ਨਵਜੋਤ ਸਿੱਧੂ ਦਾ ਕਾਂਗਰਸ ਦੀ ਕੌਮੀ ਸਿਆਸਤ ਵਿਚ ਵਧਿਆ ਕੱਦ

ਚੰਡੀਗੜ੍ਹ: ਕਰਤਾਰਪੁਰ ਸਾਹਿਬ ਲਾਂਘਾ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਅੰਤਰਰਾਸ਼ਟਰੀ ਪੱਧਰ ‘ਤੇ ਇਕ ਵੱਖਰੀ ਪੁਜ਼ੀਸ਼ਨ ਬਣੀ ਹੈ। ਉਹ ਪੰਜਾਬੀਆਂ ਤੇ ਸਿੱਖਾਂ ਵਿਚ ਹੀ ਨਹੀਂ, ਪਾਕਿਸਤਾਨੀ ਮੁਸਲਮਾਨਾਂ ਵਿਚ ਵੀ ਵਿਸ਼ੇਸ਼ ਸਤਿਕਾਰ ਦਾ ਹੱਕਦਾਰ ਬਣ ਗਿਆ ਹੈ। ਪਰ ਇਸ ਤੋਂ ਬਾਅਦ ਪੂਰੇ ਭਾਰਤੀ ਮੀਡੀਏ ਵਿਚ ਉਸ ਖਿਲਾਫ਼ ਚੱਲੇ ਭੰਡੀ ਪ੍ਰਚਾਰ ਅਤੇ ਭਾਜਪਾ ਨੇਤਾਵਾਂ ਵੱਲੋਂ ਗੱਦਾਰ ਤੱਕ ਕਹਿ ਦਿੱਤੇ ਜਾਣ ਤੋਂ ਪਿੱਛੋਂ ਵੀ ਜਿਸ ਤਰ੍ਹਾਂ ਕਾਂਗਰਸ ਨੇ ਉਸ ਨੂੰ ਸਟਾਰ ਪ੍ਰਚਾਰਕ ਬਣਾਇਆ ਤੇ ਉਸ ਨੇ 70 ਦੇ ਕਰੀਬ ਰੈਲੀਆਂ ਨੂੰ ਸੰਬੋਧਨ ਕੀਤਾ, ਉਸ ਨਾਲ ਉਸ ਦਾ ਕੱਦ ਕਾਂਗਰਸ ਦੇ ਇਕ ਕੌਮੀ ਨੇਤਾ ਵਜੋਂ ਵੀ ਉੱਭਰਨਾ ਸ਼ੁਰੂ ਹੋ ਗਿਆ ਹੈ।

ਤਿੰਨ ਵਿਧਾਨ ਸਭਾਵਾਂ ਦੀ ਜਿੱਤ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਪ੍ਰੈੱਸ ਕਾਨਫਰੰਸ ਕਰਨ ਵੇਲੇ ਜਿਸ ਤਰ੍ਹਾਂ ਸਿੱਧੂ ਨੂੰ ਸਟੇਜ ‘ਤੇ ਬੈਠਣ ਲਈ ਬੁਲਾਇਆ ਗਿਆ, ਉਹ ਵੀ ਇਹ ਸੰਕੇਤ ਦਿੰਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਿੱਧੂ ਦਾ ਕਾਂਗਰਸ ਦੀ ਕੌਮੀ ਰਾਜਨੀਤੀ ਵਿਚ ਵਿਸ਼ੇਸ਼ ਸਥਾਨ ਹੋਵੇਗਾ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਰਾਹੁਲ ਟੀਮ ਦਾ ਇਕ ਪ੍ਰਮੁੱਖ ਮੈਂਬਰ ਵੀ ਹੋਵੇਗਾ ਪਰ ਇਹ ਸਥਿਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਤ ਨਹੀਂ ਬੈਠ ਰਹੀ। ਭਾਵੇਂ ਉਹ ਸਿੱਧੂ ਦੇ ਖਿਲਾਫ਼ ਸਿੱਧੇ ਰੂਪ ਵਿਚ ਕੁਝ ਵੀ ਨਹੀਂ ਬੋਲੇ ਪਰ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਜਿਸ ਤਰ੍ਹਾਂ ਦਾ ਰਵੱਈਆ ਅਪਣਾਇਆ ਹੈ, ਉਹ ਅਸਿੱਧੇ ਰੂਪ ਵਿਚ ਸਿੱਧੂ ਦੀ ਪ੍ਰਾਪਤੀ ਨੂੰ ਛੁਟਿਆਉਣ ਦੇ ਨਾਲ-ਨਾਲ ਇਹ ਪ੍ਰਭਾਵ ਵੀ ਦਿੰਦਾ ਹੈ ਕਿ ਜਿਵੇਂ ਕੈਪਟਨ ਕਾਂਗਰਸ ਦੀ ਨੀਤੀ ਦੇ ਉਲਟ ਕੇਂਦਰ ਸਰਕਾਰ ਅਤੇ ਭਾਜਪਾ ਦੀ ਨੀਤੀ ਅਨੁਸਾਰ ਬੋਲ ਰਹੇ ਹੋਣ, ਇਸ ਤੋਂ ਪਹਿਲਾਂ ਵੀ ਉਹ ਪਾਰਟੀ ਨੀਤੀ ਦੇ ਉਲਟ ਬੋਲ ਚੁੱਕੇ ਹਨ। ਪਰ ਉਨ੍ਹਾਂ ਵੱਲੋਂ ਕਰਤਾਰਪੁਰ ਦੇ ਲਾਂਘੇ ਅਤੇ ਸਿੱਧੂ ਦੀ ਵਿੰਗੇ-ਟੇਢੇ ਢੰਗ ਨਾਲ ਕੀਤੀ ਜਾ ਰਹੀ ਵਿਰੋਧਤਾ ਨਾਲ ਉਨ੍ਹਾਂ ਨੂੰ ਪੰਜਾਬ ਵਿਚ ਸਿਆਸੀ ਤੌਰ ‘ਤੇ ਨੁਕਸਾਨ ਤਾਂ ਹੋ ਹੀ ਰਿਹਾ ਹੈ, ਦੂਜੇ ਪਾਸੇ ਹਾਈ ਕਮਾਨ ਵੀ ਪਰੇਸ਼ਾਨੀ ਮਹਿਸੂਸ ਕਰ ਰਹੀ ਹੈ।
ਕਾਂਗਰਸ ਹਾਈ ਕਮਾਨ ਵੱਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੀ ਸੁਰੱਖਿਆ ਸਮੀਖਿਆ ਬਾਰੇ ਵੀ ਕਿਹਾ ਗਿਆ ਹੈ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਅਤੇ ਡੀæਜੀæਪੀæ (ਇੰਟੈਲੀਜੈਂਸ) ਦਿਨਕਰ ਗੁਪਤਾ ਵੱਲੋਂ ਸ੍ਰੀ ਸਿੱਧੂ ਨਾਲ ਮੀਟਿੰਗ ਵੀ ਕੀਤੀ ਗਈ ਹੈ। ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਪੁਲਿਸ ਵੱਲੋਂ ਇਸ ਮੰਤਰੀ ਨੂੰ ਬੁਲੇਟ ਪਰੂਫ ਗੱਡੀਆਂ ਸਮੇਤ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਸੀæਆਈæਐਸ਼ਐਫ਼ ਦੀ ਸੁਰੱਖਿਆ ਛਤਰੀ ਦੀ ਮੰਗ ਵੀ ਕੀਤੀ ਜਾ ਰਹੀ ਹੈ। ਕਾਂਗਰਸ ਹਾਈ ਕਮਾਨ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ ਪੱਤਰ ਰਾਹੀਂ ਵੀ ਸਿੱਧੂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਗਈ ਸੀ। ਤਿੰਨ ਸੂਬਿਆਂ ਵਿਚ ਤਿੱਖੇ ਚੋਣ ਪ੍ਰਚਾਰ ਕਾਰਨ ਹਿੰਦੂ ਜਥੇਬੰਦੀਆਂ ਦੇ ਕਾਰਕੁਨਾਂ ਦੀਆਂ ਧਮਕੀਆਂ ਦੇ ਮੱਦੇਨਜ਼ਰ ਵੀ ਸੁਰੱਖਿਆ ਨੂੰ ਲੈ ਕੇ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਿੱਧੂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ।
_______________________________
ਤਿੱਤਰ ਦੇ ਤੋਹਫੇ ਨੇ ਸਿੱਧੂ ਲਈ ਨਵਾਂ ਵਿਵਾਦ ਛੇੜਿਆ
ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਵਾਂ ਵਿਵਾਦ ਸਹੇੜ ਲਿਆ ਹੈ। ਹੁਣ ਜੰਗਲੀ ਜੀਵ ਸੁਰੱਖਿਆ ਨਾਲ ਜੁੜੇ ਇਕ ਕਾਰਕੁਨ ਨੇ ਮੰਤਰੀ ਖਿਲਾਫ਼ ਮਰੇ ਹੋਏ ਕਾਲੇ ਤਿੱਤਰ (ਜਿਨ੍ਹਾਂ ‘ਚ ਫੂਸ ਭਰਿਆ ਹੋਇਆ ਹੈ) ਲਿਆਉਣ ਉਤੇ ਜੰਗਲੀ ਜੀਵ ਸੁਰੱਖਿਆ ਐਕਟ 1972 ਦੀ ਉਲੰਘਣਾ ਦੇ ਦੋਸ਼ ਲਾਉਂਦਿਆਂ ਜੰਗਲੀ ਜੀਵ ਸੁਰੱਖਿਆ ਬਿਊਰੋ ਨੂੰ ਸ਼ਿਕਾਇਤ ਦਿੱਤੀ ਹੈ। ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਕਾਲੇ ਤਿੱਤਰ ਨੂੰ ਮਾਰਨਾ ਅਪਰਾਧ ਹੈ। ਜੰਗਲੀ ਜੀਵ ਅਪਰਾਧ ਕੰਟਰੋਲ ਬਿਊਰੋ, ਭਾਰਤ ਸਰਕਾਰ ਵੱਲੋਂ ਵਣ ਅਤੇ ਵਾਤਾਵਰਨ ਮੰਤਰਾਲੇ ਅਧੀਨ ਸਥਾਪਤ ਸੰਸਥਾ ਹੈ। ਇਹ ਸੰਸਥਾ ਮੁਲਕ ਵਿਚ ਜੰਗਲੀ ਜੀਵ ਅਪਰਾਧਾਂ ਨੂੰ ਰੋਕਦੀ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਕਾਲੇ ਤਿੱਤਰ ਦਾ ਮਾਡਲ ਭੇਟ ਕੀਤਾ ਸੀ। ਸਿੱਧੂ ਨੇ ਇਸ ਨਾਲ ਕਿਸੇ ਤਰ੍ਹਾਂ ਦਾ ਵਿਵਾਦ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਮਾਡਲ ਭੇਟ ਕੀਤਾ ਸੀ ਅਤੇ ਉਹ ਹੀ ਇਸ ਬਾਰੇ ਕੁਝ ਬੋਲ ਸਕਦੇ ਹਨ। ਹਰਿਆਣਾ ਦੇ ਵਾਲੰਟੀਅਰ ਨਰੇਸ਼ ਕਾਦਿਆਨ ਨੇ ਬਿਊਰੋ ਵਿਚ ਸ਼ਿਕਾਇਤ ਦੇ ਕੇ ਮੰਤਰੀ ਖਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ ਦੀ ਧਾਰਾ 39 ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।