ਕਿਆਮਤ-8

ਹਰਮੋਹਿੰਦਰ ਚਾਹਲ
ਫੋਨ: 703-362-3239
ਤੁਸੀਂ ਪੜ੍ਹ ਚੁਕੇ ਹੋ…
ਇਰਾਕ ਦੇ ਇਕ ਹਿੱਸੇ ਉਤੇ ਇਸਲਾਮਕ ਸਟੇਟ ਦੇ ਕਬਜ਼ੇ ਪਿਛੋਂ ਜਾਜ਼ੀਦੀ ਕਬੀਲੇ ਦੇ ਲੋਕ ਉਜੜ-ਪੁੱਜੜ ਗਏ। ਅਤਿਵਾਦੀਆਂ ਦੇ ਹੱਥ ਆਈਆਂ ਜਾਜ਼ੀਦੀ ਕੁੜੀਆਂ ਵੱਖ-ਵੱਖ ਥਾਂਈਂ ਰੁਲ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਕੁੜੀ ਆਸਮਾ ਨੂੰ ਸੀਰੀਆ ਭੇਜਿਆ ਜਾ ਰਿਹਾ ਹੈ ਪਰ ਉਹ ਉਨ੍ਹਾਂ ਦੀ ਚੁੰਗਲ ਵਿਚੋਂ ਬਚ ਨਿਕਲਦੀ ਹੈ। ਉਸ ਨੂੰ ਆਪਣੇ ਘਰ ਅਤੇ ਘਰ ਦੇ ਜੀਆਂ ਦਾ ਚੇਤਾ ਆਉਂਦਾ ਹੈ।

ਇਹ ਉਹ ਸਮਾਂ ਹੈ ਜਦੋਂ ਅਮਰੀਕਾ ਨੇ ਸੱਦਾਮ ਹੁਸੈਨ ਦਾ ਤਖਤਾ ਪਲਟਣ ਲਈ ਇਰਾਕ ਉਤੇ ਹਮਲਾ ਕਰ ਦਿੱਤਾ ਸੀ। ਸੱਦਾਮ ਮਾਰਿਆ ਗਿਆ। ਨਵੀਂ ਹਕੂਮਤ ਆ ਗਈ ਪਰ ਉਦੋਂ ਹੀ ਸੁੰਨੀ ਮੁਸਲਮਾਨਾਂ ਦੇ ਕੁਝ ਧੜੇ ਦਹਿਸ਼ਤਪਸੰਦ ਬਣ ਗਏ ਅਤੇ ਸ਼ੀਆ ਮੁਸਲਮਾਨਾਂ ਤੇ ਜਾਜ਼ੀਦੀਆਂ ‘ਤੇ ਕਹਿਰ ਢਾਹੁਣ ਲੱਗੇ। ਇਸੇ ਦੌਰਾਨ ਇਨ੍ਹਾਂ ਦੇ ਜਾਜ਼ੀਦੀਆਂ ਦੇ ਇਲਾਕੇ ਵਲ ਵਧਣ ਦੀਆਂ ਸੂਹਾਂ ਮਿਲਣ ਲੱਗੀਆਂ ਅਤੇ ਉਨ੍ਹਾਂ ਆਸਮਾ ਦੇ ਪਿੰਡ ਨੂੰ ਘੇਰਾ ਪਾ ਲਿਆ। ਇਸਲਾਮਕ ਸਟੇਟ ਵਾਲਿਆਂ ਪਿੰਡ ਦੇ ਸਾਰੇ ਬੰਦੇ ਤੇ ਜਨਾਨੀਆਂ ਪਿੰਡ ਤੋਂ ਬਾਹਰ ਇਕੱਠੇ ਕਰ ਲਏ। ਉਥੇ ਬਹੁਤ ਸਾਰੇ ਬੰਦਿਆਂ ਨੂੰ ਗੋਲੀਆਂ ਮਾਰ ਕੇ ਜਨਾਨੀਆਂ ਤੇ ਛੋਟੀ ਉਮਰ ਦੇ ਮੁੰਡਿਆਂ ਨੂੰ ਟਰੱਕਾਂ ਤੇ ਬੱਸਾਂ ਵਿਚ ਲੈ ਤੁਰੇ। ਹੁਣ ਪੜ੍ਹੋ ਉਨ੍ਹਾਂ ਨਾਲ ਕੀ ਕਹਿਰ ਵਾਪਰਦਾ ਹੈ…

(9)
ਬਾਹਰ ਕੁਝ ਵੀ ਨਹੀਂ ਸੀ ਦਿਸ ਰਿਹਾ। ਇਕ ਤਾਂ ਹਨੇਰਾ ਸੀ, ਦੂਜੇ ਬੱਸਾਂ ਦੇ ਸ਼ੀਸ਼ੇ ਪੂਰੀ ਤਰ੍ਹਾਂ ਢਕੇ ਹੋਏ ਸਨ। ਉਂਜ ਮੈਂ ਡਰਾਈਵਰ ਤੋਂ ਦੋ ਸੀਟਾਂ ਹੀ ਪਿੱਛੇ ਸੀ। ਜੋ ਸਾਹਮਣੇ ਸ਼ੀਸ਼ੇ ਰਾਹੀਂ ਨਜ਼ਰ ਆ ਸਕਦਾ ਸੀ, ਬਸ ਓਨਾ ਕੁ ਹੀ ਦਿੱਸਦਾ ਸੀ। ਪਰ ਰਾਤ ਵੇਲੇ ਮੂਹਰਿਉਂ ਆਉਂਦੀਆਂ ਗੱਡੀਆਂ ਦੀ ਰੋਸ਼ਨੀ ਤੋਂ ਸਿਵਾ, ਹੋਰ ਸਾਹਮਣੇ ਦਿੱਸ ਵੀ ਕੀ ਸਕਦਾ ਸੀ! ਹਾਂ ਦੂਜੀਆਂ ਦੋ ਬੱਸਾਂ ਅੱਗੇ ਅੱਗੇ ਭੱਜੀਆਂ ਜਾ ਰਹੀਆਂ ਸਨ।
ਥਕੇਵੇਂ ਨਾਲ ਬੁਰਾ ਹਾਲ ਸੀ। ਸਵੇਰ ਤੋਂ ਹੁਣ ਤੱਕ ਕੁਝ ਵੀ ਖਾਧਾ ਪੀਤਾ ਨਹੀਂ ਸੀ। ਸਰੀਰਕ ਥਕਾਵਟ ਤੋਂ ਬਿਨਾ ਮਨ ਦੁੱਖਾਂ ਨਾਲ ਵਿੰਨਿਆ ਪਿਆ ਸੀ, ਪਰ ਇਸ ਵੇਲੇ ਆਪਣੇ ਤੋਂ ਵੀ ਵੱਧ, ਸਾਹਮਣੇ ਜਾ ਰਹੀਆਂ ਬੱਸਾਂ ‘ਚ ਬੈਠੇ ਛੋਟੇ ਭਰਾਵਾਂ ਦਾ ਫਿਕਰ ਸੀ, ਮਾਂ ਦਾ ਝੋਰਾ ਸੀ। ਫਿਰ ਜ਼ਰਾ ਕੁ ਨੀਂਦ ਆਈ ਹੀ ਸੀ ਕਿ ਫੌਜ਼ੀਆ ਦੀ ਆਵਾਜ਼ ਸੁਣ ਕੇ ਮੈਂ ਅੱਭੜਵਾਈ ਉਠੀ। ਉਤਾਂਹ ਨੂੰ ਵੇਖਿਆ ਤਾਂ ਅਬੂ ਬਾਤ ਉਸ ਦੇ ਸਿਰ ‘ਤੇ ਖੜ੍ਹਾ ਸੀ। ਉਸ ਨੇ ਜ਼ਹਿਰੀਲੀ ਹਾਸੀ ਹੱਸਦਿਆਂ ਫੌਜ਼ੀਆ ਨੂੰ ਕਿਹਾ, “ਮੇਰੀ ਗੱਲ ਮੰਨ ਜਾਂਦੀ ਤਾਂ ਮੌਜਾਂ ਕਰਦੀ। ਨਾਲੇ ਹੁਣ ਕਿਹੜਾ ਤੂੰ ਮੈਥੋਂ ਭੱਜ ਜਾਵੇਂਗੀ।” ਇੰਨਾ ਆਖ ਉਹ ਫੌਜ਼ੀਆ ਦੇ ਬਰਾਬਰ ਬਹਿ ਗਿਆ ਅਤੇ ਉਸ ਦੀ ਕਮੀਜ਼ ‘ਚ ਹੱਥ ਪਾ ਲਿਆ। ਉਹ, ਉਸ ਦੇ ਸਰੀਰ ਨਾਲ ਛੇੜ ਛਾੜ ਕਰਨ ਲੱਗਾ ਤਾਂ ਫੌਜ਼ੀਆ ਨੇ ਉਸ ਨੂੰ ਰੋਕਿਆ। ਇਸ ‘ਤੇ ਅਬੂ ਬਾਤ ਨੇ ਵੱਟ ਕੇ ਉਸ ਦੇ ਚਪੇੜ ਮਾਰੀ। ਨਾਲ ਹੀ ਆਲੇ ਦੁਆਲੇ ਝਾਕਦਿਆਂ ਪਿਸਤੌਲ ਕੱਢ ਕੇ ਹਵਾ ‘ਚ ਲਹਿਰਾਉਂਦਾ ਬੋਲਿਆ, “ਕਿਸੇ ਨੇ ਚੂੰ ਚਾਂ ਕੀਤੀ ਤਾਂ ਗੋਲੀ ਸਿੱਧੀ ਛਾਤੀ ‘ਚ ਮਾਰੂੰ। ਇਸ ਵੇਲੇ ਤੁਹਾਡਾ ਮਾਲਕ ਮੈਂ ਆਂ।”
ਥੱਕੀਆਂ ਟੁੱਟੀਆਂ ਕੁੜੀਆਂ ਹੋਰ ਵੀ ਸਹਿਮ ਗਈਆਂ। ਡਰਾਈਵਰ ਆਪਣੇ ਹਿਸਾਬ ਬੱਸ ਚਲਾਉਂਦਾ ਜਾ ਰਿਹਾ ਸੀ। ਉਸ ਨੂੰ ਕੋਈ ਵਾਸਤਾ ਨਹੀਂ ਸੀ ਕਿ ਪਿੱਛੇ ਕੀ ਹੋ ਰਿਹਾ ਹੈ। ਉਹ ਭਾਵੇਂ ਤੁਰਕੀ ਬੋਲ ਰਿਹਾ ਸੀ ਪਰ ਮੈਨੂੰ ਕੁਝ ਕੁਝ ਸਮਝ ਆ ਰਹੀ ਸੀ। ਇੰਨੇ ਨੂੰ ਅਬੂ ਬਾਤ ਨੇ ਆਪਣਾ ਘਿਨਾਉਣਾ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ। ਉਹ ਕਿਸੇ ਵੀ ਸੀਟ ‘ਤੇ ਕੁੜੀ ਨਾਲ ਖਹਿ ਕੇ ਬਹਿ ਜਾਂਦਾ ਤੇ ਫਿਰ ਸਰੀਰਕ ਛੇੜ ਛੇੜ ਕਰਦਾ। ਕੁੜੀਆਂ ਮਜਬੂਰ ਸਨ ਤੇ ਚੁੱਪ ਚਾਪ ਉਸ ਦਾ ਧੱਕਾ ਸਹਿ ਰਹੀਆਂ ਸਨ। ਪਿਛਲੇ ਪਾਸੇ ਇਕ ਕੁੜੀ ਨੇ ਉਲਟੀ ਕਰ ਦਿੱਤੀ। ਅਬੂ ਬਾਤ ਨੇ ਗਾਲ੍ਹ ਕੱਢੀ ਪਰ ਕੁੜੀ ਬੇਵਸ ਸੀ। ਉਸ ਦੇ ਕੋਲੋਂ ਬਦਬੂ ਮਾਰਨ ਲੱਗ ਪਈ ਤਾਂ ਇਸ ਦੇ ਅਸਰ ਨਾਲ ਕਈ ਹੋਰ ਕੁੜੀਆਂ ਉਲਟੀਆਂ ਕਰਨ ਲੱਗ ਪਈਆਂ। ਬੱਸ ਵਿਚ ਬਹੁਤ ਭੈੜੀ ਬੋਅ ਫੈਲ ਗਈ। ਨਾ ਕੋਈ ਖਿੜਕੀ ਖੁੱਲ੍ਹੀ ਸੀ ਕਿ ਹਵਾ ਨਾਲ ਕੁਝ ਫਰਕ ਪੈ ਜਾਂਦਾ। ਇਸ ਨਾਲ ਪਿੱਛੇ ਬੈਠੀਆਂ ਕੁੜੀਆਂ ਨੂੰ ਇਕ ਫਾਇਦਾ ਜ਼ਰੂਰ ਹੋਇਆ ਕਿ ਅਬੂ ਬਾਤ, ਉਨ੍ਹਾਂ ਵਲ ਜਾਣੋਂ ਹਟ ਗਿਆ। ਹੁਣ ਉਹ ਸਿਰਫ ਅੱਗੇ ਬੈਠੀਆਂ ਕੁੜੀਆਂ ਨੂੰ ਹੀ ਤੰਗ ਕਰ ਰਿਹਾ ਸੀ। ਮੋੜ ਘੋੜ ਕੇ ਉਹ ਫੌਜ਼ੀਆ ਕੋਲ ਆ ਗਿਆ ਅਤੇ ਉਸ ਦੀ ਛਾਤੀ ਇੰਨੇ ਜ਼ੋਰ ਦੀ ਦੱਬੀ ਕਿ ਫੌਜ਼ੀਆ ਚੀਕਾਂ ਮਾਰਨ ਲੱਗੀ। ਬਾਕੀ ਕੁੜੀਆਂ ਵੀ ਰੋਣ ਕੁਰਲਾਉਣ ਲੱਗੀਆਂ। ਡਰਾਈਵਰ ਨੇ ਉਨ੍ਹਾਂ ਨੂੰ ਚੁੱਪ ਕਰਵਾਉਣਾ ਚਾਹਿਆ ਪਰ ਕੋਈ ਨਾ ਰੁਕੀ। ਸਗੋਂ ਹੋਰ ਉਚੀ ਰੌਲਾ ਪੈਣ ਲੱਗਾ। ਚੀਕ ਚਿਹਾੜਾ ਮੱਚ ਗਿਆ। ਡਰਾਈਵਰ ਨੇ ਫੋਨ ‘ਤੇ ਕਿਸੇ ਨਾਲ ਗੱਲ ਕੀਤੀ ਅਤੇ ਬੱਸ ਇਕ ਪਾਸੇ ਰੋਕ ਦਿੱਤੀ। ਅੱਗੇ ਜਾ ਰਹੀਆਂ ਬੱਸਾਂ ਵੀ ਖੜ੍ਹੋ ਗਈਆਂ। ਮੈਂ ਸੋਚਿਆ, ਹੁਣ ਕੋਈ ਵੱਡਾ ਅਫਸਰ ਆਵੇਗਾ ਅਤੇ ਅਬੂ ਬਾਤ ਦੀ ਝਾੜ ਝੰਬ ਕਰੇਗਾ। ਇੰਨੇ ਨੂੰ ਚਿੱਟੇ ਰੰਗ ਦੀ ਜੀਪ ਬੱਸ ਦੇ ਮੂਹਰੇ ਆ ਰੁਕੀ। ਕੋਈ ਉਚ ਕਮਾਂਡਰ ਜੀਪ ‘ਚੋਂ ਉਤਰ ਕੇ ਬੱਸ ਵਿਚ ਚੜ੍ਹ ਗਿਆ। ਜਦੋਂ ਉਹ ਥੋੜ੍ਹਾ ਚਾਨਣੇ ਆਇਆ ਤਾਂ ਮੈਂ ਝੱਟ ਪਛਾਣ ਲਿਆ। ਇਹ ਤਾਂ ਕਮਾਂਡਰ ਮੁਰਤਜ਼ਾ ਸੀ, ਜਿਸ ਨੇ ਪਿੰਡ ਦੇ ਸਕੂਲ ਵਿਚ ਸਾਰਾ ਕੁਝ ਕੀਤਾ ਕਰਾਇਆ ਸੀ। ਖੈਰ! ਉਹ ਅਬੂ ਬਾਤ ਕੋਲ ਆਇਆ। ਆਲੇ ਦੁਆਲੇ ਨਜ਼ਰ ਮਾਰਦਿਆਂ ਰੁੱਖੀ ਆਵਾਜ਼ ‘ਚ ਪੁੱਛਿਆ, “ਕੌਣ ਐ ਜਿਸ ਨੇ ਗੜਬੜ ਸ਼ੁਰੂ ਕੀਤੀ ਸੀ?”
“ਇਸ ਨੇ।” ਇੰਨਾ ਕਹਿੰਦਿਆਂ ਅਬੂ ਬਾਤ ਨੇ ਫੌਜ਼ੀਆ ਵਲ ਇਸ਼ਾਰਾ ਕੀਤਾ। ਕਮਾਂਡਰ ਮੁਰਤਜ਼ਾ ਨੇ ਫੌਜ਼ੀਆ ਨੂੰ ਪੁੱਛਿਆ ਕਿ ਉਸ ਨੂੰ ਕੀ ਤਕਲੀਫ ਹੈ ਤਾਂ ਉਸ ਨੇ ਸਭ ਬਿਆਨ ਕਰ ਦਿੱਤਾ। ਗੱਲ ਸੁਣਦਿਆਂ ਕਮਾਂਡਰ ਕੜਕਿਆ, “ਤੁਸੀਂ ਕੀ ਸੋਚਦੀਆਂ ਓਂ ਕਿ ਅਸੀਂ ਤੁਹਾਨੂੰ ਹੱਜ ਨੂੰ ਲੈ ਕੇ ਚੱਲੇ ਆਂ?” ਉਸ ਦੀ ਗੱਲ ਸੁਣ ਕੇ ਮੇਰੇ ਅੰਦਰ ਹੱਲ-ਚੱਲ ਜਿਹੀ ਹੋਈ ਤੇ ਮੈਂ ਉਠ ਕੇ ਖੜ੍ਹੀ ਹੋ ਗਈ। ਉਹ ਮੇਰੇ ਵਲ ਵੇਖਦਾ ਗੁੱਸੇ ‘ਚ ਬੋਲਿਆ, “ਹਾਂ ਦੱਸ, ਤੈਨੂੰ ਕੀ ਤਕਲੀਫ ਐ?”
“ਮੈਨੂੰ ਪਤਾ ਐ ਕਿ ਇਸਲਾਮਕ ਸਟੇਟ ਬਹੁਤ ਅਸੂਲਾਂ ਵਾਲੀ ਪਾਰਟੀ ਹੈ। ਫਿਰ ਸਾਡੇ ਨਾਲ ਇਹ ਸਲੂਕ ਕਿਉਂ?”
ਉਸ ਨੇ ਮੇਰੇ ਵਲ ਵੇਖਦਿਆਂ ਲਾਲ ਲਾਲ ਅੱਖਾਂ ਕੱਢੀਆਂ ਤੇ ਮੇਰੇ ਨੇੜੇ ਹੁੰਦਾ ਬੋਲਿਆ, “ਹਾਂ, ਇਸਲਾਮਕ ਸਟੇਟ ਦੇ ਅਸੂਲ ਬੜੇ ਨੇਕ ਪਾਕ ਨੇ। ਸਾਡੇ ਲਈ ਔਰਤ ਦਾ ਦਰਜਾ ਬੜਾ ਉਚਾ ਐ। ਪਰ ਇਹ ਸਿਰਫ ਉਨ੍ਹਾਂ ਲਈ ਜੋ ਸਾਡੀ ਖਿਲਾਫਤ ਨੇ, ਸਾਡੇ ਲੋਕ ਨੇ। ਕਾਫਰਾਂ ਵਾਸਤੇ ਇਸਲਾਮਕ ਸਟੇਟ ਕੋਲ ਕੋਈ ਥਾਂ ਨ੍ਹੀਂ। ਤੁਸੀਂ ਸਭ ਕਾਫਰ ਓਂ। ਇਸੇ ਲਈ ਤਾਂ ਤੁਹਾਨੂੰ ਵਾਰ ਵਾਰ ਕਿਹਾ ਗਿਆ ਸੀ ਕਿ ਇਸਲਾਮ ਕਬੂਲ ਕਰੋ ਤੇ ਮੌਜਾਂ ਮਾਣੋ। ਪਰ ਤੁਹਾਡੇ ਫੂਹੜ ਦਿਮਾਗਾਂ ‘ਚ ਇਹ ਗੱਲ ਵੜਦੀ ਈ ਨ੍ਹੀਂ।”
“ਪਰ ਔਰਤ ਜ਼ਾਤ ਤਾਂ…।” ਮੈਂ ਕੁਝ ਕਹਿਣ ਹੀ ਲੱਗੀ ਸੀ ਕਿ ਉਸ ਨੇ ਗੁੱਸੇ ‘ਚ ਮੈਨੂੰ ਟੋਕ ਕੇ ਬੋਲਿਆ, “ਇਕ ਗੱਲ ਪੱਕੇ ਤੌਰ ‘ਤੇ ਸਮਝ ਲਵੋ। ਆਪਣੇ ਦਿਮਾਗਾਂ ‘ਚ ਬਿਠਾ ਲਵੋ। ਤੁਸੀਂ ਸਭ ਸਾਡੀਆਂ ਸਾਬੀਆ ਓਂ, ਜਿਸ ਦਾ ਕਿ ਕੋਈ ਹੱਕ ਨ੍ਹੀਂ ਹੁੰਦਾ।” ਇੰਨਾ ਆਖ ਉਸ ਨੇ ਡਰਾਈਵਰ ਨੂੰ ਬੱਸ ਤੋਰਨ ਦੀ ਹਦਾਇਤ ਕੀਤੀ। ਹੇਠਾਂ ਉਤਰਨ ਤੋਂ ਪਹਿਲਾਂ ਉਸ ਨੇ ਅਬੂ ਬਾਤ ਨੂੰ ਕਿਹਾ, “ਜੇ ਹੁਣ ਕੋਈ ਗੜਬੜ ਕਰੇ ਤਾਂ ਤਾਕੀ ਖੋਲ੍ਹ ਕੇ ਚੱਲਦੀ ਬੱਸ ‘ਚੋਂ ਬਾਹਰ ਸੁੱਟ ਦਈਂ। ਮੈਨੂੰ ਪੁੱਛਣ ਦੀ ਲੋੜ ਨ੍ਹੀਂ।”
ਬੱਸ ਚੱਲ ਪਈ। ਅਗਲੀਆਂ ਬੱਸਾਂ ਵੀ ਮੂਹਰੇ ਹੋ ਤੁਰੀਆਂ, ਪਰ ਮੈਨੂੰ ਆਪਣੇ ਬੋਲਣ ਦਾ ਖਮਿਆਜਾ ਭੁਗਤਣਾ ਪਿਆ। ਹੁਣ ਅਬੂ ਬਾਤ ਦਾ ਨਿਸ਼ਾਨਾ ਮੈਂ ਬਣ ਗਈ। ਉਸ ਨੇ ਮੈਨੂੰ ਉਠਾ ਕੇ ਕਿਸੇ ਹੋਰ ਸੀਟ ‘ਤੇ ਬਿਠਾ ਲਿਆ। ਫਿਰ ਮੇਰੇ ਨਾਲ ਉਹ ਘਟੀਆ ਹਰਕਤਾਂ ਕਰਨ ਲੱਗਾ। ਮੈਂ ਚੁੱਪ-ਚਾਪ ਉਸ ਦੀ ਬਦਤਮੀਜ਼ੀ ਸਹਿੰਦੀ ਰਹੀ। ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਨੂੰ ਉਲਟੀ ਆ ਜਾਵੇ ਤਾਂ ਕਿ ਮੁਸ਼ਕ ਹੋਣ ਕਾਰਨ ਸ਼ਾਇਦ ਉਹ ਮੇਰੇ ਕੋਲ ਨਾ ਆਵੇ। ਮੂੰਹ ‘ਚ ਉਂਗਲਾਂ ਵੀ ਮਾਰੀਆਂ ਪਰ ਕਿਸਮਤ ਨੇ ਸਾਥ ਨਾ ਦਿੱਤਾ। ਇੰਨੇ ਨੂੰ ਅੱਗੇ ਆਲੇ ਦੁਆਲੇ ਲਾਈਟਾਂ ਦਿੱਸਣ ਲੱਗੀਆਂ। ਮੋਸਲ ਸ਼ਹਿਰ ਆ ਚੁਕਾ ਸੀ। ਤਿੰਨ ਕੋਣੀ ‘ਤੇ ਜਾ ਕੇ ਬੱਸ ਰੁਕ ਗਈ। ਇੱਥੋਂ ਦੋ ਸੜਕਾਂ ਸ਼ਹਿਰ ਤੋਂ ਉਲਟ ਪਾਸੇ ਨੂੰ ਜਾਂਦੀਆਂ ਸਨ। ਡਰਾਈਵਰ ਦੀਆਂ ਗੱਲਾਂ ਤੋਂ ਮੈਂ ਅੰਦਾਜ਼ਾ ਲਾਇਆ ਕਿ ਇੱਥੋਂ ਬੱਸਾਂ ਵੱਖ ਵੱਖ ਹੋ ਜਾਣਗੀਆਂ। ਉਹੀ ਗੱਲ ਹੋਈ। ਛੋਟੀ ਉਮਰ ਦੇ ਮੁੰਡਿਆਂ ਦੀ ਬੱਸ ਸੱਜੇ ਪਾਸੇ ਦੀ ਵੱਡੀ ਸੜਕ ਮੁੜ ਗਈ। ਡਰਾਈਵਰਾਂ ਦੀ ਆਪਸੀ ਗੱਲਬਾਤ ਤੋਂ ਮੈਨੂੰ ਪਤਾ ਲੱਗ ਗਿਆ ਕਿ ਇਹ ਬੱਸ ਸਿੱਧੀ ਸੀਰੀਆ ਜਾ ਰਹੀ ਹੈ। ਮੈਂ ਛੋਟੇ ਭਰਾਵਾਂ ਦੀ ਆਖਰੀ ਝਲਕ ਵੀ ਨਾ ਵੇਖ ਸਕੀ। ਹਾਂ ਇਹ ਅੰਦਾਜ਼ਾ ਜ਼ਰੂਰ ਹੋ ਗਿਆ ਕਿ ਅੱਗੇ ਚੱਲ ਕੇ ਇਹ ਮੁੰਡੇ ਖੂੰਖਾਰ ਅਤਿਵਾਦੀ ਬਣਾ ਦਿੱਤੇ ਜਾਣਗੇ। ਇਨ੍ਹਾਂ ‘ਚੋਂ ਕਈ ਆਤਮਘਾਤੀ ਬੰਬ ਬਣਨਗੇ।
