ਪੰਜਾਬੀਆਂ ਦਾ ਮਨਪਸੰਦ ਸ਼ਾਹਕਾਰ ‘ਮੇਰਾ ਦਾਗਿਸਤਾਨ’

ਡਾ. ਚਮਨ ਲਾਲ
ਸੱਤਰਵਿਆਂ ਦੇ ਦਹਾਕੇ ਵਿਚ ਜਦ ਰਸੂਲ ਹਮਜ਼ਾਤੋਵ ਦੀ ਰਚਨਾ ‘ਮੇਰਾ ਦਾਗਿਸਤਾਨ’ ਪੰਜਾਬੀ ਵਿਚ ਛਪੀ ਤਾਂ ਬਹੁਤ ਘੱਟ ਕਿਤਾਬਾਂ ਖਰੀਦਣ ਅਤੇ ਪੜ੍ਹਨ ਵਾਲੇ, ਪਰ ਮੁਕਾਬਲਤਨ ਆਰਥਿਕ ਰੂਪ ਵਿਚ ਹੋਰਾਂ ਸੂਬਿਆਂ ਨਾਲੋਂ ਖੁਸ਼ਹਾਲ ਇਸ ਰਾਜ ਵਿਚ ਇਹ ਕਿਤਾਬ ਪੰਜਾਬੀ ਪਾਠਕਾਂ ਨੂੰ ਖੂਬ ਪਸੰਦ ਆਈ। ਪ੍ਰਗਤੀ ਪ੍ਰਕਾਸ਼ਨ, ਮਾਸਕੋ ਜਾਂ ਪੰਜਾਬ ਬੁੱਕ ਸੈਂਟਰ ਦੀਆਂ ਸ਼ਾਖਾ ਨੂੰ ਕੋਈ ਬਹੁਤਾ ਪਸੰਦ ਨਾ ਕਰਨ ਵਾਲੇ ਪਾਠਕਾਂ ਨੇ ਵੀ ਉਥੋਂ ਇਹ ਕਿਤਾਬ ਖਰੀਦੀ।

ਅਜੇ ਵੀ ਇਸ ਕਿਤਾਬ ਦੀ ਹਰਮਨ ਪਿਆਰਤਾ ਬਣੀ ਹੋਈ ਹੈ। ਪ੍ਰਗਤੀ ਪ੍ਰਕਾਸ਼ਨ, ਮਾਸਕੋ ਦੇ ਬੰਦ ਹੋ ਜਾਣ ਉਪਰੰਤ ਪੰਜਾਬ ਬੁੱਕ ਸੈਂਟਰ, ਚੰਡੀਗੜ੍ਹ ਨੇ ਇਸ ਦੇ ਸੰਸਕਰਨ ਛਾਪੇ ਤੇ 1998 ਵਿਚ ‘ਮੇਰਾ ਦਾਗਿਸਤਾਨ’ ਦਾ ਪਹਿਲਾ ਭਾਗ ਛਪਣ ਤੋਂ ਪੰਝੀ-ਤੀਹ ਵਰ੍ਹੇ ਬਾਅਦ ਇਸ ਦਾ ਦੂਜਾ ਭਾਗ ਪੰਜਾਬੀ ਵਿਚ ਛਪਿਆ। ਦੂਜੇ ਭਾਗ ਦਾ ਵੀ ਪਹਿਲੇ ਭਾਗ ਵਾਂਗ ਹੀ ਸਵਾਗਤ ਹੋਇਆ।
