ਡਾæ ਗੁਰਨਾਮ ਕੌਰ, ਕੈਨੇਡਾ
ਅੱਜ ਕਲ੍ਹ ਤਰ੍ਹਾਂ ਤਰ੍ਹਾਂ ਦੇ ਸਾਧਾਂ-ਸੰਤਾਂ, ਤਾਂਤ੍ਰਿਕਾਂ ਦਾ ਬੋਲ-ਬਾਲਾ ਹੈ। ਕੈਨੇਡਾ ਦੀਆਂ ਅਖ਼ਬਾਰਾਂ ਵਿਚ ਖ਼ਬਰਾਂ ਅਤੇ ਸਾਹਿਤਕ ਸਮੱਗਰੀ ਨਾਲੋਂ ਇਨ੍ਹਾਂ ਬਾਬਿਆਂ ਦੇ ਇਸ਼ਤਿਹਾਰ ਵੱਧ ਲੱਗੇ ਹੁੰਦੇ ਹਨ। ਕੀ ਹਿੰਦੂ, ਕੀ ਸਿੱਖ-ਸਭ ਆਪਣੀਆਂ ਔਕੜਾਂ ਦਾ ਹੱਲ ਲੱਭਣ ਲਈ ਇਨ੍ਹਾਂ ਵੱਲ ਤੁਰੇ ਹੁੰਦੇ ਹਨ। ਹਰ ਇੱਕ ਬਾਰੇ ਇਹੀ ਲਿਖਿਆ ਹੁੰਦਾ ਹੈ ਕਿ ਇਸ ਬਾਬੇ ਜਾਂ ਬਾਬੀ ਤੋਂ ਵੱਧ ਹੋਰ ਕੋਈ ਰਿਧੀ ਅਤੇ ਸਿੱਧੀ ਦਾ ਮਾਲਕ ਹੋ ਹੀ ਨਹੀਂ ਸਕਦਾ। ਇਸ ਲੇਖ ਦਾ ਮਕਸਦ ਇਸੇ ਤੱਥ ਵੱਲ ਝਾਤ ਮਾਰਨਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਸਿੱਖ ਧਰਮ ਚਿੰਤਨ ਦਾ ਇਸ ਪਾਸੇ ਕੀ ਨਜ਼ਰੀਆ ਹੈ? ‘ਰਿਧਿ’ ਸ਼ਬਦ ਦਾ ਮੂਲ ਸੰਸਕ੍ਰਿਤ ਭਾਸ਼ਾ ਹੈ ਅਤੇ ਇਸ ਦੇ ਕਈ ਅਰਥ ਹਨ। ਰਿਧਿ ਹਿੰਦੂ ਦੇਵਤੇ ਗਣੇਸ਼ ਦੀ ਪਤਨੀ ਦਾ ਨਾਂ ਹੈ। ਹਿੰਦੂ ਦੇਵੀ ਲਕਸ਼ਮੀ ਨੂੰ ਵੀ ‘ਰਿਧਿ’ ਆਖਦੇ ਹਨ। ਨੇਪਾਲ ਦੀ ਇੱਕ ਰਾਣੀ ਦਾ ਨਾਂ ਵੀ ਰਿਧਿ ਹੈ ਅਤੇ ਜਾਦੂ ਰਾਹੀਂ ਪੈਦਾ ਕੀਤੇ ਇੱਕ ਭੂਤ ਨੂੰ ਵੀ ਰਿਧਿ ਆਖਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਰਿਧਿ’ ਦਾ ਅਰਥ ‘ਬਿਭੂਤੀ, ਸੰਪਦਾ’ ਕੀਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ‘ਰਿਧਿ’ ਸ਼ਬਦ ਇਸੇ ਅਰਥ ਵਿਚ ਆਇਆ ਹੈ। ਵੈਸੇ ਵੀ ਹਿੰਦੂ ਵਿਚਾਰਧਾਰਾ ਅਨੁਸਾਰ ਲਕਸ਼ਮੀ ਨੂੰ ਧੰਨ-ਸੰਪਦਾ ਦੀ ਦੇਵੀ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਸ਼ਿਵਜੀ ਦੀ ਅਰਧੰਗਨੀ ਕਰਕੇ ਜਾਣਿਆ ਜਾਂਦਾ ਹੈ। ਇਸ ਲਈ ਸ਼ੈਵ ਮੱਤ ਵਿਚ ਸ਼ਿਵ ਦੇ ਨਾਲ-ਨਾਲ ਸ਼ਕਤੀ (ਲਕਸ਼ਮੀ) ਦੀ ਵੀ ਪੂਜਾ ਕੀਤੀ ਜਾਂਦੀ ਹੈ। ਸ਼ਿਵ ਮਹਾਂ ਪੁਰਾਣ ਦੇ ਕੈਲਾਸ਼-ਸੰਹਿਤਾ ਵਿਚ ਸ਼ੈਵ ਮੱਤ ਦੀ ਵਿਆਖਿਆ ਕਰਦਿਆਂ ਸੁਰਿੰਦਰਨਾਥ ਦਾਸਗੁਪਤਾ ਨੇ ਦੱਸਿਆ ਹੈ ਕਿ ਵੇਦਾਂ ਵਿਚ ਬ੍ਰਹਮ ਸਤ-ਚਿੱਤ ਅਤੇ ਅਨੰਦ ਦਾ ਇਕੱਤਵ ਹੈ ਜੋ ਅਲਿੰਗ ਹੈ। ਇਸ ਦਾ ਅਲਿੰਗ (ਨਿਊਟਰਲ) ਚਰਿਤਰ ਇਸ ਦੇ ਪੁਰਸ਼ ਹੋਣ ਦਾ ਪ੍ਰਤੀਕ ਹੈ ਜਿਸ ਦਾ ਸੁਭਾਅ ‘ਪ੍ਰਕਾਸ਼ਮਈ’ ਹੈ। ਸਤਿ-ਚਿੱਤ-ਅਨੰਦ ਦੇ ਇਕੱਤਵ ਦੀ ਸੁਚੇਤਨਾ ਇਸਤਰੀ ਹਿੱਸੇ ਦੀ ਪ੍ਰਤੀਕ ਹੈ। ਇਸ ਤਰ੍ਹਾਂ ਪੁਰਸ਼ ਅਤੇ ਇਸਤਰੀ ਦੋਹਾਂ ਦਾ ਸੁਭਾਅ ‘ਪ੍ਰਕਾਸ਼ਮਈ’ ਅਤੇ ਚੇਤਨਾ ਹੈ ਅਤੇ ਇਹ ਦੋਵੇਂ ਮਿਲ ਕੇ ਸ੍ਰਿਸ਼ਟੀ ਰਚਨਾ ਦਾ ਕਾਰਨ ਬਣਦੇ ਹਨ। ਉਪਰੋਕਤ ਵਿਦਵਾਨ ਇਸ ਦੀ ਵਿਆਖਿਆ ਕਰਦੇ ਹੋਏ ਲਿਖਦਾ ਹੈ ਕਿ ਸ਼ਿਵ ਅਤੇ ਸ਼ਕਤੀ ਜਦੋਂ ਮਿਲ ਜਾਂਦੇ ਹਨ ਤਾਂ ਇਹ ਪਰਮ-ਸ਼ਕਤੀ ਬਣ ਜਾਂਦੇ ਹਨ ਜਿਸ ਨੂੰ ਪਰਾ-ਸ਼ਕਤੀ ਕਹਿੰਦੇ ਹਨ। ਪਰਾ-ਸ਼ਕਤੀ ਤੋਂ ਚਿੱਤ-ਸ਼ਕਤੀ, ਇਸ ਤੋਂ ਸ਼ਕਤੀ ਜਾਂ ਅਨੰਦ-ਸ਼ਕਤੀ ਅਤੇ ਅੱਗੇ ਇਸ ਤੋਂ ਇੱਛਾ-ਸ਼ਕਤੀ ਪੈਦਾ ਹੁੰਦੀ ਹੈ। ਇੱਛਾ-ਸ਼ਕਤੀ ਤੋਂ ਗਿਆਨ-ਸ਼ਕਤੀ ਅਤੇ ਕਿਰਿਆ-ਸ਼ਕਤੀ ਪੈਦਾ ਹੁੰਦੀ ਹੈ। ਇਸ ਸ਼ਿਵ-ਸ਼੍ਰੰਖਲਾ ਵਿਚ ਪਹਿਲੀ ਕੜੀ ਸ਼ਿਵ-ਤੱਤਵ ਦੀ ਹੈ। ਸੰਸਾਰ ਅਤੇ ਆਤਮਾਵਾਂ ਸ਼ਿਵ ਨਾਲ ਪੂਰਨ ਤੌਰ ‘ਤੇ ਤੱਦ-ਰੂਪ ਹਨ ਅਤੇ ਅਜਿਹਾ ਗਿਆਨ ਮੁਕਤੀ ਪ੍ਰਾਪਤੀ ਵੱਲ ਲੈ ਜਾਂਦਾ ਹੈ। ਸ਼ਕਤੀ ਨੂੰ ਮਹਾਂਦੇਵੀ ਕਿਹਾ ਗਿਆ ਹੈ ਜੋ ਕਿ ਮਹਾਂਦੇਵ ਨਾਲ ਸਬੰਧਤ ਹੈ ਅਤੇ ਇਸ ਵਿਚਾਰਧਾਰਾ ਅਨੁਸਾਰ ਸਾਰੀ ਸ੍ਰਿਸ਼ਟੀ ਇਨ੍ਹਾਂ ਦੋਹਾਂ ਦਾ ਪ੍ਰਗਟਾਵਾ ਹੈ।
ਇਸ ਵਿਚਾਰਧਾਰਾ ਅਨੁਸਾਰ ਸ਼ਕਤੀ ਅਤੇ ਸ਼ਿਵ ਨੂੰ ਇੱਕ ਦੂਸਰੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਹਿੰਦੂ ਤਾਂਤ੍ਰਿਕ ਮੱਤਾਂ ਅਤੇ ਬੋਧੀ ਤਾਂਤ੍ਰਿਕਾਂ ਅਨੁਸਾਰ ਇਸ ਸ਼ਕਤੀ ਦੀ ਪ੍ਰਾਪਤੀ ਹੀ ‘ਰਿਧਿ’ ਪ੍ਰਾਪਤੀ ਹੈ। ‘ਤਾਰਾਤੰਤ੍ਰ’ ਗ੍ਰੰਥ, ਜਿਸ ਦੀ ਰਚਨਾ ਬਾਰੇ ਕੋਈ ਸਹੀ ਤਾਰੀਖ ਨਹੀਂ ਮਿਥੀ ਜਾ ਸਕੀ, ਨੂੰ ਹਿੰਦੂ ਅਤੇ ਬੋਧੀ-ਦੋਹਾਂ ਧਰਮਾਂ ਦੇ ਤਾਂਤ੍ਰਿਕ ਮੰਨਦੇ ਹਨ। ਇਸ ਗ੍ਰੰਥ ਵਿਚ ਪਾਰਬਤੀ (ਜਿਸ ਨੂੰ ਸ਼ਿਵ ਦੀ ਸ਼ਕਤੀ ਮੰਨਿਆ ਹੈ) ਦੀ ਪ੍ਰਾਪਤੀ ਨੂੰ ‘ਸਿਧਿ’ ਵੀ ਕਿਹਾ ਗਿਆ ਹੈ। ਇੱਕ ਹੋਰ ਥਾਂ ਹਿੰਦੂ ਅਤੇ ਬੋਧੀ ਤਾਂਤ੍ਰਿਕ ਮੱਤ ਦੀ ਵਿਰਾਸਤ ਨਿਸ਼ਚਿਤ ਕਰਦਿਆਂ ਕਿਹਾ ਹੈ ਕਿ ਜਦੋਂ ਸਾਧਨਾ (ਜੋਗ-ਕਿਰਿਆ) ਰਾਹੀਂ ਮੰਤਰ ਸ਼ਕਤੀ ਜਾਗ ਪੈਂਦੀ ਹੈ ਤਾਂ ਪ੍ਰਧਾਨ ਦੇਵਤਾ ਉਜਾਗਰ ਹੁੰਦਾ ਹੈ ਅਤੇ ਜਦੋਂ ਪੂਰਨ ਮੰਤਰ-ਸਿੱਧੀ ਪ੍ਰਾਪਤ ਹੋ ਜਾਂਦੀ ਹੈ ਤਾਂ ਦੇਵਤਾ ਜੋ ਕਿ ‘ਸਚਿਦਾਨੰਦ’ ਹੈ, ਪ੍ਰਗਟ ਹੁੰਦਾ ਹੈ।
‘ਰਿਧਿ’ ਦੇ ਨਾਲ ਹੀ ਦੂਸਰਾ ਸੰਕਲਪ ‘ਸਿਧਿ’ ਦਾ ਹੈ, ਜਿਸ ਦਾ ਮੂਲ ਵੀ ਸੰਸਕ੍ਰਿਤ ਭਾਸ਼ਾ ਵਿਚ ਹੈ। ਇਸ ਦੇ ਅਰਥ ਨਿਪੁੰਨਤਾ, ਹੁਨਰ, ਸੰਪੂਰਣਤਾ, ਪੂਰਨ ਪ੍ਰਾਪਤੀ, ਸਫ਼ਲਤਾ ਆਦਿ ਕੀਤੇ ਜਾਂਦੇ ਹਨ। ਇਸ ਦਾ ਅਰਥ ਮੁਕਤੀ, ਸਾਧਨਾ ਰਾਹੀਂ ਪੂਰਨ ਪਵਿੱਤਰਤਾ ਅਤੇ ਜਾਦੂਮਈ ਤਰੀਕੇ ਨਾਲ ਪਰਾ-ਕੁਦਰਤੀ ਸ਼ਕਤੀਆਂ ਦੀ ਪ੍ਰਾਪਤੀ ਮੰਨਿਆ ਗਿਆ ਹੈ। ਪਰਾ-ਕੁਦਰਤੀ ਸ਼ਕਤੀਆਂ ਦੀ ਪ੍ਰਾਪਤੀ ਵਿਚ ਅੱਠ ਸਿੱਧੀਆਂ ਦਾ ਜ਼ਿਕਰ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ ਵੀ ਇਸ ਦੇ ਕਈ ਅਰਥ ਕੀਤੇ ਹਨ ਜਿਵੇਂ ਕਰਾਮਾਤ, ਅਲੌਕਿਕ ਸ਼ਕਤੀ, ਕਾਮਯਾਬੀ, ਮੁਕਤਿ, ਬੁੱਧਿ, ਸੰਪਦਾ, ਵਿਜਯ ਵਿਚ ਅੱਠ ਸੰਖਿਆ ਬੋਧਕ ਸ਼ਬਦ ਆਦਿ। ਅਸ਼ਟ ਸਿਧਿ ਦਾ ਵਰਣਨ ਕਰਦਿਆਂ ਭਾਈ ਸਾਹਿਬ ਨੇ ਲਿਖਿਆ ਹੈ, “ਅਠ ਸ਼ਕਤੀਆਂ, ਯੋਗਾਦਿ ਸਾਧਨਾ ਦਵਾਰਾ ਪ੍ਰਾਪਤ ਹੋਈਆਂ ਅੱਠ ਕਰਾਮਾਤਾਂ-1æ ਅਣਿਮਾ-ਬਹੁਤ ਛੋਟਾ ਹੋ ਜਾਣਾ, 2æ ਮਹਿਮਾ-ਵੱਡਾ ਹੋ ਜਾਣਾ, 3æ ਗਰਿਮਾ-ਭਾਰੀ ਹੋ ਜਾਣਾ, 4æ ਲਘਿਮਾ-ਹੌਲਾ ਹੋ ਜਾਣਾ, 5æ ਪ੍ਰਾਪਿਤ-ਮਨਵਾਂਛਿਤ ਵਸਤੂ ਹਾਸਿਲ ਕਰ ਲੈਣੀ, 6æ ਪ੍ਰਾਕਾਮਯ-ਸਭ ਦੇ ਮਨ ਦੀ ਜਾਣ ਲੈਣੀ, 7æ ਈਸ਼ਿਤਾ-ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ, 8æ ਵਸ਼ਿਤਾ-ਸਭ ਨੂੰ ਕਾਬੂ ਕਰ ਲੈਣਾ।”
