ਸਿੱਖ ਸਿਆਸਤ ਅਤੇ ਬੁੱਧੀਜੀਵੀ ਮਧਾਣੀ

ਗੁਲਜ਼ਾਰ ਸਿੰਘ ਸੰਧੂ
ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਚੰਡੀਗੜ੍ਹ ਵਲੋਂ ਕਰਵਾਏ ਗਏ ਦੋ ਰੋਜ਼ਾ ਸੈਮੀਨਾਰ ਦੌਰਾਨ ਉਘੇ ਸਿੱਖ ਬੁੱਧੀਜੀਵੀਆਂ ਨੇ ਸੰਕਟ-ਗ੍ਰਸਤ ਸਿੱਖ ਸਮਾਜ ਦੀ ਵਰਤਮਾਨ ਸਥਿਤੀ ਬਾਰੇ ਨਿੱਠ ਕੇ ਵਿਚਾਰ-ਵਟਾਂਦਰਾ ਕੀਤਾ। ਪੰਜਾਬ ਤੇ ਸਿੱਖ ਸਮਾਜ ਵਿਚ ਪੈਦਾ ਹੋਈਆਂ ਸਾਰੀਆਂ ਆਰਥਕ, ਸਮਾਜਕ ਤੇ ਧਾਰਮਕ ਸਮੱਸਿਆਵਾਂ ਲਈ ਇਕੋ ਪਰਿਵਾਰ ਦੇ ਕਬਜ਼ੇ ਵਾਲੀ ਅਤੇ ਰਾਸ਼ਟਰੀਆ ਸਵੈਮ ਸੇਵਕ ਸੰਘ ਤੇ ਭਾਰਤੀ ਜਨਤਾ ਪਾਰਟੀ ਦੀ ਕਠਪੁਤਲੀ ਅਕਾਲੀ ਲੀਡਰਸ਼ਿਪ ਨੂੰ ਦੋਸ਼ੀ ਠਹਿਰਾਇਆ ਗਿਆ।

ਸੈਮੀਨਾਰ ਵਿਚ ਮੌਕਾਪ੍ਰਸਤ ਲੀਡਰਸ਼ਿਪ ਉਤੇ ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਸੂਬੇ ਲਈ ਬਿਲਡਰ ਲੌਬੀ ਨਾਲ ਮਿਲੀਭੁਗਤ ਕਰਕੇ ਅੰਨੇਵਾਹ ਸ਼ਹਿਰੀਕਰਨ ਦਾ ਵਿਕਾਸ ਮਾਡਲ ਚੁਣਨ, ਪੜ੍ਹੀ-ਲਿਖੀ ਸਿੱਖ ਨੌਜੁਆਨ ਪੀੜ੍ਹੀ ਦੇ ਰੋਜ਼ਗਾਰ ਮੌਕੇ ਖਤਮ ਕਰਨ, ਨਿੱਜੀ ਸਿਆਸੀ ਮੁਫਾਦ ਲਈ ਸਿੱਖ ਗੁਰਦੁਆਰਿਆਂ ਦੇ ਧਨ ਅਤੇ ਸਾਧਨਾਂ ਦੀ ਦੁਰਵਰਤੋਂ ਕਰਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਿਆਸੀਕਰਨ, ਸਿੱਖ ਤਖਤਾਂ ਉਤੇ ਕਠਪੁਤਲੀ ਜਥੇਦਾਰਾਂ ਦੀਆਂ ਨਿਯੁਕਤੀਆਂ ਕਰਨ, ਪੰਥ ਵਿਰੋਧੀ ਤੇ ਤਨਖਾਹੀਆ ਕਰਾਰ ਦਿੱਤੇ ਗਏ ਡੇਰਾ ਮੁਖੀ ਨੂੰ ਸ਼ਹਿ ਦੇਣ ਅਤੇ ਉਸ ਦੇ ਕਾਰਕੁਨਾਂ ਵਲੋਂ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਨ, ਨਸ਼ੇ ਬਣਾਉਣ ਤੇ ਵੇਚਣ, ਸਰਕਾਰੀ ਬੱਸ ਸੇਵਾ ਤਬਾਹ ਕਰਕੇ ਨਿੱਜੀ ਏ. ਸੀ. ਬੱਸਾਂ ਚਲਾਉਣ, ਸਜ਼ਾ ਭੁਗਤ ਚੁਕੇ ਸਿੱਖ ਨੌਜੁਆਨਾਂ ਦੀ ਰਿਹਾਈ ਦੀ ਮੰਗ ਨਾ ਮੰਨਵਾਉਣ ਅਤੇ ਪੰਜਾਬ ਨੂੰ ਲੰਬੇ ਸਮੇਂ ਤੱਕ ਨਾ ਉਤਰਨ ਵਾਲੇ ਕਰਜ਼ੇ ਵਿਚ ਧੱਕਣ ਦੇ ਦੋਸ਼ ਵੀ ਲਾਏ ਗਏ।
ਸਿੱਖ ਸਮਾਜ ਨੂੰ ਅਜਿਹੀ ਲੀਡਰਸ਼ਿਪ ਤੋਂ ਛੁਟਕਾਰਾ ਪਾਉਣ ਦੀ ਅਪੀਲ ਕਰਨਾ ਇਸ ਰਿੜਕਣ ਦਾ ਨਿਚੋੜ ਹੋ ਕੇ ਨਿੱਤਰਿਆ। ਇਨ੍ਹਾਂ ਬੁੱਧੀਜੀਵੀਆਂ ਵਿਚ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਸਾਬਕਾ ਸਕੱਤਰ ਕੇ. ਸੀ. ਸਿੰਘ, ਹਰਮਨ ਪਿਆਰਾ ਕਵੀ ਸੁਰਜੀਤ ਪਾਤਰ, ਸੇਵਾ ਮੁਕਤ ਆਈ. ਏ. ਐਸ਼ ਅਧਿਕਾਰੀ ਤੇ ਖੋਜੀ ਗੁਰਜੀਤ ਸਿੰਘ ਚੀਮਾ, ਢੁੱਡੀਕੇ ਵਾਲਾ ਚਿੰਤਕ ਸੁਮੇਲ ਸਿੰਘ, ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਹੀ ਨਹੀਂ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਅੰਤਰਰਾਸ਼ਟਰੀ ਵਿਸ਼ਲੇਸ਼ਕ ਡਾ. ਸਵਰਾਜ ਸਿੰਘ, ਪੰਜਾਬ ਦੇ ਸਾਬਕਾ ਇਨਫਰਮੇਸ਼ਨ ਕਮਿਸ਼ਨਰ ਪੀ. ਪੀ. ਐਸ਼ ਗਿੱਲ, ਭਾਈ ਅਸ਼ੋਕ ਸਿੰਘ ਬਾਗੜੀਆਂ, ਡਾ. ਬਲਕਾਰ ਸਿੰਘ ਤੇ ਸੈਮੀਨਾਰ ਰਚਾਉਣ ਵਾਲੀ ਸੰਸਥਾ ਦਾ ਪ੍ਰਧਾਨ ਪ੍ਰੋਫੈਸਰ ਕੁਲਵੰਤ ਸਿੰਘ ਵੀ ਸ਼ਾਮਲ ਸਨ।