ਰਸੂਲ ਹਮਜ਼ਾਤੋਵ ਦਾ ਜਨਮ ਪੁਰਾਣੀ ਸੋਵੀਅਤ ਯੂਨੀਅਨ ਦੇ ਦਾਗਿਸਤਾਨ ਇਲਾਕੇ ਵਿਚ 1923 ਵਿਚ ਤਸਾਦਾ ਪਿੰਡ ਵਿਚ ਹੋਇਆ ਸੀ। ਇਹ ਦੂਰ-ਦੁਰਾਡਾ ਪਹਾੜੀ ਇਲਾਕਾ ਕੁਦਰਤੀ ਅਮੀਰੀ ਨਾਲ ਭਰਪੂਰ ਹੈ ਪਰ ਇਥੇ ਸਾਖਰਤਾ ਅਤੇ ਆਧੁਨਿਕ ਸਭਿਅਤਾ ਦੇ ਹੋਰ ਰੂਪ 1917 ਦੇ ਰੂਸੀ ਸਮਾਜਵਾਦੀ ਇਨਕਲਾਬ ਤੋਂ ਬਾਅਦ ਸੋਵੀਅਤ ਯੂਨੀਅਨ ਬਣਨ ਉਪਰੰਤ ਹੀ ਪਹੁੰਚ ਸਕੇ ਸਨ ਜਿਸ ਨੂੰ ਹਮਜ਼ਾਤੋਵ ਨੇ ਖਾਸ ਤੌਰ ‘ਤੇ ਲੈਨਿਨ ਪ੍ਰਤੀ ਡੂੰਘੇ ਸ਼ੁਕਰਾਨੇ ਦੇ ਭਾਵਾਂ ਨਾਲ ਸਵੀਕਾਰ ਕੀਤਾ।
ਦਾਗਿਸਤਾਨ ਜਾਰਜੀਆ ਦੇ ਨੇੜੇ ਦਾ ਪਹਾੜੀ ਇਲਾਕਾ ਹੈ। ਇਸ ਛੋਟੇ ਜਿਹੇ ਇਲਾਕੇ ਵਿਚ ਅੱਠ ਮੁੱਖ ਨਸਲਾਂ ਹਨ ਅਤੇ ਨੌਂ ਭਾਸ਼ਾਵਾਂ ਵਿਚ ਕਿਤਾਬਾਂ ਛਪਦੀਆਂ ਹਨ। ਇਸ ਤੋਂ ਵੀ ਵੱਧ ਭਾਸ਼ਾਵਾਂ ਲੋਕ-ਵਿਹਾਰ ਵਿਚ ਪ੍ਰਚਲਿਤ ਹਨ। ਰਸੂਲ ਹਮਜ਼ਾਤੋਵ ਅਵਾਰ ਨਸਲ ਦਾ ਅਤੇ ਅਵਾਰ ਭਾਸ਼ਾ ਦਾ ਲੋਕ ਕਵੀ ਹੈ ਜਿਸ ਨੇ ਅਬੂ ਤਾਲਿਬ ਵਰਗਾ ਹਰਮਨ ਪਿਆਰਾ ਲੋਕ ਕਿਰਦਾਰ, ਲੋਕ ਸਿਆਣਪ ਨਾਲ ਭਰਪੂਰ ਕਿਰਦਾਰ ਸਿਰਜਿਆ ਹੈ।
ਅਬੂ ਤਾਲਿਬ ਨੂੰ ਹਮਜ਼ਾਤੋਵ ਆਪਣਾ ਦੋਸਤ ਕਹਿੰਦਾ ਹੈ ਜੋ ਲਾਕਾਂ ਨਸਲ ਨਾਲ ਸਬੰਧਿਤ ਹੈ। ਇਨ੍ਹਾਂ ਸਾਰੀਆਂ ਨਸਲਾਂ ਦੇ ਆਪਣੇ ਥੀਏਟਰ, ਨਾਚ, ਗਾਣੇ ਹਨ ਅਤੇ ਇਨ੍ਹਾਂ ਦੀ ਸਾਂਝੀ ਕਲਾ ਮੰਡਲੀ ‘ਲੰਜ਼ਗੀਂਕਾ’ ਹੈ ਪਰ ਇਹ ਸਾਰਾ ਕੁਝ 1917 ਦੇ ਇਨਕਲਾਬ ਦੇ ਬਾਅਦ ਹੀ ਵਿਕਸਿਤ ਹੋ ਸਕਿਆ। ਉਸ ਤੋਂ ਪਹਿਲਾਂ ਲੋਕ-ਸਾਹਿਤ ਅਤੇ ਸਭਿਆਚਾਰ ਦਾ ਅਮੁੱਲ ਖਜ਼ਾਨਾ ਦਾਗਿਸਤਾਨ ਕੋਲ ਸੀ ਪਰ ਅੱਖਰ ਗਿਆਨ ਅਤੇ ਲਿਖਤੀ ਭਾਸ਼ਾ ਨਹੀਂ ਸੀ। ਹਮਜ਼ਾਤੋਵ ਨੂੰ ਦੁੱਖ ਹੈ ਕਿ ਦਾਗਿਸਤਾਨ ਕੋਲ ਕਿਤਾਬ ਹਜ਼ਾਰਾਂ ਸਾਲਾਂ ਬੀਤਣ ਉਪਰੰਤ ਆਈ। ਕਿਤਾਬ ਦੀ ਅਣਹੋਂਦ ਕਾਰਨ ਦਾਗਿਸਤਾਨ ਨੂੰ ਜਹਾਲਤ ਦੇ ਗੁਨਾਹ ਦੀ ਸਖਤ ਸਜ਼ਾ ਭੁਗਤਣੀ ਪਈ (ਪੰਜਾਬੀ ਲੋਕ ਜਿਨ੍ਹਾਂ ਕੋਲ ਸੈਂਕੜੇ ਸਾਲਾਂ ਤੋਂ ਕਿਤਾਬ ਹੈ ਪਰ ਪੜ੍ਹਦੇ ਨਹੀਂ, ਇਸ ਜਹਾਲਤ ਦੀ ਸਜ਼ਾ ਕਿਹੜੀ ਪੀੜ੍ਹੀ ਵਿਚ ਭੁਗਤਣਗੇ? ਜਾਂ ਸ਼ਾਇਦ ਸਾਰੀਆਂ ਹੀ ਪੀੜ੍ਹੀਆਂ ਭੁਗਤ ਰਹੀਆਂ ਹਨ?)।
ਹਮਜ਼ਾਤੋਵ ਨੂੰ ਦਾਗਿਸਤਾਨ ਵਿਚ ਕਿਤਾਬ (ਪਹਿਲੋਂ) ਨਾ ਹੋਣ ਦਾ ਕਿੰਨਾ ਦੁੱਖ ਹੈ: ‘ਪੁਸਤਕ ਲਈ ਜੋ ਕੁਝ ਚਾਹੀਦਾ ਹੈ, ਸਾਡੇ ਕੋਲ ਸਭ ਕੁਝ ਸੀ। ਦਹਿਕਦਾ ਹੋਇਆ ਪਿਆਰ, ਬਹਾਦਰ ਸੂਰਮੇ, ਦੁਖਦਾਈ ਘਟਨਾਵਾਂ, ਕਠੋਰ ਕੁਦਰਤ, ਬਸ ਸਿਰਫ ਪੁਸਤਕ ਹੀ ਨਹੀਂ ਸੀ’। ਕਿਤਾਬ ਦੀ ਸੰਭਾਵਨਾ ਪੈਦਾ ਹੋਣ ਬਾਰੇ ਬੜੇ ਸ਼ੁਕਰਾਨੇ ਨਾਲ ਹਮਜ਼ਾਤੋਵ ਨੇ ਲਿਖਿਆ: ‘1921 ਵਿਚ ਦਾਗਿਸਤਾਨ ਦੇ ਵਫਦ ਨਾਲ ਗੱਲਬਾਤ ਕਰਨ ਮਗਰੋਂ ਲੈਨਿਨ ਨੇ ਸਾਡੇ ਪਹਾੜੀ ਪ੍ਰਦੇਸ਼ ਨੂੰ ਤਿੰਨ ਸਭ ਤੋਂ ਵੱਧ ਲਾਜ਼ਮੀ ਚੀਜ਼ਾਂ ਭੇਜੀਆਂ- ਅਨਾਜ, ਕੱਪੜਾ ਅਤੇ ਛਾਪੇਖਾਨੇ ਦੀ ਟਾਈਪ। ਘੋੜਾ ਅਤੇ ਖੰਜਰ ਦਾਗਿਸਤਾਨ ਕੋਲ ਸਨ। ਲੈਨਿਨ ਨੇ ਅਨਾਜ ਨਾਲ ਉਸ ਨੂੰ ਪੁਸਤਕ ਦਿੱਤੀ। ਅਕਤੂਬਰ ਇਨਕਲਾਬ ਨੇ ਦਾਗਿਸਤਾਨ ਦੇ ਪੰਘੂੜੇ ਦੀ ਚਿੰਤਾ ਕੀਤੀ। ਦਾਗਿਸਤਾਨ ਨੇ ਸਾਕਾਰ ਖੁਦ ਆਪਣੇ ਆਪ ਨੂੰ ਵੇਖਿਆ, ਆਪਣੇ ਅਤੀਤ ਅਤੇ ਭਵਿਖ ਨੂੰ ਵੇਖਿਆ ਅਤੇ ਉਸ ਨੇ ਆਪਣੇ ਬਾਰੇ ਖੁਦ ਲਿਖਣਾ ਸ਼ੁਰੂ ਕੀਤਾ।’
ਇਕ ਤਰ੍ਹਾਂ ਨਾਲ ਦਾਗਿਸਤਾਨ ਵਿਚ ਅੱਖਰ ਗਿਆਨ ਦਾ ਪਹੁੰਚਣਾ ਅਤੇ ਹਮਜ਼ਾਤੋਵ ਦਾ ਪੈਦਾ ਹੋਣਾ ਖੂਬਸੂਰਤ ਸੰਯੋਗ ਸੀ, ਕਿਉਂਕਿ ਹਮਜ਼ਾਤੋਵ ਨੇ ਹੀ ਵੱਡਾ ਹੋ ਕੇ ਦਾਗਿਸਤਾਨ ਦਾ ਪਹਿਲਾ ਸ਼ਾਹਕਾਰ ਸਾਹਿਤਕਾਰ ਬਣਨਾ ਸੀ। ਜੋ ਦਰਜਾ ਹੋਮਰ ਦਾ ਯੂਨਾਨ ਅਤੇ ਯੂਨਾਨੀ ਭਾਸ਼ਾ ਲਈ ਹੈ, ਕਾਲੀਦਾਸ ਦਾ ਭਾਰਤ ਲਈ ਹੈ, ਸ਼ੇਕਸਪੀਅਰ ਦਾ ਇੰਗਲੈਂਡ ਅਤੇ ਅੰਗਰੇਜ਼ੀ ਭਾਸ਼ਾ ਲਈ ਹੈ, ਉਹ ਦਰਜਾ ਰਸੂਲ ਹਮਜ਼ਾਤੋਵ ਦਾ ਦਾਗਿਸਤਾਨ ਅਤੇ ਅਵਾਰ ਭਾਸ਼ਾ ਲਈ ਹੈ। ਨਾ ਸਿਰਫ ਦਾਗਿਸਤਾਨ ਅਤੇ ਅਵਾਰ ਭਾਸ਼ਾ ਲਈ ਹੈ ਸਗੋਂ ਉਹ ਹੋਮਰ, ਕਾਲੀਦਾਸ ਜਾਂ ਸ਼ੇਕਸਪੀਅਰ ਵਾਂਗ ਸੰਸਾਰ ਦੇ ਮਹਾਨ ਸਾਹਿਤ ਦਾ ਹਿੱਸਾ ਬਣ ਚੁੱਕਿਆ ਹੈ। ਪਤਾ ਨਹੀਂ ਨੋਬੇਲ ਪੁਰਸਕਾਰ ਦੇਣ ਵਾਲਿਆਂ ਦਾ ਧਿਆਨ ਛੋਟੇ ਖੇਤਰ ਦੀ ਭਾਸ਼ਾ ਦੇ ਅਤਿ ਹੱਸਾਸ ਅਤੇ ਮਨੁੱਖੀ ਭਾਵਨਾਵਾਂ ਨਾਲ ਲਬਰੇਜ਼ ਇਸ ਲੇਖਕ ਅਤੇ ਉਸ ਦੀ ਰਚਨਾ ਵੱਲ ਅਜੇ ਤਕ ਕਿਉਂ ਨਹੀਂ ਗਿਆ? ਉਂਜ, ਦੁਨੀਆਂ ਦੇ ਕਈ ਮਹਾਨ ਲੇਖਕ ਗੋਰਕੀ ਜਾਂ ਟਾਲਸਟਾਇ ਵਾਂਗ ਨੋਬੇਲ ਇਨਾਮ ਨਾ ਮਿਲਣ ਦੇ ਬਾਵਜੂਦ ਸੰਸਾਰ ਸਾਹਿਤ ਵਿਚ ਆਪਣਾ ਸਨਮਾਨਯੋਗ ਥਾਂ ਰੱਖਦੇ ਹਨ ਅਤੇ ਅਵਾਰ ਭਾਸ਼ਾ ਦਾ ਲੋਕ-ਕਵੀ, ਕੋਈ ਸਾਹਿਤਕ ਇਨਾਮ ਮਿਲੇ ਜਾਂ ਨਾ ਮਿਲੇ, ਲੋਕ ਮਨਾਂ ਅਤੇ ਹੱਸਾਸ ਸਾਹਿਤ ਦੇ ਗੰਭੀਰ ਪਾਠਕਾਂ ਤੋਂ ਪਿਆਰ ਅਤੇ ਸਤਿਕਾਰ ਹਾਸਲ ਕਰਦਾ ਰਹੇਗਾ।
‘ਮੇਰਾ ਦਾਗਿਸਤਾਨ’ ਦੀ ਰਚਨਾ ਨਾਲ ਹਮਜ਼ਾਤੋਵ ਨੇ ਸੰਸਾਰ ਸਾਹਿਤ ਵਿਚ ਵਿਲੱਖਣ ਪ੍ਰਕਾਰ ਦੇ ਗੱਦ ਦੀ ਰਚਨਾ ਕੀਤੀ ਹੈ, ਜਿਸ ਦੀ ਹੋਰ ਕੋਈ ਮਿਸਾਲ ਸੰਸਾਰ ਦੀ ਕਿਸੇ ਵੀ ਭਾਸ਼ਾ ਦੇ ਸਾਹਿਤ ਵਿਚ ਸ਼ਾਇਦ ਹੀ ਮਿਲੇ। ਪਹਾੜੀਆਂ ਝਰਨਿਆਂ ਵਾਂਗ ਇਸ ਗੱਦ ਦੇ ਕੁਦਰਤੀ ਰੂਪ ਵਿਚ ਕਲ-ਕਲ ਕਰਦਾ ਵਹਾਅ ਹੈ, ਇਸ ਦੀ ਭਾਸ਼ਾ ਵੀ (ਹਾਲਾਂਕਿ ਇਹ ਕਿਤਾਬ ਸਾਡੇ ਕੋਲ ਦੂਜੀ ਤੀਜੀ ਭਾਸ਼ਾ ਰਾਹੀਂ ਹੀ ਪੁੱਜੀ ਹੈ) ਪਹਾੜੀ ਨਦੀ ਦੇ ਜਲ ਵਾਂਗ ਸਵੱਛ, ਠੰਢੀ ਤੇ ਪਿਆਰੀ ਛੋਹ ਦੇਣ ਵਾਲੀ ਹੈ। ਆਪਣੀ ਸਾਹਿਤਕ ਰਚਨਾ ਵਿਚ ਬਿਨਾਂ ਕਿਸੇ ਪਰੰਪਰਾ ਦੀ ਹੋਂਦ ਦੇ ਹਮਜ਼ਾਤੋਵ ਨੇ ਇੰਨੀ ਸੰਵੇਦਨਸ਼ੀਲਤਾ ਅਤੇ ਡੂੰਘਾਈ ਹਾਸਲ ਕਿਵੇਂ ਕਰ ਲਈ?
