ਦੀ ਸਾਂਝੀਵਾਲਤਾ ਦਾ ਸੱਭਿਆਚਾਰ ਉਸਾਰਿਆ ਜਾਵੇ।
ਆਓ, ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਜਾਤਾਂ, ਰੰਗਾਂ, ਨਸਲਾਂ, ਮਜਹਬਾਂ ਤੇ ਸੱਭਿਅਤਾਵਾਂ ਵਿਚਾਲੇ ਪੁਲ ਬਣਨ ਦੀ ਸਿੱਖਿਆ ਲਈਏ ਅਤੇ ਵਿਸ਼ਵ ਨਾਲ ਸਾਂਝੀਵਾਲਤਾ ਵੱਲ ਹਮਕਦਮ ਤੇ ਹਮਰਕਾਬ ਹੋਈਏ, ਅਤੇ ਆਪਣੀ ਸੰਪੂਰਣਤਾ ਵੱਲ ਵਧਦਿਆਂ ਆਪਣੇ ਮਾਨਸਿਕ ਅੰਧਕਾਰ, ਅਹੰਕਾਰ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਦਰਸਾਈ ਕੂੜੀ ਕੰਧ ਜਾਂ ਪਤੰਜਲੀ ਦੇ ਔਬਸਟੈਕਟਲ ਤੋਂ ਮੁਕਤ ਹੋਣ ਦੇ ਅਭਿਆਸ ਵਿਚ ਜੁਟ ਜਾਈਏ।
ਸਾਹਿਬਜ਼ਾਦਿਆਂ ਦੀ ਅਦੁੱਤੀ ਕਰਨੀ ਅਤੇ ਸ਼ਹਾਦਤ ਨੂੰ ਸਦ ਸਦ ਪ੍ਰਣਾਮ!