ਰਿਧਿ ਦੀ ਤਰ੍ਹਾਂ ਸਿਧਿ ਦਾ ਸਬੰਧ ਵੀ ਹਿੰਦੂ ਅਤੇ ਬੁੱਧ ਧਰਮ ਦੇ ਤਾਂਤ੍ਰਿਕ ਮੱਤਾਂ ਨਾਲ ਹੈ। ਸ਼ੈਵ-ਮੱਤ ਵਿਚ ਪਸ਼ੂਪਤ-ਸੂਤਰ ਦਾ ਵਿਸ਼ਲੇਸ਼ਣ ਕਰਦਿਆਂ ਵਿਦਵਾਨ ਅਗੇਹਾਨੰਦ ਭਾਰਤੀ ਨੇ ‘ਸਿਧਿ’ ਦਾ ਸਬੰਧ ‘ਬਲ’ ਨਾਲ ਜੋੜਿਆ ਹੈ। ਉਸ ਨੇ ਲਿਖਿਆ ਹੈ ਕਿ ਜਦੋਂ ਦੁਸ਼ਮਣਾਂ ਨੂੰ ਜਿੱਤਣਾ ਹੁੰਦਾ ਹੈ ਤਾਂ ‘ਬਲ’ ਦਾ ਪ੍ਰਸ਼ਨ ਕੁਦਰਤੀ ਤੌਰ ‘ਤੇ ਪੈਦਾ ਹੁੰਦਾ ਹੈ। ਇਸ ਬਲ ਨੂੰ ਅਲੱਗ-ਅਲੱਗ ਸਥਿਤੀਆਂ ਅਤੇ ਹਾਲਾਤ ਵਿਚ ਵਰਤਣਾ ਹੁੰਦਾ ਹੈ। ਇਸ ਵਿਚ ਪਹਿਲੀ ਅਵਸਥਾ ਉਹ ਹੈ ਜਦੋਂ ਕੋਈ ਆਪਣੇ ਆਪ ਨੂੰ ਪਸ਼ੂਪਤ ਮੱਤ ਦਾ ਸਦਸਯ ਦੱਸਦਾ ਹੈ ਅਤੇ ਪਿੰਡੇ ‘ਤੇ ਵਿਭੂਤ ਆਦਿ ਮਲਦਾ ਅਤੇ ਰਾਖ ‘ਤੇ ਲੇਟਦਾ ਹੈ। ਦੂਸਰੀ ਅਵਸਥਾ ਵਿਚ ਉਹ ਪਸ਼ੂਪਤ-ਮੱਤ ਦਾ ਧਾਰਨੀ ਹੋਣ ‘ਤੇ ਆਪਣੇ ਆਪ ਨੂੰ ਲੋਕਾਂ ਤੋਂ ਛੁਪਾਉਂਦਾ ਹੈ ਅਤੇ ਇੱਕ ਬ੍ਰਾਹਮਣ ਦੀ ਤਰ੍ਹਾਂ ਵਰਤਦਾ ਹੈ। ਤੀਸਰੀ ਅਵਸਥਾ ਹੈ, ਜਦੋਂ ਉਹ ਆਪਣੀਆਂ ਇੰਦਰੀਆਂ ਨੂੰ ਪੂਰੀ ਤਰ੍ਹਾਂ ਵੱਸ ਕਰ ਲੈਂਦਾ ਹੈ। ਅਗਲੀ ਅਵਸਥਾ ਵਿਚ ਉਸ ਅੰਦਰੋਂ ਹਰ ਤਰ੍ਹਾਂ ਦੀ ਖਿੱਚ ਖਤਮ ਹੋ ਜਾਂਦੀ ਹੈ। ਇਸ ਵਿਚ ਪਸ਼ੂਪਤ-ਮੱਤ ਦੇ ਧਾਰਨੀ ਦਾ ਖਾਸ ਕਿਸਮ ਦਾ ਵਰਤਾਓ ਸ਼ਾਮਲ ਹੈ ਜਿਵੇਂ ਪਾਗਲ ਆਦਮੀ ਦੀ ਤਰ੍ਹਾਂ ਗਾਉਣਾ ਤੇ ਨੱਚਣਾ। ਇਸ ਵਿਚ ਆਖਰੀ ਪੜਾਅ ਸਿਧਿ ਦਾ ਪੜਾਅ ਹੈ, ਆਖਰੀ ਮੁਕਤੀ ਦਾ ਪੜਾਅ ਹੈ। ਇੱਕ ਹੋਰ ਥਾਂ ਸ਼ੈਵ-ਮੱਤ ਦੇ ਵਿਚਾਰਾਂ ਦਾ ਵੇਰਵਾ ਦਿੰਦਿਆਂ ਦੱਸਿਆ ਗਿਆ ਹੈ ਕਿ ਸ਼ੈਵ-ਮੱਤ ਦੇ ਕੁੱਝ ਧਾਰਨੀਆਂ ਅਨੁਸਾਰ ਮੁਕਤੀ ਪ੍ਰਾਪਤੀ ਵਿਚ ਆਤਮਾ ਨੂੰ ਜਾਦੂਈ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਮੁਕਤ-ਆਦਮੀ ਦੈਵੀ ਸੁਭਾ ਅਤੇ ਗੁਣ ਪ੍ਰਾਪਤ ਕਰ ਲੈਂਦੇ ਹਨ ਅਤੇ ਇਸ ਦੀ ਵਰਤੋਂ ਕਰਦੇ ਹਨ, ਜਿਸ ਨੂੰ ਸਿਧਿ ਕਹਿੰਦੇ ਹਨ। ਜੋਗੀਆਂ ਅਤੇ ਸਿੱਧਾਂ ਦੀਆਂ ਇਸ ਕਿਸਮ ਦੀਆਂ ਸ਼ਕਤੀਆਂ ਦੇ ਪ੍ਰਦਰਸ਼ਨ ਦੀਆਂ ਕਈ ਕਹਾਣੀਆਂ ਮਿਲਦੀਆਂ ਹਨ, ਖਾਸ ਕਰਕੇ ਗੋਰਖਨਾਥ ਵਰਗੇ ਜੋਗੀਆਂ ਦੀਆਂ। ਬੋਧੀ ਤਾਂਤ੍ਰਿਕਾਂ ਅਨੁਸਾਰ ਬੀਜ ਮੰਤਰ ਦੇ ਜਾਪ ਰਾਹੀਂ ਹਰ ਤਰ੍ਹਾਂ ਦੀਆਂ ਸਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ।
