ਅਨੂਪ ਸਿੰਘ ਸੰਧੂ
ਅਗਸਤ 1947 ਵਿਚ ਸਾਹਿਰ ਮੁੰਬਈ ਵਿਚ ਸੀ। ਉਹ 1946 ਵਿਚ ਮੁੰਬਈ ਗਿਆ ਸੀ ਅਤੇ ਹਾਲੇ ਤੱਕ ਹਿੰਦੀ ਫਿਲਮਾਂ ਲਈ ਬਤੌਰ ਗੀਤਕਾਰ ਕੰਮ ਕਰਨ ਲਈ ਕਿਸਮਤ ਅਜ਼ਮਾ ਰਿਹਾ ਸੀ ਜਿਸ ਵਿਚ ਉਸ ਨੂੰ ਮਾਮੂਲੀ ਸਫਲਤਾ ਮਿਲੀ ਸੀ। ਉਸ ਦੀ ਅੰਮੀ ਲੁਧਿਆਣੇ ਫੀਲਡਗੰਜ ਨੇੜੇ ਜਗਰਾਓਂ ਪੁਲ ਦੇ ਥੱਲੇ ਇਕ ਘਰ ਵਿਚ ਰਹਿੰਦੀ ਸੀ। ਮੁਸਲਿਮ ਆਬਾਦੀ ਪਾਕਿਸਤਾਨ ਜਾ ਰਹੀ ਸੀ ਅਤੇ ਹਿੰਦੂ-ਸਿੱਖ ਭਾਰਤ ਆ ਰਹੇ ਸਨ। ਸਰਹੱਦ ਦੇ ਦੋਹੀਂ ਪਾਸੇ ਲੁੱਟ ਅਤੇ ਦੰਗਿਆਂ ਦਾ ਦੌਰ ਚੱਲ ਰਿਹਾ ਸੀ।
ਸਾਹਿਰ ਨੂੰ ਅੰਮੀ ਦਾ ਬੜਾ ਫਿਕਰ ਲੱਗਾ ਹੋਇਆ ਸੀ। ਉਸ ਨੇ ਆਪਣੇ ਲੁਧਿਆਣੇ ਦੇ ਦੋਸਤਾਂ ਨੂੰ ਅੰਮੀ ਨੂੰ ਸੁਰੱਖਿਅਤ ਢੰਗ ਨਾਲ ਲਾਹੌਰ ਭੇਜਣ ਵਿਚ ਮਦਦ ਕਰਨ ਲਈ ਕਿਹਾ। ਉਸ ਦੇ ਸਾਰੇ ਦੋਸਤ ਸਾਹਿਰ ਦੀ ਅੰਮੀ ਨੂੰ ਆਪਣੀ ਮਾਂ ਦਾ ਦਰਜਾ ਦਿੰਦੇ ਸਨ। ਅੰਮੀ ਵੀ ਸਾਹਿਰ ਦੇ ਦੋਸਤਾਂ ਨੂੰ ਆਪਣੇ ਪੁੱਤਰਾਂ ਵਾਂਗ ਸਮਝਦੀ ਸੀ।
ਕਾਮਰੇਡ ਮਦਨ ਲਾਲ ਦੀਦੀ, ਜੋਗਿੰਦਰ ਪਾਲ ਪਾਂਡੇ, ਪੇਂਟਰ ਬਾਵਰੀ ਅਤੇ ਕਾਮਰੇਡ ਓਮ ਪ੍ਰਕਾਸ਼ ਨੇ ਅੰਮੀ ਨੂੰ ਪੂਰੀ ਸੁਰੱਖਿਆ ਨਾਲ ਰਫਿਊਜੀ ਕੈਂਪ ਭੇਜਣ ਵਿਚ ਮਦਦ ਕੀਤੀ। ਫਿਰ ਪੇਂਟਰ ਬਾਵਰੀ ਅੰਮੀ ਨੂੰ ਕੈਂਪ ਤੋਂ ਸਰਹੱਦ ਤੱਕ ਛੱਡ ਕੇ ਆਇਆ। ਜਦੋਂ ਉਹ ਅੰਮੀ ਨੂੰ ਛੱਡ ਕੇ ਵਾਪਸ ਆਇਆ ਤਾਂ ਕੁਝ ਸ਼ਰਾਰਤੀ ਲੋਕਾਂ ਨੇ ਮੁਸਲਮਾਨ ਦੀ ਮਦਦ ਕਰਨ ਲਈ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਉਚੇ-ਲੰਮੇ ਕੱਦ ਅਤੇ ਤਕੜੇ ਜੁੱਸੇ ਵਾਲੇ ਜੋਗਿੰਦਰਪਾਲ ਪਾਂਡੇ ਨੇ ਉਸ ਨੂੰ ਬਚਾਇਆ। ਪਾਂਡੇ ਪੇਂਟਰ ਬਾਵਰੀ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਦਾ ਇਲਾਜ ਕਰਵਾਇਆ। ਕੁਝ ਦਿਨ ਰਫਿਊਜੀ ਕੈਂਪ ਵਿਚ ਬੇਘਰਾਂ ਵਾਂਗ ਰਹਿਣ ਪਿਛੋਂ ਸਾਹਿਰ ਦੀ ਅੰਮੀ ਲਾਹੌਰ ਚਲੀ ਗਈ। ਸਾਹਿਰ ਹਾਲੇ ਵੀ ਮੁੰਬਈ ਵਿਚ ਹੀ ਸੀ। ਉਹ ਆਪਣਾ ਕੰਮ-ਕਾਰ ਵਿਚੇ ਛੱਡ ਕੇ ਦਿੱਲੀ ਪਹੁੰਚ ਗਿਆ। ਲਾਹੌਰ ਜਾਣ ਤੋਂ ਪਹਿਲਾਂ ਉਹ ਸੱਤ ਦਿਨ ਦਿੱਲੀ ਰਿਹਾ।
ਸਾਹਿਰ ਆਪਣੀ ਅੰਮੀ ਦੀ ਸੁਰੱਖਿਆ ਅਤੇ ਥਾਂ-ਟਿਕਾਣੇ ਬਾਰੇ ਅਣਜਾਣ ਸੀ ਅਤੇ ਉਨ੍ਹਾਂ ਦੀ ਭਾਲ ਵਿਚ ਉਸ ਨੇ ਅਤਿ ਦੇ ਤਸੀਹੇ ਝੱਲੇ। ਕੁਝ ਦਿਨਾਂ ਦੀ ਭਾਲ ਮਗਰੋਂ ਉਸ ਨੇ ਆਪਣੀ ਅੰਮੀ ਨੂੰ ਲੱਭ ਲਿਆ। ਇੱਥੇ ਹੀ ਉਹ ਚੌਧਰੀ ਨਜ਼ੀਰ ਨੂੰ ਮਿਲਿਆ, ਜੋ ਸਾਹਿਰ ਦੀ ਸ਼ਾਇਰੀ ਦਾ ਮੁਰੀਦ ਸੀ ਅਤੇ ਮਸ਼ਹੂਰ ਪ੍ਰਕਾਸ਼ਕ ਸੀ। ਉਹ ਲਾਹੌਰ ਵਿਚ ਕੁਝ ਸਰਕਾਰੀ ਅਫਸਰਾਂ ਨੂੰ ਜਾਣਦਾ ਸੀ। ਉਸ ਦੀ ਮਦਦ ਨਾਲ ਸਾਹਿਰ ਨੂੰ ਇਕ ਰਫਿਊਜੀ ਘਰ ਅਲਾਟ ਹੋ ਗਿਆ। ਇਸ ਘਰ ਵਿਚ ਉਸ ਨੂੰ ਦੋ ਮੰਜੀਆਂ ਮਿਲੀਆਂ। ਕੁਝ ਹੀ ਦਿਨਾਂ ਵਿਚ ਸਾਹਿਰ ਦਾ ਦੋਸਤ ਅਹਿਮਦ ਰਾਹੀ ਉਸ ਨੂੰ ਪਾਕਿਸਤਾਨੀ ਕਮਿਊਨਿਸਟ ਪਾਰਟੀ ਦੇ ਹੈਡਕੁਆਰਟਰ ਵਿਚ ਮਿਲ ਗਿਆ। ਉਹ ਵੀ ਪਾਕਿਸਤਾਨ ਪਹੁੰਚ ਚੁਕਾ ਸੀ। ਸਾਹਿਰ ਦੀ ਸਿਫਾਰਿਸ਼ ‘ਤੇ ਚੌਧਰੀ ਨਜ਼ੀਰ ਨੇ ਰਾਹੀ ਨੂੰ ਵੀ ਇਕ ਕਮਰੇ ਦਾ ਇਕ ਘਰ ਅਲਾਟ ਕਰਵਾਉਣ ਵਿਚ ਮਦਦ ਕਰ ਦਿੱਤੀ।
ਦੋਹਾਂ ਨੂੰ ਅਲਾਟ ਹੋਏ ਘਰ ਐਬਟ ਰੋਡ ਉਤੇ ਬੜੇ ਨੇੜੇ-ਨੇੜੇ ਸਨ। ਉਨ੍ਹਾਂ ਦਾ ਗੁਆਂਢੀ ਵੀ ਲੁਧਿਆਣੇ ਤੋਂ ਆਇਆ ਇਬਨ ਇੰਸ਼ਾ ਸੀ। ਉਨ੍ਹੀਂ ਦਿਨੀਂ ਬੜੀ ਗਰਮੀ ਸੀ ਅਤੇ ਘਰਾਂ ਵਿਚ ਨਾ ਹਾਲੇ ਤੱਕ ਪੱਖੇ ਸਨ ਅਤੇ ਨਾ ਬਿਜਲੀ। ਇਸ ਲਈ ਸਾਰੇ ਬਾਸ਼ਿੰਦੇ ਘਰਾਂ ਦੇ ਬਾਹਰ ਸੌਂਦੇ ਸਨ। ਅਹਿਮਦ ਰਾਹੀ ਕੋਲ ਨਾ ਕੋਈ ਮੰਜੀ ਸੀ ਅਤੇ ਨਾ ਹੀ ਖਰੀਦਣ ਲਈ ਪੈਸੇ। ਸਾਹਿਰ ਅਤੇ ਰਾਹੀ ਇਕ ਮੰਜੀ ‘ਤੇ ਸੌਂ ਜਾਂਦੇ ਅਤੇ ਦੂਸਰੀ ਮੰਜੀ ‘ਤੇ ਸਾਹਿਰ ਦੀ ਅੰਮੀ ਸੌਂਦੀ। ਹਰ ਰਾਤ ਸਾਹਿਰ ਮੰਜੀ ਨਾ ਖਰੀਦਣ ਕਰਕੇ ਰਾਹੀ ਨਾਲ ਗੁੱਸੇ ਹੋ ਜਾਂਦਾ, ਪਰ ਰਾਹੀ ਕੋਲ ਪੈਸੇ ਹੀ ਨਹੀਂ ਸਨ।
ਕੈਪੀਟਲ ਸਿਨੇਮਾ ਉਨ੍ਹਾਂ ਦੇ ਘਰ ਦੇ ਬੜਾ ਨੇੜੇ ਸੀ। ਜਦੋਂ ਰਾਤ ਨੂੰ ਪੂਰੀ ਸ਼ਾਂਤੀ ਹੁੰਦੀ ਤਾਂ ਸਿਨੇਮੇ ਦੇ ਅੰਦਰ ਚੱਲ ਰਹੀ ਫਿਲਮ ਦੇ ਸੰਵਾਦ ਉਹ ਬੜੇ ਆਰਾਮ ਨਾਲ ਸੁਣ ਸਕਦੇ ਸਨ। ਇਸ ਕਰਕੇ ਉਹ ਫਿਲਮ ਦੇ ਖਤਮ ਹੋਣ ਤੋਂ ਬਾਅਦ ਹੀ ਸੌਂ ਸਕਦੇ ਸਨ। ਹਰ ਰਾਤ ਉਨ੍ਹਾਂ ਨੂੰ ਸੁਣੇ ਹੋਏ ਡਾਇਲਾਗ ਯਾਦ ਹੋ ਜਾਂਦੇ। ਇੱਥੇ ਉਨ੍ਹਾਂ ਨੇ ਕਈ ਫਿਲਮਾਂ ਦੇ ਸੰਵਾਦ ਸੁਣੇ ਜਿਨ੍ਹਾਂ ਵਿਚ ਆਗਾ ਹਸ਼ਰ ਕਸ਼ਮੀਰੀ ਅਤੇ ਮਾਸਟਰ ਰਹਿਮਤ ਅਲੀ ਦੇ ਲਿਖੇ ਸੰਵਾਦ ਸ਼ਾਮਲ ਸਨ। ਸਾਹਿਰ ਇਨ੍ਹਾਂ ਸੰਵਾਦਾਂ ਨੂੰ ਨਾਟਕੀ ਅੰਦਾਜ਼ ਵਿਚ ਆਪਣੇ ਕੁਝ ਦੋਸਤਾਂ ਨੂੰ ਸਾਰੀ ਜ਼ਿੰਦਗੀ ਸੁਣਾਉਂਦਾ ਰਿਹਾ।
ਚੌਧਰੀ ਨਜ਼ੀਰ ਅਹਿਮਦ ਨੇ ‘ਸਵੇਰਾ’ ਨਾਂ ਦਾ ਦੋ-ਮਹੀਨਾਵਾਰ ਰਸਾਲਾ ਕੱਢਿਆ। ਉਸ ਨੇ ਸਾਹਿਰ ਅਤੇ ਅਹਿਮਦ ਨਦੀਮ ਕਾਸਮੀ ਨੂੰ ਸੰਪਾਦਕ ਰੱਖ ਲਿਆ। ਜਦੋਂ ਇਸ ਦਾ ਪਹਿਲਾ ਅੰਕ ਆਇਆ ਤਾਂ ਇਸ ਦਾ ਕਾਗਜ਼, ਛਪਾਈ ਅਤੇ ਤਸਵੀਰਾਂ ਪਾਠਕਾਂ ਨੂੰ ਖੂਬ ਪਸੰਦ ਆਏ। ਇਸ ਰਸਾਲੇ ਵਿਚ ਕਈ ਮਸ਼ਹੂਰ ਲੇਖਕਾਂ ਦੀਆਂ ਮਿਨੀ ਕਹਾਣੀਆਂ, ਕਵਿਤਾਵਾਂ ਅਤੇ ਸਾਹਿਤਕ ਲੇਖ ਛਪਦੇ, ਪਰ ਵੰਡ ਪਿਛੋਂ ਇਸ ਦੀ ਪਾਠਕ ਗਿਣਤੀ ਬਹੁਤੀ ਨਹੀਂ ਸੀ। ਇਸ ਕਰਕੇ ਕਮਾਈ ਵੀ ਬਹੁਤੀ ਨਹੀਂ ਸੀ। ਮਾਲਕ ਸਾਹਿਰ ਨੂੰ ਬਹੁਤ ਘੱਟ ਤਨਖਾਹ ਦਿੰਦਾ ਸੀ, ਉਹ ਵੀ ਵੀਹ-ਤੀਹ ਰੁਪਏ ਦੀਆਂ ਕਿਸ਼ਤਾਂ ਵਿਚ। ਸਾਹਿਰ ਇਹ ਸਾਰੇ ਪੈਸੇ ਆਪਣੇ ਦੋਸਤਾਂ ‘ਤੇ ਖਰਚ ਕਰ ਦਿੰਦਾ ਕਿਉਂਕਿ ਉਸ ਨੂੰ ਆਪਣੇ ਦੋਸਤ ਬੜੇ ਪਿਆਰੇ ਸਨ। ਪੂਰੀ ਜ਼ਿੰਦਗੀ ਸਾਹਿਰ ਨੇ ਆਪਣੇ ਦੋਸਤਾਂ ਬਗੈਰ ਇਕ ਦਿਨ ਵੀ ਨਹੀਂ ਗੁਜ਼ਾਰਿਆ। ਉਸ ਦੀ ਅੰਮੀ ਘਰ ਦਾ ਖਰਚਾ ਆਪਣੇ ਸੋਨੇ ਦੇ ਗਹਿਣੇ ਵੇਚ ਕੇ ਚਲਾ ਰਹੀ ਸੀ।
ਇਸ ਦੌਰਾਨ ਉਹ ਦਿੱਲੀ ਵਾਪਸ ਆ ਗਿਆ ਅਤੇ ਬਲਵੰਤ ਗਾਰਗੀ ਨਾਲ ਇਕ ਹਫਤਾ ਰਿਹਾ। ਗਾਰਗੀ ਵੀ ਦੇਸ਼ ਵੰਡ ਤੋਂ ਬਾਅਦ ਲਾਹੌਰੋਂ ਆਇਆ ਸੀ ਅਤੇ ਲੋਕਲ ਐਮ. ਪੀ. ਵੱਲੋਂ ਮਿਲੇ ਦੋ ਕਮਰਿਆਂ ਦੇ ਘਰ ਵਿਚ ਰਹਿੰਦਾ ਸੀ। ਗਿਆਨ ਸਚਦੇਵ ਅਤੇ ਉਸ ਦੀ ਪਤਨੀ ਅਚਲਾ ਸਚਦੇਵ ਵੀ ਨਾਲ ਹੀ ਰਹਿੰਦੇ ਸਨ। ਦਿੱਲੀ ਵਿਚ ਮਜਹਬੀ ਦੰਗੇ ਚੱਲ ਰਹੇ ਸਨ। ਦਿੱਲੀ ਦੇ ਹਾਲਾਤ ਦੇਖ ਕੇ ਸਾਹਿਰ ਲਾਹੌਰ ਮੁੜ ਗਿਆ। ਪ੍ਰਕਾਸ਼ ਪੰਡਿਤ ਦੇ ਦੱਸਣ ਮੁਤਾਬਕ ਸਾਹਿਰ ਆਪਣੇ ਹਿੰਦੂ-ਸਿੱਖ ਦੋਸਤਾਂ ਦੀ ਕਮੀ ਹਮੇਸ਼ਾ ਮਹਿਸੂਸ ਕਰਦਾ ਰਿਹਾ। ਸਾਹਿਰ ਇਸਲਾਮਿਕ ਪਾਕਿਸਤਾਨ ਦੀ ਥਾਂ ਸੈਕੂਲਰ ਭਾਰਤ ਚਾਹੁੰਦਾ ਸੀ।
ਇਕ ਹੋਰ ਅਧੂਰੀ ਮੁਹੱਬਤ
ਅਹਿਮਦ ਰਾਹੀ ਨੇ ਸਾਹਿਰ ਦੀ ਸੰਨ 1947 ਦੀਆਂ ਸਰਦੀਆਂ ਵੇਲੇ ਦੀ ਇਕ ਹੋਰ ਅਧੂਰੀ ਮੁਹੱਬਤ ਬਾਰੇ ਦਿਲਚਸਪ ਕਿੱਸਾ ਲਿਖਿਆ ਹੈ। ਉਨ੍ਹੀਂ ਦਿਨੀਂ ਦੋਹਾਂ ਕੋਲ ਇਕੋ ਊਨੀ ਕੋਟ ਸੀ, ਜੋ ਉਹ ਵਾਰੋ-ਵਾਰੀ ਪਾਉਂਦੇ। ਇਕ ਦਿਨ ਇਕ ਖੂਬਸੂਰਤ ਔਰਤ ‘ਸਵੇਰਾ’ ਰਸਾਲੇ ਦੇ ਦਫਤਰ ਆਈ ਅਤੇ ਸਾਹਿਰ ਨੂੰ ਮਿਲੀ। ਉਹ ਆਪਣੀ ਇਕ ਕਹਾਣੀ ਛਪਵਾਉਣਾ ਚਾਹੁੰਦੀ ਸੀ। ਉਹ ਵਿਆਹੀ ਹੋਈ ਸੀ, ਪਰ ਕੁਝ ਜ਼ਿਆਦਾ ਆਧੁਨਿਕਤਾ ਦੇ ਰੰਗ ਵਿਚ ਰੰਗੀ ਹੋਈ ਸੀ। ਉਸ ਦਾ ਘਰ ਵਾਲਾ ਪਾਕਿਸਤਾਨ ਰੇਲਵੇ ਦਾ ਮੁਲਾਜ਼ਮ ਸੀ। ਸਾਹਿਰ, ਜੋ ਉਸ ਵੇਲੇ ਪਿਆਰ ਅਤੇ ਰੋਟੀ-ਦੋਹਾਂ ਲਈ ਭੁੱਖਾ ਸੀ, ਉਸ ਵਿਚ ਦਿਲਚਸਪੀ ਲੈਣ ਲੱਗਾ। ਉਹ ਉਸ ਦਾ ਪਿੱਛਾ ਕਰਨ ਲੱਗਾ।
