ਸਾਂਝ ਦੀ ਸੁੱਚਮ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਰੂਹ ਦੀਆਂ ਗੱਲਾਂ ਕਰਦਿਆਂ ਕਿਹਾ ਸੀ, “ਜਿਸਮ ਤਾਂ ਵਿਕਾਊ ਹੋ ਸਕਦਾ ਹੈ, ਰੂਹ ਨਹੀਂ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਸਾਂਝ ਨੂੰ ਗਲਵੱਕੜੀ ਪਾਈ ਹੈ। ਸਾਂਝ ਦੀ ਗੱਲ ਕਰਦਿਆਂ ਉਹ ਆਖਦੇ ਹਨ, “ਦੋ ਜੀਆਂ ਦੀ ਗਿਣਤੀ ਵਧਦੀ ਤਾਂ ਟੱਬਰ ਹੁੰਦਾ ਅਤੇ ਟੱਬਰ ਰਲ ਕੇ ਇਕ ਸਮਾਜ ਦੀ ਸਿਰਜਣਾ ਕਰਦੇ, ਜਿਸ ਦੀਆਂ ਆਪਣੀਆਂ ਮਾਨਤਾਵਾਂ, ਸਮਾਜਕ ਸੰਦਰਭ ਅਤੇ ਸਮਾਜਕ ਸਰੋਕਾਰ ਹੁੰਦੇ।” ਉਨ੍ਹਾਂ ਦਾ ਸਮੇਂ ਨਾਲ ਗਿਲਾ ਹੈ, “ਟੱਬਰਾਂ ਨਾਲ ਹੀ ਨਵੇਂ ਰਿਸ਼ਤਿਆਂ ਦੀ ਧਰਾਤਲ ਸਿਰਜੀ ਜਾਂਦੀ, ਪਰ ਸਮੇਂ ਦੇ ਬੀਤਣ ਨਾਲ ਘਰ ਵੱਡੇ ਹੁੰਦੇ ਜਾ ਰਹੇ ਨੇ ਪਰ ਪਰਿਵਾਰ ਸੁੰਗੜ ਰਹੇ ਨੇ। ਨਿੱਕੇ ਘਰਾਂ ਦੇ ਸਭ ਕਮਰੇ ਸਾਂਝੇ ਹੁੰਦੇ ਸਨ ਅਤੇ ਸਾਰੇ ਰਲ ਕੇ ਜ਼ਿੰਦਗੀ ਦਾ ਜਸ਼ਨ ਮਨਾਉਂਦੇ ਸਨ।…ਰਾਤ ਨੂੰ ਵੱਖੋ ਵੱਖੋ ਮੰਜਿਆਂ ਨੂੰ ਨਾਲ ਜੋੜਨ ਦੀ ਤਮੰਨਾ ਹੁੰਦੀ ਸੀ। ਇਕ ਮਜਬੂਤ ਰਿਸ਼ਤਾ ਜੁੜੇ ਹੋਏ ਮੰਜਿਆਂ ਦਰਮਿਆਨ ਹੁੰਦਾ ਸੀ।…ਪਰ ਹੁਣ ਬੈਡ ‘ਤੇ ਨਾਲ ਸੁੱਤਿਆਂ ਵੀ ਕੋਹਾਂ ਦੀ ਦੂਰੀ ਹੁੰਦੀ ਆ।” ਡਾ. ਭੰਡਾਲ ਦਾ ਨਿਰਣਾ ਹੈ, “ਸਾਂਝ, ਇਕ ਜ਼ਿਆਰਤ, ਸਾਧਨਾ, ਖੁਦ ਦਾ ਆਪਣੇ ਅੰਤਰੀਵ ਨਾਲ ਜੁੜਨਾ ਅਤੇ ਖੁਦ ਵਿਚੋਂ ਖੁਦ ਦਾ ਵਿਸ਼ਲੇਸ਼ਣ ਤੇ ਵਿਸਥਾਰ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਸਾਂਝ, ਮਿਲਾਪ-ਪ੍ਰਕ੍ਰਿਆ, ਸੱਚੀ-ਸੰਵੇਦਨਾ ਅਤੇ ਸਮੂਹਕ ਰੂਪ ‘ਚ ਕੁਝ ਨਵਾਂ, ਨਰੋਇਆ ਅਤੇ ਸਿਰਜਣਾਤਮਕ ਕਰਨ ਦਾ ਉਦਮ।
ਸਾਂਝ, ਮਰਦ ਤੇ ਔਰਤ ਦੇ ਰਿਸ਼ਤੇ ਵਿਚੋਂ ਵਿਆਹ ਵਰਗੀ ਪਰੰਪਰਾ ਦਾ ਜਨਮ। ਵਿਆਹ ਕਾਰਨ ਹੀ ਦੋ ਪਰਿਵਾਰਾਂ ਦਾ ਆਪਸੀ ਮੇਲ-ਮਿਲਾਪ ਅਤੇ ਇਸ ਨਾਲ ਸਿਰਜੀ ਜਾਂਦੀ ਸਮਾਜਕ ਪਕਿਆਈ ਦੀ ਨੀਂਹ ਅਤੇ ਮਿਲਵਰਤਣੀ ਯੁੱਗ ਦਾ ਆਗਾਜ਼।
ਸਾਂਝ, ਇਕੱਲੇ-ਇਕਹਿਰੇ ਉਦਮ ਨੂੰ ਮਿਲਦਾ ਹੁਲਾਰਾ, ‘ਕੱਲੇ-‘ਕੱਲੇ ਤੀਲੇ ਦੀ ਮਜ਼ਬੂਤੀ ਦਾ ਆਧਾਰ ਅਤੇ ਭਾਈਵਾਲਤਾ ਨਾਲ ਸਿਰਜੇ ਨਵੇਂ ਕੀਰਤੀਮਾਨਾਂ ਦੀ ਨੁਹਾਰ।
ਸਾਂਝਾਂ ਰਾਹੀਂ ਜੁੜਨਾ ਤੇ ਜੋੜਨਾ, ਹਰ ਧਰਮ ਦਾ ਸੁੱਚਾ ਅਕੀਦਾ। ਮਾਨਵੀ ਤੇ ਰੂਹਾਨੀ ਸਾਂਝ ਦਾ ਪੈਗਾਮ। ਪਰ ਅੱਜ ਕੱਲ ਦੇ ਧਾਰਮਕ ਰਹਿਬਰਾਂ ਦਾ ਧਿਆਨ ਜੋੜਨ ਨਾਲੋਂ ਤੋੜਨ ਵੱਲ ਵੱਧ। ਇਸ ਕਰਕੇ ਖੰਡਿਤ ਹੋ ਰਿਹਾ ਏ ਮਨੁੱਖ ਅਤੇ ਭਾਈਚਾਰਾ।
ਸਾਂਝ, ਸਭਿਆਚਾਰ ਦਾ ਸਭ ਤੋਂ ਸੁੱਚਾ ਤੇ ਉਚਾ ਕਰਮ, ਜਿਸ ਨੇ ਸਮੁੱਚੀ ਮਾਨਵ ਜਾਤੀ ਨਾਲ ਕਮਾਈ ਏ ਕਰਮਯੋਗਤਾ। ਹਾੜੀ-ਸਾਉਣੀ ਦੀ ਫਸਲ ਦੀ ਰਲ ਕੇ ਕੀਤੀ ਬਿਜਾਈ, ਕਟਾਈ ਅਤੇ ਸਾਂਭ-ਸੰਭਾਲ, ਅਜਿਹੀ ਮੋਹ-ਤੰਦ ਸੀ, ਜੋ ਅਜੋਕੇ ਸਮੇਂ ਵਿਚ ਹੋ ਗਈ ਏ ਫੌਤ। ਪਿੰਡ ਵਿਚ ਹਰ ਵਿਆਹ/ਸਮਾਗਮ ਹੁੰਦਾ ਸੀ ਸਭ ਦਾ ਸਾਂਝਾ। ਹਰ ਕੋਈ ਇਸ ਨੂੰ ਨੇਪਰੇ ਚਾੜ੍ਹਨ ਲਈ ਮਨ, ਤਨ ਅਤੇ ਧਨ ਨਾਲ ਹਿੱਸਾ ਪਾਉਂਦਾ ਅਤੇ ਇਸ ਦੇ ਪੂਰਨ ਹੋਣ ‘ਤੇ ਸ਼ੁਕਰ ਮਨਾਉਂਦਾ। ਪਿੰਡ ਦਾ ਹਰ ਕਾਰਜ ਹੀ ਸਾਂਝੀ ਜ਼ਿੰਮੇਵਾਰੀ ਨਾਲ ਨੇਪਰੇ ਚੜ੍ਹਦਾ, ਜਿਸ ਨਾਲ ਪਿੰਡ ਦੀ ਜੂਹ ਨੂੰ ਹੁੰਦਾ ਸੁਖਨ ਤੇ ਸੰਤੁਸ਼ਟੀ ਦਾ ਅਹਿਸਾਸ। ਸਾਂਝੇ ਖੂਹਾਂ, ਖਰਾਸਾਂ, ਘਰਾਟਾਂ, ਖਲਵਾੜਿਆਂ, ਫਲ੍ਹਿਆਂ, ਸੁਹਾਗਿਆਂ ਅਤੇ ਸੰਦਾਂ ਵਾਲੀ ਵਿਰਾਸਤ ਤਾਂ ਅਜੋਕੇ ਸਮੇਂ ਵਿਚ ਬਣ ਗਈ ਏ ਹਟਕੋਰਾ। ਇਸ ਸਾਂਝ ਦੀ ਮੌਤ ‘ਤੇ ਤਾਂ ਹੁਣ ਕੋਈ ਦੋ ਹੰਝੂ ਵੀ ਨਹੀਂ ਕੇਰਦਾ।
ਸ਼ਬਦ ਜੁੜਦੇ ਤਾਂ ਵਾਕ ਬਣਦਾ। ਵਾਕਾਂ ਦਾ ਆਪਸੀ ਸਬੰਧ ਹੀ ਪਹਿਰਿਆਂ ਨੂੰ ਜਨਮ ਦਿੰਦਾ ਤੇ ਪਹਿਰੇ ਰਲ ਕੇ ਇਕ ਕਿਰਤ ਦਾ ਮੁਹਾਂਦਰਾ ਸਿਰਜਦੇ। ‘ਕੱਲੇ ਹਰਫ, ਪਹਿਰੇ ਜਾਂ ਵਾਕ ਦੀ ਮਹੱਤਤਾ ਕੀ ਹੋਵੇਗੀ? ਬੁਰਸ਼ ਨਾਲ ਮਾਰੀਆਂ ਲਕੀਰਾਂ ਵਿਚੋਂ ਹੀ ਕਿਸੇ ਕਲਾ-ਕ੍ਰਿਤ ਦੇ ਨਕਸ਼ ਉਘੜਦੇ, ਜਿਸ ਵਿਚੋਂ ਹੀ ਅਸੀਂ ਕਈ ਕਿਸਮ ਦੇ ਹਾਵ-ਭਾਵ ਅਤੇ ਸੋਚ-ਸਮੁੰਦਰ ਹੰਘਾਲਦੇ, ਇਸ ਦੇ ਅਸੀਮ ਅਰਥਾਂ ਦੀ ਥਾਹ ਪਾਉਂਦੇ।