ਇਸ ਵਿਸ਼ਲੇਸ਼ਣ ਤੋਂ ਸਪੱਸ਼ਟ ਹੈ ਕਿ ਹਿੰਦੂ ਅਤੇ ਬੋਧੀ ਤਾਂਤ੍ਰਿਕਾਂ, ਜੋਗੀਆਂ ਅਨੁਸਾਰ ਸਿਧਿ ਅਧਿਆਤਮਕ ਪ੍ਰਾਪਤੀ ਦੀ ਆਖ਼ਰੀ ਪਉੜੀ ਵੀ ਹੈ, ਅਧਿਆਤਮਕ ਸਫਲਤਾ ਵੀ ਹੈ ਜਿਸ ਦੀ ਪ੍ਰਾਪਤੀ ਨਾਲ ਮਨੁੱਖ ਵਿਚ ਵੱਖ ਵੱਖ ਤਰ੍ਹਾਂ ਦੀਆਂ ਚਮਤਕਾਰੀ ਸ਼ਕਤੀਆਂ ਪ੍ਰਗਟ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਆਮ ਤੌਰ ‘ਤੇ ਸਸਤੇ ਸਾਧਨ ਵਜੋਂ ਵਰਤਿਆ ਜਾਂਦਾ ਰਿਹਾ ਹੈ। ਇਸ ਲੇਖ ਦਾ ਮਕਸਦ ਇਹ ਦੇਖਣਾ ਹੈ ਕਿ ਸਿੱਖ ਧਰਮ ਚਿੰਤਨ ਅਨੁਸਾਰ ‘ਰਿਧਿ ਸਿਧਿ’ ਦਾ ਸੰਕਲਪ ਕੀ ਹੈ ਅਤੇ ਸਿੱਖ ਚਿੰਤਨ ਦਾ ਪਰੰਪਰਕ ਸੰਕਲਪ ਪ੍ਰਤੀ ਕੀ ਰਵੱਈਆ ਹੈ? ਸਿੱਖ ਚਿੰਤਨ ਵਿਚ ਰਿਧਿ ਸਿਧਿ ਦੀ ਵਰਤੋਂ ਵੱਖ ਵੱਖ ਸੰਦਰਭਾਂ ਵਿਚ ਹੋਈ ਹੈ। ਇਸ ਦਾ ਇੱਕ ਸੰਦਰਭ ਭਾਰਤੀ ਤਾਂਤ੍ਰਿਕ ਪਰੰਪਰਾਵਾਂ (ਸ਼ੈਵ, ਬੁੱਧ ਅਤੇ ਹਿੰਦੂ) ਦਾ ਹੈ, ਦੂਸਰਾ ਸੰਦਰਭ ਅਧਿਆਤਮਕ ਪ੍ਰਾਪਤੀ ਦੀ ਉਚਤਾ ਦਾ ਹੈ ਜੋ ਇੱਕ ਗੁਰਸਿੱਖ ਨੂੰ ਪ੍ਰਾਪਤ ਹੁੰਦੀ ਹੈ ਅਤੇ ਇਸ ਉਚਤਾ ਨੂੰ ਪ੍ਰਾਪਤ ਕਰਨ ਦਾ ਸਾਧਨ ਕੀ ਹੈ? ਇਸ ਵਿਚ ਰਿਧਿ ਸਿਧਿ ਅਕਾਲ ਪੁਰਖ ਦਾ ਨਾਮ ਹੈ, ਆਪ ਹਰਿ ਹੈ ਜਿਸ ਨਾਲ ਮਨੁੱਖ ਨੇ ਇੱਕਸੁਰ ਹੋਣਾ ਹੈ। ਇਹ ਉਚਤਮ ਪ੍ਰਾਪਤੀ ਉਸ ਨਾਲ ਮੇਲ ਹੈ।
ਸਿੱਖ ਧਰਮ ਅਨੁਸਾਰ ਮਨੁੱਖ ਦੀ ਜ਼ਿੰਦਗੀ ਦਾ ਉਦੇਸ਼ ਕੀ ਹੈ, ਆਦਰਸ਼ ਕੀ ਹੈ, ਇਸ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਜਪੁਜੀ ਵਿਚ ਹੀ ਕੀਤਾ ਹੈ,
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਗੁਰੂ ਨਾਨਕ ਨੇ ਪ੍ਰਸ਼ਨ ਰੱਖਿਆ ਹੈ ਕਿ ਮਨੁੱਖ ‘ਸਚਿਆਰ’ ਕਿਸ ਤਰ੍ਹਾਂ ਹੋਵੇ ਅਤੇ ਉਸ ਦੇ ਅੰਦਰੋਂ ਕੂੜ ਦੀ ਕੰਧ ਕਿਸ ਤਰ੍ਹਾਂ ਟੁੱਟੇ? ਜਿਸ ਨਾਲ ਸਚਿਆਰ ਬਣ ਸਕੇ ਅਤੇ ਵਾਹਿਗੁਰੂ ਦੇ ਸਨਮੁੱਖ ਹੋ ਸਕੇ, ਇਹ ਇੱਕ ਪ੍ਰਸ਼ਨ ਹੈ ਜਿਸ ਰਾਹੀਂ ਸਿੱਖ ਧਰਮ ਦਰਸ਼ਨ ਦਾ ਆਦਰਸ਼ ਮਨੁੱਖ ਦੇ ਸਾਹਮਣੇ ਰੱਖਿਆ ਹੈ। ਇਸ ਦਾ ਉਤਰ ਵੀ ਗੁਰੂ ਨਾਨਕ ਸਾਹਿਬ ਨੇ ਨਾਲ ਹੀ ਦੇ ਦਿੱਤਾ ਹੈ,
