ਚੰਡੀਗੜ੍ਹ: ਮਾਮਿਆਂ ‘ਤੇ ਆਪਣੀ ਭਾਣਜੀ ਦਾ ਮੁੱਲ ਵੱਟਣ ਦੇ ਲੱਗੇ ਦੋਸ਼ਾਂ ਨੂੰ ਰਫ਼ਾ-ਦਫ਼ਾ ਕਰਨ ਬਦਲੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਪੁਲਿਸ ਦੀ ਖਿਚਾਈ ਕੀਤੀ ਹੈ। ਮਾਮਿਆਂ ‘ਤੇ ਆਪਣੀ 16 ਸਾਲਾ ਭਾਣਜੀ ਨੂੰ 70 ਹਜ਼ਾਰ ਰੁਪਏ ‘ਚ ਵੇਚਣ ਦਾ ਦੋਸ਼ ਹੈ। ਕਮਿਸ਼ਨ ਨੇ ਪੁਲਿਸ ਨੂੰ ਕੇਸ ਦਰਜ ਕਰਕੇ ਰਿਪੋਰਟ ਨੌਂ ਅਪਰੈਲ ਤੱਕ ਦੇਣ ਲਈ ਕਿਹਾ ਹੈ। ਕਮਿਸ਼ਨ ਨੇ ਮਾਮਲਾ ਪੁਲਿਸ ਦੇ ਧਿਆਨ ਵਿਚ ਆ ਜਾਣ ਮਗਰੋਂ ਵੀ ਕੇਸ ਦਰਜ ਨਾ ਕਰਨ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਇਸ ਨੂੰ ਸਰਾਸਰ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੱਸਿਆ ਹੈ। ਕਮਿਸ਼ਨ ਨੇ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਸਿਫਾਰਸ਼ ਵੀ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਧੱਕੜਾਂ ਦੇ ਵਸਨੀਕ ਮਹਿੰਗੇ ਤੇ ਬਰਕਤ ਨੇ ਤਿੰਨ ਸਾਲ ਪਹਿਲਾਂ ਆਪਣੀ 16 ਸਾਲਾ ਭਾਣਜੀ ਨੂੰ 38 ਸਾਲਾ ਦੇ ਇਕ ਵਿਅਕਤੀ ਨੂੰ 70 ਹਜ਼ਾਰ ਰੁਪਏ ਵਿਚ ਵੇਚ ਦਿੱਤਾ ਸੀ। 38 ਸਾਲਾ ਵਿਅਕਤੀ ਨਾਲ ਸਾਲਾਂਬੱਧੀ ਜਬਰੀ ਰਿਸ਼ਤਾ ਨਿਭਾਉਣ ਤੋਂ ਬਾਅਦ ਉਹ ਜਨਵਰੀ ਵਿਚ ਕਿਸੇ ਤਰ੍ਹਾਂ ਆਜ਼ਾਦ ਹੋਣ ਵਿਚ ਸਫਲ ਹੋ ਗਈ। ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਜਾ ਪੁੱਜੀ ਜਿਸ ਨੇ 14 ਜਨਵਰੀ ਨੂੰ ਦਰਖ਼ਾਸਤ ਦੇ ਕੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਸੀ। ਸ਼ਿਕਾਇਤ ਵਿਚ ਬਰਕਤ ਤੇ ਮਹਿੰਗੇ ਨਾਂ ਦੇ ਦੋ ਰਿਸ਼ਤੇਦਾਰਾਂ ‘ਤੇ ਲੜਕੀ ਨੂੰ 70 ਹਜ਼ਾਰ ਰੁਪਏ ਵਿਚ ਵੇਚਣ ਦਾ ਦੋਸ਼ ਲਾਇਆ ਗਿਆ ਹੈ।
ਦੂਜੇ ਪਾਸੇ ਪੀੜਤ ਲੜਕੀ ਦੇ ਪਤੀ ਲਖਬੀਰ ਜਿਸ ‘ਤੇ ਉਸ ਨੂੰ ਮੁੱਲ ਲੈਣ ਦਾ ਦੋਸ਼ ਹੈ, ਨੇ ਬਟਾਲਾ ਦੇ ਕਾਰਜਕਾਰਨੀ ਮਜਿਸਟ੍ਰੇਟ ਨੂੰ ਹਲਫੀਆ ਬਿਆਨ ਦੇ ਕੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ। ਉਸ ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ ਨਾਬਾਲਗ ਨਾਲ ਵਿਆਹ ਕਰਾਉਣ ਲਈ ਮਹਿੰਗੇ ਤੇ ਬਰਕਤ ਨੂੰ 70 ਹਜ਼ਾਰ ਰੁਪਏ ਅਦਾ ਕੀਤੇ ਸਨ ਤੇ ਲਾਡੋਵਾਲੀ ਦੇ ਇਕ ਮਹਿੰਦਰ ਸਿੰਘ ਨੇ ਵਿਚੋਲਗੀ ਕੀਤੀ ਸੀ।
ਕਮਿਸ਼ਨ ਨੇ ਪੁਲਿਸ ਦੀ ਢਿੱਲਮੱਠ ‘ਤੇ ਸਖ਼ਤ ਇਤਰਾਜ਼ ਕਰਦਿਆਂ ਕਿਹਾ ਹੈ ਕਿ ਇਹ ਜਿਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ, ਉਥੇ ਸਬੰਧਤ ਸਰਕਾਰੀ ਅਫਸਰਾਂ ਦੀ ਧੱਕੇਸ਼ਾਹੀ ਵੀ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਪੀੜਤ ਬੱਚੀ ਨੂੰ ਲਗਾਤਾਰ ਤਿੰਨ ਸਾਲ ਅੱਤਿਆਚਾਰ ਸਹਿਣਾ ਪਿਆ ਹੈ ਤੇ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਕਮਿਸ਼ਨ ਨੇ ਗ੍ਰਹਿ ਵਿਭਾਗ ਤੋਂ ਵੱਖਰੀ ਰਿਪੋਰਟ ਮੰਗ ਲਈ ਹੈ।
Leave a Reply