ਇੰਨੇ ਨੂੰ ਅਗਲੀ ਬੱਸ ਸ਼ਹਿਰ ਦੇ ਦੂਜੇ ਪਾਸੇ ਤੋਰ ਦਿੱਤੀ ਗਈ। ਫਿਰ ਸਾਡੇ ਵਾਲੀ ਬੱਸ ਵੀ ਚੱਲ ਪਈ ਤੇ ਕੁਝ ਹੀ ਦੇਰ ‘ਚ ਬੱਸ ਇਕ ਵੱਡੀ ਇਮਾਰਤ ਦੇ ਅਹਾਤੇ ‘ਚ ਜਾ ਖੜੋਤੀ। ਇਹ ਕੋਈ ਹੋਟਲ ਜਾਪਦਾ ਸੀ। ਹੇਠਾਂ ਕੁਝ ਕਮਰੇ ਸਨ ਅਤੇ ਉਪਰ ਵੀ ਬਹੁਤ ਸਾਰੇ ਕਮਰੇ ਸਨ। ਵਿਚਕਾਰ ਵੱਡਾ ਵਿਹੜਾ ਸੀ। ਜਾਪਦਾ ਸੀ ਜਿਵੇਂ ਇਹ ਇਸਲਾਮਕ ਸਟੇਟ ਵਾਲਿਆਂ ਦਾ ਹੈਡਕੁਆਰਟਰ ਹੋਵੇ। ਕਿਉਂਕਿ ਹਰ ਪਾਸੇ ਗਲਾਂ ‘ਚ ਰਾਈਫਲਾਂ ਲਟਕਾਈ ਲੰਬੀਆਂ ਦਾਹੜੀਆਂ ਵਾਲੇ ਮਿਲੀਟੈਂਟ ਘੁੰਮ ਰਹੇ ਸਨ। ਕੁਝ ਕੁ ਸ਼ਾਇਦ ਹੁਣੇ ਕੰਮ ‘ਤੇ ਆ ਰਹੇ ਸਨ ਤੇ ਕੁਝ ਰਾਤ ਦੀ ਸ਼ਿਫਟ ਲਾ ਕੇ ਮੁੜ ਰਹੇ ਸਨ। ਖੈਰ! ਸਾਨੂੰ ਬਸ ਤੋਂ ਹੇਠਾਂ ਉਤਰਨ ਦਾ ਹੁਕਮ ਹੋਇਆ। ਅਸੀਂ ਆਪੋ ਆਪਣੀਆਂ ਪੋਟਲੀਆਂ ਸਾਂਭਦੀਆਂ ਖਿੜਕੀ ਨੇੜੇ ਆ ਗਈਆਂ। ਮੂਹਰੇ ਅਬੂ ਬਾਤ ਹੀ ਖੜੋਤਾ ਸੀ ਜੋ ਹਰ ਇਕ ਦੀ ਪੂਰੀ ਤਲਾਸ਼ੀ ਲੈ ਰਿਹਾ ਸੀ। ਇੱਥੋਂ ਨਿਪਟਣ ਪਿਛੋਂ ਸਾਨੂੰ ਉਪਰ ਦੀ ਮੰਜ਼ਲ ਦੇ ਇਕ ਵੱਡੇ ਕਮਰੇ ‘ਚ ਤਾੜ ਦਿੱਤਾ ਗਿਆ। ਨਾਲ ਹੀ ਬਾਥਰੂਮ ਸਨ। ਸਾਰੀਆਂ ਕੁੜੀਆਂ ਉਧਰ ਨੂੰ ਭੱਜੀਆਂ। ਜਿਉਂ ਬੱਸਾਂ ਤੁਰੀਆਂ ਸਨ, ਰਾਹ ‘ਚ ਕਿਧਰੇ ਵੀ ਸਾਨੂੰ ਬਾਥਰੂਮ ਨਹੀਂ ਵਰਤਣ ਦਿੱਤਾ ਗਿਆ ਸੀ। ਉਧਰੋਂ ਨਿਪਟ ਕੇ ਵਾਪਸ ਕਮਰੇ ‘ਚ ਆ ਗਈਆਂ ਤੇ ਫਿਰ ਸਭ ਹੇਠਾਂ ਫਰਸ਼ ‘ਤੇ ਬਹਿ ਗਈਆਂ। ਕਿਸੇ ਕੋਲ ਕੁਝ ਕਹਿਣ ਨੂੰ ਨਹੀਂ ਸੀ ਤੇ ਨਾ ਹੀ ਕੋਈ ਬੋਲ ਰਹੀ ਸੀ। ਸਭ ਨੀਵੀਂ ਪਾਈ ਬੈਠੀਆਂ ਸਨ। ਇੰਨੇ ਨੂੰ ਇਕ ਮਿਲੀਟੈਂਟ ਆਇਆ। ਅਬੂ ਬਾਤ ਉਸ ਦੇ ਨਾਲ ਸੀ। ਉਸ ਨੇ ਮੇਰੇ ਅਤੇ ਫੌਜ਼ੀਆ ਵਲ ਇਸ਼ਾਰਾ ਕਰਦਿਆਂ ਸਾਨੂੰ ਨਾਲ ਤੋਰ ਲਿਆ। ਅੱਗੇ ਸਾਨੂੰ ਇਕ ਹੋਰ ਕਮਰੇ ਵਿਚ ਲੈ ਗਏ, ਜਿੱਥੇ ਕਮਾਂਡਰ ਹਾਜੀ ਮੁਰਤਜ਼ਾ ਡਟਿਆ ਬੈਠਾ ਸੀ। ਸਾਨੂੰ ਵੇਖਦਿਆਂ ਉਹ ਜ਼ਹਿਰੀਲੀ ਹਾਸੀ ਹੱਸਿਆ ਤੇ ਸਾਨੂੰ ਇਕ ਪਾਸੇ ਖੜ੍ਹੇ ਹੋਣ ਦਾ ਹੁਕਮ ਹੋਇਆ।
ਕਮਾਂਡਰ ਨੇ ਨਾਲ ਦੇ ਸਾਥੀ ਨੂੰ ਸਿਗਰਟ ਲਾਉਣ ਨੂੰ ਕਿਹਾ। ਫਿਰ ਉਸ ਤੋਂ ਸਿਗਰਟ ਲੈ ਕੇ ਉਹ ਮੇਰੇ ਵਲ ਨੂੰ ਆਇਆ ਤੇ ਮੇਰੀ ਬਾਂਹ ਫੜ੍ਹ ਕੇ ਬਲਦੀ ਸਿਗਰਟ ਡੌਲੇ ਕੋਲ ਨੂੰ ਖੋਭ ਦਿੱਤੀ। ਮੇਰੀਆਂ ਲੇਰਾਂ ਨਿੱਕਲ ਗਈਆਂ। ਪਹਿਲਾਂ ਕੱਪੜਾ ਮੱਚਣ ਤੇ ਫਿਰ ਚਮੜੀ ਸੜਨ ਦੀ ਮੁਸ਼ਕ ਆਈ। ਮੈਂ ਚੀਕਾਂ ਮਾਰੀ ਜਾ ਰਹੀ ਸਾਂ ਤੇ ਉਹ ਸਾਰੇ ਹੱਸੀ ਜਾ ਰਹੇ ਸਨ। ਅੰਤ ਸਿਗਰਟ ਬੁਝ ਗਈ। ਫਿਰ ਕਮਾਂਡਰ ਮੁਰਤਜ਼ਾ ਡਾਂਟ ਭਰੇ ਲਹਿਜੇ ‘ਚ ਬੋਲਿਆ, “ਕਿਉਂ ਹੁਣ ਵੀ ਭਾਸ਼ਨ ਦੇਵੇਂਗੀ ਕਿ ਅਜੇ ਕੁਛ ਹੋਰ ਵਿਖਾਵਾਂ?”
“ਨ੍ਹੀਂ, ਮੈਂ ਕੁਛ ਨ੍ਹੀਂ ਕਰਾਂਗੀ।” ਮੈਂ ਰੋਂਦਿਆਂ ਕਿਹਾ। ਫਿਰ ਉਹ ਫੌਜ਼ੀਆ ਵਲ ਨੂੰ ਗਿਆ। ਇਹੀ ਸੁਆਲ ਉਸ ਨੂੰ ਪੁੱਛਿਆ ਤਾਂ ਫੌਜ਼ੀਆ ਨੇ ਵੀ ਮੇਰੇ ਵਾਲਾ ਜੁਆਬ ਹੀ ਦਿੱਤਾ। ਫਿਰ ਕਮਾਂਡਰ ਨੇ ਇਕ ਜਣੇ ਨੂੰ ਇਸ਼ਾਰਾ ਕੀਤਾ ਤੇ ਉਹ ਸਾਨੂੰ ਵਾਪਸ ਕਮਰੇ ‘ਚ ਛੱਡ ਆਇਆ। ਮੇਰੀ ਬਾਂਹ ਮੱਚੀ ਜਾ ਰਹੀ ਸੀ। ਅਗਾਂਹ ਇਕ ਵਡੇਰੀ ਉਮਰ ਦੀ ਕੁੜੀ ਨਾਜੋ ਨੇ ਛੇਤੀ ਦੇਣੇ ਟਿਊਬ ਕੱਢੀ ਤੇ ਮੇਰੀ ਬਾਂਹ ‘ਤੇ ਲਾਈ। ਨਾਜੋ ਨੇ ਦੱਸਿਆ ਕਿ ਉਹ ਮਹੀਨੇ ਤੋਂ ਵੀ ਉਪਰ ਇਸੇ ਕਮਰੇ ‘ਚ ਰਹਿ ਰਹੀ ਸੀ। ਮੇਰੀਆਂ ਭੈਣਾਂ ਮੇਰੀ ਹਾਲਤ ਵੇਖ ਕੇ ਜ਼ਾਰੋ ਜ਼ਾਰ ਰੋ ਰਹੀਆਂ ਸਨ। ਜ਼ੀਨਤ ਮੈਨੂੰ ਚੰਬੜ ਗਈ ਤੇ ਜ਼ਾਹਰਾ ਮੈਨੂੰ ਬੁੱਕਲ ‘ਚ ਲੈ ਕੇ ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਫੌਜ਼ੀਆ ਇਕ ਪਾਸੇ ਚੁੱਪ ਅਤੇ ਬਹੁਤ ਹੀ ਉਦਾਸ ਬੈਠੀ ਸੀ। ਜਦੋਂ ਮੈਨੂੰ ਪਤਾ ਲੱਗਾ ਕਿ ਨਾਜੋ ਕਾਫੀ ਸਮੇਂ ਤੋਂ ਇੱਥੇ ਹੈ ਤਾਂ ਮੈਂ ਉਸ ਨੂੰ ਪੁੱਛਿਆ ਕਿ ਇੱਥੇ ਦਾ ਹਿਸਾਬ ਕਿਤਾਬ ਕੀ ਹੈ? ਉਹ ਦੱਸਣ ਲੱਗੀ, “ਇਹ ਇਸਲਾਮਕ ਸਟੇਟ ਵਾਲਿਆਂ ਦਾ ਵੱਡਾ ਕੇਂਦਰ ਐ। ਇਸੇ ਕਰਕੇ ਇੱਥੇ ਬਹੁਤ ਜ਼ਿਆਦਾ ਮਿਲੀਟੈਂਟ ਘੁੰਮ ਰਹੇ ਨੇ। ਇੱਥੇ ਨਿੱਤ ਨਵੀਆਂ ਜਾਜ਼ੀਦੀ ਕੁੜੀਆਂ ਲਿਆਉਂਦੇ ਨੇ ਤੇ ਫਿਰ ਅਗਾਂਹ ਵੇਚ ਦਿੰਦੇ ਨੇ। ਉਦੋਂ ਨੂੰ ਹੋਰ ਆ ਜਾਂਦੀਆਂ ਨੇ।”
“ਫਿਰ ਤੂੰ ਇੱਥੇ ਇੰਨੇ ਦਿਨ ਕਿਵੇਂ ਬਚੀ ਰਹੀ?” ਮੈਂ ਪੁੱਛਿਆ।
“ਕਿਉਂਕਿ ਮੈਂ ਵਿਆਹੀ ਹੋਈ ਆਂ। ਵਿਆਹੀ ਹੋਈ ਨੂੰ ਵੇਚਣ ਲਈ ਇਹ ਚਾਲੀ ਦਿਨ ਉਡੀਕਦੇ ਨੇ। ਉਸ ਪਿੱਛੋਂ ਹੀ ਉਸ ਦਾ ਸੌਦਾ ਹੋ ਸਕਦਾ ਹੈ।”
“ਤੇ ਜੋ ਨ੍ਹੀਂ ਵਿਕਦੀਆਂ। ਮੇਰਾ ਮਤਲਬ ਕੁਛ ਰਹਿ ਵੀ ਤਾਂ ਜਾਂਦੀਆਂ ਹੋਣਗੀਆਂ?”
“ਹਾਂ ਇਸ ਤਰ੍ਹਾਂ ਵੀ ਹੁੰਦਾ ਐ। ਉਨ੍ਹਾਂ ਨੂੰ ਫਿਰ ਇਹ ਬੱਸਾਂ ‘ਚ ਭਰ ਕੇ ਸੀਰੀਆ ਵਲ ਤੋਰ ਦਿੰਦੇ ਨੇ।”
“ਸੀਰੀਆ ਵਲ ਕਿਉਂ ਭੇਜਦੇ ਨੇ?”
“ਅਸੀਂ ਇਨ੍ਹਾਂ ਦੀਆਂ ਸੈਕਸ ਸਲੇਵ ਆਂ। ਇਹ ਇਨ੍ਹਾਂ ਦੇ ਉਥੇ ਲੜ ਰਹੇ ਮਿਲੀਟੈਂਟਾਂ ਦੀ ਕਾਮ ਪੂਰਤੀ ਲਈ ਸਾਨੂੰ ਉਨ੍ਹਾਂ ਦੇ ਹਵਾਲੇ ਕਰ ਦਿੰਦੇ ਨੇ। ਹੁਣ ਸਾਥੋਂ ਇਹੀ ਕੰਮ ਲੈਣਗੇ। ਭਾਵੇਂ ਇੱਥੇ ਜਾਂ ਭਾਵੇਂ ਕਿਧਰੇ ਹੋਰ।”
“ਇਹ ਸਾਨੂੰ ਰਾਹ ‘ਚ ਕਹਿੰਦੇ ਸੀ ਕਿ ਤੁਸੀਂ ਸਾਡੀਆਂ ਸਾਬੀਆ ਓਂ। ਉਹ ਕੀ ਹੁੰਦਾ ਐ?” ਨਫੀਸਾ ਨੇ ਨਾਜੋ ਨੂੰ ਪੁੱਛਿਆ।
“ਸਾਬੀਆ ਦਾ ਭਾਵ ਵੀ ਗੁਲਾਮ ਈ ਐ। ਅਸਲ ‘ਚ ਸਾਬੀਆ ਦਾ ਸਹੀ ਅਰਥ ‘ਗੁਲਾਮ ਲੌਂਡੀਆ’ ਐ।”
ਇੰਨਾ ਕਹਿੰਦਿਆਂ ਉਸ ਨੇ ਲੰਬਾ ਹੌਕਾ ਭਰਿਆ। ਹਰ ਕੋਈ ਉਦਾਸ ਬੈਠੀ ਸੀ। ਕਈ ਜਣੀਆਂ ਆਪਣੀਆਂ ਕਹਾਣੀਆਂ ਸਾਂਝੀਆਂ ਕਰ ਰਹੀਆਂ ਸਨ। ਕਈ ਰੋਈ ਜਾ ਰਹੀਆਂ ਸਨ। ਜ਼ੀਨਤ, ਮੇਰੇ ਅਤੇ ਜ਼ਾਹਰਾ ਦੇ ਵਿਚਾਲੇ ਬੱਚਿਆਂ ਦੀ ਤਰ੍ਹਾਂ ਸਾਨੂੰ ਚੰਬੜੀ ਬੈਠੀ ਸੀ। ਮੈਨੂੰ ਉਸ ਵਲ ਵੇਖ ਕੇ ਅਫਸੋਸ ਹੋਇਆ ਕਿ ਇਸ ਬੱਚੀ ਨਾਲ ਪਤਾ ਨਹੀਂ ਕੀ ਵਾਪਰੇ। ਅਸੀਂ ਕੋਸ਼ਿਸ਼ ਤਾਂ ਕਰ ਰਹੀਆਂ ਸਾਂ ਕਿ ਇਕੱਠੇ ਰਿਹਾ ਜਾਵੇ ਪਰ ਹੁਣ ਸਾਡੇ ਵੱਸ ਕੁਝ ਨਹੀਂ ਸੀ। ਇੱਧਰੋਂ-ਉਧਰੋਂ ਨਵੀਆਂ ਗੱਲਾਂ ਸੁਣ ਰਹੀਆਂ ਸਾਂ। ਦਿਨ ਵੇਲੇ ਸਾਨੂੰ ਕੁਝ ਚਿਪਸ ਵਗੈਰਾ ਅਤੇ ਪਾਣੀ ਦਿੱਤਾ ਗਿਆ, ਪਰ ਕੁਝ ਵੀ ਨਾ ਲੰਘਿਆ। ਇਵੇਂ ਸਾਰਾ ਦਿਨ ਬੀਤ ਗਿਆ। ਸ਼ਾਮ ਵੇਲੇ ਨਾਜੋ ਨੇ ਸਭ ਨੂੰ ਸਮਝੌਤੀ ਦਿੰਦਿਆਂ ਕਿਹਾ, “ਤੁਹਾਡੇ ਨਾਲ ਕੁਛ ਵੀ ਬੁਰਾ ਵਾਪਰ ਸਕਦਾ ਐ। ਰੇਪ ਹੋ ਸਕਦਾ ਐ ਜਾਂ ਗੈਂਗ ਰੇਪ ਵੀ ਹੋ ਸਕਦਾ ਐ। ਆਪਣੇ ਆਪ ਨੂੰ ਕਿਸੇ ਵੀ ਅਣਹੋਣੀ ਲਈ ਮਾਨਸਿਕ ਤੌਰ ‘ਤੇ ਤਿਆਰ ਰੱਖੋ। ਹੁਣ ਤਾਂ ਆਪਣਾ ਇਕੋ ਇਕ ਮੁੱਖ ਨਿਸ਼ਾਨਾ ਇਹ ਹੋਣਾ ਚਾਹੀਦਾ ਐ ਕਿ ਜਿਉਂਦਾ ਕਿਵੇਂ ਰਿਹਾ ਜਾਵੇ। ਹੋਰ ਹੁਣ ਆਪਣੇ ਹੱਥ ਵੱਸ ਕੁਛ ਨ੍ਹੀਂ ਐ।”
ਉਸ ਦੀ ਗੱਲ ਸੁਣ ਕੇ ਫੌਜ਼ੀਆ ਬੜੀ ਵਿਚਲਿਤ ਹੋ ਕੇ ਬੋਲੀ, “ਕੁਝ ਵੀ ਹੋ ਜਾਵੇ ਮੈਂ ਕਿਸੇ ਨੂੰ ਆਪਣੇ ਨੇੜੇ ਨ੍ਹੀਂ ਲੱਗਣ ਦੇਣਾ। ਮਾਰ ਕੇ ਭਾਵੇਂ ਕੋਈ ਰੇਪ ਕਰੀ ਜਾਵੇ।”
“ਬੀਬੀ, ਮੈਂ ਤੁਹਾਡੇ ਸਭ ਨਾਲੋਂ ਉਮਰ ‘ਚ ਵੱਡੀ ਆਂ। ਬਹੁਤ ਦਿਨਾਂ ਤੋਂ ਇੱਥੇ ਜੋ ਕੁਛ ਹੁੰਦਾ ਐ, ਵੇਖਦੀ ਆ ਰਹੀ ਆਂ। ਮੈਂ ਨਤੀਜਾ ਕੱਢਿਆ ਐ ਕਿ ਹੋਰ ਆਪਣੇ ਹੱਥ ਕੁਛ ਨ੍ਹੀਂ, ਪਰ ਜਿਉਂਦੇ ਰਹਿਣ ਲਈ ਹਰ ਹਰਬਾ ਵਰਤਣਾ ਚਾਹੀਦਾ ਐ।”
ਉਸ ਨੇ ਗੱਲ ਖਤਮ ਕੀਤੀ ਹੀ ਸੀ ਕਿ ਅਬੂ ਬਾਤ ਦਰਵਾਜਾ ਖੋਲ੍ਹ ਕੇ ਅੰਦਰ ਆਇਆ। ਇੱਧਰ ਉਧਰ ਨਿਗ੍ਹਾ ਮਾਰਦਿਆਂ ਉਸ ਦੀ ਨਜ਼ਰ ਫੌਜ਼ੀਆ ‘ਤੇ ਜਾ ਟਿਕੀ। ਉਸ ਨੇ ਉਸ ਨੂੰ ਉਂਗਲ ਦੇ ਇਸ਼ਾਰੇ ਨਾਲ ਉਠਣ ਲਈ ਕਿਹਾ। ਫੌਜ਼ੀਆ ਝਿਜਕਦੀ ਖੜ੍ਹੀ ਹੋ ਗਈ। ਅਬੂ ਬਾਤ ਨੇ ਅਗਾਂਹ ਹੋ ਕੇ ਉਸ ਦੀ ਬਾਂਹ ਫੜ੍ਹੀ ਤੇ ਨਾਲ ਲੱਗਦੇ ਕਮਰੇ ‘ਚ ਲੈ ਗਿਆ। ਉਧਰੋਂ ਕਾਫੀ ਦੇਰ ਤੱਕ ਆਪਸੀ ਧੱਕਾ ਮੁੱਕੀ ਦੀ ਆਵਾਜ਼ ਆਉਂਦੀ ਰਹੀ, ਜਿਵੇਂ ਫੌਜ਼ੀਆ ਉਸ ਨੂੰ ਨੇੜੇ ਨਾ ਲੱਗਣ ਦੇ ਰਹੀ ਹੋਵੇ। ਫਿਰ ਅਬੂ ਬਾਤ ਸੜਦਾ ਬਲਦਾ ਕਮਰੇ ‘ਚੋਂ ਨਿਕਲਿਆ ਅਤੇ ਉਸ ਦੀ ਗੁੱਸੇ ਭਰੀ ਆਵਾਜ਼ ਸਾਡੇ ਤੱਕ ਪਹੁੰਚੀ, “ਤੂੰ ਜੋ ਮੇਰੇ ਮੂੰਹ ‘ਤੇ ਥੁੱਕਿਆ ਐ, ਇਸ ਦਾ ਸਿੱਟਾ ਤਾਂ ਤੈਨੂੰ ਕੱਲ੍ਹ ਨੂੰ ਭੁਗਤਣਾ ਪਊਗਾ। ਪਰ ਜੋ ਤੂੰ ਹੁਣ ਅੜੀ ਫੜੀ ਹੋਈ ਐ, ਉਸ ਦਾ ਪਤਾ ਤੈਨੂੰ ਹੁਣੇ ਲੱਗ ਜਾਊਗਾ।”
ਥੋੜ੍ਹੀ ਦੇਰ ਬਾਅਦ ਤਿੰਨ ਜਣੇ ਉਸ ਨਾਲ ਹੋਰ, ਨਾਲ ਵਾਲੇ ਕਮਰੇ ‘ਚ ਗਏ। ਹੁਣ ਫੌਜ਼ੀਆ ਦੀਆਂ ਚੀਕਾਂ ਸੁਣ ਰਹੀਆਂ ਸਨ। ਅਸੀਂ ਸਭ ਸੁੰਨ ਹੋਈਆਂ ਬੈਠੀਆਂ ਸਾਂ। ਕੁਝ ਕੰਬੀ ਜਾ ਰਹੀਆਂ ਸਨ। ਕਈ ਰੋਈ ਜਾ ਰਹੀਆਂ ਸਨ, ਪਰ ਸਭ ਬੇਵਸ ਸਨ। ਕਾਫੀ ਦੇਰ ਮਗਰੋਂ ਦੋ ਜਣੇ ਨਿਢਾਲ ਹੋਈ ਫੌਜ਼ੀਆ ਨੂੰ ਸਾਡੇ ਕਮਰੇ ‘ਚ ਸੁੱਟ ਗਏ। ਨਾਜੋ ਸਮੇਤ ਅਸੀਂ ਸਭ ਉਸ ਨੂੰ ਸੰਭਾਲਣ ਲੱਗੀਆਂ। ਕਈ ਉਹੜ ਪੋਹੜ ਕੀਤੇ। ਉਸ ਨਾਲ ਗੈਂਗ ਰੇਪ ਹੋਇਆ ਸੀ। ਪਰ ਫੌਜ਼ੀਆ ਤਾਂ ਜਿਵੇਂ ਪੱਥਰ ਹੀ ਬਣ ਗਈ ਹੋਵੇ। ਖੈਰ! ਕਿਵੇਂ ਨਾ ਕਿਵੇਂ ਇਹ ਦੁੱਖਾਂ ਭਰੀ ਰਾਤ ਬੀਤ ਗਈ। ਸਵੇਰ ਵੇਲੇ ਸਾਨੂੰ ਇਕ ਇਕ ਅੰਡਾ, ਕੁਝ ਚਿਪਸ ਅਤੇ ਪਾਣੀ ਮਿਲਿਆ। ਲੰਘਦਾ ਕੁਝ ਨਹੀਂ ਸੀ ਪਰ ਅਣਸਰਦੇ ਨੂੰ ਜਾਂ ਫਿਰ ਜਿਉਂਦਾ ਰਹਿਣ ਲਈ ਕੁਝ ਨਾ ਕੁਝ ਅੰਦਰ ਸੁੱਟ ਲਿਆ। ਉਦੋਂ ਹੀ ਅਬੂ ਬਾਤ ਅੰਦਰ ਆਇਆ। ਉਸ ਨਾਲ ਦੋ ਜਣੇ ਹੋਰ ਸਨ। ਉਹ ਫੌਜ਼ੀਆ ਨੂੰ ਘੜੀਸ ਕੇ ਬਾਹਰ ਲੈ ਗਏ। ਅਸੀਂ ਤਾਕੀਆਂ ਥਾਣੀਂ ਹੇਠਾਂ ਵੇਖਿਆ। ਫੌਜ਼ੀਆ ਨੂੰ ਇਕ ਛੇ ਕੁ ਫੁੱਟ ਉਚੇ ਅਤੇ ਦੋ ਫੁੱਟ ਚੌੜੇ ਪਿੰਜਰੇ ਵਿਚ ਬੰਦ ਕਰ ਦਿੱਤਾ ਗਿਆ ਸੀ। ਉਹ ਤਿੱਖੜ ਦੁਪਹਿਰੇ, ਵਿਹੜੇ ਵਿਚਕਾਰ ਉਸ ਪਿੰਜਰੇ ਵਿਚ ਖੜ੍ਹੀ ਸੀ। ਕਈ ਘੰਟੇ ਉਹ ਉਥੇ ਹੀ ਬੰਦ ਰਹੀ। ਫਿਰ ਅਬੂ ਬਾਤ ਆਇਆ ਤੇ ਉਸ ਨੇ ਪਿੰਜਰੇ ਦੇ ਆਲੇ ਦੁਆਲੇ ਲੱਕੜਾਂ ਚਿਣ ਦਿੱਤੀਆਂ। ਇਸ ਪਿੱਛੋਂ ਉਹ ਉਤਾਂਹ ਖਿੜਕੀਆਂ ਵਿਚੋਂ ਝਾਕਦੀਆਂ ਸਾਡੇ ਵਰਗੀਆਂ ਕੁੜੀਆਂ ਵਲ ਵੇਖਦਾ ਬੋਲਿਆ, “ਇਸ ਲੌਂਡੀਆ ਨੇ ਮੇਰੇ ਮੂੰਹ ‘ਤੇ ਥੁੱਕਿਆ ਸੀ। ਇਸਲਾਮਕ ਸਟੇਟ ਦੇ ਇਕ ਕਮਾਂਡਰ ਦੇ ਮੂੰਹ ‘ਤੇ। ਇਸ ਨੂੰ ਪਤਾ ਨ੍ਹੀਂ ਕਿ ਇਸਲਾਮਕ ਸਟੇਟ ਕੀ ਐ ਤੇ ਇਹ ਕਾਫਰਾਂ ਨਾਲ ਕਿਵੇਂ ਨਿਪਟਦੀ ਐ। ਲਉ ਵੇਖੋ ਫਿਰ ਇਸ ਨਾਲ ਕੀ ਬੀਤਦੀ ਐ।”