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥
ਅਰਥਾਤ ਉਸ ਅਕਾਲ ਪੁਰਖ ਦੇ ਹੁਕਮ ਨੂੰ ਬੁੱਝਣਾ ਜੋ ਮਨੁੱਖ ਦੇ ਅੰਦਰ ਹੀ ਨਿਹਿਤ ਹੈ ਅਤੇ ਉਸ ਦਾ ਅਨੁਸਾਰੀ ਹੋ ਕੇ ਚੱਲਣਾ। ਹੁਣ ਅਗਲਾ ਪ੍ਰਸ਼ਨ ਹੈ ਕਿ ਜੇ ਉਸ ਦੇ ਹੁਕਮ ਦਾ ਅਨੁਸਾਰੀ ਹੋ ਕੇ ਚੱਲਣਾ ਹੈ ਤਾਂ ਫਿਰ ਕਰਾਮਾਤੀ ਸ਼ਕਤੀਆਂ ਪ੍ਰਾਪਤ ਕਰਨੀਆਂ ਅਤੇ ਉਨ੍ਹਾਂ ਦੀ ਵਰਤੋਂ ਕਰਨੀ ਤਾਂ ਹੁਕਮ ਅਦੂਲੀ ਹੋ ਜਾਵੇਗੀ, ਰਿਧੀਆਂ ਸਿੱਧੀਆਂ ਤਾਂ ਫਿਰ ‘ਅਵਰਾ ਸਾਦ’ ਹੋ ਜਾਣਗੀਆਂ। ਦੋਵੇਂ ਗੱਲਾਂ ‘ਹੁਕਮ’ ਦਾ ਅਨੁਸਾਰੀ ਹੋਣਾ ਅਤੇ ਰਿਧਿ ਸਿਧਿ ਦੀ ਪ੍ਰਾਪਤੀ-ਇਕੱਠੀਆਂ ਕਿਵੇਂ ਚੱਲਣਗੀਆਂ? ‘ਯੋਗ’ ਜਾਂ ਜੋਗ ਦਰਸ਼ਨ ਦਾ ਆਸ਼ਾ ਵੀ ਬ੍ਰਹਮ ਜਾਂ ਮਹੇਸ਼ਵਰ ਨਾਲ ਇੱਕ-ਮਿੱਕ ਹੋਣਾ ਹੈ। ਜੋਗ ਸੰਸਕ੍ਰਿਤ ਦੇ ਸ਼ਬਦ ‘ਯੋਗ’ ਦਾ ਪੰਜਾਬੀ ਰੂਪ ਹੈ ਜਿਸ ਦਾ ਅਰਥ ਹੀ ਜੋੜ ਦੇਣਾ, ਇਕੱਠੇ ਕਰ ਦੇਣਾ ਹੈ। ਗੁਰੂ ਨਾਨਕ ਆਗਮਨ ਤੱਕ ਜੋਗੀਆਂ ਦੇ ਬਹੁਤ ਸਾਰੇ ਤਾਂਤ੍ਰਿਕ ਫਿਰਕੇ ਹੋਂਦ ਵਿਚ ਆ ਚੁੱਕੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਧਿਐਨ ਤੋਂ ਇਹ ਭਲੀ ਭਾਂਤ ਵਿਦਿਤ ਹੋ ਜਾਂਦਾ ਹੈ ਕਿ ਉਦੋਂ ਜੋਗ ਧਰਮ ਬਹੁਤ ਪ੍ਰਚਲਿਤ ਸੀ ਅਤੇ ਆਪਣੇ ਅਸਲੀ ਮਕਸਦ ਤੋਂ ਖੁੰਝ ਕੇ ਜੋਗ ਦੇ ਵੱਖ ਵੱਖ ਚਿੰਨ੍ਹਾਂ ਦੇ ਦਿਖਾਵੇ ਵਿਚ ਹੀ ਫਸ ਕੇ ਰਹਿ ਗਿਆ ਸੀ। ਜੋਗ ਸੰਪਰਦਾਵਾਂ ਦਾ ਮੁੱਖ ਆਸ਼ਾ ਰਿਧਿ ਸਿਧਿ ਦੀ ਪ੍ਰਾਪਤੀ ਅਰਥਾਤ ਕਰਾਮਾਤੀ ਸ਼ਕਤੀਆਂ ਦੀ ਪ੍ਰਾਪਤੀ ਅਤੇ ਉਨ੍ਹਾਂ ਦੇ ਦਿਖਾਵੇ ਤੱਕ ਹੀ ਮਹਿਦੂਦ ਹੋ ਗਿਆ ਸੀ ਅਤੇ ਆਪਣੇ ਅਸਲੀ ਟੀਚੇ ਤੋਂ ਲਾਂਭੇ ਹੋ ਗਿਆ ਸੀ।