ਉਹ ਲਾਹੌਰ ਵਿਚ ਸ਼ਿਮਲਾ ਹਿੱਲ ਨੇੜੇ ਮੇਓ ਗਾਰਡਨ ਵਿਚ ਰਹਿੰਦੀ ਸੀ। 1947 ਵਿਚ ਠੰਢ ਬੜੀ ਕੜਾਕੇ ਦੀ ਸੀ। ਸਾਹਿਰ ਊਨੀ ਕੋਟ ਪਾਉਂਦਾ ਤੇ ਮੇਓ ਗਾਰਡਨ ਤੱਕ ਪੈਦਲ ਜਾਂਦਾ ਅਤੇ ਉਸ ਦੇ ਘਰ ਦੇ ਬਾਹਰ ਉਸ ਦਾ ਇੰਤਜ਼ਾਰ ਕਰਦਾ। ਉਸ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਸਾਹਿਰ ਉਸ ਦਾ ਪਿੱਛਾ ਕਰ ਰਿਹਾ ਅਤੇ ਉਸ ਦੇ ਘਰ ਦੇ ਬਾਹਰ ਖੜ੍ਹਾ ਹੈ। ਅਹਿਮਦ ਰਾਹੀ, ਜਿਸ ਨੂੰ ਇਸ ਤਫਰੀਹ ਲਈ ਸਾਹਿਰ ਦੇ ਨਾਲ ਜਾਣਾ ਪੈਂਦਾ, ਅਕਸਰ ਔਖਾ ਹੋ ਜਾਂਦਾ ਅਤੇ ਸਾਹਿਰ ਨੂੰ ਕਹਿੰਦਾ, ਊਨੀ ਕੋਟ ਉਸ ਨੂੰ ਦੇ ਦੇਵੇ ਕਿਉਂਕਿ ਸਾਹਿਰ ਦੇ ਦਿਲ ਵਿਚ ਆਪਣੇ ਇਸ਼ਕ ਦਾ ਨਿੱਘ ਹੈ। ਦੋਵੇਂ ਹਰ ਰੋਜ਼ ਕੋਟ ਪਾਉਣ ਪਿੱਛੇ ਲੜਦੇ। ਜਿਹੜਾ ਵੀ ਪਹਿਲਾਂ ਕੋਟ ਪਾ ਲੈਂਦਾ, ਉਹ ਦੂਜੇ ਦੀ ਕੋਟ ਪਾਉਣ ਦੀ ਵਾਰੀ ਹੀ ਨਾ ਆਉਣ ਦਿੰਦਾ।
ਰਾਹੀ ਨੇ ਸਾਹਿਰ ਦੇ ਇਸ ਪਿਆਰ ਨੂੰ ਅਧੂਰੀ ਮੁਹੱਬਤ ਕਿਹਾ ਹੈ ਕਿਉਂਕਿ ਇਹ ਇਕਪਾਸੜ ਪਿਆਰ ਸੀ। ਜਦੋਂ ਵੀ ਉਹ ਸਾਹਿਰ ਨੂੰ ਮਿਲਦੀ, ਚਿਹਰੇ ‘ਤੇ ਮੁਸਕਾਨ ਅਤੇ ਬੜੇ ਨਿੱਘ ਨਾਲ ਉਸ ਨਾਲ ਗੱਲਾਂ ਕਰਦੀ, ਪਰ ਇਹ ਉਸ ਦੀ ਆਦਤ ਅਤੇ ਸੁਭਾਅ ਸੀ। ਨਾਲੇ ਉਸ ਦੀ ਸਾਹਿਰ ਵਿਚ ਬਸ ਇੰਨੀ ਹੀ ਰੁਚੀ ਸੀ ਕਿ ਸਾਹਿਰ ਉਸ ਦੀਆਂ ਕਹਾਣੀਆਂ ‘ਸਵੇਰਾ’ ਵਿਚ ਛਾਪੇ ਤਾਂ ਕਿ ਉਹ ਕਹਾਣੀ ਲੇਖਿਕਾ ਵਜੋਂ ਸ਼ੋਹਰਤ ਖੱਟ ਸਕੇ। ਰਾਹੀ ਨੇ ਸਾਹਿਰ ਨੂੰ ਕਈ ਵਾਰ ਸਮਝਾਇਆ ਕਿ ਉਸ ਔਰਤ ਦਾ ਪਿੱਛਾ ਕਰਨਾ ਫਜ਼ੂਲ ਹੈ ਕਿਉਂਕਿ ਉਹ ਵਿਆਹੀ ਹੋਈ ਹੈ ਅਤੇ ਖੁਸ਼ੀ-ਖੁਸ਼ੀ ਆਪਣੀ ਵਿਆਹੁਤਾ ਜ਼ਿੰਦਗੀ ਗੁਜ਼ਾਰ ਰਹੀ ਹੈ। ਸਾਹਿਰ ਦੇ ਪਿਆਰ ਵਿਚ ਉਸ ਨੂੰ ਕੋਈ ਦਿਲਚਸਪੀ ਨਹੀਂ ਹੋਵੇਗੀ। ਕੁਝ ਚਿਰ ਬਾਅਦ ਸਾਹਿਰ ਦੀ ਉਸ ਪ੍ਰਤੀ ਦਿਲਚਸਪੀ ਖਤਮ ਹੋ ਗਈ ਅਤੇ ਇਹ ਉਸ ਦੇ ਇਕਪਾਸੜ ਪਿਆਰ ਦਾ ਅੰਤ ਸੀ।