ਸਾਂਝ, ਬਹੁਤ ਹੀ ਸਾਰਥਕ ਕਾਰਜ ਪਰ ਇਸ ਲਈ ਕਿਸੇ ਸਬੱਬ ਦੀ ਲੋੜ। ਇਸ ਸਬੱਬ, ਕਰਮ ਜਾਂ ਸਾਂਝ ਵਿਚੋਂ ਹੀ ਸਦੀਵੀ ਸਾਂਝਾਂ, ਮੁਹੱਬਤਨਾਮੇ ਅਤੇ ਯੁੱਗ ਜਿਉਣ ਜੇਡੀਆਂ ਪ੍ਰੀਤਾਂ ਇਤਿਹਾਸ ਅਤੇ ਮਿਥਿਹਾਸ ਦਾ ਅੰਗ ਬਣਦੀਆਂ।
ਕੰਧਾਂ ਜੁੜ ਕੇ ਹੀ ਇਕ ਘਰ ਦੀ ਸ਼ਕਲ ਅਖਤਿਆਰ ਕਰਦੀਆਂ ਅਤੇ ਘਰਾਂ ਦਾ ਕੋਲ ਕੋਲ ਹੋਣਾ ਹੀ ਇਕ ਬਸਤੀ, ਇਕ ਪਿੰਡ, ਨਗਰ ਜਾਂ ਮਹਾਂਨਗਰ ਦਾ ਨਾਮ ਬਣ ਜਾਂਦਾ। ਦੋ ਜੀਆਂ ਦੀ ਗਿਣਤੀ ਵਧਦੀ ਤਾਂ ਟੱਬਰ ਹੁੰਦਾ ਅਤੇ ਟੱਬਰ ਰਲ ਕੇ ਇਕ ਸਮਾਜ ਦੀ ਸਿਰਜਣਾ ਕਰਦੇ, ਜਿਸ ਦੀਆਂ ਆਪਣੀਆਂ ਮਾਨਤਾਵਾਂ, ਸਮਾਜਕ ਸੰਦਰਭ ਅਤੇ ਸਮਾਜਕ ਸਰੋਕਾਰ ਹੁੰਦੇ। ਟੱਬਰਾਂ ਨਾਲ ਹੀ ਨਵੇਂ ਰਿਸ਼ਤਿਆਂ ਦੀ ਧਰਾਤਲ ਸਿਰਜੀ ਜਾਂਦੀ, ਪਰ ਸਮੇਂ ਦੇ ਬੀਤਣ ਨਾਲ ਘਰ ਵੱਡੇ ਹੁੰਦੇ ਜਾ ਰਹੇ ਨੇ ਪਰ ਪਰਿਵਾਰ ਸੁੰਗੜ ਰਹੇ ਨੇ। ਨਿੱਕੇ ਘਰਾਂ ਦੇ ਸਭ ਕਮਰੇ ਸਾਂਝੇ ਹੁੰਦੇ ਸਨ ਅਤੇ ਸਾਰੇ ਰਲ ਕੇ ਜ਼ਿੰਦਗੀ ਦਾ ਜਸ਼ਨ ਮਨਾਉਂਦੇ ਸਨ। ਪਰ ਹੁਣ ਵੱਡਾ ਘਰ ਨਿੱਕੇ ਨਿੱਕੇ ਕਮਰਿਆਂ ਵਿਚ ਵੰਡ ਹੋ ਗਿਆ ਹੈ ਅਤੇ ਘਰ ਦਾ ਹਰ ਬਾਸ਼ਿੰਦਾ ਹੀ ਨਿੱਕੇ ਜਿਹੇ ਕਮਰੇ ਵਿਚ ਸੁੰਗੜਿਆ, ਨਿੱਜ ਨੂੰ ਪਹਿਲ ਦੇਣ ਦੇ ਭੁਲੇਖੇ ‘ਚ ਇਕ ਬਿੰਦੂ ਬਣ ਗਿਆ ਹੈ। ਉਸ ਨੂੰ ਭੁੱਲ ਗਿਆ ਏ ਫੈਲਰਨਾ। ਘਰ ਦੇ ਹਰ ਦਰਵਾਜੇ ਦੇ ਦੋ ਤਖਤੇ ਹੁੰਦੇ ਸਨ, ਜੋ ਆਪਸੀ ਮੋਹ ਨਾਲ ਮਿਲਦੇ, ਗਲਵੱਕੜੀ ਪਾਉਂਦੇ ਸਨ। ਉਨ੍ਹਾਂ ਦੇ ਬੰਦ ਹੋਣ ‘ਤੇ ਵੀ ਬਾਹਰਲੇ ਦਰਵਾਜੇ ਵਿਚ ਇਕ ਛੋਟੀ ਜਿਹੀ ਬਾਰੀ ਆਉਣ-ਜਾਣ ਦਾ ਸਬੱਬ ਸੀ। ਹਵਾ ਅਤੇ ਸੋਚ ਕਦੇ ਨਹੀਂ ਸੀ ਹੁੱਸੜਦੀ। ਹੁਣ ਤਾਂ ਦਰਵਾਜੇ ਦਾ ਵੀ ਇਕ ਹੀ ਤਖਤਾ ਰਹਿ ਗਿਆ। ਇਹ ਕਿਸ ਨਾਲ ਜੁੜੇ ਅਤੇ ਕਿਸ ਨਾਲ ਮੋਹਵੰਤੀ ਸਾਂਝ ਪਾਵੇ। ਰਾਤ ਨੂੰ ਵੱਖੋ ਵੱਖੋ ਮੰਜਿਆਂ ਨੂੰ ਨਾਲ ਜੋੜਨ ਦੀ ਤਮੰਨਾ ਹੁੰਦੀ ਸੀ। ਇਕ ਮਜਬੂਤ ਰਿਸ਼ਤਾ ਜੁੜੇ ਹੋਏ ਮੰਜਿਆਂ ਦਰਮਿਆਨ ਹੁੰਦਾ ਸੀ। ਵੱਖ-ਵੱਖ ਮੰਜਿਆਂ ‘ਤੇ ਸੁੱਤੇ ਹੋਵੇ ਵੀ ਬਹੁਤ ਕਰੀਬ ਹੁੰਦੇ ਸੀ, ਪਰ ਹੁਣ ਬੈਡ ‘ਤੇ ਨਾਲ ਸੁੱਤਿਆਂ ਵੀ ਕੋਹਾਂ ਦੀ ਦੂਰੀ ਹੁੰਦੀ ਆ। ਆਪਸੀ ਨਿੱਘ ਦੀ ਥਾਂ ਇਕ ਸੁੰਨਤਾ ਸਬੰਧਾਂ ਵਿਚ ਹਾਵੀ। ਇਹ ਅਦਿੱਖ ਦੂਰੀ ਹੀ ਮਾਨਸਿਕ ਬਿਮਾਰੀ, ਭਟਕਣਾ ਅਤੇ ਅਸਾਧ ਅਲਾਮਤਾਂ ਦਾ ਆਧਾਰ, ਜਿਸ ਦਾ ਸ਼ਿਕਾਰ ਏ ਆਧੁਨਿਕ ਮਨੁੱਖ। ਕੋਲ-ਕੋਲ ਪਈਆਂ ਕੁਰਸੀਆਂ ‘ਤੇ ਬੈਠੇ ਸ਼ਖਸਾਂ ਦਰਮਿਆਨ ਗੁਫਤਗੂ ਪੁਰ-ਖਲੂਸ ਹੁੰਦੀ ਸੀ। ਪਾਕ, ਪ੍ਰੇਮ ਮਈ ਅਤੇ ਰੂਹਾਨੀਅਤ ਭਰਪੂਰ ਗੱਲਬਾਤ ਦਾ ਸਕੂਨ, ਘਰ ਦੇ ਆਲੇ-ਦੁਆਲੇ ‘ਚ ਫੈਲ ਜਾਂਦਾ ਸੀ। ਅੱਜ ਕੱਲ ਸੋਫੇ ‘ਤੇ ਬੈਠਿਆਂ ਦੀ ਸੰਕੋਚਵੀਂ ਗੱਲਬਾਤ, ਹਉਮੈ ਤੇ ਈਰਖਾ ਨਾਲ ਭਰੀਆਂ ਟੁੱਟਵੀਂਆਂ ਗੱਲਾਂ, ਤਿੜਕੇ ਮਨੁੱਖ ਦਾ ਬਿੰਬ। ਬਾਹਰੋਂ ਸਾਬਤ ਨਜ਼ਰ ਆਉਣ ਵਾਲੇ ਮਨੁੱਖ, ਅੰਦਰੋਂ ਟੁੱਟੇ ਅਤੇ ਖੰਡਿਤ। ਇਸ ਵਿਖੰਡਨ ਵਿਚੋਂ ਹੀ ਕਰੁਣਾ, ਕਰੋਧ ਅਤੇ ਕਮੀਨਗੀ, ਜ਼ਿੰਦਗੀ ਦਾ ਹਿੱਸਾ ਬਣ, ਸਮਾਜ ਵਿਚ ਨਾਕਾਰਾਤਮਕਤਾ ਫੈਲਾ ਰਹੀ ਏ। ਅੱਜ ਕੱਲ ਤਾਂ ਵੱਡੇ-ਵੱਡੇ ਘਰਾਂ ਵਿਚ ਬੌਣੇ ਲੋਕ ਰਹਿੰਦੇ ਨੇ। ਵੱਡੀਆਂ ਵੱਡੀਆਂ ਕਾਰਾਂ ਵਿਚ ਨਿੱਕੇ ਜਿਹੇ ਲੋਕ ਹੁੰਦੇ ਨੇ। ਘਰਾਂ ਦੇ ਪਰਦਿਆਂ ਵਿਚ ਗੁੰਮ ਏ ਮਾਸੂਮ ਸਿਸਕੀ। ਦੀਵਾਰਾਂ ਦੀਆਂ ਘੁੰਮਣਘੇਰੀਆਂ ਵਿਚ ਮਰ ਗਈਆਂ ਨੇ ਕੋਮਲ ਭਾਵਨਾਵਾਂ ਅਤੇ ਉਜੜ ਗਈ ਏ ਸੂਖਮ ਵਿਚਾਰਾਂ ਦੀ ਬਸੰਤੀ ਰੁੱਤ। ਅਜਿਹੇ ਘਰ ਜੋੜਨ ਨਾਲੋਂ ਟੁੱਟਣ ਦੀ ਪ੍ਰਕ੍ਰਿਆ ਵਿਚ ਰੁੱਝੇ, ਟੁੱਟਣ ਦੀ ਤ੍ਰਾਸਦੀ ਨੇ।
ਕਿਸੇ ਨਾਲ ਵੀ ਸਾਂਝ ਪਾਉਣ ਦੀ ਗਲਤਫਹਿਮੀ ਦਾ ਸ਼ਿਕਾਰ ਹੋਇਆ ਮਨੁੱਖ, ਸੋਸ਼ਲ ਮੀਡੀਆ ਰਾਹੀਂ ਹਰੇਕ ਨਾਲ ਜੁੜਨ ਦਾ ਭਰਮ ਪਾਲ ਰਿਹਾ ਏ। ਸੋਸ਼ਲ ਮੀਡੀਆ ਰਾਹੀਂ ਜੁੜੇ ਲੋਕ ਸੰਪਰਕ ਹੁੰਦੇ, ਸਬੰਧ ਨਹੀਂ ਹੁੰਦੇ। ਸੰਪਰਕਾਂ ਨੂੰ ਜੁੜਨ ਦਾ ਨਾਮ ਦੇਣਾ, ਟੁੱਟਣ ਤੋਂ ਮਾੜਾ। ਟੁੱਟ ਕੇ ਤਾਂ ਬੰਦਾ ਨਵੇਂ ਸਿਰਿਉਂ ਜ਼ਿੰਦਗੀ ਨੂੰ ਜੋੜ ਸਕਦਾ ਪਰ ਸੰਪਰਕਾਂ ਨਾਲ ਜੁੜਨਾ ਤਾਂ ਟੁੱਟਣ ਨਾਲੋਂ ਵੀ ਵੱਧ ਦੁਖੀ ਕਰਦਾ।