ਗੁਰੂ ਨਾਨਕ ਸਾਹਿਬ ਨੇ ਜਪੁਜੀ ਵਿਚ ਜੋਗੀਆਂ ਦੇ ਚਿੰਨ੍ਹਾਂ ਨੂੰ ਲੈ ਕੇ ਹੀ ਸਪੱਸ਼ਟ ਕੀਤਾ ਹੈ ਕਿ ਜੋਗ ਮੱਤ ਦੀ ਤਰ੍ਹਾਂ ਸਿਰਫ ਬਾਹਰੀ ਚਿੰਨ੍ਹ ਧਾਰਨ ਕਰਨ ਨਾਲ ਹੀ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ, ਉਸ ਨਾਲ ਮਿਲਾਪ ਨਹੀਂ ਕਰ ਸਕਦਾ। ਸਚਿਆਰ ਹੋਣ ਲਈ ਮਨੁੱਖ ਨੂੰ ਆਪਣੇ ਅੰਦਰ ਸਦਾਚਾਰਕ ਗੁਣ ਪੈਦਾ ਕਰਨੇ ਪੈਂਦੇ ਹਨ ਜੋ ਮਨੁੱਖ ਦੇ ਅੰਦਰੋਂ ਕੂੜ ਦੀ ਕੰਧ ਨੂੰ ਹਟਾ ਕੇ ਸੱਚ ਨਾਲ ਇੱਕ-ਮਿੱਕ ਕਰਦੇ ਹਨ, ਪਰਮਾਤਮਾ ਨਾਲ ਜੋੜਦੇ ਹਨ। ਇਥੇ ਜੋਗੀਆਂ ਦੇ ਸਬੰਧ ਵਿਚ ਗੁਰੂ ਨਾਨਕ ਨੇ ‘ਰਿਧਿ ਸਿਧਿ’ ਨੂੰ ‘ਅਵਰਾ ਸਾਦ’ ਕਿਹਾ ਹੈ ਜੋ ਇੱਕ ਜੋਗੀ ਨੂੰ ਕਰਾਮਾਤਾਂ ਵਿਚ ਫਸਾ ਕੇ ਉਸ ਨੂੰ ਆਪਣੇ ਅਸਲੀ ਨਿਸ਼ਾਨੇ ਤੋਂ ਲਾਂਭੇ ਕਰ ਦਿੰਦਾ ਹੈ। ਇਸ ਲਈ ਜੀਵ ਅਤੇ ਅਕਾਲ ਪੁਰਖ ਵਿਚ ਵਿੱਥ ਮਿਟਾਉਣ ਲਈ ਜ਼ਰੂਰੀ ਹੈ ਕਿ ਮਨੁੱਖ ਆਪਣੇ ਅੰਦਰ ਪਰਮਾਤਮਾ ਦੀ ਸਰਬ-ਵਿਆਪਕਤਾ ਦਾ ਗਿਆਨ ਅਤੇ ਦਇਆ ਆਦਿ ਗੁਣ ਪੈਦਾ ਕਰੇ। ਕਰਾਮਾਤਾਂ ਦਾ ਸਹਾਰਾ ਛੱਡ ਕੇ ਆਪਣੇ ਆਪ ਨੂੰ ਇੱਕ ਅਕਾਲ ਪੁਰਖ ਨਾਲ ਜੋੜੇ। ਗੁਰੂ ਨਾਨਕ ਸਾਹਿਬ ਨੇ ਧਰਮ ਨੂੰ ਕਰਾਮਾਤੀ ਕਰਮ-ਕਾਂਡ ਨਾਲੋਂ ਤੋੜ ਕੇ ਸਦਾਚਾਰਕ ਗੁਣਾਂ ਨਾਲ ਜੋੜਿਆ,
ਭੁਗਤਿ ਗਿਆਨੁ ਦਇਆ ਭੰਡਾਰਣਿ
ਘਟਿ ਘਟਿ ਵਾਜਹਿ ਨਾਦ॥
ਆਪਿ ਨਾਥੁ ਨਾਥੀ ਸਭ ਜਾ ਕੀ
ਰਿਧਿ ਸਿਧਿ ਅਵਰਾ ਸਾਦ॥ (ਪੰਨਾ 6)
ਅੱਗੇ ਚੱਲ ਕੇ ‘ਸਿਰੀ ਰਾਗੁ’ ਵਿਚ ਗੁਰੂ ਨਾਨਕ ਦੇਵ ਸਪੱਸ਼ਟ ਕਰਦੇ ਹਨ ਕਿ ਇੱਕ ਪੁਜਿਆ ਹੋਇਆ ਜੋਗੀ ਹੋਣਾ, ਜੋਗ-ਸ਼ਕਤੀ ਰਾਹੀਂ ਕਰਾਮਾਤੀ ਸ਼ਕਤੀਆਂ ‘ਰਿਧਿ ਸਿਧਿ’ ਦਾ ਧਾਰਨੀ ਹੋਣਾ ਅਤੇ ਕਰਾਮਾਤੀ ਸ਼ਕਤੀਆਂ ਦਾ ਦਿਖਾਵਾ ਮਨੁੱਖ ਦੀ ਪਰਮਾਤਮਾ ਨਾਲੋਂ ਵਿੱਥ ਪਾਉਣ ਦਾ ਕਾਰਨ ਵੀ ਬਣ ਸਕਦਾ ਹੈ। ਇਸ ਲਈ ਵੱਡੇ ਤੋਂ ਵੱਡਾ ਜੋਗੀ ਹੋ ਕੇ ਵੀ ਮਨੁੱਖ ਨੂੰ ਪਰਮਾਤਮਾ ਦੇ ਨਾਮ ਸਿਮਰਨ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਮਨੁੱਖ ਦੀ ਜ਼ਿੰਦਗੀ ਦਾ ਅਸਲੀ ਮਕਸਦ, ਅਸਲੀ ਟੀਚਾ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿਣਾ ਹੈ ਨਾ ਕਿ ਕਰਾਮਾਤੀ ਸ਼ਕਤੀਆਂ ਦੀ ਪ੍ਰਾਪਤੀ।