ਹਮਜ਼ਾਤੋਵ ਨੇ ਆਪਣੇ ਗੱਦ ਵਿਚ ਅਜਿਹੀ ਰੁਮਾਂਚਿਤ ਕਾਵਿਕਤਾ ਦਾ ਸੁਮੇਲ ਕੀਤਾ ਹੈ ਕਿ ਭਾਵੇਂ ਉਸ ਦੀਆਂ ਗੱਲਾਂ ਵਿਚ ਕਿੰਨਾ ਕੀ ਦੁਹਰਾਅ ਕਿਉਂ ਨਾ ਜਾਪੇ, ਤੁਹਾਡਾ ਉਸ ਨੂੰ ਪੜ੍ਹਨ ਦਾ ਵਾਰ-ਵਾਰ ਮਨ ਕਰਦਾ ਹੈ। 1975 ਵਿਚ ਮੈਂ ‘ਮੇਰਾ ਦਾਗਿਸਤਾਨ’ ਦਾ ਪਹਿਲਾ ਭਾਗ ਪੜ੍ਹਿਆ ਸੀ ਅਤੇ ਲਗਦਾ ਸੀ ਕਿ 1998 ਵਿਚ ਦੂਜਾ ਭਾਗ ਪੜ੍ਹਦਿਆਂ ਸ਼ਾਇਦ ਉਹ ਸਵਾਦ ਨਾ ਆਵੇ। ਇਹ ਵੀ ਜਾਪਦਾ ਸੀ ਕਿ ਉਮਰ ਦੇ ਫਰਕ ਨਾਲ ਵੀ ਸ਼ਾਇਦ ਇਸ ਤਰ੍ਹਾਂ ਦੀਆਂ ਰੁਮਾਂਸ ਭਰਪੂਰ ਲਿਖਤਾਂ ਮਨ ਉਤੇ ਬਹੁਤਾ ਅਸਰ ਨਾ ਛੱਡ ਸਕਣ, ਪਰ ਨਹੀਂ; ਰਸੂਲ ਹਮਜ਼ਾਤੋਵ ਦੀ ਕਲਮ ਵਿਚ ਖਿੱਚ ਉਸੇ ਤਰ੍ਹਾਂ ਬਰਕਰਾਰ ਹੈ ਜੋ ਅਨੁਵਾਦ ਦੇ ਕੁਝ ਫਰਕ ਦੇ ਬਾਵਜੂਦ ਰਚਨਾ ਦੀ ਅੰਦਰਲੀ ਚੁੰਬਕੀ ਖਿੱਚ ਨਾਲ ਤੁਹਾਨੂੰ ਅਜੇ ਵੀ ਕੀਲ ਸਕਦੀ ਹੈ।
‘ਮੇਰਾ ਦਾਗਿਸਤਾਨ-2’ ਲਿਖਣ ਲਈ ਹਮਜ਼ਾਤੋਵ ਨੂੰ ਜੋ ਚੀਜ਼ਾਂ ਚਾਹੀਦੀਆਂ ਸਨ, ਉਹ ਮੇਜ਼ ਉਤੇ ਹਾਜ਼ਰ ਸਨ: ਕੋਰਾ ਕਾਗਜ਼, ਚੰਗੀ ਤਰ੍ਹਾਂ ਘੜੀ ਹੋਈ ਪੈਨਸਿਲ, ਮਾਂ ਦੀ ਫੋਟੋ, ਮੁਲਕ ਦਾ ਨਕਸ਼ਾ, ਦੁੱਧ ਤੋਂ ਬਿਨਾਂ ਤੇਜ਼ ਕਾਫੀ, ਉਚ ਕੋਟੀ ਦੀ ਦਾਗਿਸਤਾਨੀ ਬਰਾਂਡੀ ਅਤੇ ਸਿਗਰਟਾਂ ਦੀ ਡੱਬੀ। ਉਸ ਦੀ ਮਾਨਸਿਕ ਤਿਆਰੀ ਵੀ ਮੁਕੰਮਲ ਸੀ, ਕਿਉਂਕਿ ਹੋਮਰ ਤੋਂ ਲੈ ਕੇ ਰੂਸੀ, ਜਾਪਾਨੀ, ਚੀਨੀ, ਫਰਾਂਸੀਸੀ, ਜਰਮਨ, ਅੰਗਰੇਜ਼ੀ ਸਾਰੀਆਂ ਭਾਸ਼ਾਵਾਂ ਦਾ ਕਲਾਸਿਕ ਸਾਹਿਤ ਉਸ ਨੇ ਪੜ੍ਹਿਆ ਅਤੇ ਮਨ ਅੰਦਰ ਸਮੋਇਆ ਹੋਇਆ ਸੀ। ਦੁਨੀਆਂ ਭਰ ਦੇ ਯਾਤਰਾ-ਅਨੁਭਵ ਵੀ ਉਸ ਕੋਲ ਸਨ ਅਤੇ ‘ਅੱਗ ਪਿਤਾ, ਪਾਣੀ ਮਾਂ’ ਦੇ ਸਿਰਲੇਖ ਹੇਠ ਦੂਜੇ ਭਾਗ ਦੀ ਰਚਨਾ ਉਸੇ ਵਹਾਅ ਵਿਚ ਸ਼ੁਰੂ ਹੋ ਜਾਂਦੀ ਹੈ, ਜਿਸ ਵਹਾਅ ਵਿਚ ਪਹਿਲਾ ਭਾਗ ਲਿਖਿਆ ਗਿਆ ਸੀ। ਤੇ ਫਿਰ ਦਾਗਿਸਤਾਨ ਦਾ ਲੋਕ-ਸਭਿਆਚਾਰ, ਲੋਕ-ਕਥਾਵਾਂ, ਲੋਕ-ਗੀਤ, ਲੋਕ-ਕਿਰਦਾਰ, ਲੋਕ-ਸਿਆਣਪਾਂ, ਲੋਕ-ਸੂਰਮੇ, ਲੋਕ-ਯੁੱਧ, ਸਭ ਕੁਝ ਭਾਸ਼ਾ ਦੀ ਰਵਾਨੀ ਵਿਚ ਆਪਣੇ ਖੂਬਸੂਰਤ ਆਕਾਰ ਲੈ ਕੇ ਪੇਸ਼ ਹੁੰਦੇ ਅਤੇ ਵਹਾਅ ਵਿਚ ਚਲਦੇ ਰਹਿੰਦੇ ਹਨ। ਹਮਜ਼ਾਤੋਵ ਨੂੰ ਭਾਰਤ ਆ ਕੇ ਰੌਸ਼ਨੀਆਂ ਤੇ ਦੀਵਾਲੀ ਨੇ ਮੋਹਿਆ ਅਤੇ ਉਸ ਲਈ ਉਸ ਦੇ ਮਨ ਵਿਚ ਦਗਦਾ ਹੋਇਆ ਸਲਾਮ ਦਾ ਰੂਸੀ ਬਿੰਬ ਯਾਦ ਆਇਆ।
ਪੂਰੀ ਦੁਨੀਆਂ ਵਿਚ ਕੁਦਰਤ ਨਾਲ ਸਬੰਧਿਤ ਲੋਕ ਗੀਤ ਕਿੰਨੇ ਸਮਾਨ ਹਨ, ਇਹ ਦਾਗਿਸਤਾਨ ਦੇ ਵਰਖਾ ਸਬੰਧੀ ਗੀਤਾਂ ਅਤੇ ਭਾਰਤ ਦੇ ਸਮਾਨ ਹਨ, ਇਹ ਦਾਗਿਸਤਾਨ ਦੇ ਵਰਖਾ ਸਬੰਧੀ ਗੀਤਾਂ ਤੋਂ ਵੇਖਿਆ ਜਾ ਸਕਦਾ ਹੈ: ਉਨ੍ਹਾਂ ਦਾ ‘ਅੱਲ੍ਹਾ ਅੱਲ੍ਹਾ ਛੇਤੀ ਛੇਤੀ ਬਾਰਿਸ਼ ਦੇ’ ਅਤੇ ਸਾਡਾ ‘ਅੱਲ੍ਹਾ ਮੇਘ ਦੇ ਮੌਲਾ ਮੇਘ ਦੇ’।
ਆਪਣੀ ਧਰਤੀ, ਆਪਣੀ ਮਾਤ ਭੂਮੀ, ਆਪਣੇ ਲੋਕਾਂ ਨਾਲ ਪਿਆਰ ਕਰਨ ਵਾਲੇ ਲੇਖਕ ਕਾਫੀ ਹਨ, ਪਰ ਰਸੂਲ ਹਮਜ਼ਾਤੋਵ ਵਰਗਾ ਵਿਲੱਖਣ ਅੰਦਾਜ਼ ਸ਼ਾਇਦ ਕਿਸੇ ਹੋਰ ਲੇਖਕ ਕੋਲ ਨਹੀਂ। ਆਪਣੀ ਧਰਤੀ ਦੀ ਵਿਆਖਿਆ ਉਹ ਇੰਜ ਕਰਦਾ ਹੈ: ‘ਦਾਗ਼ ਦਾ ਅਰਥ ਹੈ ਪਰਬਤ ਅਤੇ ਸਤਾਨ ਦਾ ਅਰਥ ਹੈ ਮੁਲਕ। ਪਹਾੜੀ ਮੁਲਕ। ਮਾਣ-ਮੱਤਾ ਮੁਲਕ ਦਾਗਿਸਤਾਨ।’ ਤੇ ਇਸੇ ਗੱਲ ਨੂੰ ਕਾਵਿਕ ਰੂਪ ਦਿੰਦਿਆ ਉਸ ਨੇ ਕਿਹਾ:
