ਬਾਬਾ ਬੰਦਾ ਸਿੰਘ ਦੀ ਸਢੌਰਾ ‘ਤੇ ਜਿੱਤ

ਨਿਰਮਲ ਸਿੰਘ ਕਾਹਲੋਂ, ਸਿਡਨੀ
ਫੋਨ: 0468395922
ਠਸਕੇ ਦੀ ਲੁੱਟ ਮਾਫ ਕਰਨੀ: ਸਮਾਣੇ ਨੂੰ ਤਹਿਸ ਨਹਿਸ ਕਰਕੇ, ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ਵੱਲ ਜਾਣ ਲਈ ਕੂਚ ਕਰ ਦਿੱਤਾ ਅਤੇ ਰਸਤੇ ਵਿਚ ਠਸਕੇ ਨੂੰ ਜਾ ਘੇਰਿਆ। ਠਸਕੇ ਦਾ ਪੀਰ ਜਾਫਰ ਅਲੀ ਖਾਂ ਮੂੰਹ ਵਿਚ ਘਾਹ ਲੈ ਕੇ ਬਾਬਾ ਬੰਦਾ ਬਹਾਦਰ ਅੱਗੇ ਆ ਖਲੋਤਾ। ਬਾਬਾ ਬੰਦਾ ਬਹਾਦਰ ਨੇ ਠਸਕੇ ਦੇ ਪੀਰ ਸੈਦ ਭੀਖ ਦੇ ਮਿਲਾਪ ਦਾ ਪ੍ਰਸੰਗ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਮਿਠਾਈ ਦੇ ਤਿੰਨ ਘੜੇ ਲੈ ਕੇ ਆਇਆ ਸੀ, ਸੁਣਿਆ ਹੋਇਆ ਸੀ। ਸ਼ਰਨ ਆਏ ਦੀ ਲਾਜ ਰਖਣ ਲਈ ਬਾਬਾ ਜੀ ਨੇ ਠਸਕੇ ਦੀ ਲੁੱਟ ਮਾਫ ਕਰਕੇ ਅੱਗੇ ਚਾਲੇ ਪਾ ਦਿੱਤੇ।

ਟੋਹਾ ਸੋਧਣਾ: ਲਸ਼ਕਰ ਨੇ ਲੰਗਰ ਤਿਆਰ ਕਰਨ ਲਈ ਡੇਰੇ ਲਾਏ ਹੋਏ ਸਨ। ਲਸ਼ਕਰ ਦੇ 7 ਸਿੰਘ ਸੈਰ ਕਰਦੇ ਪਿੰਡ ਟੋਹਾ ਪਹੁੰਚ ਗਏ। ਬਕਰੀਦ ਦਾ ਦਿਨ ਸੀ। ਕੁਝ ਮੁਸਲਮਾਨ ਇਕ ਗਾਂ ਨੂੰ ਘੇਰ ਰਹੇ ਸਨ। ਗਾਂ ਨੂੰ ਛੁਡਾਉਣ ਲਈ ਤੇਗੇ ਸੋਧ ਕੇ ਸਿੰਘ ਮੁਸਲਮਾਨਾਂ ‘ਤੇ ਟੁੱਟ ਪਏ। ਕਾਫੀ ਕੱਟ ਵੱਢ ਹੋਈ। ਮੁਸਲਮਾਨ ਬਹੁਤ ਇੱਕਠੇ ਹੋ ਗਏ, 2 ਸਿੰਘ ਸ਼ਹੀਦ ਕਰ ਦਿੱਤੇ ਅਤੇ ਬਾਕੀ ਸਿੰਘਾਂ ਨੂੰ ਮੁਸਲਮਾਨਾਂ ਨੇ ਇਕ ਕਮਰੇ ਵਿਚ ਬੰਦ ਕਰ ਦਿੱਤਾ। ਕਿਸੇ ਨੇ ਜਾ ਕੇ ਬਾਬਾ ਬੰਦਾ ਬਹਾਦਰ ਨੂੰ ਦੱਸ ਦਿੱਤਾ। ਲਸ਼ਕਰ ਨੇ ਪਿੰਡ ਉਤੇ ਚੜ੍ਹਾਈ ਕਰ ਦਿੱਤੀ। ਬਾਬਾ ਜੀ ਦਾ ਸਖਤ ਹੁਕਮ ਸੀ ਕਿ ਕਿਸੇ ਬੱਚੇ, ਬੁੱਢੇ ਅਤੇ ਤੀਵੀਂ ਨੂੰ ਨਹੀਂ ਮਾਰਨਾ ਅਤੇ ਨਾ ਹੀ ਕਿਸੇ ਮਸੀਤ ਜਾਂ ਮੰਦਿਰ ਨੂੰ ਨੁਕਸਾਨ ਪਹੁੰਚਾਉਣਾ ਹੈ। ਸਾਡੀ ਲੜਾਈ ਜੁਲਮ ਦੇ ਵਿਰੁਧ ਹੈ, ਕਿਸੇ ਧਰਮ ਦੇ ਵਿਰੁਧ ਨਹੀਂ। ਜੋ ਹੱਥ ਆਇਆ ਸੋਧ ਦਿੱਤਾ, ਬੋਦੀ ਜਨੇਊ ਬਿਨਾ ਸਭ ਨੂੰ ਤੇਗ ਦੇ ਘਾਟ ਉਤਾਰ ਦਿੱਤਾ।
ਹਿੰਦੂਆਂ ਦੀ ਫਰਿਆਦ: ਹਿੰਦੂਆਂ ਨੇ ਵੇਖਿਆ ਕਿ ਸਿੱਖ ਤਾਂ ਸਾਡੇ ਧਰਮ ਦੇ ਰਾਖੇ ਹਨ, ਬਹੁਤ ਸਾਰੇ ਹਿੰਦੂ ਵੀ ਸਿੰਘਾਂ ਨਾਲ ਰਲ ਗਏ। ਜਿੱਥੇ ਜਿੱਥੇ ਤੁਰਕ ਗਊਆਂ ਮਾਰਦੇ ਸਨ, ਸਿੰਘਾਂ ਨੂੰ ਨਾਲ ਲੈ ਉਨ੍ਹਾਂ ਨੂੰ ਕੀਤੀ ਦਾ ਫਲ ਦਿੱਤਾ। ਉਸ ਸਮੇਂ ਸਢੌਰੇ ਦੇ ਕਈ ਹਿੰਦੂਆਂ ਨੇ ਬਾਬਾ ਜੀ ਕੋਲ ਅਰਜ ਕੀਤੀ ਕਿ ਸਾਡਾ ਨਵਾਬ ਅਸਮਾਨ ਖਾਨ ਬੜਾ ਅਨਿਆਂਈ ਅਤੇ ਜ਼ਿੱਦੀ ਹੈ, ਉਹ ਮੁਸਲਮਾਨਾਂ ਨਾਲੋਂ ਹਿੰਦੂਆਂ ਤੋਂ ਚੌਗੁਣਾ ਮਾਮਲਾ ਲੈਂਦਾ ਹੈ; ਮੁਸਲਮਾਨ ਸਾਡੇ ਘਰਾਂ ਅਤੇ ਗਲੀਆਂ ਵਿਚ ਹੀ ਗਊਆਂ ਮਾਰ ਕੇ ਗੰਦ ਖਿਲਾਰ ਜਾਂਦੇ ਹਨ; ਹਿੰਦੂਆਂ ਦੀ ਬੇਟੀ ਘਰ ਨਹੀਂ ਰਹਿਣ ਦਿੰਦੇ, ਮੱਲੋ ਮੱਲੀ ਫੜ੍ਹ ਕੇ ਲੈ ਜਾਂਦੇ ਹਨ; ਹਿੰਦੂਆਂ ਨੂੰ ਆਪਣੇ ਧਰਮ ਦੀ ਕੋਈ ਵੀ ਰਸਮ ਕਰਨ ਨਹੀਂ ਦਿੰਦੇ, ਇੱਥੋਂ ਤੱਕ ਕਿ ਮੁਰਦਾ ਵੀ ਸਾੜਨ ਨਹੀਂ ਦਿੰਦੇ। ਪੀਰ ਬੁੱਧੂ ਸ਼ਾਹ ਨੂੰ ਇਨ੍ਹਾਂ ਨੇ ਇਸ ਕਰਕੇ ਕਤਲ ਕਰਵਾ ਦਿੱਤਾ ਸੀ, ਕਿਉਂਕਿ ਉਸ ਨੇ ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕੀਤੀ ਸੀ।
ਇਸ ਤਰ੍ਹਾਂ ਦੇ ਅਨੇਕ ਜੁਲਮਾਂ ਦੇ ਬਿਰਤਾਂਤ ਸੁਣ ਕੇ ਬਾਬਾ ਜੀ ਨੇ ਅਰਦਾਸਾ ਸੋਧ ਕੇ ਸਢੌਰੇ ਉਤੇ ਚੜ੍ਹਾਈ ਕਰਨ ਲਈ ਚਾਲੇ ਪਾ ਦਿੱਤੇ ਅਤੇ 6 ਅਪਰੈਲ 1704 ਨੂੰ ਸਢੌਰੇ ਤੋਂ 4 ਕੋਹ ਦੂਰ ਲੁਬਾਣਿਆਂ ਦੇ ਪਿੰਡ ਲੰਡੇਰੇ ਕੋਲ ਜਾ ਡੇਰੇ ਲਾਏ। ਲੁਬਾਣੇ ਸਿੰਘਾਂ ਅਤੇ ਹਿੰਦੂਆਂ ਨਾਲ ਸਲਾਹ ਕਰ ਕੇ ਬਾਬਾ ਜੀ ਨੇ ਸਢੌਰੇ ਨੂੰ ਜਾ ਘੇਰਿਆ ਅਤੇ ਇਕ ਟਿੱਬੇ ਉਤੇ ਦੋਵੇਂ ਤੋਪਾਂ ਚਾੜ੍ਹ ਕੇ ਗੋਲੇ ਦਾਗ ਦਿੱਤੇ। ਇਹ ਤੋਪਾਂ ਸਮਾਣੇ ਤੋਂ ਜਿੱਤੀਆਂ ਸਨ। ਤਿੰਨ ਪਹਿਰ ਤੀਰ ਅਤੇ ਗੋਲੀ ਚਲਦੇ ਰਹੇ ਪਰ ਕਿਲਾ ਨਾ ਟੁੱਟਿਆ। ਦੋਹਾਂ ਪਾਸਿਆਂ ਦਾ ਬੜਾ ਜਾਨੀ ਨੁਕਸਾਨ ਹੋਇਆ।
ਬਾਬਾ ਜੀ ਪਿੱਛੇ ਬੈਠ ਕੇ ਭਗਤੀ ਕਰ ਰਹੇ ਸਨ। ਫਤਿਹ ਸਿੰਘ ਨੇ ਜਾ ਕੇ ਬਾਬਾ ਜੀ ਨੂੰ ਆਖਿਆ, ‘ਜਿੰਨਾ ਚਿਰ ਤੁਸੀਂ ਨਹੀਂ ਆਉਂਦੇ, ਜਿੱਤ ਮੁਸ਼ਕਿਲ ਹੈ।’ ਬਾਬਾ ਜੀ ਨੇ ਟਿੱਬੇ ਉਤੇ ਖੜੇ ਹੋ ਕੇ ਦਸਮ ਪਾਤਸ਼ਾਹ ਦਾ ਬਖਸ਼ਿਆ ਇਕ ਤੀਰ ਦਾਗ ਦਿੱਤਾ। ਮੀਂਹ ਤੇ ਹਨੇਰੀ ਆ ਗਈ ਅਤੇ ਮੁਗਲ ਫੌਜ ਤਿਤਰ ਬਿੱਤਰ ਹੋ ਗਈ। ਕੁਝ ਸਿੰਘਾਂ ਨੇ ਕੰਧ ਟੱਪ ਕੇ ਕਿਲੇ ਦੇ ਦਰਵਾਜੇ ਖੋਲ੍ਹ ਦਿੱਤੇ। ਲੁਟੇਰਿਆਂ ਅਤੇ ਸਿੰਘਾਂ ਨੇ ਸ਼ਹਿਰ ਵਿਚ ਜਾ ਕੇ ਕਤਲੇਆਮ ਅਤੇ ਲੁੱਟਮਾਰ ਸ਼ੁਰੂ ਕਰ ਦਿੱਤੀ। ਬੋਦੀ ਜਨੇਊ ਦੱਸ ਕੇ ਹਿੰਦੂ ਬਚ ਗਏ ਅਤੇ ਫੌਜ ਦੌੜ ਗਈ। ਬਾਬਾ ਜੀ ਨੇ ਮੁਸਲਮਾਨਾਂ ਦੀਆਂ ਲੋਥਾਂ ਅਤੇ ਪੀਰਾਂ ਦੀਆਂ ਕਬਰਾਂ ਪੁਟਵਾ ਕੇ ਹੱਢੀਆਂ ਵੀ ਸਾੜ ਦਿੱਤੀਆਂ, ਉਥੋਂ ਦੇ ਹਾਕਮ ਅਸਮਾਨ ਖਾਨ ਨੂੰ ਫੜ੍ਹ ਕੇ ਇੱਲਾਂ ਦੇ ਖਾਣ ਲਈ ਦਰਖਤ ਉਤੇ ਪੁੱਠਾ ਟੰਗ ਦਿੱਤਾ।
ਅਗਲੇ ਦਿਨ ਸ਼ਹਿਰ ਦੇ ਪਤਵੰਤੇ ਲੋਕ ਬਾਬਾ ਜੀ ਪਾਸ ਆਏ ਅਤੇ ਲਿਖ ਕੇ ਦੇ ਦਿੱਤਾ ਕਿ ਅਸੀਂ ਖਾਲਸੇ ਦੀ ਕਦੀ ਵੀ ਬੁਰਾਈ ਨਹੀਂ ਕਰਾਂਗੇ। ਲੁੱਟ ਅਤੇ ਕਤਲੇਆਮ ਬੰਦ ਹੋ ਗਈ। ਇਧਰ ਤਾਂ ਲਿਖਤ ਪਾਈ, ਉਧਰ ਵਜੀਦੇ ਨੂੰ ਲਿਖ ਕੇ ਰੁੱਕਾ ਭੇਜ ਦਿੱਤਾ ਕਿ ਬੰਦੇ ਨੂੰ ਅਸਾਂ ਆਪਣੇ ਪੇਚ ਵਿਚ ਫਸਾ ਲਿਆ ਹੈ, ਜਲਦੀ ਫੌਜ ਲੈ ਕੇ ਆ ਜਾਓ। ਇਹ ਰੁੱਕਾ ਇਕ ਪੋਲੇ ਵਾਂਸ ਵਿਚ ਬੰਦ ਕਰਕੇ ਹਲਕਾਰੇ ਹੱਥ ਸਰਹਿੰਦ ਨੂੰ ਤੋਰ ਦਿੱਤਾ। ਹਲਕਾਰਾ ਉਸ ਰਸਤੇ ਗਿਆ, ਜਿਸ ਰਸਤੇ ਚਰਵਾਹਾ ਬਾਬਾ ਬੰਦਾ ਸਿੰਘ ਦੇ ਊਠ ਚਾਰ ਰਿਹਾ ਸੀ। ਇਕ ਊਠ ਖੇਤ ਵਿਚ ਜਾ ਵੜਿਆ, ਚਰਵਾਹੇ ਨੇ ਹਲਕਾਰੇ ਕੋਲੋਂ ਵਾਂਸ ਖੋਹ ਕੇ ਊਠ ਨੂੰ ਮਾਰਿਆ। ਵਾਂਸ ਟੁੱਟ ਕੇ ਕਾਗਜ ਡਿੱਗ ਗਿਆ। ਚਰਵਾਹੇ ਨੇ ਹਲਕਾਰੇ ਅਤੇ ਕਾਗਜ ਨੂੰ ਬਾਬਾ ਬੰਦਾ ਬਹਾਦਰ ਦੇ ਪੇਸ਼ ਕੀਤਾ। ਬਾਬਾ ਜੀ ਨੇ ਹਲਕਾਰੇ ਨੂੰ ਕੈਦ ਕਰਕੇ ਮੁਸਲਮਾਨਾਂ ਨੂੰ ਸਭਾ ਵਿਚ ਤਲਬ ਕਰਕੇ ਪੁਛਿਆ ਕਿ ਜੇ ਕੋਈ ਮਿੱਤਰ ਬਣ ਕੇ ਨੇਮ ਧਰਮ ਕਰਕੇ ਲਿਖਤ ਪਾ ਕੇ ਦਗਾ ਕਰੇ ਤਾਂ ਉਸ ਲਈ ਤੁਹਾਡੀ ਸ਼ਰ੍ਹਾ ਵਿਚ ਕੀ ਸਜ਼ਾ ਲਿਖੀ ਹੈ? ਉਨ੍ਹਾਂ ਨੇ ਆਖ ਦਿੱਤਾ, ਉਹ ਮੌਤ ਦੇ ਲਾਇਕ ਹੁੰਦਾ ਹੈ। ਬਾਬਾ ਜੀ ਨੇ ਉਹ ਰੁੱਕਾ ਉਨ੍ਹਾਂ ਅੱਗੇ ਰੱਖ ਦਿੱਤਾ, ਉਸ ਉਪਰ ਦਸਤਖਤ ਅਤੇ ਮੋਹਰਾਂ ਲੱਗੀਆਂ ਹੋਈਆਂ ਸਨ। ਮੁਸਲਮਾਨਾਂ ਦੇ ਹੋਸ਼ ਉਡ ਗਏ। ਕਿਲੇ ਦੇ ਦਰਵਾਜੇ ਬੰਦ ਕਰਕੇ ਬਾਬਾ ਜੀ ਨੇ ਕਤਲੇਆਮ ਦਾ ਹੁਕਮ ਦੇ ਦਿੱਤਾ। ਮੁਸਲਮਾਨਾਂ ਨੇ ਬਾਬਾ ਜੀ ਤੋਂ ਮਾਫੀ ਮੰਗੀ। ਬਾਬਾ ਜੀ ਨਾ ਮੰਨੇ। ਸਿੰਘਾਂ ਨੇ ਸ਼ਹਿਰ ਨੂੰ ਖੂਬ ਲੁੱਟਿਆ ਅਤੇ ਕੁੱਟਿਆ।
ਕਈ ਇਤਿਹਾਸਕਾਰਾਂ ਦਾ ਮੱਤ ਹੈ ਕਿ ਬਾਬਾ ਜੀ ਨੇ ਹੁਕਮ ਦਿੱਤਾ ਕਿ ਜਿਹੜਾ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿਚ ਚਲਿਆ ਜਾਏਗਾ, ਉਹ ਬਚ ਜਾਏਗਾ। ਪੀਰ ਜੀ ਦੀ ਹਵੇਲੀ ਤੁੰਨ ਤੁੰਨ ਕੇ ਭਰ ਗਈ। ਬੁੱਢੇ ਅਤੇ ਕਮਜੋਰ ਲੋਕ ਹਵੇਲੀ ਵਿਚ ਨਾ ਵੜ ਸਕੇ। ਬਾਬਾ ਜੀ ਦੇ ਹੁਕਮ ਨਾਲ ਹਵੇਲੀ ਵਿਚ ਸਾਰੇ ਲੋਕ ਕਤਲ ਕਰ ਦਿੱਤੇ ਗਏ। ਅਜੇ ਤੱਕ ਇਸ ਹਵੇਲੀ ਦਾ ਨਾਂ ਕਤਲਗਾਹ ਹੈ।