ਸਾਡੇ ਵਿਚ ਖੁਦ ਨਾਲ ਜੁੜਨ ਦੀ ਕੋਈ ਤਵੱਕੋ ਜਾਂ ਚਾਹਨਾ ਨਹੀਂ। ਸਿਰਫ ਖੁਦਾ ਕੋਲੋਂ ਮੰਗਦੇ ਹਾਂ ਪਰ ਖੁਦ ਨੂੰ ਮਿਲਦੇ ਤਾਂ ਕਦੇ ਵੀ ਨਹੀਂ। ਖੁਦ ਨਾਲ ਮਿਲਣ ਦਾ ਚਾਅ ਮਨ ਵਿਚ ਪੈਦਾ ਹੋਵੇ ਤਾਂ ਮੰਨਤਾਂ ਆਪੇ ਹੀ ਪੂਰੀਆਂ ਹੋ ਜਾਂਦੀਆਂ।
ਸਾਂਝ ਦਾ ਮਨ ਵਿਚ ਪਛਤਾਵਾ ਨਾ ਹੋਵੇ। ਸਗੋਂ ਕਿਸੇ ਨਾਲ ਜੁੜਨ ਦਾ ਸਬੱਬ, ਤੁਹਾਡੇ ਲਈ ਮਾਣ ਹੋਵੇ ਤਾਂ ਇਸ ਸਾਂਝ ਵਿਚੋਂ ਵੀ ਜ਼ਿੰਦਗੀ ਦੇ ਦੀਦਾਰੇ ਹੁੰਦੇ।
ਦੋ ਦਿਲਾਂ ਦੀ ਸਾਂਝ ਪੈਦਾ ਹੁੰਦੀ ਤਾਂ ਪਿਆਰ ਹੁੰਦਾ, ਦੋ ਕਿਨਾਰੇ ਦੂਰ ਹੁੰਦਿਆਂ ਵੀ ਪਾਣੀ ਨੂੰ ਦਰਿਆ ਦਾ ਰੂਪ ਦਿੰਦੇ ਅਤੇ ਪਾਣੀ, ਦੋ ਕਿਨਾਰਿਆਂ ਨੂੰ ਜੋੜਨ ਦਾ ਕਾਰਨ ਬਣਦਾ। ਹਵਾ ਤੇ ਬਾਂਸ ਮਿਲ ਕੇ ਬੰਸਰੀ ਦਾ ਰੂਪ ਧਾਰਦੇ ਜੋ ਸੰਗੀਤਕ ਸੁਰਾਂ ਦੀ ਜਨਮਦਾਤੀ ਹੁੰਦੀ। ਕਲਮ ਤੇ ਕਾਗਜ਼ ਦੇ ਮਿਲਾਪ ਵਿਚੋਂ ਹੀ ਇਬਾਰਤ ਨੂੰ ਇਬਾਦਤ ਦਾ ਦਰਜ਼ਾ ਹਾਸਲ ਹੁੰਦਾ। ਦੋ ਨੈਣ ਮਿਲਦੇ ਤਾਂ ਸੁਪਨਿਆਂ ਦੇ ਵਟਾਂਦਰੇ ਵਿਚੋਂ ਹੀ ਸੁਪਨਸ਼ੀਲਤਾ ਦਾ ਜਨਮ ਹੁੰਦਾ। ਦੋ ਰੂਹਾਂ ਮਿਲਦੀਆਂ ਤਾਂ ਮਿਲਣ-ਬਿੰਦੂ ਦਾ ਅਹਿਸਾਸ ਸਾਹਾਂ ਦੇ ਨਾਮ ਹੁੰਦਾ। ਰਾਹ ਇਕ ਦੂਜੇ ਨੂੰ ਕੱਟਣ ਲੱਗ ਪੈਣ ਤਾਂ ਮੰਜ਼ਿਲਾਂ ਕਦੇ ਨਹੀਂ ਥਿਆਉਂਦੀਆਂ।
ਕੁਝ ਲੋਕ ਚੰਨ ਦੀ ਤਰ੍ਹਾਂ ਸੁੰਦਰ ਤੇ ਨੂਰੋ-ਨੂਰ ਹੁੰਦੇ ਪਰ ਹੁੰਦੇ ਬਹੁਤ ਦੂਰ। ਕੁਝ ਲੋਕ ਰਕੀਬ ਹੁੰਦੇ ਪਰ ਬਹੁਤ ਹੀ ਕਰੀਬ ਹੁੰਦੇ। ਤੁਸੀਂ ਚੰਨ ਨਾਲ ਸਾਂਝ ਪਾਉਣੀ ਜਾਂ ਰਕੀਬ ਦੀ ਸੰਗਤ ਵਿਚ ਰਹਿਣਾ, ਇਹ ਮਨੁੱਖ ਅੰਦਰ ਜਿਉਂਦੇ ਮਨੁੱਖ ਨੇ ਸੋਚਣਾ।
ਸਾਂਝ, ਇਕ ਊਰਜਾ ਅਤੇ ਪ੍ਰੇਰਨਾ ਸਰੋਤ। ਜਦ ਨੇੜੇ ਹੋ ਕੇ ਤੁਸੀਂ ਕਿਸੇ ਨੂੰ ਦੇਖਦੇ, ਸੁਣਦੇ ਤੇ ਉਤਸ਼ਾਹਿਤ ਹੁੰਦੇ ਤਾਂ ਇਕ ਊਰਜਾ ਅਤੇ ਅਰਪਣ ਤੁਹਾਡੀਆਂ ਰਗਾਂ ਵਿਚ ਦੌੜਦੇ। ਇਸ ਸਬੰਧ ਵਿਚੋਂ ਸੁਗੰਧੀਆਂ ਦੀ ਫਸਲ ਉਗਦੀ।
ਤੁਹਾਡੇ ਨਾਲ ਜੁੜੇ ਹੋਏ ਕੁਝ ਕੁ ਲੋਕ ਦੇਵਤਾ ਸਰੂਪ, ਕੁਝ ਬਜੁਰਗੀ ਬਹਿਸ਼ਤ, ਕੁਝ ਦਾਨਸ਼ਵਰੀ ਦਿਆਨਤ ਨਾਲ ਭਰਪੂਰ, ਕੁਝ ਸਾਹਾਂ ਦੀ ਸੰਦਲੀ-ਸੰਗਤ, ਕੁਝ ਅਵਾਰਗੀ ਦਾ ਅਵਾਗਵਣ, ਕੁਝ ਤੁਹਾਡੀਆਂ ਪੈੜਾਂ ਦੇ ਰਾਹਗੀਰ, ਕੁਝ ਤੁਹਾਡੀਆਂ ਪ੍ਰਾਪਤੀਆਂ ਦੇ ਵਾਰਸ ਅਤੇ ਕੁਝ ਤੁਹਾਡੀ ਸੋਚ ਤੇ ਸੁਪਨਿਆਂ ਨੂੰ ਅਗਵਾ ਕਰਨ ਲਈ ਤਤਪਰ। ਰੰਗ-ਬਰੰਗੇ ਲੋਕਾਂ ਦੀ ਰੰਗੀਨੀ ਵਿਚ ਜੀਵਨ-ਰੰਗ ਮਾਣਨਾ ਹੀ ਜ਼ਿੰਦਗੀ-ਨਾਮਾ।
ਖਾਸ ਮਕਸਦ ਜਾਂ ਉਦੇਸ਼ ਕਾਰਨ ਜੁੜੇ ਹੋਏ ਲੋਕ, ਲੋਕ-ਲਹਿਰ ਹੁੰਦੇ। ਵਾਤਾਵਰਣ ਨੂੰ ਬਚਾਉਣ ਵਾਲੇ, ਭੁੱਖਮਰੀ ਲਈ ਟੁੱਕਰ ਦਾ ਆਹਰ ਕਰਨ ਵਾਲੇ ਜਾਂ ਅਨਪੜ੍ਹਤਾ ਨੂੰ ਅੱਖਰਾਂ ਦੀ ਜਾਗ ਲਾਉਣ ਵਾਲੇ ਆਸ਼ੇ ਤੇ ਉਮੀਦ ਨਾਲ ਹੀ ਉਦੇਸ਼ ਦੀ ਪ੍ਰਾਪਤੀ ਬਣਦੇ।
ਸਾਂਝ, ਇਕ ਅਹਿਸਾਸ, ਮਨ ਦੇ ਹਾਵ ਭਾਵ ਦਾ ਸੂਖਮ ਪ੍ਰਗਟਾਵਾ ਅਤੇ ਅਚੇਤ ਰੂਪ ਵਿਚ ਪੀਢੀ ਸਾਂਝ ਦਾ ਪ੍ਰਮਾਣ। ਜੁੜੇ ਹੋਇਆਂ ਨੂੰ ਕਦੇ ਵੀ ਯਾਦ ਕਰਵਾਉਣ ਦੀ ਲੋੜ ਨਹੀਂ। ਦੇਰ ਤੀਕ ਬਿਨ-ਮਿਲਿਆਂ ਜਾਂ ਗੱਲਬਾਤ ਕੀਤਿਆਂ ਵੀ ਸਾਂਝ ਦਾ ਅਹਿਸਾਸ, ਮਨ ਵਿਚ ਹਾਵੀ। ਮਿਲਣ ‘ਤੇ ਇਕ ਤਾਜ਼ਗੀ ਭਰਪੂਰ ਭਾਵਨਾ, ਤੁਹਾਡੇ ਸਬੰਧਾਂ ਵਿਚ ਮਹਿਕ ਭਰਦੀ ਜੋ ਅਦ੍ਰਿਸ਼ਟ ਰੂਪ ਵਿਚ ਹਰ ਦਮ ਸੋਚ, ਸਾਹਾਂ ਅਤੇ ਸੁਪਨਿਆਂ ਵਿਚ ਸਮੋਈ ਹੁੰਦੀ।
ਦੋ ਪੈਰਾਂ ਦੀ ਸਾਂਝ ਤੇ ਇਕਸੁਰਤਾ ਹੀ ਸਾਵੀਂ ਤੋਰ ਦਾ ਆਧਾਰ। ਦੋ ਜੀਆਂ ਦੀ ਸਮ-ਸੋਚ ਅਤੇ ਸਮ-ਸਾਧਨਾ ਹੀ ਬਣਦੀ ਏ ਸੁਖੀ ਤੇ ਸੰਤੁਲਤ ਪਰਿਵਾਰ, ਜਿਨ੍ਹਾਂ ਦੇ ਵਿਹੜੇ ਵਿਚ ਹੁੰਦਾ ਚਾਵਾਂ ਤੇ ਖੁਸ਼ੀਆਂ ਦਾ ਖੁਮਾਰ ਅਤੇ ਸਾਂਝੀ ਤਪੱਸਿਆ ਦਾ ਪ੍ਰਤਾਪ।
ਪਰਿਵਾਰ ਸਾਂਝੇ ਸਨ ਤਾਂ ਰਿਸ਼ਤਿਆਂ ਦੀ ਹੁੰਦੀ ਸੀ ਭਰਮਾਰ, ਹਰ ਬੱਚੇ ਨੂੰ ਸੋਚਣ, ਸਮਝਣ ਅਤੇ ਵਿਕਸਿਤ ਹੋਣ ਲਈ ਵੱਖ-ਵੱਖ ਪਹਿਲੂਆਂ ਤੋਂ ਖੁਦ ਨੂੰ ਕਰਨਾ ਪੈਂਦਾ ਸੀ ਤਿਆਰ। ਆਪਸੀ ਤਕਰਾਰ ਦਰਮਿਆਨ ਵੀ ਹੁੰਦਾ ਸੀ ਅਸੀਮਤ ਪਿਆਰ। ਕਦੇ ਵੀ ਕੋਈ ਵੀ ਸ਼ਖਸ ਨਹੀਂ ਸੀ ਹੁੰਦਾ ਲਾਚਾਰ ਕਿਉਂਕਿ ਉਸ ਦੀ ਮਦਦ ਲਈ ਹੁੰਦਾ ਸੀ ਵੱਡਾ ਪਰਿਵਾਰ। ਇਕਹਿਰੇ ਪਰਿਵਾਰਾਂ ਨਾਲ ਖੱਟਣ ਦੀ ਥਾਂ ਗਵਾਇਆ ਬਹੁਤਾ ਏ ਅਤੇ ਇਸ ਦੀ ਭਰਪਾਈ ਹੋਣੀ ਵੀ ਅਸੰਭਵ। ਅਸੀਂ ਤਾਂ ਜੀਵਨ ਦੇ ਹਰ ਮੋੜ ‘ਤੇ ਜੁੜਨ ਨਾਲੋਂ ਟੁੱਟਣ ਨੂੰ ਜੁ ਤਰਜ਼ੀਹ ਦੇਣ ਲੱਗ ਪਏ ਹਾਂ।