ਸੈਮੀਨਾਰ ਦਾ ਤੋੜਾ ਇਸ ਧਾਰਨਾ ਉਤੇ ਟੁੱਟਾ ਕਿ ਸਿੱਖ ਸੰਸਥਾਵਾਂ ਤੇ ਗੁਰਧਾਮਾਂ ਨੂੰ ਨਿੱਜੀ ਸਵਾਰਥਾਂ ਲਈ ਵਰਤਣ ਵਿਰੁਧ ਸੁੱਚੀ ਤੇ ਸਾਰਥਕ ਆਵਾਜ਼ ਬੁਲੰਦ ਕੀਤੀ ਜਾਵੇ ਅਤੇ ਇਨ੍ਹਾਂ ਸੰਸਥਾਵਾਂ ਦੀਆਂ ਚੋਣਾਂ ਵਿਚ ਹੋ ਰਹੀ ਸਿਆਸੀ ਦਖਲਅੰਦਾਜ਼ੀ ਨੂੰ ਨਕੇਲ ਪਾਈ ਜਾਵੇ। ਇਹ ਵੀ ਕਿ ਇਸ ਲੀਡਰਸ਼ਿਪ ਨੇ ਸਿੱਖ ਸਿਆਸਤ ਨੂੰ ਨਿੱਜੀ ਵਪਾਰਕ ਮੁਫਾਦ ਲਈ ਵਰਤ ਕੇ ਅਤੇ ਕੇਂਦਰ ਸਰਕਾਰ ‘ਤੇ ਕਾਬਜ਼ ਹਿੰਦੂਤਵਵਾਦੀ ਭਾਜਪਾ ਸਰਕਾਰ ਦੀ ਕਠਪੁਤਲੀ ਬਣ ਕੇ ਬਹੁਤ ਹੀ ਬੇਅਦਬੀ ਦੀਆਂ ਦੁਖਦਾਈ ਘਟਨਾਵਾਂ ਵਲੋਂ ਅੱਖਾਂ ਮੀਚ ਕੇ ਸਿੱਖ ਕੌਮ ਨੂੰ ਵਿਸ਼ਵ ਭਰ ਵਿਚ ਮਖੌਲੀਆ ਰੰਗਮੰਚ ਵਿਚ ਬਦਲ ਕੇ ਰੱਖ ਦਿੱਤਾ। ਉਹਦੇ ਬਾਰੇ ਵੱਡੀ ਮੁਹਿੰਮ ਚਲਾਉਣ ਲਈ ਦਰਪੇਸ਼ ਚੁਣੌਤੀਆਂ ਦੀ ਸੂਚੀ ਬਣਾ ਕੇ ਸਰਬ ਸੰਮਤੀ ਦੇ ਆਧਾਰ ‘ਤੇ ਸੁਝਾਏ ਹੱਲ ਤਿਆਰ ਕਰਨ ਲਈ ਇਸੇ ਤਰ੍ਹਾਂ ਦੇ ਹੋਰ ਸੈਮੀਨਾਰ ਕਰਵਾਏ ਜਾਣ ਤਾਂ ਕਿ ਇਹ ਵਾਲੀ ਸੋਚ ਮਸਲੇ ਗਿਣੇ ਜਾਣ ਤੱਕ ਹੀ ਸੀਮਤ ਹੋ ਕੇ ਨਾ ਰਹਿ ਜਾਵੇ।
ਅਮਰੀਕਾ ਤੋਂ ਪਹੁੰਚੇ ਚਿੰਤਕ ਗੁਰਿੰਦਰ ਸਿੰਘ ਮਾਨ ਨੇ ਖਾਲਿਸਤਾਨੀ ਧਾਰਨਾ ਬਾਰੇ ਆਪਣਾ ਨੁਕਤਾ ਸਪਸ਼ਟ ਕਰਨ ਲਈ ਸੁਰਜੀਤ ਪਾਤਰ ਦੇ ਹੇਠ ਲਿਖੇ ਸ਼ਬਦਾਂ ਦੀ ਮਦਦ ਲਈ,
ਮੈਂ ਕਦ ਕਹਿਨੈ ਇਨਸਾਫ ਨਾ ਮੰਗ
ਤੇ ਆਪਣੇ ਹੱਕ ਲਈ ਛੇੜ ਨਾ ਜੰਗ
ਪਰ ਕਟਦੈਂ ਕਿਉਂ ਆਪਣੇ ਹੀ ਅੰਗ
ਇਉਂ ਖੰਭਾਂ ਦੀ ਤੌਹੀਨ ਨਾ ਕਰ
ਇਹ ਛੋਟੀ ਬਹੁਤ ਉਡਾਰੀ ਹੈ।
ਖੇਤੀ ਯੂਨੀਵਰਸਿਟੀ, ਲੁਧਿਆਣਾ ਤੋਂ ਆਏ ਸਰਬਜੀਤ ਸਿੰਘ ਨੇ ਕਿਸਾਨੀ ਨੂੰ ਕਰਜ਼ਾ ਮੁਕਤ ਕਰਨ ਲਈ ਨਵਾਂ ਹੋਕਾ ਦਿੱਤਾ,