‘ਮਕਤਾ’ ਉਰਦੂ ਦੇ ਦਫਤਰ ਵਿਚ ਹਰ ਹਫਤੇ ਸਾਹਿਤਕ ਮਿਲਣੀ ਹੁੰਦੀ ਜਿਸ ਵਿਚ ਕਈ ਲੇਖਕ ਆਪਣੀਆਂ ਕਹਾਣੀਆਂ, ਕਵਿਤਾਵਾਂ ਅਤੇ ਆਲੋਚਨਾਤਮਕ ਲੇਖ ਪੜ੍ਹਦੇ। ਅਸਲ ਵਿਚ ਇਹ ਦਫਤਰ ਹੈ ਈ ਨਹੀਂ ਸੀ, ਬਲਕਿ ਇਕ ਦੁਕਾਨ ਵਿਚ ਸਾਹਿਤਕ ਗਤੀਵਿਧੀਆਂ ਲਈ ਰਾਖਵਾਂ ਰੱਖਿਆ ਹੋਇਆ ਕਮਰਾ ਸੀ। ਇਸ ਦਾ ਮਾਲਕ ਮੱਛੀਆਂ ਦਾ ਵਪਾਰੀ ਸੀ, ਪਰ ਉਹ ਸਾਹਿਤਕ ਗਤੀਵਿਧੀਆਂ ਵਿਚ ਖੂਬ ਦਿਲਚਸਪੀ ਲੈਂਦਾ। ਸਾਹਿਰ ਉਨ੍ਹੀਂ ਦਿਨੀਂ ਬਹੁਤ ਸਾਰੀਆਂ ਕਵਿਤਾਵਾਂ ਲਿਖ ਰਿਹਾ ਸੀ ਅਤੇ ਅਕਸਰ ਇਨ੍ਹਾਂ ਹਫਤਾਵਾਰੀ ਮਿਲਣੀਆਂ ਵਿਚ ਉਹ ਕਵਿਤਾਵਾਂ ਸੁਣਾਉਂਦਾ। ਆਪਣੇ ਸ਼ੁਰੂਆਤੀ ਦੌਰ ਵਿਚ ਸਾਹਿਰ ਨੇ ਕਈ ਬੜੀਆਂ ਕਮਜ਼ੋਰ ਅਤੇ ਸਾਧਾਰਨ ਕਵਿਤਾਵਾਂ ਲਿਖੀਆਂ ਜਦੋਂਕਿ ਕਈ ਬੜੀਆਂ ਚੰਗੀਆਂ ਅਤੇ ਯਾਦਗਾਰੀ ਸਨ। ਇਹ ਕਵਿਤਾਵਾਂ ਤਲਖੀਆਂ ਦੇ ਪ੍ਰੀਤਲੜੀ ਐਡੀਸ਼ਨ ਵਿਚ ਛਾਪੀਆਂ ਗਈਆਂ, ਪਰ ਬਾਅਦ ਵਾਲੇ ਐਡੀਸ਼ਨਾਂ ਵਿਚੋਂ ਹਟਾ ਦਿੱਤੀਆਂ ਗਈਆਂ।
ਜਦੋਂ ਸਾਹਿਰ ਨੇ ‘ਸਵੇਰਾ’ ਦਾ ਸੰਪਾਦਨ ਸ਼ੁਰੂ ਕੀਤਾ, ਉਸ ਦਾ ਨਾਂ ਪਹਿਲੇ ਸਫੇ ‘ਤੇ ਛਪਦਾ, ਅਦਾਰਾ: ਅਹਿਮਦ ਨਦੀਮ ਕਾਸਮੀ, ਸਾਹਿਰ ਲੁਧਿਆਣਵੀ। ‘ਸਵੇਰਾ’ ਇਕ ਅਗਾਂਹਵਧੂ ਕਿਸਮ ਦਾ ਰਸਾਲਾ ਸੀ। ਇਸ ਲਈ ਖੁਫੀਆ ਏਜੰਸੀਆਂ ਦੀ ਅੱਖ ਇਸ ‘ਤੇ ਹਮੇਸ਼ਾ ਰਹਿੰਦੀ। ਜਦੋਂ ਇਸ ਦਾ ਅਗਲਾ ਐਡੀਸ਼ਨ ਛਪਿਆ ਤਾਂ ਇਕ ਬੰਦਾ ਅਹਿਮਦ ਨਦੀਮ ਕਾਸਮੀ ਕੋਲ ਆ ਕੇ ਪੁੱਛਣ ਲੱਗਾ ਕਿ ਉਸ ਨੇ ਕਾਸਮੀ ਅਤੇ ਸਾਹਿਰ ਨੂੰ ਲੱਭ ਲਿਆ, ਪਰ ਇਹ ਅਦਾਰਾ ਕੌਣ ਹੈ?