ਕਪੂਰੀ ਨੂੰ ਸੋਧਣਾ: ਸਢੌਰੇ ਤੋਂ 4 ਕੋਹ ਦੂਰ ਪਿੰਡ ਕਪੂਰੀ ਦਾ ਹਾਕਮ ਸੱਯਦ ਅਮਾਨਉਲਾ ਬੜਾ ਹੀ ਲੋਭੀ ਅਤੇ ਦੁਰਾਚਾਰੀ ਸੀ। ਉਸ ਕੋਲ ਬੇਓੜਕ ਦੌਲਤ ਸੀ। ਉਸ ਨੂੰ ਕਾਜ਼ੀ ਨੇ ਦਸਿਆ ਸੀ ਕਿ ਹਿੰਦੂਆਂ ਨੂੰ ਮਾਰਨ ਨਾਲ ਬਹਿਸ਼ਤ ਮਿਲਦੀ ਹੈ। ਬਹਿਸ਼ਤ ਜਾਣ ਲਈ ਉਸ ਨੇ ਬਹੁਤ ਹਿੰਦੂ ਕਤਲ ਕੀਤੇ। ਕਿਸੇ ਹਿੰਦੂ ਦੀ ਬਹੂ ਬੇਟੀ ਨਹੀਂ ਸੀ ਛੱਡਦਾ। ਉਸ ਦਾ ਲੜਕਾ ਕਰਮਦੀਨ ਉਸ ਤੋਂ ਵੀ ਵੱਧ ਦੁਰਾਚਾਰੀ ਸੀ। ਇਸ ਤਰ੍ਹਾਂ ਦੀਆਂ ਕਈ ਹੋਰ ਗੱਲਾਂ ਸੁਣ ਕੇ ਬਾਬਾ ਜੀ ਨੇ ਸਿੰਘਾਂ ਦਾ ਇਕ ਜਥਾ ਤਖਤਾ ਸਿੰਘ ਦੁਲਟ ਦੀ ਕਮਾਨ ਹੇਠ ਭੇਜ ਦਿੱਤਾ। ਸਿੰਘਾਂ ਨੇ ਸੁੱਤੇ ਪਏ ਅਮਾਨਉਲਾ ਨੂੰ ਜਾ ਘੇਰਿਆ। ਇਸ ਦੇ ਸਾਰੇ ਸਬੰਧੀਆਂ ਦੀਆਂ ਮਸ਼ਕਾਂ ਬੰਨ ਕੇ ਕਮਰੇ ਵਿਚ ਬੰਦ ਕਰਕੇ ਪਹਿਰਾ ਲਾ ਦਿੱਤਾ। ਇਹ ਪਾਪੀ ਤੜਫਦਾ ਆਪਣੇ ਕਰਮਾਂ ਦਾ ਫਲ ਭੋਗਦਾ ਮਰ ਗਿਆ ਅਤੇ ਸਾਰਾ ਪਰਿਵਾਰ ਵੀ ਖਤਮ ਕਰਵਾ ਲਿਆ। ਉਸ ਦੇ ਘਰੋਂ ਲੁੱਟੀ ਦੌਲਤ ਬਾਬਾ ਜੀ ਨੇ ਸਿੰਘਾਂ ਵਿਚ ਵੰਡ ਦਿੱਤੀ।
ਬੰਨੂੜ ਸੋਧਣਾ: ਇਸ ਸਮੇਂ ਰਾਜਪੂਰਾ ਤਹਿਸੀਲ ਦਾ ਬੰਨੂੜ ਇਕ ਕਸਬਾ ਹੈ। ਬੰਨੂੜ ਕਸਬੇ ਦੇ ਹਿੰਦੂਆਂ ਨੇ ਵੀ ਬਾਬਾ ਜੀ ਕੋਲ ਫਰਿਆਦੀ ਹੋ ਕੇ ਦਸਿਆ ਕਿ ਮੁਸਲਮਾਨ ਸਾਡੇ ਉਤੇ ਬੜੇ ਜ਼ੁਲਮ ਕਰਦੇ ਹਨ। ਸਾਡੀ ਬਹੂ ਬੇਟੀ ਨਹੀਂ ਛੱਡਦੇ, ਕਈ ਡਰਦੀਆਂ ਮਾਰੀਆਂ ਮਰ ਜਾਂਦੀਆਂ ਹਨ। ਜੇ ਕਿਸੇ ਹਿੰਦੂ ਦੇ ਘਰ ਵਿਚ ਗਊ ਜਾਂ ਬਲਦ ਬੀਮਾਰ ਹੋ ਜਾਏ, ਤਾਂ ਕਾਜ਼ੀ ਆ ਕੇ ਉਸ ਨੂੰ ਹਲਾਲ ਕਰਕੇ ਉਸ ਦੀ ਮਿੱਟੀ ਘਰ ਵਾਲਿਆਂ ਦੇ ਸਿਰਾਂ ਉਤੇ ਚੁਕਾ ਮਸੀਤ ਵਿਚ ਲੈ ਜਾ ਕੇ ਮੁਸਲਮਾਨਾਂ ਵਿਚ ਵੰਡ ਦਿੰਦਾ ਹੈ। ਜੇ ਮਰਨ ਵਾਲੇ ਪਸੂ ਦੀ ਖਬਰ ਨਾ ਕਰੀਏ ਤਾਂ ਬੜੀ ਸਜਾ ਦਿੰਦੇ ਹਨ ਅਤੇ ਆਖਦੇ ਹਨ, ਹਿੰਦੂਆਂ ਨੂੰ ਖੁਦਾ ਨੇ ਮੁਸਲਮਾਨਾਂ ਦੀ ਗੁਲਾਮੀ ਲਈ ਹੀ ਬਣਾਇਆ ਹੈ। ਜਿੰਨਾ ਇਨ੍ਹਾਂ ਨੂੰ ਦੁੱਖ ਦਈਏ, ਉਨਾ ਹੀ ਪੁੰਨ ਹੈ। ਆਪਣੇ ਦੀਨ ਵਿਚ ਲਿਆਉਣ ਲਈ ਕਈ ਤਰ੍ਹਾਂ ਦੇ ਦੁੱਖ ਦਿੰਦੇ ਹਨ, ਕਿਸੇ ਤਰ੍ਹਾਂ ਵੀ ਚੈਨ ਲੈਣ ਨਹੀਂ ਦਿੰਦੇ, ਜੇ ਤੁਸੀਂ ਸਾਡੀ ਮਦਦ ਕਰੋ ਤਾਂ ਬਚਦੇ ਹਾਂ।
ਜੁਲਮ ਦੀਆਂ ਇਸ ਤਰ੍ਹਾਂ ਦੀਆਂ ਖਬਰਾਂ ਸੁਣ ਕੇ ਬਾਬਾ ਜੀ ਨੇ ਬੰਨੂੜ ‘ਤੇ ਹਮਲਾ ਕਰ ਦਿੱਤਾ। ਤਲਵਾਰਾਂ ਸੂਤ ਕੇ ਸਿੰਘ ਨਗਰ ਵਿਚ ਜਾ ਵੜੇ, ਜਿਸ ਨੇ ਹੱਥ ਉਠਾਇਆ ਤੇਗ ਨੂੰ ਛਕਾਇਆ, ਜਿਸ ਨੇ ਬੋਦੀ ਦਿਖਾਈ ਉਸ ਨੇ ਜਾਨ ਬਚਾਈ। ਕਈ ਮੁਸਲਮਾਨ, ਹਿੰਦੂਆਂ ਨੂੰ ਬਾਪੂ ਕਹਿ ਕੇ ਆਪਣੀ ਜਾਨ ਬਖਸ਼ਾਉਣ ਲਈ ਬਾਬਾ ਜੀ ਦੇ ਚਰਨੀਂ ਆ ਡਿੱਗੇ। ਬਾਬਾ ਜੀ ਨੇ ਬੰਨੂੜ ਦੀ ਚੰਗੀ ਤਰ੍ਹਾਂ ਭੁਗਤ ਸਵਾਰ ਦਿੱਤੀ। ਬਾਬਾ ਜੀ ਤੇ ਸਿੰਘਾਂ ਨੇ ਨਗਰ ਨੂੰ ਖੂਬ ਲੁਟਿਆ ਅਤੇ ਕੁੱਟਿਆ। ਦੇਸ਼ ਵਿਚ ਸਿੰਘਾਂ ਦਾ ਦਬਦਬਾ ਵਧ ਗਿਆ। ਸਰਹਿੰਦ ਨੂੰ ਸੋਧਣ ਲਈ ਬਾਬਾ ਜੀ ਕੋਲ ਕਈ ਸਿੰਘ ਅਤੇ ਧਾੜਵੀ ਵੀ ਆ ਗਏ।