ਇੰਨਾ ਕਹਿ ਕੇ ਉਸ ਨੇ ਲੱਕੜਾਂ ਨੂੰ ਅੱਗ ਲਾ ਦਿੱਤੀ। ਫੌਜ਼ੀਆ ਦੀਆਂ ਚੀਕਾਂ ਨੇ ਅਸਮਾਨ ਕੰਬਣ ਲਾ ਦਿੱਤਾ। ਪਰ ਕਿਸੇ ਨੇ ਵੀ ਉਸ ਬੇਵਸ ਜਿਉਂਦੀ ਮੱਚ ਰਹੀ ਅਬਲਾ ‘ਤੇ ਤਰਸ ਨਾ ਕੀਤਾ। ਸਗੋਂ ਆਲੇ ਦੁਆਲੇ ਖੜ੍ਹੇ ਮਿਲੀਟੈਂਟ ਨੱਚਦੇ ਰਹੇ। ਅੰਤ ਨੂੰ ਫੌਜ਼ੀਆ ਦੀ ਆਵਾਜ਼ ਆਉਣੋਂ ਹਟ ਗਈ। ਅਸੀਂ ਖਿੜਕੀਆਂ ਬੰਦ ਕਰ ਦਿੱਤੀਆਂ। ਸਾਰੀਆਂ ਕੁੜੀਆਂ ਜ਼ਾਰੋ ਜ਼ਾਰ ਰੋ ਰਹੀਆਂ ਸਨ। ਰਾਤ ਪੈ ਗਈ ਤੇ ਸਭ ਇਕ ਦੂਜੀ ਦੇ ਨਾਲ ਸਿਮਟ ਕੇ ਪੈ ਗਈਆਂ।
ਅਗਲਾ ਦਿਨ ਦੁੱਖਾਂ ‘ਚ ਤੜਪਦੀਆਂ ਦਾ ਹੀ ਲੰਘਿਆ। ਫਿਰ ਸ਼ਾਮ ਵੇਲੇ ਸਾਨੂੰ ਜਲਦੀ ਹੀ ਖਾਣਾ ਦੇ ਦਿੱਤਾ ਗਿਆ। ਅਸੀਂ ਸਮਝ ਨਾ ਸਕੀਆਂ ਕਿ ਕਿਉਂ? ਖਿਆਲ ਆਇਆ, ਸ਼ਾਇਦ ਅੱਜ ਸਾਨੂੰ ਕਿਧਰੇ ਹੋਰ ਲਿਜਾਣਾ ਹੋਵੇ। ਫਿਰ ਇਕ ਮਿਲੀਟੈਂਟ ਆਇਆ ਤੇ ਕਰੁੱਖਤ ਆਵਾਜ਼ ‘ਚ ਬੋਲਿਆ, “ਸਭ ਲੌਂਡੀਆਂ ਤਿਆਰ ਹੋ ਜਾਵੋ। ਤੁਹਾਨੂੰ ਮੰਡੀ ‘ਚ ਲੈ ਕੇ ਜਾਣਾ ਐਂ।”
“ਮੰਡੀ ‘ਚ?” ਕੋਈ ਹੌਲੀ ਜਿਹੀ ਬੋਲੀ ਤਾਂ ਨਾਜੋ ਸਮਝਾਉਣ ਲੱਗੀ, “ਹਰ ਤੀਜੇ ਦਿਨ ਗੁਲਾਮ ਕੁੜੀਆਂ ਦੀ ਮੰਡੀ ਲੱਗਦੀ ਐ, ਰਾਤ ਵੇਲੇ। ਉਥੇ ਅਮੀਰ ਤੇ ਗਰੀਬ ਸਭ ਆਉਂਦੇ ਨੇ। ਜਿਸ ਨੂੰ ਜੋ ਕੁੜੀ ਪਸੰਦ ਆ ਜਾਵੇ, ਖਰੀਦ ਲੈਂਦਾ ਐ। ਕਈ ਉਥੇ ਪਹਿਲਾਂ ਖਰੀਦੀਆਂ ਕੁੜੀਆਂ ਲੈ ਕੇ ਆਉਂਦੇ ਨੇ ਤੇ ਕਿਸੇ ਨਵੇਂ ਗਾਹਕ ਨੂੰ ਵੇਚ ਜਾਂਦੇ ਨੇ।”
“ਪਰ ਮੰਡੀ ਤਾਂ ਪਸੂਆਂ ਦੀ ਲੱਗਦੀ ਹੁੰਦੀ ਐ।” ਕਿਸੇ ਅਣਭੋਲ ਨੇ ਕਿਹਾ ਤਾਂ ਨਾਜੋ ਸਮਝਾਉਣ ਲੱਗੀ, “ਆਪਾਂ ਪਸੂ ਈ ਤਾਂ ਆਂ। ਸਗੋਂ ਪਸੂਆਂ ਤੋਂ ਵੀ ਭੈੜੀਆਂ। ਪਸੂਆਂ ਨੂੰ ਤਾਂ ਮਾਲਕ ਸੰਭਾਲ ਕੇ ਰੱਖਦਾ ਐ, ਉਸ ਦਾ ਮੋਹ ਕਰਦਾ ਐ ਪਰ ਆਪਾਂ ਨੂੰ ਤਾਂ ਸਿਰਫ ਕਾਮ ਪੂਰਤੀ ਲਈ ਵਰਤਿਆ ਜਾਂਦੈ। ਜਦੋਂ ਕਿਸੇ ਦਾ ਜੀਅ ਭਰ ਜਾਂਦੈ ਤਾਂ ਵੇਚ ਕੇ ਕਿਸੇ ਹੋਰ ਨੂੰ ਖਰੀਦ ਕੇ ਲੈ ਜਾਂਦੈ।”
“ਕੋਈ ਰਸਤਾ ਨ੍ਹੀਂ ਇਸ ਸਭ ਤੋਂ ਬਚਣ ਦਾ?” ਕਿਸੇ ਨੇ ਪੁੱਛਿਆ ਤਾਂ ਨਾਜੋ ਨੇ ਜੁਆਬ ਦਿੱਤਾ, “ਨ੍ਹੀਂ, ਕੋਈ ਰਾਹ ਨ੍ਹੀਂ। ਕਈ ਆਪਣੀਆਂ ਨਸਾਂ ਕੱਟ ਕੇ ਖੁਦਕੁਸ਼ੀ ਕਰ ਗਈਆਂ ਨੇ, ਪਰ ਮਰਨਾ ਤਾਂ ਜ਼ਿੰਦਗੀ ਤੋਂ ਭੱਜਣਾ ਐ। ਕਈਆਂ ਨੇ ਇਨ੍ਹਾਂ ਦੇ ਚੁੰਗਲ ‘ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀਆਂ। ਫਿਰ ਫੜ੍ਹੇ ਜਾਣ ‘ਤੇ ਉਨ੍ਹਾਂ ਨੂੰ ਹੋਰ ਵੀ ਭੈੜੇ ਤਸੀਹੇ ਦਿੱਤੇ ਗਏ। ਸੋ ਜੋ ਹੈ, ਰੱਬ ਦੀ ਰਜ਼ਾ ਸਮਝੋ।”
“ਕੋਈ ਆਪਣੇ ਬਚਾਅ ਲਈ ਨ੍ਹੀਂ ਆ ਸਕਦਾ?”
“ਨਾ ਭੈਣੋ, ਇਸ ਵੇਲੇ ਤਾਂ ਇਹ ਸੰਭਵ ਈ ਨ੍ਹੀਂ ਐ। ਪਤਾ ਨ੍ਹੀਂ ਆਪਣੇ ਮਾਂ ਪਿਉ, ਭੈਣ, ਭਰਾ ਤੇ ਰਿਸ਼ਤੇਦਾਰ ਕਿਧਰੇ ਹੈ ਵੀ ਕਿ ਉਨ੍ਹਾਂ ਨੂੰ ਮਾਰ ਮੁਕਾ ਦਿੱਤਾ ਗਿਆ ਐ। ਆਪਾਂ ਤਾਂ ਡਾਰਾਂ ਤੋਂ ਵਿਛੜੀਆਂ ਕੂੰਜਾਂ ਆਂ। ਬਸ ਰੱਬ ‘ਤੇ ਭਰੋਸਾ ਰੱਖੋ, ਉਹੀ ਆਪਣੀ ਮਦਦ ਨੂੰ ਬਹੁੜੂ। ਤਾਉਸੀ ਮਲਕ ਈ ਆਪਣਾ ਸਭ ਕੁਛ ਐ, ਉਹੀ ਬਾਂਹ ਫੜੂ।”
ਮਾਹੌਲ ਅਤੀ ਗਮਗੀਨ ਬਣ ਚੁਕਾ ਸੀ। ਉਦੋਂ ਹੀ ਪਹਿਲਾਂ ਵਾਲਾ ਮਿਲੀਟੈਂਟ ਆਇਆ ਤੇ ਸਭ ਨੂੰ ਤੁਰਨ ਦਾ ਹੁਕਮ ਹੋਇਆ। ਉਥੋਂ ਸਾਨੂੰ ਨਾਲ ਲੱਗਦੀ ਇਮਾਰਤ ਦੇ ਇਕ ਖੁੱਲ੍ਹੇ ਅਤੇ ਵੱਡੇ ਸਾਰੇ ਵਿਹੜੇ ‘ਚ ਲਿਜਾ ਖੜ੍ਹਾ ਕੀਤਾ। ਲਾਈਟਾਂ ਬਹੁਤ ਸਨ। ਜਿਉਂ ਹੀ ਅਸੀਂ ਜਾ ਕੇ ਅੰਦਰ ਖੜ੍ਹੀਆਂ ਤਾਂ ਗਾਹਕ ਇਕਦਮ ਆਉਣੇ ਸ਼ੁਰੂ ਹੋ ਗਏ। ਪਰ ਪਹਿਲਾਂ ਸ਼ਾਇਦ ਅਮੀਰਾਂ ਦੀ ਵਾਰੀ ਸੀ। ਸਭ ਤੋਂ ਪਹਿਲਾਂ ਇਕ ਵਡੇਰੀ ਉਮਰ ਦਾ ਪੂਰੀ ਟੌਅਰ ਵਾਲਾ ਬੰਦਾ, ਜਿਸ ਦੇ ਨਾਲ ਕਈ ਬਾਡੀਗਾਰਡ ਸਨ, ਆਇਆ। ਉਸ ਦੀ ਦਿੱਖ ਤੋਂ ਹੀ ਪਤਾ ਲੱਗ ਗਿਆ ਕਿ ਉਹ ਕੋਈ ਇਸਲਾਮਕ ਸਟੇਟ ਦਾ ਉਚ ਅਧਿਕਾਰੀ ਹੈ। ਉਸ ਨੂੰ ਇਕ ਮਿਲੀਟੈਂਟ ਕੁੜੀਆਂ ਦਿਖਾ ਰਿਹਾ ਸੀ। ਮੇਰੇ ਨੇੜਲੀ ਇਕ ਕੁੜੀ ਕੋਲ ਆ ਕੇ ਉਹ ਖਲੋ ਗਿਆ। ਮਿਲੀਟੈਂਟ ਨੇ ਉਸ ਦੀ ਮਨਸ਼ਾ ਸਮਝਦਿਆਂ ਕਿਹਾ, “ਜਨਾਬ, ਤੇਰਾਂ ਸਾਲ ਦੀ ਬਿਲਕੁਲ ਕੱਚੀ ਕਲੀ ਐ। ਤੁਸੀਂ ਦੱਸੋ ਕੀ ਹੁਕਮ ਐਂ?