ਅੱਖਰ ਜੋੜ ਕੇ ਜਿੱਦਾਂ
ਪੜ੍ਹਦਾ ਏ ਬਾਲ
ਉਸੇ ਤਰ੍ਹਾਂ ਹੀ ਮੈਂ ਦੁਹਰਾਵਾਂ
ਕਹਿੰਦਿਆਂ ਕਦੇ ਨਾ ਥੱਕਾਂ
ਦਾਗਿਸਤਾਨ, ਦਾਗਿਸਤਾਨ।
ਤਾਲਸਟਾਇ, ਲਰਮਨਤੋਵ, ਆਦਿ ਪ੍ਰਸਿੱਧ ਰੂਸੀ ਲੇਖਕਾਂ ਦੀਆਂ ਰਚਨਾਵਾਂ ਵਿਚ ਦਾਗਿਸਤਾਨ ਕਿਰਦਾਰ ਰਚੇ ਗਏ ਹਨ। ਹਮਜ਼ਾਤੋਵ ਨੂੰ ਆਪਣੀ ਧਰਤੀ, ਆਪਣੇ ਮੁਲਕ ਨਾਲ ਪਿਆਰ ਹੈ ਪਰ ਮੂਲਵਾਦੀਆਂ ਵਾਂਗ ਕਿਸੇ ਨਾਲ ਨਫਰਤ ਕਰ ਕੇ ਨਹੀਂ:
ਸਭ ਮੁਲਕ ਦੁਨੀਆਂ ਦੇ ਚੰਗੇ,
ਸੋਹਣੇ ਮੁਲਕ ਬਥੇਰੇ।
ਦਾਗਿਸਤਾਨ ਪਿਆਰਾ ਮੈਨੂੰ,
ਉਕਰਿਆ ਦਿਲ ‘ਤੇ ਮੇਰੇ।
ਹਮਜ਼ਾਤੋਵ ਵਰਗੀ ਰੂਹ ਪੰਜਾਬ ਵਿਚ ਪ੍ਰੋ. ਪੂਰਨ ਸਿੰਘ ਦੀਆਂ ਕਵਿਤਾਵਾਂ ਨਾਲ ਮਿਲਦੀ ਹੈ।
ਅਵਾਰ ਭਾਸ਼ਾ ਵਿਚ ਇਨਸਾਨ ਅਤੇ ਆਜ਼ਾਦੀ, ਦੋਵਾਂ ਲਈ ਇਕੋ ਹੀ ਸ਼ਬਦ ਹੈ, ਅਰਥਾਤ ਇਨਸਾਨ ਹੈ ਤਾਂ ਉਹ ਆਜ਼ਾਦ ਵੀ ਹੋਵੇਗਾ ਹੀ। ਤੇ ਦਾਗਿਸਤਾਨ ਦਾ ਮਨਪਸੰਦ ਪੰਛੀ ਹੈ ਉਕਾਬ; ਸ਼ਾਨ ਨਾਲ, ਆਜ਼ਾਦੀ ਨਾਲ ਉਡਣ ਵਾਲਾ ਪੰਛੀ।
‘ਮੇਰਾ ਦਾਗਿਸਤਾਨ’ ਉਸ ਮੁਲਕ ਦਾ ਸਿਰਜਣਾਤਮਕ ਅੰਦਾਜ਼ ਵਿਚ ਰਚਿਆ ਇਤਿਹਾਸ ਵੀ ਹੈ ਅਤੇ ਕਵਿਤਾਵਾਂ ਤੇ ਗੱਦ ਕਵਿਤਾ ਵਿਚ ਰਚਿਆ ਸਾਹਿਤ ਦਾ ਅਮੁੱਲ ਖਜ਼ਾਨਾ ਵੀ। ਇਹ ਇਨਸਾਨੀ ਬਹਾਦਰੀ, ਆਣ, ਬਾਣ, ਸ਼ਾਨ, ਆਜ਼ਾਦੀ ਦੀ ਗਾਥਾ ਵੀ ਹੈ ਅਤੇ ਗਿਆਨ ਦਾ ਚਾਨਣ ਮੁਨਾਰਾ ਵੀ।