ਕੈਨੇਡਾ ਸਰਕਾਰ ਨੇ ਗਰਮਖਿਆਲ ਸਿੱਖਾਂ ਦੀ ਨਾਰਾਜ਼ਗੀ ਸਹੇੜੀ

ਟੋਰਾਂਟੋ: ਕੈਨੇਡਾ ਸਰਕਾਰ ਨੇ ਗਰਮਖਿਆਲ ਸਿੱਖ ਜਥੇਬੰਦੀਆਂ ਦੀਆਂ ਸਰਗਰਮੀਆਂ ਉਤੇ ਚਿੰਤਾ ਜ਼ਾਹਿਰ ਕੀਤੀ ਹੈ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਗਰਮਖਿਆਲ ਜਥੇਬੰਦੀਆਂ ਤੋਂ ਖਤਰਾ ਵੀ ਮੰਨਿਆ ਹੈ। ਹੁਣ ਤੱਕ ਖਾਲਿਸਤਾਨੀ ਸਮਰਥਕਾਂ ਦੀ ਹਮਦਰਦ ਸਮਝੀ ਜਾਂਦੀ ਕੈਨੇਡਾ ਸਰਕਾਰ ਦੇ ਇਸ ਐਲਾਨ ਨੇ ਚੁਫੇਰੇ ਚਰਚਾ ਛੇੜ ਦਿੱਤੀ ਹੈ। ਇਸ ਦੇ ਨਾਲ ਹੀ ਸਿੱਖਾਂ ਦੀ ਨਾਰਾਜ਼ਗੀ ਵੀ ਸਹੇੜ ਲਈ ਹੈ।

ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਰਾਲਫ ਗੂਡੇਲ ਨੇ ਕੈਨੇਡਾ ਨੂੰ ਦਹਿਸ਼ਤੀ ਹਮਲਿਆਂ ਤੋਂ ਖਤਰਿਆਂ ਸਬੰਧੀ ਤਿਆਰ ਪਬਲਿਕ ਸੇਫਟੀ ਰਿਪੋਰਟ 2018 ਦੇ ਮਹੱਤਵਪੂਰਨ ਤੱਥ ਪੜ੍ਹਦਿਆਂ ਦੇਸ਼ ਨੂੰ ਨਵੇਂ ਵੱਖਵਾਦੀ ਤੇ ਕੱਟੜਪੰਥੀ ਖਤਰਿਆਂ ਬਾਰੇ ਦੱਸਿਆ। ਇਹ ਰਿਪੋਰਟ ਸੰਸਦ ਦੀ ਕੌਮੀ ਸੁਰੱਖਿਆ ਤੇ ਖ਼ੁਫ਼ੀਆ ਕਮੇਟੀ ਨੇ ਤਿਆਰ ਕੀਤੀ ਹੈ। ਗੂਡੇਲ ਮੁਤਾਬਕ ਸੁੰਨੀ ਕੱਟੜਵਾਦੀ ਸੰਗਠਨ ਇਸਲਾਮਿਕ ਸਟੇਟਸ ਤੇ ਅਲਕਾਇਦਾ ਨੂੰ ਕੈਨੇਡਾ ਲਈ ਗੰਭੀਰ ਖਤਰਾ ਮੰਨਿਆ ਹੈ। ਇਸ ਤੋਂ ਇਲਾਵਾ ਮੰਤਰੀ ਨੇ ਸ਼ੀਆ (ਮੁਸਲਮਾਨ) ਅਤੇ ਸਿੱਖਾਂ (ਖਾਲਿਸਤਾਨੀ) ਨੂੰ ਕੈਨੇਡਾ ਲਈ ਚਿੰਤਾ ਦਾ ਵਿਸ਼ਾ ਦੱਸਿਆ ਹੈ।