ਕਾਸਮੀ ਨੂੰ ਉਸ ਬੰਦੇ ‘ਤੇ ਹਾਸਾ ਆ ਗਿਆ ਕਿਉਂਕਿ ਉਨ੍ਹੀਂ ਦਿਨੀਂ ਖੁਫੀਆ ਮਹਿਕਮੇ ਦੇ ਬਹੁਤੇ ਮੁਲਾਜ਼ਮ ਅਨਪੜ੍ਹ ਸਨ। ਉਸ ਨੇ ਉਸ ਮੁਲਾਜ਼ਮ ਨੂੰ ਦੱਸਿਆ ਕਿ ਅਦਾਰਾ ਕਿਸੇ ਬੰਦੇ ਦਾ ਨਾਂ ਨਹੀਂ ਬਲਕਿ ਅਦਾਰੇ ਦਾ ਮਤਲਬ ਹੈ, ਸੰਪਾਦਕੀ ਮੰਡਲ।
ਸਾਹਿਰ ਨੇ ਰਸਾਲੇ ਵਿਚ ਸਰਕਾਰ ਵਿਰੋਧੀ ਕੁਝ ਲੇਖ ਲਿਖੇ। ਸਾਹਿਰ ਦੇ ਸ਼ੁਭਚਿੰਤਕ ਆਗਾ ਸ਼ੋਰਸ਼ ਕਸ਼ਮੀਰੀ ਨੇ ਅਜਿਹੇ ਲੇਖਾਂ ਅਤੇ ਕਵਿਤਾਵਾਂ ਦੇ ਨਤੀਜੇ ਬਾਰੇ ਸਾਹਿਰ ਨੂੰ ਖਬਰਦਾਰ ਕੀਤਾ ਕਿਉਂਕਿ ਸੁਰੱਖਿਆ ਏਜੰਸੀਆਂ ਨੇ ਇਨ੍ਹਾਂ ਦਾ ਨੋਟਿਸ ਲੈਣਾ ਸ਼ੁਰੂ ਕਰ ਦਿੱਤਾ ਸੀ। ਇਹ ਤਾਂ ਪਤਾ ਨਹੀਂ ਕਿ ਸ਼ੋਰਸ਼ ਦੀ ਇਹ ਚਿੰਤਾ ਸੱਚੀ ਸੀ ਜਾਂ ਨਿਰਾ ਖਿਆਲ। ਸਾਹਿਰ, ਜੋ ਆਪਣੇ ਲੇਖਾਂ ਅਤੇ ਕਵਿਤਾਵਾਂ ਰਾਹੀਂ ਉਪਰੋਂ ਬੜਾ ਦਲੇਰ ਲੱਗਦਾ ਸੀ, ਪਰ ਅਸਲ ਵਿਚ ਅੰਦਰੋਂ ਬੜਾ ਹੀ ਕਮਜ਼ੋਰ ਅਤੇ ਛੇਤੀ ਡਾਵਾਂਡੋਲ ਹੋ ਜਾਣ ਵਾਲਾ ਸ਼ਖਸ ਸੀ। ਉਹ ਇਸ ਗੱਲੋਂ ਡਰ ਗਿਆ ਅਤੇ ਆਉਣ ਵਾਲੇ ਨਤੀਜਿਆਂ ਬਾਰੇ ਸੋਚਣ ਲੱਗਾ।
ਸ਼ੋਰਸ਼, ਸਾਹਿਰ ਨੂੰ ਇਹ ਵੀ ਕਹਿੰਦਾ ਹੁੰਦਾ ਸੀ ਕਿ ਕਮਿਊਨਿਸਟ ਉਸ ਦੇ ਮੋਢਿਆਂ ‘ਤੇ ਰੱਖ ਕੇ ਬੰਦੂਕ ਚਲਾ ਰਹੇ ਹਨ ਅਤੇ ਉਸ ਨੂੰ ਵਰਤ ਰਹੇ ਹਨ। ਦੂਜੇ ਪਾਸੇ ਕਮਿਊਨਿਸਟਾਂ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਉਹ ਆਪਣਾ ਰਸਾਲਾ ‘ਇਮਰੋਜ਼’ ਸ਼ੁਰੂ ਕਰਨਗੇ ਤਾਂ ਸਾਹਿਰ ਨੂੰ ਸੰਪਾਦਕੀ ਮੰਡਲ ਵਿਚ ਰੱਖਣਗੇ। ਪਰ ਜਦੋਂ ਰਸਾਲਾ ਸ਼ੁਰੂ ਹੋਇਆ ਤਾਂ ਉਨ੍ਹਾਂ ਨੇ ਮੌਲਾਨਾ ਚਿਰਾਜ਼ ਹਸਨ ਹਸਰਤ ਨੂੰ ਸੰਪਾਦਕ ਰੱਖ ਲਿਆ। ਉਹ ਸਾਹਿਰ ਦੇ ਖਿਲਾਫ ਸੀ। ਸਾਹਿਰ ਮੀਆਂ ਇਫਤਿਖਾਰ-ਉਲ-ਦੀਨ ਨੂੰ ਕਈ ਵਾਰ ਮਿਲਿਆ, ਪਰ ਕੋਈ ਫਾਇਦਾ ਨਾ ਹੋਇਆ। ਉਨ੍ਹਾਂ ਪਰਚੇ ਦੇ ਸੰਪਾਦਕੀ ਮੰਡਲ ਵਿਚ ਸਾਹਿਰ ਨੂੰ ਕੋਈ ਅਹੁਦਾ ਨਾ ਦਿੱਤਾ।