ਸਾਂਝ, ਨਿੱਘ ਦਾ ਪ੍ਰਗਟਾਵਾ, ਅਪਣੱਤ ਦਾ ਪ੍ਰਵਾਹ, ਕਿਸੇ ਦਾ ਹੋ ਕੇ ਜਿਉਣ ਦਾ ਚਾਅ ਅਤੇ ਕਿਸੇ ਦੇ ਕੰਮ ਆਉਣ ਦੀ ਅਦਾ। ਕਿਸੇ ਦੀ ਸਫਲਤਾ ਵਿਚੋਂ ਕੁਝ ਚੰਗੇਰਾ ਮਾਣਨ ਦਾ ਸ਼ੁਦਾਅ ਅਤੇ ਜੀਵਨ ਦੇ ਮੁਖੜੇ ‘ਤੇ ਫੈਲੀ ਸੰਦਲੀ ਭਾਅ।
ਸਿਰ ਜੋੜ ਕੇ ਕੀਤੇ ਹੋਏ ਫੈਸਲੇ, ਸਰਬ ਪ੍ਰਵਾਨ। ਸਾਂਝੀਆਂ ਸੋਚਾਂ ਵਿਚੋਂ ਹੀ ਨਿਕਲਦਾ ਏ ਉਲਝਣਾਂ ਭਰਪੂਰ ਸਮੱਸਿਆ ਦਾ ਸਮਾਧਾਨ। ਭੀੜਾਂ ਤੇ ਮੁਸ਼ਕਿਲਾਂ ਹੋ ਜਾਂਦੀਆਂ ਨੇ ਆਸਾਨ। ਬੰਦਿਆਂ ਦੀ ਸਾਂਝ ਵਿਚੋਂ ਜਨਮ ਲੈਂਦਾ ਏ ਇਨਸਾਨ ਜਿਸ ਦੀ ਸੋਚ, ਸੇਧ ਅਤੇ ਸਮਰਪਣ ਨੂੰ ਹੁੰਦੀ ਏ ਸਲਾਮ।
ਸਾਂਝ ਦੀਆਂ ਕਈ ਧਰਾਤਲਾਂ। ਸਰੀਰਕ, ਮਾਨਸਿਕ ਸਮਾਜਕ ਜਾਂ ਆਰਥਕ ਸਾਂਝ, ਜੋ ਮਨੁੱਖ ਦੀਆਂ ਵੱਖ-ਵੱਖ ਲੋੜਾਂ, ਸਮਰੱਥਾਵਾਂ, ਸੰਵੇਦਨਾ ਅਤੇ ਸ਼ਖਸੀ ਆਧਾਰ ਨਿਰਧਾਰਤ ਕਰਦੀ। ਪਰ ਸਭ ਤੋਂ ਅਹਿਮ ਤੇ ਅਜ਼ਲੀ ਏ ਮਾਨਸਿਕ ਸਾਂਝ, ਰੂਹ ਤੋਂ ਰੂਹ ਤੀਕ ਦੀ ਰੰਗਰੇਜ਼ਤਾ, ਦਿਲ ਤੋਂ ਦਿਲ ਦਾ ਸਫਰਨਾਮਾ, ਸੁਪਨਿਆਂ ਦੀ ਸਾਂਝ ਦਾ ਸ਼ਬਦਨਾਮਾ ਅਤੇ ਤਾਲ ਨਾਲ ਤਾਲ ਮਿਲਾਉਂਦੇ ਕਦਮਾਂ ਦੀ ਪੈੜ ਚਾਲ। ਇਸ ਨਾਲ ਮਿਲਦਾ ਸੂਖਮ ਸੰਵੇਦਨਾਵਾਂ ਨੂੰ ਸਕੂਨ ਅਤੇ ਰੂਹ-ਰੱਜ ਭਿੱਜੀ ਅਸੀਸ।
ਸਾਂਝ ਨੂੰ ਮਨ ਦੇ ਨਜ਼ਰੀਏ ਨਾਲ ਜੋੜ ਕੇ ਪਰਖੀਏ ਤਾਂ ਕੁਝ ਲੋਕ ਬਹੁਤ ਦੂਰ ਰਹਿੰਦਿਆਂ ਵੀ ਤੁਹਾਡੇ ਅਤਿ-ਨਜਦੀਕੀ ਜਦ ਕਿ ਕੁਝ ਲੋਕ ਕਰੀਬ ਰਹਿੰਦਿਆਂ ਵੀ ਕੋਹਾਂ ਦੂਰ। ਕੁਝ ਲੋਕ ਕਰੀਬੀ ਹੁੰਦਿਆਂ ਵੀ ਭਾਵਹੀਣ ਜਦ ਕਿ ਕੁਝ ਲੋਕ ਸਬੰਧਹੀਣ ਹੋ ਕੇ ਸਬੰਧਾਂ ਦੀ ਖੁਸ਼ਬੂ। ਇਹ ਤਾਂ ਸਾਂਝ ਦੀ ਤਾਸੀਰ ਅਤੇ ਤਦਬੀਰ ‘ਤੇ ਨਿਰਭਰ।
ਸਾਂਝ, ਜੋਰ-ਜ਼ਬਰਦਸਤੀ ਪੈਦਾ ਨਹੀਂ ਹੁੰਦੀ। ਇਹ ਖੁਦ-ਬਖੁਦ, ਚੌਗਿਰਦੇ, ਮਾਨਸਿਕ ਵਲਵਲੇ, ਪਰਿਵਾਰਕ ਦਾਇਰੇ ਜਾਂ ਕਰਮ-ਧਰਾਤਲ ਵਿਚਲੀ ਗਤੀਸ਼ੀਲਤਾ ਵਿਚੋਂ ਹੀ ਸਿਰਜੀ ਜਾਂਦੀ। ਇਸ ਦੀ ਸਦੀਵਤਾ ਤੇ ਸਥਿਰਤਾ ਨੂੰ ਸਮੇਂ ਦੀ ਤਲਖੀ ਅਤੇ ਤਹਿਜ਼ੀਬ ਨਿਰਧਾਰਤ ਕਰਦੀ।