“ਕੀ ਭਰੋਸਾ ਕਿ ਕੁਆਰੀ ਐ?”
“ਲਉ, ਹੁਣੇ ਡਾਕਟਰ ਤੋਂ ਚੈਕ ਕਰਵਾ ਲੈਨੇ ਆਂ।”
ਪਰ ਚੈਕ ਕਰਵਾਉਣ ਦੀ ਨੌਬਤ ਨਾ ਆਈ। ਉਸ ਉਚ ਅਧਿਕਾਰੀ ਨੇ ਉਸ ਕੁੜੀ ਦੀ ਬਾਂਹ ਫੜ੍ਹ ਕੇ ਨਾਲ ਤੋਰ ਲਿਆ। ਉਸ ਨੇ ਦੋ ਕੁੜੀਆਂ ਹੋਰ ਚੁਣੀਆਂ ਤੇ ਸਭ ਨੂੰ ਨਾਲ ਲੈ ਕੇ ਤੁਰ ਗਿਆ। ਫਿਰ ਹੋਰ ਖਰੀਦਦਾਰ ਇੱਧਰ ਉਧਰ ਘੁੰਮਣ ਲੱਗੇ। ਕਈ ਕੁੜੀਆਂ ਰੋਂਦੀਆਂ ਤੇ ਚੀਕਾਂ ਮਾਰ ਰਹੀਆਂ ਸਨ ਪਰ ਕਿਸੇ ਨੂੰ ਪਰਵਾਹ ਨਹੀਂ ਸੀ। ਮੈਨੂੰ ਸੀ ਕਿ ਮੈਂ ਜ਼ਾਹਰਾ ਅਤੇ ਜ਼ੀਨਤ ਤੋਂ ਵੱਖ ਨਾ ਹੋਵਾਂ। ਇੰਨੇ ਨੂੰ ਇਕ ਮੋਟਾ ਜਿਹਾ ਮਿਲੀਟੈਂਟ ਆ ਗਿਆ। ਉਸ ਨੇ ਆਪਣਾ ਨਾਂ ਨਾਫਾ ਦੱਸਿਆ ਤੇ ਮੈਨੂੰ ਮੇਰੇ ਬਾਰੇ ਪੁੱਛਣ ਲੱਗਾ। ਉਮਰ, ਇਲਾਕਾ, ਪੜ੍ਹਾਈ ਲਿਖਾਈ ਆਦਿ। ਆਖਰੀ ਸੁਆਲ ਸੀ ਕਿ ਕੀ ਮੈਂ ਕੁਆਰੀ ਹਾਂ। ਮੈਂ ਤੁਰੰਤ ਕੋਈ ਉਤਰ ਨਾ ਦਿੱਤਾ। ਫਿਰ ਅਚਾਨਕ ਮੇਰੇ ਮਨ ‘ਚ ਖਿਆਲ ਆਇਆ ਕਿ ਜੇ ਮੈਂ ਕਹਿ ਦਿਆਂ ਕਿ ਕੁਆਰੀ ਨਹੀਂ ਤਾਂ ਸ਼ਾਇਦ ਉਹ ਮੈਨੂੰ ਨਾ ਖਰੀਦੇ। ਮੈਂ ਕਿਹਾ ਕਿ ਮੈਂ ਕੁਆਰੀ ਨਹੀਂ ਹਾਂ। ਉਹ ਜ਼ਹਿਰੀਲੀ ਹਾਸੀ ਹੱਸਦਾ ਬੋਲਿਆ, “ਓ ਜਾਜ਼ੀਦੀ ਲੌਂਡੀਆ, ਮੈਨੂੰ ਤੁਹਾਡੇ ਧਰਮ ਬਾਰੇ ਸਭ ਪਤਾ ਐ। ਤੁਹਾਡੇ ਵਿਆਹ ਤੋਂ ਪਹਿਲਾਂ ਕੋਈ ਸੈਕਸ ਨ੍ਹੀਂ ਹੁੰਦਾ। ਹੁਣ ਤੂੰ ਬਹਾਨੇ ਬਣਾਉਣੇ ਛੱਡ ਤੇ ਮੇਰੇ ਨਾਲ ਤੁਰ।”
ਮੈਂ ਅੰਦਰ ਤੱਕ ਕੰਬ ਗਈ ਕਿ ਹੁਣ ਮੈਨੂੰ ਇਸ ਨਾਲ ਜਾਣਾ ਹੀ ਪਵੇਗਾ। ਉਸ ਨੂੰ ਤਾਂ ਵੇਖ ਕੇ ਹੀ ਭੈਅ ਆਉਂਦਾ ਸੀ। ਲੰਬਾ ਚੌੜਾ ਪਸੂਆਂ ਵਰਗਾ ਬੰਦਾ। ਫਿਰ ਮੈਂ ਇਕ ਹੋਰ ਸ਼ਰਤ ਰੱਖ ਦਿੱਤੀ ਕਿ ਜੇ ਮੈਨੂੰ ਲਿਜਾਣਾ ਹੈ ਤਾਂ ਉਹ ਜ਼ਾਹਰਾ ਅਤੇ ਜ਼ੀਨਤ ਨੂੰ ਵੀ ਖਰੀਦ ਲਵੇ। ਪਰ ਇਹ ਮੇਰਾ ਭੁਲੇਖਾ ਸੀ ਕਿ ਉਹ ਮੇਰੀ ਗੱਲ ਮੰਨੇਗਾ। ਉਸ ਨੇ ਮੇਰੀ ਬਾਂਹ ਫੜ੍ਹੀ ਤੇ ਖਿੱਚ ਲੈ ਤੁਰਿਆ। ਮੈਂ ਪਿੱਛੇ ਮੁੜ ਕੇ ਜ਼ਾਹਰਾ ਅਤੇ ਜ਼ੀਨਤ ਵਲ ਵੇਖਦੀ ਜਾ ਰਹੀ ਸਾਂ, ਪਰ ਉਹ ਮੈਨੂੰ ਖਿੱਚ ਕੇ ਇਕ ਹੋਰ ਕਮਰੇ ‘ਚ ਲੈ ਗਿਆ। ਉਥੇ ਇਸਲਾਮਕ ਸਟੇਟ ਦਾ ਕੋਈ ਅਧਿਕਾਰੀ ਬੈਠਾ ਹੋਇਆ ਸੀ ਜੋ ਖਰੀਦੀ ਕੁੜੀ ਦੀ ਰਕਮ ਲੈ ਕੇ ਪਰਚੀ ਬਣਾ ਰਿਹਾ ਸੀ। ਕਿਉਂਕਿ ਅਸੀਂ ਇਸਲਾਮਕ ਸਟੇਟ ਦੀ ਮਾਲਕੀਅਤ ਸਾਂ, ਇਸ ਕਰਕੇ ਸਾਡੇ ਵੇਚਣ ਤੋਂ ਜੋ ਵੀ ਆਮਦਨੀ ਹੁੰਦੀ, ਉਹ ਇਸਲਾਮਕ ਸਟੇਟ ਦੇ ਖਾਤੇ ‘ਚ ਜਮਾਂ ਹੁੰਦੀ ਸੀ। ਪਰ ਮੈਨੂੰ ਨਾਫਾ ਦਾ ਚਿਹਰਾ ਮੋਹਰਾ ਵੇਖ ਕੇ ਹੀ ਡਰ ਆਈ ਜਾ ਰਿਹਾ ਸੀ। ਇੰਨੇ ਨੂੰ ਮੈਂ ਵੇਖਿਆ ਕਿ ਉਥੇ ਇਕ ਛੀਂਟਕਾ ਜਿਹਾ ਬੰਦਾ ਘੁੰਮ ਰਿਹਾ ਸੀ। ਇੱਧਰ ਉਧਰ ਵੇਖਦਿਆਂ ਉਸ ਦੀ ਨਜ਼ਰ ਮੇਰੇ ‘ਤੇ ਆ ਟਿਕੀ। ਕੁਝ ਪਲ ਵੇਖਦਿਆਂ ਰਹਿਣ ਪਿੱਛੋਂ ਉਹ ਮੇਰੇ ਕੋਲ ਆ ਗਿਆ ਅਤੇ ਮੇਰਾ ਨਾਂ ਤੇ ਉਮਰ ਵਗੈਰਾ ਪੁੱਛੀ। ਫਿਰ ਨਾਫਾ ਨੂੰ ਬੋਲਿਆ, “ਇਸ ਨੂੰ ਮੈਂ ਲਿਜਾਵਾਂਗਾ। ਤੂੰ ਕੋਈ ਹੋਰ ਖਰੀਦ ਲੈ।”
ਉਸ ਦੀ ਗੱਲ ਸੁਣ ਕੇ ਮੈਂ ਵੇਖਣ ਲੱਗੀ ਕਿ ਨਾਫਾ ਉਸ ਦੀ ਗੱਲ ਮੰਨਦਾ ਹੈ ਜਾਂ ਨਹੀਂ, ਪਰ ਨਾਫਾ ਨੇ ਬਿਨਾ ਕਿਸੇ ਹੀਲ ਹੁੱਜਤ ਦੇ ਹਾਮੀ ਭਰ ਦਿੱਤੀ। ਮੈਨੂੰ ਲੱਗਾ, ਉਹ ਕੋਈ ਵੱਡਾ ਬੰਦਾ ਹੈ ਜੋ ਨਾਫਾ ਬਿਨਾ ਕੁਝ ਕਿਹਾਂ ਹੀ ਉਸ ਦੀ ਗੱਲ ਮੰਨ ਗਿਆ। ਪਿੱਛੋਂ ਪਤਾ ਲੱਗਾ ਕਿ ਇਹ ਛੀਂਟਕਾ ਜਿਹਾ ਬੰਦਾ ਮੋਸਲ ਦੀ ਉਚ ਅਦਾਲਤ ਦਾ ਜੱਜ ਸੀ। ਸੋ ਉਸ ਦੀ ਗੱਲ ਉਲੱਦਣ ਦੀ ਕਿਸੇ ਦੀ ਜੁਅਰਤ ਹੀ ਨਹੀਂ ਹੋ ਸਕਦੀ ਸੀ। ਉਦੋਂ ਹੀ ਮੈਂ ਵੇਖਿਆ ਕਿ ਪਹਿਲਾਂ ਵਾਲਾ ਬੰਦਾ ਨਾਫਾ, ਜ਼ਾਹਰਾ ਨੂੰ ਲਈ ਜਾ ਰਿਹਾ ਸੀ। ਇੰਨੇ ਨੂੰ ਉਹ ਛੀਂਟਕਾ ਜਿਹਾ ਬੰਦਾ ਮੈਨੂੰ ਲੈ ਕੇ ਰਜਿਸਟਰ ਕਲਰਕ ਕੋਲ ਚਲਾ ਗਿਆ। ਉਸ ਨੇ ਮੇਰਾ ਨਾਂ ਪੁੱਛਦਿਆਂ ਆਪਣੇ ਨਾਂ ਤੋਂ ਬਾਅਦ ਮੇਰਾ ਨਾਂ ਲਿਖਵਾ ਦਿੱਤਾ, ‘ਆਸਮਾ ਹਾਜੀ ਸਲਮਾਨ।’ ਉਸ ਦਾ ਨਾਂ ਹਾਜੀ ਸਲਮਾਨ ਸੀ। ਹੁਣ ਕਾਗਜ਼ਾਂ ਮੁਤਾਬਕ ਮੈਂ ਹਾਜੀ ਸਲਮਾਨ ਦੀ ਸਾਬੀਆ ਯਾਨਿ ਗੁਲਾਮ ਸੀ। ਉਸ ਪਿੱਛੋਂ ਉਸ ਨੇ ਮੈਨੂੰ ਆਪਣੀ ਕਾਰ ‘ਚ ਬਿਠਾਇਆ ਤੇ ਘਰ ਨੂੰ ਤੁਰ ਪਿਆ। ਕੁਝ ਹੀ ਦੇਰ ‘ਚ ਉਸ ਦਾ ਘਰ ਆ ਗਿਆ। ਕਾਰ ਖੜ੍ਹੀ ਕਰ ਉਹ ਮੈਨੂੰ ਅੰਦਰ ਲੈ ਗਿਆ।