ਸਾਦੇ ਵਿਆਹ ਤੇ ਸਾਦੇ ਭੋਗ
ਨਾ ਕੋਈ ਚਿੰਤਾ ਨਾ ਹੀ ਰੋਗ।
ਸ਼੍ਰੋਮਣੀ ਅਕਾਲੀ ਦਲ ਡਾਂਵਾਂਡੋਲ: ਇਹ ਵੀ ਸਬੱਬ ਹੀ ਹੈ ਕਿ ਜਦੋਂ ਦੇਸ਼-ਵਿਦੇਸ਼ ਦੇ ਬੁੱਧੀਜੀਵੀ ਉਕਤ ਵਿਚਾਰ ਪੇਸ਼ ਕਰ ਰਹੇ ਸਨ ਤਾਂ ਅਕਾਲੀ ਦਲ ਵਿਚੋਂ ਕੱਢੇ ਗਏ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨਵਾਂ ਅਕਾਲੀ ਦਲ ਬਣਾਉਣ ਦੀ ਸੋਚ ਰਹੇ ਸਨ। ਉਨ੍ਹਾਂ ਦਾ ਮੱਤ ਹੈ ਕਿ ਜਿੰਨਾ ਚਿਰ ਅਕਾਲੀ ਦਲ ਨੂੰ ਇਕ ਹੀ ਪਰਿਵਾਰ ਦੀ ਚੁੰਗਲ ਵਿਚੋਂ ਕੱਢ ਕੇ ਸੌ ਸਾਲ ਪਹਿਲਾਂ ਵਾਲੀ ਗੁਰਦੁਆਰਾ ਸੁਧਾਰ ਲਹਿਰ ਦੀਆਂ ਲੀਹਾਂ ਉਤੇ ਨਹੀਂ ਤੋਰਿਆ ਜਾਂਦਾ, ਸਿੱਖ ਸਮਾਜ ਦਾ ਸਹੀ ਵਿਕਾਸ ਹੋਣਾ ਅਸੰਭਵ ਹੈ। ਉਨ੍ਹਾਂ ਨੇ ਨਵੀਂ ਧਾਰਨਾ ਉਤੇ ਮੋਹਰ ਲਾਉਣ ਲਈ ਸਵਰਗਵਾਸੀ ਪੰਥਕ ਨੇਤਾਵਾਂ ਦਾ ਹਵਾਲਾ ਵੀ ਦਿੱਤਾ, ਖਾਸ ਕਰਕੇ ਬਾਬਾ ਖੜਕ ਸਿੰਘ, ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਦਾ।
ਇਹ ਵੀ ਸਬੱਬ ਹੀ ਸਮਝੋ ਕਿ ਜਿਸ ਵੇਲੇ ਟਕਸਾਲੀ ਆਗੂ ਇਨ੍ਹਾਂ ਮਹਾਰਥੀਆਂ ਦੀ ਸ਼ਰਨ ਲੈ ਰਹੇ ਸਨ, ਉਕਤ ਸੈਮੀਨਾਰ ਦਾ ਬੁਲਾਰਾ ਸੁਮੇਲ ਸਿੰਘ ਸਿੱਧੂ ਆਪਣੇ ਸਰੋਤਿਆਂ ਨੂੰ ਤੇਜਾ ਸਿੰਘ ਸਮੁੰਦਰੀ ਦੇ ਬੋਲ ਚੇਤੇ ਕਰਵਾ ਰਿਹਾ ਸੀ। ਤੇਜਾ ਸਿੰਘ ਸੁਮੰਦਰੀ ਨੇ ਕਿਹਾ ਸੀ ਕਿ ਆਪਾਂ ਨੇ ਗੁਰਦੁਆਰੇ ਤਾਂ ਆਜ਼ਾਦ ਕਰਵਾ ਲਏ ਪਰ ਬਹੁਤ ਵੱਡੇ ਗੁਰਦੁਆਰੇ ਦੇ ਦੁੱਖ ਦਰਦ ਹਾਲੀ ਸੁਣਨੇ ਹਨ। ਵੱਡੇ ਗੁਰਦੁਆਰੇ ਤੋਂ ਉਨ੍ਹਾਂ ਦੀ ਮੁਰਾਦ ਹਿੰਦੁਸਤਾਨ ਸੀ, ਜਿਸ ਦੇ ਹੁਣ ਤਿੰਨ ਟੁਕੜੇ ਹੋ ਚੁਕੇ ਹਨ। ਸਿੱਖ ਸਮਾਜ ਅੱਗੇ ਤੋਂ ਕੀ ਭੂਮਿਕਾ ਨਿਭਾਉਂਦਾ ਹੈ, ਸਮੇਂ ਨੇ ਦੱਸਣਾ ਵੀ ਹੈ ਤੇ ਦੇਖਣਾ ਵੀ ਹੈ।
ਭਾਈ ਵੀਰ ਸਿੰਘ, ਕੰਵਲ ਤੇ ਮੋਹਨਜੀਤ: ਵੱਖ ਵੱਖ ਪੀੜ੍ਹੀਆਂ ਦੇ ਸਾਹਿਤਕਾਰਾਂ ਨੂੰ ਇਕ ਹੀ ਧਾਗੇ ਵਿਚ ਪਰੋਣਾ ਬਣਦਾ ਤਾਂ ਨਹੀਂ, ਕਰਨਾ ਪੈ ਗਿਆ ਹੈ। ਏਸ ਵਰ੍ਹੇ ਦਾ ਸਾਹਿਤ ਅਕਾਡਮੀ ਪੁਰਸਕਾਰ ਮੋਹਨਜੀਤ ਦੀ ਮਹਾਕਾਵਿਕ ਰਚਨਾ ‘ਕੋਣੇ ਦਾ ਸੂਰਜ’ ਨੂੰ ਮਿਲਿਆ ਹੈ। ਇਹ ਪੁਰਸਕਾਰ ਭਾਈ ਵੀਰ ਸਿੰਘ ਨੂੰ ਉਨ੍ਹਾਂ ਦੀ ਰਚਨਾ ‘ਮੇਰੇ ਸਾਈਆਂ ਜੀਓ’ ਉਤੇ 1953 ਵਿਚ ਮਿਲਿਆ ਸੀ ਤੇ ਜਸਵੰਤ ਸਿੰਘ ਕੰਵਲ ਨੂੰ ਉਨ੍ਹਾਂ ਦੀ ਰਚਨਾ ‘ਤੌਸ਼ਾਲੀ ਦੀ ਹੰਸੋ’ ਉਤੇ 1997 ਵਿਚ ਮਿਲਿਆ ਸੀ। ਮੋਹਨਜੀਤ 80 ਵਰ੍ਹੇ ਦੀ ਉਮਰ ਵਿਚ ਸਨਮਾਨਿਆ ਗਿਆ, ਜਸਵੰਤ ਸਿੰਘ ਕੰਵਲ 78 ਵਰ੍ਹੇ ਤੇ ਭਾਈ ਵੀਰ ਸਿੰਘ 85 ਵਰ੍ਹੇ ਦੀ ਉਮਰ ਵਿਚ। ਪੰਜਾਬੀ ਸਾਹਿਤ ਵਿਚ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਭਾਈ ਵੀਰ ਸਿੰਘ ਸਭ ਤੋਂ ਪਹਿਲੀ ਹਸਤੀ ਸਨ ਤੇ ਮੋਹਨਜੀਤ ਅੱਜ ਦੇ ਦਿਨ ਆਖਰੀ ਵਿਅਕਤੀ ਹੈ। ਕਾਰਨ ਕੋਈ ਵੀ ਹੋਵੇ ਮੋਹਨਜੀਤ ਉਪਰਲੇ ਤਿੰਨਾਂ ਵਿਚ ਆ ਗਿਆ ਹੈ। ਮੁਬਾਰਕਾਂ!
ਅੰਤਿਕਾ: ਰਮਨ ਸੰਧੂ
ਬੇਸ਼ਕ ਜਰਜਰ ਹਾਂ ਮੈਂ ਲੇਕਿਨ
ਨਜ਼ਰ ਅੰਦਾਜ਼ ਨਾ ਕਰਨਾ
ਕਿ ਆਪਣੇ ਆਪ ਵਿਚ ਖੰਡਰ
ਬੜੇ ਇਤਿਹਾਸ ਰਖਦਾ ਹੈ।