ਸਾਂਝ ਵਿਚੋਂ ਜਗਦੀ ਜੋਤ ਵਰਗਾ ਆਭਾ-ਮੰਡਲ ਸਿਰਜਿਆ ਜਾਵੇ ਤਾਂ ਸਾਂਝ ਸਕਾਰਥ ਹੋ ਜਾਂਦੀ। ਸਾਂਝ ਵਿਚੋਂ ਹੀ ਮਿਲਦਾ ਏ ਜੀਵਨ-ਦਾਨ। ਸਾਂਝ ਨਾਲ ਹੀ ਸਿਰ ਚੜ੍ਹਦੇ ਨੇ ਕੁਝ ਅਜਿਹੇ ਅਹਿਸਾਨ ਕਿ ਮਨੁੱਖ ਸਾਰੀ ਉਮਰ ਲਾਹੁੰਦਿਆਂ ਵੀ ਰਹਿ ਜਾਂਦਾ ਏ ਨਾਦਾਨ।
ਸਾਂਝ, ਯੁੱਗਾਂ ਜੇਡੀ ਆਰਜਾ। ਮਨੁੱਖੀ ਇਤਿਹਾਸ, ਸਭਿਆਚਾਰ ਅਤੇ ਵਿਰਾਸਤ ਦੀ ਸ਼ਬਦਮਾਲਾ। ਇਸ ਕਾਰਨ ਹੀ ਅਸੀਂ ਆਪਣੀ ਵਿਰਾਸਤ ਨਾਲ ਜੁੜ, ਇਸ ਦੀਆਂ ਬਰਕਤਾਂ ਨੂੰ ਅਪਨਾਉਂਦੇ, ਇਸ ਦੀ ਅਸੀਮਤਾ ਨੂੰ ਧਿਆਉਂਦੇ ਅਤੇ ਬਜੁਰਗੀ ਅਸੀਸਾਂ ਦਾ ਨਗਮਾ ਗੁਣਗੁਣਾਉਂਦੇ। ਮੂਲ ਨਾਲ ਜੁੜੇ ਰਹਿਣ ਵਾਲੇ ਲੋਕ, ਆਪਣੀ ਔਕਾਤ ਵਿਚ ਰਹਿੰਦੇ। ਧਰਤੀ ਨਾਲ ਸਾਂਝ ਰੱਖੋ, ਅੰਬਰ ਦੀ ਵਿਸ਼ਾਲਤਾ ਦਾ ਅਹਿਸਾਸ ਖੁਦ ਹੋ ਜਾਵੇਗਾ। ਧਰਤੀ ਤੋਂ ਪੈਰ ਚੁੱਕਣ ਵਾਲੇ ਲੋਕ ਤਾਂ ਆਪਣਾ ਪਰਛਾਵਾਂ ਵੀ ਗੁਆ ਲੈਂਦੇ।
ਸਾਂਝ ਜਦ ਮੁਫਾਦ, ਲਾਭ ਜਾਂ ਹਿੱਤ ਪ੍ਰਾਪਤੀ ਲਈ ਹੋਵੇ ਤਾਂ ਇਸ ਦੇ ਕੋਹਝ ਵਿਚੋਂ ਮਨੁੱਖੀ ਕਰੂਪਤਾ ਦਾ ਅਜਿਹਾ ਰੂਪ ਨਜ਼ਰ ਆਉਂਦਾ, ਜੋ ਮਨੁੱਖਤਾ ਨੂੰ ਸ਼ਰਮਸਾਰ ਕਰ ਜਾਂਦਾ। ਅਜਿਹੀ ਸਾਂਝ ਨਾਲੋਂ ਤਾਂ ਟੁੱਟਣਾ ਹੀ ਬਿਹਤਰ। ਬੁਰਿਆਈ, ਬੇਹੂਦਗੀ ਅਤੇ ਵਿਚਾਰਗੀ ਵਿਚੋਂ ਪੈਦਾ ਹੋਈ ਇਹ ਸਾਂਝ ਮੰਦ-ਭਾਵਨਾ ਹੁੰਦੀ, ਜੋ ਸਾਹਾਂ ਲਈ ਸੰਤਾਪ ਬਣਦੀ।
ਸਾਂਝ, ਇਕ ਜ਼ਿਆਰਤ, ਸਾਧਨਾ, ਖੁਦ ਦਾ ਆਪਣੇ ਅੰਤਰੀਵ ਨਾਲ ਜੁੜਨਾ ਅਤੇ ਖੁਦ ਵਿਚੋਂ ਖੁਦ ਦਾ ਵਿਸ਼ਲੇਸ਼ਣ ਤੇ ਵਿਸਥਾਰ। ਖੁਦ ਨਾਲ ਜੁੜੇ ਹੋਇਆਂ ਨੂੰ ਸੰਸਾਰਕ ਮੁਥਾਜੀ ਨਹੀਂ ਹੰਢਾਉਣੀ ਪੈਂਦੀ। ਉਹ ਖੁਦ ਹੀ ਦੀਵਾ ਅਤੇ ਇਸ ਦੀ ਲੋਅ ਹੁੰਦੇ, ਜਿਸ ਨਾਲ ਉਹ ਜੀਵਨ ਮਾਰਗ ਚਮਕਾਉਂਦੇ। ਮਾਂਗਵੀਂ ਰੋਸ਼ਨੀ ਨਾਲ ਜ਼ਿੰਦਗੀ ਨੂੰ ਕਿਵੇਂ ਰੁਸ਼ਨਾਵੋਗੇ?
ਹਮੇਸ਼ਾ ਆਪਣੇ ਆਪ ਨਾਲ ਜੁੜ ਕੇ, ਆਪਣਾ ਮਾਰਗ ਆਪ ਤਲਾਸ਼ੋ ਤਾਂ ਕਿ ਉਹ ਰਾਹ ਤੁਹਾਡੀ ਸੁਪਨ-ਨਗਰੀ ਨੂੰ ਜਾਵੇ ਅਤੇ ਤੁਹਾਡੀ ਜੀਵਨ-ਜਾਚ ਨੂੰ ਨਵੀਂਆਂ ਬੁਲੰਦੀਆਂ ਦਾ ਜਾਗ ਲਾਵੇ।