ਇਹ ਬਹੁਤ ਵੱਡਾ ਅਤੇ ਮਹਿੰਗੇ ਸਾਮਾਨ ਨਾਲ ਭਰਿਆ ਘਰ ਸੀ। ਹਾਜੀ ਸਲਮਾਨ ਦੀ ਗੱਲਬਾਤ ਦਾ ਢੰਗ ਕਾਫੀ ਠੀਕ ਸੀ। ਬੋਲਬਾਣੀ ਅਤੇ ਤੌਰ ਤਰੀਕੇ ਤੋਂ ਮੈਨੂੰ ਉਹ ਸੱਭਿਅਕ ਬੰਦਾ ਲੱਗਾ। ਫਿਰ ਉਹ ਆਪਣੀ ਕਹਾਣੀ ਦੱਸਣ ਲੱਗਾ ਕਿ ਉਹ ਸੁੰਨੀ ਅਰਬ ਸੀ ਜੋ ਮੋਸਲ ਸ਼ਹਿਰ ਦੀ ਕਿਸੇ ਕੋਰਟ ‘ਚ ਜੱਜ ਸੀ। ਸੰਨ 2003 ਦੀ ਅਮਰੀਕਨ ਲੜਾਈ ਪਿੱਛੋਂ ਜਦੋਂ ਸੱਦਾਮ ਹੁਸੈਨ ਦਾ ਪਾਸਾ ਪਲਟਿਆ ਅਤੇ ਬਾਥ ਪਾਰਟੀ ਦੇ ਸਭ ਸਿਰਕੱਢ ਅਫਸਰ ਅਤੇ ਅਧਿਕਾਰੀ ਨੌਕਰੀਆਂ ਤੋਂ ਹਟਾ ਦਿੱਤੇ ਗਏ ਤਾਂ ਹਾਜੀ ਸਲਮਾਨ ਨੂੰ ਵੀ ਕੱਢ ਦਿੱਤਾ ਗਿਆ ਸੀ। ਇੰਨਾ ਹੀ ਨਹੀਂ ਸਗੋਂ ਉਸ ਨੂੰ ਜੇਲ੍ਹ ‘ਚ ਸੁੱਟ ਦਿੱਤਾ ਗਿਆ। ਉਸ ਨੇ ਲੰਬਾ ਸਮਾਂ ਜੇਲ੍ਹ ‘ਚ ਗੁਜ਼ਾਰਿਆ। ਜਦੋਂ ਇਸਲਾਮਕ ਸਟੇਟ ਵਾਲਿਆਂ ਦੀ ਚੜ੍ਹਾਈ ਹੋਈ ਤਾਂ ਉਸ ਦੀ ਫੇਰ ਤੋਂ ਸੁਣੀ ਗਈ। ਉਹ ਉਸੇ ਸ਼ਹਿਰ ‘ਚ ਜੱਜ ਆ ਲੱਗਾ। ਫਿਰ ਉਸ ਨੇ ਵਿਰੋਧੀਆਂ ਤੋਂ ਗਿਣ ਗਿਣ ਕੇ ਬਦਲੇ ਲਏ। ਉਸ ਨੇ ਸ਼ੀਆ ਪੱਖੀ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਜਿਸ ਕੋਠੀ ‘ਚ ਉਹ ਰਹਿੰਦਾ ਸੀ, ਉਹ ਕਿਸੇ ਸ਼ੀਆ ਜੱਜ ਦੀ ਸੀ। ਉਸ ਨੇ ਉਸ ਜੱਜ ਦਾ ਸਾਰਾ ਪਰਿਵਾਰ ਮਾਰ ਮੁਕਾਇਆ ਤੇ ਮਕਾਨ ‘ਤੇ ਕਬਜ਼ਾ ਕਰ ਲਿਆ। ਕਹਾਣੀ ਸੁਣਾਉਣ ਪਿੱਛੋਂ ਉਸ ਨੇ ਮੈਨੂੰ ਕਿਹਾ, “ਤੂੰ ਮੇਰੀ ਚੌਥੀ ਗੁਲਾਮ ਸਾਬੀਆ ਐਂ। ਪਹਿਲੇ ਦੀਆਂ ਤਿੰਨੋਂ ਮੁਸਲਮਾਨ ਬਣ ਗਈਆਂ ਸਨ। ਤੂੰ ਵੀ ਮੁਸਲਮਾਨ ਹੋ ਜਾਹ?”
“ਨ੍ਹੀਂ ਇਹ ਨ੍ਹੀਂ ਹੋ ਸਕਦਾ।” ਮੈਂ ਨੀਵੀਂ ਪਾਈ ਜੁਆਬ ਦਿੱਤਾ। ਉਹ ਕੁਝ ਦੇਰ ਮੇਰੇ ਚਿਹਰੇ ਵਲ ਵੇਖਦਾ ਰਿਹਾ ਤੇ ਫਿਰ ਬੋਲਿਆ, “ਕਿਉਂ ਹੋਣ ਨੂੰ ਕੀ ਐ। ਤੁਹਾਡੇ ਸਾਰੇ ਜਾਜ਼ੀਦੀ ਲੋਕ ਖਤਮ ਕਰ ਦਿੱਤੇ ਗਏ ਨੇ। ਰਹਿੰਦੇ ਵੀ ਮਾਰੇ ਜਾਣਗੇ। ਬੜੀ ਛੇਤੀ ਸਾਰੀ ਦੁਨੀਆਂ ‘ਤੇ ਇਸਲਾਮਕ ਸਟੇਟ ਦਾ ਝੰਡਾ ਲਹਿਰਾਉਣ ਲੱਗ ਜਾਵੇਗਾ। ਹਰ ਪਾਸੇ ਸੁੰਨੀ ਮੁਸਲਮਾਨ ਨਜ਼ਰ ਆਉਣਗੇ। ਤੂੰ ਵੀ ਉਨ੍ਹਾਂ ‘ਚੋਂ ਇਕ ਹੋਵੇਂਗੀ।”
ਮੈਂ ਫਿਰ ਵੀ ਕੁਝ ਨਾ ਬੋਲੀ ਤਾਂ ਉਸ ਨੇ ਪਿਆਰ ਨਾਲ ਮੇਰੀ ਠੋਡੀ ਉਪਰ ਚੁੱਕੀ। ਕੁਝ ਪਲ ਮੇਰੀਆਂ ਅੱਖਾਂ ‘ਚ ਵੇਖਦਿਆਂ ਕਿਹਾ, “ਆਸਮਾ, ਤੂੰ ਸਮਝਦੀ ਕਿਉਂ ਨ੍ਹੀਂ। ਜੇ ਤੂੰ ਮੁਸਲਮਾਨ ਹੋ ਜਾਏਂਗੀ ਤਾਂ ਇਸ ਇਲਾਕੇ ਦੀ ਰਾਣੀ ਬਣ ਜਾਏਂਗੀ। ਕਿਉਂਕਿ ਮੈਂ ਤੇਰੇ ਨਾਲ ਨਿਕਾਹ ਕਰ ਲਵਾਂਗਾ। ਫਿਰ ਤੂੰ ਜੱਜ ਦੀ ਘਰ ਵਾਲੀ ਹੋਵੇਂਗੀ। ਹਰ ਪਾਸੇ ਤੇਰਾ ਹੁਕਮ ਚੱਲੇਗਾ।”
ਮੈਂ ਕੁਝ ਪਲ ਉਵੇਂ ਹੀ ਨੀਵੀਂ ਪਾਈ ਬੈਠੀ ਰਹੀ ਤੇ ਫਿਰ ਹੌਸਲਾ ਕਰਦਿਆਂ ਬੋਲੀ, “ਹਾਜੀ, ਕਿਰਪਾ ਕਰਕੇ ਮੇਰੀ ਮਿੰਨਤ ਸੁਣ। ਕਦੇ ਵੀ ਕੋਈ ਜਾਜ਼ੀਦੀ ਆਪਣਾ ਧਰਮ ਨਹੀਂ ਬਦਲਦਾ। ਇਹ ਕਦੇ ਵੀ ਨ੍ਹੀਂ ਹੋਇਆ।”
“ਆਸਮਾ, ਤੇਰਾ ਇਹ ਆਖਰੀ ਫੈਸਲਾ ਐ?” ਉਸ ਦੀ ਆਵਾਜ਼ ਜ਼ਰਾ ਕੁਰੱਖਤ ਹੋ ਗਈ।
“ਹਾਂ ਹਾਜੀ, ਮੈਂ ਧਰਮ ਤਬਦੀਲ ਨ੍ਹੀਂ ਕਰਾਂਗੀ।”
ਹੁਣ ਉਸ ਦੇ ਚਿਹਰੇ ‘ਤੇ ਕੁੜੱਤਣ ਆ ਗਈ ਅਤੇ ਉਸ ਦੇ ਹਾਵ-ਭਾਵ ਇਕਦਮ ਬਦਲ ਗਏ। ਪਲਾਂ ‘ਚ ਹੀ ਉਸ ਦਾ ਅਸਲੀ ਰੂਪ ਸਾਹਮਣੇ ਆ ਗਿਆ। ਉਹ, ਉਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦਾ ਉਹ ਪਹਿਲਾਂ ਵਿਖਾਵਾ ਕਰ ਰਿਹਾ ਸੀ। ਅਸਲ ‘ਚ ਉਹ ਬਹੁਤ ਹੀ ਕੱਟੜ ਬੰਦਾ ਸੀ। ਉਦੋਂ ਹੀ ਉਸ ਨੇ ਹੁਕਮ ਚਾੜ੍ਹਿਆ, “ਸਾਰੇ ਕੱਪੜੇ ਉਤਾਰ ਦ੍ਹੇ।”
ਮੈਂ ਝਿਜਕਦੀ ਹੋਈ ਉਸ ਦੀ ਮਿੰਨਤ ਕਰਨ ਲੱਗੀ, “ਹਾਜੀ, ਮੈਂ ਕਦੇ ਵੀ ਅਜਿਹਾ ਕੰਮ ਨ੍ਹੀਂ ਕੀਤਾ। ਤੂੰ ਕਿਰਪਾ ਕਰਕੇ ਮੈਨੂੰ ਛੱਡ ਦੇਹ। ਮੈਂ ਤੇਰੇ ਘਰ ਨੌਕਰਾਣੀ ਬਣ ਕੇ ਰਹਿਣ ਨੂੰ ਤਿਆਰ ਆਂ।”
ਮੇਰੀ ਗੱਲ ਸੁਣ ਕੇ ਉਹ ਭੜਕ ਉਠਿਆ, “ਤੇਰੀ ਮਰਜ਼ੀ ਕਿਸ ਨੇ ਪੁੱਛੀ ਐ ਲੌਂਡੀਏ। ਤੂੰ ਠਹਿਰ ਜ਼ਰਾ, ਤੈਨੂੰ ਦੱਸਦਾਂ ਮੈਂ ਕੌਣ ਆਂ।” ਇੰਨਾ ਆਖ ਉਹ ਅੰਦਰ ਨੂੰ ਗਿਆ। ਜਦੋਂ ਵਾਪਸ ਆਇਆ ਤਾਂ ਉਸ ਦੇ ਹੱਥ ‘ਚ ਹੰਟਰ ਸੀ। ਮੇਰਾ ਤ੍ਰਾਹ ਨਿਕਲ ਗਿਆ, ਪਰ ਉਦੋਂ ਹੀ ਉਸ ਨੇ ਖਿੱਚ ਕੇ ਹੰਟਰ ਮੇਰੇ ਮੌਰਾਂ ‘ਤੇ ਮਾਰਿਆ। ਲੱਗਾ ਜਿਵੇਂ ਸਾਰਾ ਮਾਸ ਪੱਟ ਕੇ ਲੈ ਗਿਆ ਹੋਵੇ। ਮੈਂ ਮਰਨ ਵਾਲੀ ਹੋ ਗਈ। ਇਸ ਤੋਂ ਪਹਿਲਾਂ ਕਿ ਉਹ ਅਗਲਾ ਵਾਰ ਕਰਦਾ, ਮੈਂ ਉਸ ਦੇ ਪੈਰਾਂ ‘ਚ ਡਿੱਗ ਪਈ। ਫਟਾ ਫਟ ਸਾਰੇ ਕੱਪੜੇ ਉਤਾਰ ਦਿੱਤੇ। ਫਿਰ ਸਾਰੀ ਰਾਤ ਉਹ…।”
