ਮੋਦੀ ਦੇ ਵਿਦੇਸ਼ ਦੌਰਿਆਂ ਨੇ ਤੋੜੇ ਰਿਕਾਰਡ

ਬਠਿੰਡਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਸ਼ਵ ਦਰਸ਼ਨ’ ਸਰਕਾਰੀ ਖ਼ਜ਼ਾਨੇ ਨੂੰ 2022.58 ਕਰੋੜ ਰੁਪਏ ਵਿਚ ਪਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ ਯਾਤਰਾ ਦੇ ਮਾਮਲੇ ਵਿਚ ਪਿਛਲੇ ਸਾਰੇ ਪ੍ਰਧਾਨ ਮੰਤਰੀਆਂ ਦੇ ਰਿਕਾਰਡ ਤੋੜ ਦਿੱਤੇ ਹਨ। ਸ੍ਰੀ ਮੋਦੀ ਵੱਲੋਂ 3 ਦਸੰਬਰ 2018 ਤੱਕ ਕੁੱਲ 84 ਵਿਦੇਸ਼ ਦੌਰੇ ਕੀਤੇ ਗਏ ਹਨ, ਜਿਨ੍ਹਾਂ ਦੌਰਾਨ ਉਨ੍ਹਾਂ ਨੇ ਕਰੀਬ 60 ਮੁਲਕਾਂ ਦੇ ਰੰਗ ਵੇਖੇ ਹਨ। ਨਰਿੰਦਰ ਮੋਦੀ ਨੇ ਆਪਣੇ 1700 ਦਿਨਾਂ ਦੇ ਕਾਰਜਕਾਲ ਦੌਰਾਨ ਵਿਦੇਸ਼ੀ ਧਰਤੀ ‘ਤੇ ਕਰੀਬ 196 ਦਿਨ ਬਿਤਾਏ, ਭਾਵ ਸ੍ਰੀ ਮੋਦੀ ਦਾ ਔਸਤਨ ਹਰ ਅੱਠਵਾਂ ਦਿਨ ਵਿਦੇਸ਼ ਵਿਚ ਲੰਘਿਆ।

ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰਿਆਂ ਦਾ ਹੁਣ ਤੱਕ ਦਾ ਖਰਚਾ 2022.58 ਕਰੋੜ ਆਇਆ ਹੈ, ਜਿਸ ਵਿਚੋਂ ਏਅਰ ਕਰਾਫਟ ਮੁਰੰਮਤ ‘ਤੇ 1583.18 ਕਰੋੜ ਅਤੇ ਵਿਸ਼ੇਸ਼ ਉਡਾਣਾਂ (ਚਾਰਟਰਡ ਫਲਾਈਟ) ਉਤੇ 429.28 ਕਰੋੜ ਰੁਪਏ ਦਾ ਖਰਚਾ ਆਇਆ ਹੈ। ਵਿਦੇਸ਼ ਯਾਤਰਾ ਦੌਰਾਨ ਵਰਤੀ ਹਾਟਲਾਈਨ ‘ਤੇ 9.12 ਕਰੋੜ ਰੁਪਏ ਦਾ ਖਰਚਾ ਪਿਆ ਹੈ। ਇਸ ਖ਼ਰਚੇ ਵਿਚ ਨਰਿੰਦਰ ਮੋਦੀ ਦੀ ਵਿਦੇਸ਼ਾਂ ਵਿਚਲੀ ਰਿਹਾਇਸ਼ ਤੇ ਹੋਰ ਖ਼ਰਚੇ ਸ਼ਾਮਲ ਨਹੀਂ ਹਨ। ਆਖਰੀ ਚਾਰ ਵਿਦੇਸ਼ ਦੌਰਿਆਂ ਦਾ ਖਰਚਾ ਵੀ ਇਸ ਤੋਂ ਵੱਖਰਾ ਹੈ, ਜਿਸ ਦੇ ਬਿੱਲ ਪ੍ਰਾਪਤ ਹੋਣੇ ਬਾਕੀ ਹਨ। ਸਾਲ 2018 ਦੌਰਾਨ ਸ੍ਰੀ ਮੋਦੀ ਨੇ 54 ਦਿਨ ਅਤੇ 2015 ਵਿਚ 56 ਦਿਨ ਵਿਦੇਸ਼ ਯਾਤਰਾ ਵਿਚ ਕੱਢੇ। ਸ੍ਰੀ ਮੋਦੀ ਕੋਲ ਇਸ ਵਕਤ ਸਿਰਫ 2.28 ਕਰੋੜ ਦੀ ਚੱਲ-ਅਚੱਲ ਸੰਪਤੀ ਹੈ। ਉਨ੍ਹਾਂ ਕੋਲ ਨਾ ਕੋਠੀ, ਨਾ ਕਾਰ, ਨਾ ਹੀ ਕੋਈ ਸ਼ੋਅਰੂਮ ਤੇ ਨਾ ਕੋਈ ਦੁਕਾਨ ਹੈ।
ਉਨ੍ਹਾਂ ਦਾ ਔਸਤਨ ਪ੍ਰਤੀ ਦਿਨ ਦਾ ਵਿਦੇਸ਼ ਖ਼ਰਚਾ 10.31 ਕਰੋੜ ਆਇਆ ਹੈ ਤੇ ਪ੍ਰਤੀ ਦੇਸ਼ ਔਸਤਨ 33.70 ਕਰੋੜ ਖ਼ਰਚ ਆਏ ਹਨ। ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਨੇ 31 ਦੇਸ਼ਾਂ ਦੇ ਦੌਰਿਆਂ ਦੌਰਾਨ 131 ਦਿਨ ਵਿਦੇਸ਼ਾਂ ‘ਚ ਬਿਤਾਏ ਅਤੇ ਉਨ੍ਹਾਂ ਦੀ ਵਿਦੇਸ਼ ਯਾਤਰਾ ਦਾ ਖ਼ਰਚਾ ਸਿਰਫ 144.43 ਕਰੋੜ ਰਿਹਾ ਸੀ। ਵਾਜਪਾਈ ਦਾ ਪ੍ਰਤੀ ਦਿਨ ਦਾ ਵਿਦੇਸ਼ ਖਰਚਾ 1.10 ਕਰੋੜ ਰੁਪਏ ਰਿਹਾ। ਯੂ.ਪੀ.ਏ. ਸਰਕਾਰ ਦੇ 10 ਵਰ੍ਹਿਆਂ ਦੌਰਾਨ ਡਾ. ਮਨਮੋਹਨ ਸਿੰਘ ਨੇ ਪਹਿਲੀ ਪਾਰੀ ਦੌਰਾਨ 35 ਮੁਲਕਾਂ ਦੇ ਦੌਰੇ ਦੌਰਾਨ 144 ਦਿਨ ਵਿਦੇਸ਼ੀ ਧਰਤੀ ‘ਤੇ ਬਿਤਾਏ। ਇਵੇਂ ਦੂਜੀ ਪਾਰੀ ਦੌਰਾਨ ਡਾ. ਮਨਮੋਹਨ ਸਿੰਘ ਨੇ 38 ਮੁਲਕਾਂ ਦੇ ਦੌਰੇ ਦੌਰਾਨ 161 ਦਿਨ ਵਿਦੇਸ਼ੀ ਧਰਤੀ ‘ਤੇ ਬਿਤਾਏ। ਇਨ੍ਹਾਂ ਦਸ ਵਰ੍ਹਿਆਂ ਦੀ ਵਿਦੇਸ਼ ਯਾਤਰਾ ਦਾ ਕੁੱਲ ਖਰਚਾ 699 ਕਰੋੜ ਰਿਹਾ। ਡਾ. ਮਨਮੋਹਨ ਸਿੰਘ ਦਾ ਦਸ ਵਰ੍ਹਿਆਂ ਦੌਰਾਨ ਪ੍ਰਤੀ ਦਿਨ ਵਿਦੇਸ਼ ਯਾਤਰਾ ਦਾ ਖਰਚਾ 2.29 ਕਰੋੜ ਰਿਹਾ। ਡਾ. ਮਨਮੋਹਨ ਸਿੰਘ ਤੇ ਅਟਲ ਬਿਹਾਰੀ ਵਾਜਪਾਈ ਦੇ ਬਹੁ-ਗਿਣਤੀ ਦੌਰੇ ਏਸ਼ਿਆਈ ਮੁਲਕਾਂ ਦੇ ਰਹੇ ਹਨ। ਵਾਜਪਾਈ ਦਾ ਸਭ ਤੋਂ ਮਹਿੰਗਾ ਵਿਦੇਸ਼ ਦੌਰਾ ਜਮਾਇਕਾ ਦਾ ਇਕ ਰੋਜ਼ਾ ਦੌਰਾ ਸੀ, ਜਿਸ ‘ਤੇ 9.25 ਕਰੋੜ ਖ਼ਰਚ ਆਏ ਸਨ ਅਤੇ ਇਸੇ ਤਰ੍ਹਾਂ ਡਾ. ਮਨਮੋਹਨ ਸਿੰਘ ਦਾ ਸਭ ਤੋਂ ਮਹਿੰਗਾ ਵਿਦੇਸ਼ ਦੌਰਾ ਡੈਨਮਾਰਕ ਦਾ ਸੀ, ਜਿਸ ‘ਤੇ ਇਕ ਦਿਨ ਵਿਚ 10.71 ਕਰੋੜ ਖਰਚ ਆਏ ਸਨ।
ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਦੇ ਔਸਤਨ ਹਰ ਦਿਨ ਦਾ 10.31 ਕਰੋੜ ਖਰਚ ਆਇਆ ਹੈ। ਮੋਟੇ ਅੰਦਾਜ਼ੇ ਅਨੁਸਾਰ ਸ੍ਰੀ ਮੋਦੀ ਨੇ ਦੇਸ਼ ਦੇ ਹੁਣ ਤੱਕ ਕਰੀਬ 350 ਦੌਰੇ ਕੀਤੇ ਹਨ। ਦੱਸਣਯੋਗ ਹੈ ਕਿ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾ ਨੂੰ ਲੈ ਕੇ ਮੁਲਕ ਵਿਚ ਅਕਸਰ ਚਰਚਾ ਛਿੜੀ ਰਹਿੰਦੀ ਹੈ। ਸੂਤਰ ਦੱਸਦੇ ਹਨ ਕਿ ਏਨੇ ਵਿਦੇਸ਼ ਦੌਰੇ ਤਾਂ ਸ਼ਾਇਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਹਿੱਸੇ ਵੀ ਨਹੀਂ ਆਏ ਹਨ। ਉਂਜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੌਜੂਦਾ ਕਾਰਜਕਾਲ ਦੌਰਾਨ ਉਨ੍ਹਾਂ ਕੋਲ ਵਿਦੇਸ਼ ਯਾਤਰਾ ਲਈ ਅਜੇ ਦੋ-ਤਿੰਨ ਮਹੀਨੇ ਹੋਰ ਬਾਕੀ ਹਨ।
__________________________
ਮੋਦੀ ਸਰਕਾਰ ਨੇ ਆਪਣੀ ਮਸ਼ਹੂਰੀ ‘ਤੇ ਖਰਚੇ 5200 ਕਰੋੜ
ਨਵੀਂ ਦਿੱਲੀ: ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਰਾਜਵਰਧਨ ਰਾਠੌੜ ਨੇ ਲੋਕ ਸਭਾ ‘ਚ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ਼ਤਿਹਾਰਾਂ ਉਤੇ 2014-15 ਤੋਂ ਲੈ ਕੇ ਹੁਣ ਤੱਕ ਕੁੱਲ 5245.73 ਕਰੋੜ ਰੁਪਏ ਖਰਚ ਕੀਤੇ ਹਨ। ਇਕ ਸਵਾਲ ਦੇ ਲਿਖਤੀ ਜਵਾਬ ‘ਚ ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ 2014-15 ਵਿਚ 979.78 ਕਰੋੜ ਰੁਪਏ, 2015-16 ‘ਚ 1160.16 ਕਰੋੜ, 2016-17 ‘ਚ 1264.26 ਕਰੋੜ, 2017-18 ‘ਚ 1313.57 ਕਰੋੜ ਅਤੇ 2018 ਤੋਂ ਲੈ ਕੇ 7 ਦਸੰਬਰ ਤੱਕ 527.96 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਮੰਤਰੀ ਨੇ ਦੱਸਿਆ ਕਿ 2282 ਕਰੋੜ ਰੁਪਏ ਪ੍ਰਕਾਸ਼ਿਤ ਇਸ਼ਤਿਹਾਰਾਂ ਅਤੇ 2312.59 ਕਰੋੜ ਰੁਪਏ ਆਡੀਓ-ਵਿਜ਼ੂਅਲ ਮੀਡੀਆ ਰਾਹੀਂ ਖਰਚੇ ਗਏ। ਇਸ ਤੋਂ ਇਲਾਵਾ 651.14 ਕਰੋੜ ਰੁਪਏ ਆਊਟਡੋਰ ਪਬਲੀਸਿਟੀ ‘ਤੇ ਖਰਚੇ ਗਏ।