ਮੰਤਰੀ ਨੇ ਦੱਸਿਆ ਹੈ ਕਿ ਇਨ੍ਹਾਂ ਦੋਵਾਂ ਦੀਆਂ ਕੈਨੇਡਾ ਵਿਚ ਦਹਿਸ਼ਤੀ ਗਤੀਵਿਧੀਆਂ ਵਿਚ ਸ਼ਮੂਲੀਅਤ ਬੇਹੱਦ ਘੱਟ ਹੈ, ਪਰ ਕੁਝ ਕੈਨੇਡੀਅਨ ਇਨ੍ਹਾਂ ਗੁੱਟਾਂ ਨੂੰ ਵਿੱਤੀ ਸਹਾਇਤਾ ਸਮੇਤ ਹਰ ਪੱਖ ਤੋਂ ਸਮਰਥਨ ਕਰਦੇ ਹਨ। ਇਸ ਰਿਪੋਰਟ ਵਿਚ ਪਹਿਲੀ ਵਾਰ ਸਿੱਖ ਗਰਮਖਿਆਲੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ਵਿਚ ਸੰਨ 1985 ਕਨਿਸ਼ਕ ਬੰਬ ਕਾਂਡ ਤੋਂ ਇਲਾਵਾ ਖ਼ਾਲਿਸਤਾਨ ਸਬੰਧੀ ਕਿਸੇ ਵੀ ਹਾਲੀਆ ਘਟਨਾ ਦਾ ਜ਼ਿਕਰ ਨਹੀਂ। ਰਿਪੋਰਟ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨੂੰ ਦੇਸ਼ ਦੀਆਂ ਅਪਰਾਧਿਕ ਜਥੇਬੰਦੀਆਂ ਵਿਚ ਰੱਖਿਆ ਗਿਆ ਹੈ।
ਰਿਪੋਰਟ ਦੇ ਆਉਣ ਤੋਂ ਬਾਅਦ ਸਿੱਖ ਵੱਖਵਾਦੀ ਸੰਗਠਨਾਂ ਵਲੋਂ ਵਿਰੋਧ ਦਾ ਪ੍ਰਗਟਾਵਾ ਸ਼ੁਰੂ ਹੋ ਗਿਆ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਦਾ ਇਹ ਕਦਮ ਨਿਰਾਸ਼ਾਜਨਕ ਹੈ। ਇਸ ਨਾਲ ਇਥੇ ਰਹਿਣ ਵਾਲੇ ਸਿੱਖਾਂ ਦੇ ਅਕਸ ‘ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਸਰਕਾਰ ਨੇ ਅਜਿਹਾ ਭਾਰਤ ਸਰਕਾਰ ਦੀ ਗੱਲ ਮੰਨਦਿਆਂ ਕੀਤਾ ਹੈ। ਲਿਬਰਲ ਪਾਰਟੀ ਦੇ ਸਰੀ ਕੇਂਦਰੀ ਹਲਕੇ ਤੋਂ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਸਿੱਖਾਂ ਨਾਲ ਅਜਿਹੇ ਸ਼ਬਦ ਜੋੜੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਸਰਾਏ ਨੇ ਕਿਹਾ ਕਿ ਕੈਨੇਡਾ ਵੱਸਦੇ ਸਿੱਖ ਅਮਨ-ਸ਼ਾਂਤੀ ਨਾਲ ਦੇਸ਼ ਨੂੰ ਆਪਣਾ ਘਰ ਸਮਝਦੇ ਹਨ। 31 ਸਫ਼ਿਆਂ ਦੀ ਰਿਪੋਰਟ ਨੂੰ ਘੋਖਣ ਤੋਂ ਬਾਅਦ ਇਹੀ ਪ੍ਰਭਾਵ ਬਣਦਾ ਹੈ ਕਿ ਲੋਕਾਂ ਦਾ ਸਿੱਖਾਂ ਬਾਰੇ ਗਲਤ ਨਜ਼ਰੀਆ ਬਣਿਆ ਹੋਇਆ ਹੈ, ਜਿਸ ਨੂੰ ਬਦਲਣ ਦੀ ਲੋੜ ਹੈ।