ਅਗਲੇ ਦਿਨ ਉਸ ਨੇ ਮੈਨੂੰ ਤਿਆਰ ਹੋਣ ਨੂੰ ਆਖਿਆ। ਦਸ ਕੁ ਵਜਦੇ ਨੂੰ ਅਸੀਂ ਕਾਰ ‘ਚ ਜਾ ਰਹੇ ਸਾਂ। ਮੈਂ ਪੂਰੀ ਤਰ੍ਹਾਂ ਬੁਰਕੇ ‘ਚ ਢਕੀ ਹੋਈ ਸਾਂ। ਮੈਨੂੰ ਕੋਈ ਪਤਾ ਨਹੀਂ ਸੀ ਕਿ ਉਹ ਮੈਨੂੰ ਕਿੱਧਰ ਲੈ ਕੇ ਜਾ ਰਿਹਾ ਹੈ। ਰਸਤੇ ‘ਚ ਉਹ ਨਿੱਕੀਆਂ ਨਿੱਕੀਆਂ ਗੱਲਾਂ ਕਰਦਾ ਜਾ ਰਿਹਾ ਸੀ। ਹੁਣ ਉਹ ਫਿਰ ਤੋਂ ਸ਼ਰੀਫਾਂ ਵਾਲਾ ਵਰਤਾਅ ਕਰ ਰਿਹਾ ਸੀ। ਰਾਹ ‘ਚ ਇਕ ਥਾਂ ਬਹੁਤ ਵੱਡਾ ਹੋਟਲ ਆਇਆ। ਉਸ ਨੇ ਦੱਸਿਆ ਕਿ ਇਹ ਫਾਈਵ ਸਟਾਰ ਹੋਟਲ ਹੈ। ਇਸ ਵਿਚ ਬਹੁਤੇ ਉਚ ਕੋਟੀ ਦੇ ਇਸਲਾਮਕ ਮਿਲੀਟੈਂਟ ਠਹਿਰਦੇ ਹਨ। ਕੁਝ ਕੁ ਕਮਰੇ ਜ਼ਿਆਦਾ ਹੀ ਸੁੱਖ ਸਹੂਲਤਾਂ ਵਾਲੇ ਸਨ ਅਤੇ ਉਸ ਮੁਤਾਬਕ ਇਨ੍ਹਾਂ ਵਿਚ ਆਤਮਘਾਤੀ ਬੰਬ ਬਣੇ ਮਿਲੀਟੈਂਟ ਠਹਿਰਾਏ ਜਾਂਦੇ ਸਨ। ਗੱਲਾਂ-ਬਾਤਾਂ ਕਰਦਿਆਂ ਉਸ ਨੇ ਕਾਰ ਇਕ ਲਾਲ ਰੰਗੀ ਇਮਾਰਤ ਮੂਹਰੇ ਰੋਕ ਦਿੱਤੀ। ਉਧਰ ਵੇਖਦਿਆਂ ਮੈਂ ਸਮਝ ਗਈ ਕਿ ਇਹ ਕੋਈ ਕਚਹਿਰੀ ਹੈ। ਬਾਹਰ ਨਿਕਲਣ ਤੋਂ ਪਹਿਲਾਂ ਉਸ ਨੇ ਮੇਰੇ ਵਲ ਧਿਆਨ ਨਾਲ ਵੇਖਿਆ ਤੇ ਫਿਰ ਬੋਲਿਆ, “ਜਿੱਥੇ ਆਪਾਂ ਜਾ ਰਹੇ ਹਾਂ, ਉਥੇ ਜੱਜ ਪੁੱਛੇਗਾ ਕਿ ਤੂੰ ਸ਼ਾਹਾਦਾ ਪੜ੍ਹਨਾ ਜਾਣਦੀ ਐਂ। ਇਸ ਦੇ ਜੁਆਬ ‘ਚ ਤੂੰ ਹਾਂ ਕਹਿਣਾ ਐਂ। ਨ੍ਹੀਂ ਤਾਂ ਫਿਰ ਰਾਤ ਵਾਲਾ ਹੰਟਰ ਯਾਦ ਰੱਖੀਂ।”
ਮੈਨੂੰ ਪਤਾ ਸੀ ਕਿ ਇਹ ਮੁਸਲਮਾਨਾਂ ਦੀ ਪ੍ਰਾਰਥਨਾ ਦਾ ਹਿੱਸਾ ਹੈ। ਜਦੋਂ ਕੋਈ ਧਰਮ ਤਬਦੀਲ ਕਰਕੇ ਮੁਸਲਮਾਨ ਬਣਦਾ ਐ ਤਾਂ ਉਸ ਨੂੰ ਵੀ ਸ਼ਾਹਾਦਾ ਪੜ੍ਹਾਇਆ ਜਾਂਦਾ ਐ। ਮੈਂ ਸੋਚਿਆ ਕਿ ਨਾ ਮੈਂ ਧਰਮ ਤਬਦੀਲ ਕਰ ਰਹੀ ਆਂ ਤੇ ਨਾ ਹੀ ਕਰਨਾ ਹੈ। ਫਿਰ ਇੰਨਾ ਕਹਿਣ ਨਾਲ ਇਸ ਨੂੰ ਖੁਸ਼ੀ ਮਿਲਦੀ ਹੈ ਤਾਂ ਮੈਨੂੰ ਕੀ ਫਰਕ ਪੈਂਦਾ ਹੈ। ਅੰਦਰ ਗਏ ਤਾਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਹਰ ਪਾਸੇ ਲੋਕ ਨਵੀਆਂ ਖਰੀਦੀਆਂ ਜਾਜ਼ੀਦੀ ਗੁਲਾਮ ਲੜਕੀਆਂ ਲਈ ਖੜ੍ਹੇ ਸਨ। ਸ਼ਾਇਦ ਇਹ ਇਸਲਾਮਕ ਸਟੇਟ ਦਾ ਕਾਨੂੰਨ ਸੀ ਕਿ ਗੁਲਾਮ ਨੂੰ ਰਜਿਸਟਰ ਕਰਵਾਉਣਾ ਪੈਂਦਾ ਸੀ। ਪਰ ਸਾਰੀਆਂ ਲੜਕੀਆਂ ਦੇ ਲੰਬੇ ਲੰਬੇ ਬੁਰਕੇ ਪਾਏ ਹੋਏ ਸਨ ਅਤੇ ਸਭ ਨੀਵੀਂਆਂ ਪਾਈ ਖੜ੍ਹੀਆਂ ਸਨ। ਕੋਈ ਪਤਾ ਨਾ ਲੱਗਾ, ਮੈਂ ਕਿਸੇ ਨੂੰ ਜਾਣਦੀ ਹਾਂ ਕਿ ਨਹੀਂ। ਜਦੋਂ ਹੀ ਅੰਦਰ ਫਿਰਦੇ ਕਈ ਮਿਲੀਟੈਂਟਾਂ ਨੇ ਹਾਜੀ ਸਲਮਾਨ ਨੂੰ ਵੇਖਿਆ ਤਾਂ ਉਸ ਨੂੰ ਲਾਈਨ ਤੋਂ ਬਾਹਰੇ ਬਾਹਰ ਮੂਹਰੇ ਲੈ ਗਏ। ਇਹ ਉਸ ਦੇ ਉਚ ਆਹੁਦੇ ‘ਤੇ ਹੋਣ ਕਰਕੇ ਹੀ ਸੀ। ਅੱਗੇ ਵੱਡੇ ਕਮਰੇ ‘ਚ ਗਏ ਜਿੱਥੇ ਇਸ ਕਚਹਿਰੀ ਦਾ ਜੱਜ ਬੈਠਾ ਸੀ। ਅਸੀਂ ਉਸ ਦੇ ਮੂਹਰੇ ਪੇਸ਼ ਹੋਏ ਤਾਂ ਉਸ ਨੇ ਮੈਨੂੰ ਪੁੱਛਿਆ ਕਿ ਤੈਨੂੰ ਸ਼ਾਹਾਦਾ ਪੜ੍ਹਨਾ ਆਉਂਦਾ ਹੈ। ਜੁਆਬ ‘ਚ ਮੈਂ ‘ਹਾਂ’ ਵਿਚ ਸਿਰ ਹਿਲਾ ਦਿੱਤਾ। ਉਸ ਨੇ ਪੇਪਰ ‘ਤੇ ਕੁਝ ਲਿਖਿਆ ਤੇ ਬੋਲਿਆ, “ਮੁਬਾਰਕ ਹੋਵੇ ‘ਆਸਮਾ ਹਾਜੀ ਸਲਮਾਨ।’ ਅੱਜ ਤੋਂ ਤੂੰ ਮੁਸਲਮਾਨ ਐਂ।” ਇੰਨਾ ਕਹਿੰਦਾ ਉਹ ਹਾਜੀ ਸਲਮਾਨ ਵਲ ਵੇਖਦਾ ਬੋਲਿਆ, “ਜਨਾਬ ਹਾਜੀ ਸਲਮਾਨ ਸਾਹਿਬ, ਅੱਜ ਤੋਂ ਇਹ ਤੁਹਾਡੀ ਗੁਲਾਮ ਸਾਬੀਆ ਐ। ਹੁਣ ਤੁਸੀਂ ਇਸ ਨਾਲ ਜੋ ਮਰਜ਼ੀ ਕਰ ਸਕਦੇ ਓਂ।”
ਫਿਰ ਉਥੇ ਮੈਨੂੰ ਬੁਰਕਾ ਉਠਾਉਣ ਨੂੰ ਕਿਹਾ ਗਿਆ ਅਤੇ ਮੇਰੀ ਫੋਟੋ ਲਈ ਗਈ। ਇਸ ਪਿੱਛੋਂ ਅਸੀਂ ਬਾਹਰ ਆ ਗਏ ਅਤੇ ਵਾਪਸ ਘਰ ਨੂੰ ਤੁਰ ਪਏ। ਮੈਂ ਰਸਤੇ ‘ਚ ਪੁੱਛਿਆ ਕਿ ਉਥੇ ਮੇਰੀ ਫੋਟੋ ਲਈ ਗਈ ਸੀ, ਕੀ ਇਹ ਮੇਰਾ ਆਈ. ਡੀ. ਕਾਰਡ ਬਣਾਉਣ ਲਈ ਹੈ। ਉਹ ਬੋਲਿਆ, “ਨ੍ਹੀਂ, ਕਿਸੇ ਭੁਲੇਖੇ ‘ਚ ਨਾ ਰਹੀਂ। ਇਹ ਫੋਟੋ ਇਸ ਲਈ ਐ ਕਿ ਤੂੰ ਫਰਾਰ ਹੋਣ ਦੀ ਕੋਸ਼ਿਸ਼ ਨਾ ਕਰੇਂ। ਜੇ ਤੂੰ ਭੱਜ ਜਾਂਦੀ ਐਂ ਤਾਂ ਇਹ ਫੋਟੋ, ਇਰਾਕ ਦੇ ਗਲੀ ਮੁਹੱਲਿਆਂ ਦੀ ਹਰ ਕੰਧ ‘ਤੇ ਚਿਪਕਾ ਦਿੱਤੀ ਜਾਊ। ਹਰ ਚੈਕ ਪੁਆਇੰਟ ਵਾਲਿਆਂ ਨੂੰ ਇਹ ਫੋਟੋ ਦੇ ਦਿੱਤੀ ਜਾਵੇਗੀ। ਫੋਟੋ ਦੇ ਨਾਲ ਮੇਰਾ ਫੋਨ ਨੰਬਰ ਹੋਵੇਗਾ। ਤੇਰੇ ਫਰਾਰ ਹੋਣ ਦੀ ਸੂਰਤ ‘ਚ ਜੇ ਕੋਈ ਤੈਨੂੰ ਵੇਖ ਲੈਂਦਾ ਐ ਤਾਂ ਉਸ ਨੰਬਰ ‘ਤੇ ਫੋਨ ਕਰਕੇ ਮੈਨੂੰ ਦੱਸ ਦੇਵੇਗਾ। ਤੇ ਤੈਨੂੰ ਫੜਨ ਵਾਲੇ ਨੂੰ ਪੰਜ ਹਜ਼ਾਰ ਦਿਨਾਰ ਇਨਾਮ ਮਿਲੇਗਾ। ਜੇ ਚੈਕ ਪੁਆਇੰਟ ਵਾਲਿਆਂ ਫੜ੍ਹ ਲਿਆ ਤਾਂ ਉਹ ਤੈਨੂੰ ਸਿੱਧਾ ਮੇਰੇ ਕੋਲ ਭੇਜ ਦੇਣਗੇ। ਫਿਰ ਮੈਂ ਤੇ ਮੇਰਾ ਹੰਟਰ…।”
ਮੇਰਾ ਸਾਹ ਸੁੱਕ ਗਿਆ। ਮੈਂ ਸਮਝ ਗਈ ਕਿ ਹਾਜੀ ਸਲਮਾਨ ਨੇ ਮੇਰਾ ਭੱਜ ਕੇ ਬਚ ਨਿਕਲਣ ਦਾ ਰਾਹ ਬੰਦ ਕਰ ਦਿੱਤਾ ਹੈ।
(ਚਲਦਾ)