ਸਿਧ ਹੋਵਾ ਸਿਧਿ ਲਾਈ ਰਿਧਿ ਆਖਾ ਆਉ॥
ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥3॥
(ਪੰਨਾ 14)
ਤੀਸਰੇ ਪਾਤਿਸ਼ਾਹ ਗੁਰੂ ਅਮਰਦਾਸ ਨੇ ‘ਰਿਧਿ ਸਿਧਿ’ ਨੂੰ ਮੋਹ ਕਿਹਾ ਹੈ, ਜਿਸ ਦਾ ਸਬੰਧ ਮਨੁੱਖ ਦੇ ਮਨ ਨਾਲ ਹੈ, ਪਰਮਾਤਮਾ ਦੀ ਪ੍ਰਾਪਤੀ ਨਾਲ ਨਹੀਂ ਹੈ। ਗੁਰੂ ਸਾਹਿਬ ਨੇ ਸਪੱਸ਼ਟ ਕੀਤਾ ਹੈ ਕਿ ਮਨ ਦੇ ਹਠ ਨਾਲ ਕਰਮ ਕਰਨੇ (ਹਠ ਕਰਮ ਦਾ ਸਬੰਧ ਵੀ ਜੋਗ ਪਰੰਪਰਾ ਨਾਲ ਹੈ) ਮਹਿਜ ਭੇਖ ਬਣ ਜਾਂਦੇ ਹਨ ਜੋ ਮਨੁੱਖ ਨੂੰ ਭਰਮ ਵਿਚ ਪਾਈ ਰੱਖਦੇ ਹਨ। ਜਿੱਥੇ ਭਰਮ ਹੈ, ਸੰਦੇਹ ਹੈ ਉਥੇ ਪਰਮਾਤਮਾ ਨਾਲ ‘ਜੋਗ’ ਕਿਵੇਂ ਹੋ ਸਕਦਾ ਹੈ? ਰਿਧਿ ਅਤੇ ਸਿਧਿ ਦੀ ਪ੍ਰਾਪਤੀ ਵੀ ਮੋਹ ਹੈ ਜੋ ਮਨ ਨੂੰ ਅਕਾਲ ਪੁਰਖ ਵੱਲੋਂ ਹਟਾ ਕੇ ਹੋਰ ਪ੍ਰਾਪਤੀਆਂ ਵੱਲ ਪ੍ਰੇਰਦਾ ਹੈ (ਗੁਰਮਤਿ ਅਨੁਸਾਰ ‘ਮੋਹ’ ਇੱਕ ਵਿਕਾਰ ਹੈ ਜੋ ਮਨ ਨੂੰ ਵਿਚਲਿਤ ਕਰਦਾ ਹੈ)। ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਲਈ ਹਠ ਕਰਮਾਂ ਅਤੇ ਰਿਧਿ ਸਿਧਿ-ਦੋਹਾਂ ਦਾ ਤਿਆਗ ਕਰਕੇ ਸਤਿਗੁਰੂ ਦੀ ਸੇਵਾ ਵਿਚ ਲੱਗਣਾ ਚਾਹੀਦਾ ਹੈ। ਸੇਵਾ ਰਾਹੀਂ ਅਗਿਆਨ ਰੂਪੀ ਅੰਧੇਰਾ ਦੂਰ ਹੁੰਦਾ ਹੈ ਅਤੇ ਗਿਆਨ ਦੇ ਪ੍ਰਕਾਸ਼ ਰਾਹੀਂ ਮਨ ਵਿਚ ਨਾਮ ਪ੍ਰਗਟ ਹੁੰਦਾ ਹੈ। ਇਸ ਤਰ੍ਹਾਂ ਮਨੁੱਖ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ,
ਮਨਹਠਿ ਕਿਨੈ ਨ ਪਾਇਓ
ਸਭ ਥਕ ਕਰਮ ਕਮਾਇ॥
ਮਨਹਠਿ ਭੇਖ ਕਰਿ ਭਰਮਦੇ
ਦੁਖੁ ਪਾਇਆ ਦੂਜੈ ਭਾਇ॥
ਰਿਧਿ ਸਿਧਿ ਸਭੁ ਮੋਹੁ ਹੈ
ਨਾਮੁ ਨ ਵਸੈ ਮਨਿ ਆਇ॥
ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ
ਅਗਿਆਨਿ ਅੰਧੇਰਾ ਜਾਇ॥
ਨਾਮੁ ਰਤਨੁ ਘਰਿ ਪਰਗਟੁ ਹੋਆ
ਨਾਨਕ ਸਹਜਿ ਸਮਾਇ॥
(ਪੰਨਾ 593)
Leave a Reply