ਸਾਹਿਰ ਨੂੰ ਬਹੁਤ ਵੱਡੀ ਨਮੋਸ਼ੀ ਹੋਈ ਅਤੇ ਉਹ ਉਦਾਸ ਹੋ ਗਿਆ। ਉਸ ਨੂੰ ਸ਼ੋਰਸ਼ ਦੇ ਖਦਸ਼ਿਆਂ ‘ਤੇ ਯਕੀਨ ਹੋਣ ਲੱਗਾ। ਜ਼ਹੀਰ ਕਸ਼ਮੀਰੀ, ਹਾਮੀਦ ਅਖਤਰ ਵਰਗੇ ਕਈ ਨਾਮੀਂ ਲੇਖਕ ਪਹਿਲਾਂ ਹੀ ਜੇਲ੍ਹ ਵਿਚ ਡੱਕੇ ਜਾ ਚੁਕੇ ਸਨ। ਸਾਹਿਰ ਵੀ ਉਸ ਦੇ ਸਾਥੀਆਂ ਅਤੇ ਦੋਸਤਾਂ ਵੱਲੋਂ ਅਪਨਾਏ ਗਏ ਕੱਟੜ ਇਸਲਾਮਿਕ ਵਿਚਾਰਾਂ ਤੋਂ ਅੱਕ ਚੁਕਾ ਸੀ। ਫਿਰ ਕਿਸੇ ਨੇ ਉਸ ਨੂੰ ਚਿੰਤਾਜਨਕ ਖਬਰ ਸੁਣਾਈ ਕਿ ਸੱਤਾ ਦੇ ਵਿਰੁਧ ਲਿਖਤਾਂ ਕਰਕੇ ਪਾਕਿਸਤਾਨੀ ਸੀ. ਆਈ. ਡੀ. ਉਸ ਨੂੰ ਗ੍ਰਿਫਤਾਰ ਕਰਨ ਲਈ ਵਾਰੰਟ ਜਾਰੀ ਕਰ ਰਹੀ ਹੈ। ਸੱਚਮੁੱਚ ਉਸ ਦੀ ਕਲਮ ਨੇ ਪੰਦਰਵਾੜੇ ‘ਸਵੇਰਾ’ ਵਿਚ ਨਵੇਂ ਬਣੇ ਇਸਲਾਮਿਕ ਸਟੇਟ ਦੇ ਖਿਲਾਫ ਜ਼ਹਿਰ ਉਗਲਿਆ ਸੀ। ਇਨ੍ਹਾਂ ਹਾਲਾਤ ਵਿਚ ਸਾਹਿਰ ਕਰੀਬ ਨੌਂ ਮਹੀਨੇ ਪਾਕਿਸਤਾਨ ਵਿਚ ਗੁਜ਼ਾਰਨ ਮਗਰੋਂ ਜੂਨ 1948 ਵਿਚ ਲਾਹੌਰ ਤੋਂ ਭੱਜ ਆਇਆ। ਉਸ ਦਾ ਭਾਰਤ ਆਉਣਾ ਦੇਸ਼ ਲਈ ਫਾਇਦੇਮੰਦ ਸੀ ਅਤੇ ਪਾਕਿਸਤਾਨ ਲਈ ਬਹੁਤ ਵੱਡਾ ਨੁਕਸਾਨ। ਜਦੋਂ ਸਾਹਿਰ ਨੇ ਲਾਹੌਰ ਛੱਡਿਆ ਤਾਂ ਜੂਨ ਦੀ ਭਖਦੀ ਗਰਮੀ ਵਿਚ ਵੀ ਉਸ ਨੇ ਉਹੀ ਊਨੀ ਕੋਟ, ਵੱਡਾ ਹੈਟ ਅਤੇ ਧੁੱਪ ਵਾਲੀ ਐਨਕ ਪਾਏ ਹੋਏ ਸਨ ਤਾਂ ਕਿ ਪਾਕਿਸਤਾਨੀ ਸੀ. ਆਈ. ਡੀ. ਦੀ ਨਜ਼ਰ ਤੋਂ ਬਚ ਸਕੇ। ਉਹ ਆਪਣੀ ਅੰਮੀ ਨੂੰ ਉਥੇ ਹੀ ਛੱਡ ਆਇਆ। ਬਾਅਦ ਵਿਚ ਸਾਹਿਰ ਦਾ ਇਕ ਦੋਸਤ ਲਾਹੌਰ ਗਿਆ ਅਤੇ ਉਸ ਦੀ ਅੰਮੀ ਨੂੰ ਦਿੱਲੀ ਵਾਪਸ ਲੈ ਆਇਆ।
